Skip to content

Skip to table of contents

ਕਹਾਣੀ 48

ਬੁਧੀਮਾਨ ਗਿਬਓਨੀ

ਬੁਧੀਮਾਨ ਗਿਬਓਨੀ

ਕਨਾਨ ਦੇ ਕਈ ਸ਼ਹਿਰਾਂ ਦੇ ਲੋਕ ਸੋਚਦੇ ਸਨ ਕਿ ਉਹ ਇਸਰਾਏਲੀਆਂ ਨੂੰ ਹਰਾ ਸਕਦੇ ਹਨ। ਇਸ ਲਈ ਉਹ ਇਸਰਾਏਲੀਆਂ ਨਾਲ ਲੜਾਈ ਕਰਨੀ ਚਾਹੁੰਦੇ ਸਨ। ਪਰ ਗਿਬਓਨ ਸ਼ਹਿਰ ਦੇ ਲੋਕ ਇਸ ਤਰ੍ਹਾਂ ਨਹੀਂ ਸੋਚਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਪਰਮੇਸ਼ੁਰ ਇਸਰਾਏਲੀਆਂ ਦੇ ਨਾਲ ਸੀ। ਉਨ੍ਹਾਂ ਨਾਲ ਲੜਾਈ ਕਰਨ ਦਾ ਮਤਲਬ ਸੀ ਖ਼ੁਦ ਪਰਮੇਸ਼ੁਰ ਨਾਲ ਲੜਾਈ ਕਰਨੀ। ਪਰ ਉਹ ਹਰਗਿਜ਼ ਲੜਾਈ ਨਹੀਂ ਕਰਨੀ ਚਾਹੁੰਦੇ ਸਨ। ਤੁਹਾਨੂੰ ਪਤਾ ਗਿਬਓਨੀਆਂ ਨੇ ਕੀ ਕੀਤਾ ਤਾਂਕਿ ਉਨ੍ਹਾਂ ਨੂੰ ਇਸਰਾਏਲੀਆਂ ਨਾਲ ਲੜਾਈ ਨਾ ਕਰਨੀ ਪਵੇ?

ਉਨ੍ਹਾਂ ਨੇ ਇਕ ਨਾਟਕ ਕਰਨ ਦੀ ਸੋਚੀ। ਉਨ੍ਹਾਂ ਦੇ ਕੁਝ ਬੰਦਿਆਂ ਨੇ ਫਟੇ-ਪੁਰਾਣੇ ਕੱਪੜੇ ਤੇ ਪੈਰੀਂ ਘਸੀਆਂ ਜੁੱਤੀਆਂ ਪਾ ਲਈਆਂ। ਆਪਣੇ ਗਧਿਆਂ ਉੱਤੇ ਫਟੇ-ਪੁਰਾਣੇ ਬੋਰੇ ਲੱਦ ਲਏ ਅਤੇ ਹੱਥਾਂ ਵਿਚ ਸੁੱਕੀਆਂ ਰੋਟੀਆਂ ਲੈ ਕੇ ਇਸਰਾਏਲੀਆਂ ਦੇ ਤੰਬੂਆਂ ਵੱਲ ਤੁਰ ਪਏ। ਇਹ ਸਭ ਉਨ੍ਹਾਂ ਨੇ ਇਸ ਲਈ ਕੀਤਾ ਤਾਂਕਿ ਇਸਰਾਏਲੀਆਂ ਨੂੰ ਲੱਗੇ ਕਿ ਉਹ ਕਨਾਨ ਦੇਸ਼ ਤੋਂ ਨਹੀਂ, ਸਗੋਂ ਕਿਸੇ ਦੂਰ ਦੇਸ਼ੋਂ ਆਏ ਸਨ। ਉਨ੍ਹਾਂ ਨੇ ਯਹੋਸ਼ੁਆ ਨੂੰ ਜਾ ਕੇ ਕਿਹਾ: ‘ਅਸੀਂ ਇਕ ਬਹੁਤ ਦੂਰ ਦੇਸ਼ ਤੋਂ ਆਏ ਹਾਂ ਕਿਉਂਕਿ ਅਸੀਂ ਤੁਹਾਡੇ ਮਹਾਨ ਪਰਮੇਸ਼ੁਰ, ਯਹੋਵਾਹ ਬਾਰੇ ਸੁਣਿਆ ਹੈ। ਅਸੀਂ ਉਹ ਸਾਰੀਆਂ ਗੱਲਾਂ ਸੁਣੀਆਂ ਹਨ ਜੋ ਉਸ ਨੇ ਤੁਹਾਡੇ ਲਈ ਮਿਸਰ ਵਿਚ ਕੀਤੀਆਂ। ਇਸ ਲਈ ਸਾਡੇ ਸਰਦਾਰਾਂ ਨੇ ਸਾਨੂੰ ਆਖਿਆ ਕਿ ਰਾਹ ਵਾਸਤੇ ਰੋਟੀ ਲੈ ਕੇ ਜਾਓ ਅਤੇ ਇਸਰਾਏਲੀਆਂ ਨੂੰ ਜਾ ਕੇ ਕਹਿਣਾ: “ਅਸੀਂ ਤੁਹਾਡੇ ਦਾਸ ਹਾਂ। ਵਾਅਦਾ ਕਰੋ ਕਿ ਤੁਸੀਂ ਸਾਡੇ ਨਾਲ ਯੁੱਧ ਨਹੀਂ ਕਰੋਗੇ।” ਤੁਸੀਂ ਦੇਖ ਸਕਦੇ ਹੋ ਕਿ ਲੰਬੇ ਸਫ਼ਰ ਦੇ ਕਾਰਨ ਸਾਡੇ ਕੱਪੜੇ ਘਸ ਗਏ ਅਤੇ ਸਾਡੀਆਂ ਰੋਟੀਆਂ ਵੀ ਸੁੱਕ ਗਈਆਂ।’

ਯਹੋਸ਼ੁਆ ਅਤੇ ਬਾਕੀ ਦੇ ਲੋਕਾਂ ਨੇ ਗਿਬਓਨੀਆਂ ਦੀ ਗੱਲ ਦਾ ਯਕੀਨ ਕਰ ਲਿਆ। ਉਨ੍ਹਾਂ ਨੇ ਗਿਬਓਨੀਆਂ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਨਾਲ ਯੁੱਧ ਨਹੀਂ ਕਰਨਗੇ। ਪਰ ਤਿੰਨ ਦਿਨਾਂ ਪਿੱਛੋਂ ਗਿਬਓਨੀਆਂ ਦਾ ਪੋਲ ਖੁੱਲ੍ਹ ਗਿਆ। ਇਸਰਾਏਲੀਆਂ ਨੂੰ ਪਤਾ ਲੱਗ ਗਿਆ ਕਿ ਉਹ ਕਿਸੇ ਦੂਰ ਦੇਸ਼ੋਂ ਨਹੀਂ ਆਏ ਬਲਕਿ ਲਾਗਲੇ ਸ਼ਹਿਰ ਤੋਂ ਆਏ ਸਨ।

ਯਹੋਸ਼ੁਆ ਨੇ ਉਨ੍ਹਾਂ ਨੂੰ ਪੁੱਛਿਆ: ‘ਤੁਸੀਂ ਸਾਨੂੰ ਕਿਉਂ ਕਿਹਾ ਕਿ ਤੁਸੀਂ ਦੂਰ ਦੇਸ਼ੋਂ ਆਏ ਹੋ?’

ਗਿਬਓਨੀਆਂ ਨੇ ਜਵਾਬ ਦਿੱਤਾ: ‘ਕਿਉਂਕਿ ਅਸੀਂ ਡਰ ਗਏ ਸਾਂ। ਅਸੀਂ ਲੋਕਾਂ ਤੋਂ ਸੁਣਿਆ ਸੀ ਕਿ ਪਰਮੇਸ਼ੁਰ ਨੇ ਤੁਹਾਨੂੰ ਸਾਰਾ ਕਨਾਨ ਦੇਸ਼ ਦੇਣ ਦਾ ਵਾਅਦਾ ਕੀਤਾ ਹੈ। ਇਸ ਲਈ ਅਸੀਂ ਨਹੀਂ ਸੀ ਚਾਹੁੰਦੇ ਕਿ ਤੁਸੀਂ ਸਾਨੂੰ ਮਾਰ ਸੁੱਟੋ।’ ਇਸਰਾਏਲੀਆਂ ਨੇ ਆਪਣਾ ਵਾਅਦਾ ਨਿਭਾ ਕੇ ਗਿਬਓਨੀਆਂ ਨੂੰ ਬਖ਼ਸ਼ ਤਾਂ ਦਿੱਤਾ, ਪਰ ਉਹ ਇਸਰਾਏਲੀਆਂ ਦੇ ਗ਼ੁਲਾਮ ਬਣ ਕੇ ਰਹੇ।

ਗਿਬਓਨੀਆਂ ਨੇ ਇਸਰਾਏਲੀਆਂ ਨਾਲ ਸੁਲ੍ਹਾ ਕਰ ਲਈ। ਇਸ ਗੱਲ ਦਾ ਯਰੂਸ਼ਲਮ ਦੇ ਰਾਜੇ ਨੂੰ ਬਹੁਤ ਗੁੱਸਾ ਸੀ। ਉਸ ਨੇ ਦੂਸਰੇ ਚਾਰ ਰਾਜਿਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਕਿਹਾ: ‘ਆਓ, ਗਿਬਓਨ ਨਾਲ ਲੜਨ ਵਿਚ ਮੇਰੀ ਮਦਦ ਕਰੋ।’ ਇੱਦਾਂ ਇਹ ਪੰਜ ਰਾਜੇ ਗਿਬਓਨੀਆਂ ਨਾਲ ਲੜਾਈ ਕਰਨ ਨੂੰ ਤਿਆਰ ਹੋ ਗਏ। ਕੀ ਗਿਬਓਨੀਆਂ ਨੇ ਇਸਰਾਏਲੀਆਂ ਨਾਲ ਸੁਲ੍ਹਾ ਕਰ ਕੇ ਭੁੱਲ ਕੀਤੀ ਸੀ? ਆਓ ਦੇਖੀਏ ਉਨ੍ਹਾਂ ਨਾਲ ਕੀ ਹੋਇਆ।