Skip to content

Skip to table of contents

ਕਹਾਣੀ 57

ਪਰਮੇਸ਼ੁਰ ਨੇ ਦਾਊਦ ਨੂੰ ਚੁਣਿਆ

ਪਰਮੇਸ਼ੁਰ ਨੇ ਦਾਊਦ ਨੂੰ ਚੁਣਿਆ

ਤਸਵੀਰ ਵਿਚ ਦੇਖੋ ਕੀ ਹੋਇਆ ਹੈ। ਰਿੱਛ ਭੇਡ ਨੂੰ ਖਾਣ ਲਈ ਚੁੱਕ ਕੇ ਲੈ ਜਾ ਰਿਹਾ ਸੀ, ਤਾਂ ਮੁੰਡੇ ਨੇ ਆ ਕੇ ਇਸ ਨੂੰ ਬਚਾ ਲਿਆ। ਫਿਰ ਜਦ ਰਿੱਛ ਉਸ ਤੇ ਆਣ ਪਿਆ, ਤਾਂ ਮੁੰਡੇ ਨੇ ਉਸ ਨੂੰ ਮਾਰ ਸੁੱਟਿਆ। ਪਹਿਲਾਂ ਵੀ ਇਸ ਮੁੰਡੇ ਨੇ ਇਕ ਭੇਡ ਨੂੰ ਸ਼ੇਰ ਦੇ ਮੂੰਹੋਂ ਬਚਾਇਆ ਸੀ। ਇਹ ਬਹੁਤ ਬਹਾਦਰ ਮੁੰਡਾ ਹੈ, ਹੈ ਨਾ? ਕੀ ਤੁਹਾਨੂੰ ਪਤਾ ਇਹ ਕੌਣ ਹੈ?

ਇਹ ਮੁੰਡਾ ਦਾਊਦ ਹੈ। ਉਹ ਬੈਤਲਹਮ ਸ਼ਹਿਰ ਵਿਚ ਰਹਿੰਦਾ ਸੀ। ਕੀ ਤੁਹਾਨੂੰ ਰੂਥ ਤੇ ਬੋਅਜ਼ ਬਾਰੇ ਯਾਦ ਹੈ? ਉਨ੍ਹਾਂ ਦੇ ਮੁੰਡੇ ਦਾ ਨਾਮ ਓਬੇਦ ਸੀ ਅਤੇ ਓਬੇਦ ਦੇ ਮੁੰਡੇ ਦਾ ਨਾਮ ਯੱਸੀ ਸੀ। ਫਿਰ ਯੱਸੀ ਦਾਊਦ ਦਾ ਪਿਤਾ ਬਣਿਆ। ਦਾਊਦ ਭੇਡਾਂ ਦੀ ਰਖਵਾਲੀ ਕਰਦਾ ਸੀ। ਸ਼ਾਊਲ ਦੇ ਰਾਜਾ ਬਣਨ ਤੋਂ ਕੁਝ 10 ਸਾਲ ਬਾਅਦ ਦਾਊਦ ਦਾ ਜਨਮ ਹੋਇਆ ਸੀ।

ਇਸਰਾਏਲ ਦਾ ਨਵਾਂ ਰਾਜਾ ਚੁਣਨ ਦਾ ਸਮਾਂ ਆ ਪਹੁੰਚਿਆ ਸੀ। ਯਹੋਵਾਹ ਨੇ ਸਮੂਏਲ ਨੂੰ ਕਿਹਾ: ‘ਤੇਲ ਲੈ ਕੇ ਬੈਤਲਹਮ ਵਿਚ ਯੱਸੀ ਦੇ ਘਰ ਜਾ। ਮੈਂ ਉਸ ਦੇ ਪੁੱਤਰਾਂ ਵਿੱਚੋਂ ਇਕ ਨੂੰ ਰਾਜਾ ਚੁਣਿਆ ਹੈ।’ ਯੱਸੀ ਦੇ ਘਰ ਪਹੁੰਚ ਕੇ ਜਦ ਸਮੂਏਲ ਦੀ ਨਜ਼ਰ ਯੱਸੀ ਦੇ ਜੇਠੇ ਪੁੱਤਰ ਅਲੀਆਬ ਉੱਤੇ ਪਈ, ਤਾਂ ਉਸ ਨੇ ਮਨ ਹੀ ਮਨ ਵਿਚ ਸੋਚਿਆ: ‘ਜ਼ਰੂਰ ਯਹੋਵਾਹ ਨੇ ਇਸ ਨੂੰ ਹੀ ਚੁਣਿਆ ਹੋਵੇਗਾ।’ ਪਰ ਯਹੋਵਾਹ ਨੇ ਉਸ ਨੂੰ ਕਿਹਾ: ‘ਉਸ ਦੇ ਕੱਦ-ਕਾਠ ਅਤੇ ਸੁਹੱਪਣ ਵੱਲ ਨਾ ਦੇਖ। ਮੈਂ ਉਸ ਨੂੰ ਰਾਜਾ ਨਹੀਂ ਚੁਣਿਆ।’

ਫਿਰ ਯੱਸੀ ਨੇ ਆਪਣੇ ਪੁੱਤਰ ਅਬੀਨਾਦਾਬ ਨੂੰ ਸਮੂਏਲ ਕੋਲ ਲਿਆਂਦਾ। ਪਰ ਸਮੂਏਲ ਨੇ ਕਿਹਾ: ‘ਨਹੀਂ, ਯਹੋਵਾਹ ਨੇ ਇਸ ਨੂੰ ਵੀ ਨਹੀਂ ਚੁਣਿਆ।’ ਇਸ ਤੋਂ ਬਾਅਦ ਯੱਸੀ ਆਪਣੇ ਪੁੱਤਰ ਸ਼ੰਮਾਹ ਨੂੰ ਲੈ ਆਇਆ। ਸਮੂਏਲ ਨੇ ਫਿਰ ਤੋਂ ਇਹੀ ਕਿਹਾ: ‘ਨਹੀਂ, ਯਹੋਵਾਹ ਨੇ ਇਸ ਨੂੰ ਵੀ ਨਹੀਂ ਚੁਣਿਆ।’ ਯੱਸੀ ਆਪਣੇ ਸੱਤ ਪੁੱਤਰਾਂ ਨੂੰ ਇਕ-ਇਕ ਕਰ ਕੇ ਸਮੂਏਲ ਕੋਲ ਲੈ ਆਇਆ, ਪਰ ਯਹੋਵਾਹ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਰਾਜਾ ਨਹੀਂ ਚੁਣਦਾ। ਫਿਰ ਸਮੂਏਲ ਨੇ ਯੱਸੀ ਨੂੰ ਪੁੱਛਿਆ: ‘ਕੀ ਤੇਰਾ ਹੋਰ ਵੀ ਕੋਈ ਮੁੰਡਾ ਹੈ?’

ਯੱਸੀ ਨੇ ਕਿਹਾ: ‘ਹਾਂ, ਮੇਰਾ ਸਭ ਤੋਂ ਛੋਟਾ ਮੁੰਡਾ ਵੀ ਹੈ। ਪਰ ਉਹ ਬਾਹਰ ਭੇਡਾਂ ਚਾਰਨ ਗਿਆ ਹੈ।’ ਫਿਰ ਉਹ ਦਾਊਦ ਨੂੰ ਸਮੂਏਲ ਕੋਲ ਲੈ ਕੇ ਆਇਆ। ਸਮੂਏਲ ਨੇ ਦੇਖਿਆ ਕਿ ਉਹ ਸੋਹਣਾ ਮੁੰਡਾ ਸੀ। ਯਹੋਵਾਹ ਨੇ ਕਿਹਾ: ‘ਇਹੀ ਹੈ ਜਿਸ ਨੂੰ ਮੈਂ ਚੁਣਿਆ ਹੈ। ਤੂੰ ਇਸ ਦੇ ਸਿਰ ਤੇ ਤੇਲ ਪਾ ਦੇ।’ ਸਮੂਏਲ ਨੇ ਇਸੇ ਤਰ੍ਹਾਂ ਕੀਤਾ। ਕੁਝ ਸਮੇਂ ਬਾਅਦ ਦਾਊਦ ਨੇ ਇਸਰਾਏਲ ਦਾ ਰਾਜਾ ਬਣ ਜਾਣਾ ਸੀ।