Skip to content

Skip to table of contents

ਕਹਾਣੀ 36

ਸੋਨੇ ਦਾ ਵੱਛਾ

ਸੋਨੇ ਦਾ ਵੱਛਾ

ਓਹੋ! ਹੁਣ ਲੋਕ ਕੀ ਕਰ ਰਹੇ ਹਨ? ਇਹ ਤਾਂ ਵੱਛੇ ਅੱਗੇ ਪ੍ਰਾਰਥਨਾ ਕਰ ਰਹੇ ਹਨ! ਭਲਾ, ਇਹ ਵੱਛੇ ਨੂੰ ਕਿਉਂ ਪ੍ਰਾਰਥਨਾ ਕਰ ਰਹੇ ਹਨ?

ਮੂਸਾ ਨੂੰ ਪਹਾੜ ਤੇ ਗਏ ਨੂੰ ਕਈ ਦਿਨ ਹੋ ਗਏ ਸਨ। ਲੋਕੀ ਕਹਿਣ ਲੱਗੇ: ‘ਅਸੀਂ ਨਹੀਂ ਜਾਣਦੇ ਕਿ ਮੂਸਾ ਨੂੰ ਕੀ ਹੋ ਗਿਆ ਹੈ। ਸੋ ਆਓ ਆਪਾਂ ਇਕ ਦੇਵਤਾ ਬਣਾਈਏ ਤਾਂ ਜੋ ਉਹ ਸਾਨੂੰ ਰਾਹ ਦਿਖਾਵੇ।’

ਮੂਸਾ ਦੇ ਭਰਾ ਹਾਰੂਨ ਨੇ ਉਨ੍ਹਾਂ ਨੂੰ ਕਿਹਾ: ‘ਠੀਕ ਹੈ। ਜੇ ਤੁਸੀਂ ਇਹੋ ਹੀ ਚਾਹੁੰਦੇ ਹੋ, ਤਾਂ ਆਪਣੀਆਂ ਸੋਨੇ ਦੀਆਂ ਵਾਲੀਆਂ ਉਤਾਰ ਕੇ ਮੇਰੇ ਕੋਲ ਲਿਆਓ।’ ਲੋਕਾਂ ਨੇ ਸੋਨਾ ਹਾਰੂਨ ਨੂੰ ਦੇ ਦਿੱਤਾ। ਹਾਰੂਨ ਨੇ ਸੋਨੇ ਨੂੰ ਅੱਗ ਵਿਚ ਢਾਲ ਕੇ ਉਸ ਦਾ ਇਕ ਵੱਛਾ ਬਣਾਇਆ। ਵੱਛੇ ਨੂੰ ਦੇਖ ਕੇ ਲੋਕ ਕਹਿਣ ਲੱਗੇ: ‘ਇਹ ਹੈ ਸਾਡਾ ਪਰਮੇਸ਼ੁਰ ਜੋ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ!’ ਫਿਰ ਇਸਰਾਏਲੀਆਂ ਨੇ ਇਕ ਵੱਡਾ ਜਸ਼ਨ ਮਨਾਇਆ ਅਤੇ ਸੋਨੇ ਦੇ ਵੱਛੇ ਨੂੰ ਪੂਜਣ ਲੱਗ ਪਏ।

ਯਹੋਵਾਹ ਨੇ ਜਦ ਇਹ ਸਭ ਕੁਝ ਦੇਖਿਆ, ਤਾਂ ਉਸ ਦਾ ਗੁੱਸਾ ਭੜਕ ਉੱਠਿਆ। ਉਸ ਨੇ ਮੂਸਾ ਨੂੰ ਕਿਹਾ, ‘ਛੇਤੀ ਕਰ ਅਤੇ ਹੇਠਾਂ ਜਾ। ਲੋਕ ਬਹੁਤ ਹੀ ਬੁਰਾ ਕੰਮ ਕਰ ਰਹੇ ਹਨ। ਉਹ ਮੇਰੇ ਹੁਕਮਾਂ ਨੂੰ ਭੁੱਲ ਕੇ ਇਕ ਸੋਨੇ ਦੇ ਵੱਛੇ ਅੱਗੇ ਮੱਥਾ ਟੇਕ ਰਹੇ ਹਨ।’

ਮੂਸਾ ਕਾਹਲੀ-ਕਾਹਲੀ ਪਹਾੜ ਤੋਂ ਹੇਠਾਂ ਉੱਤਰਿਆ। ਥੱਲੇ ਆ ਕੇ ਉਸ ਨੇ ਦੇਖਿਆ ਕਿ ਲੋਕ ਸੋਨੇ ਦੇ ਵੱਛੇ ਦੇ ਆਲੇ-ਦੁਆਲੇ ਨੱਚਦੇ-ਟੱਪਦੇ ਗੀਤ ਗਾ ਰਹੇ ਸਨ। ਮੂਸਾ ਨੂੰ ਬਹੁਤ ਗੁੱਸਾ ਚੜ੍ਹਿਆ। ਉਸ ਨੇ ਹੱਥ ਵਿਚ ਫੜੀਆਂ ਪੱਥਰ ਦੀਆਂ ਦੋ ਫੱਟੀਆਂ ਜ਼ੋਰ ਨਾਲ ਜ਼ਮੀਨ ਤੇ ਸੁੱਟੀਆਂ। ਫੱਟੀਆਂ ਦੇ ਟੁਕੜੇ-ਟੁਕੜੇ ਹੋ ਗਏ। ਫਿਰ ਉਸ ਨੇ ਵੱਛੇ ਨੂੰ ਅੱਗ ਵਿਚ ਸੁੱਟ ਕੇ ਪਿਘਲਾ ਦਿੱਤਾ। ਬਾਅਦ ਵਿਚ ਉਸ ਨੇ ਸੋਨੇ ਨੂੰ ਪੀਹ ਸੁੱਟਿਆ।

ਲੋਕਾਂ ਨੇ ਇਹ ਬਹੁਤ ਭੈੜਾ ਕੰਮ ਕੀਤਾ ਸੀ। ਮੂਸਾ ਨੇ ਕੁਝ ਆਦਮੀਆਂ ਨੂੰ ਆਪਣੀਆਂ ਤਲਵਾਰਾਂ ਲਿਆਉਣ ਲਈ ਕਿਹਾ। ਫਿਰ ਉਸ ਨੇ ਹੁਕਮ ਦਿੱਤਾ: ‘ਜਿਨ੍ਹਾਂ ਭੈੜੇ ਲੋਕਾਂ ਨੇ ਸੋਨੇ ਦੇ ਵੱਛੇ ਦੀ ਪੂਜਾ ਕੀਤੀ ਸੀ ਉਨ੍ਹਾਂ ਨੂੰ ਮਾਰ ਦਿਓ।’ ਉਨ੍ਹਾਂ ਨੇ 3,000 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ! ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਇਹੀ ਕਿ ਸਾਨੂੰ ਸਿਰਫ਼ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨੀ ਚਾਹੀਦੀ ਹੈ, ਹੋਰ ਕਿਸੇ ਦੇਵੀ-ਦੇਵਤੇ ਦੀ ਨਹੀਂ।