Skip to content

Skip to table of contents

ਕਹਾਣੀ 100

ਗਥਸਮਨੀ ਦੇ ਬਾਗ਼ ਵਿਚ

ਗਥਸਮਨੀ ਦੇ ਬਾਗ਼ ਵਿਚ

ਚੁਬਾਰੇ ਤੋਂ ਉੱਤਰ ਕੇ ਯਿਸੂ ਅਤੇ ਉਸ ਦੇ ਚੇਲੇ ਗਥਸਮਨੀ ਦੇ ਬਾਗ਼ ਵਿਚ ਚਲੇ ਗਏ। ਉੱਥੇ ਉਹ ਪਹਿਲਾਂ ਵੀ ਕਈ ਵਾਰ ਜਾ ਚੁੱਕੇ ਸਨ। ਯਿਸੂ ਨੇ ਉਨ੍ਹਾਂ ਨੂੰ ਜਾਗਦੇ ਰਹਿਣ ਅਤੇ ਪ੍ਰਾਰਥਨਾ ਕਰਦੇ ਰਹਿਣ ਲਈ ਕਿਹਾ। ਫਿਰ ਉਹ ਆਪ ਥੋੜ੍ਹੀ ਕੁ ਦੂਰੀ ਤੇ ਚਲੇ ਗਿਆ ਅਤੇ ਸਿਰ ਝੁਕਾ ਕੇ ਤੇ ਗੋਡੇ ਟੇਕ ਕੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨ ਲੱਗਾ।

ਪ੍ਰਾਰਥਨਾ ਕਰਨ ਪਿੱਛੋਂ ਉਹ ਵਾਪਸ ਆਪਣੇ ਚੇਲਿਆਂ ਕੋਲ ਆਇਆ। ਤੁਹਾਡੇ ਖ਼ਿਆਲ ਵਿਚ ਉਹ ਕੀ ਕਰ ਰਹੇ ਸਨ? ਉਹ ਸਭ ਸੌਂ ਰਹੇ ਸਨ! ਯਿਸੂ ਨੇ ਉਨ੍ਹਾਂ ਨੂੰ ਤਿੰਨ ਵਾਰ ਜਾਗਦੇ ਰਹਿਣ ਅਤੇ ਪ੍ਰਾਰਥਨਾ ਕਰਦੇ ਰਹਿਣ ਲਈ ਕਿਹਾ ਸੀ, ਪਰ ਉਹ ਹਰ ਵਾਰੀ ਸੌਂ ਜਾਂਦੇ ਸਨ। ਤੀਜੀ ਵਾਰੀ ਜਦ ਯਿਸੂ ਪ੍ਰਾਰਥਨਾ ਕਰ ਕੇ ਵਾਪਸ ਆਇਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: ‘ਤੁਸੀਂ ਅਜਿਹੇ ਸਮੇਂ ਤੇ ਕਿਵੇਂ ਸੌਂ ਸਕਦੇ ਹੋ? ਦੇਖੋ ਮੈਨੂੰ ਮੇਰੇ ਦੁਸ਼ਮਣਾਂ ਦੇ ਹੱਥ ਫੜਵਾਉਣ ਦਾ ਸਮਾਂ ਆ ਪਹੁੰਚਿਆ ਹੈ।’

ਯਿਸੂ ਅਜੇ ਇਹ ਗੱਲ ਕਹਿ ਕੇ ਹਟਿਆ ਹੀ ਸੀ ਕਿ ਉਨ੍ਹਾਂ ਨੂੰ ਭੀੜ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਹੁਣ ਬਾਗ਼ ਵਿਚ ਕਈ ਬੰਦੇ ਆ ਪੁੱਜੇ, ਉਨ੍ਹਾਂ ਨੇ ਹੱਥਾਂ ਵਿਚ ਤਲਵਾਰਾਂ ਅਤੇ ਚਾਨਣ ਕਰਨ ਲਈ ਮਸ਼ਾਲਾਂ ਫੜੀਆਂ ਹੋਈਆਂ ਸਨ। ਜਦ ਇਹ ਭੀੜ ਯਿਸੂ ਕੋਲ ਪਹੁੰਚੀ, ਤਾਂ ਭੀੜ ਵਿੱਚੋਂ ਇਕ ਜਣਾ ਯਿਸੂ ਦੇ ਨੇੜੇ ਆਇਆ ਤੇ ਉਸ ਨੇ ਯਿਸੂ ਨੂੰ ਚੁੰਮਿਆ। ਤੁਸੀਂ ਤਸਵੀਰ ਵਿਚ ਇਸ ਆਦਮੀ ਨੂੰ ਦੇਖ ਸਕਦੇ ਹੋ। ਇਹ ਬੰਦਾ ਕੋਈ ਹੋਰ ਨਹੀਂ ਬਲਕਿ ਯਹੂਦਾ ਇਸਕਰਿਯੋਤੀ ਹੀ ਸੀ! ਪਰ ਉਸ ਨੇ ਯਿਸੂ ਨੂੰ ਕਿਉਂ ਚੁੰਮਿਆ ਸੀ?

ਯਿਸੂ ਨੇ ਉਸ ਨੂੰ ਪੁੱਛਿਆ: ‘ਯਹੂਦਾ, ਕੀ ਤੂੰ ਮੈਨੂੰ ਚੁੰਮ ਕੇ ਫੜਵਾਉਂਦਾ ਹੈਂ?’ ਉਹ ਯਿਸੂ ਨੂੰ ਇਸ ਲਈ ਚੁੰਮ ਰਿਹਾ ਸੀ ਤਾਂਕਿ ਉਸ ਦੇ ਦੁਸ਼ਮਣ ਯਿਸੂ ਨੂੰ ਪਛਾਣ ਸਕਣ। ਜਦ ਯਿਸੂ ਦੇ ਦੁਸ਼ਮਣਾਂ ਨੂੰ ਉਸ ਦੀ ਪਛਾਣ ਹੋ ਗਈ, ਤਾਂ ਉਨ੍ਹਾਂ ਨੇ ਅੱਗੇ ਵਧ ਕੇ ਉਸ ਨੂੰ ਫੜ ਲਿਆ। ਪਰ ਪਤਰਸ ਦੇ ਹੁੰਦਿਆਂ ਉਹ ਯਿਸੂ ਨੂੰ ਇੰਨੀ ਆਸਾਨੀ ਨਾਲ ਨਹੀਂ ਲਿਜਾ ਸਕਦੇ ਸਨ। ਪਤਰਸ ਨੇ ਫਟਾਫਟ ਆਪਣੀ ਤਲਵਾਰ ਮਿਆਨ ਵਿੱਚੋਂ ਕੱਢੀ ਅਤੇ ਆਪਣੇ ਲਾਗੇ ਖੜ੍ਹੇ ਬੰਦੇ ਤੇ ਵਾਰ ਕੀਤਾ। ਬੰਦੇ ਦਾ ਸਿਰ ਮਸੀਂ ਬਚਿਆ, ਪਰ ਉਸ ਦਾ ਸੱਜਾ ਕੰਨ ਵੱਢਿਆ ਗਿਆ। ਯਿਸੂ ਨੇ ਬੰਦੇ ਦੇ ਕੰਨ ਨੂੰ ਹੱਥ ਲਾ ਕੇ ਉਸ ਨੂੰ ਠੀਕ ਕਰ ਦਿੱਤਾ।

ਫਿਰ ਯਿਸੂ ਨੇ ਪਤਰਸ ਨੂੰ ਕਿਹਾ: ‘ਆਪਣੀ ਤਲਵਾਰ ਨੂੰ ਵਾਪਸ ਮਿਆਨ ਵਿਚ ਰੱਖ ਦੇ। ਤੂੰ ਕੀ ਸੋਚਦਾ ਹੈਂ ਕਿ ਮੈਂ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੇ ਪਿਤਾ ਤੋਂ ਹਜ਼ਾਰਾਂ ਹੀ ਫ਼ਰਿਸ਼ਤਿਆਂ ਦੀ ਮੰਗ ਨਹੀਂ ਕਰ ਸਕਦਾ?’ ਯਿਸੂ ਵਾਕਈ ਇੰਜ ਕਰ ਸਕਦਾ ਸੀ। ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ ਕਿਉਂਕਿ ਉਹ ਜਾਣਦਾ ਸੀ ਕਿ ਉਸ ਨੂੰ ਆਪਣੇ ਦੁਸ਼ਮਣਾਂ ਦੇ ਹੱਥ ਫੜਵਾਉਣ ਦਾ ਸਮਾਂ ਆ ਪਹੁੰਚਿਆ ਸੀ। ਭੀੜ ਯਿਸੂ ਨੂੰ ਫੜ ਕੇ ਲੈ ਗਈ। ਚਲੋ ਆਓ ਦੇਖੀਏ ਕਿ ਯਿਸੂ ਨਾਲ ਅੱਗੇ ਕੀ ਹੋਇਆ।