Skip to content

Skip to table of contents

ਕਹਾਣੀ 87

ਹੈਕਲ ਵਿਚ ਨੌਜਵਾਨ ਯਿਸੂ

ਹੈਕਲ ਵਿਚ ਨੌਜਵਾਨ ਯਿਸੂ

ਜ਼ਰਾ ਤਸਵੀਰ ਵਿਚ ਦੇਖੋ ਕਿ ਇਹ ਮੁੰਡਾ ਕਿਵੇਂ ਇਨ੍ਹਾਂ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਹੈ। ਇਹ ਬਜ਼ੁਰਗ ਯਰੂਸ਼ਲਮ ਦੀ ਹੈਕਲ ਵਿਚ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿੱਖਿਆ ਦਿੰਦੇ ਸਨ। ਇਹ ਮੁੰਡਾ ਯਿਸੂ ਹੈ ਅਤੇ ਹੁਣ ਇਸ ਦੀ ਉਮਰ 12 ਸਾਲਾਂ ਦੀ ਹੈ।

ਇਹ ਬਜ਼ੁਰਗ ਯਿਸੂ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਏ ਕਿ ਇੰਨੀ ਛੋਟੀ ਉਮਰ ਵਿਚ ਉਹ ਪਰਮੇਸ਼ੁਰ ਅਤੇ ਬਾਈਬਲ ਬਾਰੇ ਇੰਨਾ ਕੁਝ ਜਾਣਦਾ ਸੀ। ਪਰ ਯੂਸੁਫ਼ ਤੇ ਮਰਿਯਮ ਤਾਂ ਕਿਤੇ ਦਿਖਾਈ ਨਹੀਂ ਦਿੰਦੇ। ਉਹ ਕਿੱਥੇ ਹਨ? ਚਲੋ ਅੱਗੇ ਦੇਖਦੇ ਹਾਂ।

ਹਰ ਸਾਲ ਯੂਸੁਫ਼ ਆਪਣੇ ਪਰਿਵਾਰ ਨੂੰ ਪਸਾਹ ਨਾਮ ਦਾ ਇਕ ਤਿਉਹਾਰ ਮਨਾਉਣ ਲਈ ਯਰੂਸ਼ਲਮ ਲੈ ਕੇ ਜਾਂਦਾ ਹੁੰਦਾ ਸੀ। ਨਾਸਰਤ ਤੋਂ ਯਰੂਸ਼ਲਮ ਦਾ ਸਫ਼ਰ ਕਾਫ਼ੀ ਲੰਬਾ ਸੀ। ਉਨ੍ਹਾਂ ਦਿਨਾਂ ਵਿਚ ਕਾਰਾਂ ਜਾਂ ਰੇਲ ਗੱਡੀਆਂ ਨਹੀਂ ਹੁੰਦੀਆਂ ਸਨ। ਸਾਰਿਆਂ ਲੋਕਾਂ ਨੂੰ ਪੈਦਲ ਹੀ ਸਫ਼ਰ ਕਰਨਾ ਪੈਂਦਾ ਸੀ। ਨਾਸਰਤ ਤੋਂ ਯਰੂਸ਼ਲਮ ਨੂੰ ਪੈਦਲ ਜਾਣ ਲਈ ਲਗਭਗ ਤਿੰਨ ਦਿਨ ਲੱਗਦੇ ਸਨ।

ਯੂਸੁਫ਼ ਦਾ ਪਰਿਵਾਰ ਕਾਫ਼ੀ ਵੱਡਾ ਹੋ ਚੁੱਕਾ ਸੀ। ਉਸ ਨੂੰ ਯਿਸੂ ਤੋਂ ਇਲਾਵਾ ਆਪਣੇ ਕਈ ਹੋਰ ਧੀਆਂ-ਪੁੱਤਾਂ ਦੀ ਵੀ ਦੇਖ-ਭਾਲ ਕਰਨੀ ਪੈਂਦੀ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯੂਸੁਫ਼ ਅਤੇ ਉਸ ਦਾ ਪਰਿਵਾਰ ਪਸਾਹ ਮਨਾ ਕੇ ਨਾਸਰਤ ਨੂੰ ਵਾਪਸ ਆ ਰਹੇ ਸਨ। ਉਨ੍ਹਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਸਫ਼ਰ ਕਰ ਰਹੇ ਸਨ। ਯੂਸੁਫ਼ ਤੇ ਮਰਿਯਮ ਨੇ ਸੋਚਿਆ ਕਿ ਯਿਸੂ ਇਨ੍ਹਾਂ ਲੋਕਾਂ ਦੇ ਨਾਲ-ਨਾਲ ਆ ਰਿਹਾ ਹੋਵੇਗਾ। ਪਰ ਜਦ ਸ਼ਾਮ ਨੂੰ ਉਨ੍ਹਾਂ ਨੇ ਯਿਸੂ ਨੂੰ ਲੱਭਣਾ ਸ਼ੁਰੂ ਕੀਤਾ, ਤਾਂ ਉਹ ਉਨ੍ਹਾਂ ਨੂੰ ਕਿਤੇ ਨਾ ਲੱਭਿਆ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ ਨੂੰ ਪੁੱਛਿਆ ਕਿ ‘ਕੀ ਤੁਸੀਂ ਯਿਸੂ ਨੂੰ ਕਿਤੇ ਦੇਖਿਆ ਹੈ?’ ਪਰ ਕਿਸੇ ਨੂੰ ਉਸ ਬਾਰੇ ਕੁਝ ਪਤਾ ਨਹੀਂ ਸੀ। ਉਸ ਦੀ ਭਾਲ ਵਿਚ ਉਹ ਵਾਪਸ ਯਰੂਸ਼ਲਮ ਨੂੰ ਆ ਗਏ।

ਆਖ਼ਰ ਉਨ੍ਹਾਂ ਨੂੰ ਯਿਸੂ ਲੱਭ ਪਿਆ। ਉਹ ਹੈਕਲ ਵਿਚ ਬੈਠਾ ਬਜ਼ੁਰਗਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ ਅਤੇ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਸੀ। ਸਾਰੇ ਲੋਕ ਯਿਸੂ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਏ ਕਿ ਉਹ ਕਿੰਨਾ ਸਮਝਦਾਰ ਸੀ। ਮਰਿਯਮ ਨੇ ਉਸ ਨੂੰ ਕਿਹਾ: ‘ਪੁੱਤ, ਤੂੰ ਸਾਡੇ ਨਾਲ ਇਹ ਕਿਉਂ ਕੀਤਾ? ਅਸੀਂ ਤੈਨੂੰ ਲੱਭ-ਲੱਭ ਕੇ ਬਹੁਤ ਪਰੇਸ਼ਾਨ ਹੋ ਗਏ।’

ਯਿਸੂ ਨੇ ਜਵਾਬ ਦਿੱਤਾ: ‘ਭਲਾ, ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਆਪਣੇ ਪਿਤਾ ਦੇ ਘਰ ਵਿਚ ਹੀ ਹੋਵਾਂਗਾ?’

ਯਿਸੂ ਅਜਿਹੀ ਜਗ੍ਹਾ ਤੇ ਜਾਣਾ ਬਹੁਤ ਪਸੰਦ ਕਰਦਾ ਸੀ ਜਿੱਥੇ ਉਹ ਪਰਮੇਸ਼ੁਰ ਬਾਰੇ ਹੋਰ ਸਿੱਖ ਸਕਦਾ ਸੀ। ਕੀ ਸਾਨੂੰ ਵੀ ਉਸ ਵਰਗੇ ਨਹੀਂ ਬਣਨਾ ਚਾਹੀਦਾ? ਨਾਸਰਤ ਵਿਚ ਯਿਸੂ ਪਰਮੇਸ਼ੁਰ ਬਾਰੇ ਸਿੱਖਣ ਲਈ ਹਰ ਹਫ਼ਤੇ ਸਭਾ-ਘਰ ਜਾਂਦਾ ਸੀ। ਉੱਥੇ ਉਹ ਬਜ਼ੁਰਗਾਂ ਦੀਆਂ ਗੱਲਾਂ ਧਿਆਨ ਨਾਲ ਸੁਣਦਾ ਸੀ ਜਿਸ ਕਰਕੇ ਉਸ ਨੂੰ ਬਾਈਬਲ ਦਾ ਬਹੁਤ ਗਿਆਨ ਸੀ। ਆਓ ਆਪਾਂ ਵੀ ਯਿਸੂ ਵਰਗੇ ਬਣੀਏ ਅਤੇ ਉਸ ਦੀ ਮਿਸਾਲ ਤੇ ਚੱਲੀਏ।