Skip to content

Skip to table of contents

ਕਹਾਣੀ 39

ਹਾਰੂਨ ਦੀ ਲਾਠੀ ਤੇ ਫੁੱਲ ਉੱਗੇ

ਹਾਰੂਨ ਦੀ ਲਾਠੀ ਤੇ ਫੁੱਲ ਉੱਗੇ

ਦੇਖੋ ਇਸ ਲਾਠੀ ਨੂੰ ਫੁੱਲ ਤੇ ਬਦਾਮ ਲੱਗੇ ਹਨ। ਇਹ ਲਾਠੀ ਹਾਰੂਨ ਦੀ ਹੈ ਅਤੇ ਰਾਤੋ-ਰਾਤ ਇਸ ਉੱਤੇ ਫੁੱਲ ਤੇ ਬਦਾਮ ਉੱਗ ਆਏ ਸਨ। ਆਓ ਦੇਖੀਏ ਇਹ ਕਿਵੇਂ ਹੋਇਆ।

ਕਾਫ਼ੀ ਸਮੇਂ ਤੋਂ ਇਸਰਾਏਲੀ ਉਜਾੜ ਵਿਚ ਰਹਿ ਰਹੇ ਸਨ। ਕਈ ਲੋਕ ਮੂਸਾ ਦੀ ਜਗ੍ਹਾ ਆਪਣੇ ਲਈ ਨਵਾਂ ਆਗੂ ਚੁਣਨਾ ਚਾਹੁੰਦੇ ਸਨ ਅਤੇ ਹਾਰੂਨ ਦੀ ਜਗ੍ਹਾ ਨਵਾਂ ਜਾਜਕ। ਇੱਦਾਂ ਸੋਚਣ ਵਾਲਿਆਂ ਵਿੱਚੋਂ ਇਕ ਸੀ ਕੋਰਹ। ਕੋਰਹ ਦਾ ਸਾਥ ਦੇਣ ਵਾਲੇ ਸਨ ਦਾਥਾਨ, ਅਬੀਰਾਮ ਅਤੇ 250 ਹੋਰ ਆਗੂ। ਇਨ੍ਹਾਂ ਸਾਰਿਆਂ ਨੇ ਆ ਕੇ ਮੂਸਾ ਨੂੰ ਕਿਹਾ: ‘ਤੂੰ ਆਪਣੇ ਆਪ ਨੂੰ ਸਾਰਿਆਂ ਤੋਂ ਉੱਚਾ ਕਿਉਂ ਚੁੱਕਦਾ ਹੈਂ?’

ਮੂਸਾ ਨੇ ਕੋਰਹ ਅਤੇ ਉਸ ਦੇ ਸਾਥੀਆਂ ਨੂੰ ਕਿਹਾ: ‘ਕੱਲ੍ਹ ਸਵੇਰ ਨੂੰ ਆਪਣੀਆਂ ਧੂਪਦਾਨਾਂ ਵਿਚ ਧੂਪ ਪਾ ਕੇ ਯਹੋਵਾਹ ਦੇ ਡੇਹਰੇ ਤੇ ਆਇਓ। ਅਸੀਂ ਦੇਖਾਂਗੇ ਕਿ ਯਹੋਵਾਹ ਕਿਸ ਨੂੰ ਚੁਣਦਾ ਹੈ।’

ਅਗਲੇ ਦਿਨ ਕੋਰਹ ਅਤੇ ਉਸ ਦੇ 250 ਸਾਥੀ ਡੇਹਰੇ ਤੇ ਆਏ। ਹੋਰ ਵੀ ਬਹੁਤ ਸਾਰੇ ਲੋਕ ਇਨ੍ਹਾਂ ਦਾ ਸਾਥ ਦੇਣ ਲਈ ਆਏ। ਯਹੋਵਾਹ ਬਹੁਤ ਗੁੱਸੇ ਹੋਇਆ। ਮੂਸਾ ਨੇ ਲੋਕਾਂ ਨੂੰ ਕਿਹਾ: ‘ਇਨ੍ਹਾਂ ਦੁਸ਼ਟ ਮਨੁੱਖਾਂ ਦੇ ਤੰਬੂਆਂ ਤੋਂ ਪਰੇ ਚਲੇ ਜਾਓ ਅਤੇ ਇਨ੍ਹਾਂ ਦੀ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਓ।’ ਮੂਸਾ ਦੀ ਗੱਲ ਮੰਨ ਕੇ ਲੋਕ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਪਰੇ ਹਟ ਗਏ।

ਫਿਰ ਮੂਸਾ ਨੇ ਲੋਕਾਂ ਨੂੰ ਕਿਹਾ: ‘ਹੁਣ ਤੁਸੀਂ ਖ਼ੁਦ ਆਪਣੀ ਅੱਖੀਂ ਦੇਖ ਲਵੋ ਕਿ ਯਹੋਵਾਹ ਨੇ ਕਿਸ ਨੂੰ ਚੁਣਿਆ ਹੈ। ਜ਼ਮੀਨ ਪਾਟ ਜਾਵੇਗੀ ਅਤੇ ਇਨ੍ਹਾਂ ਦੁਸ਼ਟ ਮਨੁੱਖਾਂ ਨੂੰ ਨਿਗਲ ਲਵੇਗੀ।’

ਮੂਸਾ ਨੇ ਅਜੇ ਆਪਣੀ ਗੱਲ ਖ਼ਤਮ ਹੀ ਕੀਤੀ ਸੀ ਕਿ ਜ਼ਮੀਨ ਪਾਟ ਗਈ। ਜ਼ਮੀਨ ਨੇ ਕੋਰਹ ਦੇ ਤੰਬੂ ਅਤੇ ਦਾਥਾਨ ਤੇ ਅਬੀਰਾਮ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਿਗਲ ਲਿਆ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਲੋਕ ਚਿਲਾ ਉੱਠੇ: ‘ਭੱਜੋ, ਭੱਜੋ! ਕਿਤੇ ਜ਼ਮੀਨ ਸਾਨੂੰ ਵੀ ਨਾ ਨਿਗਲ ਲਵੇ!’

ਕੋਰਹ ਅਤੇ ਉਸ ਦੇ 250 ਸਾਥੀ ਅਜੇ ਵੀ ਡੇਹਰੇ ਦੇ ਨੇੜੇ ਖੜ੍ਹੇ ਸਨ। ਯਹੋਵਾਹ ਨੇ ਆਸਮਾਨੋਂ ਅੱਗ ਵਰ੍ਹਾ ਕੇ ਉਨ੍ਹਾਂ ਨੂੰ ਭਸਮ ਕਰ ਦਿੱਤਾ। ਫਿਰ ਯਹੋਵਾਹ ਨੇ ਹਾਰੂਨ ਦੇ ਪੁੱਤਰ ਅਲਆਜ਼ਾਰ ਨੂੰ ਕਿਹਾ ਕਿ ਉਹ ਮਰੇ ਹੋਏ ਬੰਦਿਆਂ ਦੀਆਂ ਧੂਪਦਾਨਾਂ ਨੂੰ ਲੈ ਕੇ ਜਗਵੇਦੀ ਲਈ ਇਕ ਪਤਲਾ ਢੱਕਣ ਬਣਾਵੇ। ਇਹ ਢੱਕਣ ਸਾਰੇ ਇਸਰਾਏਲੀਆਂ ਲਈ ਇਕ ਚੇਤਾਵਨੀ ਸੀ ਕਿ ਹਾਰੂਨ ਅਤੇ ਉਸ ਦੇ ਪੁੱਤਰਾਂ ਤੋਂ ਬਿਨਾਂ ਹੋਰ ਕੋਈ ਵੀ ਯਹੋਵਾਹ ਲਈ ਜਾਜਕ ਦੇ ਤੌਰ ਤੇ ਕੰਮ ਨਹੀਂ ਕਰ ਸਕਦਾ।

ਇਸਰਾਏਲੀਆਂ ਅੱਗੇ ਯਹੋਵਾਹ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦਾ ਸੀ ਕਿ ਉਸ ਨੇ ਸਿਰਫ਼ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਹੀ ਜਾਜਕਾਂ ਦੇ ਤੌਰ ਤੇ ਚੁਣਿਆ ਸੀ। ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: ‘ਇਸਰਾਏਲ ਦੇ ਹਰੇਕ ਗੋਤ ਦੇ ਇਕ ਸਰਦਾਰ ਨੂੰ ਆਪਣੀ ਲਾਠੀ ਲਿਆਉਣ ਲਈ ਕਹਿ। ਲੇਵੀ ਦੇ ਗੋਤ ਵਿੱਚੋਂ ਹਾਰੂਨ ਨੂੰ ਆਪਣੀ ਲਾਠੀ ਲਿਆਉਣ ਲਈ ਕਹਿ। ਫਿਰ ਇਨ੍ਹਾਂ ਸਾਰੀਆਂ ਲਾਠੀਆਂ ਨੂੰ ਡੇਹਰੇ ਵਿਚ ਨੇਮ ਦੇ ਸੰਦੂਕ ਦੇ ਸਾਮ੍ਹਣੇ ਰੱਖ ਦੇ। ਜਿਸ ਕਿਸੇ ਦੀ ਲਾਠੀ ਉੱਤੇ ਫੁੱਲ ਉੱਗਣਗੇ ਉਹੀ ਜਾਜਕ ਚੁਣਿਆ ਜਾਵੇਗਾ।’ ਮੂਸਾ ਨੇ ਇੱਦਾਂ ਹੀ ਕੀਤਾ।

ਅਗਲੇ ਦਿਨ ਜਦ ਮੂਸਾ ਤੰਬੂ ਵਿਚ ਆਇਆ, ਤਾਂ ਉਹ ਕੀ ਦੇਖਦਾ ਹੈ ਕਿ ਹਾਰੂਨ ਦੀ ਲਾਠੀ ਉੱਤੇ ਫੁੱਲ ਅਤੇ ਬਦਾਮ ਉੱਗੇ ਹੋਏ ਸਨ! ਹੁਣ ਤੁਸੀਂ ਸਮਝ ਸਕਦੇ ਹੋ ਕਿ ਯਹੋਵਾਹ ਨੇ ਕਿਉਂ ਹਾਰੂਨ ਦੀ ਲਾਠੀ ਉੱਤੇ ਫੁੱਲ ਉਗਾਏ ਸਨ।