Skip to content

Skip to table of contents

ਕਹਾਣੀ 51

ਰੂਥ ਅਤੇ ਨਾਓਮੀ

ਰੂਥ ਅਤੇ ਨਾਓਮੀ

ਬਾਈਬਲ ਵਿਚ ਇਕ ਕਿਤਾਬ ਦਾ ਨਾਮ ਹੈ ਰੂਥ। ਇਸ ਵਿਚ ਇਕ ਪਰਿਵਾਰ ਦੀ ਕਹਾਣੀ ਦੱਸੀ ਗਈ ਹੈ ਜੋ ਨਿਆਈਆਂ ਦੇ ਜ਼ਮਾਨੇ ਵਿਚ ਰਹਿੰਦਾ ਸੀ। ਰੂਥ ਨਾਂ ਦੀ ਔਰਤ ਇਸਰਾਏਲੀਆਂ ਵਿੱਚੋਂ ਨਹੀਂ ਸੀ, ਸਗੋਂ ਉਹ ਮੋਆਬ ਦੇਸ਼ ਦੀ ਰਹਿਣ ਵਾਲੀ ਸੀ। ਪਰ ਰੂਥ ਨੇ ਜਦ ਸੱਚੇ ਪਰਮੇਸ਼ੁਰ ਯਹੋਵਾਹ ਬਾਰੇ ਸਿੱਖਿਆ, ਤਾਂ ਉਹ ਵੀ ਉਸ ਦੀ ਭਗਤੀ ਕਰਨ ਲੱਗ ਪਈ। ਨਾਓਮੀ ਇਕ ਬਜ਼ੁਰਗ ਔਰਤ ਹੈ ਜਿਸ ਨੇ ਰੂਥ ਨੂੰ ਯਹੋਵਾਹ ਬਾਰੇ ਸਿਖਾਇਆ ਸੀ।

ਨਾਓਮੀ ਇਸਰਾਏਲ ਕੌਮ ਵਿੱਚੋਂ ਸੀ। ਨਾਓਮੀ ਅਤੇ ਉਸ ਦਾ ਪਤੀ ਆਪਣੇ ਦੋ ਮੁੰਡਿਆਂ ਨਾਲ ਉਦੋਂ ਮੋਆਬ ਵਿਚ ਰਹਿਣ ਚਲੇ ਗਏ ਸਨ ਜਦ ਇਸਰਾਏਲ ਵਿਚ ਖਾਣੇ ਦੀ ਥੁੜ੍ਹ ਸੀ। ਕੁਝ ਸਮੇਂ ਬਾਅਦ ਨਾਓਮੀ ਦਾ ਪਤੀ ਮੋਆਬ ਵਿਚ ਮਰ ਗਿਆ। ਨਾਓਮੀ ਦੇ ਦੋਵਾਂ ਮੁੰਡਿਆਂ ਨੇ ਮੋਆਬ ਦੀਆਂ ਔਰਤਾਂ ਨਾਲ ਵਿਆਹ ਕਰਵਾ ਲਿਆ। ਇਨ੍ਹਾਂ ਔਰਤਾਂ ਦੇ ਨਾਮ ਸਨ ਰੂਥ ਅਤੇ ਆਰਪਾਹ। ਪਰ ਦਸਾਂ ਕੁ ਸਾਲਾਂ ਬਾਅਦ ਨਾਓਮੀ ਦੇ ਦੋਵੇਂ ਪੁੱਤਰ ਵੀ ਮਰ ਗਏ। ਨਾਓਮੀ ਤੇ ਉਸ ਦੀਆਂ ਦੋਵੇਂ ਨੂੰਹਾਂ ਬਹੁਤ ਦੁਖੀ ਸਨ। ਭਲਾ ਹੁਣ ਨਾਓਮੀ ਕੀ ਕਰਦੀ।

ਇਕ ਦਿਨ ਨਾਓਮੀ ਨੇ ਤੈਅ ਕੀਤਾ ਕਿ ਉਹ ਵਾਪਸ ਇਸਰਾਏਲ ਆਪਣੇ ਲੋਕਾਂ ਕੋਲ ਚਲੀ ਜਾਵੇਗੀ। ਰੂਥ ਤੇ ਆਰਪਾਹ ਨਾਓਮੀ ਤੋਂ ਜੁਦਾ ਨਹੀਂ ਹੋਣਾ ਚਾਹੁੰਦੀਆਂ ਸਨ। ਇਸ ਲਈ ਉਹ ਵੀ ਉਸ ਨਾਲ ਇਸਰਾਏਲ ਨੂੰ ਚੱਲ ਪਈਆਂ। ਰਾਹ ਵਿਚ ਨਾਓਮੀ ਨੇ ਆਪਣੀਆਂ ਨੂੰਹਾਂ ਨੂੰ ਕਿਹਾ: ‘ਤੁਸੀਂ ਆਪਣੇ ਘਰ ਜਾਓ ਅਤੇ ਆਪਣੀਆਂ ਮਾਵਾਂ ਨਾਲ ਰਹੋ।’

ਫਿਰ ਉਸ ਨੇ ਉਨ੍ਹਾਂ ਨੂੰ ਗਲੇ ਲਗਾਇਆ ਅਤੇ ਉਨ੍ਹਾਂ ਨੂੰ ਵਿਦਾ ਕਰਨਾ ਚਾਹਿਆ। ਪਰ ਉਨ੍ਹਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਨਾਓਮੀ ਨੂੰ ਕਿਹਾ: ‘ਨਹੀਂ! ਅਸੀਂ ਤੇਰੇ ਨਾਲ ਤੇਰੇ ਲੋਕਾਂ ਕੋਲ ਜਾਵਾਂਗੀਆਂ।’ ਪਰ ਨਾਓਮੀ ਨੇ ਕਿਹਾ: ‘ਮੇਰੀਓ ਧੀਓ, ਤੁਹਾਨੂੰ ਵਾਪਸ ਜਾਣਾ ਚਾਹੀਦਾ ਹੈ। ਆਪਣੇ ਘਰਾਂ ਵਿਚ ਤੁਸੀਂ ਚੰਗੀਆਂ ਰਹੋਗੀਆਂ।’ ਨਾਓਮੀ ਦੀ ਗੱਲ ਮੰਨ ਕੇ ਆਰਪਾਹ ਵਾਪਸ ਚਲੀ ਗਈ। ਪਰ ਰੂਥ ਅਜੇ ਵੀ ਨਾਓਮੀ ਨਾਲ ਹੀ ਰਹਿਣਾ ਚਾਹੁੰਦੀ ਸੀ।

ਨਾਓਮੀ ਨੇ ਫਿਰ ਤੋਂ ਰੂਥ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ: ‘ਦੇਖ, ਆਰਪਾਹ ਤਾਂ ਚਲੀ ਗਈ ਹੈ। ਹੁਣ ਤੂੰ ਵੀ ਵਾਪਸ ਉਸ ਨਾਲ ਚਲੀ ਜਾ।’ ਰੂਥ ਨੇ ਕਿਹਾ: ‘ਮੈਨੂੰ ਆਪਣੇ ਨਾਲੋਂ ਜੁਦਾ ਕਰਨ ਦੀ ਕੋਸ਼ਿਸ਼ ਨਾ ਕਰੋ! ਮੈਨੂੰ ਤੁਹਾਡੇ ਨਾਲ ਆ ਲੈਣ ਦਿਓ। ਜਿੱਥੇ ਤੁਸੀਂ ਜਾਓਗੇ ਉੱਥੇ ਹੀ ਮੈਂ ਜਾਵਾਂਗੀ ਅਤੇ ਜਿੱਥੇ ਤੁਸੀਂ ਰਹੋਗੇ ਉੱਥੇ ਹੀ ਮੈਂ ਰਹਾਂਗੀ। ਤੁਹਾਡੇ ਲੋਕ ਮੇਰੇ ਲੋਕ ਹੋਣਗੇ ਅਤੇ ਤੁਹਾਡਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ। ਜਿੱਥੇ ਤੁਸੀਂ ਮਰੋਗੇ ਉੱਥੇ ਮੈਂ ਮਰਾਂਗੀ ਤੇ ਉੱਥੇ ਹੀ ਮੈਂ ਦਫ਼ਨਾਈ ਜਾਵਾਂਗੀ।’ ਇਸ ਤੋਂ ਬਾਅਦ ਨਾਓਮੀ ਨੇ ਰੂਥ ਨੂੰ ਵਾਪਸ ਜਾਣ ਲਈ ਨਹੀਂ ਕਿਹਾ।

ਉਹ ਦੋਵੇਂ ਇਸਰਾਏਲ ਵੱਲ ਚੱਲ ਪਈਆਂ ਅਤੇ ਜੌਂ ਦੀ ਵਾਢੀ ਦੇ ਵੇਲੇ ਪਹੁੰਚੀਆਂ। ਇੱਥੇ ਰੂਥ ਨੇ ਆਉਂਦਿਆਂ ਹੀ ਖੇਤਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬੋਅਜ਼ ਨੇ ਰੂਥ ਨੂੰ ਆਪਣੇ ਖੇਤਾਂ ਵਿੱਚੋਂ ਜੌਂ ਚੁਗਣ ਦੀ ਇਜਾਜ਼ਤ ਦੇ ਦਿੱਤੀ ਸੀ। ਤੁਹਾਨੂੰ ਪਤਾ ਬੋਅਜ਼ ਦੀ ਮਾਂ ਕੌਣ ਸੀ? ਉਸ ਦੀ ਮਾਂ ਰਾਹਾਬ ਸੀ ਜੋ ਯਰੀਹੋ ਸ਼ਹਿਰ ਦੀ ਰਹਿਣ ਵਾਲੀ ਸੀ।

ਇਕ ਦਿਨ ਬੋਅਜ਼ ਨੇ ਰੂਥ ਨੂੰ ਕਿਹਾ: ‘ਮੈਂ ਤੇਰੇ ਬਾਰੇ ਸਭ ਕੁਝ ਸੁਣ ਚੁੱਕਾ ਹਾਂ ਕਿ ਤੂੰ ਕਿਵੇਂ ਨਾਓਮੀ ਦੀ ਮਦਦ ਕੀਤੀ ਹੈ। ਮੈਂ ਇਹ ਜਾਣਦਾ ਹਾਂ ਕਿ ਤੂੰ ਆਪਣੇ ਮਾਤਾ-ਪਿਤਾ ਅਤੇ ਆਪਣੇ ਦੇਸ਼ ਨੂੰ ਛੱਡ ਕੇ ਪਰਾਏ ਦੇਸ਼ ਵਿਚ ਰਹਿ ਰਹੀ ਹੈਂ। ਯਹੋਵਾਹ ਤੇਰਾ ਭਲਾ ਕਰੇ!’

ਰੂਥ ਨੇ ਜਵਾਬ ਦਿੱਤਾ: ‘ਮੇਰੇ ਮਾਲਕ, ਤੁਸੀਂ ਕਿੰਨੇ ਦਇਆਵਾਨ ਹੋ। ਤੁਸੀਂ ਮੇਰੇ ਨਾਲ ਇੰਨੇ ਚੰਗੇ ਢੰਗ ਨਾਲ ਗੱਲ ਕਰ ਕੇ ਮੇਰਾ ਹੌਸਲਾ ਵਧਾਇਆ ਹੈ।’ ਬੋਅਜ਼ ਰੂਥ ਨੂੰ ਬਹੁਤ ਪਸੰਦ ਕਰਦਾ ਸੀ। ਫਿਰ ਕੁਝ ਸਮੇਂ ਬਾਅਦ ਉਨ੍ਹਾਂ ਦੋਵਾਂ ਨੇ ਵਿਆਹ ਕਰਵਾ ਲਿਆ। ਨਾਓਮੀ ਬਹੁਤ ਖ਼ੁਸ਼ ਸੀ। ਉਸ ਦੀ ਖ਼ੁਸ਼ੀ ਦੁਗਣੀ ਹੋ ਗਈ ਜਦ ਬੋਅਜ਼ ਤੇ ਰੂਥ ਦੇ ਘਰ ਮੁੰਡਾ ਹੋਇਆ। ਉਨ੍ਹਾਂ ਨੇ ਮੁੰਡੇ ਦਾ ਨਾ ਓਬੇਦ ਰੱਖਿਆ। ਤੁਹਾਨੂੰ ਪਤਾ ਓਬੇਦ ਅਗਾਹਾਂ ਜਾ ਕੇ ਕਿਸ ਦਾ ਦਾਦਾ ਬਣਿਆ? ਉਹ ਦਾਊਦ ਦਾ ਦਾਦਾ ਸੀ। ਅਸੀਂ ਅਗਲੀਆਂ ਕਹਾਣੀਆਂ ਵਿਚ ਦਾਊਦ ਬਾਰੇ ਬਹੁਤ ਕੁਝ ਸਿੱਖਾਂਗੇ।