Skip to content

Skip to table of contents

ਕਹਾਣੀ 73

ਇਸਰਾਏਲ ਦਾ ਅਖ਼ੀਰਲਾ ਚੰਗਾ ਰਾਜਾ

ਇਸਰਾਏਲ ਦਾ ਅਖ਼ੀਰਲਾ ਚੰਗਾ ਰਾਜਾ

ਯੋਸੀਯਾਹ ਸਿਰਫ਼ ਅੱਠਾਂ ਸਾਲਾਂ ਦਾ ਸੀ ਜਦ ਉਹ ਦੱਖਣੀ ਇਸਰਾਏਲ ਦੇ ਦੋ ਗੋਤਾਂ ਦਾ ਰਾਜਾ ਬਣਿਆ। ਛੋਟੀ ਉਮਰ ਵਿਚ ਰਾਜਾ ਬਣਨ ਕਰਕੇ ਸ਼ੁਰੂ-ਸ਼ੁਰੂ ਵਿਚ ਕੁਝ ਬਜ਼ੁਰਗਾਂ ਨੇ ਰਾਜ ਕਰਨ ਵਿਚ ਉਸ ਦੀ ਮਦਦ ਕੀਤੀ।

ਸੱਤ ਸਾਲ ਰਾਜ ਕਰਨ ਪਿੱਛੋਂ ਯੋਸੀਯਾਹ ਯਹੋਵਾਹ ਦੀ ਭਾਲ ਕਰਨ ਲੱਗ ਪਿਆ। ਉਹ ਦਾਊਦ, ਯਹੋਸ਼ਾਫਾਟ ਅਤੇ ਹਿਜ਼ਕੀਯਾਹ ਵਰਗੇ ਚੰਗੇ ਰਾਜਿਆਂ ਦੀ ਮਿਸਾਲ ਉੱਤੇ ਚੱਲਿਆ। ਜਦ ਉਹ ਅਜੇ ਨੌਜਵਾਨ ਹੀ ਸੀ, ਤਾਂ ਉਸ ਨੇ ਇਕ ਬਹੁਤ ਬਹਾਦਰੀ ਵਾਲਾ ਕੰਮ ਕੀਤਾ।

ਕਾਫ਼ੀ ਸਮੇਂ ਤੋਂ ਇਸਰਾਏਲੀ ਬੁਰੇ ਕੰਮਾਂ ਵਿਚ ਲੱਗੇ ਹੋਏ ਸਨ। ਉਹ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ ਅਤੇ ਮੂਰਤੀਆਂ ਨੂੰ ਮੱਥਾ ਟੇਕਦੇ ਸਨ। ਯੋਸੀਯਾਹ ਨੇ ਆਪਣੇ ਬੰਦਿਆਂ ਨਾਲ ਮਿਲ ਕੇ ਦੇਸ਼ ਵਿੱਚੋਂ ਦੇਵੀ-ਦੇਵਤਿਆਂ ਦੀ ਭਗਤੀ ਨੂੰ ਖ਼ਤਮ ਕਰਨਾ ਸ਼ੁਰੂ ਕੀਤਾ। ਇਹ ਕੋਈ ਸੌਖਾ ਕੰਮ ਨਹੀਂ ਸੀ ਕਿਉਂਕਿ ਬਹੁਤ ਸਾਰੇ ਲੋਕ ਇਨ੍ਹਾਂ ਦੇਵੀ-ਦੇਵਤਿਆਂ ਨੂੰ ਪੂਜਦੇ ਸਨ। ਤਸਵੀਰ ਵਿਚ ਦੇਖੋ ਯੋਸੀਯਾਹ ਅਤੇ ਉਸ ਦੇ ਆਦਮੀ ਮੂਰਤੀਆਂ ਨੂੰ ਤੋੜ ਰਹੇ ਹਨ।

ਇਸ ਤੋਂ ਬਾਅਦ ਯੋਸੀਯਾਹ ਨੇ ਤਿੰਨ ਆਦਮੀਆਂ ਨੂੰ ਯਹੋਵਾਹ ਦੀ ਹੈਕਲ ਦੀ ਮੁਰੰਮਤ ਕਰਨ ਦੀ ਜ਼ਿੰਮੇਵਾਰੀ ਸੌਂਪੀ। ਲੋਕਾਂ ਤੋਂ ਪੈਸਾ ਇਕੱਠਾ ਕਰ ਕੇ ਇਨ੍ਹਾਂ ਆਦਮੀਆਂ ਨੂੰ ਦਿੱਤਾ ਜਾਂਦਾ ਸੀ ਤਾਂਕਿ ਉਹ ਹੈਕਲ ਦੀ ਮੁਰੰਮਤ ਕਰ ਸਕਣ। ਹੈਕਲ ਦੀ ਮੁਰੰਮਤ ਕਰਦੇ ਸਮੇਂ ਪ੍ਰਧਾਨ ਜਾਜਕ ਹਿਲਕੀਯਾਹ ਨੂੰ ਇਕ ਬਹੁਤ ਹੀ ਜ਼ਰੂਰੀ ਚੀਜ਼ ਲੱਭੀ। ਇਹ ਚੀਜ਼ ਉਹੀ ਪੋਥੀ ਸੀ ਜਿਸ ਵਿਚ ਬਹੁਤ ਚਿਰ ਪਹਿਲਾਂ ਮੂਸਾ ਨੇ ਯਹੋਵਾਹ ਦੇ ਹੁਕਮ ਲਿਖੇ ਸਨ। ਕਈ ਸਾਲਾਂ ਤੋਂ ਕਿਸੇ ਨੂੰ ਇਸ ਪੋਥੀ ਦੀ ਕੋਈ ਖ਼ਬਰ ਨਹੀਂ ਸੀ।

ਇਹ ਪੋਥੀ ਯੋਸੀਯਾਹ ਅੱਗੇ ਲਿਆਂਦੀ ਗਈ ਤੇ ਉਸ ਨੇ ਇਸ ਨੂੰ ਪੜ੍ਹਨ ਦਾ ਹੁਕਮ ਦਿੱਤਾ। ਇਸ ਵਿਚ ਲਿਖੀਆਂ ਗੱਲਾਂ ਜਦ ਯੋਸੀਯਾਹ ਨੇ ਸੁਣੀਆਂ, ਤਾਂ ਉਸ ਨੂੰ ਪਤਾ ਲੱਗਾ ਕਿ ਲੋਕ ਯਹੋਵਾਹ ਦਾ ਕਹਿਣਾ ਨਹੀਂ ਮੰਨ ਰਹੇ ਸਨ। ਇਸ ਗੱਲ ਤੋਂ ਉਹ ਬਹੁਤ ਉਦਾਸ ਹੋਇਆ ਅਤੇ ਉਸ ਨੇ ਆਪਣੇ ਕੱਪੜੇ ਪਾੜ ਸੁੱਟੇ ਜਿਵੇਂ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ। ਉਸ ਨੇ ਕਿਹਾ: ‘ਯਹੋਵਾਹ ਸਾਡੇ ਨਾਲ ਨਾਰਾਜ਼ ਹੈ ਕਿਉਂਕਿ ਸਾਡੇ ਪਿਉ-ਦਾਦੇ ਇਸ ਪੋਥੀ ਵਿਚ ਲਿਖੇ ਹੁਕਮਾਂ ਤੇ ਨਹੀਂ ਚੱਲੇ।’

ਯੋਸੀਯਾਹ ਨੇ ਪ੍ਰਧਾਨ ਜਾਜਕ ਹਿਲਕੀਯਾਹ ਨੂੰ ਕਿਹਾ ਕਿ ਉਹ ਜਾ ਕੇ ਪਤਾ ਕਰੇ ਕਿ ਯਹੋਵਾਹ ਉਨ੍ਹਾਂ ਨਾਲ ਕੀ ਕਰੇਗਾ। ਇਹ ਪਤਾ ਕਰਨ ਲਈ ਹਿਲਕੀਯਾਹ ਹੁਲਦਾਹ ਨਾਂ ਦੀ ਇਕ ਨਬੀਆ ਕੋਲ ਗਿਆ। ਇਸ ਨਬੀਆ ਨੇ ਹਿਲਕੀਯਾਹ ਨੂੰ ਕਿਹਾ ਕਿ ਉਹ ਯੋਸੀਯਾਹ ਨੂੰ ਯਹੋਵਾਹ ਦਾ ਇਹ ਸੁਨੇਹਾ ਦੇਵੇ: ‘ਯਰੂਸ਼ਲਮ ਅਤੇ ਸਾਰੀ ਪਰਜਾ ਨੂੰ ਸਜ਼ਾ ਮਿਲੇਗੀ ਕਿਉਂਕਿ ਉਨ੍ਹਾਂ ਨੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਹੈ ਅਤੇ ਦੇਸ਼ ਨੂੰ ਬੁਰਾਈ ਨਾਲ ਭਰ ਦਿੱਤਾ ਹੈ। ਪਰ ਕਿਉਂਕਿ ਤੂੰ, ਯੋਸੀਯਾਹ ਨੇ, ਚੰਗਾ ਕੰਮ ਕੀਤਾ ਹੈ, ਇਹ ਸਜ਼ਾ ਉਨ੍ਹਾਂ ਨੂੰ ਤੇਰੇ ਮਰਨ ਦੇ ਬਾਅਦ ਹੀ ਮਿਲੇਗੀ।’