Skip to content

Skip to table of contents

ਕਹਾਣੀ 68

ਦੋ ਮੁੰਡੇ ਫਿਰ ਤੋਂ ਜੀ ਉੱਠੇ

ਦੋ ਮੁੰਡੇ ਫਿਰ ਤੋਂ ਜੀ ਉੱਠੇ

ਜ਼ਰਾ ਸੋਚੋ ਕਿ ਜੇ ਤੁਸੀਂ ਮਰ ਜਾਓ ਅਤੇ ਕੋਈ ਆ ਕੇ ਤੁਹਾਨੂੰ ਜ਼ਿੰਦਾ ਕਰ ਦੇਵੇ, ਤਾਂ ਤੁਹਾਡੀ ਮਾਂ ਕਿਵੇਂ ਮਹਿਸੂਸ ਕਰੇਗੀ? ਤੁਹਾਨੂੰ ਜ਼ਿੰਦਾ ਦੇਖ ਕੇ ਉਹ ਜ਼ਰੂਰ ਖ਼ੁਸ਼ ਹੋਵੇਗੀ। ਪਰ ਕੀ ਕਿਸੇ ਮਰੇ ਹੋਏ ਇਨਸਾਨ ਨੂੰ ਜ਼ਿੰਦਾ ਕੀਤਾ ਜਾ ਸਕਦਾ ਹੈ? ਕੀ ਇੱਦਾਂ ਪਹਿਲਾਂ ਕਦੀ ਹੋਇਆ ਹੈ?

ਤਸਵੀਰ ਵਿਚ ਆਦਮੀ, ਔਰਤ ਅਤੇ ਮੁੰਡੇ ਵੱਲ ਦੇਖੋ। ਇਹ ਆਦਮੀ ਏਲੀਯਾਹ ਨਬੀ ਹੈ। ਔਰਤ ਸਾਰਫਥ ਸ਼ਹਿਰ ਦੀ ਰਹਿਣ ਵਾਲੀ ਇਕ ਵਿਧਵਾ ਹੈ ਤੇ ਉਸ ਨੂੰ ਗਲੇ ਲਾ ਰਿਹਾ ਮੁੰਡਾ ਉਸ ਦਾ ਪੁੱਤਰ ਹੈ। ਇਕ ਦਿਨ ਵਿਧਵਾ ਦਾ ਮੁੰਡਾ ਬੀਮਾਰ ਪੈ ਗਿਆ। ਉਸ ਦੀ ਸਿਹਤ ਇੰਨੀ ਖ਼ਰਾਬ ਹੋ ਗਈ ਕਿ ਉਹ ਮਰ ਗਿਆ। ਉਸ ਦੀ ਮੌਤ ਤੋਂ ਬਾਅਦ ਏਲੀਯਾਹ ਨੇ ਉਸ ਦੀ ਮਾਂ ਨੂੰ ਕਿਹਾ: ‘ਤੂੰ ਮੁੰਡਾ ਮੈਨੂੰ ਦੇ ਦੇ।’

ਮੁੰਡੇ ਨੂੰ ਲੈ ਕੇ ਏਲੀਯਾਹ ਚੁਬਾਰੇ ਵਿਚ ਚਲੇ ਗਿਆ ਅਤੇ ਉੱਥੇ ਉਸ ਨੇ ਮੁੰਡੇ ਨੂੰ ਮੰਜੇ ਤੇ ਲਿਟਾ ਦਿੱਤਾ। ਫਿਰ ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ: ‘ਹੇ ਯਹੋਵਾਹ ਇਸ ਮੁੰਡੇ ਨੂੰ ਫਿਰ ਤੋਂ ਜੀਉਂਦਾ ਕਰ ਦੇ।’ ਯਹੋਵਾਹ ਨੇ ਉਸ ਦੀ ਸੁਣੀ ਅਤੇ ਮੁੰਡੇ ਨੂੰ ਜ਼ਿੰਦਾ ਕਰ ਦਿੱਤਾ। ਫਿਰ ਏਲੀਯਾਹ ਮੁੰਡੇ ਨੂੰ ਉਸ ਦੀ ਮਾਂ ਕੋਲ ਲੈ ਗਿਆ ਤੇ ਉਸ ਨੂੰ ਕਿਹਾ: ‘ਵੇਖ, ਤੇਰਾ ਮੁੰਡਾ ਜੀਉਂਦਾ ਹੈ!’ ਮੁੰਡੇ ਨੂੰ ਜੀਉਂਦਾ ਦੇਖ ਕੇ ਉਸ ਦੀ ਮਾਂ ਬਹੁਤ ਖ਼ੁਸ਼ ਹੋਈ।

ਯਹੋਵਾਹ ਪਰਮੇਸ਼ੁਰ ਦਾ ਇਕ ਹੋਰ ਨਬੀ ਸੀ ਜਿਸ ਦਾ ਨਾਮ ਅਲੀਸ਼ਾ ਸੀ। ਅਲੀਸ਼ਾ ਪਹਿਲਾਂ ਏਲੀਯਾਹ ਨਾਲ ਕੰਮ ਕਰਦਾ ਹੁੰਦਾ ਸੀ। ਯਹੋਵਾਹ ਨੇ ਅਲੀਸ਼ਾ ਨੂੰ ਵੀ ਚਮਤਕਾਰ ਕਰਨ ਲਈ ਵਰਤਿਆ ਸੀ। ਇਕ ਦਿਨ ਅਲੀਸ਼ਾ ਸ਼ੂਨੇਮ ਸ਼ਹਿਰ ਨੂੰ ਗਿਆ। ਉੱਥੇ ਉਹ ਇਕ ਔਰਤ ਨੂੰ ਮਿਲਿਆ ਜੋ ਬਹੁਤ ਚੰਗੀ ਸੀ। ਕੁਝ ਸਮੇਂ ਬਾਅਦ ਇਸ ਔਰਤ ਦੇ ਮੁੰਡਾ ਹੋਇਆ।

ਸਮਾਂ ਬੀਤਦਾ ਗਿਆ ਅਤੇ ਮੁੰਡਾ ਵੱਡਾ ਹੋ ਗਿਆ। ਇਕ ਦਿਨ ਮੁੰਡਾ ਖੇਤਾਂ ਵਿਚ ਕੰਮ ਕਰ ਰਹੇ ਆਪਣੇ ਪਿਤਾ ਦੀ ਮਦਦ ਕਰਨ ਗਿਆ। ਅਚਾਨਕ ਹੀ ਉਸ ਦਾ ਸਿਰ ਦੁਖਣ ਲੱਗ ਪਿਆ ਅਤੇ ਉਸ ਦਾ ਪਿਤਾ ਉਸ ਨੂੰ ਘਰ ਲੈ ਗਿਆ। ਘਰ ਆਉਂਦਿਆਂ ਹੀ ਉਸ ਦੀ ਮੌਤ ਹੋ ਗਈ। ਇਹ ਦੇਖ ਕੇ ਉਸ ਦੀ ਮਾਂ ਤੜਫ ਉੱਠੀ ਤੇ ਉਹ ਝੱਟ ਜਾ ਕੇ ਅਲੀਸ਼ਾ ਨੂੰ ਲਿਆਈ।

ਅਲੀਸ਼ਾ ਆਇਆ ਅਤੇ ਉਸ ਕਮਰੇ ਵਿਚ ਚਲੇ ਗਿਆ ਜਿੱਥੇ ਮੁੰਡਾ ਪਿਆ ਸੀ। ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਲਾਸ਼ ਦੇ ਉੱਤੇ ਲੇਟ ਗਿਆ। ਇੱਦਾਂ ਮੁੰਡੇ ਦਾ ਸਰੀਰ ਗਰਮ ਹੋਣ ਲੱਗ ਪਿਆ। ਫਿਰ ਮੁੰਡੇ ਨੇ ਸੱਤ ਛਿੱਕਾਂ ਮਾਰੀਆਂ। ਜ਼ਰਾ ਉਸ ਦੀ ਮਾਂ ਬਾਰੇ ਸੋਚੋ। ਉਹ ਆਪਣੇ ਮੁੰਡੇ ਨੂੰ ਜ਼ਿੰਦਾ ਦੇਖ ਕੇ ਕਿੰਨੀ ਖ਼ੁਸ਼ ਹੋਈ ਹੋਣੀ!

ਦੁਨੀਆਂ ਵਿਚ ਬਹੁਤ ਸਾਰੇ ਲੋਕ ਮਰ ਚੁੱਕੇ ਹਨ। ਉਨ੍ਹਾਂ ਦੀ ਮੌਤ ਕਾਰਨ ਉਨ੍ਹਾਂ ਦੇ ਘਰਦਿਆਂ ਤੇ ਦੋਸਤਾਂ ਨੂੰ ਬਹੁਤ ਦੁੱਖ ਹੋਇਆ ਹੈ। ਪਰ ਸਾਡੇ ਵਿੱਚੋਂ ਕਿਸੇ ਕੋਲ ਉਨ੍ਹਾਂ ਨੂੰ ਜ਼ਿੰਦਾ ਕਰਨ ਦੀ ਸ਼ਕਤੀ ਨਹੀਂ ਹੈ। ਪਰ ਯਹੋਵਾਹ ਕੋਲ ਇਹ ਸ਼ਕਤੀ ਹੈ। ਬਾਅਦ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਕਿਵੇਂ ਅਣਗਿਣਤ ਲੋਕਾਂ ਨੂੰ ਜੀਉਂਦਾ ਕਰੇਗਾ।