Skip to content

Skip to table of contents

ਕਹਾਣੀ 54

ਸਭ ਤੋਂ ਤਾਕਤਵਰ ਆਦਮੀ

ਸਭ ਤੋਂ ਤਾਕਤਵਰ ਆਦਮੀ

ਕੀ ਤੁਸੀਂ ਉਸ ਆਦਮੀ ਦਾ ਨਾਮ ਜਾਣਦੇ ਹੋ ਜੋ ਸਭ ਤੋਂ ਤਾਕਤਵਰ ਸੀ? ਉਹ ਦਾ ਨਾਂ ਸਮਸੂਨ ਸੀ। ਸਮਸੂਨ ਇਕ ਨਿਆਈ ਸੀ। ਯਹੋਵਾਹ ਨੇ ਹੀ ਉਸ ਨੂੰ ਤਾਕਤ ਦਿੱਤੀ ਸੀ। ਸਮਸੂਨ ਦੇ ਜਨਮ ਤੋਂ ਪਹਿਲਾਂ ਹੀ ਯਹੋਵਾਹ ਨੇ ਉਸ ਦੀ ਮਾਂ ਨੂੰ ਦੱਸਿਆ ਸੀ: ‘ਜਲਦ ਹੀ ਤੇਰੇ ਇਕ ਪੁੱਤਰ ਹੋਵੇਗਾ। ਉਹ ਇਸਰਾਏਲ ਨੂੰ ਫਲਿਸਤੀਆਂ ਦੇ ਹੱਥੋਂ ਛੁਡਾਵੇਗਾ।’

ਫਲਿਸਤੀ ਕਨਾਨ ਵਿਚ ਰਹਿੰਦੇ ਸਨ ਅਤੇ ਉਹ ਬਹੁਤ ਬੁਰੇ ਲੋਕ ਸਨ। ਉਨ੍ਹਾਂ ਨੇ ਯਹੋਵਾਹ ਦੇ ਲੋਕਾਂ ਨੂੰ ਬਹੁਤ ਤੰਗ ਕੀਤਾ। ਇਕ ਦਿਨ ਸਮਸੂਨ ਫਲਿਸਤੀ ਲੋਕਾਂ ਦੇ ਸ਼ਹਿਰ ਨੂੰ ਜਾ ਰਿਹਾ ਸੀ ਅਤੇ ਰਾਹ ਵਿਚ ਉਸ ਦਾ ਟਾਕਰਾ ਇਕ ਸ਼ੇਰ ਨਾਲ ਹੋਇਆ। ਸਮਸੂਨ ਕੋਲ ਕੋਈ ਹਥਿਆਰ ਨਹੀਂ ਸੀ, ਇਸ ਲਈ ਉਸ ਨੇ ਆਪਣੇ ਹੱਥਾਂ ਨਾਲ ਹੀ ਸ਼ੇਰ ਨੂੰ ਮਾਰ ਦਿੱਤਾ। ਉਸ ਨੇ ਕਈ ਫਲਿਸਤੀਆਂ ਨੂੰ ਵੀ ਮਾਰਿਆ।

ਫਿਰ ਕੁਝ ਸਮੇਂ ਬਾਅਦ ਸਮਸੂਨ ਦਲੀਲਾਹ ਨਾਮ ਦੀ ਇਕ ਕੁੜੀ ਨੂੰ ਪਿਆਰ ਕਰਨ ਲੱਗ ਪਿਆ। ਫਲਿਸਤੀਆਂ ਦੇ ਸਰਦਾਰਾਂ ਨੇ ਦਲੀਲਾਹ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਵਿੱਚੋਂ ਹਰੇਕ ਜਣਾ ਉਸ ਨੂੰ 1,100 ਚਾਂਦੀ ਦੇ ਸਿੱਕੇ ਦੇਵੇਗਾ ਜੇ ਉਹ ਸਮਸੂਨ ਦੀ ਤਾਕਤ ਦਾ ਰਾਜ਼ ਪਤਾ ਕਰੇ। ਦਲੀਲਾਹ ਨਾ ਤਾਂ ਸਮਸੂਨ ਨੂੰ ਤੇ ਨਾ ਹੀ ਯਹੋਵਾਹ ਦੇ ਲੋਕਾਂ ਨੂੰ ਪਿਆਰ ਕਰਦੀ ਸੀ। ਉਹ ਪੈਸਿਆਂ ਦੇ ਲਾਲਚ ਵਿਚ ਆ ਗਈ। ਇਸ ਲਈ ਉਸ ਨੇ ਵਾਰ-ਵਾਰ ਸਮਸੂਨ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਸ ਦੀ ਤਾਕਤ ਦਾ ਰਾਜ਼ ਕੀ ਸੀ।

ਇਕ ਦਿਨ ਹਾਰ ਕੇ ਸਮਸੂਨ ਨੇ ਆਪਣੀ ਤਾਕਤ ਦਾ ਰਾਜ਼ ਦਲੀਲਾਹ ਨੂੰ ਦੱਸ ਹੀ ਦਿੱਤਾ। ਉਸ ਨੇ ਕਿਹਾ: ‘ਮੈਂ ਆਪਣੇ ਵਾਲ ਕਦੇ ਨਹੀਂ ਕਟਵਾਏ। ਜਨਮ ਤੋਂ ਹੀ ਪਰਮੇਸ਼ੁਰ ਨੇ ਮੈਨੂੰ ਆਪਣੇ ਇਕ ਖ਼ਾਸ ਸੇਵਕ ਦੇ ਤੌਰ ਤੇ ਚੁਣ ਲਿਆ ਸੀ ਜਿਸ ਨੂੰ ਨਜ਼ੀਰ ਕਹਿੰਦੇ ਹਨ। ਜੇ ਮੇਰੇ ਵਾਲ ਕੱਟ ਦਿੱਤੇ ਜਾਣ, ਤਾਂ ਮੇਰੀ ਤਾਕਤ ਵੀ ਜਾਂਦੀ ਰਹੇਗੀ।’

ਰਾਜ਼ ਜਾਣਨ ਤੋਂ ਬਾਅਦ ਦਲੀਲਾਹ ਨੇ ਪਹਿਲਾਂ ਸਮਸੂਨ ਨੂੰ ਆਪਣੀ ਗੋਦ ਵਿਚ ਸੁਲਾ ਲਿਆ। ਫਿਰ ਉਸ ਨੇ ਇਕ ਆਦਮੀ ਨੂੰ ਬੁਲਾ ਕੇ ਸਮਸੂਨ ਦੇ ਵਾਲ ਕਟਵਾ ਦਿੱਤੇ। ਜਦ ਸਮਸੂਨ ਦੀ ਅੱਖ ਖੁੱਲ੍ਹੀ, ਤਾਂ ਉਹ ਪਹਿਲਾਂ ਵਾਂਗ ਤਕੜਾ ਨਹੀਂ ਸੀ। ਫਲਿਸਤੀਆਂ ਨੇ ਆ ਕੇ ਉਸ ਨੂੰ ਫੜ ਲਿਆ। ਉਨ੍ਹਾਂ ਨੇ ਸਮਸੂਨ ਦੀਆਂ ਦੋਵੇਂ ਅੱਖਾਂ ਕੱਢ ਸੁੱਟੀਆਂ ਤੇ ਉਸ ਨੂੰ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ।

ਇਕ ਦਿਨ ਫਲਿਸਤੀਆਂ ਨੇ ਆਪਣੇ ਦੇਵਤੇ ਦਾਗੋਨ ਦੀ ਪੂਜਾ ਕਰਨ ਲਈ ਵੱਡੀ ਦਾਅਵਤ ਕੀਤੀ। ਦਾਅਵਤ ਵਿਚ 3,000 ਫਲਿਸਤੀ ਹਾਜ਼ਰ ਹੋਏ। ਉੱਥੇ ਉਨ੍ਹਾਂ ਨੇ ਸਮਸੂਨ ਦਾ ਮਜ਼ਾਕ ਉਡਾਉਣ ਲਈ ਉਸ ਨੂੰ ਜੇਲ੍ਹ ਵਿੱਚੋਂ ਦਾਅਵਤ ਵਿਚ ਲਿਆਂਦਾ। ਜੇਲ੍ਹ ਵਿਚ ਰਹਿੰਦਿਆਂ ਸਮਸੂਨ ਦੇ ਵਾਲ ਫਿਰ ਤੋਂ ਲੰਬੇ ਹੋ ਗਏ ਸਨ। ਜਦ ਉਸ ਨੂੰ ਬਾਹਰ ਲਿਆਂਦਾ ਗਿਆ, ਤਾਂ ਉਸ ਨੇ ਆਪਣੇ ਕੋਲ ਖੜ੍ਹੇ ਮੁੰਡੇ ਨੂੰ ਕਿਹਾ: ‘ਮੈਨੂੰ ਉਨ੍ਹਾਂ ਥੰਮ੍ਹਾਂ ਨੂੰ ਹੱਥ ਲਾਉਣ ਦੇ ਜਿਨ੍ਹਾਂ ਉੱਤੇ ਇਹ ਇਮਾਰਤ ਟਿਕੀ ਹੋਈ ਹੈ।’ ਫਿਰ ਸਮਸੂਨ ਨੇ ਯਹੋਵਾਹ ਅੱਗੇ ਤਾਕਤ ਲਈ ਪ੍ਰਾਰਥਨਾ ਕੀਤੀ ਤੇ ਥੰਮ੍ਹਾਂ ਨੂੰ ਫੜ ਲਿਆ। ਉਹ ਉੱਚੀ-ਉੱਚੀ ਕਹਿਣ ਲੱਗਾ: ‘ਮੈਨੂੰ ਵੀ ਫਲਿਸਤੀਆਂ ਦੇ ਨਾਲ ਮਰ ਜਾਣ ਦੇ।’ ਜਦ ਸਮਸੂਨ ਨੇ ਪੂਰੇ ਜ਼ੋਰ ਨਾਲ ਦੋਹਾਂ ਪਾਸਿਆਂ ਦੇ ਥੰਮ੍ਹਾਂ ਨੂੰ ਧੱਕਾ ਮਾਰਿਆ, ਤਾਂ ਪੂਰੀ ਦੀ ਪੂਰੀ ਇਮਾਰਤ ਡਿੱਗ ਪਈ ਅਤੇ ਸਾਰੇ ਬੁਰੇ ਲੋਕ ਮਰ ਗਏ।