Skip to content

Skip to table of contents

ਕਹਾਣੀ 61

ਦਾਊਦ ਰਾਜਾ ਬਣ ਗਿਆ

ਦਾਊਦ ਰਾਜਾ ਬਣ ਗਿਆ

ਸ਼ਾਊਲ ਨੇ ਇਕ ਵਾਰ ਫਿਰ ਦਾਊਦ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਸ਼ਾਊਲ ਆਪਣੇ 3,000 ਮਾਹਰ ਯੋਧਿਆਂ ਨੂੰ ਨਾਲ ਲੈ ਕੇ ਦਾਊਦ ਨੂੰ ਫੜਨ ਲਈ ਨਿਕਲ ਤੁਰਿਆ। ਦਾਊਦ ਜਾਣਦਾ ਸੀ ਕਿ ਸ਼ਾਊਲ ਉਸ ਨੂੰ ਥਾਂ-ਥਾਂ ਲੱਭ ਰਿਹਾ ਸੀ। ਇਸ ਲਈ ਉਸ ਨੇ ਆਪਣੇ ਜਾਸੂਸਾਂ ਨੂੰ ਸ਼ਾਊਲ ਦਾ ਥਾਂ-ਟਿਕਾਣਾ ਪਤਾ ਕਰਨ ਲਈ ਘੱਲਿਆ। ਫਿਰ ਦਾਊਦ ਨੇ ਆਪਣੇ ਦੋ ਆਦਮੀਆਂ ਨੂੰ ਪੁੱਛਿਆ: ‘ਤੁਹਾਡੇ ਵਿੱਚੋਂ ਕੌਣ ਮੇਰੇ ਨਾਲ ਸ਼ਾਊਲ ਦੇ ਡੇਹਰੇ ਤੇ ਜਾਵੇਗਾ?’

ਅਬੀਸ਼ਈ ਨੇ ਜਵਾਬ ਦਿੱਤਾ ‘ਮੈਂ ਜਾਵਾਂਗਾ।’ ਅਬੀਸ਼ਈ ਦਾਊਦ ਦੀ ਭੈਣ ਸਰੂਯਾਹ ਦਾ ਪੁੱਤਰ ਸੀ। ਦਾਊਦ ਤੇ ਅਬੀਸ਼ਈ ਦੱਬੇ ਪੈਰੀਂ ਸ਼ਾਊਲ ਦੇ ਕੋਲ ਗਏ। ਉਨ੍ਹਾਂ ਨੇ ਸ਼ਾਊਲ ਦੇ ਸਰ੍ਹਾਣਿਓਂ ਪਾਣੀ ਦੀ ਗੜਵੀ ਅਤੇ ਬਰਛਾ ਚੁੱਕ ਲਿਆ। ਸ਼ਾਊਲ ਤੇ ਉਸ ਦੇ ਆਦਮੀ ਘੂਕ ਸੁੱਤੇ ਪਏ ਸਨ। ਇਸ ਲਈ ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਕਿ ਦਾਊਦ ਹੋਰੀਂ ਕਦੋਂ ਆਏ ਤੇ ਕਦੋਂ ਚਲੇ ਗਏ।

ਹੁਣ ਦਾਊਦ ਅਤੇ ਅਬੀਸ਼ਈ ਨੂੰ ਦੇਖੋ ਕਿ ਉਹ ਕਿੱਥੇ ਹਨ। ਉਹ ਇਕ ਪਹਾੜ ਦੀ ਟੀਸੀ ਉੱਤੇ ਹਨ। ਪਹਾੜ ਉੱਪਰੋਂ ਦਾਊਦ ਨੇ ਸ਼ਾਊਲ ਦੇ ਸੈਨਾਪਤੀ ਨੂੰ ਆਵਾਜ਼ ਮਾਰੀ: ‘ਅਬੀਨੇਰ, ਤੂੰ ਆਪਣੇ ਸੁਆਮੀ, ਰਾਜਾ ਦੀ ਰਾਖੀ ਕਿਉਂ ਨਹੀਂ ਕਰ ਰਿਹਾਂ? ਦੇਖ! ਉਸ ਦਾ ਬਰਛਾ ਅਤੇ ਪਾਣੀ ਦੀ ਗੜਵੀ ਕਿੱਥੇ ਹੈ?’

ਸ਼ਾਊਲ ਦੀ ਅੱਖ ਖੁੱਲ੍ਹ ਗਈ ਤੇ ਉਸ ਨੇ ਦਾਊਦ ਦੀ ਆਵਾਜ਼ ਪਛਾਣ ਲਈ। ਉਸ ਨੇ ਕਿਹਾ: ‘ਕੀ ਤੂੰ ਹੈਂ, ਦਾਊਦ?’ ਕੀ ਤੁਸੀਂ ਸ਼ਾਊਲ ਅਤੇ ਅਬੀਨੇਰ ਨੂੰ ਤਸਵੀਰ ਵਿਚ ਦੇਖ ਸਕਦੇ ਹੋ?

ਦਾਊਦ ਨੇ ਸ਼ਾਊਲ ਨੂੰ ਜਵਾਬ ਦਿੱਤਾ: ‘ਜੀ ਹਾਂ, ਮਹਾਰਾਜ ਅਤੇ ਪਾਤਸ਼ਾਹ ਇਹ ਮੈਂ ਹੀ ਹਾਂ।’ ਫਿਰ ਉਸ ਨੇ ਪੁੱਛਿਆ: ‘ਤੁਸੀਂ ਮੈਨੂੰ ਫੜਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਮੈਂ ਕਿਹੜਾ ਬੁਰਾ ਕੰਮ ਕੀਤਾ ਹੈ? ਹੇ ਪਾਤਸ਼ਾਹ, ਇਹ ਰਿਹਾ ਤੁਹਾਡਾ ਬਰਛਾ ਅਤੇ ਤੁਸੀਂ ਆਪਣੇ ਕਿਸੇ ਆਦਮੀ ਨੂੰ ਭੇਜ ਕੇ ਲੈ ਜਾਓ।’

ਸ਼ਾਊਲ ਆਪਣੇ-ਆਪ ਨੂੰ ਕੋਸਣ ਲੱਗਾ: ‘ਮੈਂ ਬੁਰਾ ਕੰਮ ਕੀਤਾ ਹੈ। ਮੈਂ ਸਮਝ ਤੋਂ ਕੰਮ ਨਹੀਂ ਲਿਆ।’ ਫਿਰ ਦਾਊਦ ਆਪਣੇ ਰਾਹ ਪੈ ਗਿਆ ਅਤੇ ਸ਼ਾਊਲ ਆਪਣੇ ਘਰ ਚਲਾ ਗਿਆ। ਪਰ ਦਾਊਦ ਨੇ ਮਨ ਹੀ ਮਨ ਵਿਚ ਸੋਚਿਆ: ‘ਇਕ-ਨ-ਇਕ ਦਿਨ ਤਾਂ ਸ਼ਾਊਲ ਮੈਨੂੰ ਜ਼ਰੂਰ ਮਾਰ ਸੁੱਟੇਗਾ। ਮੈਨੂੰ ਫਲਿਸਤੀਆਂ ਦੇ ਦੇਸ਼ ਭੱਜ ਜਾਣਾ ਚਾਹੀਦਾ ਹੈ।’ ਦਾਊਦ ਨੇ ਇੱਦਾਂ ਹੀ ਕੀਤਾ। ਉਸ ਨੇ ਫਲਿਸਤੀਆਂ ਨੂੰ ਝੂਠਾ-ਮੂਠਾ ਯਕੀਨ ਦਿਵਾ ਦਿੱਤਾ ਕਿ ਉਹ ਹੁਣ ਉਨ੍ਹਾਂ ਦਾ ਸਾਥ ਦੇਵੇਗਾ।

ਕੁਝ ਸਮੇਂ ਬਾਅਦ ਫਲਿਸਤੀਆਂ ਨੇ ਇਸਰਾਏਲੀਆਂ ਨਾਲ ਲੜਾਈ ਕੀਤੀ। ਲੜਾਈ ਵਿਚ ਸ਼ਾਊਲ ਅਤੇ ਉਸ ਦਾ ਪੁੱਤਰ ਯੋਨਾਥਾਨ ਮਾਰੇ ਗਏ। ਇਹ ਖ਼ਬਰ ਸੁਣ ਕੇ ਦਾਊਦ ਬਹੁਤ ਉਦਾਸ ਹੋਇਆ। ਉਸ ਨੇ ਯੋਨਾਥਾਨ ਦੀ ਯਾਦ ਵਿਚ ਇਕ ਗੀਤ ਲਿਖਿਆ ਜਿਸ ਦੇ ਬੋਲ ਸਨ: ‘ਹੇ ਮੇਰੇ ਭਰਾ ਯੋਨਾਥਾਨ, ਮੈਂ ਤੇਰੇ ਲਈ ਬਹੁਤ ਦੁਖੀ ਹਾਂ। ਤੂੰ ਮੈਨੂੰ ਕਿੰਨਾ ਪਿਆਰਾ ਸੀ!’

ਇਸ ਤੋਂ ਬਾਅਦ ਦਾਊਦ ਇਸਰਾਏਲ ਦੇ ਹਬਰੋਨ ਸ਼ਹਿਰ ਵਿਚ ਆਇਆ। ਇੱਥੇ ਦੇ ਕਈ ਲੋਕ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ ਤੇ ਕਈ ਦਾਊਦ ਨੂੰ। ਇਸ ਲਈ ਲੋਕ ਆਪਸ ਵਿਚ ਲੜ ਰਹੇ ਸਨ। ਅੰਤ ਵਿਚ ਜਿੱਤ ਦਾਊਦ ਦੇ ਆਦਮੀਆਂ ਦੀ ਹੀ ਹੋਈ। ਦਾਊਦ 30 ਸਾਲਾਂ ਦਾ ਸੀ ਜਦ ਉਹ ਰਾਜਾ ਬਣਿਆ। ਉਸ ਨੇ ਸਾਢੇ ਸੱਤ ਸਾਲ ਹਬਰੋਨ ਤੇ ਰਾਜ ਕੀਤਾ। ਇੱਥੇ ਉਸ ਦੇ ਜੋ ਪੁੱਤਰ ਹੋਏ ਉਨ੍ਹਾਂ ਵਿੱਚੋਂ ਕੁਝ ਦੇ ਨਾਂ ਸਨ, ਅਮਨੋਨ, ਅਬਸ਼ਾਲੋਮ ਅਤੇ ਅਦੋਨੀਯਾਹ।

ਦਾਊਦ ਅਤੇ ਉਸ ਦੇ ਆਦਮੀਆਂ ਨੇ ਸੋਹਣੇ ਸ਼ਹਿਰ ਯਰੂਸ਼ਲਮ ਨੂੰ ਆਪਣੇ ਕਬਜ਼ੇ ਵਿਚ ਕਰਨ ਲਈ ਉਸ ਤੇ ਚੜ੍ਹਾਈ ਕੀਤੀ। ਇਸ ਲੜਾਈ ਦੀ ਅਗਵਾਈ ਦਾਊਦ ਦੀ ਭੈਣ ਸਰੂਯਾਹ ਦੇ ਪੁੱਤਰ ਯੋਆਬ ਨੇ ਕੀਤੀ। ਇਸ ਲਈ ਦਾਊਦ ਨੇ ਉਸ ਨੂੰ ਇਨਾਮ ਵਜੋਂ ਆਪਣੀ ਫ਼ੌਜ ਦਾ ਸਰਦਾਰ ਬਣਾ ਦਿੱਤਾ। ਇੱਦਾਂ ਦਾਊਦ ਯਰੂਸ਼ਲਮ ਸ਼ਹਿਰ ਦਾ ਰਾਜਾ ਬਣ ਗਿਆ।