Skip to content

Skip to table of contents

ਚੌਥਾ ਭਾਗ

ਇਸਰਾਏਲ ਦੇ ਪਹਿਲੇ ਰਾਜੇ ਤੋਂ ਲੈ ਕੇ ਬਾਬਲ ਵਿਚ ਕੈਦ ਤਕ

ਇਸਰਾਏਲ ਦੇ ਪਹਿਲੇ ਰਾਜੇ ਤੋਂ ਲੈ ਕੇ ਬਾਬਲ ਵਿਚ ਕੈਦ ਤਕ

ਇਸਰਾਏਲ ਦਾ ਸਭ ਤੋਂ ਪਹਿਲਾ ਰਾਜਾ ਸ਼ਾਊਲ ਸੀ। ਪਰ ਉਸ ਦੇ ਬੁਰੇ ਕੰਮਾਂ ਕਾਰਨ ਯਹੋਵਾਹ ਨੇ ਉਸ ਦੀ ਥਾਂ ਤੇ ਦਾਊਦ ਨੂੰ ਰਾਜੇ ਵਜੋਂ ਚੁਣਿਆ। ਇਸ ਭਾਗ ਵਿਚ ਅਸੀਂ ਦਾਊਦ ਬਾਰੇ ਬਹੁਤ ਕੁਝ ਸਿੱਖਾਂਗੇ। ਜਦ ਉਹ ਅਜੇ ਨੌਜਵਾਨ ਹੀ ਸੀ, ਤਾਂ ਉਸ ਨੇ ਗੋਲਿਅਥ ਨਾਂ ਦੇ ਦੈਂਤ ਦਾ ਸਾਮ੍ਹਣਾ ਕੀਤਾ। ਬਾਅਦ ਵਿਚ ਘਮੰਡੀ ਰਾਜੇ ਸ਼ਾਊਲ ਤੋਂ ਜਾਨ ਬਚਾਉਣ ਲਈ ਉਸ ਨੂੰ ਭੱਜਣਾ ਪਿਆ। ਫਿਰ ਖੂਬਸੂਰਤ ਅਬੀਗੈਲ ਨੇ ਉਸ ਨੂੰ ਇਕ ਗ਼ਲਤ ਕਦਮ ਚੁੱਕਣ ਤੋਂ ਰੋਕਿਆ।

ਅੱਗੇ ਚੱਲ ਕੇ ਅਸੀਂ ਦਾਊਦ ਦੇ ਪੁੱਤਰ ਸੁਲੇਮਾਨ ਬਾਰੇ ਵੀ ਕਾਫ਼ੀ ਕੁਝ ਸਿੱਖਾਂਗੇ ਜੋ ਦਾਊਦ ਤੋਂ ਬਾਅਦ ਇਸਰਾਏਲ ਦਾ ਰਾਜਾ ਬਣਿਆ ਸੀ। ਇਸਰਾਏਲ ਦੇ ਪਹਿਲੇ ਤਿੰਨ ਰਾਜਿਆਂ ਨੇ 40-40 ਸਾਲਾਂ ਤਕ ਰਾਜ ਕੀਤਾ ਸੀ। ਸੁਲੇਮਾਨ ਦੀ ਮੌਤ ਮਗਰੋਂ ਇਸਰਾਏਲ ਕੌਮ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਇਕ ਉੱਤਰੀ ਰਾਜ ਅਤੇ ਦੂਜਾ ਦੱਖਣੀ ਰਾਜ।

ਉੱਤਰ ਦੇ 10 ਗੋਤਾਂ ਦਾ ਰਾਜ 257 ਸਾਲਾਂ ਤਕ ਚੱਲਦਾ ਰਿਹਾ। ਫਿਰ ਅੱਸ਼ੂਰੀਆਂ ਨੇ ਇਸ ਨੂੰ ਤਬਾਹ ਕਰ ਦਿੱਤਾ। ਇਸ ਤੋਂ 133 ਸਾਲ ਬਾਅਦ ਦੋ ਗੋਤਾਂ ਦਾ ਦੱਖਣੀ ਰਾਜ ਵੀ ਨਾਸ਼ ਕਰ ਦਿੱਤਾ ਗਿਆ ਅਤੇ ਇਸਰਾਏਲੀਆਂ ਨੂੰ ਕੈਦੀ ਬਣਾ ਕੇ ਬਾਬਲ ਲਿਜਾਇਆ ਗਿਆ। ਚੌਥੇ ਭਾਗ ਵਿਚ 510 ਸਾਲਾਂ ਦਾ ਇਤਿਹਾਸ ਪਾਇਆ ਜਾਂਦਾ ਹੈ। ਇਨ੍ਹਾਂ ਸਾਲਾਂ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਘਟੀਆਂ ਜਿਨ੍ਹਾਂ ਬਾਰੇ ਅਸੀਂ ਇਸ ਭਾਗ ਵਿਚ ਸਿੱਖਾਂਗੇ।