Skip to content

Skip to table of contents

ਕਹਾਣੀ 64

ਸੁਲੇਮਾਨ ਨੇ ਹੈਕਲ ਬਣਾਈ

ਸੁਲੇਮਾਨ ਨੇ ਹੈਕਲ ਬਣਾਈ

ਦਾਊਦ ਨੇ ਆਪਣੀ ਮੌਤ ਤੋਂ ਪਹਿਲਾਂ ਸੁਲੇਮਾਨ ਨੂੰ ਦੱਸਿਆ ਸੀ ਕਿ ਯਹੋਵਾਹ ਦੀ ਹੈਕਲ ਕਿਵੇਂ ਬਣਾਈ ਜਾਵੇ। ਯਹੋਵਾਹ ਨੇ ਦਾਊਦ ਨੂੰ ਹੈਕਲ ਦਾ ਨਕਸ਼ਾ ਦਿੱਤਾ ਸੀ ਤੇ ਉਹ ਨਕਸ਼ਾ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਦਿੱਤਾ। ਆਪਣੇ ਰਾਜ ਦੇ ਚੌਥੇ ਸਾਲ ਦੌਰਾਨ ਸੁਲੇਮਾਨ ਨੇ ਯਹੋਵਾਹ ਦੀ ਹੈਕਲ ਬਣਾਉਣੀ ਸ਼ੁਰੂ ਕੀਤੀ। ਹੈਕਲ ਨੂੰ ਬਣਾਉਣ ਲਈ ਸਾਢੇ ਸੱਤ ਸਾਲ ਲੱਗੇ। ਹਜ਼ਾਰਾਂ ਲੋਕਾਂ ਨੇ ਮਿਲ ਕੇ ਹੈਕਲ ਤੇ ਕੰਮ ਕੀਤਾ ਸੀ। ਹੈਕਲ ਦੇ ਕਈ ਹਿੱਸੇ ਸੋਨੇ-ਚਾਂਦੀ ਦੇ ਹੋਣ ਕਰਕੇ ਇਸ ਨੂੰ ਬਣਾਉਣ ਵਿਚ ਬਹੁਤ ਸਾਰਾ ਪੈਸਾ ਲੱਗਾ।

ਡੇਹਰੇ ਦੀ ਤਰ੍ਹਾਂ ਹੈਕਲ ਵਿਚ ਵੀ ਦੋ ਖ਼ਾਸ ਕਮਰੇ ਸਨ। ਪਰ ਇਹ ਡੇਹਰੇ ਦੇ ਕਮਰਿਆਂ ਨਾਲੋਂ ਦੋ ਗੁਣਾ ਵੱਡੇ ਸਨ। ਸੁਲੇਮਾਨ ਨੇ ਨੇਮ ਦੇ ਸੰਦੂਕ ਨੂੰ ਹੈਕਲ ਦੇ ਅੰਦਰਲੇ ਕਮਰੇ ਵਿਚ ਰਖਵਾਇਆ। ਡੇਹਰੇ ਅੰਦਰੋਂ ਬਾਕੀ ਸਾਮਾਨ ਹੈਕਲ ਦੇ ਦੂਸਰੇ ਕਮਰੇ ਵਿਚ ਰੱਖਿਆ ਗਿਆ ਸੀ।

ਹੈਕਲ ਦੇ ਤਿਆਰ ਹੋਣ ਤੋਂ ਬਾਅਦ ਇਸਰਾਏਲ ਵਿਚ ਵੱਡਾ ਜਸ਼ਨ ਮਨਾਇਆ ਗਿਆ। ਸੁਲੇਮਾਨ ਨੇ ਹੈਕਲ ਅੱਗੇ ਗੋਡਿਆਂ ਭਾਰ ਬੈਠ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਤੁਸੀਂ ਉਸ ਨੂੰ ਇਸ ਤਰ੍ਹਾਂ ਕਰਦੇ ਤਸਵੀਰ ਵਿਚ ਦੇਖ ਸਕਦੇ ਹੋ। ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਿਹਾ: ‘ਸਾਰਾ ਸਵਰਗ ਵੀ ਤੈਨੂੰ ਸੰਭਾਲਣ ਲਈ ਵੱਡਾ ਨਹੀਂ, ਤਾਂ ਫਿਰ ਇਹ ਛੋਟੀ ਜਿਹੀ ਹੈਕਲ ਤੈਨੂੰ ਕਿਵੇਂ ਸੰਭਾਲ ਸਕਦੀ ਹੈ। ਪਰ ਹੇ ਮੇਰੇ ਪਰਮੇਸ਼ੁਰ, ਤੂੰ ਆਪਣੀ ਪਰਜਾ ਦੀ ਜ਼ਰੂਰ ਸੁਣੀ ਜਦ ਉਹ ਇਸ ਹੈਕਲ ਵੱਲ ਪ੍ਰਾਰਥਨਾ ਕਰਨ।’

ਸੁਲੇਮਾਨ ਦੀ ਪ੍ਰਾਰਥਨਾ ਖ਼ਤਮ ਹੋਣ ਤੇ ਸਵਰਗੋਂ ਅੱਗ ਉੱਤਰੀ ਅਤੇ ਜਗਵੇਦੀ ਤੇ ਪਈ ਜਾਨਵਰਾਂ ਦੀ ਬਲੀ ਪੂਰੀ ਤਰ੍ਹਾਂ ਭਸਮ ਹੋ ਗਈ। ਯਹੋਵਾਹ ਵੱਲੋਂ ਆਈ ਰੌਸ਼ਨੀ ਨਾਲ ਪੂਰੀ ਹੈਕਲ ਭਰ ਗਈ। ਇਹ ਇਸ ਗੱਲ ਦਾ ਸਬੂਤ ਸੀ ਕਿ ਯਹੋਵਾਹ ਨੇ ਸੁਲੇਮਾਨ ਦੀ ਪ੍ਰਾਰਥਨਾ ਸੁਣੀ ਸੀ ਅਤੇ ਉਹ ਇਸ ਹੈਕਲ ਤੋਂ ਖ਼ੁਸ਼ ਸੀ। ਹੁਣ ਲੋਕ ਯਹੋਵਾਹ ਦੀ ਭਗਤੀ ਡੇਹਰੇ ਵਿਚ ਕਰਨ ਦੀ ਬਜਾਇ ਹੈਕਲ ਵਿਚ ਕਰਨ ਆਉਂਦੇ ਸਨ।

ਕਈ ਸਾਲਾਂ ਤਕ ਸੁਲੇਮਾਨ ਨੇ ਲੋਕਾਂ ਤੇ ਬੜੇ ਵਧੀਆ ਤਰੀਕੇ ਨਾਲ ਰਾਜ ਕੀਤਾ। ਉਸ ਦੇ ਰਾਜ ਵਿਚ ਲੋਕ ਬਹੁਤ ਖ਼ੁਸ਼ ਸਨ। ਪਰ ਸੁਲੇਮਾਨ ਨੇ ਦੂਸਰੇ ਦੇਸ਼ਾਂ ਦੀਆਂ ਕਈ ਤੀਵੀਆਂ ਨਾਲ ਵਿਆਹ ਕਰਵਾਇਆ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੀਆਂ ਸਨ। ਤਸਵੀਰ ਵਿਚ ਦੇਖੋ ਉਸ ਦੀ ਇਕ ਪਤਨੀ ਮੂਰਤੀ ਦੀ ਪੂਜਾ ਕਰ ਰਹੀ ਹੈ। ਫਿਰ ਹੌਲੀ-ਹੌਲੀ ਸੁਲੇਮਾਨ ਦੀਆਂ ਤੀਵੀਆਂ ਨੇ ਉਸ ਨੂੰ ਵੀ ਆਪਣੇ ਨਾਲ ਮੂਰਤੀ-ਪੂਜਾ ਕਰਨ ਲਾ ਲਿਆ। ਤੁਹਾਨੂੰ ਪਤਾ ਜਦ ਸੁਲੇਮਾਨ ਮੂਰਤੀਆਂ ਦੀ ਪੂਜਾ ਕਰਨ ਲੱਗ ਪਿਆ ਸੀ, ਤਾਂ ਕੀ ਹੋਇਆ? ਉਹ ਇਕ ਚੰਗਾ ਰਾਜਾ ਨਹੀਂ ਰਿਹਾ। ਉਹ ਲੋਕਾਂ ਨਾਲ ਮਾੜਾ ਵਰਤਾਅ ਕਰਨ ਲੱਗ ਪਿਆ ਜਿਸ ਕਰਕੇ ਲੋਕ ਖ਼ੁਸ਼ ਨਹੀਂ ਸਨ।

ਯਹੋਵਾਹ ਸੁਲੇਮਾਨ ਨਾਲ ਬਹੁਤ ਨਾਰਾਜ਼ ਸੀ। ਉਸ ਨੇ ਸੁਲੇਮਾਨ ਨੂੰ ਕਿਹਾ: ‘ਮੈਂ ਤੇਰੇ ਤੋਂ ਤੇਰਾ ਰਾਜ ਖੋਹ ਕੇ ਕਿਸੇ ਹੋਰ ਨੂੰ ਦੇ ਦੇਵਾਂਗਾ। ਪਰ ਇਹ ਮੈਂ ਤੇਰੇ ਦਿਨਾਂ ਦੌਰਾਨ ਨਹੀਂ, ਬਲਕਿ ਤੇਰੇ ਪੁੱਤਰ ਦੇ ਰਾਜ ਦੌਰਾਨ ਕਰਾਂਗਾ। ਪਰ ਮੈਂ ਸਾਰੇ ਲੋਕਾਂ ਨੂੰ ਤੇਰੇ ਪੁੱਤਰ ਤੋਂ ਦੂਰ ਨਹੀਂ ਕਰਾਂਗਾ।’ ਚਲੋ ਦੇਖੀਏ ਇਹ ਗੱਲ ਕਿਵੇਂ ਸੱਚ ਸਾਬਤ ਹੋਈ।