Skip to content

Skip to table of contents

ਕਹਾਣੀ 30

ਬਲਦੀ ਝਾੜੀ

ਬਲਦੀ ਝਾੜੀ

ਇਕ ਦਿਨ ਮੂਸਾ ਭੇਡਾਂ ਨੂੰ ਚਾਰਦਾ-ਚਾਰਦਾ ਹੋਰੇਬ ਪਹਾੜ ਤੇ ਆ ਗਿਆ। ਇੱਥੇ ਉਸ ਨੇ ਦੇਖਿਆ ਕਿ ਇਕ ਝਾੜੀ ਨੂੰ ਅੱਗ ਲੱਗੀ ਹੋਈ ਸੀ, ਪਰ ਝਾੜੀ ਸੜ ਨਹੀਂ ਰਹੀ ਸੀ।

ਮੂਸਾ ਨੇ ਸੋਚਿਆ ‘ਆਹ ਕੀ ਹੈ? ਮੈਂ ਨੇੜੇ ਜਾ ਕੇ ਚੰਗੀ ਤਰ੍ਹਾਂ ਨਾਲ ਦੇਖਦਾ।’ ਜਦ ਉਹ ਨੇੜੇ ਗਿਆ, ਤਾਂ ਝਾੜੀ ਵਿੱਚੋਂ ਇਕ ਆਵਾਜ਼ ਆਈ: ‘ਹੋਰ ਨੇੜੇ ਨਾ ਆਈ। ਆਪਣੀ ਜੁੱਤੀ ਲਾਹ ਦੇ, ਕਿਉਂਕਿ ਤੂੰ ਪਵਿੱਤਰ ਧਰਤੀ ਉੱਤੇ ਖੜ੍ਹਾ ਹੈ।’ ਪਰਮੇਸ਼ੁਰ ਇਕ ਫ਼ਰਿਸ਼ਤੇ ਰਾਹੀਂ ਮੂਸਾ ਨਾਲ ਗੱਲ ਕਰ ਰਿਹਾ ਸੀ। ਇਸ ਕਰਕੇ ਮੂਸਾ ਨੇ ਆਪਣਾ ਮੂੰਹ ਢੱਕ ਲਿਆ।

ਅੱਗੇ ਪਰਮੇਸ਼ੁਰ ਨੇ ਕਿਹਾ: ‘ਮੈਂ ਮਿਸਰ ਵਿਚ ਆਪਣੇ ਲੋਕਾਂ ਦੇ ਦੁੱਖਾਂ ਨੂੰ ਦੇਖਿਆ ਹੈ। ਸੋ ਮੈਂ ਤੈਨੂੰ ਮਿਸਰ ਘੱਲ ਕੇ ਉਨ੍ਹਾਂ ਨੂੰ ਛੁਡਾਵਾਂਗਾ।’ ਯਹੋਵਾਹ ਨੇ ਆਪਣੇ ਲੋਕਾਂ ਨੂੰ ਆਜ਼ਾਦ ਕਰਵਾ ਕੇ ਕਨਾਨ ਦੇਸ਼ ਵਿਚ ਲਿਆਉਣਾ ਸੀ।

ਪਰ ਮੂਸਾ ਨੇ ਕਿਹਾ, ‘ਮੈਂ ਮਾਮੂਲੀ ਜਿਹਾ ਬੰਦਾ ਇਹ ਕਿਵੇਂ ਕਰ ਸਕਦਾ ਹਾਂ? ਮੰਨ ਲਓ ਕਿ ਮੈਂ ਚਲੇ ਵੀ ਜਾਂਦਾ ਹਾਂ। ਪਰ ਜਦ ਇਸਰਾਏਲੀ ਮੈਨੂੰ ਪੁੱਛਣਗੇ, “ਤੈਨੂੰ ਕਿਸ ਨੇ ਘੱਲਿਆ?” ਤਦ ਮੈਂ ਕੀ ਆਖਾਂਗਾ?’

ਯਹੋਵਾਹ ਨੇ ਉਸ ਨੂੰ ਕਿਹਾ, ‘ਤੂੰ ਇਹ ਕਹੀ ਕਿ ਯਹੋਵਾਹ ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ, ਅਤੇ ਯਾਕੂਬ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।’ ਯਹੋਵਾਹ ਨੇ ਅੱਗੇ ਕਿਹਾ: ‘ਸਦੀਪ ਕਾਲ ਤਕ ਮੇਰਾ ਏਹੋ ਨਾਂ ਹੈ।’

ਮੂਸਾ ਨੇ ਪਰਮੇਸ਼ੁਰ ਨੂੰ ਕਿਹਾ, ‘ਪਰ ਜੇ ਉਨ੍ਹਾਂ ਨੇ ਫਿਰ ਵੀ ਮੇਰੀ ਗੱਲ ਦਾ ਯਕੀਨ ਨਾ ਕੀਤਾ ਕਿ ਤੁਸੀਂ ਮੈਨੂੰ ਭੇਜਿਆ ਹੈ, ਫਿਰ ਮੈਂ ਕੀ ਕਰਾਂਗਾ?’

ਪਰਮੇਸ਼ੁਰ ਨੇ ਕਿਹਾ: ‘ਤੇਰੇ ਹੱਥ ਵਿਚ ਕੀ ਹੈ?’

ਮੂਸਾ ਨੇ ਜਵਾਬ ਦਿੱਤਾ: ‘ਇਕ ਲਾਠੀ।’

ਪਰਮੇਸ਼ੁਰ ਨੇ ਕਿਹਾ, ‘ਇਸ ਨੂੰ ਧਰਤੀ ਤੇ ਸੁੱਟ।’ ਜਦ ਮੂਸਾ ਨੇ ਲਾਠੀ ਨੂੰ ਧਰਤੀ ਤੇ ਸੁੱਟਿਆ, ਤਾਂ ਇਹ ਸੱਪ ਬਣ ਗਈ। ਯਹੋਵਾਹ ਨੇ ਫਿਰ ਮੂਸਾ ਨੂੰ ਇਕ ਹੋਰ ਚਮਤਕਾਰ ਦਿਖਾਇਆ। ਉਸ ਨੇ ਕਿਹਾ: ‘ਆਪਣਾ ਹੱਥ ਆਪਣੇ ਚੋਗੇ ਵਿਚ ਪਾ।’ ਮੂਸਾ ਨੇ ਇਸੇ ਤਰ੍ਹਾਂ ਕੀਤਾ। ਜਦ ਉਸ ਨੇ ਆਪਣਾ ਹੱਥ ਬਾਹਰ ਕੱਢਿਆ, ਤਾਂ ਉਹ ਬਰਫ਼ ਵਾਂਗ ਚਿੱਟਾ ਸੀ! ਉਸ ਦੇ ਹੱਥ ਨੂੰ ਕੋੜ੍ਹ ਹੋ ਗਿਆ ਸੀ। ਫਿਰ ਯਹੋਵਾਹ ਨੇ ਮੂਸਾ ਦਾ ਹੱਥ ਠੀਕ ਕਰ ਦਿੱਤਾ ਅਤੇ ਉਸ ਨੂੰ ਤੀਜਾ ਚਮਤਕਾਰ ਕਰਨ ਦੀ ਸ਼ਕਤੀ ਦਿੱਤੀ। ਅਖ਼ੀਰ ਵਿਚ ਉਸ ਨੇ ਕਿਹਾ: ‘ਜਦ ਤੂੰ ਇਹ ਸਾਰੇ ਚਮਤਕਾਰ ਇਸਰਾਏਲੀਆਂ ਅੱਗੇ ਕਰੇਂਗਾ, ਤਦ ਉਹ ਜ਼ਰੂਰ ਤੇਰੇ ਤੇ ਵਿਸ਼ਵਾਸ ਕਰਨਗੇ ਕਿ ਮੈਂ ਹੀ ਤੈਨੂੰ ਘੱਲਿਆ ਹੈ।’

ਇਸ ਤੋਂ ਬਾਅਦ ਮੂਸਾ ਨੇ ਘਰ ਜਾ ਕੇ ਆਪਣੇ ਸਹੁਰੇ ਯਿਥਰੋ ਨੂੰ ਕਿਹਾ: ‘ਮੈਨੂੰ ਮੇਰੇ ਰਿਸ਼ਤੇਦਾਰਾਂ ਦੀ ਖ਼ਬਰ ਲੈਣ ਲਈ ਵਾਪਸ ਮਿਸਰ ਜਾਣ ਦੀ ਇਜਾਜ਼ਤ ਦਿਓ।’ ਯਿਥਰੋ ਨੇ ਉਹ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਫਿਰ ਉਹ ਇਕ-ਦੂਜੇ ਦੇ ਗਲੇ ਮਿਲੇ ਅਤੇ ਮੂਸਾ ਮਿਸਰ ਲਈ ਰਵਾਨਾ ਹੋ ਗਿਆ