Skip to content

Skip to table of contents

ਭਵਿੱਖਬਾਣੀ ਦੀ ਪੁਸਤਕ

ਭਵਿੱਖਬਾਣੀ ਦੀ ਪੁਸਤਕ

ਭਵਿੱਖਬਾਣੀ ਦੀ ਪੁਸਤਕ

ਲੋਕ ਭਵਿੱਖ ਵਿਚ ਦਿਲਚਸਪੀ ਰੱਖਦੇ ਹਨ। ਉਹ ਮੌਸਮ ਦੇ ਪੂਰਵ ਅਨੁਮਾਨਾਂ ਤੋਂ ਲੈ ਕੇ ਆਰਥਿਕ ਸੰਕੇਤਕਾਂ ਤਕ, ਕਈ ਵਿਸ਼ਿਆਂ ਦੇ ਸੰਬੰਧ ਵਿਚ ਭਰੋਸੇਯੋਗ ਪੇਸ਼ੀਨਗੋਈਆਂ ਨੂੰ ਭਾਲਦੇ ਹਨ। ਮਗਰ, ਜਦੋਂ ਉਹ ਅਜਿਹੀਆਂ ਪੇਸ਼ੀਨਗੋਈਆਂ ਦੇ ਅਨੁਸਾਰ ਚੱਲਦੇ ਹਨ, ਤਾਂ ਉਹ ਅਕਸਰ ਨਿਰਾਸ਼ ਹੁੰਦੇ ਹਨ। ਬਾਈਬਲ ਵਿਚ ਅਨੇਕ ਪੇਸ਼ੀਨਗੋਈਆਂ, ਜਾਂ ਭਵਿੱਖਬਾਣੀਆਂ ਹਨ। ਅਜਿਹੀਆਂ ਭਵਿੱਖਬਾਣੀਆਂ ਕਿੰਨੀਆਂ ਸਹੀ ਹਨ? ਕੀ ਉਹ ਅਗਾਊਂ ਲਿਖਿਆ ਗਿਆ ਇਤਿਹਾਸ ਹਨ? ਜਾਂ ਕੀ ਉਹ ਭਵਿੱਖਬਾਣੀ ਦੇ ਭੇਸ ਵਿਚ ਇਤਿਹਾਸ ਹਨ?

ਰਿਪੋਰਟ ਅਨੁਸਾਰ ਕਾਟੋ ਨਾਮਕ ਰੋਮੀ ਸਿਆਸਤਦਾਨ (234-149 ਸਾ.ਯੁ.ਪੂ.) ਨੇ ਕਿਹਾ: “ਮੈਂ ਹੈਰਾਨ ਹੁੰਦਾ ਹਾਂ ਕਿ ਇਕ ਅਗੰਮ-ਗਿਆਨੀ ਦੂਜੇ ਅਗੰਮ-ਗਿਆਨੀ ਨੂੰ ਦੇਖ ਕੇ ਹੱਸਦਾ ਨਹੀਂ ਹੈ।”1 ਵਾਕਈ ਹੀ, ਅੱਜ ਤਕ ਅਨੇਕ ਲੋਕ ਨਜੂਮੀਆਂ, ਜੋਤਸ਼ੀਆਂ, ਅਤੇ ਦੂਜੇ ਅਗੰਮ-ਗਿਆਨੀਆਂ ਦੇ ਪ੍ਰਤੀ ਸੰਦੇਹਪੂਰਣ ਹਨ। ਅਕਸਰ ਉਨ੍ਹਾਂ ਦੀਆਂ ਪੇਸ਼ੀਨਗੋਈਆਂ ਅਸਪੱਸ਼ਟ ਸ਼ਬਦਾਂ ਵਿਚ ਵਿਅਕਤ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਵਿਭਿੰਨ ਤਰੀਕਿਆਂ ਨਾਲ ਸਪੱਸ਼ਟੀਕਰਣ ਕੀਤਾ ਜਾ ਸਕਦਾ ਹੈ।

ਪਰੰਤੂ, ਬਾਈਬਲ ਦੀਆਂ ਭਵਿੱਖਬਾਣੀਆਂ ਦੇ ਬਾਰੇ ਕੀ? ਕੀ ਸੰਦੇਹ ਕਰਨ ਦਾ ਕੋਈ ਕਾਰਨ ਹੈ? ਜਾਂ ਕੀ ਇਨ੍ਹਾਂ ਉੱਤੇ ਭਰੋਸਾ ਕਰਨ ਦਾ ਕੋਈ ਆਧਾਰ ਹੈ?

ਕੇਵਲ ਸਿੱਖਿਅਤ ਅਨੁਮਾਨ ਹੀ ਨਹੀਂ

ਗਿਆਨਵਾਨ ਲੋਕ ਸ਼ਾਇਦ ਭਵਿੱਖ ਦੇ ਬਾਰੇ ਸਹੀ ਅਨੁਮਾਨ ਲਗਾਉਣ ਲਈ ਦਿਸਣਯੋਗ ਰੁਝਾਨਾਂ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਨ, ਪਰੰਤੂ ਉਹ ਹਮੇਸ਼ਾ ਹੀ ਸਹੀ ਨਹੀਂ ਹੁੰਦੇ ਹਨ। ਭਵਿੱਖਤ ਸਦਮਾ (ਅੰਗ੍ਰੇਜ਼ੀ), ਪੁਸਤਕ ਨੋਟ ਕਰਦੀ ਹੈ: “ਹਰ ਸਮਾਜ ਕੇਵਲ ਸੰਭਾਵੀ ਭਵਿੱਖਤ ਘਟਨਾਵਾਂ ਦੀ ਲੜੀ ਦਾ ਹੀ ਨਹੀਂ, ਪਰੰਤੂ ਮੁਮਕਿਨ ਭਵਿੱਖਤ ਘਟਨਾਵਾਂ ਦੀ ਅਨੇਕਤਾ ਦਾ, ਅਤੇ ਤਰਜੀਹੀ ਭਵਿੱਖਤ ਘਟਨਾਵਾਂ ਦੇ ਸੰਬੰਧ ਵਿਚ ਸੰਘਰਸ਼ ਦਾ ਸਾਮ੍ਹਣਾ ਕਰਦਾ ਹੈ।” ਇਹ ਅੱਗੇ ਕਹਿੰਦੀ ਹੈ: “ਬਿਨਾਂ ਸ਼ੱਕ, ਕੋਈ ਵੀ ਵਿਅਕਤੀ ਭਵਿੱਖ ਨੂੰ ਪੂਰੀ ਤਰ੍ਹਾਂ ਨਾਲ ਨਹੀਂ ‘ਜਾਣ’ ਸਕਦਾ ਹੈ। ਅਸੀਂ ਆਪਣੇ ਅਨੁਮਾਨਾਂ ਨੂੰ ਕੇਵਲ ਵਰਗੀਕ੍ਰਿਤ ਅਤੇ ਗਹਿਰਾ ਹੀ ਕਰ ਸਕਦੇ ਹਾਂ ਅਤੇ ਉਨ੍ਹਾਂ ਨਾਲ ਸੰਭਾਵਨਾਵਾਂ ਜੋੜਨ ਦੀ ਕੋਸ਼ਿਸ਼ ਕਰ ਸਕਦੇ ਹਾਂ।”2

ਪਰੰਤੂ ਬਾਈਬਲ ਲਿਖਾਰੀਆਂ ਨੇ ਭਵਿੱਖ ਦੇ ਸੰਬੰਧ ਵਿਚ “ਅਨੁਮਾਨਾਂ” ਨਾਲ ਸਿਰਫ਼ “ਸੰਭਾਵਨਾਵਾਂ” ਹੀ ਨਹੀਂ ਜੋੜੀਆਂ ਸਨ। ਨਾ ਹੀ ਉਨ੍ਹਾਂ ਦੀਆਂ ਪੇਸ਼ੀਨਗੋਈਆਂ ਅਸਪੱਸ਼ਟ ਕਥਨਾਂ ਵਜੋਂ ਰੱਦ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਦਾ ਵਿਭਿੰਨ ਤਰੀਕਿਆਂ ਨਾਲ ਸਪੱਸ਼ਟੀਕਰਣ ਕੀਤਾ ਜਾ ਸਕਦਾ ਹੈ। ਇਸ ਦੇ ਉਲਟ, ਉਨ੍ਹਾਂ ਦੀਆਂ ਅਨੇਕ ਭਵਿੱਖਬਾਣੀਆਂ ਅਸਾਧਾਰਣ ਸਪੱਸ਼ਟਤਾ ਨਾਲ ਵਿਅਕਤ ਕੀਤੀਆਂ ਗਈਆਂ ਸਨ ਅਤੇ ਵਿਲੱਖਣ ਤੌਰ ਤੇ ਵਿਸ਼ਿਸ਼ਟ ਸਨ, ਅਤੇ ਅਕਸਰ ਉਮੀਦ ਤੋਂ ਠੀਕ ਉਲਟ ਪੇਸ਼ੀਨਗੋਈਆਂ ਕਰਦੀਆਂ ਸਨ। ਉਦਾਹਰਣ ਦੇ ਤੌਰ ਤੇ, ਗੌਰ ਕਰੋ ਕਿ ਬਾਈਬਲ ਨੇ ਬਾਬਲ ਦੇ ਪ੍ਰਾਚੀਨ ਸ਼ਹਿਰ ਬਾਰੇ ਪਹਿਲਾਂ ਤੋਂ ਹੀ ਕੀ ਕਿਹਾ ਸੀ।

‘ਤਬਾਹੀ ਦੇ ਝਾੜੂ ਨਾਲ ਹੂੰਝ ਸੁੱਟਿਆ’ ਜਾਵੇਗਾ

ਪ੍ਰਾਚੀਨ ਬਾਬਲ “ਪਾਤਸ਼ਾਹੀਆਂ ਦੀ ਸਜਾਵਟ” ਬਣ ਗਿਆ। (ਯਸਾਯਾਹ 13:19) ਇਹ ਵਿਸ਼ਾਲ ਸ਼ਹਿਰ, ਫ਼ਾਰਸੀ ਖਾੜੀ ਤੋਂ ਭੂਮੱਧ ਸਾਗਰ ਤਕ ਦੇ ਵਪਾਰ ਮਾਰਗ ਉੱਤੇ ਇਕ ਅਹਿਮ ਥਾਂ ਤੇ ਸਥਿਤ ਸੀ, ਜੋ ਕਿ ਪੂਰਬ ਅਤੇ ਪੱਛਮ ਵਿਚਕਾਰ ਥਲ ਅਤੇ ਜਲ ਮਾਰਗਾਂ ਦੋਹਾਂ ਰਾਹੀਂ ਵਪਾਰ ਲਈ ਇਕ ਵਣਜੀ ਡਿਪੂ ਵਜੋਂ ਕੰਮ ਕਰਦਾ ਸੀ।

ਸੱਤਵੀਂ ਸਦੀ ਸਾ.ਯੁ.ਪੂ. ਤਕ, ਬਾਬਲ, ਬਾਬਲੀ ਸਾਮਰਾਜ ਦੀ ਜ਼ਾਹਰਾ ਤੌਰ ਤੇ ਅਜਿੱਤ ਰਾਜਧਾਨੀ ਸੀ। ਸ਼ਹਿਰ ਫਰਾਤ ਦਰਿਆ ਉੱਤੇ ਪਸਰਿਆ ਹੋਇਆ ਸੀ, ਅਤੇ ਦਰਿਆ ਦਾ ਪਾਣੀ ਇਕ ਚੌੜੀ, ਡੂੰਘੀ ਖਾਈ ਅਤੇ ਨਹਿਰਾਂ ਦਾ ਜਾਲ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ, ਸ਼ਹਿਰ ਦੂਹਰੀਆਂ ਕੰਧਾਂ ਦੀ ਇਕ ਵਿਸ਼ਾਲ ਵਿਵਸਥਾ ਦੁਆਰਾ ਸੁਰੱਖਿਅਤ ਰੱਖਿਆ ਗਿਆ ਸੀ, ਅਤੇ ਕੰਧਾਂ ਅਨੇਕ ਬਚਾਉ ਬੁਰਜਾਂ ਨਾਲ ਮਜ਼ਬੂਤ ਕੀਤੀਆਂ ਗਈਆਂ ਸਨ। ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਸ ਦੇ ਵਾਸੀ ਸੁਰੱਖਿਅਤ ਮਹਿਸੂਸ ਕਰਦੇ ਸਨ।

ਫਿਰ ਵੀ, ਅੱਠਵੀਂ ਸਦੀ ਸਾ.ਯੁ.ਪੂ. ਵਿਚ, ਬਾਬਲ ਦੇ ਆਪਣੀ ਚੜ੍ਹਦੀ ਕਲਾ ਵਿਚ ਪਹੁੰਚਣ ਤੋਂ ਪਹਿਲਾਂ, ਯਸਾਯਾਹ ਨਬੀ ਨੇ ਪੂਰਵ-ਸੂਚਿਤ ਕੀਤਾ ਕਿ ਬਾਬਲ ‘ਤਬਾਹੀ ਦੇ ਝਾੜੂ ਨਾਲ ਹੂੰਝ ਸੁੱਟਿਆ’ ਜਾਵੇਗਾ। (ਯਸਾਯਾਹ 13:19; 14:22, 23) ਯਸਾਯਾਹ ਨੇ ਐਨ ਉਸ ਢੰਗ ਦਾ ਵੀ ਵਰਣਨ ਕੀਤਾ ਜਿਸ ਨਾਲ ਬਾਬਲ ਦਾ ਪਤਨ ਹੁੰਦਾ। ਹਮਲਾਵਰ ਫ਼ੌਜਾਂ ਉਸ ਦੇ ਦਰਿਆਵਾਂ—ਉਸ ਦੀ ਖਾਈ-ਸਮਾਨ ਕਿਲਾਬੰਦੀ ਦਾ ਸ੍ਰੋਤ—ਨੂੰ ‘ਸੁਕਾ ਦੇਣਗੀਆਂ,’ ਜਿਸ ਨਾਲ ਸ਼ਹਿਰ ਅਸੁਰੱਖਿਅਤ ਹੋ ਜਾਂਦਾ। ਯਸਾਯਾਹ ਨੇ ਵਿਜੇਤਾ ਦਾ ਨਾਂ ਵੀ ਦੱਸਿਆ—“ਖੋਰੁਸ,” ਇਕ ਮਹਾਨ ਫ਼ਾਰਸੀ ਰਾਜਾ, “ਜਿਸ ਦੇ ਸਾਮ੍ਹਣੇ ਫਾਟਕ ਖੋਲ੍ਹੇ ਜਾਣਗੇ ਅਤੇ ਕੋਈ ਦਰਵਾਜ਼ਾ ਬੰਦ ਨਹੀਂ ਹੋਵੇਗਾ।”—ਯਸਾਯਾਹ 44:27–45:⁠2, ਦ ਨਿਊ ਇੰਗਲਿਸ਼ ਬਾਈਬਲ।

ਇਹ ਨਿਧੜਕ ਪੇਸ਼ੀਨਗੋਈਆਂ ਸਨ। ਪਰੰਤੂ ਕੀ ਇਹ ਸੱਚ ਸਾਬਤ ਹੋਈਆਂ? ਇਤਿਹਾਸ ਉੱਤਰ ਦਿੰਦਾ ਹੈ।

‘ਬਿਨਾਂ ਜੰਗ’

ਯਸਾਯਾਹ ਦੇ ਆਪਣੀ ਭਵਿੱਖਬਾਣੀ ਰਿਕਾਰਡ ਕਰਨ ਤੋਂ ਦੋ ਸਦੀਆਂ ਬਾਅਦ, ਅਕਤੂਬਰ 5, 539 ਸਾ.ਯੁ.ਪੂ. ਦੀ ਰਾਤ ਨੂੰ, ਖੋਰੁਸ ਮਹਾਨ ਦੇ ਅਧੀਨ ਮਾਦੀ-ਫ਼ਾਰਸੀ ਫ਼ੌਜਾਂ ਨੇ ਬਾਬਲ ਦੇ ਨਜ਼ਦੀਕ ਡੇਰਾ ਲਾਇਆ ਹੋਇਆ ਸੀ। ਪਰੰਤੂ ਬਾਬਲੀ ਆਤਮਵਿਸ਼ਵਾਸੀ ਸਨ। ਯੂਨਾਨੀ ਇਤਿਹਾਸਕਾਰ ਹੈਰੋਡੋਟਸ (ਪੰਜਵੀਂ ਸਦੀ ਸਾ.ਯੁ.ਪੂ.) ਦੇ ਅਨੁਸਾਰ, ਉਨ੍ਹਾਂ ਦੇ ਕੋਲ ਕਈ ਸਾਲਾਂ ਲਈ ਅੰਨ-ਪਾਣੀ ਦਾ ਭੰਡਾਰ ਜਮ੍ਹਾ ਸੀ।3 ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਉਨ੍ਹਾਂ ਕੋਲ ਫਰਾਤ ਦਰਿਆ ਅਤੇ ਬਾਬਲ ਦੀਆਂ ਵਿਸ਼ਾਲ ਕੰਧਾਂ ਵੀ ਸਨ। ਫਿਰ ਵੀ, ਐਨ ਉਹੀ ਰਾਤ, ਨਿਬੌਨਿਡਸ ਕਰੌਨਿਕਲ ਦੇ ਅਨੁਸਾਰ, “ਖੋਰੁਸ ਦੀ ਫ਼ੌਜ ਬਿਨਾਂ ਜੰਗ ਕੀਤੇ ਬਾਬਲ ਵਿਚ ਦਾਖ਼ਲ ਹੋ ਗਈ।”4 ਇਹ ਕਿਵੇਂ ਮੁਮਕਿਨ ਹੋ ਸਕਦਾ ਸੀ?

ਹੈਰੋਡੋਟਸ ਵਿਆਖਿਆ ਕਰਦਾ ਹੈ ਕਿ ਸ਼ਹਿਰ ਦੇ ਅੰਦਰ, ਲੋਕੀ “ਇਕ ਤਿਉਹਾਰ ਤੇ ਨੱਚ ਰਹੇ ਸਨ ਅਤੇ ਰੰਗਰਲੀਆਂ ਮਨਾ ਰਹੇ ਸਨ।”5 ਮਗਰ, ਬਾਹਰ, ਖੋਰੁਸ ਨੇ ਫਰਾਤ ਦੇ ਪਾਣੀਆਂ ਦਾ ਵਹਾਅ ਮੋੜ ਦਿੱਤਾ ਸੀ। ਜਿਉਂ-ਜਿਉਂ ਪਾਣੀ ਦਾ ਪੱਧਰ ਘੱਟਦਾ ਗਿਆ, ਉਸ ਦੀ ਫ਼ੌਜ ਪੱਟਾਂ ਤਕ ਪਹੁੰਚਦੇ ਪਾਣੀ ਵਿੱਚੋਂ ਲੰਘੀ। ਉਹ ਉੱਚੀਆਂ ਕੰਧਾਂ ਲਾਗਿਓਂ ਲੰਘ ਕੇ, ਉਨ੍ਹਾਂ ਫਾਟਕਾਂ ਰਾਹੀਂ ਦਾਖ਼ਲ ਹੋਏ ਜਿਨ੍ਹਾਂ ਨੂੰ ਹੈਰੋਡੋਟਸ ਨੇ “ਦਰਿਆ ਉੱਤੇ ਖੁੱਲ੍ਹਦੇ ਫਾਟਕ,” ਸੱਦਿਆ ਸੀ, ਉਹ ਫਾਟਕ ਜੋ ਲਾਪਰਵਾਹੀ ਨਾਲ ਖੁੱਲ੍ਹੇ ਛੱਡੇ ਗਏ ਸਨ।6 (ਤੁਲਨਾ ਕਰੋ ਦਾਨੀਏਲ 5:1-4; ਯਿਰਮਿਯਾਹ 50:24; 51:31, 32.) ਦੂਜੇ ਇਤਿਹਾਸਕਾਰ, ਜਿਨ੍ਹਾਂ ਵਿਚ ਜ਼ੈਨੋਫ਼ਨ (ਤਕਰੀਬਨ 431–ਤਕਰੀਬਨ 352 ਸਾ.ਯੁ.ਪੂ.) ਵੀ ਸ਼ਾਮਲ ਸੀ, ਨਾਲੇ ਪੁਰਾਤੱਤਵ-ਵਿਗਿਆਨੀਆਂ ਦੁਆਰਾ ਲੱਭੀਆਂ ਗਈਆਂ ਫਾਨਾ-ਨੁਮਾ ਲਿਖਾਈ ਵਾਲੀਆਂ ਸਿਲਾਂ, ਖੋਰੁਸ ਅੱਗੇ ਬਾਬਲ ਦੇ ਅਚਾਨਕ ਪਤਨ ਦੀ ਪੁਸ਼ਟੀ ਕਰਦੀਆਂ ਹਨ।7

ਇੰਜ ਬਾਬਲ ਦੇ ਬਾਰੇ ਯਸਾਯਾਹ ਦੀ ਭਵਿੱਖਬਾਣੀ ਪੂਰੀ ਹੋਈ। ਪਰ ਕੀ ਇਹ ਸੱਚ ਹੈ? ਕੀ ਇਹ ਮੁਮਕਿਨ ਹੋ ਸਕਦਾ ਹੈ ਕਿ ਇਹ ਇਕ ਪੇਸ਼ੀਨਗੋਈ ਨਹੀਂ ਸੀ ਪਰੰਤੂ ਅਸਲ ਵਿਚ ਘਟਨਾ ਵਾਪਰਨ ਦੇ ਬਾਅਦ ਲਿਖੀ ਗਈ ਸੀ? ਦਰਅਸਲ, ਇਹੀ ਸਵਾਲ ਦੂਜੀਆਂ ਬਾਈਬਲ ਭਵਿੱਖਬਾਣੀਆਂ ਦੇ ਬਾਰੇ ਪੁੱਛਿਆ ਜਾ ਸਕਦਾ ਹੈ।

ਭਵਿੱਖਬਾਣੀ ਦੇ ਭੇਸ ਵਿਚ ਇਤਿਹਾਸ?

ਜੇਕਰ ਬਾਈਬਲ ਦੇ ਨਬੀਆਂ, ਜਿਨ੍ਹਾਂ ਵਿਚ ਯਸਾਯਾਹ ਵੀ ਸ਼ਾਮਲ ਸੀ, ਨੇ ਕੇਵਲ ਇਤਿਹਾਸ ਨੂੰ ਭਵਿੱਖਬਾਣੀ ਦੇ ਤੌਰ ਤੇ ਪੇਸ਼ ਕਰਨ ਲਈ ਮੁੜ ਲਿਖਿਆ ਸੀ, ਤਾਂ ਫਿਰ ਇਹ ਪੁਰਸ਼ ਮਹਿਜ਼ ਚਤੁਰ ਧੋਖੇਬਾਜ਼ ਸਨ। ਪਰੰਤੂ ਅਜਿਹੀ ਚਾਲਬਾਜ਼ੀ ਵਿਚ ਉਨ੍ਹਾਂ ਦਾ ਕੀ ਮੰਤਵ ਹੋ ਸਕਦਾ ਸੀ? ਸੱਚੇ ਨਬੀਆਂ ਨੇ ਸਹਿਜੇ ਹੀ ਪ੍ਰਗਟ ਕੀਤਾ ਸੀ ਕਿ ਉਹ ਖ਼ਰੀਦੇ ਨਹੀਂ ਜਾ ਸਕਦੇ ਸਨ। (1 ਸਮੂਏਲ 12:3; ਦਾਨੀਏਲ 5:17) ਅਤੇ ਅਸੀਂ ਪਹਿਲਾਂ ਹੀ ਉਸ ਜ਼ੋਰਦਾਰ ਸਬੂਤ ਉੱਤੇ ਗੌਰ ਕਰ ਚੁੱਕੇ ਹਾਂ ਕਿ ਬਾਈਬਲ ਲਿਖਾਰੀ (ਜਿਨ੍ਹਾਂ ਵਿੱਚੋਂ ਅਨੇਕ ਨਬੀ ਸਨ) ਭਰੋਸੇਯੋਗ ਪੁਰਸ਼ ਸਨ ਜੋ ਆਪਣੀਆਂ ਸ਼ਰਮਨਾਕ ਗ਼ਲਤੀਆਂ ਨੂੰ ਵੀ ਪ੍ਰਗਟ ਕਰਨ ਲਈ ਰਜ਼ਾਮੰਦ ਸਨ। ਇਹ ਅਸੰਭਾਵੀ ਜਾਪਦਾ ਹੈ ਕਿ ਇਸ ਪ੍ਰਕਾਰ ਦੇ ਪੁਰਸ਼ ਵਿਸ਼ਾਲ ਧੋਖੇਬਾਜ਼ੀਆਂ ਕਰਨ ਵੱਲ ਝੁਕਾਉ ਰੱਖਦੇ, ਅਤੇ ਇਤਿਹਾਸ ਨੂੰ ਭਵਿੱਖਬਾਣੀ ਦੇ ਤੌਰ ਤੇ ਪੇਸ਼ ਕਰਦੇ।

ਵਿਚਾਰ ਕਰਨ ਲਈ ਕੁਝ ਹੋਰ ਵੀ ਹੈ। ਅਨੇਕ ਬਾਈਬਲ ਭਵਿੱਖਬਾਣੀਆਂ ਵਿਚ ਨਬੀ ਦੀ ਆਪਣੀ ਕੌਮ, ਜਿਸ ਵਿਚ ਜਾਜਕ ਅਤੇ ਸ਼ਾਸਕ ਵੀ ਸ਼ਾਮਲ ਸਨ, ਨੂੰ ਸਖ਼ਤੀ ਨਾਲ ਫਿਟਕਾਰਿਆ ਗਿਆ ਸੀ। ਮਿਸਾਲ ਲਈ, ਯਸਾਯਾਹ ਨੇ ਆਪਣੇ ਸਮੇਂ ਦੇ ਇਸਰਾਏਲੀਆਂ—ਨੇਤਾਵਾਂ ਅਤੇ ਪਰਜਾ ਦੋਹਾਂ—ਦੀ ਅਫ਼ਸੋਸਨਾਕ ਨੈਤਿਕ ਸਥਿਤੀ ਦੀ ਨਿੰਦਿਆ ਕੀਤੀ। (ਯਸਾਯਾਹ 1:2-10) ਦੂਜੇ ਨਬੀਆਂ ਨੇ ਜ਼ਬਰਦਸਤ ਢੰਗ ਨਾਲ ਜਾਜਕਾਂ ਦੇ ਪਾਪਾਂ ਦਾ ਭੇਤ ਖੋਲ੍ਹਿਆ। (ਸਫ਼ਨਯਾਹ 3:4; ਮਲਾਕੀ 2:1-9) ਇਹ ਸਮਝਣਾ ਔਖਾ ਹੈ ਕਿ ਉਹ ਕਿਉਂ ਉਨ੍ਹਾਂ ਭਵਿੱਖਬਾਣੀਆਂ ਨੂੰ ਘੜਦੇ ਜਿਨ੍ਹਾਂ ਵਿਚ ਉਨ੍ਹਾਂ ਦੀ ਆਪਣੀ ਕੌਮ ਦੇ ਵਿਰੁੱਧ ਅਤਿਅੰਤ ਚੁਭਵੀਆਂ ਫਿਟਕਾਰਾਂ ਪਾਈਆਂ ਜਾਂਦੀਆਂ ਸਨ ਅਤੇ ਕਿਉਂ ਜਾਜਕ ਇਕ ਅਜਿਹੀ ਚਲਾਕੀ ਵਿਚ ਸਹਿਯੋਗ ਦਿੰਦੇ।

ਇਸ ਤੋਂ ਇਲਾਵਾ ਨਬੀ—ਜੇਕਰ ਉਹ ਮਹਿਜ਼ ਢੌਂਗੀ ਹੀ ਸਨ—ਕਿਵੇਂ ਅਜਿਹੀ ਜਾਅਲਸਾਜ਼ੀ ਨੂੰ ਨੇਪਰੇ ਚਾੜ੍ਹ ਸਕਦੇ ਸਨ? ਇਸਰਾਏਲ ਵਿਚ ਪੜ੍ਹਾਈ-ਲਿਖਾਈ ਦਾ ਉਤਸ਼ਾਹ ਦਿੱਤਾ ਜਾਂਦਾ ਸੀ। ਬਚਪਨ ਤੋਂ, ਬੱਚਿਆਂ ਨੂੰ ਪੜ੍ਹਨਾ-ਲਿਖਣਾ ਸਿਖਾਇਆ ਜਾਂਦਾ ਸੀ। (ਬਿਵਸਥਾ ਸਾਰ 6:6-9) ਸ਼ਾਸਤਰ ਦੇ ਵਿਅਕਤੀਗਤ ਪਠਨ ਉੱਤੇ ਜ਼ੋਰ ਦਿੱਤਾ ਜਾਂਦਾ ਸੀ। (ਜ਼ਬੂਰ 1:2) ਸਪਤਾਹਕ ਸਬਤ ਤੇ ਯਹੂਦੀ ਸਭਾ-ਘਰਾਂ ਵਿਚ ਸ਼ਾਸਤਰ ਦਾ ਜਨਤਕ ਪਠਨ ਕੀਤਾ ਜਾਂਦਾ ਸੀ। (ਰਸੂਲਾਂ ਦੇ ਕਰਤੱਬ 15:21) ਇਹ ਅਸੰਭਵ ਜਾਪਦਾ ਹੈ ਕਿ ਇਕ ਸਮੁੱਚੀ ਪੜ੍ਹੀ-ਲਿਖੀ ਕੌਮ ਜੋ ਸ਼ਾਸਤਰ ਨਾਲ ਚੰਗੀ ਤਰ੍ਹਾਂ ਪਰਿਚਿਤ ਸੀ, ਇਕ ਅਜਿਹੇ ਛਲ ਦੇ ਧੋਖੇ ਵਿਚ ਆ ਸਕਦੀ ਸੀ।

ਇਸ ਤੋਂ ਇਲਾਵਾ, ਬਾਬਲ ਦੇ ਪਤਨ ਬਾਰੇ ਯਸਾਯਾਹ ਦੀ ਭਵਿੱਖਬਾਣੀ ਵਿਚ ਹੋਰ ਵੀ ਸ਼ਾਮਲ ਹੈ। ਉਸ ਵਿਚ ਇਕ ਅਜਿਹਾ ਵੇਰਵਾ ਪਾਇਆ ਜਾਂਦਾ ਹੈ ਜੋ ਉਸ ਦੀ ਪੂਰਤੀ ਤੋਂ ਬਾਅਦ ਨਹੀਂ ਲਿਖਿਆ ਜਾ ਸਕਦਾ ਸੀ।

“ਉਹ ਫੇਰ ਕਦੀ ਨਾ ਵਸਾਇਆ ਜਾਵੇਗਾ”

ਬਾਬਲ ਦੇ ਪਤਨ ਤੋਂ ਬਾਅਦ ਉਸ ਦਾ ਕੀ ਹੁੰਦਾ? ਯਸਾਯਾਹ ਨੇ ਪੂਰਵ-ਸੂਚਿਤ ਕੀਤਾ: “ਉਹ ਫੇਰ ਕਦੀ ਨਾ ਵਸਾਇਆ ਜਾਵੇਗਾ, ਨਾ ਪੀੜ੍ਹੀਓਂ ਪੀੜ੍ਹੀ ਅਬਾਦ ਕੀਤਾ ਜਾਵੇਗਾ, ਨਾ ਕੋਈ ਅਰਬੀ ਉੱਥੇ ਤੰਬੂ ਲਾਵੇਗਾ, ਨਾ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ।” (ਯਸਾਯਾਹ 13:20) ਇਕ ਅਜਿਹੇ ਅਨੁਕੂਲ ਥਾਂ ਤੇ ਸਥਿਤ ਸ਼ਹਿਰ ਦੇ ਹਮੇਸ਼ਾ ਲਈ ਬੇਆਬਾਦ ਹੋਣ ਦੀ ਪੇਸ਼ੀਨਗੋਈ ਬਹੁਤ ਹੀ ਅਜੀਬ ਜਾਪੀ ਹੋਵੇਗੀ। ਕੀ ਯਸਾਯਾਹ ਦੇ ਸ਼ਬਦ ਇਕ ਵਿਰਾਨ ਹੋਏ ਬਾਬਲ ਨੂੰ ਦੇਖਣ ਤੋਂ ਬਾਅਦ ਲਿਖੇ ਜਾ ਸਕਦੇ ਸਨ?

ਖੋਰੁਸ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ, ਇਕ ਵਸਿਆ ਹੋਇਆ ਬਾਬਲ—ਭਾਵੇਂ ਪਹਿਲਾਂ ਨਾਲੋਂ ਮਾਮੂਲੀ—ਸਦੀਆਂ ਤਕ ਰਿਹਾ। ਯਾਦ ਕਰੋ ਕਿ ਮ੍ਰਿਤ ਸਾਗਰ ਪੋਥੀਆਂ ਵਿਚ ਯਸਾਯਾਹ ਦੀ ਪੂਰੀ ਪੋਥੀ ਸ਼ਾਮਲ ਹੈ ਜੋ ਦੂਜੀ ਸਦੀ ਸਾ.ਯੁ.ਪੂ. ਦੀ ਹੈ। ਉਸ ਸਮੇਂ ਦੇ ਕਰੀਬ ਜਦੋਂ ਉਸ ਪੋਥੀ ਦੀਆਂ ਨਕਲਾਂ ਬਣਾਈਆਂ ਜਾ ਰਹੀਆਂ ਸਨ, ਪਾਰਥੀਆਂ ਨੇ ਬਾਬਲ ਉੱਤੇ ਕਬਜ਼ਾ ਕਰ ਲਿਆ ਸੀ। ਪਹਿਲੀ ਸਦੀ ਸਾ.ਯੁ. ਵਿਚ, ਬਾਬਲ ਵਿਚ ਯਹੂਦੀਆਂ ਦੀ ਇਕ ਬਸਤੀ ਵਸਦੀ ਸੀ, ਅਤੇ ਬਾਈਬਲ ਲਿਖਾਰੀ ਪਤਰਸ ਨੇ ਉੱਥੇ ਦੌਰਾ ਕੀਤਾ ਸੀ। (1 ਪਤਰਸ 5:13) ਉਸ ਸਮੇਂ ਤਕ, ਯਸਾਯਾਹ ਦੀ ਮ੍ਰਿਤ ਸਾਗਰ ਪੋਥੀ ਤਕਰੀਬਨ ਦੋ ਸਦੀਆਂ ਤੋਂ ਹੋਂਦ ਵਿਚ ਸੀ। ਤਾਂ ਫਿਰ, ਪਹਿਲੀ ਸਦੀ ਸਾ.ਯੁ. ਤਕ, ਬਾਬਲ ਹਾਲੇ ਵੀ ਪੂਰਣ ਰੂਪ ਵਿਚ ਵਿਰਾਨ ਨਹੀਂ ਹੋਇਆ ਸੀ, ਪਰੰਤੂ ਯਸਾਯਾਹ ਦੀ ਪੋਥੀ ਇਸ ਤੋਂ ਬਹੁਤ ਸਮਾਂ ਪਹਿਲਾਂ ਸਮਾਪਤ ਕੀਤੀ ਜਾ ਚੁੱਕੀ ਸੀ। *

ਜਿਵੇਂ ਪੂਰਵ-ਸੂਚਿਤ ਕੀਤਾ ਗਿਆ ਸੀ, ਬਾਬਲ ਆਖ਼ਰਕਾਰ “ਥੇਹ” ਹੋ ਗਿਆ। (ਯਿਰਮਿਯਾਹ 51:37) ਇਬਰਾਨੀ ਵਿਦਵਾਨ ਜਰੋਮ (ਚੌਥੀ ਸਦੀ ਸਾ.ਯੁ.) ਦੇ ਅਨੁਸਾਰ, ਉਸ ਦੇ ਸਮੇਂ ਤਕ ਬਾਬਲ ਇਕ ਸ਼ਿਕਾਰ ਕਰਨ ਵਾਲਾ ਮੈਦਾਨ ਸੀ ਜਿੱਥੇ “ਹਰ ਪ੍ਰਕਾਰ ਦੇ ਪਸ਼ੂ” ਫਿਰਦੇ ਹੁੰਦੇ ਸਨ।9 ਬਾਬਲ ਅੱਜ ਤਕ ਵਿਰਾਨ ਪਿਆ ਹੈ।

ਯਸਾਯਾਹ ਬਾਬਲ ਨੂੰ ਬੇਆਬਾਦ ਹੁੰਦਿਆਂ ਦੇਖਣ ਤਕ ਜੀਉਂਦਾ ਨਹੀਂ ਰਿਹਾ। ਪਰੰਤੂ ਆਧੁਨਿਕ ਇਰਾਕ ਵਿਚ, ਬਗ਼ਦਾਦ ਦੇ ਲਗਭਗ 80 ਕਿਲੋਮੀਟਰ ਦੱਖਣ ਵਿਚ, ਇਕ ਸਮੇਂ ਦੇ ਸ਼ਕਤੀਸ਼ਾਲੀ ਸ਼ਹਿਰ ਦੇ ਖੰਡਰਾਤ ਯਸਾਯਾਹ ਦੇ ਸ਼ਬਦਾਂ ਦੀ ਪੂਰਤੀ ਨੂੰ ਚੁੱਪਚਾਪ ਗਵਾਹੀ ਦਿੰਦੇ ਹਨ: “ਉਹ ਫੇਰ ਕਦੀ ਨਾ ਵਸਾਇਆ ਜਾਵੇਗਾ।” ਬਾਬਲ ਦੀ ਸੈਲਾਨੀ ਆਕਰਸ਼ਣ ਵਜੋਂ ਕੋਈ ਵੀ ਮੁੜ-ਬਹਾਲੀ, ਸ਼ਾਇਦ ਸੈਲਾਨੀਆਂ ਨੂੰ ਲੁਭਾਵੇ, ਪਰੰਤੂ ਬਾਬਲ ਦੇ “ਪੁੱਤ੍ਰ ਪੋਤ੍ਰੇ” ਸਦਾ ਲਈ ਖ਼ਤਮ ਹੋ ਚੁੱਕੇ ਹਨ।—ਯਸਾਯਾਹ 13:20; 14:22, 23.

ਇੰਜ ਯਸਾਯਾਹ ਨਬੀ ਨੇ ਅਸਪੱਸ਼ਟ ਪੇਸ਼ੀਨਗੋਈਆਂ ਨਹੀਂ ਕੀਤੀਆਂ ਸਨ ਜੋ ਕਿਸੇ ਵੀ ਭਵਿੱਖਤ ਘਟਨਾ ਉੱਤੇ ਲਾਗੂ ਕੀਤੀਆਂ ਜਾ ਸਕਦੀਆਂ ਸਨ। ਨਾ ਹੀ ਉਸ ਨੇ ਇਤਿਹਾਸ ਨੂੰ ਭਵਿੱਖਬਾਣੀ ਦੇ ਤੌਰ ਦੇ ਪ੍ਰਗਟ ਕਰਨ ਲਈ ਇਸ ਨੂੰ ਮੁੜ ਲਿਖਿਆ ਸੀ। ਇਸ ਗੱਲ ਉੱਤੇ ਵਿਚਾਰ ਕਰੋ: ਇਕ ਢੌਂਗੀ ਉਸ ਬਾਰੇ “ਭਵਿੱਖਬਾਣੀ ਕਰਨ” ਦਾ ਖ਼ਤਰਾ ਕਿਉਂ ਸਹੇੜਦਾ ਜਿਸ ਉੱਪਰ ਉਸ ਦਾ ਬਿਲਕੁਲ ਕੋਈ ਵਸ ਨਹੀਂ ਹੁੰਦਾ—ਅਰਥਾਤ, ਸ਼ਕਤੀਸ਼ਾਲੀ ਬਾਬਲ ਫਿਰ ਕਦੇ ਵੀ ਵਸਾਇਆ ਨਹੀਂ ਜਾਵੇਗਾ?

ਬਾਬਲ ਦੇ ਪਤਨ ਬਾਰੇ ਇਹ ਭਵਿੱਖਬਾਣੀ ਬਾਈਬਲ ਵਿੱਚੋਂ ਕੇਵਲ ਇਕ ਉਦਾਹਰਣ ਹੈ। * ਅਨੇਕ ਲੋਕ ਇਸ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਵਿਚ ਇਹ ਸੰਕੇਤ ਦੇਖਦੇ ਹਨ ਕਿ ਬਾਈਬਲ ਜ਼ਰੂਰ ਮਾਨਵ ਨਾਲੋਂ ਉੱਚੇ ਸ੍ਰੋਤ ਤੋਂ ਹੋਣੀ ਹੈ। ਸ਼ਾਇਦ ਤੁਸੀਂ ਸਹਿਮਤ ਹੋਵੋਗੇ ਕਿ, ਘਟੋ-ਘੱਟ, ਭਵਿੱਖਬਾਣੀ ਦੀ ਇਹ ਪੁਸਤਕ ਜਾਂਚ ਕਰਨ ਦੇ ਯੋਗ ਹੈ। ਇਕ ਗੱਲ ਨਿਸ਼ਚਿਤ ਹੈ: ਆਧੁਨਿਕ ਦਿਨਾਂ ਦੇ ਅਗੰਮ-ਗਿਆਨੀਆਂ ਦੀਆਂ ਧੁੰਦਲੀਆਂ ਜਾਂ ਸਨਸਨੀਖੇਜ਼ ਪੇਸ਼ੀਨਗੋਈਆਂ ਅਤੇ ਬਾਈਬਲ ਦੀਆਂ ਸਪੱਸ਼ਟ, ਸੰਜਮੀ, ਅਤੇ ਵਿਸ਼ਿਸ਼ਟ ਭਵਿੱਖਬਾਣੀਆਂ ਵਿਚਕਾਰ ਵਿਸ਼ਾਲ ਫ਼ਰਕ ਹੈ।

[ਫੁਟਨੋਟ]

^ ਪੈਰਾ 24 ਠੋਸ ਸਬੂਤ ਮੌਜੂਦ ਹੈ ਕਿ ਇਬਰਾਨੀ ਸ਼ਾਸਤਰ ਦੀਆਂ ਪੋਥੀਆਂ, ਜਿਨ੍ਹਾਂ ਵਿਚ ਯਸਾਯਾਹ ਦੀ ਪੋਥੀ ਵੀ ਸ਼ਾਮਲ ਹੈ, ਪਹਿਲੀ ਸਦੀ ਸਾ.ਯੁ. ਤੋਂ ਕਾਫ਼ੀ ਸਮਾਂ ਪਹਿਲਾਂ ਲਿਖੀਆਂ ਗਈਆਂ ਸਨ। ਇਤਿਹਾਸਕਾਰ ਜੋਸੀਫ਼ਸ (ਪਹਿਲੀ ਸਦੀ ਸਾ.ਯੁ.) ਨੇ ਸੰਕੇਤ ਕੀਤਾ ਕਿ ਇਬਰਾਨੀ ਸ਼ਾਸਤਰ ਦਾ ਪ੍ਰਮਾਣਿਤ ਧਰਮ-ਗ੍ਰੰਥ ਉਸ ਦੇ ਸਮੇਂ ਤੋਂ ਬਹੁਤ ਚਿਰ ਪਹਿਲਾਂ ਸਥਾਪਿਤ ਹੋ ਚੁੱਕਾ ਸੀ।8 ਇਸ ਤੋਂ ਇਲਾਵਾ, ਯੂਨਾਨੀ ਸੈਪਟੁਜਿੰਟ, ਅਰਥਾਤ ਇਬਰਾਨੀ ਸ਼ਾਸਤਰ ਦਾ ਯੂਨਾਨੀ ਭਾਸ਼ਾ ਵਿਚ ਅਨੁਵਾਦ, ਤੀਜੀ ਸਦੀ ਸਾ.ਯੁ.ਪੂ. ਵਿਚ ਆਰੰਭ ਹੋਇਆ ਸੀ ਅਤੇ ਦੂਜੀ ਸਦੀ ਸਾ.ਯੁ.ਪੂ. ਵਿਚ ਪੂਰਾ ਕੀਤਾ ਗਿਆ ਸੀ।

^ ਪੈਰਾ 28 ਬਾਈਬਲ ਭਵਿੱਖਬਾਣੀਆਂ ਅਤੇ ਇਨ੍ਹਾਂ ਦੀ ਪੂਰਤੀ ਦਾ ਸਬੂਤ ਦੇਣ ਵਾਲੇ ਇਤਿਹਾਸਕ ਤੱਥਾਂ ਦੀ ਹੋਰ ਚਰਚਾ ਦੇ ਲਈ, ਕਿਰਪਾ ਕਰ ਕੇ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਬਾਈਬਲ—ਪਰਮੇਸ਼ੁਰ ਦਾ ਜਾਂ ਮਨੁੱਖ ਦਾ ਬਚਨ? (ਅੰਗ੍ਰੇਜ਼ੀ), ਸਫ਼ੇ 117-33 ਦੇਖੋ।

[ਸਫ਼ਾ 28 ਉੱਤੇ ਸੁਰਖੀ]

ਕੀ ਬਾਈਬਲ ਦੇ ਲਿਖਾਰੀ ਅਸਲੀ ਨਬੀ ਸਨ ਜਾਂ ਚਤੁਰ ਧੋਖੇਬਾਜ਼ ਸਨ?

[ਸਫ਼ਾ 29 ਉੱਤੇ ਤਸਵੀਰ]

ਪ੍ਰਾਚੀਨ ਬਾਬਲ ਦੇ ਖੰਡਰਾਤ