Skip to content

Skip to table of contents

ਕਹਾਣੀ 111

ਮੁੰਡਾ ਜੋ ਸੌਂ ਗਿਆ

ਮੁੰਡਾ ਜੋ ਸੌਂ ਗਿਆ

ਆਹ ਦੇਖੋ ਹੁਣ ਇੱਥੇ ਕੀ ਹੋਇਆ ਹੈ। ਲੱਗਦਾ ਹੈ ਇਸ ਮੁੰਡੇ ਦੇ ਕੋਈ ਸੱਟ ਲੱਗੀ ਹੈ। ਉਹ ਦੇਖੋ ਕੁਝ ਬੰਦੇ ਇਸ ਘਰੋਂ ਬਾਹਰ ਆ ਰਹੇ ਹਨ। ਇਨ੍ਹਾਂ ਵਿਚ ਤਾਂ ਪੌਲੁਸ ਅਤੇ ਉਸ ਦੇ ਪਿੱਛੇ-ਪਿੱਛੇ ਤਿਮੋਥਿਉਸ ਵੀ ਆ ਰਿਹਾ ਹੈ। ਤੁਹਾਡੇ ਖ਼ਿਆਲ ਵਿਚ ਇਸ ਮੁੰਡੇ ਦੇ ਸੱਟ ਲੱਗੀ ਕਿਵੇਂ? ਲੱਗਦਾ ਹੈ ਇਹ ਤਾਕੀ ਵਿੱਚੋਂ ਡਿੱਗਿਆ ਸੀ।

ਹਾਂ, ਇੱਦਾਂ ਹੀ ਹੋਇਆ ਸੀ। ਪੌਲੁਸ ਤ੍ਰੋਆਸ ਦੇ ਮਸੀਹੀਆਂ ਨੂੰ ਬਾਈਬਲ ਤੋਂ ਸਿਖਾ ਰਿਹਾ ਸੀ। ਪੌਲੁਸ ਨੇ ਅਗਲੇ ਦਿਨ ਕਿਸ਼ਤੀ ਤੇ ਸਵਾਰ ਹੋ ਕੇ ਕਿਤੇ ਜਾਣਾ ਸੀ। ਉਹ ਜਾਣਦਾ ਸੀ ਕਿ ਉਹ ਇੱਥੇ ਦੇ ਭੈਣਾਂ-ਭਰਾਵਾਂ ਨੂੰ ਕਾਫ਼ੀ ਦੇਰ ਬਾਅਦ ਮਿਲੇਗਾ। ਇਸੇ ਲਈ ਉਹ ਅੱਧੀ ਰਾਤ ਤਕ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ।

ਯੂਤਖੁਸ ਨਾਮ ਦਾ ਇਹ ਮੁੰਡਾ ਤਿੰਨ ਮੰਜ਼ਲੇ ਮਕਾਨ ਦੀ ਤਾਕੀ ਵਿਚ ਬੈਠਾ ਸੀ। ਉਸ ਨੂੰ ਬੈਠੇ-ਬੈਠੇ ਨੀਂਦ ਆ ਗਈ ਅਤੇ ਉਹ ਧੜੰਮ ਕਰ ਕੇ ਥੱਲੇ ਡਿੱਗ ਪਿਆ। ਤਾਹੀਓਂ ਤਾਂ ਇਹ ਸਭ ਲੋਕ ਇੰਨੇ ਘਬਰਾਏ ਹੋਏ ਸਨ। ਜਦ ਉਨ੍ਹਾਂ ਨੇ ਮੁੰਡੇ ਨੂੰ ਚੁੱਕ ਕੇ ਦੇਖਿਆ, ਤਾਂ ਉਨ੍ਹਾਂ ਦਾ ਦਿਲ ਹੋਰ ਵੀ ਘਬਰਾਉਣ ਲੱਗਾ ਕਿਉਂਕਿ ਮੁੰਡਾ ਮਰ ਚੁੱਕਾ ਸੀ!

ਜਦ ਪੌਲੁਸ ਨੇ ਮੁੰਡੇ ਨੂੰ ਮਰਿਆ ਪਿਆ ਦੇਖਿਆ, ਤਾਂ ਉਹ ਉਸ ਤੇ ਲੰਮਾ ਪੈ ਗਿਆ ਅਤੇ ਉਸ ਨੇ ਮੁੰਡੇ ਨੂੰ ਘੁੱਟ ਕੇ ਜੱਫੀ ਪਾ ਲਈ। ਫਿਰ ਉਸ ਨੇ ਨਾਲ ਖੜ੍ਹੇ ਲੋਕਾਂ ਨੂੰ ਕਿਹਾ: ‘ਨਾ ਡਰੋ। ਮੁੰਡਾ ਠੀਕ ਹੈ!’ ਇਹ ਤਾਂ ਚਮਤਕਾਰ ਹੋ ਗਿਆ! ਪੌਲੁਸ ਨੇ ਮੁੰਡੇ ਨੂੰ ਜ਼ਿੰਦਾ ਕਰ ਦਿੱਤਾ ਸੀ। ਇਹ ਦੇਖ ਕੇ ਸਭ ਬਹੁਤ ਖ਼ੁਸ਼ ਹੋਏ।

ਸਾਰੇ ਵਾਪਸ ਅੰਦਰ ਚਲੇ ਗਏ ਅਤੇ ਉਨ੍ਹਾਂ ਨੇ ਰੋਟੀ ਖਾਧੀ। ਪੌਲੁਸ ਸਵੇਰ ਤਕ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ। ਪਰ ਇਸ ਵਾਰ ਯੂਤਖੁਸ ਜਾਗਦਾ ਰਿਹਾ। ਸਵੇਰਾ ਹੁੰਦਿਆਂ ਹੀ ਪੌਲੁਸ, ਤਿਮੋਥਿਉਸ ਅਤੇ ਉਨ੍ਹਾਂ ਨਾਲ ਆਏ ਕੁਝ ਬੰਦੇ ਆਪਣੇ ਅਗਲੇ ਸਫ਼ਰ ਲਈ ਤਿਆਰ ਹੋ ਗਏ। ਤੁਹਾਨੂੰ ਪਤਾ ਉਹ ਹੁਣ ਕਿੱਥੇ ਜਾ ਰਹੇ ਸਨ?

ਪੌਲੁਸ ਨੇ ਪ੍ਰਚਾਰ ਕਰਨ ਲਈ ਤਿੰਨ ਸਫ਼ਰ ਕੀਤੇ ਸਨ ਤੇ ਹੁਣ ਉਹ ਆਪਣੇ ਘਰ ਵਾਪਸ ਜਾ ਰਿਹਾ ਸੀ। ਆਪਣੇ ਆਖ਼ਰੀ ਸਫ਼ਰ ਦੌਰਾਨ ਉਹ ਅਫ਼ਸੁਸ ਵਿਚ ਤਿੰਨ ਸਾਲ ਠਹਿਰਿਆ। ਇਸ ਲਈ ਉਸ ਦਾ ਇਹ ਸਫ਼ਰ ਦੂਜੇ ਸਫ਼ਰ ਨਾਲੋਂ ਕਿਤੇ ਲੰਬਾ ਸੀ।

ਤ੍ਰੋਆਸ ਤੋਂ ਰਵਾਨਾ ਹੋਣ ਤੋਂ ਬਾਅਦ ਉਨ੍ਹਾਂ ਦੀ ਕਿਸ਼ਤੀ ਮਿਲੇਤੁਸ ਸ਼ਹਿਰ ਪਹੁੰਚੀ। ਅਫ਼ਸੁਸ ਸ਼ਹਿਰ ਮਿਲੇਤੁਸ ਤੋਂ ਸਿਰਫ਼ ਥੋੜ੍ਹੇ ਕੁ ਕਿਲੋਮੀਟਰਾਂ ਦੀ ਦੂਰੀ ਤੇ ਸੀ। ਇਸ ਲਈ ਪੌਲੁਸ ਨੇ ਉੱਥੇ ਦੇ ਮਸੀਹੀਆਂ ਨੂੰ ਸੁਨੇਹਾ ਭੇਜਿਆ ਕਿ ਉਹ ਆ ਕੇ ਉਸ ਨੂੰ ਆਖ਼ਰੀ ਵਾਰ ਮਿਲ ਜਾਣ। ਜਦ ਪੌਲੁਸ ਦੇ ਜਾਣ ਦਾ ਸਮਾਂ ਆਇਆ, ਤਾਂ ਉਸ ਨੂੰ ਮਿਲਣ ਆਏ ਸਾਰੇ ਲੋਕਾਂ ਦੀਆਂ ਅੱਖਾਂ ਭਰ ਆਈਆਂ।

ਕੁਝ ਸਮੇਂ ਬਾਅਦ ਉਨ੍ਹਾਂ ਦੀ ਕਿਸ਼ਤੀ ਕੈਸਰਿਯਾ ਪਹੁੰਚੀ। ਪੌਲੁਸ ਇੱਥੇ ਫ਼ਿਲਿੱਪੁਸ ਨਾਮ ਦੇ ਇਕ ਮਸੀਹੀ ਦੇ ਘਰ ਠਹਿਰਿਆ ਸੀ। ਉਸ ਦੇ ਘਰ ਉਸ ਨੂੰ ਆਗਬੁਸ ਨਬੀ ਮਿਲਣ ਆਇਆ। ਉਸ ਨੇ ਪੌਲੁਸ ਨੂੰ ਖ਼ਬਰਦਾਰ ਕੀਤਾ ਕਿ ਜਦ ਉਹ ਯਰੂਸ਼ਲਮ ਨੂੰ ਜਾਵੇਗਾ, ਤਾਂ ਉਸ ਨੂੰ ਉੱਥੇ ਕੈਦ ਕੀਤਾ ਜਾਵੇਗਾ। ਬਿਲਕੁਲ ਇਸੇ ਤਰ੍ਹਾਂ ਹੀ ਹੋਇਆ। ਜਦ ਪੌਲੁਸ ਯਰੂਸ਼ਲਮ ਨੂੰ ਗਿਆ, ਤਾਂ ਉਸ ਨੂੰ ਕੈਦ ਕੀਤਾ ਗਿਆ। ਬਾਅਦ ਵਿਚ ਉਸ ਨੂੰ ਕੈਦੀ ਬਣਾ ਕੇ ਕੈਸਰਿਯਾ ਲਿਆਂਦਾ ਗਿਆ ਜਿੱਥੇ ਉਸ ਨੂੰ ਦੋ ਸਾਲ ਜੇਲ੍ਹ ਵਿਚ ਰੱਖਿਆ ਗਿਆ। ਫਿਰ ਉਸ ਨੂੰ ਰੋਮ ਦੇ ਰਾਜਾ ਕੈਸਰ ਅੱਗੇ ਮੁਕੱਦਮੇ ਲਈ ਪੇਸ਼ ਕੀਤਾ ਗਿਆ। ਚਲੋ ਆਓ ਦੇਖੀਏ ਰੋਮ ਨੂੰ ਜਾਂਦੇ ਵਕਤ ਰਾਹ ਵਿਚ ਕੀ ਹੋਇਆ