Skip to content

Skip to table of contents

ਸੱਤਵਾਂ ਭਾਗ

ਯਿਸੂ ਦੇ ਜੀ ਉਠਾਏ ਜਾਣ ਤੋਂ ਲੈ ਕੇ ਪੌਲੁਸ ਦੀ ਕੈਦ ਤਕ

ਯਿਸੂ ਦੇ ਜੀ ਉਠਾਏ ਜਾਣ ਤੋਂ ਲੈ ਕੇ ਪੌਲੁਸ ਦੀ ਕੈਦ ਤਕ

ਯਿਸੂ ਦੀ ਮੌਤ ਤੋਂ ਤਿੰਨ ਦਿਨ ਬਾਅਦ ਪਰਮੇਸ਼ੁਰ ਨੇ ਉਸ ਨੂੰ ਜੀ ਉਠਾਇਆ। ਉਸੇ ਦਿਨ ਯਿਸੂ ਨੇ ਆਪਣੇ ਚੇਲਿਆਂ ਨੂੰ ਪੰਜ ਵਾਰੀ ਦਰਸ਼ਨ ਦਿੱਤਾ। ਯਿਸੂ 40 ਦਿਨਾਂ ਤਕ ਆਪਣੇ ਚੇਲਿਆਂ ਨੂੰ ਦਰਸ਼ਨ ਦਿੰਦਾ ਰਿਹਾ। ਫਿਰ ਚੇਲਿਆਂ ਦੇ ਦੇਖਦਿਆਂ-ਦੇਖਦਿਆਂ ਯਿਸੂ ਸਵਰਗ ਨੂੰ ਚਲਾ ਗਿਆ। ਦਸਾਂ ਦਿਨਾਂ ਬਾਅਦ ਪਰਮੇਸ਼ੁਰ ਨੇ ਯਰੂਸ਼ਲਮ ਵਿਚ ਇੰਤਜ਼ਾਰ ਕਰ ਰਹੇ ਚੇਲਿਆਂ ਨੂੰ ਸ਼ਕਤੀ ਬਖ਼ਸ਼ੀ।

ਕੁਝ ਸਮੇਂ ਬਾਅਦ ਪਰਮੇਸ਼ੁਰ ਦੇ ਦੁਸ਼ਮਣਾਂ ਨੇ ਯਿਸੂ ਦੇ ਰਸੂਲਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ। ਪਰ ਇਕ ਫ਼ਰਿਸ਼ਤੇ ਨੇ ਆ ਕੇ ਉਨ੍ਹਾਂ ਨੂੰ ਜੇਲ੍ਹ ਤੋਂ ਆਜ਼ਾਦ ਕਰ ਦਿੱਤਾ। ਜੋ ਲੋਕ ਪਰਮੇਸ਼ੁਰ ਦੇ ਰਾਹ ਤੇ ਨਹੀਂ ਚੱਲਣਾ ਚਾਹੁੰਦੇ ਸਨ, ਉਨ੍ਹਾਂ ਨੇ ਪਰਮੇਸ਼ੁਰ ਦੇ ਭਗਤ ਇਸਤੀਫ਼ਾਨ ਨੂੰ ਪੱਥਰ ਮਾਰ-ਮਾਰ ਕੇ ਮਾਰ ਸੁੱਟਿਆ। ਅਸੀਂ ਇਸ ਭਾਗ ਵਿਚ ਸਿੱਖਾਂਗੇ ਕਿ ਇਨ੍ਹਾਂ ਦੁਸ਼ਮਣਾਂ ਵਿੱਚੋਂ ਹੀ ਯਿਸੂ ਨੇ ਇਕ ਬੰਦੇ ਨੂੰ ਆਪਣੇ ਸੇਵਕ ਵਜੋਂ ਚੁਣਿਆ ਸੀ। ਇਹ ਬੰਦਾ ਪੌਲੁਸ ਰਸੂਲ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਅੱਗੇ ਅਸੀਂ ਪੜ੍ਹਾਂਗੇ ਕਿ ਯਿਸੂ ਦੀ ਮੌਤ ਤੋਂ ਸਾਢੇ ਤਿੰਨ ਸਾਲਾਂ ਬਾਅਦ ਪਰਮੇਸ਼ੁਰ ਨੇ ਰਸੂਲ ਪਤਰਸ ਨੂੰ ਕੁਰਨੇਲਿਯੁਸ ਅਤੇ ਉਸ ਦੇ ਪਰਿਵਾਰ ਕੋਲ ਪ੍ਰਚਾਰ ਕਰਨ ਭੇਜਿਆ ਜੋ ਯਹੂਦੀ ਨਹੀਂ ਸਨ।

ਤਕਰੀਬਨ 13 ਸਾਲ ਬਾਅਦ ਪੌਲੁਸ ਆਪਣੇ ਪ੍ਰਚਾਰ ਦੇ ਪਹਿਲੇ ਦੌਰੇ ਤੇ ਗਿਆ। ਦੂਜੀ ਵਾਰ ਜਦ ਉਹ ਪ੍ਰਚਾਰ ਦੇ ਦੌਰੇ ਤੇ ਗਿਆ, ਤਾਂ ਤਿਮੋਥਿਉਸ ਨੇ ਉਸ ਦਾ ਸਾਥ ਦਿੱਤਾ। ਪ੍ਰਚਾਰ ਕਰਨ ਵਿਚ ਕਈ ਹੋਰ ਬੰਦਿਆਂ ਨੇ ਵੀ ਪੌਲੁਸ ਦਾ ਸਾਥ ਦਿੱਤਾ ਸੀ। ਅਸੀਂ ਇਨ੍ਹਾਂ ਦੇ ਤਜਰਬਿਆਂ ਬਾਰੇ ਵੀ ਪੜ੍ਹਾਂਗੇ। ਫਿਰ ਕੁਝ ਸਮੇਂ ਬਾਅਦ ਪੌਲੁਸ ਨੂੰ ਰੋਮ ਵਿਚ ਕੈਦ ਕਰ ਲਿਆ ਗਿਆ ਸੀ। ਆਜ਼ਾਦ ਹੋਣ ਤੋਂ ਦੋ ਸਾਲ ਬਾਅਦ ਉਸ ਨੂੰ ਫਿਰ ਕੈਦ ਕਰ ਲਿਆ ਗਿਆ। ਇਸ ਵਾਰ ਉਹ ਜ਼ਿੰਦਾ ਬਾਹਰ ਨਹੀਂ ਨਿਕਲਿਆ। ਸੱਤਵੇਂ ਭਾਗ ਵਿਚ ਲਗਭਗ 32 ਸਾਲਾਂ ਦਾ ਇਤਿਹਾਸ ਪਾਇਆ ਜਾਂਦਾ ਹੈ।