Skip to content

Skip to table of contents

ਕਹਾਣੀ 82

ਮਾਰਦਕਈ ਅਤੇ ਅਸਤਰ

ਮਾਰਦਕਈ ਅਤੇ ਅਸਤਰ

ਚਲੋ ਆਓ ਆਪਾਂ ਅਜ਼ਰਾ ਦੇ ਯਰੂਸ਼ਲਮ ਜਾਣ ਤੋਂ ਪਹਿਲਾਂ ਦੇ ਕੁਝ ਸਾਲਾਂ ਤੇ ਝਾਤੀ ਮਾਰੀਏ। ਉਦੋਂ ਫ਼ਾਰਸ ਦੇ ਰਾਜ ਵਿਚ ਦੋ ਇਸਰਾਏਲੀਆਂ ਦਾ ਬਹੁਤ ਹੀ ਉੱਚਾ ਰੁਤਬਾ ਸੀ। ਉਨ੍ਹਾਂ ਦੇ ਨਾਂ ਸਨ ਮਾਰਦਕਈ ਤੇ ਅਸਤਰ। ਮਾਰਦਕਈ ਫ਼ਾਰਸ ਦੇ ਰਾਜ ਵਿਚ ਦੂਜੇ ਅਹੁਦੇ ਤੇ ਸੀ। ਅਸਤਰ ਫ਼ਾਰਸ ਦੀ ਰਾਣੀ ਸੀ। ਇਹ ਦੋਵੇਂ ਰਿਸ਼ਤੇਦਾਰ ਸਨ। ਹੁਣ ਆਪਾਂ ਦੇਖਦੇ ਹਾਂ ਕਿ ਇਹ ਦੋਵੇਂ ਇੰਨੇ ਮਸ਼ਹੂਰ ਕਿਵੇਂ ਹੋਏ।

ਬਚਪਨ ਵਿਚ ਹੀ ਅਸਤਰ ਦੇ ਮਾਂ-ਬਾਪ ਮਰ ਗਏ ਸਨ। ਅਸਤਰ ਦਾ ਪਾਲਣ-ਪੋਸਣ ਮਾਰਦਕਈ ਨੇ ਹੀ ਕੀਤਾ ਸੀ। ਫ਼ਾਰਸ ਦੇ ਰਾਜੇ ਅਹਸ਼ਵੇਰੋਸ਼ ਦਾ ਮਹਿਲ ਸ਼ੂਸ਼ਨ ਸ਼ਹਿਰ ਵਿਚ ਸੀ। ਮਾਰਦਕਈ ਉਹ ਦੇ ਲਈ ਕੰਮ ਕਰਦਾ ਸੀ। ਇਕ ਦਿਨ ਰਾਜੇ ਦੀ ਪਤਨੀ ਵਸ਼ਤੀ ਨੇ ਉਸ ਦਾ ਹੁਕਮ ਨਾ ਮੰਨਿਆ ਜਿਸ ਕਰਕੇ ਰਾਜੇ ਨੇ ਆਪਣੇ ਲਈ ਇਕ ਨਵੀਂ ਪਤਨੀ ਚੁਣ ਲਈ। ਉਸ ਦੀ ਇਹ ਨਵੀਂ ਪਤਨੀ ਫ਼ਾਰਸ ਦੀ ਰਾਣੀ ਬਣੀ। ਤੁਹਾਨੂੰ ਪਤਾ ਰਾਜੇ ਨੇ ਕਿਸ ਨੂੰ ਆਪਣੀ ਪਤਨੀ ਚੁਣਿਆ ਸੀ? ਖ਼ੂਬਸੂਰਤ ਕੁੜੀ ਅਸਤਰ ਨੂੰ।

ਤਸਵੀਰ ਵਿਚ ਦੇਖੋ ਲੋਕ ਇਸ ਘਮੰਡੀ ਬੰਦੇ ਨੂੰ ਝੁੱਕ ਕੇ ਸਲਾਮ ਕਰ ਰਹੇ ਹਨ। ਇਸ ਬੰਦੇ ਦਾ ਨਾਮ ਹਾਮਾਨ ਹੈ। ਇਹ ਫ਼ਾਰਸ ਵਿਚ ਇਕ ਬਹੁਤ ਹੀ ਖ਼ਾਸ ਆਦਮੀ ਸੀ। ਹਾਮਾਨ ਚਾਹੁੰਦਾ ਸੀ ਕਿ ਬਾਕੀ ਲੋਕਾਂ ਦੀ ਤਰ੍ਹਾਂ ਮਾਰਦਕਈ ਵੀ ਉਸ ਨੂੰ ਝੁੱਕ ਕੇ ਸਲਾਮ ਕਰੇ। ਪਰ ਮਾਰਦਕਈ ਚੁੱਪ-ਚਾਪ ਬੈਠਾ ਰਿਹਾ ਕਿਉਂਕਿ ਉਹ ਹਾਮਾਨ ਵਰਗੇ ਭੈੜੇ ਆਦਮੀ ਅੱਗੇ ਸਿਰ ਝੁਕਾਉਣਾ ਨਹੀਂ ਚਾਹੁੰਦਾ ਸੀ। ਹਾਮਾਨ ਨੂੰ ਬੜਾ ਗੁੱਸਾ ਚੜ੍ਹਿਆ। ਆਓ ਦੇਖੀਏ ਹਾਮਾਨ ਨੇ ਕੀ ਕੀਤਾ।

ਉਸ ਨੇ ਰਾਜੇ ਨੂੰ ਇਸਰਾਏਲੀਆਂ ਬਾਰੇ ਝੂਠੀਆਂ ਗੱਲਾਂ ਦੱਸੀਆਂ। ਉਸ ਨੇ ਕਿਹਾ: ‘ਇਸਰਾਏਲੀ ਬੁਰੇ ਲੋਕ ਹਨ ਅਤੇ ਤੁਹਾਡੇ ਹੁਕਮਾਂ ਤੇ ਨਹੀਂ ਚੱਲਦੇ। ਇਸ ਲਈ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।’ ਅਹਸ਼ਵੇਰੋਸ਼ ਨੂੰ ਨਹੀਂ ਸੀ ਪਤਾ ਕਿ ਉਸ ਦੀ ਪਤਨੀ ਅਸਤਰ ਵੀ ਇਸਰਾਏਲੀ ਸੀ। ਰਾਜੇ ਨੇ ਹਾਮਾਨ ਦੀ ਗੱਲ ਮੰਨ ਕੇ ਇਕ ਕਾਨੂੰਨ ਪਾਸ ਕਰ ਦਿੱਤਾ। ਇਸ ਕਾਨੂੰਨ ਮੁਤਾਬਕ ਸਾਰੇ ਇਸਰਾਏਲੀਆਂ ਨੂੰ ਮਾਰਨ ਲਈ ਇਕ ਦਿਨ ਤੈਅ ਕੀਤਾ ਗਿਆ।

ਜਦ ਮਾਰਦਕਈ ਨੂੰ ਇਸ ਕਾਨੂੰਨ ਬਾਰੇ ਪਤਾ ਲੱਗਾ, ਤਾਂ ਉਹ ਬਹੁਤ ਪਰੇਸ਼ਾਨ ਹੋਇਆ। ਉਸ ਨੇ ਅਸਤਰ ਨੂੰ ਸੰਦੇਸ਼ ਭੇਜਿਆ: ‘ਤੈਨੂੰ ਰਾਜੇ ਨਾਲ ਗੱਲ ਕਰਨੀ ਹੋਵੇਗੀ ਅਤੇ ਸਾਨੂੰ ਬਚਾਉਣ ਲਈ ਉਸ ਅੱਗੇ ਬੇਨਤੀ ਕਰਨੀ ਹੋਵੇਗੀ।’ ਫ਼ਾਰਸ ਵਿਚ ਬਿਨ-ਬੁਲਾਏ ਰਾਜੇ ਸਾਮ੍ਹਣੇ ਜਾਣਾ ਇਕ ਗੁਨਾਹ ਮੰਨਿਆ ਜਾਂਦਾ ਸੀ ਜਿਸ ਦੀ ਸਜ਼ਾ ਮੌਤ ਸੀ। ਪਰ ਅਸਤਰ ਬਿਨ-ਬੁਲਾਏ ਹੀ ਰਾਜੇ ਸਾਮ੍ਹਣੇ ਪੇਸ਼ ਹੋ ਗਈ। ਰਾਜੇ ਨੇ ਅਸਤਰ ਵੱਲ ਸੋਨੇ ਦਾ ਡੰਡਾ ਕੀਤਾ ਜਿਸ ਦਾ ਮਤਲਬ ਸੀ ਕਿ ਅਸਤਰ ਨੂੰ ਨਾ ਮਾਰਿਆ ਜਾਵੇ। ਅਸਤਰ ਨੇ ਰਾਜੇ ਅਤੇ ਹਾਮਾਨ ਨੂੰ ਇਕ ਵੱਡੀ ਦਾਅਵਤ ਤੇ ਆਉਣ ਦਾ ਸੱਦਾ ਦਿੱਤਾ। ਦਾਅਵਤ ਵਿਚ ਰੋਟੀ ਖਾਣ ਤੋਂ ਬਾਅਦ ਰਾਜੇ ਨੇ ਅਸਤਰ ਨੂੰ ਪੁੱਛਿਆ: ‘ਦੱਸ ਮੈਂ ਤੇਰੇ ਲਈ ਕੀ ਕਰਾਂ।’ ਉਸ ਨੇ ਜਵਾਬ ਦਿੱਤਾ: ‘ਜੇ ਤੁਸੀਂ ਅਤੇ ਹਾਮਾਨ ਕੱਲ੍ਹ ਨੂੰ ਫਿਰ ਮੇਰੇ ਨਾਲ ਰੋਟੀ ਖਾਣ ਆਓਗੇ, ਤਾਂ ਮੈਂ ਦੱਸਾਂਗੀ ਕਿ ਮੈਨੂੰ ਕੀ ਚਾਹੀਦਾ ਹੈ।’

ਜਦ ਉਹ ਦੂਸਰੇ ਦਿਨ ਖਾਣਾ ਖਾਣ ਆਏ, ਤਾਂ ਅਸਤਰ ਨੇ ਰਾਜੇ ਨੂੰ ਕਿਹਾ: ‘ਮੈਨੂੰ ਅਤੇ ਮੇਰੇ ਲੋਕਾਂ ਨੂੰ ਮਾਰਨ ਦਾ ਹੁਕਮ ਦਿੱਤਾ ਗਿਆ ਹੈ।’ ਰਾਜੇ ਨੂੰ ਗੁੱਸਾ ਚੜ੍ਹਿਆ ਅਤੇ ਉਸ ਨੇ ਪੁੱਛਿਆ: ‘ਕਿਸ ਦੀ ਇੰਨੀ ਮਜਾਲ ਹੈ ਕਿ ਉਹ ਇਹ ਕੰਮ ਕਰੇ?’

ਅਸਤਰ ਨੇ ਕਿਹਾ: ‘ਉਹ ਆਦਮੀ, ਉਹ ਦੁਸ਼ਮਣ, ਇਹੋ ਭੈੜਾ ਹਾਮਾਨ ਹੈ!’

ਇਹ ਸੁਣ ਕੇ ਰਾਜੇ ਨੂੰ ਹੋਰ ਵੀ ਗੁੱਸਾ ਚੜ੍ਹ ਗਿਆ। ਉਸ ਨੇ ਹੁਕਮ ਦਿੱਤਾ ਕਿ ਹਾਮਾਨ ਨੂੰ ਫਾਂਸੀ ਤੇ ਚੜ੍ਹਾ ਦਿੱਤਾ ਜਾਵੇ। ਇਸ ਤੋਂ ਬਾਅਦ ਰਾਜੇ ਨੇ ਮਾਰਦਕਈ ਨੂੰ ਰਾਜ ਵਿਚ ਦੂਜਾ ਅਹੁਦਾ ਦਿੱਤਾ। ਫਿਰ ਮਾਰਦਕਈ ਨੇ ਇਕ ਹੋਰ ਕਾਨੂੰਨ ਬਣਾਇਆ। ਇਸ ਕਾਨੂੰਨ ਅਨੁਸਾਰ ਇਸਰਾਏਲੀ ਆਪਣੀ ਜਾਨ ਬਚਾਉਣ ਲਈ ਲੜ ਸਕਦੇ ਸਨ। ਮਾਰਦਕਈ ਹੁਣ ਫ਼ਾਰਸ ਵਿਚ ਇਕ ਵੱਡਾ ਆਦਮੀ ਸੀ ਜਿਸ ਕਰਕੇ ਬਹੁਤ ਸਾਰੇ ਲੋਕਾਂ ਨੇ ਇਸਰਾਏਲੀਆਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਬਚਾਇਆ।