Skip to content

Skip to table of contents

ਕਹਾਣੀ 103

ਬੰਦ ਕਮਰਾ

ਬੰਦ ਕਮਰਾ

ਪਤਰਸ ਅਤੇ ਯੂਹੰਨਾ ਦੇ ਜਾਣ ਤੋਂ ਬਾਅਦ ਮਰਿਯਮ ਇਕੱਲੀ ਹੀ ਯਿਸੂ ਦੀ ਕਬਰ ਦੇ ਬਾਹਰ ਬੈਠੀ ਰੋ ਰਹੀ ਸੀ। ਫਿਰ ਜਿਵੇਂ ਆਪਾਂ ਪਿਛਲੀ ਤਸਵੀਰ ਵਿਚ ਦੇਖਿਆ ਸੀ, ਉਸ ਨੇ ਉੱਠ ਕੇ ਕਬਰ ਦੇ ਅੰਦਰ ਝਾਤੀ ਮਾਰੀ। ਕਬਰ ਅੰਦਰ ਉਸ ਨੇ ਦੋ ਫ਼ਰਿਸ਼ਤਿਆਂ ਨੂੰ ਦੇਖਿਆ। ਉਨ੍ਹਾਂ ਨੇ ਉਸ ਨੂੰ ਪੁੱਛਿਆ: ‘ਤੂੰ ਕਿਉਂ ਰੋ ਰਹੀ ਹੈਂ?’

ਮਰਿਯਮ ਨੇ ਜਵਾਬ ਦਿੱਤਾ: ‘ਉਹ ਮੇਰੇ ਪ੍ਰਭੂ ਨੂੰ ਲੈ ਗਏ ਹਨ ਅਤੇ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।’ ਫਿਰ ਮਰਿਯਮ ਨੇ ਜਦ ਪਿੱਛੇ ਮੁੜ ਕੇ ਦੇਖਿਆ, ਤਾਂ ਉੱਥੇ ਇਕ ਬੰਦਾ ਖੜ੍ਹਾ ਸੀ। ਇਸ ਬੰਦੇ ਨੇ ਉਸ ਨੂੰ ਪੁੱਛਿਆ: ‘ਤੂੰ ਕਿਸ ਨੂੰ ਲੱਭ ਰਹੀ ਹੈਂ?’

ਮਰਿਯਮ ਨੇ ਸੋਚਿਆ ਕਿ ਇਹ ਬੰਦਾ ਮਾਲੀ ਸੀ ਤੇ ਸ਼ਾਇਦ ਇਸੇ ਨੇ ਹੀ ਯਿਸੂ ਦੀ ਲਾਸ਼ ਕਿਤੇ ਰੱਖੀ ਸੀ। ਉਸ ਨੇ ਬੰਦੇ ਨੂੰ ਪੁੱਛਿਆ: ‘ਜੇ ਤੁਸੀਂ ਉਸ ਦੀ ਲਾਸ਼ ਨੂੰ ਕਿਤੇ ਰੱਖਿਆ ਹੈ, ਤਾਂ ਮੈਨੂੰ ਦੱਸੋ ਕਿ ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ।’ ਪਰ ਅਸਲ ਵਿਚ ਇਹ ਬੰਦਾ ਯਿਸੂ ਹੀ ਸੀ। ਉਸ ਦਾ ਰੂਪ ਪਹਿਲਾਂ ਜਿਹਾ ਨਹੀਂ ਸੀ, ਇਸ ਲਈ ਮਰਿਯਮ ਉਸ ਨੂੰ ਪਛਾਣ ਨਹੀਂ ਸਕੀ। ਪਰ ਜਦ ਯਿਸੂ ਨੇ ਮਰਿਯਮ ਨੂੰ ਉਸ ਦਾ ਨਾਮ ਲੈ ਕੇ ਬੁਲਾਇਆ, ਤਾਂ ਉਸ ਨੇ ਝੱਟ ਯਿਸੂ ਨੂੰ ਪਛਾਣ ਲਿਆ। ਉਹ ਉੱਥੋਂ ਦੌੜੀ-ਦੌੜੀ ਯਿਸੂ ਦੇ ਚੇਲਿਆਂ ਕੋਲ ਗਈ। ਉਸ ਨੇ ਉਨ੍ਹਾਂ ਨੂੰ ਜਾ ਕੇ ਕਿਹਾ: ‘ਮੈਂ ਪ੍ਰਭੂ ਨੂੰ ਦੇਖਿਆ ਹੈ!’

ਉਸੇ ਦਿਨ ਯਿਸੂ ਦੇ ਦੋ ਚੇਲੇ ਇੰਮਊਸ ਨਾਂ ਦੇ ਸ਼ਹਿਰ ਨੂੰ ਤੁਰੇ ਜਾ ਰਹੇ ਸਨ। ਫਿਰ ਅਚਾਨਕ ਇਕ ਬੰਦਾ ਆ ਕੇ ਉਨ੍ਹਾਂ ਦੇ ਨਾਲ-ਨਾਲ ਤੁਰਨ ਲੱਗ ਪਿਆ। ਯਿਸੂ ਦੀ ਮੌਤ ਕਰਕੇ ਇਹ ਦੋ ਚੇਲੇ ਬਹੁਤ ਉਦਾਸ ਸਨ। ਪਰ ਇਸ ਬੰਦੇ ਨੇ ਉਨ੍ਹਾਂ ਨੂੰ ਰਾਹ ਵਿਚ ਬਾਈਬਲ ਦੀਆਂ ਕਈ ਗੱਲਾਂ ਖੋਲ੍ਹ ਕੇ ਸਮਝਾਈਆਂ। ਇਹ ਗੱਲਾਂ ਸੁਣ ਕੇ ਚੇਲਿਆਂ ਦਾ ਮਨ ਕੁਝ ਹਲਕਾ ਹੋਇਆ। ਰਾਹ ਵਿਚ ਜਦ ਉਹ ਖਾਣਾ ਖਾਣ ਲਈ ਰੁਕੇ, ਤਾਂ ਉਨ੍ਹਾਂ ਨੇ ਪਛਾਣ ਲਿਆ ਕਿ ਇਹ ਬੰਦਾ ਕੋਈ ਹੋਰ ਨਹੀਂ ਬਲਕਿ ਯਿਸੂ ਹੀ ਹੈ। ਪਰ ਫਿਰ ਪਤਾ ਨਹੀਂ ਯਿਸੂ ਇਕਦਮ ਕਿੱਥੇ ਚਲਾ ਗਿਆ। ਰਸੂਲਾਂ ਨੂੰ ਇਹ ਦੱਸਣ ਲਈ ਕਿ ਉਨ੍ਹਾਂ ਨੇ ਯਿਸੂ ਨੂੰ ਦੇਖਿਆ ਹੈ, ਇਹ ਦੋਵੇਂ ਚੇਲੇ ਭੱਜੇ-ਭੱਜੇ ਯਰੂਸ਼ਲਮ ਨੂੰ ਗਏ।

ਇਸੇ ਸਮੇਂ ਦੌਰਾਨ ਯਿਸੂ ਨੇ ਪਤਰਸ ਨੂੰ ਵੀ ਦਰਸ਼ਣ ਦਿੱਤਾ। ਇਹ ਸਭ ਗੱਲਾਂ ਸੁਣ ਕੇ ਬਾਕੀ ਦੇ ਚੇਲੇ ਵੀ ਬਹੁਤ ਖ਼ੁਸ਼ ਹੋਏ। ਫਿਰ ਇਨ੍ਹਾਂ ਦੋ ਚੇਲਿਆਂ ਨੇ ਯਰੂਸ਼ਲਮ ਪਹੁੰਚ ਕੇ ਰਸੂਲਾਂ ਨੂੰ ਲੱਭਿਆ। ਉਨ੍ਹਾਂ ਨੇ ਰਸੂਲਾਂ ਨੂੰ ਦੱਸਿਆ ਕਿ ਯਿਸੂ ਨੇ ਉਨ੍ਹਾਂ ਨੂੰ ਇੰਮਊਸ ਜਾਂਦੇ ਵਕਤ ਰਾਹ ਵਿਚ ਦਰਸ਼ਣ ਦਿੱਤਾ ਸੀ। ਤੁਹਾਨੂੰ ਪਤਾ ਜਦ ਉਹ ਅਜੇ ਰਸੂਲਾਂ ਨੂੰ ਆਪਣੀ ਗੱਲ ਦੱਸ ਹੀ ਰਹੇ ਸਨ, ਤਾਂ ਕੀ ਹੋਇਆ?

ਤਸਵੀਰ ਵਿਚ ਦੇਖੋ ਕੌਣ ਆ ਰਿਹਾ ਹੈ। ਸਾਰੇ ਦਰਵਾਜ਼ੇ ਬੰਦ ਸਨ, ਫਿਰ ਵੀ ਪਤਾ ਨਹੀਂ ਯਿਸੂ ਕਿੱਧਰੋਂ ਦੀ ਆ ਕੇ ਰਸੂਲਾਂ ਦੇ ਮੋਹਰੇ ਖੜ੍ਹਾ ਹੋ ਗਿਆ। ਜ਼ਰਾ ਸੋਚੋ, ਯਿਸੂ ਨੂੰ ਦੇਖ ਕੇ ਚੇਲੇ ਕਿੰਨੇ ਖ਼ੁਸ਼ ਹੋਏ ਹੋਣੇ! ਕੀ ਤੁਸੀਂ ਦੱਸ ਸਕਦੇ ਹੋ ਕਿ ਹੁਣ ਤਕ ਯਿਸੂ ਕਿੰਨੀ ਵਾਰੀ ਦਰਸ਼ਣ ਦੇ ਚੁੱਕਾ ਸੀ? ਉਹ ਪੰਜ ਵਾਰ ਆਪਣੇ ਚੇਲਿਆਂ ਨੂੰ ਦਰਸ਼ਣ ਦੇ ਚੁੱਕਾ ਸੀ।

ਜਦ ਯਿਸੂ ਨੇ ਰਸੂਲਾਂ ਨੂੰ ਦਰਸ਼ਣ ਦਿੱਤਾ, ਤਾਂ ਉਦੋਂ ਥੋਮਾ ਰਸੂਲ ਉਨ੍ਹਾਂ ਨਾਲ ਨਹੀਂ ਸੀ। ਚੇਲਿਆਂ ਨੇ ਉਸ ਨੂੰ ਦੱਸਿਆ: ‘ਅਸੀਂ ਪ੍ਰਭੂ ਨੂੰ ਦੇਖਿਆ ਹੈ!’ ਪਰ ਥੋਮਾ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਖ਼ੁਦ ਯਿਸੂ ਨੂੰ ਅੱਖੀਂ ਦੇਖ ਕੇ ਹੀ ਯਕੀਨ ਕਰੇਗਾ। ਇਸ ਗੱਲ ਨੂੰ ਹੋਇਆਂ ਅੱਠ ਦਿਨ ਹੋ ਚੁੱਕੇ ਸਨ। ਇਕ ਦਿਨ ਫਿਰ ਰਸੂਲ ਇਕੱਠੇ ਹੋਏ ਤੇ ਇਸ ਸਮੇਂ ਥੋਮਾ ਵੀ ਉਨ੍ਹਾਂ ਨਾਲ ਹੀ ਸੀ। ਦਰਵਾਜ਼ੇ ਪਹਿਲਾਂ ਵਾਂਗ ਅੱਜ ਵੀ ਬੰਦ ਸਨ। ਇਸ ਦੇ ਬਾਵਜੂਦ ਯਿਸੂ ਨੇ ਉਨ੍ਹਾਂ ਨੂੰ ਦਰਸ਼ਣ ਦਿੱਤਾ। ਹੁਣ ਥੋਮਾ ਨੂੰ ਯਕੀਨ ਹੋ ਗਿਆ ਸੀ ਕਿ ਯਿਸੂ ਜੀ ਉਠਾਇਆ ਗਿਆ ਹੈ।