Skip to content

Skip to table of contents

ਕਹਾਣੀ 80

ਬਾਬਲ ਤੋਂ ਆਜ਼ਾਦੀ

ਬਾਬਲ ਤੋਂ ਆਜ਼ਾਦੀ

ਬਾਬਲ ਉੱਤੇ ਮਾਦੀਆਂ ਅਤੇ ਫ਼ਾਰਸੀਆਂ ਦੀ ਜਿੱਤ ਨੂੰ ਹੁਣ ਦੋ ਸਾਲ ਹੋ ਚੁੱਕੇ ਸਨ। ਤਸਵੀਰ ਵਿਚ ਦੇਖੋ ਇਸਰਾਏਲੀ ਬਾਬਲ ਨੂੰ ਛੱਡ ਕੇ ਜਾ ਰਹੇ ਹਨ। ਚਲੋ ਆਓ ਦੇਖੀਏ ਕਿ ਉਨ੍ਹਾਂ ਨੂੰ ਆਜ਼ਾਦੀ ਕਿਵੇਂ ਮਿਲੀ ਅਤੇ ਕਿਸ ਨੇ ਦਿਵਾਈ।

ਉਨ੍ਹਾਂ ਨੂੰ ਫ਼ਾਰਸ ਦੇ ਰਾਜਾ ਖੋਰਸ ਨੇ ਆਜ਼ਾਦ ਕੀਤਾ ਸੀ। ਖੋਰਸ ਦੇ ਜਨਮ ਤੋਂ ਬਹੁਤ ਚਿਰ ਪਹਿਲਾਂ ਉਸ ਬਾਰੇ ਯਹੋਵਾਹ ਨੇ ਆਪਣੇ ਨਬੀ ਯਸਾਯਾਹ ਰਾਹੀਂ ਲਿਖਵਾਇਆ: ‘ਤੂੰ ਉਹੋ ਕਰੇਂਗਾ ਜੋ ਮੈਂ ਚਾਹਾਂਗਾ। ਸ਼ਹਿਰ ਉੱਤੇ ਕਬਜ਼ਾ ਕਰਨ ਲਈ ਫਾਟਕ ਤੇਰੇ ਵਾਸਤੇ ਖੁੱਲ੍ਹੇ ਛੱਡੇ ਜਾਣਗੇ।’ ਇਸੇ ਤਰ੍ਹਾਂ ਹੀ ਹੋਇਆ। ਖੋਰਸ ਦੀ ਅਗਵਾਈ ਅਧੀਨ ਮਾਦੀ ਅਤੇ ਫ਼ਾਰਸੀ ਫ਼ੌਜੀ ਬਾਬਲ ਦੇ ਖੁੱਲ੍ਹੇ ਛੱਡੇ ਫਾਟਕਾਂ ਰਾਹੀਂ ਆਰਾਮ ਨਾਲ ਰਾਤ ਨੂੰ ਸ਼ਹਿਰ ਦੇ ਅੰਦਰ ਵੜ ਗਏ ਤੇ ਉਨ੍ਹਾਂ ਨੇ ਸ਼ਹਿਰ ਤੇ ਕਬਜ਼ਾ ਕਰ ਲਿਆ।

ਯਹੋਵਾਹ ਦੇ ਨਬੀ ਯਸਾਯਾਹ ਨੇ ਇਹ ਵੀ ਕਿਹਾ ਸੀ ਕਿ ਖੋਰਸ ਇਸਰਾਏਲੀਆਂ ਨੂੰ ਦੁਬਾਰਾ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਬਣਾਉਣ ਦਾ ਹੁਕਮ ਦੇਵੇਗਾ। ਕੀ ਉਸ ਨੇ ਇਸ ਤਰ੍ਹਾਂ ਕੀਤਾ? ਹਾਂ, ਉਸ ਨੇ ਬਿਲਕੁਲ ਇਸੇ ਤਰ੍ਹਾਂ ਹੀ ਕੀਤਾ। ਉਸ ਨੇ ਇਸਰਾਏਲੀਆਂ ਨੂੰ ਕਿਹਾ: ‘ਯਰੂਸ਼ਲਮ ਨੂੰ ਜਾਓ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਹੈਕਲ ਬਣਾਓ।’ ਬਾਬਲ ਨੂੰ ਛੱਡ ਕੇ ਇਸਰਾਏਲੀ ਹੁਣ ਯਰੂਸ਼ਲਮ ਨੂੰ ਇਹੀ ਕਰਨ ਜਾ ਰਹੇ ਸਨ।

ਯਰੂਸ਼ਲਮ ਬਾਬਲ ਤੋਂ ਤਕਰੀਬਨ 800 ਕਿਲੋਮੀਟਰ (500 ਮੀਲ) ਦੂਰ ਸੀ। ਇਸ ਲਈ ਬਜ਼ੁਰਗਾਂ ਤੇ ਬੀਮਾਰ ਇਸਰਾਏਲੀਆਂ ਲਈ ਇਹ ਸਫ਼ਰ ਤੈਅ ਕਰਨਾ ਮੁਸ਼ਕਲ ਸੀ। ਹੋਰਾਂ ਦੀਆਂ ਕਈ ਹੋਰ ਮਜਬੂਰੀਆਂ ਸਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਬਾਬਲ ਵਿਚ ਰਹਿਣਾ ਪਿਆ। ਉਨ੍ਹਾਂ ਨੂੰ ਖੋਰਸ ਨੇ ਕਿਹਾ: ‘ਤੁਸੀਂ ਹੈਕਲ ਬਣਾਉਣ ਵਾਸਤੇ ਯਰੂਸ਼ਲਮ ਨੂੰ ਜਾਣ ਵਾਲੇ ਲੋਕਾਂ ਨੂੰ ਸੋਨਾ, ਚਾਂਦੀ ਤੇ ਦੂਜੇ ਤੋਹਫ਼ੇ ਦਿਓ।’

ਇਸ ਲਈ ਲੋਕਾਂ ਨੇ ਯਰੂਸ਼ਲਮ ਨੂੰ ਜਾਣ ਵਾਲੇ ਇਸਰਾਏਲੀਆਂ ਨੂੰ ਕਈ ਤੋਹਫ਼ੇ ਦਿੱਤੇ। ਇਸ ਦੇ ਨਾਲ-ਨਾਲ ਖੋਰਸ ਨੇ ਉਹ ਸਾਰੇ ਕਟੋਰੇ ਤੇ ਪਿਆਲੇ ਇਸਰਾਏਲੀਆਂ ਨੂੰ ਵਾਪਸ ਕਰ ਦਿੱਤੇ ਜੋ ਨਬੂਕਦਨੱਸਰ ਨੇ ਯਰੂਸ਼ਲਮ ਨੂੰ ਤਬਾਹ ਕਰਨ ਵੇਲੇ ਹੈਕਲ ਤੋਂ ਲੁੱਟੇ ਸਨ। ਲੋਕ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਯਰੂਸ਼ਲਮ ਨੂੰ ਗਏ।

ਤਕਰੀਬਨ ਚਾਰ ਮਹੀਨੇ ਸਫ਼ਰ ਕਰਨ ਤੋਂ ਬਾਅਦ ਇਸਰਾਏਲੀ ਸਮੇਂ ਸਿਰ ਯਰੂਸ਼ਲਮ ਪਹੁੰਚ ਗਏ। ਪੂਰੇ 70 ਸਾਲ ਪਹਿਲਾਂ ਯਰੂਸ਼ਲਮ ਨੂੰ ਤਬਾਹ ਕੀਤਾ ਗਿਆ ਸੀ ਤੇ ਹੁਣ ਤਕ ਉਹ ਵਿਰਾਨ ਪਿਆ ਸੀ। ਇਸਰਾਏਲੀ ਭਾਵੇਂ ਆਪਣੇ ਦੇਸ਼ ਵਾਪਸ ਆ ਗਏ ਸਨ, ਪਰ ਉਨ੍ਹਾਂ ਨੂੰ ਅਜੇ ਵੀ ਕਾਫ਼ੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਣਾ ਸੀ। ਇਸ ਬਾਰੇ ਆਪਾਂ ਅਗਲੀਆਂ ਕਹਾਣੀਆਂ ਵਿਚ ਪੜ੍ਹਾਂਗੇ।