Skip to content

Skip to table of contents

ਕਹਾਣੀ 116

ਅਸੀਂ ਹਮੇਸ਼ਾ ਲਈ ਜੀਉਂਦੇ ਕਿਵੇਂ ਰਹਿ ਸਕਦੇ ਹਾਂ

ਅਸੀਂ ਹਮੇਸ਼ਾ ਲਈ ਜੀਉਂਦੇ ਕਿਵੇਂ ਰਹਿ ਸਕਦੇ ਹਾਂ

ਕੀ ਤੁਹਾਨੂੰ ਪਤਾ ਹੈ ਇਸ ਤਸਵੀਰ ਵਿਚ ਇਹ ਬੱਚੇ ਕਿਹੜੀ ਕਿਤਾਬ ਪੜ੍ਹ ਰਹੇ ਹਨ? ਇਹ ਉਹੀ ਕਿਤਾਬ ਪੜ੍ਹ ਰਹੇ ਹਨ ਜਿਹੜੀ ਤੁਸੀਂ ਪੜ੍ਹ ਰਹੇ ਹੋ। ਇਸ ਕਿਤਾਬ ਦਾ ਨਾਮ ਹੈ ਬਾਈਬਲ ਕਹਾਣੀਆਂ ਦੀ ਕਿਤਾਬ। ਉਹ ਵੀ ਇਸ ਕਿਤਾਬ ਦੀ ਅਖ਼ੀਰਲੀ ਕਹਾਣੀ ਪੜ੍ਹ ਰਹੇ ਹਨ।

ਤੁਹਾਨੂੰ ਪਤਾ ਉਨ੍ਹਾਂ ਨੇ ਇਸ ਕਿਤਾਬ ਵਿੱਚੋਂ ਕੀ-ਕੀ ਸਿੱਖਿਆ ਹੈ? ਉਨ੍ਹਾਂ ਨੇ ਇਹ ਸਿੱਖਿਆ ਹੈ ਕਿ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਯਹੋਵਾਹ ਅਤੇ ਯਿਸੂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਬਾਈਬਲ ਸਿਖਾਉਂਦੀ ਹੈ ਕਿ ਸਾਨੂੰ ਸੱਚੇ ਪਰਮੇਸ਼ੁਰ ਯਹੋਵਾਹ ਅਤੇ ਉਸ ਦੇ ਪੁੱਤਰ, ਯਿਸੂ ਮਸੀਹ ਬਾਰੇ ਸਿੱਖਣਾ ਚਾਹੀਦਾ ਹੈ ਜਿਸ ਨੂੰ ਉਸ ਨੇ ਧਰਤੀ ਤੇ ਭੇਜਿਆ ਸੀ।

ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਬਾਰੇ ਕਿਵੇਂ ਸਿੱਖ ਸਕਦੇ ਹਾਂ? ਇਕ ਤਰੀਕਾ ਹੈ ਇਸ ਕਿਤਾਬ ਰਾਹੀਂ। ਇਸ ਵਿਚ ਯਹੋਵਾਹ ਅਤੇ ਯਿਸੂ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ। ਇਸ ਵਿਚ ਉਹ ਸਭ ਗੱਲਾਂ ਦੱਸੀਆਂ ਗਈਆਂ ਹਨ ਜੋ ਉਨ੍ਹਾਂ ਨੇ ਪੁਰਾਣੇ ਜ਼ਮਾਨੇ ਵਿਚ ਕੀਤੀਆਂ ਸਨ ਅਤੇ ਜੋ ਉਹ ਭਵਿੱਖ ਵਿਚ ਕਰਨ ਵਾਲੇ ਹਨ। ਪਰ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਇਸ ਕਿਤਾਬ ਨੂੰ ਪੜ੍ਹਨਾ ਹੀ ਕਾਫ਼ੀ ਨਹੀਂ ਹੈ, ਸਗੋਂ ਕੁਝ ਹੋਰ ਵੀ ਕਰਨਾ ਪਵੇਗਾ।

ਕੀ ਤੁਸੀਂ ਤਸਵੀਰ ਵਿਚ ਇਕ ਹੋਰ ਕਿਤਾਬ ਪਈ ਦੇਖ ਸਕਦੇ ਹੋ? ਇਹ ਕਿਤਾਬ ਬਾਈਬਲ ਹੈ। ਤੁਸੀਂ ਕਿਸੇ ਨੂੰ ਕਹਿ ਸਕਦੇ ਹੋ ਕਿ ਉਹ ਬਾਈਬਲ ਵਿੱਚੋਂ ਤੁਹਾਨੂੰ ਉਹ ਹਵਾਲੇ ਪੜ੍ਹ ਕੇ ਸੁਣਾਉਣ ਜਿਨ੍ਹਾਂ ਵਿੱਚੋਂ ਇਹ ਕਹਾਣੀਆਂ ਲਈਆਂ ਗਈਆਂ ਹਨ। ਬਾਈਬਲ ਵਿਚ ਉਹ ਸਭ ਗੱਲਾਂ ਲਿਖੀਆਂ ਗਈਆਂ ਹਨ ਜਿਨ੍ਹਾਂ ਤੇ ਚੱਲ ਕੇ ਅਸੀਂ ਯਹੋਵਾਹ ਦੀ ਭਗਤੀ ਸਹੀ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਾਂ। ਇਸ ਲਈ ਸਾਨੂੰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ ਅਤੇ ਪੜ੍ਹੀਆਂ ਗੱਲਾਂ ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ।

ਪਰ ਯਿਸੂ ਅਤੇ ਯਹੋਵਾਹ ਬਾਰੇ ਸਿੱਖਣਾ ਹੀ ਕਾਫ਼ੀ ਨਹੀਂ ਹੈ। ਅਸੀਂ ਉਨ੍ਹਾਂ ਬਾਰੇ ਢੇਰ ਸਾਰਾ ਗਿਆਨ ਲੈ ਸਕਦੇ ਹਾਂ, ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਹੁਣ ਹਮੇਸ਼ਾ ਦੀ ਜ਼ਿੰਦਗੀ ਮਿਲ ਜਾਵੇਗੀ। ਸਾਨੂੰ ਕੁਝ ਹੋਰ ਵੀ ਕਰਨ ਦੀ ਜ਼ਰੂਰਤ ਹੈ।

ਸਾਨੂੰ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਤੇ ਚੱਲਣ ਦੀ ਜ਼ਰੂਰਤ ਹੈ। ਤੁਹਾਨੂੰ ਯਹੂਦਾ ਇਸਕਰਿਯੋਤੀ ਯਾਦ ਹੈ? ਉਹ ਯਿਸੂ ਦੇ ਬਾਰਾਂ ਰਸੂਲਾਂ ਵਿੱਚੋਂ ਇਕ ਸੀ। ਉਹ ਯਿਸੂ ਅਤੇ ਯਹੋਵਾਹ ਬਾਰੇ ਬਹੁਤ ਕੁਝ ਜਾਣਦਾ ਸੀ। ਪਰ ਤੁਹਾਨੂੰ ਯਾਦ ਹੈ ਉਸ ਨਾਲ ਕੀ ਹੋਇਆ ਸੀ? ਉਹ ਸੁਆਰਥੀ ਬਣ ਗਿਆ ਸੀ ਅਤੇ ਉਸ ਨੇ ਚਾਂਦੀ ਦੇ 30 ਸਿੱਕਿਆਂ ਦੇ ਬਦਲੇ ਯਿਸੂ ਨੂੰ ਉਸ ਦੇ ਦੁਸ਼ਮਣਾਂ ਕੋਲ ਫੜਵਾ ਦਿੱਤਾ ਸੀ। ਇਸੇ ਲਈ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ।

ਕੀ ਤੁਹਾਨੂੰ ਕਹਾਣੀ 69 ਵਿਚ ਦੱਸੇ ਗੇਹਾਜੀ ਬਾਰੇ ਯਾਦ ਹੈ? ਉਸ ਨੇ ਕੁਝ ਕੱਪੜੇ ਅਤੇ ਪੈਸੇ ਲੈਣ ਲਈ ਝੂਠ ਬੋਲਿਆ ਸੀ। ਯਹੋਵਾਹ ਨੇ ਉਸ ਨੂੰ ਇਸ ਦੀ ਸਜ਼ਾ ਦਿੱਤੀ ਸੀ। ਉਹ ਸਾਨੂੰ ਵੀ ਸਜ਼ਾ ਦੇਵੇਗਾ ਜੇ ਅਸੀਂ ਉਸ ਦੇ ਹੁਕਮਾਂ ਤੇ ਨਹੀਂ ਚੱਲਾਂਗੇ।

ਪਰ ਬਾਈਬਲ ਵਿਚ ਹੋਰ ਵੀ ਬਹੁਤ ਸਾਰੇ ਲੋਕਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਹਮੇਸ਼ਾ ਯਹੋਵਾਹ ਦਾ ਕਹਿਣਾ ਮੰਨਿਆ ਸੀ। ਸਾਨੂੰ ਵੀ ਉਨ੍ਹਾਂ ਦੀ ਮਿਸਾਲ ਤੇ ਚੱਲਣਾ ਚਾਹੀਦਾ ਹੈ। ਕਹਾਣੀ 55 ਵਿਚ ਆਪਾਂ ਸਮੂਏਲ ਬਾਰੇ ਪੜ੍ਹਿਆ ਸੀ। ਅਸੀਂ ਉਸ ਦੀ ਮਿਸਾਲ ਤੇ ਚੱਲ ਸਕਦੇ ਹਾਂ। ਆਪਾਂ ਪੜ੍ਹਿਆ ਸੀ ਕਿ ਉਸ ਨੇ ਯਹੋਵਾਹ ਦੇ ਡੇਹਰੇ ਵਿਚ ਚਾਰ-ਪੰਜ ਸਾਲਾਂ ਦੀ ਉਮਰ ਵਿਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਤਾਂ ਫਿਰ ਤੁਹਾਡੀ ਉਮਰ ਜੋ ਮਰਜ਼ੀ ਹੋਵੇ, ਤੁਸੀਂ ਵੀ ਯਹੋਵਾਹ ਦੀ ਸੇਵਾ ਕਰ ਸਕਦੇ ਹੋ।

ਇਕ ਮਿਸਾਲ ਹੋਰ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ। ਉਹ ਮਿਸਾਲ ਹੈ ਯਿਸੂ ਮਸੀਹ ਦੀ। ਕਹਾਣੀ 87 ਵਿਚ ਆਪਾਂ ਦੇਖਿਆ ਸੀ ਕਿ ਜਦ ਉਹ ਅਜੇ ਛੋਟਾ ਹੀ ਸੀ, ਤਾਂ ਉਹ ਹੈਕਲ ਵਿਚ ਲੋਕਾਂ ਨਾਲ ਆਪਣੇ ਪਿਤਾ ਯਹੋਵਾਹ ਬਾਰੇ ਗੱਲਾਂ ਕਰਦਾ ਹੁੰਦਾ ਸੀ। ਆਓ ਆਪਾਂ ਵੀ ਉਸ ਦੀ ਮਿਸਾਲ ਤੇ ਚੱਲੀਏ ਅਤੇ ਸਾਰੇ ਲੋਕਾਂ ਨੂੰ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਬਾਰੇ ਦੱਸੀਏ। ਜੇ ਅਸੀਂ ਇਹ ਸਭ ਗੱਲਾਂ ਕਰਾਂਗੇ, ਤਾਂ ਯਹੋਵਾਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।