Skip to content

Skip to table of contents

ਕਹਾਣੀ 102

ਯਿਸੂ ਨੂੰ ਜ਼ਿੰਦਾ ਕੀਤਾ ਗਿਆ

ਯਿਸੂ ਨੂੰ ਜ਼ਿੰਦਾ ਕੀਤਾ ਗਿਆ

ਤੁਹਾਨੂੰ ਪਤਾ ਤਸਵੀਰ ਵਿਚ ਇਹ ਔਰਤ ਅਤੇ ਬੰਦੇ ਕੌਣ ਹਨ? ਇਹ ਔਰਤ ਮਰਿਯਮ ਮਗਦਲੀਨੀ ਹੈ। ਚਿੱਟੇ ਕੱਪੜਿਆਂ ਵਾਲੇ ਇਹ ਬੰਦੇ ਫ਼ਰਿਸ਼ਤੇ ਹਨ। ਮਰਿਯਮ ਉਸ ਕਮਰੇ ਵਿਚ ਵੜ ਰਹੀ ਹੈ ਜਿੱਥੇ ਯਿਸੂ ਦੀ ਲਾਸ਼ ਰੱਖੀ ਗਈ ਸੀ। ਇਸ ਜਗ੍ਹਾ ਨੂੰ ਕਬਰ ਕਹਿੰਦੇ ਹਨ। ਪਰ ਮਰਿਯਮ ਨੂੰ ਤਾਂ ਇੱਥੇ ਯਿਸੂ ਦੀ ਲਾਸ਼ ਕਿਤੇ ਨਜ਼ਰ ਨਹੀਂ ਆਈ। ਭਲਾ, ਕਿਸ ਨੇ ਯਿਸੂ ਦੀ ਲਾਸ਼ ਨੂੰ ਗਾਇਬ ਕੀਤਾ ਹੋਵੇਗਾ? ਚਲੋ ਆਓ ਦੇਖੀਏ।

ਯਿਸੂ ਦੀ ਮੌਤ ਪਿੱਛੋਂ ਜਾਜਕਾਂ ਨੇ ਪਿਲਾਤੁਸ ਨੂੰ ਕਿਹਾ: ‘ਜਦ ਯਿਸੂ ਜੀਉਂਦਾ ਸੀ, ਤਾਂ ਉਸ ਨੇ ਕਿਹਾ ਸੀ ਕਿ ਤਿੰਨਾਂ ਦਿਨਾਂ ਮਗਰੋਂ ਉਹ ਜੀ ਉਠਾਇਆ ਜਾਵੇਗਾ। ਇਸ ਲਈ ਤੁਸੀਂ ਕਿਸੇ ਨੂੰ ਕਬਰ ਦੀ ਰਾਖੀ ਕਰਨ ਦਾ ਹੁਕਮ ਦਿਓ। ਨਹੀਂ ਤਾਂ ਉਸ ਦੇ ਚੇਲੇ ਉਸ ਦੀ ਲਾਸ਼ ਚੁਰਾ ਕੇ ਲੈ ਜਾਣਗੇ ਅਤੇ ਕਹਿਣਗੇ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ!’ ਫਿਰ ਪਿਲਾਤੁਸ ਨੇ ਜਾਜਕਾਂ ਨੂੰ ਕਿਹਾ ਕਿ ਜਾਜਕ ਕਬਰ ਦੀ ਰਾਖੀ ਕਰਨ ਲਈ ਸਿਪਾਹੀਆਂ ਨੂੰ ਭੇਜ ਸਕਦੇ ਹਨ।

ਯਿਸੂ ਦੇ ਮਰਨ ਤੋਂ ਤਿੰਨ ਦਿਨ ਬਾਅਦ ਅਚਾਨਕ ਯਹੋਵਾਹ ਦਾ ਇਕ ਫ਼ਰਿਸ਼ਤਾ ਸਵੇਰੇ-ਸਵੇਰੇ ਯਿਸੂ ਦੀ ਕਬਰ ਤੇ ਆਇਆ। ਉਸ ਨੇ ਯਿਸੂ ਦੀ ਕਬਰ ਮੋਹਰਿਓਂ ਪੱਥਰ ਹਟਾ ਦਿੱਤਾ। ਫ਼ਰਿਸ਼ਤੇ ਨੂੰ ਦੇਖ ਕੇ ਸਿਪਾਹੀ ਇੰਨੇ ਡਰ ਗਏ ਕਿ ਉਹ ਆਪਣੀ ਜਗ੍ਹਾ ਤੋਂ ਹਿੱਲ ਵੀ ਨਾ ਪਾਏ। ਫਿਰ ਬਾਅਦ ਵਿਚ ਜਦ ਸਿਪਾਹੀਆਂ ਨੇ ਕਬਰ ਅੰਦਰ ਜਾ ਕੇ ਦੇਖਿਆ, ਤਾਂ ਉੱਥੇ ਯਿਸੂ ਦੀ ਲਾਸ਼ ਨਹੀਂ ਸੀ। ਸਿਪਾਹੀਆਂ ਨੇ ਇਹ ਸਭ ਕੁਝ ਸ਼ਹਿਰ ਜਾ ਕੇ ਜਾਜਕਾਂ ਨੂੰ ਦੱਸਿਆ। ਤੁਹਾਨੂੰ ਪਤਾ ਭੈੜੇ ਜਾਜਕਾਂ ਨੇ ਇਨ੍ਹਾਂ ਸਿਪਾਹੀਆਂ ਨੂੰ ਕੀ ਕਰਨ ਲਈ ਕਿਹਾ? ਜਾਜਕਾਂ ਨੇ ਸਿਪਾਹੀਆਂ ਨੂੰ ਕਿਹਾ ਕਿ ‘ਜੇ ਕੋਈ ਤੁਹਾਨੂੰ ਕੁਝ ਪੁੱਛੇ ਤਾਂ ਤੁਸੀਂ ਕਹਿਣਾ: ਜਦ ਅਸੀਂ ਸੁੱਤੇ ਪਏ ਸੀ, ਉਦੋਂ ਉਸ ਦੇ ਚੇਲੇ ਆ ਕੇ ਲਾਸ਼ ਨੂੰ ਚੁਰਾ ਕੇ ਲੈ ਗਏ।’ ਉਨ੍ਹਾਂ ਨੇ ਸਿਪਾਹੀਆਂ ਨੂੰ ਝੂਠ ਬੋਲਣ ਲਈ ਪੈਸੇ ਦਿੱਤੇ।

ਇਸ ਸਭ ਦੇ ਦੌਰਾਨ ਕੁਝ ਔਰਤਾਂ ਯਿਸੂ ਦੀ ਕਬਰ ਤੇ ਗਈਆਂ। ਪਰ ਜਦ ਉਹ ਉੱਥੇ ਪਹੁੰਚੀਆਂ, ਤਾਂ ਉਹ ਕਬਰ ਖਾਲੀ ਦੇਖ ਕੇ ਹੈਰਾਨ ਰਹਿ ਗਈਆਂ। ਫਿਰ ਅਚਾਨਕ, ਪਤਾ ਨਹੀਂ ਕਿੱਥੋਂ ਦੋ ਫ਼ਰਿਸ਼ਤੇ ਉਨ੍ਹਾਂ ਦੇ ਸਾਮ੍ਹਣੇ ਆ ਖੜ੍ਹੇ ਹੋਏ। ਫ਼ਰਿਸ਼ਤਿਆਂ ਨੇ ਉਨ੍ਹਾਂ ਨੂੰ ਪੁੱਛਿਆ: ‘ਤੁਸੀਂ ਯਿਸੂ ਨੂੰ ਇੱਥੇ ਕਿਉਂ ਲੱਭ ਰਹੀਆਂ ਹੋ? ਉਸ ਨੂੰ ਤਾਂ ਜੀ ਉਠਾਇਆ ਗਿਆ ਹੈ। ਹੁਣ ਛੇਤੀ ਜਾਓ ਅਤੇ ਜਾ ਕੇ ਇਹ ਗੱਲ ਉਸ ਦੇ ਚੇਲਿਆਂ ਨੂੰ ਦੱਸੋ।’ ਉਹ ਭੱਜੀਆਂ-ਭੱਜੀਆਂ ਜਾ ਰਹੀਆਂ ਸਨ ਕਿ ਰਾਹ ਵਿਚ ਉਨ੍ਹਾਂ ਨੂੰ ਇਕ ਬੰਦੇ ਨੇ ਰੋਕ ਲਿਆ। ਤੁਹਾਨੂੰ ਪਤਾ ਇਹ ਬੰਦਾ ਕੌਣ ਸੀ? ਇਹ ਯਿਸੂ ਸੀ! ਉਸ ਨੇ ਉਨ੍ਹਾਂ ਨੂੰ ਕਿਹਾ: ‘ਜਾਓ ਮੇਰੇ ਚੇਲਿਆਂ ਨੂੰ ਦੱਸੋ।’

ਔਰਤਾਂ ਨੇ ਜਦ ਯਿਸੂ ਦੇ ਚੇਲਿਆਂ ਨੂੰ ਜਾ ਕੇ ਦੱਸਿਆ ਕਿ ਉਹ ਜੀਉਂਦਾ ਹੈ, ਤਾਂ ਉਨ੍ਹਾਂ ਨੇ ਔਰਤਾਂ ਦੀ ਗੱਲ ਦਾ ਯਕੀਨ ਨਹੀਂ ਕੀਤਾ। ਫਿਰ ਪਤਰਸ ਅਤੇ ਯੂਹੰਨਾ ਖ਼ੁਦ ਕਬਰ ਤੇ ਜਾ ਕੇ ਯਿਸੂ ਦੀ ਲਾਸ਼ ਨੂੰ ਦੇਖਣ ਗਏ। ਪਰ ਜਦ ਉੱਥੇ ਪਹੁੰਚੇ, ਤਾਂ ਕਬਰ ਖਾਲੀ ਪਈ ਸੀ। ਪਤਰਸ ਅਤੇ ਯੂਹੰਨਾ ਕਬਰ ਦੇਖ ਕੇ ਵਾਪਸ ਆ ਗਏ, ਪਰ ਮਰਿਯਮ ਮਗਦਲੀਨੀ ਉੱਥੇ ਹੀ ਰੁਕ ਗਈ। ਜਦ ਉਸ ਨੇ ਕਬਰ ਅੰਦਰ ਝਾਤੀ ਮਾਰੀ, ਤਾਂ ਉੱਥੇ ਉਸ ਨੇ ਦੋ ਫ਼ਰਿਸ਼ਤਿਆਂ ਨੂੰ ਦੇਖਿਆ।

ਤੁਹਾਨੂੰ ਪਤਾ ਯਿਸੂ ਦੀ ਲਾਸ਼ ਕਿਵੇਂ ਗਾਇਬ ਹੋਈ ਸੀ? ਯਹੋਵਾਹ ਨੇ ਉਸ ਨੂੰ ਗਾਇਬ ਕੀਤਾ ਸੀ। ਪਰਮੇਸ਼ੁਰ ਨੇ ਯਿਸੂ ਨੂੰ ਜੀ ਉਠਾਇਆ ਸੀ। ਪਰ ਪਰਮੇਸ਼ੁਰ ਨੇ ਜਦ ਉਸ ਨੂੰ ਜੀਉਂਦਾ ਕੀਤਾ, ਤਾਂ ਉਸ ਨੂੰ ਇਨਸਾਨਾਂ ਵਰਗਾ ਸਰੀਰ ਨਹੀਂ ਬਲਕਿ ਫ਼ਰਿਸ਼ਤਿਆਂ ਵਰਗਾ ਸਰੀਰ ਦਿੱਤਾ ਸੀ। ਆਪਣੇ ਚੇਲਿਆਂ ਨੂੰ ਇਸ ਗੱਲ ਦਾ ਸਬੂਤ ਦੇਣ ਲਈ ਕਿ ਪਰਮੇਸ਼ੁਰ ਨੇ ਉਸ ਨੂੰ ਜੀ ਉਠਾਇਆ ਹੈ, ਯਿਸੂ ਨੇ ਇਨਸਾਨ ਦਾ ਰੂਪ ਧਾਰਿਆ। ਆਪਾਂ ਇਸ ਬਾਰੇ ਅਗਲੀ ਕਹਾਣੀ ਵਿਚ ਸਿੱਖਾਂਗੇ।