Skip to content

Skip to table of contents

ਕਹਾਣੀ 44

ਰਾਹਾਬ ਨੇ ਜਾਸੂਸਾਂ ਦੀ ਮਦਦ ਕੀਤੀ

ਰਾਹਾਬ ਨੇ ਜਾਸੂਸਾਂ ਦੀ ਮਦਦ ਕੀਤੀ

ਇਨ੍ਹਾਂ ਬੰਦਿਆਂ ਦੀ ਜਾਨ ਖ਼ਤਰੇ ਵਿਚ ਹੈ। ਉਨ੍ਹਾਂ ਨੂੰ ਫਟਾਫਟ ਇਸ ਘਰੋਂ ਨਿਕਲਣਾ ਪਵੇਗਾ। ਇਹ ਬੰਦੇ ਜਾਸੂਸ ਹਨ। ਇਨ੍ਹਾਂ ਦੀ ਮਦਦ ਕਰ ਰਹੀ ਤੀਵੀਂ ਰਾਹਾਬ ਹੈ। ਰਾਹਾਬ ਦਾ ਘਰ ਯਰੀਹੋ ਸ਼ਹਿਰ ਦੀ ਕੰਧ ਉੱਤੇ ਸੀ। ਆਓ ਦੇਖੀਏ ਇਨ੍ਹਾਂ ਬੰਦਿਆਂ ਦੀ ਜਾਨ ਖ਼ਤਰੇ ਵਿਚ ਕਿਉਂ ਹੈ।

ਇਸਰਾਏਲੀ ਯਰਦਨ ਨਦੀ ਪਾਰ ਕਰ ਕੇ ਕਨਾਨ ਨੂੰ ਜਾਣ ਲਈ ਤਿਆਰ ਸਨ। ਪਰ ਜਾਣ ਤੋਂ ਪਹਿਲਾਂ ਯਹੋਸ਼ੁਆ ਨੇ ਦੋ ਜਾਸੂਸਾਂ ਨੂੰ ਕਨਾਨ ਦੇ ਯਰੀਹੋ ਸ਼ਹਿਰ ਭੇਜਿਆ। ਉਸ ਨੇ ਜਾਸੂਸਾਂ ਨੂੰ ਕਿਹਾ: ‘ਜਾਓ ਅਤੇ ਜਾ ਕੇ ਉਸ ਦੇਸ਼ ਤੇ ਯਰੀਹੋ ਦੇ ਸ਼ਹਿਰ ਦੀ ਖ਼ਬਰ ਲਵੋ।’

ਜਾਸੂਸ ਯਰੀਹੋ ਵਿਚ ਰਾਹਾਬ ਦੇ ਘਰ ਠਹਿਰੇ। ਪਰ ਕਿਸੇ ਨੇ ਰਾਜੇ ਨੂੰ ਜਾ ਕੇ ਦੱਸ ਦਿੱਤਾ ਕਿ ‘ਅੱਜ ਰਾਤ ਦੋ ਇਸਰਾਏਲੀ ਇੱਥੇ ਦੇਸ਼ ਦੀ ਜਾਸੂਸੀ ਕਰਨ ਆਏ ਹਨ।’ ਰਾਜੇ ਨੇ ਫ਼ੌਰਨ ਕੁਝ ਆਦਮੀਆਂ ਨੂੰ ਰਾਹਾਬ ਦੇ ਘਰ ਭੇਜਿਆ। ਰਾਹਾਬ ਦੇ ਘਰ ਜਾ ਕੇ ਉਨ੍ਹਾਂ ਆਦਮੀਆਂ ਨੇ ਉਸ ਨੂੰ ਹੁਕਮ ਦਿੱਤਾ: ‘ਉਨ੍ਹਾਂ ਆਦਮੀਆਂ ਨੂੰ ਬਾਹਰ ਕੱਢ ਜੋ ਤੇਰੇ ਘਰ ਵਿਚ ਹਨ!’ ਰਾਹਾਬ ਪਹਿਲਾਂ ਹੀ ਜਾਸੂਸਾਂ ਨੂੰ ਆਪਣੇ ਚੁਬਾਰੇ ਵਿਚ ਛੁਪਾ ਚੁੱਕੀ ਸੀ। ਉਸ ਨੇ ਜਵਾਬ ਦਿੱਤਾ: ‘ਕੁਝ ਆਦਮੀ ਮੇਰੇ ਘਰ ਆਏ ਤਾਂ ਸਨ, ਪਰ ਮੈਂ ਨਹੀਂ ਜਾਣਦੀ ਕਿ ਉਹ ਕਿੱਥੋਂ ਸਨ। ਉਹ ਤਾਂ ਫਾਟਕਾਂ ਦੇ ਬੰਦ ਹੋਣ ਤੋਂ ਪਹਿਲਾਂ ਹਨੇਰਾ ਹੁੰਦਿਆਂ ਹੀ ਚਲੇ ਗਏ। ਜੇ ਤੁਸੀਂ ਛੇਤੀ ਜਾਓ, ਤਾਂ ਤੁਸੀਂ ਉਨ੍ਹਾਂ ਨੂੰ ਫੜ ਸਕਦੇ ਹੋ!’ ਸੋ ਉਹ ਆਦਮੀ ਜਾਸੂਸਾਂ ਨੂੰ ਫੜਨ ਲਈ ਉਨ੍ਹਾਂ ਦਾ ਪਿੱਛਾ ਕਰਨ ਲੱਗੇ।

ਉਨ੍ਹਾਂ ਦੇ ਜਾਣ ਤੋਂ ਬਾਅਦ ਰਾਹਾਬ ਕਾਹਲੀ-ਕਾਹਲੀ ਚੁਬਾਰੇ ਤੇ ਗਈ। ਉਸ ਨੇ ਜਾਸੂਸਾਂ ਨੂੰ ਕਿਹਾ: ‘ਮੈਨੂੰ ਪਤਾ ਹੈ ਕਿ ਯਹੋਵਾਹ ਤੁਹਾਨੂੰ ਇਹ ਦੇਸ਼ ਦੇ ਦੇਵੇਗਾ। ਅਸੀਂ ਸੁਣਿਆ ਹੈ ਕਿ ਜਿਸ ਵੇਲੇ ਤੁਸੀਂ ਮਿਸਰ ਵਿੱਚੋਂ ਨਿਕਲੇ, ਤਾਂ ਯਹੋਵਾਹ ਨੇ ਲਾਲ ਸਮੁੰਦਰ ਨੂੰ ਕਿਵੇਂ ਸੁਕਾ ਦਿੱਤਾ ਅਤੇ ਕਿਵੇਂ ਤੁਸੀਂ ਸਿਹੋਨ ਅਤੇ ਓਗ ਰਾਜਿਆਂ ਨੂੰ ਮਾਰ ਸੁੱਟਿਆ। ਮੈਂ ਤੁਹਾਡੀ ਮਦਦ ਕੀਤੀ ਹੈ ਤੇ ਤੁਸੀਂ ਵੀ ਮੇਰੀ ਮਦਦ ਕਰਿਓ। ਵਾਅਦਾ ਕਰੋ ਕਿ ਤੁਸੀਂ ਮੇਰੇ ਮਾਤਾ-ਪਿਤਾ ਅਤੇ ਭੈਣਾਂ-ਭਰਾਵਾਂ ਨੂੰ ਬਚਾਓਗੇ।’

ਉਨ੍ਹਾਂ ਨੇ ਰਾਹਾਬ ਨਾਲ ਵਾਅਦਾ ਕੀਤਾ ਕਿ ਉਹ ਉਸ ਉੱਤੇ ਅਤੇ ਉਸ ਦੇ ਪਰਿਵਾਰ ਉੱਤੇ ਰਹਿਮ ਕਰਨਗੇ। ਉਨ੍ਹਾਂ ਨੇ ਰਾਹਾਬ ਨੂੰ ਕਿਹਾ ਕਿ ਉਹ ਬਿਲਕੁਲ ਉੱਦਾਂ ਹੀ ਕਰੇ ਜਿੱਦਾਂ ਉਹ ਉਸ ਨੂੰ ਕਰਨ ਲਈ ਕਹਿਣਗੇ। ‘ਇਹ ਲਾਲ ਡੋਰੀ ਲੈ ਅਤੇ ਇਸ ਨੂੰ ਆਪਣੀ ਤਾਕੀ ਨਾਲ ਬੰਨ੍ਹ ਦੇਈਂ। ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਇਸ ਘਰ ਵਿਚ ਇਕੱਠਾ ਕਰ ਲਈ। ਜਦੋਂ ਅਸੀਂ ਯਰੀਹੋ ਉੱਤੇ ਕਬਜ਼ਾ ਕਰਨ ਲਈ ਵਾਪਸ ਆਵਾਂਗੇ, ਤਾਂ ਅਸੀਂ ਤੇਰੀ ਬਾਰੀ ਵਿਚ ਇਹ ਡੋਰੀ ਦੇਖਾਂਗੇ ਅਤੇ ਤੇਰੇ ਘਰ ਵਿਚ ਕਿਸੇ ਨੂੰ ਨਹੀਂ ਮਾਰਾਂਗੇ।’ ਜਾਸੂਸਾਂ ਨੇ ਵਾਪਸ ਆ ਕੇ ਸਭ ਕੁਝ ਯਹੋਸ਼ੁਆ ਨੂੰ ਦੱਸਿਆ।