Skip to content

Skip to table of contents

ਕਹਾਣੀ 31

ਮੂਸਾ ਤੇ ਹਾਰੂਨ ਫ਼ਿਰਊਨ ਨੂੰ ਮਿਲੇ

ਮੂਸਾ ਤੇ ਹਾਰੂਨ ਫ਼ਿਰਊਨ ਨੂੰ ਮਿਲੇ

ਮਿਸਰ ਆ ਕੇ ਮੂਸਾ ਨੇ ਆਪਣੇ ਭਰਾ ਹਾਰੂਨ ਨੂੰ ਸਾਰੇ ਚਮਤਕਾਰਾਂ ਬਾਰੇ ਦੱਸਿਆ। ਫਿਰ ਉਨ੍ਹਾਂ ਨੇ ਇਹ ਚਮਤਕਾਰ ਇਸਰਾਏਲੀਆਂ ਨੂੰ ਦਿਖਾਏ। ਚਮਤਕਾਰ ਦੇਖਦਿਆਂ ਸਾਰ ਹੀ ਇਸਰਾਏਲੀਆਂ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ।

ਫਿਰ ਮੂਸਾ ਤੇ ਹਾਰੂਨ ਰਾਜੇ ਨੂੰ ਮਿਲਣ ਗਏ। ਉਨ੍ਹਾਂ ਨੇ ਉਸ ਨੂੰ ਕਿਹਾ: ‘ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਆਖਦਾ ਹੈ, ਮੇਰੇ ਲੋਕਾਂ ਨੂੰ ਤਿੰਨਾਂ ਦਿਨਾਂ ਲਈ ਜਾਣ ਦੇ ਤਾਂ ਜੋ ਉਹ ਉਜਾੜ ਵਿਚ ਮੇਰੀ ਉਪਾਸਨਾ ਕਰ ਸਕਣ।’ ਪਰ ਰਾਜੇ ਨੇ ਜਵਾਬ ਦਿੱਤਾ: ‘ਯਹੋਵਾਹ ਕੌਣ ਹੈ? ਮੈਂ ਯਹੋਵਾਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਨਹੀਂ ਜਾਣ ਦਿਆਂਗਾ।’

ਰਾਜਾ ਗੁੱਸੇ ਵਿਚ ਸੀ ਕਿਉਂਕਿ ਲੋਕ ਕੰਮ ਤੋਂ ਛੁੱਟੀ ਚਾਹੁੰਦੇ ਸਨ ਤਾਂਕਿ ਉਹ ਯਹੋਵਾਹ ਦੀ ਭਗਤੀ ਕਰ ਸਕਣ। ਛੁੱਟੀ ਦੇਣ ਦੀ ਬਜਾਇ ਰਾਜੇ ਨੇ ਉਨ੍ਹਾਂ ਨੂੰ ਦੁਗੁਣਾ ਕੰਮ ਕਰਨ ਨੂੰ ਦੇ ਦਿੱਤਾ। ਇਸ ਗੱਲ ਵਾਸਤੇ ਇਸਰਾਏਲੀਆਂ ਨੇ ਮੂਸਾ ਤੇ ਦੋਸ਼ ਲਾਇਆ ਕਿ ਉਸ ਕਰਕੇ ਹੀ ਉਨ੍ਹਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਕੰਮ ਕਰਨਾ ਪੈ ਰਿਹਾ ਸੀ। ਇਹ ਜਾਣ ਕੇ ਮੂਸਾ ਬਹੁਤ ਦੁਖੀ ਹੋਇਆ। ਪਰ ਯਹੋਵਾਹ ਨੇ ਉਸ ਨੂੰ ਕਿਹਾ ਕਿ ਦੁਖੀ ਨਾ ਹੋ, ‘ਹੁਣ ਤੂੰ ਦੇਖ ਮੈਂ ਫ਼ਿਰਊਨ ਨਾਲ ਕੀ ਕਰਦਾ ਹਾਂ। ਉਹ ਆਪ ਮੇਰੇ ਲੋਕਾਂ ਨੂੰ ਇੱਥੋਂ ਬਾਹਰ ਘੱਲੇਗਾ।’

ਮੂਸਾ ਤੇ ਹਾਰੂਨ ਰਾਜੇ ਨੂੰ ਦੁਬਾਰਾ ਮਿਲਣ ਗਏ। ਇਸ ਵਾਰੀ ਉਨ੍ਹਾਂ ਨੇ ਰਾਜੇ ਨੂੰ ਇਕ ਚਮਤਕਾਰ ਕਰ ਕੇ ਦਿਖਾਇਆ। ਹਾਰੂਨ ਨੇ ਆਪਣੀ ਲਾਠੀ ਹੇਠਾਂ ਸੁੱਟੀ ਤੇ ਇਹ ਵੱਡਾ ਸੱਪ ਬਣ ਗਈ। ਪਰ ਮਿਸਰ ਦੇ ਜਾਦੂਗਰਾਂ ਨੇ ਵੀ ਆਪਣੀਆਂ ਲਾਠੀਆਂ ਹੇਠਾਂ ਸੁੱਟੀਆਂ ਅਤੇ ਉਹ ਵੀ ਸੱਪਾਂ ਵਿਚ ਬਦਲ ਗਈਆਂ। ਪਰ ਦੇਖੋ, ਹਾਰੂਨ ਦਾ ਸੱਪ ਬਾਕੀ ਸਾਰੇ ਸੱਪਾਂ ਨੂੰ ਨਿਗਲ ਰਿਹਾ ਹੈ! ਇਸ ਚਮਤਕਾਰ ਦੇ ਬਾਵਜੂਦ ਵੀ ਰਾਜੇ ਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ।

ਹੁਣ ਰਾਜੇ ਨੂੰ ਸਬਕ ਸਿਖਾਉਣ ਦਾ ਵਕਤ ਆ ਗਿਆ ਸੀ। ਤੁਹਾਨੂੰ ਪਤਾ ਕਿ ਯਹੋਵਾਹ ਨੇ ਉਸ ਨੂੰ ਕਿਵੇਂ ਸਬਕ ਸਿਖਾਇਆ? ਉਸ ਨੇ ਮਿਸਰ ਤੇ 10 ਬਿਪਤਾਵਾਂ ਯਾਨੀ ਵੱਡੀਆਂ ਮੁਸੀਬਤਾਂ ਲਿਆਂਦੀਆਂ।

ਮੁਸੀਬਤ ਵੇਲੇ ਰਾਜਾ ਆਪਣੇ ਨੌਕਰਾਂ ਨੂੰ ਮੂਸਾ ਕੋਲ ਭੇਜ ਕੇ ਕਹਿੰਦਾ ਸੀ: ‘ਇਸ ਨੂੰ ਰੋਕ ਦੇ ਤੇ ਮੈਂ ਇਸਰਾਏਲ ਨੂੰ ਜਾਣ ਦਿਆਂਗਾ।’ ਪਰ ਜਦ ਮੁਸੀਬਤ ਰੁਕ ਜਾਂਦੀ ਸੀ, ਤਾਂ ਰਾਜਾ ਆਪਣੇ ਵਾਅਦੇ ਤੋਂ ਮੁੱਕਰ ਜਾਂਦਾ ਸੀ ਤੇ ਉਸ ਨੇ ਇਸਰਾਏਲ ਨੂੰ ਜਾਣ ਨਾ ਦਿੱਤਾ। ਫਿਰ 10ਵੀਂ ਮੁਸੀਬਤ ਤੋਂ ਬਾਅਦ ਰਾਜੇ ਨੇ ਇਸਰਾਏਲੀਆਂ ਨੂੰ ਛੱਡ ਦਿੱਤਾ।

ਤੁਹਾਨੂੰ ਪਤਾ ਕਿ ਇਹ 10 ਬਿਪਤਾਵਾਂ ਕੀ ਸਨ? ਚਲੋ ਅਗਲੀ ਕਹਾਣੀ ਵਿਚ ਦੇਖੀਏ।