Skip to content

Skip to table of contents

ਕਹਾਣੀ 79

ਦਾਨੀਏਲ ਸ਼ੇਰਾਂ ਦੇ ਘੁਰੇ ਵਿਚ

ਦਾਨੀਏਲ ਸ਼ੇਰਾਂ ਦੇ ਘੁਰੇ ਵਿਚ

ਤਸਵੀਰ ਵਿਚ ਦੇਖਣ ਨੂੰ ਤਾਂ ਲੱਗਦਾ ਹੈ ਕਿ ਦਾਨੀਏਲ ਕਿਸੇ ਮੁਸ਼ਕਲ ਵਿਚ ਹੈ। ਪਰ ਸ਼ੇਰ ਤਾਂ ਆਰਾਮ ਨਾਲ ਉਸ ਦੇ ਆਲੇ-ਦੁਆਲੇ ਘੁੰਮ ਰਹੇ ਹਨ ਤੇ ਉਸ ਨੂੰ ਕੁਝ ਨਹੀਂ ਕਹਿ ਰਹੇ। ਤੁਹਾਨੂੰ ਪਤਾ ਸ਼ੇਰਾਂ ਨੇ ਦਾਨੀਏਲ ਨੂੰ ਕਿਉਂ ਨਹੀਂ ਖਾਧਾ? ਨਾਲੇ ਤੁਹਾਨੂੰ ਪਤਾ ਹੈ ਕਿ ਕਿਸ ਨੇ ਉਸ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟਿਆ ਸੀ? ਚਲੋ ਆਓ ਦੇਖੀਏ।

ਬਾਬਲ ਤੇ ਹੁਣ ਦਾਰਾ ਨਾਮ ਦਾ ਇਕ ਆਦਮੀ ਰਾਜ ਕਰ ਰਿਹਾ ਸੀ। ਉਹ ਦਾਨੀਏਲ ਨੂੰ ਬਹੁਤ ਪਸੰਦ ਕਰਦਾ ਸੀ ਕਿਉਂਕਿ ਦਾਨੀਏਲ ਸਮਝਦਾਰ ਅਤੇ ਭਲਾ ਆਦਮੀ ਸੀ। ਦਾਰਾ ਰਾਜੇ ਨੇ ਦਾਨੀਏਲ ਨੂੰ ਆਪਣੇ ਰਾਜ ਵਿਚ ਇਕ ਉੱਚਾ ਅਹੁਦਾ ਦਿੱਤਾ ਸੀ ਜਿਸ ਕਰਕੇ ਬਹੁਤ ਸਾਰੇ ਲੋਕ ਦਾਨੀਏਲ ਨਾਲ ਈਰਖਾ ਕਰਦੇ ਸਨ। ਉਨ੍ਹਾਂ ਨੇ ਦਾਨੀਏਲ ਨੂੰ ਆਪਣੇ ਰਾਹ ਵਿੱਚੋਂ ਹਟਾਉਣ ਲਈ ਇਕ ਸਕੀਮ ਘੜੀ।

ਉਨ੍ਹਾਂ ਨੇ ਜਾ ਕੇ ਦਾਰਾ ਨੂੰ ਕਿਹਾ: ‘ਹੇ ਪਾਤਸ਼ਾਹ, ਅਸੀਂ ਸਾਰਿਆਂ ਨੇ ਇਹ ਸਲਾਹ ਕੀਤੀ ਹੈ ਕਿ ਤੁਹਾਨੂੰ ਇਕ ਕਾਨੂੰਨ ਬਣਾਉਣਾ ਚਾਹੀਦਾ ਹੈ। ਇਸ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ 30 ਦਿਨਾਂ ਲਈ ਤੁਹਾਥੋਂ ਛੁੱਟ ਕਿਸੇ ਹੋਰ ਦੇਵਤੇ ਜਾਂ ਮਨੁੱਖ ਨੂੰ ਪ੍ਰਾਰਥਨਾ ਨਹੀਂ ਕਰ ਸਕਦਾ। ਅਤੇ ਜੇ ਉਹ ਇਸ ਨਿਯਮ ਨੂੰ ਤੋੜੇ ਤਾਂ ਉਸ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟ ਦਿੱਤਾ ਜਾਵੇਗਾ।’ ਰਾਜੇ ਨੂੰ ਇਨ੍ਹਾਂ ਬੰਦਿਆਂ ਦੀ ਮਾੜੀ ਨੀਅਤ ਬਾਰੇ ਨਹੀਂ ਪਤਾ ਸੀ ਕਿ ਉਹ ਇਹ ਕਾਨੂੰਨ ਕਿਉਂ ਬਣਵਾਉਣਾ ਚਾਹੁੰਦੇ ਸਨ। ਉਸ ਨੂੰ ਲੱਗਾ ਕਿ ਇਹ ਕਾਨੂੰਨ ਉਸ ਦੇ ਫ਼ਾਇਦੇ ਲਈ ਹੋਵੇਗਾ। ਇਸ ਲਈ ਉਸ ਨੇ ਕਾਨੂੰਨ ਬਣਾ ਦਿੱਤਾ ਜਿਸ ਨੂੰ ਕੋਈ ਵੀ ਬਦਲ ਨਹੀਂ ਸਕਦਾ ਸੀ।

ਦਾਨੀਏਲ ਨੂੰ ਕਾਨੂੰਨ ਬਾਰੇ ਪਤਾ ਸੀ, ਫਿਰ ਵੀ ਉਸ ਨੇ ਹਰ ਰੋਜ਼ ਦੀ ਤਰ੍ਹਾਂ ਘਰ ਜਾ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਜਿਨ੍ਹਾਂ ਬੁਰੇ ਬੰਦਿਆਂ ਨੇ ਕਾਨੂੰਨ ਬਣਵਾਇਆ ਸੀ, ਉਹ ਜਾਣਦੇ ਸਨ ਕਿ ਦਾਨੀਏਲ ਕਦੇ ਵੀ ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਨਹੀਂ ਹਟੇਗਾ। ਉਹ ਦਾਨੀਏਲ ਨੂੰ ਪ੍ਰਾਰਥਨਾ ਕਰਦੇ ਦੇਖ ਕੇ ਬਹੁਤ ਖ਼ੁਸ਼ ਹੋਏ ਕਿਉਂਕਿ ਉਹ ਹੁਣ ਦਾਨੀਏਲ ਨੂੰ ਆਪਣੇ ਰਸਤੇ ਤੋਂ ਹਟਾ ਸਕਦੇ ਸਨ।

ਰਾਜਾ ਦਾਰਾ ਨੂੰ ਜਦ ਇਨ੍ਹਾਂ ਆਦਮੀਆਂ ਦੀ ਅਸਲੀਅਤ ਪਤਾ ਲੱਗੀ, ਤਾਂ ਉਹ ਬਹੁਤ ਦੁਖੀ ਹੋਇਆ। ਪਰ ਉਹ ਹੁਣ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਕਾਨੂੰਨ ਤਾਂ ਬਣ ਚੁੱਕਾ ਸੀ। ਉਸ ਨੂੰ ਦਾਨੀਏਲ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟਣ ਦਾ ਹੁਕਮ ਦੇਣਾ ਹੀ ਪਿਆ। ਪਰ ਰਾਜੇ ਨੇ ਦਾਨੀਏਲ ਨੂੰ ਕਿਹਾ: ‘ਮੇਰੀ ਇਹੀ ਉਮੀਦ ਹੈ ਕਿ ਤੇਰਾ ਪਰਮੇਸ਼ੁਰ ਜਿਸ ਦੀ ਤੂੰ ਸੇਵਾ ਕਰਦਾ ਹੈ ਉਹ ਤੈਨੂੰ ਬਚਾਵੇਗਾ।’

ਦਾਰਾ ਦਾ ਮਨ ਇੰਨਾ ਉਦਾਸ ਸੀ ਕਿ ਉਹ ਸਾਰੀ ਰਾਤ ਸੌਂ ਨਾ ਸਕਿਆ। ਸਵੇਰਾ ਹੁੰਦਿਆਂ ਹੀ ਉਹ ਸ਼ੇਰਾਂ ਦੇ ਘੁਰੇ ਵੱਲ ਭੱਜਿਆ ਗਿਆ। ਤੁਸੀਂ ਉਸ ਨੂੰ ਤਸਵੀਰ ਵਿਚ ਦੇਖ ਸਕਦੇ ਹੋ। ਉਸ ਨੇ ਦਾਨੀਏਲ ਨੂੰ ਆਵਾਜ਼ ਮਾਰੀ: ‘ਦਾਨੀਏਲ, ਜੀਉਂਦੇ ਪਰਮੇਸ਼ੁਰ ਦੇ ਸੇਵਕ! ਕੀ ਤੇਰੇ ਪਰਮੇਸ਼ੁਰ ਨੇ ਜਿਸ ਦੀ ਤੂੰ ਸੇਵਾ ਕਰਦਾ ਹੈ, ਤੈਨੂੰ ਸ਼ੇਰਾਂ ਤੋਂ ਬਚਾਇਆ?’

ਦਾਨੀਏਲ ਨੇ ਰਾਜੇ ਨੂੰ ਜਵਾਬ ਦਿੱਤਾ: ‘ਪਰਮੇਸ਼ੁਰ ਨੇ ਆਪਣਾ ਫ਼ਰਿਸ਼ਤਾ ਭੇਜ ਕੇ ਇਨ੍ਹਾਂ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ ਤਾਂਕਿ ਉਹ ਮੈਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ।’

ਇਹ ਗੱਲ ਸੁਣ ਕੇ ਰਾਜਾ ਬਹੁਤ ਖ਼ੁਸ਼ ਹੋਇਆ। ਉਸ ਨੇ ਹੁਕਮ ਦਿੱਤਾ ਕਿ ਦਾਨੀਏਲ ਨੂੰ ਸ਼ੇਰਾਂ ਦੇ ਘੁਰੇ ਵਿੱਚੋਂ ਕੱਢਿਆ ਜਾਵੇ। ਫਿਰ ਉਸ ਨੇ ਉਨ੍ਹਾਂ ਬੁਰੇ ਬੰਦਿਆਂ ਨੂੰ ਘੁਰੇ ਵਿਚ ਸੁੱਟਣ ਦਾ ਹੁਕਮ ਦਿੱਤਾ ਜਿਨ੍ਹਾਂ ਨੇ ਇਹ ਕਾਨੂੰਨ ਬਣਵਾਇਆ ਸੀ। ਘੁਰੇ ਵਿਚ ਡਿੱਗਣ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਨ੍ਹਾਂ ਦੀਆਂ ਬੋਟੀਆਂ-ਬੋਟੀਆਂ ਕਰ ਦਿੱਤੀਆਂ।

ਇਸ ਤੋਂ ਬਾਅਦ ਰਾਜਾ ਦਾਰਾ ਨੇ ਆਪਣੇ ਰਾਜ ਦੇ ਸਾਰੇ ਲੋਕਾਂ ਨੂੰ ਇਹ ਚਿੱਠੀ ਲਿਖੀ: ‘ਮੈਂ ਹੁਕਮ ਦਿੰਦਾ ਹਾਂ ਕਿ ਸਾਰੇ ਲੋਕ ਦਾਨੀਏਲ ਦੇ ਪਰਮੇਸ਼ੁਰ ਦਾ ਸਤਿਕਾਰ ਕਰਨ। ਉਹ ਵੱਡੇ-ਵੱਡੇ ਚਮਤਕਾਰ ਕਰਦਾ ਹੈ। ਉਸ ਨੇ ਦਾਨੀਏਲ ਨੂੰ ਸ਼ੇਰਾਂ ਦੇ ਮੂੰਹੋਂ ਬਚਾਇਆ ਹੈ।’