Skip to content

Skip to table of contents

ਕਹਾਣੀ 29

ਮੂਸਾ ਕਿਉਂ ਭੱਜਿਆ

ਮੂਸਾ ਕਿਉਂ ਭੱਜਿਆ

ਤਸਵੀਰ ਵਿਚ ਆਹ ਕੌਣ ਭੱਜਾ ਜਾ ਰਿਹਾ ਹੈ? ਇਹ ਮੂਸਾ ਹੈ ਅਤੇ ਇਹ ਮਿਸਰ ਤੋਂ ਭੱਜ ਰਿਹਾ ਹੈ। ਦੇਖੋ ਦੋ ਬੰਦੇ ਉਸ ਨੂੰ ਮਾਰਨ ਲਈ ਉਸ ਦਾ ਪਿੱਛਾ ਕਰ ਰਹੇ ਹਨ। ਤੁਹਾਨੂੰ ਪਤਾ ਉਹ ਉਸ ਨੂੰ ਕਿਉਂ ਮਾਰਨਾ ਚਾਹੁੰਦੇ ਹਨ? ਚਲੋ ਅੱਗੇ ਪੜ੍ਹ ਕੇ ਦੇਖੀਏ।

ਮੂਸਾ ਦੀ ਪਰਵਰਿਸ਼ ਸ਼ਾਹੀ ਘਰਾਣੇ ਵਿਚ ਹੋਈ ਸੀ। ਮੂਸਾ ਵੱਡਾ ਹੋ ਕੇ ਬੜਾ ਸਮਝਦਾਰ ਆਦਮੀ ਬਣਿਆ ਤੇ ਮਿਸਰ ਵਿਚ ਉਸ ਦਾ ਵੱਡਾ ਨਾਮ ਸੀ। ਮੂਸਾ ਜਾਣਦਾ ਸੀ ਕਿ ਉਸ ਨੂੰ ਜਨਮ ਦੇਣ ਵਾਲੇ ਮਾਪੇ ਮਿਸਰੀ ਨਹੀਂ, ਸਗੋਂ ਇਸਰਾਏਲੀ ਗ਼ੁਲਾਮ ਸਨ।

ਮੂਸਾ ਹੁਣ 40 ਸਾਲਾਂ ਦਾ ਸੀ। ਇਕ ਦਿਨ ਉਹ ਦੇਖਣ ਗਿਆ ਕਿ ਇਸਰਾਏਲੀ ਲੋਕ ਕਿਸ ਹਾਲ ਵਿਚ ਸਨ। ਉਸ ਨੇ ਦੇਖਿਆ ਕਿ ਉਨ੍ਹਾਂ ਦੀ ਹਾਲਤ ਬਹੁਤ ਖ਼ਰਾਬ ਸੀ। ਮੂਸਾ ਨੇ ਦੇਖਿਆ ਕਿ ਇਕ ਮਿਸਰੀ ਆਦਮੀ ਇਕ ਇਸਰਾਏਲੀ ਗ਼ੁਲਾਮ ਨੂੰ ਕੁੱਟ ਰਿਹਾ ਸੀ। ਮੂਸਾ ਨੇ ਇੱਧਰ-ਉੱਧਰ ਨਜ਼ਰ ਮਾਰੀ ਅਤੇ ਜਦ ਰਸਤਾ ਸਾਫ਼ ਸੀ, ਤਾਂ ਉਸ ਨੇ ਜ਼ੋਰ ਨਾਲ ਮਿਸਰੀ ਬੰਦੇ ਨੂੰ ਮਾਰਿਆ ਤੇ ਉਹ ਉੱਥੇ ਹੀ ਮਰ ਗਿਆ। ਫਿਰ ਮੂਸਾ ਨੇ ਲਾਸ਼ ਰੇਤੇ ਵਿਚ ਲੁਕੋ ਦਿੱਤੀ।

ਅਗਲੇ ਦਿਨ ਮੂਸਾ ਫਿਰ ਆਪਣੇ ਲੋਕਾਂ ਨੂੰ ਦੇਖਣ ਗਿਆ। ਮੂਸਾ ਮਨ ਹੀ ਮਨ ਵਿਚ ਸੋਚ ਰਿਹਾ ਸੀ ਕਿ ਉਹ ਆਪਣੇ ਲੋਕਾਂ ਨੂੰ ਗ਼ੁਲਾਮੀ ਤੋਂ ਛੁਟਕਾਰਾ ਦਿਲਾ ਸਕਦਾ ਹੈ। ਤੁਰਦਾ-ਤੁਰਦਾ ਉਹ ਰਾਹ ਵਿਚ ਕੀ ਦੇਖਦਾ ਹੈ ਕਿ ਦੋ ਇਸਰਾਏਲੀ ਬੰਦੇ ਆਪਸ ਵਿਚ ਲੜ ਰਹੇ ਸਨ। ਜਿਸ ਬੰਦੇ ਦੀ ਗ਼ਲਤੀ ਸੀ, ਮੂਸਾ ਨੇ ਉਸ ਨੂੰ ਕਿਹਾ, ‘ਤੂੰ ਆਪਣੇ ਭਰਾ ਨੂੰ ਕਿਉਂ ਕੁੱਟ ਰਿਹਾ ਹੈਂ?’

ਉਸ ਬੰਦੇ ਨੇ ਮੂਸਾ ਨੂੰ ਜਵਾਬ ਦਿੱਤਾ, ‘ਤੈਨੂੰ ਕਿਸ ਨੇ ਸਾਡਾ ਰਾਜਾ ਤੇ ਨਿਆਈ ਬਣਾਇਆ ਹੈ? ਕੀ ਤੂੰ ਮੈਨੂੰ ਵੀ ਉਸ ਮਿਸਰੀ ਵਾਂਗ ਮਾਰ ਸੁੱਟੇਂਗਾ?’

ਹੁਣ ਮੂਸਾ ਡਰ ਗਿਆ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਚੁੱਕਾ ਸੀ ਕਿ ਉਸ ਨੇ ਮਿਸਰੀ ਬੰਦੇ ਨੂੰ ਮਾਰ ਸੁੱਟਿਆ ਸੀ। ਰਾਜੇ ਨੂੰ ਵੀ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ। ਇਸੇ ਕਰਕੇ ਰਾਜੇ ਨੇ ਆਪਣੇ ਬੰਦਿਆਂ ਨੂੰ ਮੂਸਾ ਨੂੰ ਮਾਰਨ ਲਈ ਭੇਜਿਆ। ਆਪਣੀ ਜਾਨ ਬਚਾਉਣ ਲਈ ਮੂਸਾ ਮਿਸਰ ਨੂੰ ਛੱਡ ਕੇ ਭੱਜਾ।

ਮੂਸਾ ਮਿਸਰ ਤੋਂ ਦੂਰ ਮਿਦਯਾਨ ਇਲਾਕੇ ਵਿਚ ਜਾ ਕੇ ਰਹਿਣ ਲੱਗ ਪਿਆ। ਇੱਥੇ ਉਹ ਯਿਥਰੋ ਨਾਂ ਦੇ ਬੰਦੇ ਨੂੰ ਮਿਲਿਆ। ਮੂਸਾ ਨੇ ਯਿਥਰੋ ਦੀ ਧੀ ਸਿੱਪੋਰਾਹ ਨਾਲ ਵਿਆਹ ਕਰਵਾ ਲਿਆ। ਮਿਦਯਾਨ ਵਿਚ ਮੂਸਾ ਯਿਥਰੋ ਦੀਆਂ ਭੇਡਾਂ ਦੀ ਦੇਖ-ਭਾਲ ਕਰਦਾ ਸੀ। ਇਸ ਇਲਾਕੇ ਵਿਚ ਮੂਸਾ ਨੇ ਪੂਰੇ 40 ਸਾਲ ਕੱਟੇ। ਹੁਣ ਉਹ 80 ਸਾਲਾਂ ਦਾ ਸੀ। ਇਕ ਦਿਨ ਜਦ ਉਹ ਭੇਡਾਂ ਦੀ ਰਾਖੀ ਕਰ ਰਿਹਾ ਸੀ, ਤਾਂ ਇਕ ਅਜੀਬ ਘਟਨਾ ਵਾਪਰੀ। ਇਸ ਘਟਨਾ ਨੇ ਮੂਸਾ ਦੀ ਜ਼ਿੰਦਗੀ ਬਦਲ ਦਿੱਤੀ। ਚੱਲੋ ਅਗਲੀ ਕਹਾਣੀ ਵਿਚ ਦੇਖੀਏ ਕੀ ਹੋਇਆ।