Skip to content

Skip to table of contents

ਕਹਾਣੀ 38

12 ਜਾਸੂਸ

12 ਜਾਸੂਸ

ਤਸਵੀਰ ਵਿਚ ਦੇਖੋ ਆਦਮੀ ਕਿੱਡੇ ਵੱਡੇ-ਵੱਡੇ ਫਲ ਲਈ ਆ ਰਹੇ ਹਨ। ਅੰਗੂਰਾਂ ਦਾ ਗੁੱਛਾ ਇੰਨਾ ਵੱਡਾ ਹੈ ਕਿ ਦੋ ਆਦਮੀ ਇਸ ਨੂੰ ਲਾਠੀ ਤੇ ਟੰਗ ਕੇ ਲਿਆ ਰਹੇ ਹਨ। ਅੰਜੀਰ ਅਤੇ ਅਨਾਰ ਵੀ ਦੇਖੋ। ਇਹ ਸਾਰੇ ਫਲ ਕਿੱਥੋਂ ਲਿਆਏ ਗਏ ਸਨ? ਇਨ੍ਹਾਂ ਨੂੰ ਕਨਾਨ ਦੇਸ਼ ਤੋਂ ਲਿਆਂਦਾ ਗਿਆ ਸੀ। ਕੀ ਤੁਹਾਨੂੰ ਕਨਾਨ ਦੇਸ਼ ਬਾਰੇ ਯਾਦ ਹੈ? ਇੱਥੇ ਅਬਰਾਹਾਮ, ਇਸਹਾਕ ਤੇ ਯਾਕੂਬ ਰਹਿੰਦੇ ਸਨ। ਪਰ ਕਾਲ ਪੈਣ ਕਰਕੇ ਯਾਕੂਬ ਅਤੇ ਉਸ ਦਾ ਪਰਿਵਾਰ ਮਿਸਰ ਰਹਿਣ ਲੱਗ ਪਏ ਸਨ। ਹੁਣ ਤਕਰੀਬਨ 216 ਸਾਲ ਬਾਅਦ ਮੂਸਾ ਇਸਰਾਏਲੀਆਂ ਨੂੰ ਵਾਪਸ ਕਨਾਨ ਲੈ ਕੇ ਜਾ ਰਿਹਾ ਹੈ। ਉਹ ਕਨਾਨ ਪਹੁੰਚਣ ਤੋਂ ਪਹਿਲਾਂ ਕਾਦੇਸ਼ ਇਲਾਕੇ ਵਿਚ ਰੁਕੇ।

ਕਨਾਨ ਦੇਸ਼ ਦੇ ਲੋਕ ਬਹੁਤ ਬੁਰੇ ਸਨ। ਇਸ ਲਈ ਪਹਿਲਾਂ ਮੂਸਾ ਨੇ 12 ਜਾਸੂਸਾਂ ਨੂੰ ਉਸ ਦੇਸ਼ ਦੀ ਸੂਹ ਲੈਣ ਲਈ ਭੇਜਿਆ। ਉਸ ਨੇ ਉਨ੍ਹਾਂ ਨੂੰ ਕਿਹਾ: ‘ਜਾ ਕੇ ਪਤਾ ਲਗਾਓ ਕਿ ਉੱਥੇ ਕਿੰਨੇ ਲੋਕ ਰਹਿੰਦੇ ਹਨ ਅਤੇ ਉਹ ਕਿੰਨੇ ਕੁ ਤਾਕਤਵਰ ਹਨ। ਇਹ ਵੀ ਪਤਾ ਕਰਨਾ ਕਿ ਉੱਥੇ ਦੀ ਜ਼ਮੀਨ ਖੇਤੀ ਕਰਨ ਨੂੰ ਵਧੀਆ ਹੈ ਕਿ ਨਹੀਂ ਅਤੇ ਆਉਂਦੇ ਹੋਏ ਆਪਣੇ ਨਾਲ ਕੁਝ ਫਲ ਜ਼ਰੂਰ ਲੈ ਆਇਓ।’

ਵਾਪਸ ਆ ਕੇ ਜਾਸੂਸਾਂ ਨੇ ਮੂਸਾ ਨੂੰ ਦੱਸਿਆ ਕਿ ਉਹ ਦੇਸ਼ ਬਹੁਤ ਸੋਹਣਾ ਹੈ। ਮਿੱਟੀ ਵੀ ਬਹੁਤ ਉਪਜਾਊ ਹੈ। ਸਬੂਤ ਦੇ ਤੌਰ ਤੇ ਉਹ ਆਪਣੇ ਨਾਲ ਕੁਝ ਫਲ ਲੈ ਕੇ ਆਏ। ਪਰ 10 ਜਾਸੂਸ ਕਹਿਣ ਲੱਗੇ: ‘ਉੱਥੇ ਜਿਹੜੇ ਲੋਕ ਵੱਸਦੇ ਹਨ, ਉਹ ਬਹੁਤ ਉੱਚੇ-ਲੰਬੇ ਤੇ ਤਕੜੇ ਹਨ। ਜੇ ਅਸੀਂ ਉਨ੍ਹਾਂ ਦੇ ਦੇਸ਼ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਸਾਨੂੰ ਮਾਰ ਦੇਣਗੇ।’

ਉਨ੍ਹਾਂ ਦੀਆਂ ਗੱਲਾਂ ਸੁਣ ਕੇ ਇਸਰਾਏਲੀ ਡਰ ਗਏ। ਉਹ ਕਹਿਣ ਲੱਗੇ: ‘ਇਹ ਦੇ ਨਾਲੋਂ ਚੰਗਾ ਹੁੰਦਾ ਜੇ ਅਸੀਂ ਮਿਸਰ ਵਿਚ ਜਾਂ ਇੱਥੇ ਉਜਾੜ ਵਿਚ ਹੀ ਮਰ ਮੁੱਕਦੇ। ਹੁਣ ਅਸੀਂ ਯੁੱਧ ਵਿਚ ਮਾਰੇ ਜਾਵਾਂਗੇ ਅਤੇ ਸਾਡੀਆਂ ਪਤਨੀਆਂ ਤੇ ਬੱਚੇ ਫੜੇ ਜਾਣਗੇ। ਆਓ ਅਸੀਂ ਮੂਸਾ ਦੀ ਥਾਂ ਇਕ ਨਵਾਂ ਆਗੂ ਚੁਣੀਏ ਅਤੇ ਵਾਪਸ ਮਿਸਰ ਚੱਲੀਏ!’

ਪਰ ਦੋ ਜਾਸੂਸਾਂ ਨੇ ਯਹੋਵਾਹ ਉੱਤੇ ਭਰੋਸਾ ਰੱਖਦਿਆਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦੋ ਜਾਸੂਸਾਂ ਦੇ ਨਾਮ ਸਨ ਯਹੋਸ਼ੁਆ ਤੇ ਕਾਲੇਬ। ਉਨ੍ਹਾਂ ਨੇ ਲੋਕਾਂ ਨੂੰ ਕਿਹਾ: ‘ਨਾ ਡਰੋ। ਯਹੋਵਾਹ ਸਾਡੇ ਨਾਲ ਹੈ। ਉਹ ਸਾਨੂੰ ਕਨਾਨ ਤੇ ਕਬਜ਼ਾ ਕਰਨ ਦੇਵੇਗਾ।’ ਪਰ ਲੋਕਾਂ ਨੇ ਉਨ੍ਹਾਂ ਦੀ ਇਕ ਨਾ ਸੁਣੀ। ਉਹ ਤਾਂ ਯਹੋਸ਼ੁਆ ਤੇ ਕਾਲੇਬ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ।

ਇਹ ਸਭ ਕੁਝ ਸੁਣ ਕੇ ਯਹੋਵਾਹ ਦਾ ਗੁੱਸਾ ਲੋਕਾਂ ਤੇ ਭੜਕਿਆ ਤੇ ਉਸ ਨੇ ਮੂਸਾ ਨੂੰ ਕਿਹਾ: ‘ਜਿਨ੍ਹਾਂ ਲੋਕਾਂ ਦੀ ਉਮਰ 20 ਤੇ ਇਸ ਤੋਂ ਉੱਪਰ ਹੋਵੇ ਉਹ ਕਨਾਨ ਦੇਸ਼ ਵਿਚ ਨਹੀਂ ਜਾਣਗੇ। ਇਨ੍ਹਾਂ ਨੇ ਉਹ ਸਾਰੇ ਚਮਤਕਾਰ ਦੇਖੇ ਜੋ ਮੈਂ ਮਿਸਰ ਵਿਚ ਅਤੇ ਉਜਾੜ ਵਿਚ ਕੀਤੇ, ਪਰ ਫਿਰ ਵੀ ਇਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਨਾ ਕੀਤਾ। ਸੋ ਹੁਣ ਉਹ 40 ਸਾਲਾਂ ਲਈ ਉਜਾੜ ਵਿਚ ਘੁੰਮਦੇ ਰਹਿਣਗੇ ਜਦ ਤਾਈਂ ਉਨ੍ਹਾਂ ਵਿੱਚੋਂ ਹਰ ਇਕ ਬੰਦਾ ਮਰ ਨਾ ਜਾਵੇ। ਸਿਰਫ਼ ਯਹੋਸ਼ੁਆ ਅਤੇ ਕਾਲੇਬ ਹੀ ਕਨਾਨ ਦੇਸ਼ ਜਾਣਗੇ।’