Skip to content

Skip to table of contents

ਕਹਾਣੀ 114

ਸਾਰੀ ਬੁਰਾਈ ਖ਼ਤਮ ਕੀਤੀ ਜਾਵੇਗੀ

ਸਾਰੀ ਬੁਰਾਈ ਖ਼ਤਮ ਕੀਤੀ ਜਾਵੇਗੀ

ਇਸ ਤਸਵੀਰ ਵਿਚ ਦੇਖੋ ਕੀ ਹੋ ਰਿਹਾ ਹੈ। ਇਕ ਫ਼ੌਜ ਚਿੱਟੇ ਘੋੜਿਆਂ ਤੇ ਆ ਰਹੀ ਹੈ। ਧਿਆਨ ਨਾਲ ਦੇਖੋ ਕਿ ਇਹ ਕਿੱਥੋਂ ਆ ਰਹੀ ਹੈ। ਇਹ ਘੋੜੇ ਬੱਦਲਾਂ ਉੱਤੇ ਦੀ ਦਗੜ-ਦਗੜ ਕਰਦੇ ਸਵਰਗ ਤੋਂ ਆ ਰਹੇ ਹਨ! ਪਰ ਕੀ ਇਹ ਸੱਚ-ਮੁੱਚ ਦੇ ਘੋੜੇ ਹਨ?

ਇਹ ਸੱਚੀਂ ਦੇ ਘੋੜੇ ਨਹੀਂ ਕਿਉਂਕਿ ਘੋੜੇ ਬਦਲਾਂ ਤੇ ਨਹੀਂ ਦੌੜ ਸਕਦੇ। ਪਰ ਬਾਈਬਲ ਸਵਰਗ ਵਿਚ ਘੋੜੇ ਹੋਣ ਦਾ ਜ਼ਿਕਰ ਕਰਦੀ ਹੈ। ਤੁਹਾਨੂੰ ਪਤਾ ਕਿਉਂ?

ਪਹਿਲੇ ਸਮਿਆਂ ਵਿਚ ਲੜਾਈ ਘੋੜਿਆਂ ਤੇ ਹੀ ਲੜੀ ਜਾਂਦੀ ਸੀ। ਤਾਂ ਫਿਰ ਸਵਰਗੋਂ ਆਏ ਘੋੜਿਆਂ ਦਾ ਕੀ ਮਤਲਬ ਹੈ? ਇਹ ਕਿ ਪਰਮੇਸ਼ੁਰ ਧਰਤੀ ਤੇ ਰਹਿ ਰਹੇ ਲੋਕਾਂ ਨਾਲ ਲੜਾਈ ਕਰੇਗਾ। ਤੁਹਾਨੂੰ ਪਤਾ ਬਾਈਬਲ ਵਿਚ ਇਸ ਲੜਾਈ ਦਾ ਕੀ ਨਾਂ ਦੱਸਿਆ ਗਿਆ ਹੈ? ਆਰਮਾਗੇਡਨ। ਇਹ ਲੜਾਈ ਦੁਨੀਆਂ ਵਿੱਚੋਂ ਸਾਰੀ ਬੁਰਾਈ ਨੂੰ ਖ਼ਤਮ ਕਰਨ ਲਈ ਲੜੀ ਜਾਵੇਗੀ।

ਇਸ ਲੜਾਈ ਵਿਚ ਸਭ ਤੋਂ ਅੱਗੇ ਯਿਸੂ ਮਸੀਹ ਹੋਵੇਗਾ। ਜਿਵੇਂ ਆਪਾਂ ਪਹਿਲੀਆਂ ਕਹਾਣੀਆਂ ਵਿਚ ਪੜ੍ਹ ਚੁੱਕੇ ਹਾਂ, ਯਹੋਵਾਹ ਨੇ ਯਿਸੂ ਨੂੰ ਆਪਣੇ ਰਾਜ ਦਾ ਰਾਜਾ ਚੁਣਿਆ ਹੈ। ਇਸੇ ਲਈ ਯਿਸੂ ਨੇ ਤਸਵੀਰ ਵਿਚ ਰਾਜੇ ਦਾ ਤਾਜ ਪਹਿਨਿਆ ਹੋਇਆ ਹੈ। ਉਸ ਨੇ ਪਰਮੇਸ਼ੁਰ ਦੇ ਦੁਸ਼ਮਣਾਂ ਦਾ ਨਾਸ਼ ਕਰਨ ਲਈ ਆਪਣੇ ਹੱਥ ਵਿਚ ਤਲਵਾਰ ਫੜੀ ਹੋਈ ਹੈ। ਕੀ ਤੁਹਾਨੂੰ ਇਹ ਜਾਣ ਕੇ ਅਜੀਬ ਲੱਗਦਾ ਹੈ ਕਿ ਪਰਮੇਸ਼ੁਰ ਸਾਰੇ ਬੁਰੇ ਲੋਕਾਂ ਨੂੰ ਖ਼ਤਮ ਕਰ ਦੇਵੇਗਾ?

ਜ਼ਰਾ ਕਹਾਣੀ 10 ਦੇਖੋ। ਤੁਸੀਂ ਉਸ ਤਸਵੀਰ ਵਿਚ ਕੀ ਦੇਖਦੇ ਹੋ? ਜਲ-ਪਰਲੋ, ਜਿਸ ਰਾਹੀਂ ਸਾਰੇ ਬੁਰੇ ਲੋਕਾਂ ਦਾ ਨਾਸ਼ ਕੀਤਾ ਗਿਆ ਸੀ। ਕਿਸ ਨੇ ਇਹ ਜਲ-ਪਰਲੋ ਲਿਆਂਦੀ ਸੀ? ਯਹੋਵਾਹ ਪਰਮੇਸ਼ੁਰ ਨੇ। ਹੁਣ ਜ਼ਰਾ ਕਹਾਣੀ 15 ਵੱਲ ਧਿਆਨ ਦਿਓ। ਇੱਥੇ ਤੁਸੀਂ ਕੀ ਦੇਖਦੇ ਹੋ? ਸਦੂਮ ਅਤੇ ਅਮੂਰਾਹ ਉੱਤੇ ਯਹੋਵਾਹ ਨੇ ਸਵਰਗੋਂ ਅੱਗ ਵਰਸਾਈ ਸੀ।

ਹੁਣ ਜ਼ਰਾ ਕਹਾਣੀ 33 ਖੋਲ੍ਹ ਕੇ ਦੇਖੋ। ਧਿਆਨ ਦਿਓ ਕਿ ਇਸਰਾਏਲੀਆਂ ਨਾਲ ਲੜਾਈ ਕਰਨ ਆ ਰਹੇ ਮਿਸਰੀਆਂ ਦੇ ਘੋੜਿਆਂ ਅਤੇ ਰੱਥਾਂ ਨੂੰ ਕੀ ਹੋ ਰਿਹਾ ਹੈ। ਕਿਸ ਨੇ ਉਨ੍ਹਾਂ ਨੂੰ ਇਸ ਪਾਣੀ ਵਿਚ ਡੁਬੋਇਆ ਸੀ? ਯਹੋਵਾਹ ਪਰਮੇਸ਼ੁਰ ਨੇ। ਉਸ ਨੇ ਹੀ ਆਪਣੇ ਲੋਕਾਂ ਨੂੰ ਬਚਾਉਣ ਲਈ ਇਹ ਸਭ ਕੁਝ ਕੀਤਾ ਸੀ। ਆਓ ਹੁਣ ਕਹਾਣੀ 36 ਅਤੇ 76 ਵਿਚ ਦੇਖੀਏ ਕੀ ਹੋਇਆ ਸੀ। ਇਨ੍ਹਾਂ ਦੋਵਾਂ ਕਹਾਣੀਆਂ ਨੂੰ ਪੜ੍ਹ ਕੇ ਤੁਸੀਂ ਦੇਖੋਗੇ ਕਿ ਯਹੋਵਾਹ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਬੁਰੇ ਕੰਮਾਂ ਦੀ ਸਜ਼ਾ ਦਿੱਤੀ ਸੀ।

ਇਨ੍ਹਾਂ ਸਭ ਕਹਾਣੀਆਂ ਵੱਲ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਬੁਰੇ ਲੋਕਾਂ ਨੂੰ ਸਜ਼ਾ ਦਿੰਦਾ ਆਇਆ ਹੈ। ਇਸੇ ਲਈ ਯਹੋਵਾਹ ਜਲਦੀ ਹੀ ਧਰਤੀ ਤੇ ਸਾਰੇ ਬੁਰੇ ਲੋਕਾਂ ਨੂੰ ਖ਼ਤਮ ਕਰ ਦੇਵੇਗਾ। ਸੋਚੋ ਇਸ ਦਾ ਤੁਹਾਡੀ ਜ਼ਿੰਦਗੀ ਤੇ ਕੀ ਅਸਰ ਪਵੇਗਾ। ਇਸ ਬਾਰੇ ਚਲੋ ਆਓ ਅਗਲੀ ਕਹਾਣੀ ਵਿਚ ਪੜ੍ਹੀਏ।