Skip to content

Skip to table of contents

ਅਧਿਆਇ ਤੇਰਾਂ

ਜਦੋਂ ਵਿਆਹ ਟੁੱਟਣ ਦੀ ਨੌਬਤ ਤੇ ਹੁੰਦਾ ਹੈ

ਜਦੋਂ ਵਿਆਹ ਟੁੱਟਣ ਦੀ ਨੌਬਤ ਤੇ ਹੁੰਦਾ ਹੈ

1, 2. ਜਦੋਂ ਇਕ ਵਿਆਹ ਦਬਾਉ ਹੇਠ ਹੁੰਦਾ ਹੈ, ਤਾਂ ਕਿਹੜਾ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ?

ਸੰਨ 1988 ਵਿਚ, ਲੂਚੀਆ ਨਾਮਕ ਇਕ ਇਤਾਲਵੀ ਇਸਤਰੀ ਬਹੁਤ ਹੀ ਨਿਰਾਸ਼ ਸੀ। * ਦਸ ਸਾਲਾਂ ਤੋਂ ਬਾਅਦ ਉਸ ਦਾ ਵਿਆਹ ਹੁਣ ਸਮਾਪਤ ਹੋ ਰਿਹਾ ਸੀ। ਕਈ ਵਾਰ ਉਸ ਨੇ ਆਪਣੇ ਪਤੀ ਦੇ ਨਾਲ ਸੁਲ੍ਹਾ-ਸਫਾਈ ਕਰਨ ਦਾ ਜਤਨ ਕੀਤਾ ਸੀ, ਪਰ ਇਹ ਕੇਵਲ ਸਫ਼ਲ ਹੀ ਨਹੀਂ ਹੋਇਆ ਸੀ। ਸੋ ਉਹ ਪ੍ਰਤਿਕੂਲਤਾ ਦੇ ਕਾਰਨ ਅਲਹਿਦਾ ਹੋ ਗਈ ਅਤੇ ਹੁਣ ਉਸ ਦੇ ਸਾਮ੍ਹਣੇ ਇਕੱਲੀ ਹੀ ਦੋ ਧੀਆਂ ਨੂੰ ਪਾਲਣ ਦੀ ਸੰਭਾਵਨਾ ਪੇਸ਼ ਹੋਈ। ਉਸ ਸਮੇਂ ਵੱਲ ਪਿੱਛਲਝਾਤ ਮਾਰਦੀ ਹੋਈ, ਲੂਚੀਆ ਚੇਤੇ ਕਰਦੀ ਹੈ: “ਮੈਂ ਨਿਸ਼ਚਿਤ ਸੀ ਕਿ ਸਾਡੇ ਵਿਆਹ ਨੂੰ ਕੋਈ ਵੀ ਚੀਜ਼ ਨਹੀਂ ਬਚਾ ਸਕਦੀ ਸੀ।”

2 ਜੇਕਰ ਤੁਸੀਂ ਵਿਆਹ ਸੰਬੰਧੀ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹੋ, ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੂਚੀਆ ਕਿਵੇਂ ਮਹਿਸੂਸ ਕਰਦੀ ਹੈ। ਤੁਹਾਡਾ ਵਿਆਹ ਸ਼ਾਇਦ ਦੁੱਖਾਂ ਨਾਲ ਭਰਪੂਰ ਹੋਵੇ ਅਤੇ ਤੁਸੀਂ ਸ਼ਾਇਦ ਸੋਚ ਰਹੇ ਹੋਵੋ ਕਿ ਕੀ ਇਹ ਅਜੇ ਵੀ ਬਚਾਇਆ ਜਾ ਸਕਦਾ ਹੈ। ਜੇਕਰ ਮਾਮਲਾ ਅਜਿਹਾ ਹੈ, ਤਾਂ ਤੁਸੀਂ ਇਸ ਸਵਾਲ ਉੱਤੇ ਵਿਚਾਰ ਕਰਨਾ ਸਹਾਇਕ ਪਾਓਗੇ: ਕੀ ਮੈਂ ਉਸ ਸਾਰੀ ਉੱਤਮ ਸਲਾਹ ਦੀ ਪੈਰਵੀ ਕੀਤੀ ਹੈ ਜੋ ਪਰਮੇਸ਼ੁਰ ਨੇ ਵਿਆਹ ਨੂੰ ਇਕ ਸਫ਼ਲਤਾ ਬਣਾਉਣ ਲਈ ਬਾਈਬਲ ਵਿਚ ਦਿੱਤੀ ਹੈ?—ਜ਼ਬੂਰ 119:105.

3. ਜਦ ਕਿ ਤਲਾਕ ਆਮ ਬਣ ਗਿਆ ਹੈ, ਬਹੁਤੇਰੇ ਤਲਾਕ-ਸ਼ੁਦਾ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਕੀ ਪ੍ਰਤਿਕ੍ਰਿਆ ਰਿਪੋਰਟ ਕੀਤੀ ਜਾਂਦੀ ਹੈ?

3 ਜਦੋਂ ਪਤੀ ਅਤੇ ਪਤਨੀ ਦਰਮਿਆਨ ਡਾਢੀ ਤਣਾ-ਤਣੀ ਮੌਜੂਦ ਹੁੰਦੀ ਹੈ, ਤਾਂ ਸ਼ਾਇਦ ਵਿਆਹ ਨੂੰ ਸਮਾਪਤ ਕਰਨਾ ਸਭ ਤੋਂ ਸੌਖਾ ਰਾਹ ਜਾਪਦਾ ਹੋਵੇ। ਪਰੰਤੂ, ਜਦ ਕਿ ਬਹੁਤੇਰਿਆਂ ਦੇਸ਼ਾਂ ਨੇ ਟੁੱਟੇ ਪਰਿਵਾਰਾਂ ਵਿਚ ਅਨੋਖਾ ਵਾਧਾ ਅਨੁਭਵ ਕੀਤਾ ਹੈ, ਹਾਲ ਹੀ ਦੇ ਅਧਿਐਨ ਸੰਕੇਤ ਕਰਦੇ ਹਨ ਕਿ ਤਲਾਕ-ਸ਼ੁਦਾ ਪੁਰਸ਼ ਅਤੇ ਇਸਤਰੀਆਂ ਦੀ ਵੱਡੀ ਤਾਦਾਦ ਵਿਆਹ ਦੇ ਵਿਘਟਨ ਨੂੰ ­ਪਛਤਾਉਂਦੀ ਹੈ। ਉਨ੍ਹਾਂ ­ਵਿਅਕਤੀਆਂ ਨਾਲੋਂ ਜੋ ਆਪਣੇ ਵਿਆਹ ਵਿਚ ਕਾਇਮ ਰਹਿੰਦੇ ਹਨ, ਇਨ੍ਹਾਂ ਵਿੱਚੋਂ ਕਾਫ਼ੀ ਪੁਰਸ਼ ਅਤੇ ਇਸਤਰੀਆਂ ਦੋਵੇਂ ਸਰੀਰਕ ਅਤੇ ਮਾਨਸਿਕ ਸਿਹਤ ­ਸਮੱਸਿਆਵਾਂ ਤੋਂ ਜ਼ਿਆਦਾ ਪੀੜਿਤ ਹੁੰਦੇ ਹਨ। ਤਲਾਕ ਦੇ ਬੱਚਿਆਂ ਲਈ ਉਲਝਣ ਅਤੇ ਨਾਖ਼ੁਸ਼ੀ ਅਕਸਰ ਸਾਲਾਂ ਲਈ ਮੌਜੂਦ ਰਹਿੰਦੀਆਂ ਹਨ। ਟੁੱਟੇ ਪਰਿਵਾਰ ਦੇ ਮਾਪੇ ਅਤੇ ਦੋਸਤ-ਮਿੱਤਰ ਵੀ ਕਸ਼ਟ ਸਹਿੰਦੇ ਹਨ। ਅਤੇ ਉਸ ਦੇ ਬਾਰੇ ਕੀ ਜਿਸ ਤਰੀਕੇ ਤੋਂ ਪਰਮੇਸ਼ੁਰ, ਅਰਥਾਤ, ਵਿਆਹ ਦਾ ਆਰੰਭਕਰਤਾ ਪਰਿਸਥਿਤੀ ਨੂੰ ਵਿਚਾਰਦਾ ਹੈ?

4. ਇਕ ਵਿਆਹ ਵਿਚ ਸਮੱਸਿਆਵਾਂ ਕਿਵੇਂ ਨਿਪਟਾਈਆਂ ਜਾਣੀਆਂ ਚਾਹੀਦੀਆਂ ਹਨ?

4 ਜਿਵੇਂ ਪਹਿਲੇ ਅਧਿਆਵਾਂ ਵਿਚ ਦੇਖਿਆ ਗਿਆ ਹੈ, ਪਰਮੇਸ਼ੁਰ ਨੇ ਇਰਾਦਾ ਕੀਤਾ ਸੀ ਕਿ ਵਿਆਹ ਇਕ ਜੀਵਨ-ਕਾਲ ਦਾ ਬੰਧਨ ਹੋਣਾ ਚਾਹੀਦਾ ਹੈ। (ਉਤਪਤ 2:24) ਤਾਂ ਫਿਰ, ਇੰਨੇ ਸਾਰੇ ਵਿਆਹ ਕਿਉਂ ਟੁੱਟ ਜਾਂਦੇ ਹਨ? ਇਹ ਸ਼ਾਇਦ ਅਚਾਨਕ ਹੀ ਨਾ ਹੋਵੇ। ਆਮ ਤੌਰ ਤੇ ਚੇਤਾਵਨੀ-ਸੂਚਕ ਸੰਕੇਤ ਹੁੰਦੇ ਹਨ। ਵਿਆਹ ਵਿਚ ਛੋਟੀਆਂ ਸਮੱਸਿਆਵਾਂ ਵੱਧ ਕੇ ਇੰਨੀਆਂ ਵੱਡੀਆਂ ਹੋ ਸਕਦੀਆਂ ਹਨ ਕਿ ਉਹ ਅਲੰਘ ਜਾਪਣ। ਪਰੰਤੂ ਜੇਕਰ ਇਹ ਸਮੱਸਿਆਵਾਂ ਬਾਈਬਲ ਦੀ ਸਹਾਇਤਾ ਦੁਆਰਾ ਤੁਰੰਤ ਹੀ ਨਿਪਟਾਈਆਂ ਜਾਣ, ਤਾਂ ਬਹੁਤੇਰੇ ਵਿਵਾਹਕ ਵਿਘਟਨ ਟਾਲੇ ਜਾ ਸਕਦੇ ਹਨ।

ਯਥਾਰਥਕ ਬਣੋ

5. ਕਿਸੇ ਵੀ ਵਿਆਹ ਵਿਚ ਕਿਹੜੀ ਇਕ ਯਥਾਰਥਕ ਪਰਿਸਥਿਤੀ ਦਾ ਸਾਮ੍ਹਣਾ ਕਰਨਾ ਚਾਹੀਦਾ ਹੈ?

5 ਇਕ ਕਾਰਕ ਜੋ ਕਦੇ-ਕਦਾਈਂ ਸਮੱਸਿਆਵਾਂ ਵਿਚ ਪਰਿਣਿਤ ਹੁੰਦਾ ਹੈ, ਉਹ ਹੈ ਅਯਥਾਰਥਵਾਦੀ ਉਮੀਦਾਂ ਜੋ ਇਕ ਜਾਂ ਦੋਵੇਂ ਵਿਆਹੁਤਾ ਸਾਥੀ ਰੱਖ ਸਕਦੇ ਹਨ। ਰੁਮਾਂਸਵਾਦੀ ਨਾਵਲਾਂ, ਲੋਕਪ੍ਰਿਯ ਰਸਾਲੇ, ਟੈਲੀਵਿਯਨ ਪ੍ਰੋਗ੍ਰਾਮ, ਅਤੇ ਫ਼ਿਲਮਾਂ ਉਨ੍ਹਾਂ ਉਮੀਦਾਂ ਅਤੇ ਸੁਪਨਿਆਂ ਨੂੰ ਉਤਪੰਨ ਕਰ ਸਕਦੇ ਹਨ ਜੋ ਅਸਲੀ ਜੀਵਨ ਤੋਂ ਕਿਤੇ ਹੀ ਵੱਖਰੇ ਹਨ। ਜਦੋਂ ਇਹ ਸੁਪਨੇ ਪੂਰੇ ਨਹੀਂ ਹੁੰਦੇ, ਤਾਂ ਇਕ ਵਿਅਕਤੀ ਠੱਗਿਆ, ਅਤ੍ਰਿਪਤ, ਇੱਥੋਂ ਤਕ ਕਿ ਦੁਖਾਵਾਂ ਵੀ ਮਹਿਸੂਸ ਕਰ ਸਕਦਾ ਹੈ। ਪਰ ਫਿਰ, ਦੋ ਅਪੂਰਣ ਵਿਅਕਤੀ ਵਿਆਹ ਵਿਚ ਕਿਵੇਂ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਨ? ਇਕ ਸਫ਼ਲ ਰਿਸ਼ਤਾ ਹਾਸਲ ਕਰਨ ਲਈ ਮਿਹਨਤ ਦੀ ਲੋੜ ਹੁੰਦੀ ਹੈ।

6. (ੳ) ਬਾਈਬਲ ਵਿਆਹ ਬਾਰੇ ਇਕ ਕਿਹੜਾ ਸੰਤੁਲਿਤ ਦ੍ਰਿਸ਼ਟੀਕੋਣ ਦਿੰਦੀ ਹੈ? (ਅ) ਵਿਆਹ ਵਿਚ ਅਸਹਿਮਤੀਆਂ ਦੇ ਕੀ ਕੁਝ ਕਾਰਨ ਹਨ?

6 ਬਾਈਬਲ ਵਿਵਹਾਰਕ ਹੈ। ਇਹ ਵਿਆਹ ਦੀਆਂ ਖ਼ੁਸ਼ੀਆਂ ਨੂੰ ਸਵੀਕਾਰਦੀ ਹੈ, ਪਰੰਤੂ ਇਹ ਚੇਤਾਵਨੀ ਵੀ ਦਿੰਦੀ ਹੈ ਕਿ ਜੋ ਲੋਕ ਵਿਆਹ ਕਰਦੇ ਹਨ ਉਹ “ਸਰੀਰ ਵਿੱਚ ਦੁਖ ਭੋਗਣਗੇ।” (1 ਕੁਰਿੰਥੀਆਂ 7:28) ਜਿਵੇਂ ਪਹਿਲਾਂ ਦੇਖਿਆ ਗਿਆ ਹੈ, ਦੋਵੇਂ ਸਾਥੀ ਅਪੂਰਣ ਅਤੇ ਪਾਪ ਵੱਲ ਝੁਕਾਉ ਹਨ। ਹਰੇਕ ਸਾਥੀ ਦੀ ਮਾਨਸਿਕ ਅਤੇ ਭਾਵਾਤਮਕ ਬਣਤਰ ਅਤੇ ਪਰਵਰਿਸ਼ ਵੱਖਰੀ ਹੁੰਦੀ ਹੈ। ਜੋੜੇ ਕਦੇ-ਕਦਾਈਂ ਪੈਸਿਆਂ, ਬੱਚਿਆਂ, ਅਤੇ ਸਹੁਰਿਆਂ ਬਾਰੇ ਅਸਹਿਮਤ ਹੁੰਦੇ ਹਨ। ਇਕੱਠੇ ਚੀਜ਼ਾਂ ਕਰਨ ਲਈ ਨਾਕਾਫ਼ੀ ਸਮਾਂ ਅਤੇ ਲਿੰਗੀ ਸਮੱਸਿਆਵਾਂ ਵੀ ਟੱਕਰ ਦਾ ਇਕ ਸ੍ਰੋਤ ਹੋ ਸਕਦੇ ਹਨ। * ਅਜਿਹਿਆਂ ਮਾਮਲਿਆਂ ਨਾਲ ਨਿਭਣ ਲਈ ਸਮਾਂ ਲੱਗਦਾ ਹੈ, ਪਰੰਤੂ ਹੌਸਲਾ ਰੱਖੋ! ਜ਼ਿਆਦਾਤਰ ਵਿਵਾਹਿਤ ਜੋੜੇ ਅਜਿਹੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਸਕਦੇ ਹਨ ਅਤੇ ਪਰਸਪਰ ਪ੍ਰਵਾਨਣਯੋਗ ਸੁਲਝਾਉ ਲੱਭ ਸਕਦੇ ਹਨ।

ਮਤਭੇਦਾਂ ਬਾਰੇ ਚਰਚਾ ਕਰੋ

7, 8. ਜੇਕਰ ਵਿਵਾਹਿਤ ਸਾਥੀਆਂ ਦੇ ਦਰਮਿਆਨ ਠੇਸ ਲੱਗੇ ਜਜ਼ਬਾਤ ਜਾਂ ਗ਼ਲਤਫ਼ਹਿਮੀਆਂ ਹਨ, ਉਨ੍ਹਾਂ ਦੇ ਨਾਲ ਨਿਭਣ ਦਾ ਸ਼ਾਸਤਰ ਸੰਬੰਧੀ ਤਰੀਕਾ ਕੀ ਹੈ?

7 ਬਹੁਤੇਰਿਆਂ ਨੂੰ ਸ਼ਾਂਤ ਰਹਿਣਾ ਮੁਸ਼ਕਲ ਜਾਪਦਾ ਹੈ ਜਦੋਂ ਉਹ ਠੇਸ ਲੱਗੇ ਜਜ਼ਬਾਤਾਂ, ਗ਼ਲਤਫ਼ਹਿਮੀਆਂ, ਜਾਂ ਵਿਅਕਤੀਗਤ ਕਮੀਆਂ ਦੀ ਚਰਚਾ ਕਰਦੇ ਹਨ। ਸਿੱਧਿਆਂ ਹੀ ਇਹ ਕਹਿਣ ਦੀ ਬਜਾਇ: “ਮੈਨੂੰ ਲੱਗਦਾ ਹੈ ਕਿ ਮੈਨੂੰ ਗ਼ਲਤ ਸਮਝਿਆ ਜਾ ਰਿਹਾ ਹੈ,” ਇਕ ਵਿਆਹੁਤਾ ਸਾਥੀ ਸ਼ਾਇਦ ਭਾਵ-ਉਤੇਜਕ ਹੋ ਜਾਏ ਅਤੇ ਸਮੱਸਿਆ ਨੂੰ ਵਧਾਵੇ-ਚੜ੍ਹਾਵੇ। ਅਨੇਕ ਕਹਿਣਗੇ: “ਤੁਸੀਂ ਆਪਣੀ ਹੀ ਪਰਵਾਹ ਕਰਦੇ ਹੋ,” ਜਾਂ, “ਤੁਹਾਨੂੰ ਮੇਰੇ ਨਾਲ ਪਿਆਰ ਨਹੀਂ ਹੈ।” ਇਕ ਬਹਿਸ ਵਿਚ ਉਲਝਣ ਦੀ ਇੱਛਾ ਨਾ ਕਰਦੇ ਹੋਏ, ਦੂਜਾ ਸਾਥੀ ਸ਼ਾਇਦ ਪ੍ਰਤਿਕ੍ਰਿਆ ਦਿਖਾਉਣ ਤੋਂ ਇਨਕਾਰ ਕਰੇ।

8 ਪੈਰਵੀ ਕਰਨ ਲਈ ਇਕ ਬਿਹਤਰ ਤਰੀਕਾ ਬਾਈਬਲ ਦੀ ਸਲਾਹ ਨੂੰ ਧਿਆਨ ਦੇਣਾ ਹੈ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ!” (ਅਫ਼ਸੀਆਂ 4:26) ਇਕ ਸੁਖੀ ਵਿਵਾਹਿਤ ਜੋੜੇ ਨੂੰ, ਉਨ੍ਹਾਂ ਦੇ ਵਿਆਹ ਦੇ 60ਵੇਂ ਵਰ੍ਹੇ-ਗੰਢ ਤਕ ਪਹੁੰਚਣ ਤੇ, ਆਪਣੇ ਸਫ਼ਲ ਵਿਆਹ ਦੇ ਰਾਜ਼ ਬਾਰੇ ਪੁੱਛਿਆ ਗਿਆ। ਪਤੀ ਨੇ ਦੱਸਿਆ: “ਅਸੀਂ ਸਿੱਖਿਆ ਕਿ ਮਤਭੇਦਾਂ ਨੂੰ ਬਿਨਾਂ ਨਜਿੱਠੇ ਨਹੀਂ ਸੌਣਾ, ਭਾਵੇਂ ਕਿ ਉਹ ਕਿੰਨੇ ਵੀ ਛੋਟੇ-ਮੋਟੇ ਕਿਉਂ ਨਾ ਹੁੰਦੇ ਸਨ।”

9. (ੳ) ਸ਼ਾਸਤਰ ਵਿਚ ਕਿਹੜੀ ਚੀਜ਼ ਨੂੰ ਸੰਚਾਰ ਦੇ ਇਕ ਅਤਿ-ਮਹੱਤਵਪੂਰਣ ਹਿੱਸੇ ਵਜੋਂ ਸ਼ਨਾਖਤ ਕੀਤਾ ਗਿਆ ਹੈ? (ਅ) ਵਿਵਾਹਿਤ ਸਾਥੀਆਂ ਨੂੰ ਅਕਸਰ ਕੀ ਕਰਨ ਦੀ ਜ਼ਰੂਰਤ ਹੁੰਦੀ ਹੈ, ਭਾਵੇਂ ਕਿ ਇਹ ਸਾਹਸ ਅਤੇ ਨਿਮਰਤਾ ਲੋੜਦਾ ਹੈ?

9 ਜਦੋਂ ਕਿ ਇਕ ਪਤੀ ਅਤੇ ਪਤਨੀ ਅਸਹਿਮਤ ਹੁੰਦੇ ਹਨ, ਹਰੇਕ ਨੂੰ “ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ” ਹੋਣ ਦੀ ਜ਼ਰੂਰਤ ਹੈ। (ਯਾਕੂਬ 1:19) ਧਿਆਨਪੂਰਵਕ ਸੁਣਨ ਤੋਂ ਬਾਅਦ, ਸ਼ਾਇਦ ਦੋਵੇਂ ਸਾਥੀ ਮਾਫ਼ੀ ਮੰਗਣ ਦੀ ਜ਼ਰੂਰਤ ਨੂੰ ਦੇਖਣ। (ਯਾਕੂਬ 5:16) ਸੁਹਿਰਦਤਾ ਦੇ ਨਾਲ ਇਹ ਕਹਿਣਾ, “ਤੁਹਾਨੂੰ ਠੇਸ ਪਹੁੰਚਾਉਣ ਵਾਸਤੇ ਮੈਨੂੰ ਅਫ਼ਸੋਸ ਹੈ,” ਨਿਮਰਤਾ ਅਤੇ ਸਾਹਸ ਲੋੜਦਾ ਹੈ। ਪਰੰਤੂ ਇਸ ਤਰੀਕੇ ਵਿਚ ਮਤਭੇਦਾਂ ਨਾਲ ਨਿਪਟਣਾ ਇਕ ਵਿਵਾਹਿਤ ਜੋੜੇ ਨੂੰ ਆਪਣੀਆਂ ਸਮੱਸਿਆਵਾਂ ਸੁਲਝਾਉਣ ਵਿਚ ਮਦਦ ਕਰਨ ਲਈ ਹੀ ਨਹੀਂ, ਬਲਕਿ ਇਕ ਅਜਿਹੇ ਨਿੱਘ ਅਤੇ ਨੇੜਤਾ ਨੂੰ ਵਿਕਸਿਤ ਕਰਨ ਲਈ ਵੀ ਪ੍ਰਭਾਵਕਾਰੀ ਹੋਵੇਗਾ ਜੋ ਉਨ੍ਹਾਂ ਨੂੰ ਇਕ ਦੂਜੇ ਦੀ ਸੰਗਤ ਵਿਚ ਜ਼ਿਆਦਾ ਆਨੰਦ ਹਾਸਲ ਕਰਾਵੇਗਾ।

ਵਿਆਹ ਦਾ ਹੱਕ ਪੂਰਾ ਕਰਨਾ

10. ਕੁਰਿੰਥੀ ਮਸੀਹੀਆਂ ਨੂੰ ਪੌਲੁਸ ਦੁਆਰਾ ਮਸ਼ਵਰਾ ਕੀਤਾ ਗਿਆ ਕਿਹੜਾ ਬਚਾਉ ਅੱਜ ਇਕ ਮਸੀਹੀ ਨੂੰ ਲਾਗੂ ਹੋ ਸਕਦਾ ਹੈ?

10 ਜਦੋਂ ਰਸੂਲ ਪੌਲੁਸ ਨੇ ਕੁਰਿੰਥੀਆਂ ਨੂੰ ਲਿਖਿਆ, ਉਸ ਨੇ ‘ਹਰਾਮਕਾਰੀ ਦੇ ਕਾਰਨ’ ਵਿਆਹ ਦਾ ਮਸ਼ਵਰਾ ਦਿੱਤਾ। (1 ਕੁਰਿੰਥੀਆਂ 7:2) ਅੱਜ ਸੰਸਾਰ ਪ੍ਰਾਚੀਨ ਕੁਰਿੰਥੁਸ ਜਿੰਨਾ ਭੈੜਾ, ਜਾਂ ਉਸ ਨਾਲੋਂ ਵੀ ਭੈੜਾ ਹੈ। ਉਹ ਅਨੈਤਿਕ ਵਿਸ਼ੇ ਜਿਨ੍ਹਾਂ ਦੀ ਸੰਸਾਰ ਦੇ ਲੋਕ ਖੁੱਲ੍ਹੀ ਤਰ੍ਹਾਂ ਨਾਲ ਚਰਚਾ ਕਰਦੇ ਹਨ, ਉਹ ਨਿਰਲੱਜ ਕੱਪੜੇ ਪਹਿਨਣ ਦਾ ਤਰੀਕਾ, ਨਾਲੇ ਰਸਾਲਿਆਂ ਅਤੇ ਪੁਸਤਕਾਂ, ਟੈਲੀਵਿਯਨ, ਅਤੇ ਫ਼ਿਲਮਾਂ ਵਿਚ ਚਿਤ੍ਰਿਤ ਕਾਮੁਕ ਕਹਾਣੀਆਂ, ਸਭ ਇਕੱਠੇ ਮਿਲ ਕੇ ਨਾਜਾਇਜ਼ ਜਿਨਸੀ ਅਭਿਲਾਸ਼ਾਵਾਂ ਨੂੰ ਉਕਸਾਉਂਦੇ ਹਨ। ਇਕ ਸਮਰੂਪ ਵਾਤਾਵਰਣ ਵਿਚ ਰਹਿ ਰਹੇ ਕੁਰਿੰਥੀਆਂ ਨੂੰ ਰਸੂਲ ਪੌਲੁਸ ਨੇ ਕਿਹਾ: “ਸੜਨ ਨਾਲੋਂ ਵਿਆਹ ਕਰਨਾ ਚੰਗਾ ਹੈ।”—1 ਕੁਰਿੰਥੀਆਂ 7:9.

11, 12. (ੳ) ਪਤੀ ਅਤੇ ਪਤਨੀ ਇਕ ਦੂਜੇ ਨੂੰ ਕਿਸ ਚੀਜ਼ ਦੇ ਦੇਣਦਾਰ ਹਨ, ਅਤੇ ਇਹ ਕਿਸ ਮਨੋਬਿਰਤੀ ਨਾਲ ਅਦਾ ਕਰਨਾ ਚਾਹੀਦਾ ਹੈ? (ਅ) ਪਰਿਸਥਿਤੀ ਨਾਲ ਕਿਵੇਂ ਨਿਪਟਣਾ ਚਾਹੀਦਾ ਹੈ ਜੇਕਰ ਵਿਆਹ ਦੇ ਹੱਕ ਨੂੰ ਅਸਥਾਈ ਤੌਰ ਤੇ ਨਿਲੰਬਿਤ ਕਰਨਾ ਪਵੇ?

11 ਇਸ ਕਰਕੇ, ਬਾਈਬਲ ਵਿਵਾਹਿਤ ਮਸੀਹੀਆਂ ਨੂੰ ਹੁਕਮ ਦਿੰਦੀ ਹੈ: “ਪਤੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰਾਂ ਪਤਨੀ ਪਤੀ ਦਾ।” (1 ਕੁਰਿੰਥੀਆਂ 7:3) ਧਿਆਨ ਦਿਓ ਕਿ ਦੇਣ ਉੱਤੇ ਜ਼ੋਰ ਹੈ—ਮੰਗਣ ਉੱਤੇ ਨਹੀਂ। ਵਿਆਹ ਵਿਚ ਸਰੀਰਕ ਨੇੜਤਾ ਸੱਚ-ਮੁੱਚ ਉਦੋਂ ਹੀ ਤਸੱਲੀਬਖ਼ਸ਼ ਹੁੰਦੀ ਹੈ ਜੇਕਰ ਕੇਵਲ ਦੋਵੇਂ ਸਾਥੀ ਇਕ ਦੂਜੇ ਦੀ ਭਲਿਆਈ ਬਾਰੇ ਸੋਚਦੇ ਹਨ। ਉਦਾਹਰਣ ਵਜੋਂ, ਬਾਈਬਲ ਪਤੀਆਂ ਨੂੰ “ਬੁੱਧ ਦੇ ਅਨੁਸਾਰ” ਆਪਣੀਆਂ ਪਤਨੀਆਂ ਦੇ ਨਾਲ ਵਰਤਾਉ ਕਰਨ ਲਈ ਹੁਕਮ ਦਿੰਦੀ ਹੈ। (1 ਪਤਰਸ 3:7) ਇਹ ਵਿਆਹ ਦੇ ਹੱਕ ਦੇ ਲੈਣ ਦੇਣ ਵਿਚ ਖ਼ਾਸ ਤੌਰ ਤੇ ਸੱਚ ਹੈ। ਜੇਕਰ ਕੋਮਲਤਾ ਵਿਚ ਇਕ ਪਤਨੀ ਦੇ ਨਾਲ ਨਹੀਂ ਵਰਤਾਉ ਕੀਤਾ ਜਾਂਦਾ ਹੈ, ਤਾਂ ਉਹ ਵਿਆਹ ਦੇ ਇਸ ਪਹਿਲੂ ਦਾ ਆਨੰਦ ਮਾਣਨਾ ਸ਼ਾਇਦ ਕਠਿਨ ਪਾਵੇ।

12 ਅਜਿਹੇ ਅਵਸਰ ਹੁੰਦੇ ਹਨ ਜਦੋਂ ਵਿਆਹੁਤਾ ਸਾਥੀਆਂ ਨੂੰ ਇਕ ਦੂਜੇ ਨੂੰ ਸ਼ਾਇਦ ਵਿਆਹ ਦੇ ਹੱਕ ਤੋਂ ਵੰਚਿਤ ਕਰਨਾ ਪਵੇ। ਇਹ ਪਤਨੀ ਦੇ ਸੰਬੰਧ ਵਿਚ ਮਹੀਨੇ ਦੇ ਖ਼ਾਸ ਸਮੇਂ ਤੇ ਸ਼ਾਇਦ ਸੱਚ ਹੋਵੇ ਜਾਂ ਜਦੋਂ ਉਹ ਬਹੁਤ ਹੀ ਥੱਕੀ ਹੋਈ ਮਹਿਸੂਸ ਕਰਦੀ ਹੈ। (ਤੁਲਨਾ ਕਰੋ ਲੇਵੀਆਂ 18:19.) ਇਹ ਪਤੀ ਦੇ ਸੰਬੰਧ ਵਿਚ ਸੱਚ ਹੋ ਸਕਦਾ ਹੈ ਜਦੋਂ ਉਹ ਕੰਮ ਤੇ ਇਕ ਗੰਭੀਰ ਸਮੱਸਿਆ ਨਾਲ ਨਿਭ ਰਿਹਾ ਹੈ ਅਤੇ ਭਾਵਾਤਮਕ ਤੌਰ ਤੇ ਸੱਖਣਾ ਮਹਿਸੂਸ ਕਰਦਾ ਹੈ। ਵਿਆਹ ਹੱਕ ਨੂੰ ਪੂਰਾ ਕਰਨ ਦੇ ਅਸਥਾਈ ਨਿਲੰਬਨਾ ਦੇ ਅਜਿਹੇ ਮਾਮਲੇ ਸਭ ਤੋਂ ਵਧੀਆ ਤਰੀਕੇ ਵਿਚ ਨਿਪਟਾਏ ਜਾਂਦੇ ਹਨ ਜੇਕਰ ਦੋਵੇਂ ਸਾਥੀ ਪਰਿਸਥਿਤੀ ਬਾਰੇ ਖੁੱਲ੍ਹ ਕੇ ਚਰਚਾ ਕਰਨ ਅਤੇ “ਦੋਹਾਂ ਧਿਰਾਂ ਦੀ ਸਲਾਹ” ਦੁਆਰਾ ਇੰਜ ਕਰਨ ਲਈ ਸਹਿਮਤ ਹੋਣ। (1 ਕੁਰਿੰਥੀਆਂ 7:5) ਇਹ ਦੋਹਾਂ ਸਾਥੀਆਂ ਵਿੱਚੋਂ ਕਿਸੇ ਨੂੰ ਵੀ ਗ਼ਲਤ ਨਿਸ਼ਕਰਸ਼ ਤੇ ਪਹੁੰਚਣ ਤੋਂ ਰੋਕੇਗਾ। ਪਰ ਫਿਰ, ਜੇਕਰ ਇਕ ਪਤਨੀ ਇਰਾਦਤਨ ਆਪਣੇ ਪਤੀ ਨੂੰ ਵੰਚਿਤ ਕਰਦੀ ਹੈ ਜਾਂ ਜੇਕਰ ਇਕ ਪਤੀ ਪ੍ਰੇਮਮਈ ਢੰਗ ਨਾਲ ਵਿਆਹ ਦਾ ਹੱਕ ਪੂਰਾ ਕਰਨ ਤੋਂ ਜਾਣ-ਬੁੱਝ ਕੇ ਅਸਫ਼ਲ ਹੁੰਦਾ ਹੈ, ਤਾਂ ਸਾਥੀ ਪਰਤਾਵੇ ਦਾ ਸ਼ਿਕਾਰ ਹੋ ਸਕਦਾ ਹੈ। ਇਕ ਅਜਿਹੀ ਪਰਿਸਥਿਤੀ ਵਿਚ, ਵਿਆਹ ਵਿਚ ਸਮੱਸਿਆਵਾਂ ਪੇਸ਼ ਹੋ ਸਕਦੀਆਂ ਹਨ।

13. ਮਸੀਹੀ ਆਪਣੇ ਵਿਚਾਰਾਂ ਨੂੰ ਸ਼ੁੱਧ ਰੱਖਣ ਲਈ ਕਿਵੇਂ ਜਤਨ ਕਰ ਸਕਦੇ ਹਨ?

13 ਸਾਰੇ ਮਸੀਹੀਆਂ ਦੇ ਵਾਂਗ, ਪਰਮੇਸ਼ੁਰ ਦੇ ਵਿਵਾਹਿਤ ਸੇਵਕਾਂ ਨੂੰ ਅਸ਼ਲੀਲ ਸਾਹਿੱਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜੋ ਅਸ਼ੁੱਧ ਅਤੇ ਗ਼ੈਰ-ਕੁਦਰਤੀ ਕਾਮਨਾਵਾਂ ਪੈਦਾ ਕਰ ਸਕਦਾ ਹੈ। (ਕੁਲੁੱਸੀਆਂ 3:5) ਵਿਪਰੀਤ ਲਿੰਗ ਦੇ ਸਾਰੇ ਸਦੱਸਾਂ ਨਾਲ ਵਰਤਾਉ ਕਰਦੇ ਸਮੇਂ ਉਨ੍ਹਾਂ ਨੂੰ ਆਪਣੀਆਂ ਸੋਚਾਂ ਅਤੇ ਕਾਰਵਾਈਆਂ ਉੱਤੇ ਵੀ ਧਿਆਨ ਰੱਖਣਾ ਚਾਹੀਦਾ ਹੈ। ਯਿਸੂ ਨੇ ਚੇਤਾਵਨੀ ਦਿੱਤੀ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:28) ਸੰਭੋਗ ਦੇ ਸੰਬੰਧ ਵਿਚ ਬਾਈਬਲ ਦੀ ਸਲਾਹ ਨੂੰ ਲਾਗੂ ਕਰ ਕੇ, ਜੋੜਿਆਂ ਨੂੰ ਪਰਤਾਵੇ ਵਿਚ ਪੈਣ ਅਤੇ ਜ਼ਨਾਹ ਕਰਨ ਤੋਂ ਪਰਹੇਜ਼ ਕਰ ਸਕਣਾ ਚਾਹੀਦਾ ਹੈ। ਉਹ ਵਿਆਹ ਵਿਚ ਆਨੰਦਚਿੱਤ ਨੇੜਤਾ ਦਾ ਆਨੰਦ ਮਾਣਨਾ ਜਾਰੀ ਰੱਖ ਸਕਦੇ ਹਨ ਜਿਸ ਵਿਚ ਸੰਭੋਗ ਨੂੰ ਵਿਆਹ ਦੇ ਆਰੰਭਕਰਤਾ, ਯਹੋਵਾਹ ਵੱਲੋਂ ਇਕ ਗੁਣਕਾਰੀ ਦਾਤ ਵਜੋਂ ਕੀਮਤੀ ਸਮਝਿਆ ਜਾਂਦਾ ਹੈ।—ਕਹਾਉਤਾਂ 5:15-19.

ਤਲਾਕ ਲਈ ਬਾਈਬਲੀ ਆਧਾਰ

14. ਕਿਹੜੀ ਦੁਖਦ ਪਰਿਸਥਿਤੀ ਕਦੇ-ਕਦਾਈਂ ਪੇਸ਼ ਹੁੰਦੀ ਹੈ? ਅਤੇ ਕਿਉਂ?

14 ਖ਼ੁਸ਼ੀ ਦੀ ਗੱਲ ਹੈ ਕਿ ਜ਼ਿਆਦਾਤਰ ਮਸੀਹੀ ਵਿਆਹਾਂ ਵਿਚ ਕੋਈ ਵੀ ਸਮੱਸਿਆਵਾਂ ਜੋ ਪੈਦਾ ਹੋਣ ਨਿਪਟਾਈਆਂ ਜਾ ਸਕਦੀਆਂ ਹਨ। ਪਰੰਤੂ, ਕਦੇ-ਕਦਾਈਂ ਇਸ ਤਰ੍ਹਾਂ ਨਹੀਂ ਹੁੰਦਾ ਹੈ। ਕਿਉਂਕਿ ਮਾਨਵ ਅਪੂਰਣ ਹਨ ਅਤੇ ਸ਼ਤਾਨ ਦੇ ਕਾਬੂ ਹੇਠ ਇਕ ਪਾਪੀ ਸੰਸਾਰ ਵਿਚ ਰਹਿੰਦੇ ਹਨ, ਕੁਝ ਵਿਆਹ ਟੁੱਟਣ ਦੀ ਨੌਬਤ ਤਕ ਪਹੁੰਚ ਜਾਂਦੇ ਹਨ। (1 ਯੂਹੰਨਾ 5:19) ਮਸੀਹੀਆਂ ਨੂੰ ਅਜਿਹੀ ਅਜ਼ਮਾਇਸ਼ੀ ਪਰਿਸਥਿਤੀ ਦੇ ਨਾਲ ਕਿਵੇਂ ਨਿਪਟਣਾ ਚਾਹੀਦਾ ਹੈ?

15. (ੳ) ਮੁੜ-ਵਿਆਹ ਦੀ ਸੰਭਾਵਨਾ ਨਾਲ, ਤਲਾਕ ਲਈ ਇੱਕੋ-ਇਕ ਸ਼ਾਸਤਰ ਸੰਬੰਧੀ ਆਧਾਰ ਕੀ ਹੈ? (ਅ) ਕਈਆਂ ਨੇ ਇਕ ਬੇਵਫ਼ਾ ਵਿਆਹੁਤਾ ਸਾਥੀ ਨੂੰ ਤਲਾਕ ਦੇਣ ਦੇ ਵਿਰੁੱਧ ਕਿਉਂ ਫ਼ੈਸਲਾ ਕੀਤਾ ਹੈ?

15 ਜਿਵੇਂ ਇਸ ਪੁਸਤਕ ਦੇ ਅਧਿਆਇ 2 ਵਿਚ ਜ਼ਿਕਰ ਕੀਤਾ ਗਿਆ ਹੈ, ਮੁੜ-ਵਿਆਹ ਦੀ ਸੰਭਾਵਨਾ ਨਾਲ, ਤਲਾਕ ਦੇ ਲਈ ਵਿਭਚਾਰ ਹੀ ਇੱਕੋ-ਇਕ ਸ਼ਾਸਤਰ ਸੰਬੰਧੀ ਆਧਾਰ ਹੈ। * (ਮੱਤੀ 19:9) ਜੇਕਰ ਤੁਹਾਡੇ ਕੋਲ ਨਿਸ਼ਚਿਤ ਸਬੂਤ ਹੈ ਕਿ ਤੁਹਾਡਾ ਸਾਥੀ ਬੇਵਫ਼ਾ ਹੋਇਆ ਹੈ, ਤਾਂ ਫਿਰ ਤੁਸੀਂ ਇਕ ਕਠਿਨ ਨਿਰਣੇ ਦਾ ਸਾਮ੍ਹਣਾ ਕਰਦੇ ਹੋ। ਕੀ ਤੁਸੀਂ ਵਿਆਹ ਵਿਚ ਜਾਰੀ ਰਹੋਗੇ ਜਾਂ ਤਲਾਕ ਪ੍ਰਾਪਤ ਕਰੋਗੇ? ਇਸ ਦੇ ਲਈ ਕੋਈ ਅਸੂਲ ਨਹੀਂ ਹਨ। ਕੁਝ ਮਸੀਹੀਆਂ ਨੇ ਇਕ ਸੱਚੇ ਪਸ਼ਚਾਤਾਪੀ ਸਾਥੀ ਨੂੰ ਬਿਲਕੁਲ ਹੀ ਮਾਫ਼ ਕਰ ਦਿੱਤਾ ਹੈ, ਅਤੇ ਬਚਾਇਆ ਗਿਆ ਵਿਆਹ ਸਹੀ-ਸਲਾਮਤ ਰਿਹਾ ਹੈ। ਦੂਜਿਆਂ ਨੇ ਬੱਚਿਆਂ ਦੀ ਖਾਤਰ ਤਲਾਕ ਦੇ ਵਿਰੁੱਧ ਫ਼ੈਸਲਾ ਕੀਤਾ ਹੈ।

16. (ੳ) ਕੀ ਕੁਝ ਪਹਿਲੂ ਹਨ ਜਿਨ੍ਹਾਂ ਨੇ ਕੁਝ ਨੂੰ ਆਪਣੇ ਗੁਨਾਹਗਾਰ ਵਿਆਹੁਤਾ ਸਾਥੀ ਨੂੰ ਤਲਾਕ ਦੇਣ ਲਈ ਪ੍ਰੇਰਿਤ ਕੀਤਾ ਹੈ? (ਅ) ਜਦੋਂ ਇਕ ਨਿਰਦੋਸ਼ ਸਾਥੀ ਤਲਾਕ ਦੇਣ ਜਾਂ ਤਲਾਕ ਨਾ ਦੇਣ ਦਾ ਨਿਰਣਾ ਕਰਦਾ ਹੈ, ਤਾਂ ਕਿਸੇ ਨੂੰ ਉਸ ਦੇ ਫ਼ੈਸਲੇ ਦੀ ਨੁਕਤਾਚੀਨੀ ਕਿਉਂ ਨਹੀਂ ਕਰਨੀ ਚਾਹੀਦੀ ਹੈ?

16 ਦੂਜੇ ਪਾਸੇ, ਉਹ ਪਾਪੀ ਕਾਰਜ ਸ਼ਾਇਦ ਇਕ ਗਰਭ ਵਿਚ ਜਾਂ ਇਕ ਲਿੰਗੀ ਤੌਰ ਤੇ ਸੰਚਾਰਿਤ ਬੀਮਾਰੀ ਵਿਚ ਪਰਿਣਿਤ ਹੋਇਆ ਹੋਵੇ। ਜਾਂ ਸ਼ਾਇਦ ਬੱਚਿਆਂ ਨੂੰ ਇਕ ਕਾਮੁਕ ਤੌਰ ਤੇ ਅਪਮਾਨਜਨਕ ਮਾਤਾ ਜਾਂ ਪਿਤਾ ਤੋਂ ਬਚਾਉਣ ਦੀ ਜ਼ਰੂਰਤ ਹੋਵੇ। ਸਪੱਸ਼ਟ ਤੌਰ ਤੇ, ਇਕ ਨਿਰਣਾ ਬਣਾਉਣ ਤੋਂ ਪਹਿਲਾਂ ਵਿਚਾਰ ਕਰਨ ਲਈ ਕਾਫ਼ੀ ਕੁਝ ਹੈ। ਪਰੰਤੂ, ਜੇਕਰ ਤੁਹਾਨੂੰ ਆਪਣੇ ਵਿਆਹ ਸਾਥੀ ਦੀ ਬੇਵਫ਼ਾਈ ਬਾਰੇ ਪਤਾ ਲੱਗੇ ਅਤੇ ਬਾਅਦ ਵਿਚ ਤੁਸੀਂ ਉਸ ਦੇ ਨਾਲ ਸੰਭੋਗ ਸੰਬੰਧ ਮੁੜ ਜਾਰੀ ਰੱਖਦੇ ਹੋ, ਤੁਸੀਂ ਇਸ ਤੋਂ ਸੰਕੇਤ ਕਰਦੇ ਹੋ ਕਿ ਤੁਸੀਂ ਆਪਣੇ ਸਾਥੀ ਨੂੰ ਮਾਫ਼ ਕਰ ਦਿੱਤਾ ਹੈ ਅਤੇ ਵਿਆਹ ਵਿਚ ਜਾਰੀ ਰਹਿਣਾ ਚਾਹੁੰਦੇ ਹੋ। ਹੁਣ ਮੁੜ-ਵਿਆਹ ਦੀ ਸ਼ਾਸਤਰ ਸੰਬੰਧੀ ਸੰਭਾਵਨਾ ਨਾਲ ਤਲਾਕ ਲਈ ਆਧਾਰ ਮੌਜੂਦ ਨਹੀਂ ਰਿਹਾ। ਕਿਸੇ ਨੂੰ ਵੀ ਇਕ ਖੜਪੈਂਚ ਨਹੀਂ ਬਣਨਾ ਚਾਹੀਦਾ ਹੈ ਅਤੇ ਤੁਹਾਡੇ ਨਿਰਣੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ, ਨਾ ਹੀ ਕਿਸੇ ਨੂੰ ਤੁਹਾਡੀ ਨੁਕਤਾਚੀਨੀ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਫ਼ੈਸਲਾ ਕਰਦੇ ਹੋ। ਜੋ ਵੀ ਤੁਸੀਂ ਫ਼ੈਸਲਾ ਕਰਦੇ ਹੋ ਤੁਹਾਨੂੰ ਉਸ ਦੇ ਨਤੀਜਿਆਂ ਨੂੰ ਸਹਿਣ ਕਰਨਾ ਪਵੇਗਾ। “ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ।”—ਗਲਾਤੀਆਂ 6:5.

ਅਲਹਿਦਗੀ ਲਈ ਆਧਾਰ

17. ਜੇਕਰ ਕੋਈ ਵਿਭਚਾਰ ਨਹੀਂ ਹੋਇਆ ਹੈ, ਤਾਂ ਸ਼ਾਸਤਰ ਅਲਹਿਦਗੀ ਜਾਂ ਤਲਾਕ ਉੱਤੇ ਕਿਹੜੀਆਂ ਪਾਬੰਦੀਆਂ ਲਾਉਂਦਾ ਹੈ?

17 ਕੀ ਅਜਿਹੀਆਂ ਕੋਈ ਪਰਿਸਥਿਤੀਆਂ ਹਨ ਜੋ ਵਿਆਹੁਤਾ ਸਾਥੀ ਤੋਂ ਅਲਹਿਦਗੀ ਜਾਂ ਸ਼ਾਇਦ ਤਲਾਕ ਨੂੰ ਯੋਗ ਠਹਿਰਾਉਣ ਜੇਕਰ ਉਸ ਵਿਅਕਤੀ ਨੇ ਵਿਭਚਾਰ ਨਾ ਵੀ ਕੀਤਾ ਹੋਵੇ? ਜੀ ਹਾਂ, ਪਰੰਤੂ ਇਕ ਅਜਿਹੇ ਮਾਮਲੇ ਵਿਚ ਇਕ ਮਸੀਹੀ ਮੁੜ-ਵਿਆਹ ਦੀ ਦ੍ਰਿਸ਼ਟੀ ਨਾਲ ਕਿਸੇ ਤੀਜੇ ਧਿਰ ਵਿਚ ਦਿਲਚਸਪੀ ਰੱਖਣ ਲਈ ਸੁਤੰਤਰ ਨਹੀਂ ਹੈ। (ਮੱਤੀ 5:32) ਬਾਈਬਲ, ਅਜਿਹੀ ਅਲਹਿਦਗੀ ਲਈ ਪ੍ਰਵਾਨਗੀ ਦਿੰਦੀ ਹੋਈ, ਇਹ ਬਾਨ੍ਹ ਬੰਨ੍ਹਦੀ ਹੈ ਕਿ ਅੱਡ ਹੋ ਰਹੇ ਨੂੰ ‘ਅਣਵਿਆਹੇ ਰਹਿਣਾ ਜਾਂ . . . ਸੁਲ੍ਹਾ ਕਰ ਲੈਣੀ’ ਚਾਹੀਦੀ ਹੈ। (1 ਕੁਰਿੰਥੀਆਂ 7:11) ਕੁਝ ਡਾਢੀਆਂ ਪਰਿਸਥਿਤੀਆਂ ਕੀ ਹਨ ਜਿਸ ਕਾਰਨ ਸ਼ਾਇਦ ਇਕ ਅਲਹਿਦਗੀ ਸਲਾਹਯੋਗ ਜਾਪੇ?

18, 19. ਕਿਹੜੀਆਂ ਕੁਝ ਡਾਢੀਆਂ ਪਰਿਸਥਿਤੀਆਂ ਹਨ ਜੋ ਇਕ ਵਿਆਹੁਤਾ ਸਾਥੀ ਨੂੰ ਕਾਨੂੰਨੀ ਅਲਹਿਦਗੀ ਜਾਂ ਤਲਾਕ ਦੀ ਉਚਿਤਤਾ ਬਾਰੇ ਗੌਰ ਕਰਨ ਲਈ ਪ੍ਰੇਰਿਤ ਕਰਨ, ਭਾਵੇਂ ਕਿ ਮੁੜ-ਵਿਆਹ ਦੀ ਸੰਭਾਵਨਾ ਨਹੀਂ ਹੈ?

18 ਖ਼ੈਰ, ਪਤੀ ਦੀ ਕਤਈ ਆਲਸ ਅਤੇ ਬੁਰੀਆਂ ਆਦਤਾਂ ਦੇ ਕਾਰਨ ਪਰਿਵਾਰ ਸ਼ਾਇਦ ਨਿਰਧਨ ਬਣ ਜਾਵੇ। * ਉਹ ਸ਼ਾਇਦ ਪਰਿਵਾਰ ਦੀ ਆਮਦਨ ਨੂੰ ਜੂਏ ਵਿਚ ਹਾਰ ਦੇਵੇ ਜਾਂ ਉਸ ਨੂੰ ਨਸ਼ੀਲੀਆਂ ਦਵਾਈਆਂ ਜਾਂ ਸ਼ਰਾਬ ਦੇ ਅਮਲ ਨੂੰ ਜਾਰੀ ਰੱਖਣ ਲਈ ਇਸਤੇਮਾਲ ਕਰੇ। ਬਾਈਬਲ ਬਿਆਨ ਕਰਦੀ ਹੈ: “ਜੇ ਕੋਈ . . . ਆਪਣੇ ਘਰਾਣੇ ਲਈ . . . ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।” (1 ਤਿਮੋਥਿਉਸ 5:8) ਜੇਕਰ ਇਕ ਅਜਿਹਾ ਪੁਰਸ਼ ਆਪਣੇ ਤੌਰ-ਤਰੀਕਿਆਂ ਨੂੰ ਬਦਲਣ ਤੋਂ ਇਨਕਾਰ ਕਰਦਾ ਹੈ, ਸ਼ਾਇਦ ਉਹ ਪੈਸੇ ਜੋ ਉਸ ਦੀ ਪਤਨੀ ਕਮਾਉਂਦੀ ਹੈ ਲੈ ਕੇ ਕੇਵਲ ਆਪਣੀਆਂ ਬਦੀਆਂ ਦਾ ਖ਼ਰਚਾ ਚੁੱਕਦਾ ਹੈ, ਤਾਂ ਪਤਨੀ ਇਕ ਕਾਨੂੰਨੀ ਅਲਹਿਦਗੀ ਪ੍ਰਾਪਤ ਕਰਨ ਦੁਆਰਾ ਆਪਣੀ ਅਤੇ ਆਪਣੇ ਬੱਚਿਆਂ ਦੀ ਖ਼ੁਸ਼ਹਾਲੀ ਨੂੰ ਬਚਾਉਣਾ ਚੁਣ ਸਕਦੀ ਹੈ।

19 ਅਜਿਹੀ ਕਾਨੂੰਨੀ ਕਾਰਵਾਈ ਬਾਰੇ ਉਦੋਂ ਵੀ ਵਿਚਾਰ ਕੀਤਾ ਜਾ ਸਕਦਾ ਹੈ ਜੇਕਰ ਇਕ ਵਿਆਹੁਤਾ ਸਾਥੀ ਦੂਜੇ ਸਾਥੀ ਦੇ ਪ੍ਰਤੀ ਹੱਦੋਂ ਵੱਧ ਹਿੰਸਕ ਹੈ, ਸ਼ਾਇਦ ਇਸ ਹੱਦ ਤਕ ਉਸ ਨੂੰ ਮਾਰੇ-ਕੁੱਟੇ ਕਿ ਸਿਹਤ ਅਤੇ ਜਾਨ ਵੀ ਖ਼ਤਰੇ ਵਿਚ ਪੈ ਜਾਣ। ਇਸ ਦੇ ਅਤਿਰਿਕਤ, ਜੇਕਰ ਇਕ ਵਿਆਹੁਤਾ ਸਾਥੀ ਨਿਰੰਤਰ ਦੂਸਰੇ ਨੂੰ ਕਿਸੇ-ਨ-ਕਿਸੇ ਤਰੀਕੇ ਨਾਲ ਪਰਮੇਸ਼ੁਰ ਦੇ ਹੁਕਮ ਤੋੜਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਖ਼ਤਰੇ ਵਿਚ ਪਿਆ ਸਾਥੀ ਅਲਹਿਦਗੀ ਬਾਰੇ ਵਿਚਾਰ ਵੀ ਕਰ ਸਕਦਾ ਹੈ, ਖ਼ਾਸ ਤੌਰ ਤੇ ਜੇਕਰ ਮਾਮਲੇ ਉਸ ਮਕਾਮ ਦੇ ਪਹੁੰਚ ਜਾਣ ਜਿੱਥੇ ਅਧਿਆਤਮਿਕ ਜੀਵਨ ਖ਼ਤਰੇ ਵਿਚ ਹੈ। ਖ਼ਤਰੇ ਵਿਚ ਪਿਆ ਸਾਥੀ ਸ਼ਾਇਦ ਇਹ ਨਿਸ਼ਕਰਸ਼ ਕੱਢੇ ਕਿ ‘ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦੇ ਹੁਕਮ ਨੂੰ ਮੰਨਣ’ ਦਾ ਇੱਕੋ-ਇਕ ਤਰੀਕਾ ਹੈ ਇਕ ਕਾਨੂੰਨੀ ਅਲਹਿਦਗੀ ਪ੍ਰਾਪਤ ਕਰਨਾ।—ਰਸੂਲਾਂ ਦੇ ਕਰਤੱਬ 5:29.

20. (ੳ) ਇਕ ਪਰਿਵਾਰਕ ਵਿਘਟਨ ਦੇ ਮਾਮਲੇ ਵਿਚ, ਪ੍ਰੌੜ੍ਹ ਦੋਸਤ-ਮਿੱਤਰ ਅਤੇ ਬਜ਼ੁਰਗ ਕੀ ਪੇਸ਼ ਕਰ ਸਕਦੇ ਹਨ, ਅਤੇ ਉਨ੍ਹਾਂ ਨੂੰ ਕੀ ਨਹੀਂ ਪੇਸ਼ ਕਰਨਾ ਚਾਹੀਦਾ ਹੈ? (ਅ) ਵਿਵਾਹਿਤ ਵਿਅਕਤੀਆਂ ਨੂੰ ਬਾਈਬਲ ਦੇ ਅਲਹਿਦਗੀ ਅਤੇ ਤਲਾਕ ਸੰਬੰਧੀ ਹਵਾਲਿਆਂ ਨੂੰ ਕੀ ਕਰਨ ਲਈ ਇਕ ਬਹਾਨੇ ਵਜੋਂ ਨਹੀਂ ਵਰਤਣਾ ਚਾਹੀਦਾ ਹੈ?

20 ਵਿਆਹੁਤਾ ਸਾਥੀ ਨਾਲ ਡਾਢੇ ਦੁਰਵਿਹਾਰ ਦੇ ਸਾਰੇ ਮਾਮਲਿਆਂ ਵਿਚ, ਕਿਸੇ ਨੂੰ ਵੀ ਨਿਰਦੋਸ਼ ਸਾਥੀ ਉੱਤੇ ਦੂਜੇ ਤੋਂ ਚਾਹੇ ਅਲਹਿਦਾ ਹੋਣ ਵਾਸਤੇ ਜਾਂ ਉਸ ਨਾਲ ਇਕੱਠੇ ਰਹਿਣ ਲਈ ਦਬਾਉ ਨਹੀਂ ਪਾਉਣਾ ਚਾਹੀਦਾ ਹੈ। ਜਦ ਕਿ ਪ੍ਰੌੜ੍ਹ ਦੋਸਤ-ਮਿੱਤਰ ਅਤੇ ਬਜ਼ੁਰਗ ਸਮਰਥਨ ਅਤੇ ਬਾਈਬਲ-ਆਧਾਰਿਤ ਸਲਾਹ ਪੇਸ਼ ਕਰ ਸਕਦੇ ਹਨ, ਉਹ ਉਸ ਦੇ ਸਭ ਵੇਰਵੇ ਨਹੀਂ ਜਾਣ ਸਕਦੇ ਹਨ ਜੋ ਕੁਝ ਇਕ ਪਤੀ ਅਤੇ ਪਤਨੀ ਦੇ ਦਰਮਿਆਨ ਵਾਪਰਦਾ ਹੈ। ਕੇਵਲ ਯਹੋਵਾਹ ਹੀ ਉਹ ਦੇਖ ਸਕਦਾ ਹੈ। ਨਿਰਸੰਦੇਹ, ਇਕ ਮਸੀਹੀ ਪਤਨੀ ਪਰਮੇਸ਼ੁਰ ਦੇ ਵਿਆਹ ਪ੍ਰਬੰਧ ਲਈ ਮਾਣ ਨਹੀਂ ਦਿਖਾ ਰਹੀ ਹੋਵੇਗੀ ਜੇਕਰ ਉਹ ਵਿਆਹ ਵਿੱਚੋਂ ਨਿਕਲਣ ਲਈ ਕਮਜ਼ੋਰ ਬਹਾਨਿਆਂ ਨੂੰ ਵਰਤੇ। ਪਰੰਤੂ ਜੇਕਰ ਇਕ ਬੇਹੱਦ ਖ਼ਤਰਨਾਕ ਪਰਿਸਥਿਤੀ ਬਣੀ ਰਹਿੰਦੀ ਹੈ, ਤਾਂ ਕਿਸੇ ਨੂੰ ਵੀ ਉਸ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ ਹੈ ਜੇਕਰ ਉਹ ਅਲਹਿਦਾ ਹੋਣਾ ਚੁਣਦੀ ਹੈ। ਠੀਕ ਇਹੀ ਚੀਜ਼ਾਂ ਇਕ ਮਸੀਹੀ ਪਤੀ ਦੇ ਸੰਬੰਧ ਵਿਚ ਕਹੀਆਂ ਜਾ ਸਕਦੀਆਂ ਹਨ ਜੋ ਅਲਹਿਦਗੀ ਭਾਲਦਾ ਹੈ। “ਅਸੀਂ ਸੱਭੇ ਪਰਮੇਸ਼ੁਰ ਦੇ ਨਿਆਉਂ ਦੇ ਸਿੰਘਾਸਣ ਦੇ ਅੱਗੇ ਖੜੇ ਹੋਵਾਂਗੇ।”—ਰੋਮੀਆਂ 14:10.

ਇਕ ਟੁੱਟਾ ਵਿਆਹ ਕਿਵੇਂ ਬਚਾਇਆ ਗਿਆ

21. ਕਿਹੜਾ ਅਨੁਭਵ ਪ੍ਰਦਰਸ਼ਿਤ ਕਰਦਾ ਹੈ ਕਿ ਵਿਆਹ ਬਾਰੇ ਬਾਈਬਲ ਦੀ ਸਲਾਹ ਸਫ਼ਲ ਹੁੰਦੀ ਹੈ?

21 ਉਪਰੋਕਤ ਜ਼ਿਕਰ ਕੀਤੀ ਗਈ ਲੂਚੀਆ, ਆਪਣੇ ਪਤੀ ਤੋਂ ਅਲਹਿਦਾ ਹੋਣ ਤੋਂ ਤਿੰਨ ਮਹੀਨੇ ਬਾਅਦ, ਯਹੋਵਾਹ ਦੇ ਗਵਾਹਾਂ ਨੂੰ ਮਿਲੀ ਅਤੇ ਉਸ ਨੇ ਉਨ੍ਹਾਂ ਦੇ ਨਾਲ ਬਾਈਬਲ ਦਾ ਅਧਿਐਨ ਕਰਨਾ ਆਰੰਭ ਕਰ ਦਿੱਤਾ। “ਮੇਰੇ ਲਈ ਹੈਰਾਨੀ ਦੀ ਗੱਲ ਸੀ,” ਉਹ ਵਿਆਖਿਆ ਕਰਦੀ ਹੈ, “ਕਿ ਬਾਈਬਲ ਨੇ ਮੇਰੀ ਸਮੱਸਿਆ ਦੇ ਵਿਵਹਾਰਕ ਹੱਲ ਪ੍ਰਦਾਨ ਕੀਤੇ। ਕੇਵਲ ਇਕ ਹਫ਼ਤੇ ਦੇ ਅਧਿਐਨ ਤੋਂ ਬਾਅਦ ਹੀ ਮੈਂ ਤਤਕਾਲ ਆਪਣੇ ਪਤੀ ਦੇ ਨਾਲ ਸੁਲ੍ਹਾ-ਸਫਾਈ ਕਰਨੀ ਚਾਹੁੰਦੀ ਸੀ। ਅੱਜ ਮੈਂ ਇਹ ਕਹਿ ਸਕਦੀ ਹਾਂ ਕਿ ਯਹੋਵਾਹ ਸੰਕਟ ਵਿਚ ਪਏ ਵਿਆਹਾਂ ਨੂੰ ­ਬਚਾਉਣਾ ਜਾਣਦਾ ਹੈ ਕਿਉਂਕਿ ਉਸ ਦੀਆਂ ਸਿੱਖਿਆਵਾਂ ਸਾਥੀਆਂ ਨੂੰ ਇਹ ਸਿੱਖਣ ਵਿਚ ਮਦਦ ਕਰਦੀਆਂ ਹਨ ਕਿ ਇਕ ਦੂਜੇ ਲਈ ਕਿਵੇਂ ਆਦਰ ਮਹਿਸੂਸ ਕਰਨਾ ਚਾਹੀਦਾ ਹੈ। ਇਹ ਸੱਚ ਨਹੀਂ ਹੈ, ਜਿਵੇਂ ਕੁਝ ਲੋਕ ਦਾਅਵਾ ਕਰਦੇ ਹਨ, ਕਿ ਯਹੋਵਾਹ ਦੇ ਗਵਾਹ ਪਰਿਵਾਰਾਂ ਨੂੰ ਵਿਭਾਜਿਤ ਕਰਦੇ ਹਨ। ਮੇਰੇ ਮਾਮਲੇ ਵਿਚ, ਬਿਲਕੁਲ ਉਲਟ ਹੀ ਸਹੀ ਸਾਬਤ ਹੋਇਆ।” ਲੂਚੀਆ ਨੇ ਆਪਣੇ ਜੀਵਨ ਵਿਚ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨਾ ਸਿੱਖਿਆ।

22. ਸਾਰੇ ਵਿਵਾਹਿਤ ਜੋੜਿਆਂ ਨੂੰ ਕਿਸ ਵਿਚ ਭਰੋਸਾ ਹੋਣਾ ਚਾਹੀਦਾ ਹੈ?

22 ਲੂਚੀਆ ਇਕ ਅਪਵਾਦ ਨਹੀਂ ਹੈ। ਵਿਆਹ ਇਕ ਬਰਕਤ ਹੋਣੀ ਚਾਹੀਦੀ ਹੈ, ਨਾ ਕਿ ਇਕ ਬੋਝ। ਉਸ ਮਕਸਦ ਨਾਲ, ਯਹੋਵਾਹ ਨੇ ਵਿਆਹ ਬਾਰੇ ਸਲਾਹ ਦਾ ਸਭ ਤੋਂ ਵਧੀਆ ਸ੍ਰੋਤ ਜੋ ਕਦੇ ਵੀ ਲਿਖਿਆ ਗਿਆ ਹੈ ਪ੍ਰਦਾਨ ਕੀਤਾ ਹੈ—ਉਸ ਦਾ ਕੀਮਤੀ ਬਚਨ। ਬਾਈਬਲ “ਭੋਲੇ ਨੂੰ ਬੁੱਧਵਾਨ” ਬਣਾ ਸਕਦੀ ਹੈ। (ਜ਼ਬੂਰ 19:7-11) ਇਸ ਨੇ ਅਨੇਕ ਵਿਆਹਾਂ ਨੂੰ ਬਚਾਇਆ ਹੈ ਜੋ ਟੁੱਟਣ ਦੀ ਨੌਬਤ ਤੇ ਪਹੁੰਚੇ ਹੋਏ ਸਨ ਅਤੇ ਅਨੇਕ ਦੂਜਿਆਂ ਨੂੰ ਬਿਹਤਰ ਬਣਾਇਆ ਹੈ ਜਿਨ੍ਹਾਂ ਵਿਚ ਗੰਭੀਰ ਸਮੱਸਿਆਵਾਂ ਸਨ। ਇੰਜ ਹੋਵੇ ਕਿ ਸਾਰੇ ਵਿਵਾਹਿਤ ਜੋੜਿਆਂ ਨੂੰ ਉਸ ਵਿਆਹ ਸਲਾਹ ਵਿਚ ਪੂਰਾ ਭਰੋਸਾ ਹੋਵੇ ਜੋ ਯਹੋਵਾਹ ਪਰਮੇਸ਼ੁਰ ਪ੍ਰਦਾਨ ਕਰਦਾ ਹੈ। ਉਹ ਸੱਚ-ਮੁੱਚ ਹੀ ਸਫ਼ਲ ਹੁੰਦੀ ਹੈ!

^ ਪੈਰਾ 1 ਨਾਂ ਬਦਲ ਦਿੱਤਾ ਗਿਆ ਹੈ।

^ ਪੈਰਾ 6 ਇਨ੍ਹਾਂ ਵਿੱਚੋਂ ਕੁਝ ਵਿਸ਼ਿਆਂ ਉੱਤੇ ਪਿਛਲੇ ਅਧਿਆਵਾਂ ਵਿਚ ਚਰਚਾ ਕੀਤੀ ਗਈ ਸੀ।

^ ਪੈਰਾ 15 ਤਰਜਮਾ ਕੀਤੇ ਗਏ ਬਾਈਬਲ ਸ਼ਬਦ “ਵਿਭਚਾਰ” ਵਿਚ ਜ਼ਨਾਹ, ਸਮਲਿੰਗਕਾਮੁਕਤਾ, ਪਸ਼ੂ-ਗਮਨ ਦੇ ਕਾਰਜ, ਅਤੇ ਲਿੰਗੀ ਇੰਦਰੀਆਂ ਦੀ ਵਰਤੋਂ ਸੰਬੰਧੀ ਜਾਣ-ਬੁੱਝ ਕੇ ਕੀਤੇ ਦੂਜੇ ਨਾਜਾਇਜ਼ ਕਾਰਜ ਸ਼ਾਮਲ ਹੁੰਦੇ ਹਨ।

^ ਪੈਰਾ 18 ਇਸ ਵਿਚ ਉਹ ਪਰਿਸਥਿਤੀਆਂ ਸ਼ਾਮਲ ਨਹੀਂ ਹਨ ਜਿਨ੍ਹਾਂ ਵਿਚ ਇਕ ਪਤੀ, ਚੰਗੇ ਇਰਾਦੇ ਰੱਖਣ ਦੇ ਬਾਵਜੂਦ, ਆਪਣੇ ਵਸ ਤੋਂ ਬਾਹਰ ਕਾਰਨਾਂ, ਜਿਵੇਂ ਕਿ ਬੀਮਾਰੀ ਜਾਂ ਰੁਜ਼ਗਾਰ ਮੌਕਿਆਂ ਦੀ ਕਮੀ, ਦੇ ਕਰਕੇ ਆਪਣੇ ਪਰਿਵਾਰ ਲਈ ਪ੍ਰਬੰਧ ਨਹੀਂ ਕਰ ਸਕਦਾ ਹੈ।