Skip to content

Skip to table of contents

ਕਹਾਣੀ 107

ਇਸਤੀਫ਼ਾਨ ਨੂੰ ਪੱਥਰਾਂ ਨਾਲ ਮਾਰਿਆ

ਇਸਤੀਫ਼ਾਨ ਨੂੰ ਪੱਥਰਾਂ ਨਾਲ ਮਾਰਿਆ

ਤਸਵੀਰ ਵਿਚ ਜਿਹੜਾ ਬੰਦਾ ਗੋਡਿਆਂ ਭਾਰ ਬੈਠਾ ਹੈ, ਉਸ ਦਾ ਨਾਮ ਇਸਤੀਫ਼ਾਨ ਹੈ। ਉਹ ਯਿਸੂ ਦਾ ਇਕ ਵਫ਼ਾਦਾਰ ਚੇਲਾ ਸੀ। ਪਰ ਕੁਝ ਲੋਕ ਉਸ ਨਾਲ ਬਹੁਤ ਨਫ਼ਰਤ ਕਰਦੇ ਸਨ। ਤਸਵੀਰ ਵਿਚ ਦੇਖੋ ਕੁਝ ਬੰਦੇ ਉਸ ਦੇ ਪੱਥਰ ਮਾਰ ਰਹੇ ਹਨ। ਤੁਹਾਨੂੰ ਪਤਾ ਇਹ ਬੰਦੇ ਇਸਤੀਫ਼ਾਨ ਨਾਲ ਇੰਨੀ ਨਫ਼ਰਤ ਕਿਉਂ ਕਰਦੇ ਸਨ? ਆਓ ਦੇਖੀਏ।

ਪਰਮੇਸ਼ੁਰ ਨੇ ਇਸਤੀਫ਼ਾਨ ਰਾਹੀਂ ਕਈ ਚਮਤਕਾਰ ਕੀਤੇ। ਪਰ ਇਹ ਬੰਦੇ ਇਸਤੀਫ਼ਾਨ ਦੇ ਚਮਤਕਾਰ ਦੇਖ ਕੇ ਖ਼ੁਸ਼ ਨਹੀਂ ਸਨ। ਨਾਲੇ ਉਨ੍ਹਾਂ ਨੂੰ ਇਸ ਗੱਲ ਦਾ ਵੀ ਗੁੱਸਾ ਸੀ ਕਿ ਇਸਤੀਫ਼ਾਨ ਲੋਕਾਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾ ਰਿਹਾ ਸੀ। ਇਸ ਗੱਲ ਪਿੱਛੇ ਇਹ ਬੰਦੇ ਇਸਤੀਫ਼ਾਨ ਨਾਲ ਝਗੜਾ ਕਰਨ ਲੱਗ ਪਏ। ਪਰ ਪਰਮੇਸ਼ੁਰ ਦੀ ਮਦਦ ਨਾਲ ਇਸਤੀਫ਼ਾਨ ਨੇ ਇਨ੍ਹਾਂ ਬੰਦਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਧਾਰਮਿਕ ਆਗੂ ਉਨ੍ਹਾਂ ਨੂੰ ਜੋ ਕੁਝ ਸਿਖਾ ਰਹੇ ਸਨ, ਉਹ ਸਭ ਝੂਠ ਹੈ। ਇਹ ਸੁਣ ਕੇ ਇਨ੍ਹਾਂ ਬੰਦਿਆਂ ਨੂੰ ਹੋਰ ਗੁੱਸਾ ਚੜ੍ਹ ਗਿਆ। ਉਨ੍ਹਾਂ ਨੇ ਉਸ ਨੂੰ ਫੜ ਲਿਆ ਅਤੇ ਕੁਝ ਲੋਕਾਂ ਤੋਂ ਇਸਤੀਫ਼ਾਨ ਬਾਰੇ ਝੂਠੀਆਂ ਗੱਲਾਂ ਕਹਾਈਆਂ।

ਫਿਰ ਪ੍ਰਧਾਨ ਜਾਜਕ ਨੇ ਇਸਤੀਫ਼ਾਨ ਨੂੰ ਪੁੱਛਿਆ: ‘ਕੀ ਇਹ ਗੱਲਾਂ ਸੱਚ ਹਨ?’ ਇਸਤੀਫ਼ਾਨ ਨੇ ਜਵਾਬ ਵਿਚ ਉਨ੍ਹਾਂ ਨੂੰ ਬਾਈਬਲ ਤੋਂ ਇਕ ਵਧੀਆ ਭਾਸ਼ਣ ਦਿੱਤਾ। ਭਾਸ਼ਣ ਦੇ ਅੰਤ ਵਿਚ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਬਹੁਤ ਚਿਰ ਪਹਿਲਾਂ ਵੀ ਲੋਕ ਪਰਮੇਸ਼ੁਰ ਦੇ ਨਬੀਆਂ ਨਾਲ ਇੱਦਾਂ ਹੀ ਨਫ਼ਰਤ ਕਰਦੇ ਸਨ। ਫਿਰ ਉਸ ਨੇ ਕਿਹਾ: ‘ਤੁਸੀਂ ਵੀ ਉਨ੍ਹਾਂ ਵਰਗੇ ਹੀ ਹੋ। ਤੁਸੀਂ ਪਰਮੇਸ਼ੁਰ ਦੇ ਸੇਵਕ ਯਿਸੂ ਨੂੰ ਮਾਰਿਆ ਅਤੇ ਤੁਸੀਂ ਪਰਮੇਸ਼ੁਰ ਦੇ ਹੁਕਮਾਂ ਨੂੰ ਨਹੀਂ ਮੰਨਿਆ।’

ਇਹ ਸੁਣ ਕੇ ਧਾਰਮਿਕ ਆਗੂਆਂ ਨੂੰ ਇਸਤੀਫ਼ਾਨ ਤੇ ਬਹੁਤ ਹੀ ਗੁੱਸਾ ਆਇਆ। ਉਨ੍ਹਾਂ ਨੇ ਉਸ ਵੱਲ ਦੇਖ ਕੇ ਕਚੀਚੀਆਂ ਵੱਟੀਆਂ। ਪਰ ਇਸਤੀਫ਼ਾਨ ਉਨ੍ਹਾਂ ਤੋਂ ਜ਼ਰਾ ਵੀ ਨਾ ਡਰਿਆ। ਉਸ ਨੇ ਕਿਹਾ: ‘ਦੇਖੋ! ਮੈਂ ਯਿਸੂ ਨੂੰ ਸਵਰਗ ਵਿਚ ਪਰਮੇਸ਼ੁਰ ਦੇ ਸੱਜੇ ਪਾਸੇ ਖੜ੍ਹਾ ਹੋਇਆ ਦੇਖਦਾ ਹਾਂ।’ ਇਹ ਗੱਲ ਸੁਣਦਿਆਂ ਸਾਰ ਹੀ ਧਾਰਮਿਕ ਆਗੂਆਂ ਨੇ ਇਸਤੀਫ਼ਾਨ ਨੂੰ ਫੜ ਲਿਆ ਅਤੇ ਉਹ ਉਸ ਨੂੰ ਘੜੀਸ ਕੇ ਸ਼ਹਿਰ ਦੇ ਬਾਹਰ ਲੈ ਗਏ।

ਸ਼ਹਿਰ ਦੇ ਬਾਹਰ ਆ ਕੇ ਉਨ੍ਹਾਂ ਨੇ ਆਪਣੇ ਚੋਗੇ ਲਾ ਕੇ ਸੌਲੁਸ ਨਾਂ ਦੇ ਆਦਮੀ ਨੂੰ ਫੜਾ ਦਿੱਤੇ। ਕੀ ਤੁਸੀਂ ਸੌਲੁਸ ਨੂੰ ਤਸਵੀਰ ਵਿਚ ਖੜ੍ਹਾ ਦੇਖ ਸਕਦੇ ਹੋ? ਫਿਰ ਉਨ੍ਹਾਂ ਵਿੱਚੋਂ ਕਈਆਂ ਨੇ ਪੱਥਰ ਚੁੱਕ ਕੇ ਇਸਤੀਫ਼ਾਨ ਦੇ ਮਾਰੇ। ਜਦ ਇਹ ਬੰਦੇ ਉਸ ਦੇ ਪੱਥਰ ਮਾਰ ਰਹੇ ਸਨ, ਤਾਂ ਇਸਤੀਫ਼ਾਨ ਨੇ ਗੋਡਿਆਂ ਭਾਰ ਬੈਠ ਕੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ: ‘ਹੇ ਯਹੋਵਾਹ, ਇਸ ਬੁਰੇ ਕੰਮ ਦੇ ਲਈ ਉਨ੍ਹਾਂ ਨੂੰ ਸਜ਼ਾ ਨਾ ਦਿਓ।’ ਇਸਤੀਫ਼ਾਨ ਜਾਣਦਾ ਸੀ ਕਿ ਇਨ੍ਹਾਂ ਵਿੱਚੋਂ ਕਈਆਂ ਦਾ ਕੋਈ ਕਸੂਰ ਨਹੀਂ, ਉਹ ਤਾਂ ਸਿਰਫ਼ ਧਾਰਮਿਕ ਆਗੂਆਂ ਦੇ ਸਿਖਾਏ ਗ਼ਲਤ ਰਸਤੇ ਤੇ ਤੁਰ ਰਹੇ ਸਨ। ਇਸ ਤੋਂ ਬਾਅਦ ਇਸਤੀਫ਼ਾਨ ਮਰ ਗਿਆ।

ਜਦ ਕੋਈ ਤੁਹਾਡੇ ਨਾਲ ਬੇਰਹਿਮੀ ਨਾਲ ਪੇਸ਼ ਆਉਂਦਾ ਹੈ, ਤਾਂ ਕੀ ਤੁਸੀਂ ਵੀ ਉਸ ਨਾਲ ਇਸੇ ਤਰ੍ਹਾਂ ਪੇਸ਼ ਆਉਂਦੇ ਹੋ? ਜਾਂ ਫਿਰ ਕੀ ਤੁਸੀਂ ਰੱਬ ਨੂੰ ਕਹਿੰਦੇ ਹੋ ਕਿ ਉਹ ਉਸ ਨੂੰ ਸਜ਼ਾ ਦੇਵੇ? ਇਸਤੀਫ਼ਾਨ ਅਤੇ ਯਿਸੂ ਨੇ ਤਾਂ ਇਸ ਤਰ੍ਹਾਂ ਨਹੀਂ ਕੀਤਾ ਸੀ। ਉਹ ਤਾਂ ਉਨ੍ਹਾਂ ਨਾਲ ਵੀ ਪਿਆਰ ਨਾਲ ਪੇਸ਼ ਆਏ ਸਨ ਜੋ ਉਨ੍ਹਾਂ ਨੂੰ ਨਫ਼ਰਤ ਕਰਦੇ ਸਨ। ਕਿਉਂ ਨਾ ਆਪਾਂ ਵੀ ਉਨ੍ਹਾਂ ਦੀ ਮਿਸਾਲ ਤੇ ਚੱਲੀਏ।