Skip to content

Skip to table of contents

ਕਹਾਣੀ 75

ਬਾਬਲ ਵਿਚ ਚਾਰ ਮੁੰਡੇ

ਬਾਬਲ ਵਿਚ ਚਾਰ ਮੁੰਡੇ

ਰਾਜਾ ਨਬੂਕਦਨੱਸਰ ਪੜ੍ਹੇ-ਲਿਖੇ ਇਸਰਾਏਲੀਆਂ ਨੂੰ ਆਪਣੇ ਨਾਲ ਬਾਬਲ ਲੈ ਗਿਆ। ਫਿਰ ਉਸ ਨੇ ਇਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਸੋਹਣੇ-ਸੁਨੱਖੇ ਅਤੇ ਸਮਝਦਾਰ ਨੌਜਵਾਨਾਂ ਨੂੰ ਚੁਣਿਆ। ਇਨ੍ਹਾਂ ਵਿੱਚੋਂ ਚੌਹਾਂ ਨੂੰ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ। ਇਕ ਦਾ ਨਾਮ ਦਾਨੀਏਲ ਸੀ ਅਤੇ ਬਾਬਲੀ ਲੋਕਾਂ ਨੇ ਬਾਕੀ ਦੇ ਤਿੰਨ ਮੁੰਡਿਆਂ ਦੇ ਨਾਮ ਸ਼ਦਰਕ, ਮੇਸ਼ਕ ਅਤੇ ਅਬੇਦ-ਨਗੋ ਰੱਖੇ।

ਨਬੂਕਦਨੱਸਰ ਨੇ ਇਨ੍ਹਾਂ ਨੌਜਵਾਨਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਤਾਂਕਿ ਉਹ ਉਸ ਦੇ ਮਹਿਲ ਵਿਚ ਕੰਮ ਕਰ ਸਕਣ। ਇਹ ਸਿਖਲਾਈ ਤਿੰਨ ਸਾਲ ਚੱਲਣੀ ਸੀ। ਇਸ ਪਿੱਛੋਂ ਨਬੂਕਦਨੱਸਰ ਨੇ ਸਿਰਫ਼ ਉਨ੍ਹਾਂ ਨੌਜਵਾਨਾਂ ਨੂੰ ਹੀ ਆਪਣੇ ਨਾਲ ਕੰਮ ਕਰਨ ਲਈ ਚੁਣਨਾ ਸੀ ਜੋ ਸਭ ਤੋਂ ਹੁਸ਼ਿਆਰ ਸਨ। ਰਾਜਾ ਚਾਹੁੰਦਾ ਸੀ ਕਿ ਮੁੰਡੇ ਸਿਖਲਾਈ ਲੈਣ ਦੌਰਾਨ ਤੰਦਰੁਸਤ ਅਤੇ ਤਕੜੇ ਰਹਿਣ। ਇਸ ਲਈ ਉਸ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਉਹ ਮੁੰਡਿਆਂ ਨੂੰ ਉਹੀ ਸ਼ਾਹੀ ਖਾਣਾ ਦੇਣ ਜੋ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਦਿੱਤਾ ਜਾਂਦਾ ਸੀ।

ਤਸਵੀਰ ਵਿਚ ਜ਼ਰਾ ਦਾਨੀਏਲ ਵੱਲ ਦੇਖੋ। ਤੁਹਾਨੂੰ ਪਤਾ ਉਸ ਨੇ ਰਾਜੇ ਦੇ ਸੇਵਕ ਅਸਪਨਜ਼ ਨੂੰ ਕੀ ਕਿਹਾ? ਦਾਨੀਏਲ ਨੇ ਉਸ ਨੂੰ ਕਿਹਾ ਕਿ ਉਹ ਇਹ ਸ਼ਾਹੀ ਭੋਜਨ ਨਹੀਂ ਖਾਣਾ ਚਾਹੁੰਦੇ। ਅਸਪਨਜ਼ ਨੇ ਘਬਰਾ ਕੇ ਉੱਤਰ ਦਿੱਤਾ: ‘ਰਾਜੇ ਨੇ ਇਹ ਤੈਅ ਕੀਤਾ ਹੈ ਕਿ ਤੁਸੀਂ ਕੀ ਖਾਣਾ ਤੇ ਕੀ ਪੀਣਾ ਹੈ ਅਤੇ ਜੇ ਤੁਸੀਂ ਇਹ ਨਾ ਖਾਧਾ ਅਤੇ ਬਾਕੀ ਦੇ ਨੌਜਵਾਨਾਂ ਵਾਂਗ ਤੰਦਰੁਸਤ ਨਾ ਦਿੱਸੇ, ਤਾਂ ਰਾਜਾ ਮੈਨੂੰ ਸ਼ਾਇਦ ਜਾਨੋਂ ਮਾਰ ਦੇਵੇ।’

ਫਿਰ ਦਾਨੀਏਲ ਨੇ ਉਸ ਰਖਵਾਲੇ ਨਾਲ ਗੱਲ ਕੀਤੀ ਜਿਸ ਨੂੰ ਅਸਪਨਜ਼ ਨੇ ਦਾਨੀਏਲ ਅਤੇ ਉਸ ਦੇ ਤਿੰਨ ਦੋਸਤਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਦਾਨੀਏਲ ਨੇ ਉਸ ਨੂੰ ਕਿਹਾ: ‘ਕਿਰਪਾ ਕਰ ਕੇ ਸਾਨੂੰ 10 ਦਿਨਾਂ ਲਈ ਖਾਣ ਨੂੰ ਸਬਜ਼ੀਆਂ ਅਤੇ ਪੀਣ ਨੂੰ ਪਾਣੀ ਦੇ ਕੇ ਦੇਖੋ। ਫਿਰ ਤੁਸੀਂ ਸਾਡੀ ਤੁਲਨਾ ਉਨ੍ਹਾਂ ਨੌਜਵਾਨਾਂ ਨਾਲ ਕਰਨੀ ਜੋ ਸ਼ਾਹੀ ਖਾਣਾ ਖਾਂਦੇ ਹਨ। ਫਿਰ ਤੁਸੀਂ ਖ਼ੁਦ ਦੇਖ ਸਕੋਗੇ ਕਿ ਕੌਣ ਜ਼ਿਆਦਾ ਤੰਦਰੁਸਤ ਦਿੱਸਦੇ ਹਨ।’

ਰਖਵਾਲੇ ਨੇ ਦਾਨੀਏਲ ਦੀ ਗੱਲ ਮੰਨ ਲਈ। ਦਸਾਂ ਦਿਨਾਂ ਪਿੱਛੋਂ ਦਾਨੀਏਲ ਅਤੇ ਉਸ ਦੇ ਦੋਸਤ ਬਾਕੀ ਦੇ ਸਾਰੇ ਨੌਜਵਾਨਾਂ ਨਾਲੋਂ ਜ਼ਿਆਦਾ ਤੰਦਰੁਸਤ ਲੱਗਦੇ ਸਨ। ਇਸ ਲਈ ਰਖਵਾਲੇ ਨੇ ਉਨ੍ਹਾਂ ਨੂੰ ਸ਼ਾਹੀ ਖਾਣਾ ਖਾਣ ਦੀ ਬਜਾਇ ਸਬਜ਼ੀਆਂ ਖਾਣ ਦੀ ਇਜਾਜ਼ਤ ਦੇ ਦਿੱਤੀ।

ਤਿੰਨ ਸਾਲਾਂ ਬਾਅਦ ਸਾਰੇ ਨੌਜਵਾਨਾਂ ਨੂੰ ਨਬੂਕਦਨੱਸਰ ਅੱਗੇ ਪੇਸ਼ ਕੀਤਾ ਗਿਆ। ਸਾਰਿਆਂ ਨੌਜਵਾਨਾਂ ਨਾਲ ਗੱਲ ਕਰਨ ਮਗਰੋਂ ਰਾਜੇ ਨੇ ਦੇਖ ਲਿਆ ਕਿ ਦਾਨੀਏਲ, ਸ਼ਦਰਕ, ਮੇਸ਼ਕ ਅਤੇ ਅਬੇਦ-ਨਗੋ ਸਭ ਤੋਂ ਸਮਝਦਾਰ ਸਨ। ਇਸ ਲਈ ਉਸ ਨੇ ਉਨ੍ਹਾਂ ਨੂੰ ਆਪਣੇ ਨਾਲ ਕੰਮ ਕਰਨ ਲਈ ਮਹਿਲ ਵਿਚ ਰੱਖ ਲਿਆ। ਜਦ ਵੀ ਰਾਜਾ ਨਬੂਕਦਨੱਸਰ ਦਾਨੀਏਲ, ਸ਼ਦਰਕ, ਮੇਸ਼ਕ ਅਤੇ ਅਬੇਦ-ਨਗੋ ਤੋਂ ਕੋਈ ਸਲਾਹ ਜਾਂ ਕਿਸੇ ਮੁਸ਼ਕਲ ਦਾ ਹੱਲ ਪੁੱਛਦਾ ਸੀ, ਤਾਂ ਉਨ੍ਹਾਂ ਦੇ ਜਵਾਬ ਹਮੇਸ਼ਾ ਰਾਜੇ ਦੇ ਸਾਰੇ ਗਿਆਨੀਆਂ ਅਤੇ ਜਾਜਕਾਂ ਨਾਲੋਂ ਕਿਤੇ ਵਧੀਆ ਹੁੰਦੇ ਸਨ।