Skip to content

Skip to table of contents

ਕਹਾਣੀ 71

ਸੁੰਦਰ ਧਰਤੀ ਪਰਮੇਸ਼ੁਰ ਦਾ ਵਾਅਦਾ

ਸੁੰਦਰ ਧਰਤੀ ਪਰਮੇਸ਼ੁਰ ਦਾ ਵਾਅਦਾ

ਇੱਥੇ ਉਸ ਸੁੰਦਰ ਧਰਤੀ ਦੀ ਤਸਵੀਰ ਦਿਖਾਈ ਗਈ ਹੈ ਜੋ ਯਹੋਵਾਹ ਨੇ ਯਸਾਯਾਹ ਨਬੀ ਨੂੰ ਸੁਪਨੇ ਵਿਚ ਦਿਖਾਈ ਸੀ। ਇਸ ਨਬੀ ਦਾ ਜਨਮ ਯੂਨਾਹ ਦੀ ਮੌਤ ਤੋਂ ਕੁਝ ਹੀ ਚਿਰ ਬਾਅਦ ਹੋਇਆ ਸੀ।

ਕੀ ਇਹ ਤਸਵੀਰ ਤੁਹਾਨੂੰ ਇਸ ਕਿਤਾਬ ਵਿਚਲੀ ਕਿਸੇ ਹੋਰ ਤਸਵੀਰ ਦੀ ਯਾਦ ਨਹੀਂ ਦਿਲਾਉਂਦੀ? ਕੀ ਇਹ ਉਸ ਬਾਗ਼ ਵਰਗੀ ਨਹੀਂ ਲੱਗਦੀ ਜਿੱਥੇ ਯਹੋਵਾਹ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਰੱਖਿਆ ਸੀ? ਕੀ ਉਹ ਦਿਨ ਸੱਚ-ਮੁੱਚ ਆਵੇਗਾ ਜਦ ਸਾਰੀ ਧਰਤੀ ਇਹੋ ਜਿਹੀ ਬਣ ਜਾਵੇਗੀ?

ਯਹੋਵਾਹ ਨੇ ਯਸਾਯਾਹ ਨਬੀ ਨੂੰ ਇਹ ਲਿਖਣ ਲਈ ਕਿਹਾ ਸੀ ਕਿ ਉਸ ਸਮੇਂ ਧਰਤੀ ਤੇ ਕਿਹੋ ਜਿਹੇ ਹਾਲਾਤ ਹੋਣਗੇ। ਯਹੋਵਾਹ ਨੇ ਕਿਹਾ: ‘ਬਘਿਆੜ ਅਤੇ ਲੇਲਾ ਮਿਲ ਕੇ ਸ਼ਾਂਤੀ ਨਾਲ ਰਹਿਣਗੇ। ਵੱਛੇ ਅਤੇ ਸ਼ੇਰ ਦੇ ਬੱਚੇ ਇਕੱਠੇ ਚਰਨਗੇ ਅਤੇ ਛੋਟੇ-ਛੋਟੇ ਬੱਚੇ ਉਨ੍ਹਾਂ ਦੀ ਦੇਖ-ਭਾਲ ਕਰਨਗੇ। ਛੋਟਾ ਬੱਚਾ ਭਾਵੇਂ ਜ਼ਹਿਰੀਲੇ ਸੱਪ ਦੀ ਖੁੱਡ ਕੋਲ ਖੇਡੇ, ਸੱਪ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵੇਗਾ।’

ਸ਼ਾਇਦ ਕਈ ਲੋਕ ਕਹਿਣ, ‘ਇੱਦਾਂ ਕਦੇ ਹੋ ਹੀ ਨਹੀਂ ਸਕਦਾ। ਧਰਤੀ ਉੱਤੇ ਹਮੇਸ਼ਾ ਕੋਈ ਨਾ ਕੋਈ ਮੁਸ਼ਕਲ ਰਹੀ ਹੈ ਅਤੇ ਹਮੇਸ਼ਾ ਰਹੇਗੀ ਵੀ।’ ਪਰ ਜ਼ਰਾ ਸੋਚੋ, ਯਹੋਵਾਹ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਰਹਿਣ ਲਈ ਕਿਹੜੀ ਜਗ੍ਹਾ ਦਿੱਤੀ ਸੀ?

ਯਹੋਵਾਹ ਨੇ ਤਾਂ ਉਨ੍ਹਾਂ ਨੂੰ ਅਦਨ ਦਾ ਸੋਹਣਾ ਬਾਗ਼ ਦਿੱਤਾ ਸੀ। ਪਰ ਯਹੋਵਾਹ ਦੇ ਆਖੇ ਨਾ ਲੱਗਣ ਕਰਕੇ ਉਨ੍ਹਾਂ ਨੂੰ ਇਸ ਬਾਗ਼ ਵਿੱਚੋਂ ਕੱਢਿਆ ਗਿਆ ਅਤੇ ਉਹ ਬੁੱਢੇ ਹੋ ਕੇ ਮਰ ਗਏ। ਯਹੋਵਾਹ ਇਹ ਵਾਅਦਾ ਕਰਦਾ ਹੈ ਕਿ ਜੋ ਲੋਕ ਉਸ ਨਾਲ ਪਿਆਰ ਕਰਦੇ ਹਨ, ਉਹ ਉਨ੍ਹਾਂ ਨੂੰ ਉਹ ਸਭ ਕੁਝ ਦੇਵੇਗਾ ਜੋ ਆਦਮ ਅਤੇ ਹੱਵਾਹ ਨੇ ਗੁਆਇਆ ਸੀ।

ਯਹੋਵਾਹ ਸਾਰੀ ਧਰਤੀ ਨੂੰ ਅਦਨ ਦੇ ਬਾਗ਼ ਵਰਗੀ ਬਣਾ ਦੇਵੇਗਾ ਜਿਵੇਂ ਉਹ ਸ਼ੁਰੂ ਵਿਚ ਚਾਹੁੰਦਾ ਸੀ। ਉੱਥੇ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਸਾਰੇ ਲੋਕ ਸ਼ਾਂਤੀ ਨਾਲ ਰਹਿਣਗੇ। ਸਾਰੇ ਲੋਕ ਸਿਹਤਮੰਦ ਹੋਣਗੇ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ। ਯਹੋਵਾਹ ਇਹ ਸਭ ਕੁਝ ਕਿਵੇਂ ਕਰੇਗਾ, ਇਸ ਬਾਰੇ ਅਸੀਂ ਅਗਲੀਆਂ ਕਹਾਣੀਆਂ ਵਿਚ ਸਿੱਖਾਂਗੇ।