Skip to content

Skip to table of contents

ਕਹਾਣੀ 99

ਇਕ ਚੁਬਾਰੇ ਵਿਚ

ਇਕ ਚੁਬਾਰੇ ਵਿਚ

ਦੋ ਦਿਨ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਭਵਿੱਖ ਬਾਰੇ ਕਈ ਗੱਲਾਂ ਦੱਸੀਆਂ ਸਨ। ਹੁਣ ਵੀਰਵਾਰ ਸ਼ਾਮ ਸੀ। ਯਿਸੂ ਅਤੇ ਉਸ ਦੇ 12 ਰਸੂਲ ਇਕ ਚੁਬਾਰੇ ਵਿਚ ਪਸਾਹ ਦਾ ਭੋਜਨ ਖਾਣ ਆਏ ਸਨ। ਤਸਵੀਰ ਵਿਚ ਜਿਹੜਾ ਬੰਦਾ ਬਾਹਰ ਜਾ ਰਿਹਾ ਹੈ, ਉਹ ਯਹੂਦਾ ਇਸਕਰਿਯੋਤੀ ਹੈ। ਉਹ ਧਾਰਮਿਕ ਆਗੂਆਂ ਨੂੰ ਦੱਸਣ ਜਾ ਰਿਹਾ ਹੈ ਕਿ ਉਹ ਯਿਸੂ ਨੂੰ ਕਿਵੇਂ ਫੜ ਸਕਦੇ ਹਨ।

ਇਕ ਦਿਨ ਪਹਿਲਾਂ ਯਹੂਦਾ ਧਾਰਮਿਕ ਆਗੂਆਂ ਨੂੰ ਮਿਲਣ ਗਿਆ ਤੇ ਉਸ ਨੇ ਪੱਛਿਆ: ‘ਜੇ ਮੈਂ ਯਿਸੂ ਨੂੰ ਫੜਨ ਵਿਚ ਤੁਹਾਡੀ ਮਦਦ ਕਰਾਂ ਤਾਂ ਤੁਸੀਂ ਮੈਨੂੰ ਕੀ ਦਿਓਗੇ?’ ਉਨ੍ਹਾਂ ਨੇ ਕਿਹਾ: ‘ਚਾਂਦੀ ਦੇ ਤੀਹ ਸਿੱਕੇ।’ ਇਸ ਲਈ ਉਹ ਉਨ੍ਹਾਂ ਨੂੰ ਯਿਸੂ ਦਾ ਥਾਂ-ਟਿਕਾਣਾ ਦੱਸਣ ਜਾ ਰਿਹਾ ਸੀ। ਯਹੂਦਾ ਇਕ ਬਹੁਤ ਹੀ ਮਾੜਾ ਕੰਮ ਕਰਨ ਜਾ ਰਿਹਾ ਸੀ।

ਪਸਾਹ ਦਾ ਭੋਜਨ ਖਾਣ ਪਿੱਛੋਂ ਯਿਸੂ ਨੇ ਆਪਣੇ ਚੇਲਿਆਂ ਨਾਲ ਇਕ ਹੋਰ ਭੋਜਨ ਖਾਣ ਦੀ ਰਸਮ ਸ਼ੁਰੂ ਕੀਤੀ। ਯਿਸੂ ਨੇ ਆਪਣੇ ਚੇਲਿਆਂ ਨੂੰ ਰੋਟੀ ਫੜਾਉਂਦੇ ਕਿਹਾ: ‘ਖਾਓ, ਕਿਉਂਕਿ ਇਹ ਮੇਰੇ ਸਰੀਰ ਨੂੰ ਦਰਸਾਉਂਦਾ ਹੈ, ਜੋ ਤੁਹਾਡੇ ਲਈ ਦਿੱਤਾ ਜਾਵੇਗਾ।’ ਫਿਰ ਉਸ ਨੇ ਮੈ ਦਾ ਪਿਆਲਾ ਉਨ੍ਹਾਂ ਨੂੰ ਫੜਾਉਂਦੇ ਹੋਏ ਕਿਹਾ: ‘ਪੀਓ, ਕਿਉਂਕਿ ਇਹ ਮੇਰੇ ਲਹੂ ਨੂੰ ਦਰਸਾਉਂਦਾ ਹੈ ਜੋ ਤੁਹਾਡੇ ਲਈ ਵਹਾਇਆ ਜਾਵੇਗਾ।’ ਬਾਈਬਲ ਇਸ ਭੋਜਨ ਨੂੰ ‘ਪ੍ਰਭੂ ਦਾ ਆਖ਼ਰੀ ਭੋਜਨ’ ਜਾਂ ‘ਪ੍ਰਭੂ ਦਾ ਭੋਜਨ’ ਵੀ ਕਹਿੰਦੀ ਹੈ।

ਪਸਾਹ ਦਾ ਤਿਉਹਾਰ ਇਸਰਾਏਲੀਆਂ ਨੂੰ ਉਸ ਦਿਨ ਦੀ ਯਾਦ ਦਿਲਾਉਂਦਾ ਸੀ ਜਦ ਪਰਮੇਸ਼ੁਰ ਦੇ ਇਕ ਦੂਤ ਨੇ ਸਾਰੇ ਮਿਸਰੀਆਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਦੇ ਜੇਠੇ ਨਿਆਣਿਆਂ ਅਤੇ ਜਾਨਵਰਾਂ ਨੂੰ ਮਾਰਿਆ ਸੀ। ਪਰ ਉਹ ਇਸਰਾਏਲੀਆਂ ਦੇ ਘਰਾਂ ਦੇ ਉੱਪਰ ਦੀ ਲੰਘ ਗਿਆ ਸੀ। ਉਸ ਨੇ ਇਸਰਾਏਲੀਆਂ ਦੇ ਜੇਠਿਆਂ ਨੂੰ ਨਹੀਂ ਮਾਰਿਆ ਸੀ। ਪਰ ਹੁਣ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਹਰ ਸਾਲ ਇਹ ਦਿਨ ਉਸ ਦੀ ਯਾਦਗਾਰ ਵਜੋਂ ਮਨਾਉਣ। ਹਰ ਸਾਲ ਇਸ ਦਿਨ ਨੇ ਉਨ੍ਹਾਂ ਨੂੰ ਇਸ ਗੱਲ ਦੀ ਯਾਦ ਦਿਲਾਉਣੀ ਸੀ ਕਿ ਯਿਸੂ ਨੇ ਕਿਵੇਂ ਉਨ੍ਹਾਂ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ।

ਭੋਜਨ ਖਾਣ ਪਿੱਛੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਦਲੇਰ ਬਣਨ ਅਤੇ ਪੱਕੀ ਨਿਹਚਾ ਰੱਖਣ ਲਈ ਕਿਹਾ। ਫਿਰ ਉਨ੍ਹਾਂ ਨੇ ਪਰਮੇਸ਼ੁਰ ਦੀ ਮਹਿਮਾ ਦੇ ਭਜਨ ਗਾਏ ਜਿਸ ਤੋਂ ਬਾਅਦ ਉਹ ਚੁਬਾਰੇ ਤੋਂ ਚਲੇ ਗਏ। ਰਾਤ ਕਾਫ਼ੀ ਹੋ ਚੁੱਕੀ ਸੀ। ਆਓ ਅੱਗੇ ਚੱਲ ਕੇ ਦੇਖਦੇ ਹਾਂ ਕਿ ਉਹ ਕਿੱਥੇ ਗਏ।