Skip to content

Skip to table of contents

ਮਸੀਹਾ ਦੇ ਆਉਣ ਦਾ ਸਮਾਂ ਪ੍ਰਗਟ ਕੀਤਾ ਗਿਆ

ਮਸੀਹਾ ਦੇ ਆਉਣ ਦਾ ਸਮਾਂ ਪ੍ਰਗਟ ਕੀਤਾ ਗਿਆ

ਗਿਆਰ੍ਹਵਾਂ ਅਧਿਆਇ

ਮਸੀਹਾ ਦੇ ਆਉਣ ਦਾ ਸਮਾਂ ਪ੍ਰਗਟ ਕੀਤਾ ਗਿਆ

1. ਕਿਉਂਕਿ ਯਹੋਵਾਹ ਆਪਣੇ ਠਹਿਰਾਏ ਹੋਏ ਸਮਿਆਂ ਤੇ ਹਮੇਸ਼ਾ ਪੱਕਾ ਰਹਿੰਦਾ ਹੈ, ਅਸੀਂ ਕਿਸ ਗੱਲ ਬਾਰੇ ਨਿਸ਼ਚਿਤ ਹੋ ਸਕਦੇ ਹਾਂ?

ਯਹੋਵਾਹ ਆਪਣੇ ਠਹਿਰਾਏ ਹੋਏ ਸਮਿਆਂ ਤੇ ਹਮੇਸ਼ਾ ਪੱਕਾ ਰਹਿੰਦਾ ਹੈ। ਉਸ ਦੇ ਮਕਸਦਾਂ ਨਾਲ ਸੰਬੰਧ ਰੱਖਣ ਵਾਲੇ ਸਾਰੇ ਸਮੇਂ ਅਤੇ ਵੇਲੇ ਉਸ ਦੇ ਵੱਸ ਵਿਚ ਹਨ। (ਰਸੂਲਾਂ ਦੇ ਕਰਤੱਬ 1:7) ਉਹ ਸਾਰੀਆਂ ਘਟਨਾਵਾਂ ਜੋ ਉਸ ਨੇ ਇਨ੍ਹਾਂ ਸਮਿਆਂ ਅਤੇ ਵੇਲਿਆਂ ਲਈ ਮਿਥੀਆਂ ਹਨ ਜ਼ਰੂਰ ਪੂਰੀਆਂ ਹੋਣਗੀਆਂ। ਉਹ ਅਸਫ਼ਲ ਨਹੀਂ ਹੋਣਗੀਆਂ।

2, 3. ਦਾਨੀਏਲ ਨੇ ਕਿਸ ਭਵਿੱਖਬਾਣੀ ਉੱਤੇ ਗੌਰ ਕੀਤਾ ਸੀ ਅਤੇ ਉਸ ਸਮੇਂ ਬਾਬਲ ਉੱਤੇ ਕਿਹੜਾ ਸਾਮਰਾਜ ਰਾਜ ਕਰ ਰਿਹਾ ਸੀ?

2 ਸ਼ਾਸਤਰ ਦਾ ਇਕ ਚੰਗਾ ਵਿਦਿਆਰਥੀ ਹੋਣ ਕਰਕੇ ਦਾਨੀਏਲ ਨਬੀ ਨੂੰ ਯਹੋਵਾਹ ਉੱਤੇ ਭਰੋਸਾ ਸੀ ਕਿ ਉਹ ਸਾਰੀਆਂ ਘਟਨਾਵਾਂ ਮਿਥੇਗਾ ਅਤੇ ਉਨ੍ਹਾਂ ਨੂੰ ਸਮੇਂ ਸਿਰ ਪੂਰੀਆਂ ਕਰੇਗਾ। ਦਾਨੀਏਲ ਉਨ੍ਹਾਂ ਭਵਿੱਖਬਾਣੀਆਂ ਵਿਚ ਖ਼ਾਸ ਦਿਲਚਸਪੀ ਰੱਖਦਾ ਸੀ ਜੋ ਯਰੂਸ਼ਲਮ ਦੀ ਤਬਾਹੀ ਨਾਲ ਸੰਬੰਧ ਰੱਖਦੀਆਂ ਸਨ। ਯਿਰਮਿਯਾਹ ਨੇ ਪਰਮੇਸ਼ੁਰ ਵੱਲੋਂ ਇਸ ਪਵਿੱਤਰ ਸ਼ਹਿਰ ਬਾਰੇ ਭਵਿੱਖਬਾਣੀ ਲਿਖੀ ਸੀ ਕਿ ਉਹ ਕਿੰਨੇ ਸਮੇਂ ਲਈ ਉਜੜਿਆ ਰਹੇਗਾ, ਅਤੇ ਦਾਨੀਏਲ ਨੇ ਇਸ ਭਵਿੱਖਬਾਣੀ ਉੱਤੇ ਚੰਗੀ ਤਰ੍ਹਾਂ ਨਾਲ ਗੌਰ ਕੀਤਾ ਸੀ। ਉਸ ਨੇ ਲਿਖਿਆ ਕਿ “ਅਹਸ਼ਵੇਰੋਸ਼ ਦੇ ਪੁੱਤ੍ਰ ਦਾਰਾ ਦੇ ਪਹਿਲੇ ਵਰ੍ਹੇ ਵਿੱਚ ਜੋ ਮਾਦੀ ਵੰਸ ਦਾ ਸੀ ਨਾਲੇ ਕਸਦੀਆਂ ਦੇ ਰਾਜ ਉੱਤੇ ਰਾਜਾ ਠਹਿਰਾਇਆ ਹੋਇਆ ਸੀ। ਉਸ ਦੇ ਰਾਜ ਦੇ ਪਹਿਲੇ ਵਰ੍ਹੇ ਵਿੱਚ ਮੈਂ ਦਾਨੀਏਲ ਨੇ ਪੋਥੀਆਂ ਵਿੱਚੋਂ ਉਨ੍ਹਾਂ ਵਰਿਹਾਂ ਦਾ ਲੇਖਾ ਜਾਣਿਆ ਜਿਨ੍ਹਾਂ ਲਈ ਯਹੋਵਾਹ ਦੀ ਬਾਣੀ ਯਿਰਮਿਯਾਹ ਨਬੀ ਨੂੰ ਆਈ ਸੀ ਭਈ ਓਹ ਯਰੂਸ਼ਲਮ ਦੇ ਉੱਜੜਣ ਦੇ ਸੱਤਰ ਵਰ੍ਹੇ ਪੂਰੇ ਹੋਣ।”—ਦਾਨੀਏਲ 9:1, 2; ਯਿਰਮਿਯਾਹ 25:11.

3 ਉਸ ਵੇਲੇ ਦਾਰਾ ਮਾਦੀ “ਕਸਦੀਆਂ ਦੇ ਰਾਜ” ਉੱਤੇ ਰਾਜ ਕਰ ਰਿਹਾ ਸੀ। ਬਾਬਲੀ ਸਾਮਰਾਜ ਹੁਣ ਖ਼ਤਮ ਹੋ ਚੁੱਕਾ ਸੀ। ਉਹ ਭਵਿੱਖਬਾਣੀ ਜੋ ਦਾਨੀਏਲ ਨੇ ਕੰਧ ਉੱਤੇ ਲਿਖਾਈ ਦਾ ਅਰਥ ਸਮਝਾਉਂਦੇ ਹੋਏ ਕੀਤੀ ਸੀ, ਜਲਦੀ ਪੂਰੀ ਹੋ ਗਈ ਸੀ। ਬਾਬਲ 539 ਸਾ.ਯੁ.ਪੂ. ਵਿਚ “ਮਾਦੀਆਂ ਅਰ ਫਾਰਸੀਆਂ ਨੂੰ ਦਿੱਤਾ” ਜਾ ਚੁੱਕਾ ਸੀ।—ਦਾਨੀਏਲ 5:24-28, 30, 31.

ਦਾਨੀਏਲ ਨਿਮਰਤਾ ਨਾਲ ਯਹੋਵਾਹ ਅੱਗੇ ਬੇਨਤੀ ਕਰਦਾ ਹੈ

4. (ੳ) ਪਰਮੇਸ਼ੁਰ ਤੋਂ ਮੁਕਤੀ ਹਾਸਲ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਸੀ? (ਅ) ਦਾਨੀਏਲ ਨੇ ਯਹੋਵਾਹ ਅੱਗੇ ਕਿਵੇਂ ਬੇਨਤੀ ਕੀਤੀ?

4 ਦਾਨੀਏਲ ਜਾਣਦਾ ਸੀ ਕਿ ਯਰੂਸ਼ਲਮ ਦਾ 70 ਸਾਲਾਂ ਦਾ ਉਜਾੜਾ ਖ਼ਤਮ ਹੋਣ ਵਾਲਾ ਸੀ। ਉਹ ਹੁਣ ਕੀ ਕਰੇਗਾ? ਉਹ ਆਪ ਹੀ ਸਾਨੂੰ ਦੱਸਦਾ ਹੈ ਕਿ “ਮੈਂ ਆਪਣਾ ਮੂੰਹ ਪ੍ਰਭੁ ਪਰਮੇਸ਼ੁਰ ਵੱਲ ਕੀਤਾ ਅਤੇ ਬੇਨਤੀਆਂ ਤਰਲੇ ਕਰ ਕੇ ਅਰ ਵਰਤ ਰੱਖ ਕੇ ਤੱਪੜ ਅਰ ਸੁਆਹ ਸਣੇ ਉਹ ਦੀ ਭਾਲ ਕੀਤੀ। ਅਤੇ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਅਰਦਾਸ ਕੀਤੀ ਨਾਲੇ ਮੈਂ ਮੰਨ ਲਿਆ।” (ਦਾਨੀਏਲ 9:3, 4) ਪਰਮੇਸ਼ੁਰ ਦੀ ਦਿਆਲੂ ਮੁਕਤੀ ਹਾਸਲ ਕਰਨ ਲਈ ਸਾਫ਼ ਦਿਲ ਦੀ ਜ਼ਰੂਰਤ ਸੀ। (ਲੇਵੀਆਂ 26:31-46; 1 ਰਾਜਿਆਂ 8:46-53) ਕੌਮ ਨੂੰ ਨਿਹਚਾ ਦੀ, ਇਕ ਨਿਮਰ ਦਿਲ ਦੀ ਅਤੇ ਉਨ੍ਹਾਂ ਪਾਪਾਂ ਤੋਂ, ਜਿਨ੍ਹਾਂ ਦੇ ਕਾਰਨ ਉਹ ਜਲਾਵਤਨ ਅਤੇ ਗ਼ੁਲਾਮ ਬਣੇ ਸਨ, ਪੂਰੀ ਤਰ੍ਹਾਂ ਤੋਬਾ ਕਰਨ ਦੀ ਜ਼ਰੂਰਤ ਸੀ। ਆਪਣੇ ਪਾਪੀ ਲੋਕਾਂ ਦੇ ਨਿਮਿੱਤ ਦਾਨੀਏਲ ਨੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ। ਕਿਵੇਂ? ਉਸ ਨੇ ਵਰਤ ਰੱਖਿਆ, ਸੋਗ ਕੀਤਾ ਅਤੇ ਤੱਪੜ ਪਹਿਨਿਆ। ਇਹ ਸਾਰੀਆਂ ਚੀਜ਼ਾਂ ਤੋਬਾ ਅਤੇ ਸਾਫ਼ਦਿਲੀ ਦੀਆਂ ਨਿਸ਼ਾਨੀਆਂ ਹਨ।

5. ਦਾਨੀਏਲ ਕਿਉਂ ਭਰੋਸਾ ਰੱਖ ਸਕਦਾ ਸੀ ਕਿ ਯਹੂਦੀ ਲੋਕ ਆਪਣੇ ਜੱਦੀ ਦੇਸ਼ ਨੂੰ ਵਾਪਸ ਜਾਣਗੇ?

5 ਯਿਰਮਿਯਾਹ ਦੀ ਭਵਿੱਖਬਾਣੀ ਨੇ ਦਾਨੀਏਲ ਨੂੰ ਆਸ ਦਿੱਤੀ ਕਿਉਂਕਿ ਉਸ ਨੂੰ ਇਸ ਤੋਂ ਪਤਾ ਲੱਗਾ ਕਿ ਯਹੂਦੀ ਲੋਕ ਜਲਦੀ ਹੀ ਆਪਣੇ ਜੱਦੀ ਦੇਸ਼ ਯਹੂਦਾਹ ਨੂੰ ਵਾਪਸ ਜਾਣ ਵਾਲੇ ਸਨ। (ਯਿਰਮਿਯਾਹ 25:12; 29:10) ਬਿਨਾਂ ਸ਼ੱਕ ਦਾਨੀਏਲ ਨੂੰ ਪੂਰਾ ਭਰੋਸਾ ਸੀ ਕਿ ਗ਼ੁਲਾਮ ਯਹੂਦੀਆਂ ਨੂੰ ਛੁਟਕਾਰਾ ਮਿਲਣ ਵਾਲਾ ਸੀ ਕਿਉਂਕਿ ਹੁਣ ਫ਼ਾਰਸ ਦੇਸ਼ ਉੱਤੇ ਖੋਰਸ (ਸਾਈਰਸ) ਨਾਂ ਦਾ ਇਕ ਬੰਦਾ ਰਾਜ ਕਰ ਰਿਹਾ ਸੀ। ਅਤੇ ਯਸਾਯਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਖੋਰਸ ਯਹੂਦੀਆਂ ਨੂੰ ਛੁਡਾਉਣ ਲਈ ਵਰਤਿਆ ਜਾਵੇਗਾ ਤਾਂਕਿ ਉਹ ਯਰੂਸ਼ਲਮ ਅਤੇ ਹੈਕਲ ਨੂੰ ਫਿਰ ਤੋਂ ਉਸਾਰ ਸਕਣ। (ਯਸਾਯਾਹ 44:28-45:3) ਪਰ ਦਾਨੀਏਲ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਕਿਵੇਂ ਪੂਰਾ ਹੋਵੇਗਾ। ਇਸ ਲਈ ਉਸ ਨੇ ਯਹੋਵਾਹ ਅੱਗੇ ਬੇਨਤੀ ਕਰਨੀ ਜਾਰੀ ਰੱਖੀ।

6. ਦਾਨੀਏਲ ਨੇ ਪ੍ਰਾਰਥਨਾ ਵਿਚ ਕੀ ਕਬੂਲ ਕੀਤਾ?

6 ਦਾਨੀਏਲ ਨੇ ਪਰਮੇਸ਼ੁਰ ਦੀ ਦਇਆ ਅਤੇ ਪ੍ਰੇਮਪੂਰਣ ਦਿਆਲਗੀ ਵੱਲ ਧਿਆਨ ਖਿੱਚਿਆ। ਨਿਮਰਤਾ ਨਾਲ ਉਸ ਨੇ ਸਵੀਕਾਰ ਕੀਤਾ ਕਿ ਯਹੂਦੀ ਲੋਕਾਂ ਨੇ ਯਹੋਵਾਹ ਦਾ ਵਿਰੋਧ ਕੀਤਾ ਸੀ ਅਤੇ ਉਸ ਦੇ ਹੁਕਮਾਂ ਨੂੰ ਨਹੀਂ ਮੰਨਿਆ ਸੀ ਅਤੇ ਨਬੀਆਂ ਦੀ ਗੱਲ ਨਾ ਮੰਨ ਕੇ ਪਾਪ ਕੀਤਾ ਸੀ। ਪਰਮੇਸ਼ੁਰ ਨੇ ‘ਉਨ੍ਹਾਂ ਦੇ ਔਗਣਾਂ ਦੇ ਕਾਰਨ ਉਨ੍ਹਾਂ ਨੂੰ ਖਿੰਡਾ ਕੇ’ ਠੀਕ ਹੀ ਕੀਤਾ ਸੀ। ਦਾਨੀਏਲ ਨੇ ਪ੍ਰਾਰਥਨਾ ਕੀਤੀ: “ਹੇ ਪ੍ਰਭੁ, ਮੂੰਹ ਚੁਰਾਉਣਾ ਸਾਡੇ ਲਈ, ਸਾਡੇ ਪਾਤਸ਼ਾਹਾਂ ਅਤੇ ਸ਼ਜ਼ਾਦਿਆਂ ਅਰ ਸਾਡੇ ਪਿਉ ਦਾਦਿਆਂ ਦੇ ਲਈ ਹੈ ਜੋ ਅਸੀਂ ਤੇਰੇ ਪਾਪੀ ਹੋਏ। ਪ੍ਰਭੁ ਸਾਡੇ ਪਰਮੇਸ਼ੁਰ ਦੀਆਂ ਦਇਆਂ ਅਤੇ ਖਿਮਾਂ ਹਨ, ਅਸਾਂ ਭਾਵੇਂ ਉਹ ਦੇ ਅੱਗੇ ਸਿਰ ਚੁੱਕਿਆ। ਅਸਾਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਬੋਲ ਨਾ ਮੰਨਿਆ ਜੋ ਉਹ ਦੇ ਕਾਨੂਨਾਂ ਉੱਤੇ ਚੱਲੀਏ ਜਿਹ ਨੂੰ ਉਸ ਨੇ ਆਪਣੇ ਸੇਵਕ ਨਬੀਆਂ ਦੇ ਰਾਹੀਂ ਸਾਡੇ ਅੱਗੇ ਰੱਖ ਦਿੱਤਾ। ਹਾਂ, ਸਾਰਾ ਇਸਰਾਏਲ ਤੇਰੀ ਬਿਵਸਥਾ ਤੋਂ ਫਿਰ ਗਿਆ ਅਤੇ ਮੁੜ ਗਿਆ ਹੈ ਜੋ ਤੇਰੇ ਬੋਲ ਨਾ ਮੰਨੇ ਸੋ ਇਸ ਕਰਕੇ ਉਹ ਫਿਟਕਾਰ ਸਾਡੇ ਉੱਤੇ ਆਣ ਪਈ ਅਤੇ ਉਹ ਸੌਂਹ ਵੀ ਜੋ ਪਰਮੇਸ਼ੁਰ ਦੇ ਸੇਵਕ ਮੂਸਾ ਦੀ ਬਿਵਸਥਾ ਵਿੱਚ ਲਿਖੀ ਹੈ ਇਸ ਲਈ ਜੋ ਅਸਾਂ ਉਹ ਦਾ ਪਾਪ ਕੀਤਾ।”—ਦਾਨੀਏਲ 9:5-11; ਕੂਚ 19:5-8; 24:3, 7, 8.

7. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੇ ਠੀਕ ਹੀ ਕੀਤਾ ਸੀ ਜਦੋਂ ਉਸ ਨੇ ਯਹੂਦੀ ਲੋਕਾਂ ਨੂੰ ਗ਼ੁਲਾਮ ਬਣਨ ਦਿੱਤਾ?

7 ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਉਸ ਦੀ ਆਗਿਆ ਨਾ ਮੰਨਣ ਅਤੇ ਉਸ ਦੇ ਨਾਲ ਬੰਨ੍ਹੇ ਗਏ ਨੇਮ ਦੀ ਲਾਪਰਵਾਹੀ ਕਰਨ ਦੇ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ ਸੀ। (ਲੇਵੀਆਂ 26:31-33; ਬਿਵਸਥਾ ਸਾਰ 28:15; 31:17) ਦਾਨੀਏਲ ਅਗਲਿਆਂ ਸ਼ਬਦਾਂ ਵਿਚ ਕਬੂਲ ਕਰਦਾ ਹੈ ਕਿ ਯਹੋਵਾਹ ਦੇ ਕੰਮ ਠੀਕ ਹੀ ਹਨ: “ਉਹ ਨੇ ਆਪਣੀਆਂ ਓਹ ਗੱਲਾਂ ਜੋ ਉਹ ਨੇ ਅਸਾਂ ਲੋਕਾਂ ਦੇ ਨਾਲ ਅਤੇ ਸਾਡਿਆਂ ਨਿਆਈਆਂ ਦੇ ਨਾਲ ਜਿਹੜੇ ਸਾਡਾ ਨਿਆਉਂ ਕਰਦੇ ਸਨ ਆਖੀਆਂ ਸਨ ਸੋ ਪੂਰੀਆਂ ਕੀਤੀਆਂ ਜੋ ਉਹ ਨੇ ਸਾਡੇ ਉੱਤੇ ਵੱਡੀ ਬਿਪਤਾ ਪਾਈ ਕਿਉਂ ਜੋ ਸਾਰੇ ਅਕਾਸ਼ ਹੇਠ ਅਜੇਹੀ ਗੱਲ ਨਹੀਂ ਹੋਈ ਜੇਹੀ ਯਰੂਸ਼ਲਮ ਨਾਲ ਹੋਈ ਹੈ। ਜਿਸ ਤਰਾਂ ਮੂਸਾ ਦੀ ਬਿਵਸਥਾ ਵਿੱਚ ਲਿਖੀਆਂ ਹਨ ਉਸੇ ਤਰਾਂ ਇਹ ਸਾਰੀਆਂ ਬਿਪਤਾਂ ਸਾਡੇ ਉੱਤੇ ਆਣ ਪਈਆਂ, ਤਦ ਵੀ ਅਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਰਦਾਸ ਨਾ ਕੀਤੀ ਜੋ ਅਸੀਂ ਆਪਣਿਆਂ ਟੇਢਿਆਂ ਕੰਮਾਂ ਤੋਂ ਹਟੀਏ ਅਤੇ ਤੇਰੀ ਸਚਿਆਈ ਵਿੱਚ ਸੁਚੇਤ ਹੋਈਏ। ਇਸ ਲਈ ਯਹੋਵਾਹ ਬਦੀ ਨੂੰ ਤੱਕਦਾ ਰਿਹਾ ਅਤੇ ਉਹ ਨੇ ਸਾਡੇ ਉੱਤੇ ਉਹ ਪਾ ਵੀ ਦਿੱਤੀ ਕਿਉਂ ਜੋ ਯਹੋਵਾਹ ਸਾਡਾ ਪਰਮੇਸ਼ੁਰ ਆਪਣਿਆਂ ਸਭਨਾਂ ਕੰਮਾਂ ਵਿੱਚ ਜੋ ਕਰਦਾ ਹੈ ਸਤ ਹੈ, ਪਰ ਅਸਾਂ ਉਹ ਦਾ ਬੋਲ ਨਾ ਮੰਨਿਆ।”—ਦਾਨੀਏਲ 9:12-14.

8. ਦਾਨੀਏਲ ਦੀ ਬੇਨਤੀ ਕਿਨ੍ਹਾਂ ਗੱਲਾਂ ਨਾਲ ਸੰਬੰਧਿਤ ਸੀ?

8 ਦਾਨੀਏਲ ਨੇ ਆਪਣੇ ਲੋਕਾਂ ਦੇ ਚਾਲ-ਚਲਣ ਲਈ ਬਹਾਨੇ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਦਾ ਜਲਾਵਤਨ ਬਣਾਏ ਜਾਣਾ ਜਾਇਜ਼ ਸੀ, ਜਿਵੇਂ ਦਾਨੀਏਲ ਸਾਫ਼-ਸਾਫ਼ ਕਬੂਲ ਕਰਦਾ ਹੈ ਕਿ “ਅਸਾਂ ਪਾਪ ਕੀਤੇ, ਅਸਾਂ ਟੇਢੇ ਕੰਮ ਕੀਤੇ!” (ਦਾਨੀਏਲ 9:15) ਅਤੇ ਉਹ ਦੁੱਖਾਂ ਤੋਂ ਉਨ੍ਹਾਂ ਦੇ ਛੁਟਕਾਰੇ ਬਾਰੇ ਹੀ ਨਹੀਂ ਸੋਚ ਰਿਹਾ ਸੀ। ਨਹੀਂ, ਉਸ ਦੀ ਚਿੰਤਾ ਖ਼ੁਦ ਯਹੋਵਾਹ ਦੀ ਮਹਿਮਾ ਕਰਨ ਅਤੇ ਉਸ ਦੇ ਆਦਰ-ਮਾਣ ਨਾਲ ਸੰਬੰਧਿਤ ਸੀ। ਯਹੂਦੀਆਂ ਨੂੰ ਮਾਫ਼ ਕਰਨ ਅਤੇ ਉਨ੍ਹਾਂ ਨੂੰ ਆਪਣੇ ਜੱਦੀ ਦੇਸ਼ ਨੂੰ ਵਾਪਸ ਜਾਣ ਦੇਣ ਦੁਆਰਾ ਪਰਮੇਸ਼ੁਰ ਆਪਣਾ ਵਾਅਦਾ ਪੂਰਾ ਕਰੇਗਾ ਜੋ ਯਿਰਮਿਯਾਹ ਨਬੀ ਰਾਹੀਂ ਕੀਤਾ ਗਿਆ ਸੀ ਅਤੇ ਆਪਣੇ ਪਵਿੱਤਰ ਨਾਂ ਤੋਂ ਉਲਾਂਭਾ ਲਾਵੇਗਾ। ਦਾਨੀਏਲ ਬੇਨਤੀ ਕਰਦਾ ਹੈ: “ਹੇ ਪ੍ਰਭੁ, ਤੂੰ ਆਪਣੇ ਸਾਰੇ ਧਰਮ ਅਨੁਸਾਰ ਆਪਣੇ ਗੁੱਸੇ ਅਤੇ ਆਪਣੇ ਕ੍ਰੋਧ ਥੀਂ ਜੋ ਤੇਰੇ ਹੀ ਸ਼ਹਿਰ ਯਰੂਸ਼ਲਮ ਉੱਤੇ ਹੈ ਜੋ ਪਵਿੱਤ੍ਰ ਪਹਾੜ ਹੈ ਮੂੰਹ ਮੋੜ ਕਿਉਂ ਜੋ ਸਾਡਿਆਂ ਪਾਪਾਂ ਦੇ ਅਤੇ ਸਾਡੇ ਪਿਉ ਦਾਦਿਆਂ ਦੇ ਟੇਢਿਆਂ ਕੰਮਾਂ ਦੇ ਕਾਰਨ ਯਰੂਸ਼ਲਮ ਅਤੇ ਤੇਰੀ ਪਰਜਾ ਉਨ੍ਹਾਂ ਸਭਨਾਂ ਲੋਕਾਂ ਦੇ ਅੱਗੇ ਜੋ ਚੁਫੇਰੇ ਵੱਸਦੇ ਹਨ ਉਲਾਂਭਿਆਂ ਜੋਗ ਹੋਈ!”—ਦਾਨੀਏਲ 9:16.

9. (ੳ) ਦਾਨੀਏਲ ਕਿਹੜੀਆਂ ਬੇਨਤੀਆਂ ਨਾਲ ਆਪਣੀ ਪ੍ਰਾਰਥਨਾ ਖ਼ਤਮ ਕਰਦਾ ਹੈ? (ਅ) ਕਿਹੜੀ ਗੱਲ ਦਾਨੀਏਲ ਨੂੰ ਦੁਖੀ ਕਰਦੀ ਸੀ, ਪਰ ਉਹ ਪਰਮੇਸ਼ੁਰ ਦੇ ਨਾਂ ਲਈ ਕਿਵੇਂ ਆਦਰ ਦਿਖਾਉਂਦਾ ਹੈ?

9 ਜੋਸ਼-ਭਰੀ ਪ੍ਰਾਰਥਨਾ ਵਿਚ ਦਾਨੀਏਲ ਅੱਗੇ ਕਹਿੰਦਾ ਹੈ: “ਹੁਣ ਹੇ ਸਾਡੇ ਪਰਮੇਸ਼ੁਰ, ਆਪਣੇ ਸੇਵਕ ਦੀ ਅਰਦਾਸ ਅਤੇ ਬੇਨਤੀ ਸੁਣ ਅਤੇ ਆਪਣੇ ਮੂੰਹ ਦੇ ਪਰਕਾਸ਼ ਨੂੰ ਪ੍ਰਭੁ ਦੇ ਲਈ ਆਪਣੇ ਪਵਿੱਤ੍ਰ ਥਾਂ ਉੱਤੇ ਜਿਹੜਾ ਉੱਜੜਿਆ ਪਿਆ ਹੈ ਚਮਕਾ। ਹੇ ਮੇਰੇ ਪਰਮੇਸ਼ੁਰ, ਆਪਣਾ ਕੰਨ ਲਾ ਕੇ ਸੁਣ, ਆਪਣੀਆਂ ਅੱਖੀਆਂ ਖੋਲ੍ਹ ਅਤੇ ਸਾਡੀਆਂ ਉੱਜਾੜਾਂ ਨੂੰ ਅਤੇ ਉਸ ਸ਼ਹਿਰ ਨੂੰ ਜਿਹੜਾ ਤੇਰੇ ਨਾਮ ਉੱਤੇ ਸਦਾਉਂਦਾ ਹੈ ਵੇਖ ਜੋ ਅਸੀਂ ਆਪਣੇ ਧਰਮਾਂ ਅਨੁਸਾਰ ਨਹੀਂ ਸਗੋਂ ਤੇਰੀ ਅਤਿਯੰਤ ਦਯਾ ਉੱਤੇ ਆਸ ਰੱਖ ਕੇ ਆਪਣੇ ਤਰਲੇ ਕਰਦੇ ਹਾਂ। ਹੇ ਪ੍ਰਭੁ, ਸੁਣ! ਹੇ ਪ੍ਰਭੁ, ਬਖ਼ਸ਼ ਦੇਹ! ਹੇ ਪ੍ਰਭੁ, ਸੁਣ ਲੈ ਅਤੇ ਕੰਮ ਕਰ! ਹੇ ਮੇਰੇ ਪਰਮੇਸ਼ੁਰ, ਆਪਣੇ ਹੀ ਲਈ ਢਿਲ ਨਾ ਲਾ ਇਸ ਲਈ ਜੋ ਤੇਰਾ ਸ਼ਹਿਰ ਅਤੇ ਤੇਰੀ ਪਰਜਾ ਤੇਰੇ ਨਾਮ ਦੀ ਸਦਾਉਂਦੀ ਹੈ।” (ਦਾਨੀਏਲ 9:17-19) ਜੇਕਰ ਪਰਮੇਸ਼ੁਰ ਨਾ ਮਾਫ਼ ਕਰਦਾ ਅਤੇ ਆਪਣੇ ਲੋਕਾਂ ਨੂੰ ਜਲਾਵਤਨੀ ਵਿਚ ਤਿਆਗ ਦਿੰਦਾ, ਅਤੇ ਆਪਣੇ ਪਵਿੱਤਰ ਸ਼ਹਿਰ ਯਰੂਸ਼ਲਮ ਨੂੰ ਸਦਾ ਲਈ ਉਜੜਿਆ ਰਹਿਣ ਦਿੰਦਾ, ਕੀ ਕੌਮਾਂ ਉਸ ਨੂੰ ਸਰਬਸ਼ਕਤੀਮਾਨ ਸਮਝਦੀਆਂ? ਕੀ ਉਹ ਸ਼ਾਇਦ ਇਹ ਨਹੀਂ ਸੋਚਦੀਆਂ ਕਿ ਬਾਬਲੀ ਦੇਵਤਿਆਂ ਦੀ ਤੁਲਨਾ ਵਿਚ ਯਹੋਵਾਹ ਨਿਰਬਲ ਹੈ? ਜੀ ਹਾਂ, ਯਹੋਵਾਹ ਦਾ ਨਾਂ ਬਦਨਾਮ ਕੀਤਾ ਜਾਣਾ ਸੀ ਅਤੇ ਇਸ ਗੱਲ ਤੋਂ ਦਾਨੀਏਲ ਬਹੁਤ ਦੁਖੀ ਸੀ। ਮੁਢਲੇ ਮੂਲ-ਪਾਠ ਵਿਚ ਉਨ੍ਹਾਂ 19 ਥਾਂਵਾਂ ਤੇ ਜਿੱਥੇ ਯਹੋਵਾਹ ਦਾ ਪਵਿੱਤਰ ਨਾਂ ਦਾਨੀਏਲ ਦੀ ਪੋਥੀ ਵਿਚ ਪਾਇਆ ਜਾਂਦਾ ਹੈ, 18 ਇਸ ਪ੍ਰਾਰਥਨਾ ਦੇ ਨਾਲ ਸੰਬੰਧਿਤ ਹਨ!

ਜਬਰਾਈਲ ਛੇਤੀ ਨਾਲ ਆਉਂਦਾ ਹੈ

10. (ੳ) ਦਾਨੀਏਲ ਕੋਲ ਕਿਸ ਨੂੰ ਭੇਜਿਆ ਗਿਆ ਸੀ? (ਅ) ਦਾਨੀਏਲ ਨੇ ਜਬਰਾਈਲ ਨੂੰ ਇਕ “ਜਣਾ” ਕਿਉਂ ਸੱਦਿਆ?

10 ਦਾਨੀਏਲ ਦੇ ਪ੍ਰਾਰਥਨਾ ਕਰਦੇ-ਕਰਦੇ ਹੀ ਜਬਰਾਈਲ ਦੂਤ ਆ ਜਾਂਦਾ ਹੈ। ਉਹ ਕਹਿੰਦਾ ਹੈ: “ਹੇ ਦਾਨੀਏਲ, ਹੁਣ ਮੈਂ ਇਸ ਲਈ ਨਿੱਕਲ ਆਇਆ ਹਾਂ ਜੋ ਤੈਨੂੰ ਬੁੱਧਵਾਨ ਅਤੇ ਸਿਆਣਾ ਬਣਾਵਾਂ। ਜਿਸ ਵੇਲੇ ਤੂੰ ਬੇਨਤੀ ਕਰਨ ਲੱਗਾ ਉਸ ਵੇਲੇ ਇਹ ਆਗਿਆ ਨਿੱਕਲੀ ਅਤੇ ਮੈਂ ਆਇਆ ਜੋ ਤੈਨੂੰ ਵਿਖਾਵਾਂ ਕਿਉਂ ਜੋ ਤੂੰ ਵੱਡਾ ਪਿਆਰਾ ਹੈਂ, ਸੋ ਇਸ ਗੱਲ ਨੂੰ ਜਾਣ ਅਤੇ ਇਸ ਦਰਸ਼ਣ ਨੂੰ ਸਮਝ।” ਪਰ ਦਾਨੀਏਲ ਉਸ ਨੂੰ ‘ਉਹ ਜਣਾ ਜਬਰਾਈਲ’ ਕਿਉਂ ਕਹਿੰਦਾ ਹੈ? (ਦਾਨੀਏਲ 9:20-23) ਕਿਉਂਕਿ ਜਦੋਂ ਦਾਨੀਏਲ ਨੂੰ ਇਸ ਤੋਂ ਪਹਿਲਾਂ ਬੱਕਰੇ ਅਤੇ ਮੇਢੇ ਦਾ ਦਰਸ਼ਣ ਮਿਲਿਆ ਅਤੇ ਉਹ ਉਸ ਦੀ ਸਮਝ ਭਾਲ ਰਿਹਾ ਸੀ, ਉਹ ਦੇ ਸਾਮ੍ਹਣੇ “ਕੋਈ ਖਲੋਤਾ ਸੀ ਜਿਹ ਦਾ ਰੂਪ ਮਨੁੱਖ ਜਿਹਾ ਸੀ।” ਉਹ ਜਬਰਾਈਲ ਦੂਤ ਸੀ ਜਿਸ ਨੂੰ ਦਾਨੀਏਲ ਕੋਲ ਸਮਝ ਦੇਣ ਲਈ ਭੇਜਿਆ ਗਿਆ ਸੀ। (ਦਾਨੀਏਲ 8:15-17) ਇਸ ਤਰ੍ਹਾਂ ਦਾਨੀਏਲ ਦੀ ਪ੍ਰਾਰਥਨਾ ਤੋਂ ਬਾਅਦ, ਇਹ ਦੂਤ ਇਕ ਮਨੁੱਖ ਜਿਹੇ ਰੂਪ ਵਿਚ ਉਸ ਦੇ ਨੇੜੇ ਆਇਆ ਅਤੇ ਦਾਨੀਏਲ ਨਾਲ ਉਸ ਢੰਗ ਨਾਲ ਬੋਲਿਆ ਜਿਵੇਂ ਇਕ ਮਨੁੱਖ ਦੂਜੇ ਮਨੁੱਖ ਨਾਲ ਬੋਲਦਾ ਹੈ।

11, 12. (ੳ) ਭਾਵੇਂ ਕਿ ਬਾਬਲ ਵਿਚ ਯਹੋਵਾਹ ਦੀ ਕੋਈ ਹੈਕਲ ਜਾਂ ਜਗਵੇਦੀ ਨਹੀਂ ਸੀ, ਫਿਰ ਵੀ ਧਰਮੀ ਯਹੂਦੀਆਂ ਨੇ ਬਿਵਸਥਾ ਦੁਆਰਾ ਮੰਗੇ ਗਏ ਚੜ੍ਹਾਵਿਆਂ ਲਈ ਕਿਵੇਂ ਕਦਰ ਦਿਖਾਈ? (ਅ) ਦਾਨੀਏਲ ਨੂੰ “ਵੱਡਾ ਪਿਆਰਾ” ਕਿਉਂ ਸੱਦਿਆ ਗਿਆ?

11 ਜਬਰਾਈਲ “ਤ੍ਰਿਕਾਲਾਂ ਦੀ ਭੇਟ ਝੜਾਉਣ ਦੇ ਵੇਲੇ” ਆਉਂਦਾ ਹੈ। ਯਰੂਸ਼ਲਮ ਵਿਚ ਹੈਕਲ ਦੇ ਨਾਲ ਹੀ ਯਹੋਵਾਹ ਦੀ ਜਗਵੇਦੀ ਵੀ ਨਾਸ਼ ਹੋ ਚੁੱਕੀ ਸੀ, ਅਤੇ ਯਹੂਦੀ ਲੋਕ ਬਾਬਲੀ ਮੂਰਤੀ-ਪੂਜਕਾਂ ਦੇ ਕੈਦੀ ਬਣ ਗਏ ਸਨ। ਇਸ ਲਈ ਬਾਬਲ ਵਿਚ ਰਹਿੰਦੇ ਯਹੂਦੀ, ਪਰਮੇਸ਼ੁਰ ਨੂੰ ਚੜ੍ਹਾਵਿਆਂ ਦੀ ਭੇਟ ਨਹੀਂ ਦੇ ਰਹੇ ਸਨ। ਪਰ ਮੂਸਾ ਦੀ ਬਿਵਸਥਾ ਦੇ ਅਨੁਸਾਰ ਚੜ੍ਹਾਵੇ ਚੜ੍ਹਾਉਣ ਦੇ ਸਮਿਆਂ ਤੇ, ਬਾਬਲ ਵਿਚ ਰਹਿੰਦੇ ਧਰਮੀ ਯਹੂਦੀਆਂ ਲਈ ਯਹੋਵਾਹ ਦੀ ਉਸਤਤ ਕਰਨੀ ਅਤੇ ਉਸ ਦੇ ਅੱਗੇ ਬੇਨਤੀਆਂ ਕਰਨੀਆਂ ਉਚਿਤ ਸਨ। ਕਿਉਂਕਿ ਦਾਨੀਏਲ ਸੱਚੇ ਦਿਲੋਂ ਪਰਮੇਸ਼ੁਰ ਦੀ ਭਗਤੀ ਕਰਦਾ ਸੀ ਉਸ ਨੂੰ “ਵੱਡਾ ਪਿਆਰਾ” ਸੱਦਿਆ ਗਿਆ। ਯਹੋਵਾਹ, ‘ਪ੍ਰਾਰਥਨਾ ਦਾ ਸੁਣਨ ਵਾਲਾ,’ ਉਸ ਤੋਂ ਬਹੁਤ ਪ੍ਰਸੰਨ ਸੀ, ਅਤੇ ਉਸ ਨੇ ਦਾਨੀਏਲ ਦੀ ਨਿਹਚਾ-ਭਰੀ ਪ੍ਰਾਰਥਨਾ ਦਾ ਜਵਾਬ ਦੇਣ ਲਈ ਜਬਰਾਈਲ ਦੂਤ ਨੂੰ ਛੇਤੀ ਨਾਲ ਭੇਜਿਆ।—ਜ਼ਬੂਰ 65:2.

12 ਜਦੋਂ ਯਹੋਵਾਹ ਅੱਗੇ ਪ੍ਰਾਰਥਨਾ ਕਰਦਿਆਂ ਦਾਨੀਏਲ ਦੀ ਜਾਨ ਖ਼ਤਰੇ ਵਿਚ ਪੈ ਗਈ ਸੀ, ਉਦੋਂ ਵੀ ਉਹ ਪਰਮੇਸ਼ੁਰ ਦੇ ਸਾਮ੍ਹਣੇ ਦਿਨ ਵਿਚ ਤਿੰਨ ਵਾਰ ਪ੍ਰਾਰਥਨਾ ਕਰਦਾ ਰਿਹਾ। (ਦਾਨੀਏਲ 6:10, 11) ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਯਹੋਵਾਹ ਨੂੰ ਇੰਨਾ ਪਿਆਰਾ ਸੀ! ਪ੍ਰਾਰਥਨਾ ਤੋਂ ਇਲਾਵਾ, ਦਾਨੀਏਲ ਪਰਮੇਸ਼ੁਰ ਦੇ ਬਚਨ ਉੱਤੇ ਡੂੰਘਾ ਵਿਚਾਰ ਕਰਦਾ ਹੁੰਦਾ ਸੀ ਅਤੇ ਇਸ ਤਰ੍ਹਾਂ ਉਹ ਯਹੋਵਾਹ ਦੀ ਇੱਛਾ ਜਾਣ ਸਕਿਆ। ਦਾਨੀਏਲ ਪ੍ਰਾਰਥਨਾ ਵਿਚ ਲੱਗਾ ਰਿਹਾ ਅਤੇ ਉਹ ਜਾਣਦਾ ਸੀ ਕਿ ਇਨ੍ਹਾਂ ਦਾ ਜਵਾਬ ਹਾਸਲ ਕਰਨ ਲਈ ਸਹੀ ਢੰਗ ਨਾਲ ਯਹੋਵਾਹ ਸਾਮ੍ਹਣੇ ਕਿਵੇਂ ਪੇਸ਼ ਹੋਣਾ ਚਾਹੀਦਾ ਹੈ। ਉਸ ਨੇ ਪਰਮੇਸ਼ੁਰ ਦੀ ਧਾਰਮਿਕਤਾ ਵੱਲ ਧਿਆਨ ਖਿੱਚਿਆ। (ਦਾਨੀਏਲ 9:7, 14, 16) ਭਾਵੇਂ ਕਿ ਉਸ ਦੇ ਦੁਸ਼ਮਣ ਉਸ ਵਿਚ ਕੋਈ ਖੋਟ ਨਹੀਂ ਸੀ ਲੱਭ ਸਕੇ, ਦਾਨੀਏਲ ਜਾਣਦਾ ਸੀ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਇਕ ਪਾਪੀ ਸੀ ਅਤੇ ਉਸ ਨੇ ਸਾਫ਼-ਸਾਫ਼ ਆਪਣਾ ਪਾਪ ਕਬੂਲ ਕੀਤਾ।—ਦਾਨੀਏਲ 6:4; ਰੋਮੀਆਂ 3:23.

ਪਾਪ ਮੁਕਾਉਣ ਲਈ “ਸੱਤਰ ਸਾਤੇ”

13, 14. (ੳ) ਜਬਰਾਈਲ ਨੇ ਦਾਨੀਏਲ ਨੂੰ ਕਿਹੜੀ ਮਹੱਤਵਪੂਰਣ ਜਾਣਕਾਰੀ ਦਿੱਤੀ ਸੀ? (ਅ) “ਸੱਤਰ ਸਾਤੇ” ਕਿੰਨੇ ਲੰਬੇ ਹਨ, ਅਤੇ ਅਸੀਂ ਇਹ ਕਿਸ ਤਰ੍ਹਾਂ ਜਾਣਦੇ ਹਾਂ?

13 ਹਮੇਸ਼ਾ ਪ੍ਰਾਰਥਨਾ ਕਰਨ ਵਾਲੇ ਦਾਨੀਏਲ ਨੂੰ ਕਿੰਨਾ ਵਧੀਆ ਜਵਾਬ ਮਿਲਦਾ ਹੈ! ਯਹੋਵਾਹ ਸਿਰਫ਼ ਉਸ ਨੂੰ ਇਸ ਗੱਲ ਦਾ ਹੀ ਭਰੋਸਾ ਨਹੀਂ ਦਿੰਦਾ ਕਿ ਯਹੂਦੀ ਲੋਕ ਆਪਣੇ ਜੱਦੀ ਦੇਸ਼ ਨੂੰ ਵਾਪਸ ਜਾ ਸਕਣਗੇ, ਬਲਕਿ ਇਸ ਤੋਂ ਵੀ ਇਕ ਮਹੱਤਵਪੂਰਣ ਗੱਲ ਦੀ ਸਮਝ ਦਿੰਦਾ ਹੈ, ਕਿ ਪੂਰਵ-ਸੂਚਿਤ ਕੀਤਾ ਗਿਆ ਮਸੀਹਾ ਕਦੋਂ ਪ੍ਰਗਟ ਹੋਵੇਗਾ। (ਉਤਪਤ 22:17, 18; ਯਸਾਯਾਹ 9:6, 7) ਜਬਰਾਈਲ ਦੂਤ ਦਾਨੀਏਲ ਨੂੰ ਦੱਸਦਾ ਹੈ ਕਿ “ਸੱਤਰ ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤ੍ਰ ਸ਼ਹਿਰ ਲਈ ਠਹਿਰਾਏ ਗਏ ਹਨ ਭਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਿਆਈ ਦਾ ਪਰਾਸਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦਰਿਸ਼ਟ ਅਰ ਅਗੰਮ ਵਾਕ ਉੱਤੇ ਮੋਹਰ ਲਾਵੇ ਅਤੇ ਅੱਤ ਪਵਿੱਤ੍ਰ ਨੂੰ ਮਸਹ ਕਰੇ। ਸੋ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿੱਕਲੇਗੀ ਮਸੀਹ [ਜਾਂ, ਮਸੀਹਾ] ਰਾਜ ਪੁੱਤ੍ਰ ਤੀਕਰ ਸੱਤ ਸਾਤੇ ਹੋਣਗੇ ਅਤੇ ਬਾਹਠ ਸਾਤੇ ਉਹ ਬਜ਼ਾਰ ਧੂੜਕੋਟ ਸਣੇ ਬਣਾਇਆ ਜਾਵੇਗਾ ਪਰ ਔਖਿਆਈ ਦੇ ਦਿਨਾਂ ਵਿੱਚ।”—ਦਾਨੀਏਲ 9:24, 25.

14 ਇਹ ਵਾਕਈ ਹੀ ਇਕ ਖ਼ੁਸ਼ ਖ਼ਬਰੀ ਸੀ! ਨਾ ਸਿਰਫ਼ ਯਰੂਸ਼ਲਮ ਨੂੰ ਮੁੜ ਕੇ ਉਸਾਰਿਆ ਜਾਵੇਗਾ ਅਤੇ ਇਕ ਨਵੀਂ ਹੈਕਲ ਵਿਚ ਉਪਾਸਨਾ ਮੁੜ ਕੇ ਸਥਾਪਿਤ ਕੀਤੀ ਜਾਵੇਗੀ, ਸਗੋਂ “ਮਸੀਹ ਰਾਜ ਪੁੱਤ੍ਰ” ਵੀ ਇਕ ਖ਼ਾਸ ਸਮੇਂ ਤੇ ਪ੍ਰਗਟ ਹੋਵੇਗਾ। ਇਹ ‘ਸੱਤਰ ਸਾਤਿਆਂ’ ਦੇ ਅੰਦਰ-ਅੰਦਰ ਹੋਵੇਗਾ। ਇਹ ਦੇਖਦੇ ਹੋਏ ਕਿ ਜਬਰਾਈਲ ਦਿਨਾਂ ਦਾ ਜ਼ਿਕਰ ਨਹੀਂ ਕਰਦਾ ਹੈ, ਇਹ ਸੱਤ-ਸੱਤ ਦਿਨਾਂ ਵਾਲੇ ਹਫ਼ਤੇ ਨਹੀਂ ਹਨ, ਜੋ ਕਿ 490 ਦਿਨ, ਜਾਂ ਸਿਰਫ਼ ਇਕ ਸਾਲ ਅਤੇ ਚਾਰ ਕੁ ਮਹੀਨੇ ਹੀ ਬਣਦੇ ਹਨ। “ਬਜ਼ਾਰ ਧੂੜਕੋਟ ਸਣੇ” ਯਰੂਸ਼ਲਮ ਦੀ ਪਹਿਲਾਂ ਦੱਸੀ ਗਈ ਦੂਜੀ ਉਸਾਰੀ ਲਈ ਇਸ ਤੋਂ ਜ਼ਿਆਦਾ ਸਮਾਂ ਲੱਗਾ। ਉਹ ਸਾਤੇ, ਵਰ੍ਹਿਆਂ ਵਾਲੇ ਸਾਤੇ ਹਨ। ਬਾਈਬਲ ਦੇ ਅਨੇਕ ਆਧੁਨਿਕ ਤਰਜਮੇ ਹਰ ਸਾਤੇ ਨੂੰ ਸੱਤ ਵਰ੍ਹੇ ਜਿੰਨਾ ਲੰਬਾ ਦੱਸਦੇ ਹਨ। ਮਿਸਾਲ ਲਈ, ਯਹੂਦੀ ਪ੍ਰਕਾਸ਼ਨ ਸੋਸਾਇਟੀ ਦੁਆਰਾ ਛਾਪੀ ਗਈ ਟਾਨਾਕ—ਪਵਿੱਤਰ ਸ਼ਾਸਤਰ ਵਿਚ ਦਾਨੀਏਲ 9:24 ਦੇ ਫੁਟਨੋਟ ਵਿਚ “ਸਾਲਾਂ ਵਾਲੇ ਸੱਤਰ ਹਫ਼ਤੇ” ਕਿਹਾ ਗਿਆ ਹੈ। ਐਨ ਅਮੈਰੀਕਨ ਟ੍ਰਾਂਸਲੇਸ਼ਨ ਵਿਚ ਲਿਖਿਆ ਹੈ: “ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ ਲਈ ਸਾਲਾਂ ਵਾਲੇ ਸੱਤਰ ਹਫ਼ਤੇ ਨਿਯਤ ਕੀਤੇ ਗਏ ਹਨ।” ਮੌਫ਼ਟ ਅਤੇ ਰੌਦਰਹੈਮ ਨੇ ਵੀ ਇਵੇਂ ਹੀ ਤਰਜਮਾ ਕੀਤਾ ਹੈ।

15. “ਸੱਤਰ ਸਾਤੇ” ਕਿਹੜੇ ਤਿੰਨਾਂ ਹਿੱਸਿਆਂ ਵਿਚ ਵੰਡੇ ਜਾਂਦੇ ਹਨ, ਅਤੇ ਉਹ ਕਦੋਂ ਸ਼ੁਰੂ ਹੁੰਦੇ ਹਨ?

15 ਦੂਤ ਦੇ ਸ਼ਬਦਾਂ ਅਨੁਸਾਰ ਇਹ “ਸੱਤਰ ਸਾਤੇ” ਤਿੰਨਾਂ ਹਿੱਸਿਆਂ ਵਿਚ ਵੰਡੇ ਜਾਣਗੇ: (1) “ਸੱਤ ਸਾਤੇ,” (2) “ਬਾਹਠ ਸਾਤੇ,” ਅਤੇ (3) ‘ਇੱਕ ਸਾਤਾ।’ ਇਸ ਦਾ ਮਤਲਬ ਇਹ 49 ਵਰ੍ਹੇ, 434 ਵਰ੍ਹੇ, ਅਤੇ 7 ਵਰ੍ਹੇ ਹੋਣਗੇ ਜਿਨ੍ਹਾਂ ਦੀ ਕੁਲ ਗਿਣਤੀ 490 ਵਰ੍ਹੇ ਬਣਦੀ ਹੈ। ਦਿਲਚਸਪੀ ਦੀ ਗੱਲ ਹੈ ਕਿ ਦ ਰਿਵਾਈਜ਼ਡ ਇੰਗਲਿਸ਼ ਬਾਈਬਲ ਕਹਿੰਦੀ ਹੈ ਕਿ “ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ ਲਈ ਸੱਤਰ ਗੁਣਾ ਸੱਤ ਸਾਲ ਠਹਿਰਾਏ ਹੋਏ ਹਨ।” ਬਾਬਲ ਵਿਚ ਯਹੂਦੀਆਂ ਦੀ 70 ਸਾਲਾਂ ਦੀ ਜਲਾਵਤਨੀ ਅਤੇ ਕਸ਼ਟਾਂ ਤੋਂ ਬਾਅਦ, ਉਹ 70 ਗੁਣਾ 7, ਜਾਂ 490 ਵਰ੍ਹਿਆਂ ਲਈ ਪਰਮੇਸ਼ੁਰ ਤੋਂ ਖ਼ਾਸ ਕਿਰਪਾ ਹਾਸਲ ਕਰਨਗੇ। ਇਹ ਵਰ੍ਹੇ ‘ਯਰੂਸ਼ਲਮ ਨੂੰ ਦੂਜੀ ਵਾਰ ਉਸਾਰਨ ਦੀ ਆਗਿਆ ਨਿੱਕਲਣ’ ਤੋਂ ਸ਼ੁਰੂ ਹੋਣਗੇ। ਇਹ ਆਗਿਆ ਕਦੋਂ ਨਿਕਲੇਗੀ?

“ਸੱਤਰ ਸਾਤੇ” ਸ਼ੁਰੂ ਹੁੰਦੇ ਹਨ

16. ਜਿਵੇਂ ਖੋਰਸ ਦੇ ਫ਼ਰਮਾਨ ਤੋਂ ਪਤਾ ਲੱਗਦਾ ਹੈ, ਉਸ ਨੇ ਯਹੂਦੀਆਂ ਨੂੰ ਉਨ੍ਹਾਂ ਦੇ ਜੱਦੀ ਦੇਸ਼ ਨੂੰ ਵਾਪਸ ਕਿਉਂ ਜਾਣ ਦਿੱਤਾ?

16 ‘ਸੱਤਰ ਸਾਤਿਆਂ’ ਦੇ ਸ਼ੁਰੂ ਹੋਣ ਬਾਰੇ, ਸਾਨੂੰ ਤਿੰਨ ਵਿਸ਼ੇਸ਼ ਘਟਨਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਪਹਿਲੀ ਘਟਨਾ 537 ਸਾ.ਯੁ.ਪੂ. ਵਿਚ ਵਾਪਰੀ ਜਦੋਂ ਖੋਰਸ ਨੇ ਹੁਕਮ ਦਿੱਤਾ ਕਿ ਯਹੂਦੀ ਲੋਕ ਆਪਣੇ ਜੱਦੀ ਦੇਸ਼ ਨੂੰ ਵਾਪਸ ਜਾ ਸਕਦੇ ਹਨ। ਉਸ ਫ਼ਰਮਾਨ ਵਿਚ ਲਿਖਿਆ ਸੀ ਕਿ “ਫਾਰਸ ਦਾ ਪਾਤਸ਼ਾਹ [ਖੋਰਸ] ਇਉਂ ਫਰਮਾਉਂਦਾ ਹੈ ਕਿ ਅਕਾਸ਼ਾਂ ਦੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ ਸਰਬੱਤ ਰਾਜ ਮੈਨੂੰ ਦੇ ਦਿੱਤੇ ਹਨ ਅਤੇ ਉਸ ਨੇ ਆਪੇ ਮੈਨੂੰ ਹਦੈਤ ਦਿੱਤੀ ਹੈ ਕਿ ਯਰੂਸ਼ਲਮ ਵਿੱਚ ਜੋ ਯਹੂਦਾਹ ਵਿੱਚ ਹੈ ਉਹ ਦੇ ਲਈ ਇੱਕ ਭਵਨ ਬਣਾਵਾਂ। ਉਹ ਦੀ ਸਾਰੀ ਪਰਜਾ ਵਿੱਚੋਂ ਤੁਹਾਡੇ ਵਿੱਚ ਕੌਣ ਤਿਆਰ ਹੈ? ਉਹ ਦਾ ਪਰਮੇਸ਼ੁਰ ਉਹ ਦੇ ਅੰਗ ਸੰਗ ਹੋਵੇ! ਉਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਭਵਨ ਬਣਾਵੇ ਜੋ ਯਰੂਸ਼ਲਮ ਵਿੱਚ ਹੈ। ਓਹੋ ਪਰਮੇਸ਼ੁਰ ਹੈ। ਅਤੇ ਜੋ ਕੋਈ ਕਿਤੇ ਰਹਿ ਗਿਆ ਹੋਵੇ ਜਿੱਥੇ ਉਹ ਦੀ ਵੱਸੋਂ ਹੋਵੇ ਤਾਂ ਉਸ ਥਾਂ ਦੇ ਲੋਕ ਚਾਂਦੀ ਸੋਨੇ ਤੇ ਮਾਲ ਤੇ ਪਸੂ ਦੇ ਕੇ ਉਹ ਦੀ ਸਹਾਇਤਾ ਕਰਨ ਤੇ ਨਾਲੇ ਓਹ ਪਰਮੇਸ਼ੁਰ ਦੇ ਭਵਨ ਲਈ ਜੋ ਯਰੂਸ਼ਲਮ ਵਿੱਚ ਹੈ ਆਪਣੀ ਖੁਸ਼ੀ ਦੀ ਭੇਟ ਨਾਲ ਦੇਣ।” (ਅਜ਼ਰਾ 1:2-4) ਇਸ ਫ਼ਰਮਾਨ ਦਾ ਖ਼ਾਸ ਮਕਸਦ ਇਹ ਸੀ ਕਿ “ਯਹੋਵਾਹ ਦਾ ਭਵਨ” ਉਸ ਦੀ ਪਹਿਲੀ ਜਗ੍ਹਾ ਤੇ ਮੁੜ ਕੇ ਬਣਾਇਆ ਜਾਵੇ।

17. ਅਜ਼ਰਾ ਨੂੰ ਦਿੱਤੀ ਗਈ ਚਿੱਠੀ ਦੇ ਅਨੁਸਾਰ ਉਹ ਯਰੂਸ਼ਲਮ ਨੂੰ ਕਿਉਂ ਜਾ ਰਿਹਾ ਸੀ?

17 ਦੂਜੀ ਘਟਨਾ ਫ਼ਾਰਸੀ ਪਾਤਸ਼ਾਹ ਅਰਤਹਸ਼ਸ਼ਤਾ (ਜ਼ਕਰਸੀਜ਼ ਪਹਿਲੇ ਦਾ ਪੁੱਤਰ, ਅਰਤਹਸ਼ਸ਼ਤਾ ਲੌਂਗੀਮੇਨਸ) ਦੇ ਰਾਜ ਦੇ ਸੱਤਵੇਂ ਵਰ੍ਹੇ ਵਿਚ ਹੋਈ ਸੀ। ਉਸ ਸਮੇਂ ਅਜ਼ਰਾ ਗ੍ਰੰਥੀ ਬਾਬਲ ਤੋਂ ਯਰੂਸ਼ਲਮ ਗਿਆ ਜਿਸ ਲਈ ਚਾਰ ਮਹੀਨੇ ਲੱਗੇ। ਉਸ ਕੋਲ ਰਾਜੇ ਵੱਲੋਂ ਇਕ ਖ਼ਾਸ ਚਿੱਠੀ ਸੀ, ਪਰ ਇਸ ਚਿੱਠੀ ਵਿਚ ਯਰੂਸ਼ਲਮ ਨੂੰ ਮੁੜ ਕੇ ਉਸਾਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਇਸ ਦੀ ਬਜਾਇ, ਅਜ਼ਰਾ ਨੂੰ ਸਿਰਫ਼ ‘ਯਹੋਵਾਹ ਦੇ ਭਵਨ ਨੂੰ ਸੰਵਾਰਨ’ ਦਾ ਕੰਮ ਸੌਂਪਿਆ ਗਿਆ ਸੀ। ਇਸ ਕਰਕੇ ਇਹ ਚਿੱਠੀ ਸੋਨਾ-ਚਾਂਦੀ, ਪਵਿੱਤਰ ਭਾਂਡਿਆਂ, ਕਣਕ, ਲੂਣ, ਤੇਲ ਅਤੇ ਮੈ ਵਰਗੀਆਂ ਅਨੇਕ ਵਸਤੂਆਂ ਦਾ ਜ਼ਿਕਰ ਕਰਦੀ ਹੈ ਜੋ ਹੈਕਲ ਵਿਚ ਉਪਾਸਨਾ ਲਈ ਵਰਤੀਆਂ ਜਾਂਦੀਆਂ ਸਨ। ਇਸ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਉੱਥੇ ਸੇਵਾ ਕਰਨ ਵਾਲਿਆਂ ਨੂੰ ਟੈਕਸ ਨਹੀਂ ਸੀ ਦੇਣਾ ਪੈਣਾ।—ਅਜ਼ਰਾ 7:6-27.

18. ਨਹਮਯਾਹ ਕਿਹੜੀ ਖ਼ਬਰ ਸੁਣ ਕੇ ਚਿੰਤਾ ਕਰਦਾ ਸੀ, ਅਤੇ ਪਾਤਸ਼ਾਹ ਅਰਤਹਸ਼ਸ਼ਤਾ ਨੂੰ ਇਸ ਬਾਰੇ ਕਿਵੇਂ ਪਤਾ ਚੱਲਿਆ?

18 ਤੀਜੀ ਘਟਨਾ 13 ਸਾਲ ਬਾਅਦ, ਫ਼ਾਰਸੀ ਪਾਤਸ਼ਾਹ ਅਰਤਹਸ਼ਸ਼ਤਾ ਦੇ 20ਵੇਂ ਵਰ੍ਹੇ ਵਿਚ ਵਾਪਰੀ। ਉਦੋਂ ਨਹਮਯਾਹ “ਸ਼ੂਸ਼ਨ ਦੇ ਮਹਿਲ” ਵਿਚ ਰਾਜੇ ਦੇ ਸਾਕੀ ਵਜੋਂ ਕੰਮ ਕਰਦਾ ਸੀ। ਬਾਬਲ ਤੋਂ ਵਾਪਸ ਆਏ ਲੋਕਾਂ ਨੇ ਯਰੂਸ਼ਲਮ ਨੂੰ ਕੁਝ ਹੱਦ ਤਕ ਮੁੜ ਕੇ ਉਸਾਰਿਆ ਸੀ। ਪਰ ਯਰੂਸ਼ਲਮ ਦੀ ਹਾਲਤ ਅਜੇ ਮੰਦੀ ਸੀ। ਨਹਮਯਾਹ ਨੂੰ ਪਤਾ ਚਲਿਆ ਕਿ ‘ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਸਨ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਸਨ।’ ਇਹ ਜਾਣ ਕੇ ਉਸ ਨੂੰ ਬਹੁਤ ਹੀ ਚਿੰਤਾ ਹੋਈ ਅਤੇ ਉਸ ਦਾ ਦਿਲ ਉਦਾਸ ਹੋ ਗਿਆ। ਜਦੋਂ ਰਾਜੇ ਨੇ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ, ਤਾਂ ਨਹਮਯਾਹ ਨੇ ਉੱਤਰ ਦਿੱਤਾ: “ਪਾਤਸ਼ਾਹ ਜੁੱਗੋ ਜੁੱਗ ਜੀਉਂਦਾ ਰਹੇ! ਮੇਰਾ ਮੂੰਹ ਕਿਉਂ ਉਦਾਸ ਨਾ ਹੋਵੇ ਜਦ ਕਿ ਉਹ ਸ਼ਹਿਰ ਜਿੱਥੇ ਮੇਰੇ ਪਿਉ ਦਾਦਿਆਂ ਦੇ ਘਰਾਣੇ ਦੀਆਂ ਕਬਰਾਂ ਹਨ ਥੇਹ ਹੋਇਆ ਪਿਆ ਹੈ ਅਤੇ ਉਸ ਦੇ ਫਾਟਕ ਅੱਗ ਨੇ ਖਾ ਲਏ ਹਨ?”—ਨਹਮਯਾਹ 1:1-3; 2:1-3.

19. (ੳ) ਜਦੋਂ ਪਾਤਸ਼ਾਹ ਅਰਤਹਸ਼ਸ਼ਤਾ ਨੇ ਸਵਾਲ ਪੁੱਛਿਆ, ਤਾਂ ਨਹਮਯਾਹ ਨੇ ਸਭ ਤੋਂ ਪਹਿਲਾਂ ਕੀ ਕੀਤਾ? (ਅ) ਨਹਮਯਾਹ ਨੇ ਕੀ ਮੰਗਿਆ, ਅਤੇ ਉਸ ਨੇ ਕਿਸ ਤਰ੍ਹਾਂ ਕਬੂਲ ਕੀਤਾ ਕਿ ਇਸ ਮਾਮਲੇ ਵਿਚ ਪਰਮੇਸ਼ੁਰ ਦਾ ਹੱਥ ਸੀ?

19 ਨਹਮਯਾਹ ਦਾ ਬਿਰਤਾਂਤ ਅੱਗੇ ਦੱਸਦਾ ਹੈ ਕਿ “ਪਾਤਸ਼ਾਹ ਨੇ ਮੈਨੂੰ ਆਖਿਆ, ਤੂੰ ਕੀ ਚਾਹੁੰਦਾ ਹੈਂ? ਤਾਂ ਮੈਂ ਅਕਾਸ਼ ਦੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ, ਤੇ ਮੈਂ ਪਾਤਸ਼ਾਹ ਨੂੰ ਆਖਿਆ, ਜੇ ਪਾਤਸ਼ਾਹ ਨੂੰ ਚੰਗਾ ਲੱਗੇ ਅਤੇ ਜੇ ਤੁਹਾਡਾ ਦਾਸ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਤੁਸੀਂ ਮੈਨੂੰ ਯਹੂਦਾਹ ਨੂੰ, ਮੇਰੇ ਪਿਉ ਦਾਦਿਆਂ ਦੀਆਂ ਕਬਰਾਂ ਦੇ ਸ਼ਹਿਰ ਨੂੰ ਘੱਲ ਦਿਓ ਕਿ ਮੈਂ [ਉਸ] ਨੂੰ ਬਣਾਵਾਂ।” ਤਾਂ ਅਰਤਹਸ਼ਸ਼ਤਾ ਨੂੰ ਇਹ ਗੱਲ ਚੰਗੀ ਲੱਗੀ ਅਤੇ ਉਸ ਨੇ ਨਹਮਯਾਹ ਦੀ ਅਗਲੀ ਮੰਗ ਵੀ ਪੂਰੀ ਕੀਤੀ: “ਜੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੈਨੂੰ [ਫਰਾਤ] ਦਰਿਆ ਪਾਰ ਦੇ ਸੂਬੇ ਦੇ ਹਾਕਮਾਂ ਲਈ ਪਰਵਾਨੇ ਦਿੱਤੇ ਜਾਣ ਭਈ ਓਹ ਮੈਨੂੰ ਉੱਥੇ ਤੀਕ ਲੰਘਾਉਣ ਕਿ ਮੈਂ ਯਹੂਦਾਹ ਵਿੱਚ ਪਹੁੰਚ ਜਾਵਾਂ। ਅਤੇ ਇੱਕ ਪਰਵਾਨਾ ਆਸਾਫ ਲਈ ਜਿਹੜਾ ਪਾਤਸ਼ਾਹੀ ਜੰਗਲ ਦਾ ਰਾਖਾ ਹੈ ਮਿਲੇ ਕਿ ਉਹ ਮੈਨੂੰ ਸ਼ਾਹੀ ਮਹਿਲ ਤੇ ਭਵਨ ਦੇ ਫਾਟਕਾਂ ਲਈ ਅਤੇ ਸ਼ਹਿਰ ਦੀ ਕੰਧ ਲਈ ਅਤੇ ਉਸ ਘਰ ਲਈ ਜਿਹਦੇ ਵਿੱਚ ਮੈਂ ਜਾਵਾਂਗਾ ਸ਼ਤੀਰਾਂ ਲਈ ਮੈਨੂੰ ਲੱਕੜ ਦੇਵੇ।” ਨਹਮਯਾਹ ਅਗਲਿਆਂ ਸ਼ਬਦਾਂ ਵਿਚ ਕਬੂਲ ਕਰਦਾ ਹੈ ਕਿ ਯਹੋਵਾਹ ਨੇ ਉਸ ਦੀ ਕਿੰਨੀ ਮਦਦ ਕੀਤੀ: ‘ਤਾਂ ਪਾਤਸ਼ਾਹ ਨੇ ਮੈਨੂੰ ਮੰਨ ਲਿਆ ਅਤੇ ਮੈਨੂੰ ਪਰਵਾਨੇ ਦੇ ਦਿੱਤੇ ਕਿਉਂਕਿ ਮੇਰੇ ਪਰਮੇਸ਼ੁਰ ਦਾ ਨੇਕ ਹੱਥ ਮੇਰੇ ਉੱਤੇ ਸੀ।’—ਨਹਮਯਾਹ 2:4-8.

20. (ੳ) “ਯਰੂਸ਼ਲਮ ਦੇ ਦੂਜੀ ਵਾਰ ਉਸਾਰਨ” ਦੀ ਆਗਿਆ ਕਦੋਂ ਨਿੱਕਲੀ? (ਅ) “ਸੱਤਰ ਸਾਤੇ” ਕਦੋਂ ਸ਼ੁਰੂ ਹੋਏ, ਅਤੇ ਕਦੋਂ ਖ਼ਤਮ ਹੋਏ? (ੲ) ਕੀ ਸਬੂਤ ਹੈ ਕਿ ‘ਸੱਤਰ ਸਾਤਿਆਂ’ ਦੇ ਸ਼ੁਰੂ ਅਤੇ ਅੰਤ ਦੀਆਂ ਤਾਰੀਖ਼ਾਂ ਸਹੀ ਹਨ?

20 ਭਾਵੇਂ ਕਿ ਅਰਤਹਸ਼ਸ਼ਤਾ ਦੇ ਰਾਜ ਦੇ 20ਵੇਂ ਵਰ੍ਹੇ ਦੇ ਆਰੰਭ ਵਿਚ ਨੀਸਾਨ ਦੇ ਮਹੀਨੇ ਵਿਚ ਇਜਾਜ਼ਤ ਦਿੱਤੀ ਗਈ ਸੀ, ‘ਯਰੂਸ਼ਲਮ ਨੂੰ ਦੂਜੀ ਵਾਰ ਉਸਾਰਨ ਦੀ ਆਗਿਆ ਨਿੱਕਲਣ’ ਦਾ ਅਸਲੀ ‘ਵੇਲਾ’ ਕਈ ਮਹੀਨਿਆਂ ਬਾਅਦ ਸ਼ੁਰੂ ਹੋਇਆ। ਇਹ ਵੇਲਾ ਨਹਮਯਾਹ ਦੇ ਯਰੂਸ਼ਲਮ ਵਿਚ ਪਹੁੰਚ ਕੇ ਆਪਣਾ ਕੰਮ ਆਰੰਭ ਕਰਨ ਨਾਲ ਸ਼ੁਰੂ ਹੋਇਆ। ਅਜ਼ਰਾ ਨੂੰ ਯਰੂਸ਼ਲਮ ਤਕ ਪਹੁੰਚਣ ਲਈ ਚਾਰ ਮਹੀਨੇ ਲੱਗੇ ਸਨ, ਪਰ ਸ਼ੂਸ਼ਨ, ਬਾਬਲ ਦੇ ਪੂਰਬ ਵੱਲ 200 ਮੀਲ ਤੋਂ ਜ਼ਿਆਦਾ ਦੂਰ ਸੀ ਅਤੇ ਇਸ ਲਈ ਇਹ ਸ਼ਹਿਰ ਯਰੂਸ਼ਲਮ ਤੋਂ ਵੀ ਜ਼ਿਆਦਾ ਦੂਰ ਸੀ। ਫਿਰ ਸੰਭਵ ਹੈ ਕਿ ਨਹਮਯਾਹ ਅਰਤਹਸ਼ਸ਼ਤਾ ਦੇ 20ਵੇਂ ਵਰ੍ਹੇ ਦੇ ਅੰਤ, ਜਾਂ 455 ਸਾ.ਯੁ.ਪੂ. ਵਿਚ ਯਰੂਸ਼ਲਮ ਪਹੁੰਚਿਆ ਹੋਵੇਗਾ। ਉਦੋਂ ਉਹ “ਸੱਤਰ ਸਾਤੇ” ਜਾਂ 490 ਵਰ੍ਹੇ ਸ਼ੁਰੂ ਹੋਏ ਸਨ ਜਿਨ੍ਹਾਂ ਬਾਰੇ ਭਵਿੱਖਬਾਣੀ ਕੀਤੀ ਗਈ ਸੀ। ਇਹ ਸੱਤਰ ਸਾਤੇ 36 ਸਾ.ਯੁ. ਦੇ ਅੰਤਲੇ ਹਿੱਸੇ ਵਿਚ ਖ਼ਤਮ ਹੋਣੇ ਸਨ।—ਸਫ਼ਾ 197 ਉੱਤੇ “ਅਰਤਹਸ਼ਸ਼ਤਾ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ?” ਦੇਖੋ।

“ਮਸੀਹ ਰਾਜ ਪੁੱਤ੍ਰ” ਪ੍ਰਗਟ ਹੁੰਦਾ ਹੈ

21. (ੳ) ਪਹਿਲੇ ‘ਸੱਤ ਸਾਤਿਆਂ’ ਵਿਚ ਕਿਹੜਾ ਕੰਮ ਪੂਰਾ ਕੀਤਾ ਜਾਣਾ ਸੀ, ਅਤੇ ਕਿਹੜੀਆਂ ਹਾਲਤਾਂ ਵਿਚ? (ਅ) ਮਸੀਹਾ ਨੇ ਕਿਹੜੇ ਵਰ੍ਹੇ ਵਿਚ ਪ੍ਰਗਟ ਹੋਣਾ ਸੀ, ਅਤੇ ਲੂਕਾ ਦੀ ਇੰਜੀਲ ਅਨੁਸਾਰ ਉਸ ਸਮੇਂ ਕੀ ਹੋਇਆ?

21 ਯਰੂਸ਼ਲਮ ਨੂੰ ਅਸਲ ਵਿਚ ਮੁੜ ਕੇ ਉਸਾਰੇ ਜਾਣ ਤੋਂ ਪਹਿਲਾਂ ਕਿੰਨੇ ਵਰ੍ਹੇ ਬੀਤੇ? ਸ਼ਹਿਰ “ਔਖਿਆਈ ਦੇ ਦਿਨਾਂ ਵਿੱਚ” ਮੁੜ ਕੇ ਉਸਾਰਿਆ ਜਾਣਾ ਸੀ ਕਿਉਂ ਜੋ ਯਹੂਦੀ ਆਪਸ ਵਿਚ ਝਗੜਦੇ ਸਨ ਅਤੇ ਸਾਮਰੀ ਅਤੇ ਦੂਜੇ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਸਨ। ਤਕਰੀਬਨ 406 ਸਾ.ਯੁ.ਪੂ. ਤਕ—‘ਸੱਤ ਸਾਤਿਆਂ,’ ਜਾਂ 49 ਵਰ੍ਹਿਆਂ ਦੇ ਅੰਦਰ-ਅੰਦਰ—ਕੰਮ ਉਸ ਹੱਦ ਤਕ ਪੂਰਾ ਕੀਤਾ ਗਿਆ ਸੀ ਜਿੰਨੇ ਦੀ ਜ਼ਰੂਰਤ ਸੀ। (ਦਾਨੀਏਲ 9:25) ਇਸ ਤੋਂ ਬਾਅਦ 62 ਸਾਤਿਆਂ, ਜਾਂ 434 ਵਰ੍ਹਿਆਂ ਦਾ ਸਮਾਂ ਲੰਘੇਗਾ। ਬਹੁਤ ਸਮੇਂ ਪਹਿਲਾਂ ਵਾਅਦਾ ਕੀਤਾ ਗਿਆ ਮਸੀਹਾ ਇਸ ਵਕਤ ਤੋਂ ਬਾਅਦ ਪ੍ਰਗਟ ਹੋਵੇਗਾ। ਸਨ 455 ਸਾ.ਯੁ.ਪੂ. ਤੋਂ 483 ਵਰ੍ਹੇ (49 ਜਮ੍ਹਾ 434) ਗਿਣਦੇ ਹੋਏ ਅਸੀਂ 29 ਸਾ.ਯੁ. ਤਕ ਪਹੁੰਚਦੇ ਹਾਂ। ਉਸ ਸਮੇਂ ਕੀ ਹੋਇਆ ਸੀ? ਇੰਜੀਲ ਦਾ ਲੇਖਕ ਲੂਕਾ ਸਾਨੂੰ ਦੱਸਦਾ ਹੈ ਕਿ “[ਟਾਈਬੀਰੀਅਸ] ਕੈਸਰ ਦੇ ਰਾਜ ਦੇ ਪੰਦਰਵੇਂ ਵਰਹੇ ਜਦ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ ਸੀ ਅਤੇ ਹੇਰੋਦੇਸ ਗਲੀਲ ਦਾ ਰਾਜਾ . . . ਪਰਮੇਸ਼ੁਰ ਦਾ ਬਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤ੍ਰ ਯੂਹੰਨਾ ਨੂੰ ਪਹੁੰਚਿਆ। ਅਤੇ ਉਸ ਨੇ ਯਰਦਨ ਦੇ ਸਾਰੇ ਲਾਂਭ ਛਾਂਭ ਦੇ ਦੇਸ ਵਿੱਚ ਆਣ ਕੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮਾ ਦਾ ਪਰਚਾਰ ਕੀਤਾ।” ਉਸ ਸਮੇਂ ‘ਲੋਕ ਮਸੀਹਾ ਦੀ ਉਡੀਕ ਵਿਚ ਸਨ।’—ਲੂਕਾ 3:1-3, 15.

22. ਯਿਸੂ ਕਦੋਂ ਅਤੇ ਕਿਸ ਜ਼ਰੀਏ ਪੂਰਵ-ਸੂਚਿਤ ਕੀਤਾ ਗਿਆ ਮਸੀਹਾ ਬਣਿਆ?

22 ਯੂਹੰਨਾ ਉਹ ਵਾਅਦਾ ਕੀਤਾ ਹੋਇਆ ਮਸੀਹਾ ਨਹੀਂ ਸੀ। ਪਰ 29 ਸਾ.ਯੁ. ਦੀ ਪਤਝੜ ਵਿਚ ਜੋ ਯਿਸੂ ਨਾਸਰੀ ਦੇ ਬਪਤਿਸਮੇ ਤੇ ਵਾਪਰਿਆ ਉਸ ਬਾਰੇ ਯੂਹੰਨਾ ਨੇ ਕਿਹਾ ਕਿ “ਮੈਂ ਆਤਮਾ [ਜਾਂ, ਪਵਿੱਤਰ ਸ਼ਕਤੀ] ਨੂੰ ਕਬੂਤਰ ਦੀ ਨਿਆਈਂ ਅਕਾਸ਼ੋਂ ਉੱਤਰਦਾ ਵੇਖਿਆ ਅਤੇ ਉਹ ਉਸ ਉੱਤੇ ਠਹਿਰਿਆ। ਅਰ ਮੈਂ ਉਸ ਨੂੰ ਨਹੀਂ ਜਾਣਦਾ ਸਾਂ ਪਰ ਜਿਹ ਨੇ ਮੈਨੂੰ ਜਲ ਨਾਲ ਬਪਤਿਸਮਾ ਦੇਣ ਲਈ ਘੱਲਿਆ ਉਸੇ ਨੇ ਮੈਨੂੰ ਆਖਿਆ ਕਿ ਜਿਹ ਦੇ ਉੱਤੇ ਤੂੰ ਆਤਮਾ ਨੂੰ ਉੱਤਰਦਾ ਅਤੇ ਉਸ ਉੱਤੇ ਠਹਿਰਦਾ ਵੇਖੇਂ ਇਹ ਉਹੋ ਹੈ ਜੋ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੰਦਾ ਹੈ। ਸੋ ਮੈਂ ਵੇਖਿਆ ਅਤੇ ਸਾਖੀ ਦਿੱਤੀ ਹੈ ਜੋ ਇਹ ਪਰਮੇਸ਼ੁਰ ਦਾ ਪੁੱਤ੍ਰ ਹੈਗਾ।” (ਯੂਹੰਨਾ 1:32-34) ਯਿਸੂ ਆਪਣੇ ਬਪਤਿਸਮੇ ਤੇ ਮਸਹ ਕੀਤਾ ਹੋਇਆ—ਮਸੀਹਾ ਜਾਂ ਮਸੀਹ—ਬਣਿਆ। ਇਸ ਤੋਂ ਥੋੜ੍ਹੀ ਦੇਰ ਬਾਅਦ, ਯੂਹੰਨਾ ਦਾ ਚੇਲਾ ਅੰਦ੍ਰਿਯਾਸ ਮਸਹ ਕੀਤੇ ਹੋਏ ਮਸੀਹਾ ਨੂੰ ਮਿਲਿਆ ਅਤੇ ਉਸ ਨੇ ਫਿਰ ਸ਼ਮਊਨ ਪਤਰਸ ਨੂੰ ਦੱਸਿਆ ਕਿ ‘ਅਸਾਂ ਮਸੀਹ ਨੂੰ ਲੱਭ ਲਿਆ ਹੈ!’ (ਯੂਹੰਨਾ 1:41) ਇਸ ਤਰ੍ਹਾਂ, “ਮਸੀਹ ਰਾਜ ਪੁੱਤ੍ਰ” ਐਨ ਸਮੇਂ ਸਿਰ, 69 ਸਾਤਿਆਂ ਦੇ ਅੰਤ ਤੇ ਪ੍ਰਗਟ ਹੋਇਆ!

ਆਖ਼ਰੀ ਸਾਤੇ ਦੀਆਂ ਘਟਨਾਵਾਂ

23. “ਮਸੀਹ ਰਾਜ ਪੁੱਤ੍ਰ” ਨੂੰ ਕਿਉਂ ਮਰਨਾ ਪਿਆ, ਅਤੇ ਉਸ ਦੀ ਮੌਤ ਕਦੋਂ ਹੋਈ ਸੀ?

23 ਸੱਤਰਵੇਂ ਸਾਤੇ ਦੇ ਦੌਰਾਨ ਕੀ ਪੂਰਾ ਕੀਤਾ ਜਾਣਾ ਸੀ? ਜਬਰਾਈਲ ਨੇ ਕਿਹਾ ਕਿ “ਸੱਤਰ ਸਾਤੇ” ਇਸ ਲਈ ਠਹਿਰਾਏ ਗਏ ਸਨ “ਭਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਿਆਈ ਦਾ ਪਰਾਸਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦਰਿਸ਼ਟ ਅਰ ਅਗੰਮ ਵਾਕ ਉੱਤੇ ਮੋਹਰ ਲਾਵੇ ਅਤੇ ਅੱਤ ਪਵਿੱਤ੍ਰ ਨੂੰ ਮਸਹ ਕਰੇ।” ਇਹ ਪੂਰਾ ਹੋਣ ਲਈ “ਮਸੀਹ ਰਾਜ ਪੁੱਤ੍ਰ” ਨੂੰ ਮਰਨਾ ਪਿਆ। ਕਦੋਂ? ਜਬਰਾਈਲ ਨੇ ਕਿਹਾ ਕਿ “ਬਾਹਠਾਂ ਸਾਤਿਆਂ ਦੇ ਪਿੱਛੋਂ ਮਸੀਹ ਵੱਢਿਆ ਜਾਏਗਾ ਅਤੇ ਉਹ ਦੇ ਕੋਲ ਕੁਝ ਨਹੀਂ ਹੋਵੇਗਾ। . . . ਅਤੇ ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨੇਮ ਬੰਨ੍ਹੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਰ ਭੇਟਾਂ ਨੂੰ ਮੁਕਾ ਦੇਵੇਗਾ।” (ਦਾਨੀਏਲ 9:26ੳ, 27ੳ) ‘ਸਾਤੇ ਦਾ ਵਿਚਕਾਰ,’ ਅਰਥਾਤ ਅਖ਼ੀਰਲੇ ਵਰ੍ਹੇ ਵਾਲੇ ਸਾਤੇ ਦਾ ਅੱਧ ਬਹੁਤ ਮਹੱਤਵਪੂਰਣ ਸਮਾਂ ਸੀ।

24, 25. (ੳ) ਜਿਵੇਂ ਪਹਿਲਾਂ ਦੱਸਿਆ ਗਿਆ ਸੀ, ਮਸੀਹ ਕਦੋਂ ਮਰਿਆ, ਅਤੇ ਉਸ ਦੀ ਮੌਤ ਅਤੇ ਜੀ ਉੱਠਣ ਨੇ ਕੀ ਖ਼ਤਮ ਕੀਤਾ? (ਅ) ਯਿਸੂ ਦੀ ਮੌਤ ਨੇ ਕਿਹੜੀ ਚੀਜ਼ ਨੂੰ ਸੰਭਵ ਬਣਾਇਆ?

24 ਯਿਸੂ ਮਸੀਹ ਦੀ ਜਨਤਕ ਸੇਵਾ 29 ਸਾ.ਯੁ. ਦੇ ਅੰਤਲੇ ਹਿੱਸੇ ਵਿਚ ਸ਼ੁਰੂ ਹੋਈ ਸੀ ਅਤੇ ਸਾਢੇ ਤਿੰਨ ਸਾਲਾਂ ਲਈ ਜਾਰੀ ਰਹੀ। ਜਿਵੇਂ ਪਹਿਲਾਂ ਦੱਸਿਆ ਗਿਆ ਸੀ, 33 ਸਾ.ਯੁ. ਦੇ ਮੁਢਲੇ ਹਿੱਸੇ ਵਿਚ ਮਸੀਹ ‘ਵੱਢਿਆ ਗਿਆ’ ਸੀ ਜਦੋਂ ਉਸ ਨੇ ਤਸੀਹੇ ਦੀ ਸੂਲੀ ਉੱਤੇ ਮਰ ਕੇ ਮਨੁੱਖਜਾਤੀ ਲਈ ਇਕ ਰਿਹਾਈ-ਕੀਮਤ ਵਜੋਂ ਆਪਣੀ ਮਨੁੱਖੀ ਜਾਨ ਦਿੱਤੀ। (ਯਸਾਯਾਹ 53:8; ਮੱਤੀ 20:28) ਜਦੋਂ ਜੀ ਉੱਠੇ ਯਿਸੂ ਨੇ ਸਵਰਗ ਵਿਚ ਪਰਮੇਸ਼ੁਰ ਨੂੰ ਬਲੀਦਾਨ ਦੁਆਰਾ ਆਪਣੀ ਮਨੁੱਖੀ ਜਾਨ ਦੀ ਕੀਮਤ ਪੇਸ਼ ਕੀਤੀ, ਉਦੋਂ ਬਿਵਸਥਾ ਦੁਆਰਾ ਮੰਗੇ ਜਾਣ ਵਾਲੇ ਪਸ਼ੂਆਂ ਦੇ ਚੜ੍ਹਾਵੇ ਅਤੇ ਭੇਟਾਂ ਦੀ ਜ਼ਰੂਰਤ ਖ਼ਤਮ ਹੋ ਗਈ। ਭਾਵੇਂ ਕਿ 70 ਸਾ.ਯੁ. ਵਿਚ ਯਰੂਸ਼ਲਮ ਦੀ ਤਬਾਹੀ ਦੇ ਸਮੇਂ ਤਕ ਯਹੂਦੀ ਜਾਜਕ ਚੜ੍ਹਾਵੇ ਚੜ੍ਹਾਈ ਜਾ ਰਹੇ ਸਨ, ਪਰ ਅਜਿਹੇ ਚੜ੍ਹਾਵੇ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਸਨ। ਹੁਣ ਇਕ ਬਿਹਤਰ ਚੜ੍ਹਾਵੇ ਨੇ ਉਨ੍ਹਾਂ ਦੀ ਥਾਂ ਲੈ ਲਈ ਸੀ ਜਿਸ ਨੂੰ ਵਾਰ-ਵਾਰ ਚੜ੍ਹਾਉਣ ਦੀ ਜ਼ਰੂਰਤ ਨਹੀਂ ਸੀ। ਪੌਲੁਸ ਰਸੂਲ ਨੇ ਲਿਖਿਆ ਕਿ ‘ਮਸੀਹ ਨੇ ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜ੍ਹਾਇਆ। ਕਿਉਂ ਜੋ ਉਹ ਨੇ ਇੱਕੋ ਭੇਟ ਨਾਲ ਉਨ੍ਹਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਹੈ।’—ਇਬਰਾਨੀਆਂ 10:12, 14.

25 ਭਾਵੇਂ ਕਿ ਪਾਪ ਅਤੇ ਮੌਤ ਮਨੁੱਖਜਾਤੀ ਨੂੰ ਦੁੱਖ ਦਿੰਦੇ ਆਏ ਹਨ, ਮੌਤ ਵਿਚ ਯਿਸੂ ਦਾ ਵੱਢਿਆ ਜਾਣਾ ਅਤੇ ਸਵਰਗੀ ਜੀਵਨ ਲਈ ਜੀ ਉਠਾਇਆ ਜਾਣਾ, ਭਵਿੱਖਬਾਣੀ ਪੂਰੀ ਕਰਦਾ ਹੈ। ਇਸ ਨੇ ‘ਅਪਰਾਧ ਨੂੰ ਮੁਕਾਇਆ ਅਤੇ ਪਾਪਾਂ ਦਾ ਅੰਤ ਕੀਤਾ ਅਤੇ ਬੁਰਿਆਈ ਦਾ ਪਰਾਸਚਿਤ ਕੀਤਾ ਅਤੇ ਸਦਾ ਦਾ ਧਰਮ ਲਿਆਂਦਾ।’ ਪਰਮੇਸ਼ੁਰ ਨੇ ਉਸ ਬਿਵਸਥਾ ਨੇਮ ਨੂੰ ਹਟਾ ਦਿੱਤਾ ਸੀ ਜਿਸ ਨੇ ਯਹੂਦੀ ਲੋਕਾਂ ਨੂੰ ਪਾਪੀਆਂ ਵਜੋਂ ਨਿੰਦਿਆ ਸੀ। (ਰੋਮੀਆਂ 5:12, 19, 20; ਗਲਾਤੀਆਂ 3:13, 19; ਅਫ਼ਸੀਆਂ 2:15; ਕੁਲੁੱਸੀਆਂ 2:13, 14) ਹੁਣ ਤੋਬਾ ਕਰਨ ਵਾਲੇ ਗੁਨਾਹਗਾਰਾਂ ਦੇ ਪਾਪ ਮਿਟਾਏ ਜਾ ਸਕਦੇ ਸਨ ਅਤੇ ਉਨ੍ਹਾਂ ਦੀਆਂ ਸਜ਼ਾਵਾਂ ਹਟਾਈਆਂ ਜਾ ਸਕਦੀਆਂ ਸਨ। ਨਿਹਚਾ ਕਰਨ ਵਾਲੇ ਲੋਕਾਂ ਲਈ ਮਸੀਹਾ ਦੇ ਪ੍ਰਾਸਚਿਤ ਸੰਬੰਧੀ ਬਲੀਦਾਨ ਦੁਆਰਾ ਪਰਮੇਸ਼ੁਰ ਨਾਲ ਮੇਲ ਮਿਲਾਪ ਕਰਨਾ ਸੰਭਵ ਹੋ ਗਿਆ। ਉਹ ਹੁਣ ਪਰਮੇਸ਼ੁਰ ਦੀ ਬਖ਼ਸ਼ੀਸ਼, ਅਰਥਾਤ ‘ਮਸੀਹ ਯਿਸੂ ਦੁਆਰਾ ਸਦੀਪਕ ਜੀਵਨ’ ਹਾਸਲ ਕਰਨ ਦੀ ਉਮੀਦ ਰੱਖ ਸਕਦੇ ਸਨ।—ਰੋਮੀਆਂ 3:21-26; 6:22, 23; 1 ਯੂਹੰਨਾ 2:1, 2.

26. (ੳ) ਭਾਵੇਂ ਕਿ ਬਿਵਸਥਾ ਨੇਮ ਹਟਾ ਦਿੱਤਾ ਗਿਆ ਸੀ, ਕਿਹੜਾ ਪੱਕਾ ਨੇਮ ‘ਇੱਕ ਸਾਤੇ ਲਈ ਜਾਰੀ ਰੱਖਿਆ ਗਿਆ’ ਸੀ? (ਅ) ਸੱਤਰਵੇਂ ਸਾਤੇ ਦੇ ਅੰਤ ਵਿਚ ਕੀ ਹੋਇਆ ਸੀ?

26 ਇਵੇਂ 33 ਸਾ.ਯੁ. ਵਿਚ ਯਹੋਵਾਹ ਨੇ ਮਸੀਹ ਦੀ ਮੌਤ ਦੇ ਜ਼ਰੀਏ ਬਿਵਸਥਾ ਨੇਮ ਨੂੰ ਹਟਾ ਦਿੱਤਾ ਸੀ। ਫਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਮਸੀਹਾ ‘ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨੇਮ ਜਾਰੀ ਰੱਖੇਗਾ’? ਕਿਉਂਕਿ ਉਸ ਨੇ ਅਬਰਾਹਾਮ ਸੰਬੰਧੀ ਨੇਮ ਨੂੰ ਜਾਰੀ ਰੱਖਿਆ। ਜਦ ਤਕ 70ਵਾਂ ਸਾਤਾ ਖ਼ਤਮ ਨਹੀਂ ਹੋਇਆ, ਪਰਮੇਸ਼ੁਰ ਨੇ ਅਬਰਾਹਾਮ ਦੀ ਇਬਰਾਨੀ ਸੰਤਾਨ ਦੇ ਸਾਮ੍ਹਣੇ ਉਸ ਨੇਮ ਦੀਆਂ ਬਰਕਤਾਂ ਰੱਖੀਆਂ। ਪਰ 36 ਸਾ.ਯੁ. ਵਿਚ, ਵਰ੍ਹਿਆਂ ਵਾਲੇ ‘ਸੱਤਰ ਸਾਤਿਆਂ’ ਦੇ ਅੰਤ ਤੇ, ਪਤਰਸ ਰਸੂਲ ਨੇ ਕੁਰਨੇਲਿਯੁਸ ਨਾਂ ਦੇ ਇਕ ਇਤਾਲਵੀ ਮਨੁੱਖ ਨੂੰ, ਉਸ ਦੇ ਪਰਿਵਾਰ ਨੂੰ ਅਤੇ ਦੂਜੇ ਗ਼ੈਰ-ਯਹੂਦੀਆਂ ਨੂੰ ਪ੍ਰਚਾਰ ਕੀਤਾ। ਅਤੇ ਉਸ ਦਿਨ ਤੋਂ, ਪਰਾਈਆਂ ਕੌਮਾਂ ਵਿਚਕਾਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋਣ ਲੱਗ ਪਿਆ।—ਰਸੂਲਾਂ ਦੇ ਕਰਤੱਬ 3:25, 26; 10:1-48; ਗਲਾਤੀਆਂ 3:8, 9, 14.

27. ਕਿਹੜਾ “ਅੱਤ ਪਵਿੱਤ੍ਰ” ਸਥਾਨ ਮਸਹ ਕੀਤਾ ਗਿਆ ਸੀ, ਅਤੇ ਕਿਵੇਂ?

27 ਭਵਿੱਖਬਾਣੀ ਨੇ “ਅੱਤ ਪਵਿੱਤ੍ਰ” ਦੇ ਮਸਹ ਕੀਤੇ ਜਾਣ ਬਾਰੇ ਵੀ ਦੱਸਿਆ ਸੀ। ਇੱਥੇ ਅੱਤ ਪਵਿੱਤਰ ਸਥਾਨ, ਜਾਂ ਯਰੂਸ਼ਲਮ ਵਿਚ ਹੈਕਲ ਦੀ ਅੰਦਰਲੀ ਕੋਠੜੀ ਦੇ ਮਸਹ ਕੀਤੇ ਜਾਣ ਬਾਰੇ ਗੱਲ ਨਹੀਂ ਕੀਤੀ ਗਈ। ਇਹ ਸ਼ਬਦ “ਅੱਤ ਪਵਿੱਤ੍ਰ,” ਪਰਮੇਸ਼ੁਰ ਦੇ ਸਵਰਗੀ ਪਵਿੱਤਰ ਸਥਾਨ ਨੂੰ ਸੰਕੇਤ ਕਰਦੇ ਹਨ। ਉੱਥੇ, ਯਿਸੂ ਨੇ ਆਪਣੇ ਪਿਤਾ ਨੂੰ ਆਪਣੇ ਮਨੁੱਖੀ ਬਲੀਦਾਨ ਦੀ ਕੀਮਤ ਪੇਸ਼ ਕੀਤੀ ਸੀ। ਇਸ ਬਲੀਦਾਨ ਨੇ ਉਸ ਜ਼ਮੀਨੀ ਡੇਹਰੇ ਨੂੰ ਅਤੇ ਬਾਅਦ ਦੀ ਹੈਕਲ ਦੁਆਰਾ ਦਰਸਾਈ ਗਈ ਸਵਰਗੀ, ਰੂਹਾਨੀ ਅਸਲੀਅਤ ਨੂੰ ਮਸਹ ਕੀਤਾ ਜਾਂ ਅਲੱਗ ਠਹਿਰਾਇਆ।—ਇਬਰਾਨੀਆਂ 9:11, 12.

ਪਰਮੇਸ਼ੁਰ ਦੁਆਰਾ ਪੁਸ਼ਟੀ ਕੀਤੀ ਗਈ ਭਵਿੱਖਬਾਣੀ

28. ‘ਦਰਿਸ਼ਟ ਅਰ ਅਗੰਮ ਵਾਕ ਉੱਤੇ ਮੋਹਰ ਲਾਉਣ’ ਦਾ ਕੀ ਅਰਥ ਹੈ?

28 ਜਬਰਾਈਲ ਦੂਤ ਦੁਆਰਾ ਦਿੱਤੀ ਗਈ ਮਸੀਹਾਈ ਭਵਿੱਖਬਾਣੀ ਨੇ ‘ਦਰਿਸ਼ਟ ਅਰ ਅਗੰਮ ਵਾਕ ਉੱਤੇ ਮੋਹਰ ਲਾਉਣ’ ਬਾਰੇ ਵੀ ਜ਼ਿਕਰ ਕੀਤਾ ਸੀ। ਇਸ ਦਾ ਇਹ ਅਰਥ ਹੈ ਕਿ ਮਸੀਹਾ ਬਾਰੇ ਜੋ ਕੁਝ ਵੀ ਪਹਿਲਾਂ ਦੱਸਿਆ ਗਿਆ ਸੀ, ਜਿਵੇਂ ਕਿ ਉਸ ਦੇ ਬਲੀਦਾਨ, ਜੀ ਉੱਠਣ, ਅਤੇ ਸਵਰਗ ਵਿਚ ਪ੍ਰਗਟ ਹੋਣ ਦੁਆਰਾ ਪੂਰੀਆਂ ਹੋਣ ਵਾਲੀਆਂ ਗੱਲਾਂ, ਨਾਲੇ 70ਵੇਂ ਸਾਤੇ ਵਿਚ ਹੋਣ ਵਾਲੀਆਂ ਗੱਲਾਂ, ਇਹ ਸਾਰੀਆਂ ਪਰਮੇਸ਼ਰੀ ਮਨਜ਼ੂਰੀ ਅਨੁਸਾਰ ਹੋਣਗੀਆਂ, ਇਹ ਸੱਚ ਸਾਬਤ ਹੋਣਗੀਆਂ, ਅਤੇ ਵਿਸ਼ਵਾਸਯੋਗ ਹੋਣਗੀਆਂ। ਉਸ ਦਰਸ਼ਨ ਉੱਤੇ ਮੋਹਰ ਲੱਗੇਗੀ ਯਾਨੀ ਕਿ ਉਹ ਦਰਸ਼ਨ ਮਸੀਹਾ ਉੱਤੇ ਹੀ ਲਾਗੂ ਹੋਵੇਗਾ। ਦਰਸ਼ਨ ਦੀ ਪੂਰਤੀ ਉਸ ਦੁਆਰਾ, ਅਤੇ ਉਸ ਦੁਆਰਾ ਕੀਤੇ ਗਏ ਪਰਮੇਸ਼ੁਰ ਦੇ ਕੰਮ ਵਿਚ ਹੋਵੇਗੀ। ਸਿਰਫ਼ ਭਵਿੱਖ-ਸੂਚਕ ਮਸੀਹਾ ਦੇ ਸੰਬੰਧ ਵਿਚ ਹੀ ਅਸੀਂ ਇਸ ਦਰਸ਼ਨ ਦਾ ਸਹੀ ਅਰਥ ਲੱਭ ਸਕਦੇ ਹਾਂ। ਇਸ ਦਾ ਅਰਥ ਸਾਨੂੰ ਹੋਰ ਕਿਤਿਓਂ ਵੀ ਨਹੀਂ ਮਿਲ ਸਕਦਾ ਹੈ।

29. ਮੁੜ ਕੇ ਉਸਾਰੇ ਗਏ ਯਰੂਸ਼ਲਮ ਨੂੰ ਕੀ ਹੋਣਾ ਸੀ, ਅਤੇ ਇਸ ਦਾ ਕੀ ਕਾਰਨ ਸੀ?

29 ਜਬਰਾਈਲ ਨੇ ਪਹਿਲਾਂ ਇਹ ਭਵਿੱਖਬਾਣੀ ਕੀਤੀ ਸੀ ਕਿ ਯਰੂਸ਼ਲਮ ਮੁੜ ਕੇ ਉਸਾਰਿਆ ਜਾਵੇਗਾ। ਹੁਣ ਉਹ ਉਸ ਮੁੜ ਕੇ ਉਸਾਰੇ ਗਏ ਸ਼ਹਿਰ ਅਤੇ ਉਸ ਦੀ ਹੈਕਲ ਦੀ ਤਬਾਹੀ ਬਾਰੇ ਭਵਿੱਖਬਾਣੀ ਕਰਦਾ ਹੈ ਅਤੇ ਕਹਿੰਦਾ ਹੈ ਕਿ “ਜਿਹੜਾ ਪਾਤਸ਼ਾਹ ਆਵੇਗਾ ਉਹ ਦੇ ਲੋਕ ਸ਼ਹਿਰ ਅਰ ਪਵਿੱਤ੍ਰ ਥਾਂ ਨੂੰ ਉਜਾੜਨਗੇ ਅਤੇ ਹੜ੍ਹ ਦੇ ਜ਼ੋਰ ਨਾਲ ਉਹ ਦਾ ਛੇਕੜ ਹੋਵੇਗਾ ਅਤੇ ਅੰਤ ਤੀਕਰ ਲੜਾਈ ਰਹੇਗੀ ਅਤੇ ਠਹਿਰਾਈਆਂ ਹੋਈਆਂ ਉਜਾੜਾਂ ਹੋਣਗੀਆਂ . . . ਅਤੇ ਘਿਣਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਅਰ ਠਹਿਰਾਏ ਹੋਏ ਅੰਤ ਤੀਕਰ ਕ੍ਰੋਧ ਉੱਜੜੇ ਹੋਇਆਂ ਉੱਤੇ ਪਾਇਆ ਜਾਏਗਾ।” (ਦਾਨੀਏਲ 9:26ਅ, 27ਅ) ਭਾਵੇਂ ਕਿ ਸ਼ਹਿਰ ਅਤੇ ਹੈਕਲ ਨੂੰ ‘ਸੱਤਰ ਸਾਤਿਆਂ’ ਤੋਂ ਬਾਅਦ ਉਜਾੜਿਆ ਜਾਵੇਗਾ, ਇਹ ਅਖ਼ੀਰਲੇ “ਸਾਤੇ” ਦੌਰਾਨ ਹੋ ਰਹੀਆਂ ਗੱਲਾਂ ਦਾ ਸਿੱਧਾ ਨਤੀਜਾ ਹੋਵੇਗਾ ਜਦੋਂ ਯਹੂਦੀ ਲੋਕਾਂ ਨੇ ਮਸੀਹ ਨੂੰ ਰੱਦ ਕਰ ਕੇ ਉਸ ਨੂੰ ਮਰਵਾ ਦਿੱਤਾ ਸੀ।—ਮੱਤੀ 23:37, 38.

30. ਇਤਿਹਾਸਕ ਰਿਕਾਰਡ ਅਨੁਸਾਰ, ਆਪਣੇ ਠਹਿਰਾਏ ਹੋਏ ਸਮਿਆਂ ਤੇ ਪੱਕੇ ਰਹਿਣ ਵਾਲੇ ਦਾ ਹੁਕਮ ਕਿਵੇਂ ਪੂਰਾ ਹੋਇਆ?

30 ਇਤਿਹਾਸਕ ਰਿਕਾਰਡ ਦਿਖਾਉਂਦੇ ਹਨ ਕਿ 66 ਸਾ.ਯੁ. ਵਿਚ ਸੀਰੀਆ ਦੇ ਗਵਰਨਰ ਸੈਸਟੀਅਸ ਗੈਲਸ ਦੇ ਅਧੀਨ ਰੋਮੀ ਫ਼ੌਜਾਂ ਨੇ ਯਰੂਸ਼ਲਮ ਨੂੰ ਘੇਰਾ ਪਾ ਲਿਆ। ਯਹੂਦੀਆਂ ਦੀ ਵਿਰੋਧਤਾ ਦੇ ਬਾਵਜੂਦ, ਇਹ ਫ਼ੌਜਾਂ ਆਪਣੇ ਮੂਰਤੀ ਸਮਾਨ ਝੰਡਿਆਂ ਨੂੰ ਲਹਿਰਾਉਂਦੀਆਂ ਹੋਈਆਂ ਸ਼ਹਿਰ ਵਿਚ ਘੁਸ ਗਈਆਂ ਅਤੇ ਉੱਤਰ ਵੱਲ ਹੈਕਲ ਦੀ ਕੰਧ ਦੇ ਹੇਠਾਂ ਸੁਰੰਗ ਪੁੱਟਣ ਲੱਗ ਪਈਆਂ। ਹੈਕਲ ਅੰਦਰ ਖੜ੍ਹੀਆਂ ਹੋਣ ਕਰਕੇ ਇਹ ਫ਼ੌਜਾਂ ਉਹ “ਘਿਣਾਉਣੀ ਚੀਜ਼” ਸਾਬਤ ਹੋਈਆਂ ਜੋ ਪੂਰੀ ਤਬਾਹੀ ਲਿਆ ਸਕਦੀਆਂ ਸਨ। (ਮੱਤੀ 24:15, 16) ਸਨ 70 ਸਾ.ਯੁ. ਵਿਚ ਜਨਰਲ ਟਾਈਟਸ ਦੇ ਅਧੀਨ ਰੋਮੀ ਇਕ “ਹੜ੍ਹ” ਦੇ ਜ਼ੋਰ ਵਾਂਗ ਆਏ ਅਤੇ ਉਨ੍ਹਾਂ ਨੇ ਸ਼ਹਿਰ ਅਤੇ ਉਸ ਦੀ ਹੈਕਲ ਨੂੰ ਉਜਾੜ ਦਿੱਤਾ। ਉਨ੍ਹਾਂ ਦੇ ਰਾਹ ਵਿਚ ਕੋਈ ਚੀਜ਼ ਨਹੀਂ ਆਈ ਕਿਉਂਕਿ ਇਹ ਪਰਮੇਸ਼ੁਰ ਦੁਆਰਾ ‘ਠਹਿਰਾਇਆ ਹੋਇਆ’ ਸੀ, ਉਹ ਇਸ ਦਾ ਹੁਕਮ ਦੇ ਚੁੱਕਾ ਸੀ। ਆਪਣੇ ਠਹਿਰਾਏ ਹੋਏ ਸਮਿਆਂ ਤੇ ਪੱਕੇ ਰਹਿਣ ਵਾਲੇ ਯਹੋਵਾਹ ਨੇ ਇਕ ਵਾਰ ਫਿਰ ਆਪਣਾ ਵਾਅਦਾ ਨਿਭਾਇਆ ਸੀ!

ਅਸੀਂ ਕੀ ਸਿੱਖਿਆ?

• ਜਦੋਂ ਯਰੂਸ਼ਲਮ ਦਾ 70 ਸਾਲਾਂ ਦਾ ਉਜਾੜਾ ਖ਼ਤਮ ਹੋਣ ਵਾਲਾ ਸੀ, ਦਾਨੀਏਲ ਨੇ ਯਹੋਵਾਹ ਅੱਗੇ ਕਿਹੜੀਆਂ ਬੇਨਤੀਆਂ ਕੀਤੀਆਂ?

• “ਸੱਤਰ ਸਾਤੇ” ਕਿੰਨੇ ਲੰਬੇ ਸਨ ਅਤੇ ਉਹ ਕਦੋਂ ਸ਼ੁਰੂ ਹੋਏ ਅਤੇ ਕਦੋਂ ਖ਼ਤਮ ਹੋਏ?

• “ਮਸੀਹ ਰਾਜ ਪੁੱਤ੍ਰ” ਕਦੋਂ ਪ੍ਰਗਟ ਹੋਇਆ, ਅਤੇ ਉਸ ਨੂੰ ਕਿਸ ਮਹੱਤਵਪੂਰਣ ਸਮੇਂ ਤੇ ‘ਵੱਢਿਆ ਗਿਆ’ ਸੀ?

• ਕਿਹੜਾ ਪੱਕਾ ਨੇਮ ‘ਇੱਕ ਸਾਤੇ ਲਈ ਜਾਰੀ ਰੱਖਿਆ ਗਿਆ’ ਸੀ?

• ‘ਸੱਤਰ ਸਾਤਿਆਂ’ ਤੋਂ ਬਾਅਦ ਕੀ ਹੋਇਆ?

[ਸਵਾਲ]

[ਸਫ਼ਾ 197 ਉੱਤੇ ਡੱਬੀ/ਤਸਵੀਰ]

ਅਰਤਹਸ਼ਸ਼ਤਾ ਦਾ ਰਾਜ ਕਦੋਂ ਸ਼ੁਰੂ ਹੋਇਆ ਸੀ?

ਇਤਿਹਾਸਕਾਰ ਇਸ ਬਾਰੇ ਸਹਿਮਤ ਨਹੀਂ ਹਨ ਕਿ ਫ਼ਾਰਸੀ ਰਾਜਾ ਅਰਤਹਸ਼ਸ਼ਤਾ (ਆਟਾਜ਼ਰਕਸੀਜ਼) ਦਾ ਰਾਜ ਕਦੋਂ ਸ਼ੁਰੂ ਹੋਇਆ ਸੀ। ਕਈਆਂ ਨੇ ਕਿਹਾ ਹੈ ਕਿ ਉਹ 465 ਸਾ.ਯੁ.ਪੂ. ਵਿਚ ਰਾਜ-ਗੱਦੀ ਤੇ ਬੈਠਾ ਕਿਉਂਕਿ ਉਸ ਦਾ ਪਿਤਾ ਜ਼ਰਕਸੀਜ਼, 486 ਸਾ.ਯੁ.ਪੂ. ਵਿਚ ਰਾਜਾ ਬਣਿਆ ਸੀ ਅਤੇ ਉਹ ਆਪਣੇ ਰਾਜ ਦੇ 21ਵੇਂ ਸਾਲ ਵਿਚ ਮਰ ਗਿਆ ਸੀ। ਪਰ ਇਸ ਗੱਲ ਦਾ ਸਬੂਤ ਹੈ ਕਿ ਅਰਤਹਸ਼ਸ਼ਤਾ ਨੇ 475 ਸਾ.ਯੁ.ਪੂ. ਰਾਜ-ਗੱਦੀ ਸੰਭਾਲੀ ਅਤੇ ਉਸ ਦੇ ਰਾਜ ਦਾ ਪਹਿਲਾ ਸਾਲ 474 ਸਾ.ਯੁ.ਪੂ. ਵਿਚ ਸ਼ੁਰੂ ਹੋਇਆ ਸੀ।

ਪ੍ਰਾਚੀਨ ਫ਼ਾਰਸੀ ਰਾਜਧਾਨੀ ਪਰਸੇਪੋਲਿਸ ਵਿੱਚੋਂ ਮਿਲੇ ਸ਼ਿਲਾ-ਲੇਖ ਅਤੇ ਬੁੱਤ ਇਹ ਸੰਕੇਤ ਕਰਦੇ ਹਨ ਕਿ ਜ਼ਰਕਸੀਜ਼ ਅਤੇ ਉਸ ਦਾ ਪਿਤਾ ਦਾਰਾ ਪਹਿਲਾ ਇਕੱਠੇ ਰਾਜ ਕਰਦੇ ਹੁੰਦੇ ਸਨ। ਜੇਕਰ ਇਹ ਇਕੱਠੀ ਹਕੂਮਤ 10 ਸਾਲਾਂ ਲਈ ਜਾਰੀ ਰਹੀ, ਅਤੇ 486 ਸਾ.ਯੁ.ਪੂ ਵਿਚ ਦਾਰਾ ਦੀ ਮੌਤ ਤੋਂ ਬਾਅਦ ਜ਼ਰਕਸੀਜ਼ ਨੇ 11 ਸਾਲਾਂ ਲਈ ਇਕੱਲੇ ਹੀ ਰਾਜ ਕੀਤਾ, ਤਾਂ ਇਸ ਦੇ ਅਨੁਸਾਰ ਅਰਤਹਸ਼ਸ਼ਤਾ ਦੇ ਰਾਜ ਦਾ ਪਹਿਲਾ ਸਾਲ 474 ਸਾ.ਯੁ.ਪੂ. ਹੋਣਾ ਸੀ।

ਦੂਸਰਾ ਸਬੂਤ ਹੈ ਥਮਿਸਟੋਕਲੀਜ਼ ਨਾਂ ਦਾ ਅਥੇਨੀ ਜਨਰਲ ਜਿਸ ਨੇ 480 ਸਾ.ਯੁ.ਪੂ. ਵਿਚ ਜ਼ਰਕਸੀਜ਼ ਦੀਆਂ ਫ਼ੌਜਾਂ ਨੂੰ ਹਰਾ ਦਿੱਤਾ ਸੀ। ਬਾਅਦ ਵਿਚ ਯੂਨਾਨੀ ਲੋਕ ਉਸ ਨੂੰ ਨਫ਼ਰਤ ਕਰਨ ਲੱਗ ਪਏ ਅਤੇ ਉਸ ਉੱਤੇ ਵਿਦਰੋਹ ਦਾ ਇਲਜ਼ਾਮ ਲਗਾਇਆ ਗਿਆ। ਥਮਿਸਟੋਕਲੀਜ਼ ਉੱਥੋਂ ਫਰਾਰ ਹੋ ਗਿਆ ਅਤੇ ਫ਼ਾਰਸੀ ਦਰਬਾਰ ਵਿਚ ਉਸ ਨੇ ਪਨਾਹ ਮੰਗੀ ਜਿੱਥੇ ਉਸ ਦਾ ਸੁਆਗਤ ਕੀਤਾ ਗਿਆ। ਥੂਸਿਡਿਡੀਜ਼ ਨਾਂ ਦੇ ਯੂਨਾਨੀ ਇਤਿਹਾਸਕਾਰ ਅਨੁਸਾਰ, ਇਹ ਉਦੋਂ ਹੋਇਆ ਸੀ ਜਦੋਂ ਅਰਤਹਸ਼ਸ਼ਤਾ “ਹਾਲੇ ਨਵਾਂ-ਨਵਾਂ ਹੀ ਰਾਜ ਸੱਤਾ ਵਿਚ ਆਇਆ ਸੀ।” ਡੀਓਡੋਰਸ ਸਿਕੁਲੱਸ ਨਾਂ ਦਾ ਯੂਨਾਨੀ ਇਤਿਹਾਸਕਾਰ ਕਹਿੰਦਾ ਹੈ ਕਿ ਥਮਿਸਟੋਕਲੀਜ਼ ਦੀ ਮੌਤ 471 ਸਾ.ਯੁ.ਪੂ. ਵਿਚ ਹੋਈ ਸੀ। ਰਾਜਾ ਅਰਤਹਸ਼ਸ਼ਤਾ ਦੇ ਸਾਮ੍ਹਣੇ ਪੇਸ਼ ਕੀਤੇ ਜਾਣ ਤੋਂ ਪਹਿਲਾਂ ਥਮਿਸਟੋਕਲੀਜ਼ ਨੇ ਫ਼ਾਰਸੀ ਬੋਲੀ ਸਿੱਖਣ ਲਈ ਇਕ ਸਾਲ ਦਾ ਸਮਾਂ ਮੰਗਿਆ ਸੀ; ਇਸ ਲਈ ਉਹ ਏਸ਼ੀਆ ਮਾਈਨਰ ਵਿਚ 473 ਸਾ.ਯੁ.ਪੂ. ਤੋਂ ਪਹਿਲਾਂ ਪਹੁੰਚਿਆ ਹੋਣਾ। ਜਰੋਮ ਦੁਆਰਾ ਲਿਖੇ ਗਏ ਯੂਸੀਬੀਅਸ ਦਾ ਇਤਿਹਾਸ ਇਸ ਤਾਰੀਖ਼ ਦੀ ਪੁਸ਼ਟੀ ਕਰਦਾ ਹੈ। ਕਿਉਂ ਜੋ ਅਰਤਹਸ਼ਸ਼ਤਾ “ਹਾਲੇ ਨਵਾਂ-ਨਵਾਂ ਹੀ ਰਾਜ ਸੱਤਾ ਵਿਚ ਆਇਆ ਸੀ” ਜਦੋਂ 473 ਸਾ.ਯੁ.ਪੂ ਵਿਚ ਥਮਿਸਟੋਕਲੀਜ਼ ਏਸ਼ੀਆ ਮਾਈਨਰ ਵਿਚ ਪਹੁੰਚਿਆ ਸੀ, ਜਰਮਨ ਵਿਦਵਾਨ ਅਰਨਸਟ ਹੈਂਗਸਟੈਂਬਰਗ ਨੇ ਆਪਣੀ ਪੁਸਤਕ ਪੁਰਾਣੇ ਨੇਮ ਦਾ ਈਸਾਈ ਧਰਮ-ਸ਼ਾਸਤਰ ਵਿਚ ਕਿਹਾ ਹੈ ਕਿ ਅਰਤਹਸ਼ਸ਼ਤਾ ਦਾ ਰਾਜ 474 ਸਾ.ਯੁ.ਪੂ. ਵਿਚ ਸ਼ੁਰੂ ਹੋਇਆ ਸੀ, ਜਿਸ ਤਰ੍ਹਾਂ ਹੋਰ ਪੁਸਤਕਾਂ ਵੀ ਕਹਿੰਦੀਆਂ ਹਨ। ਉਸ ਨੇ ਅੱਗੇ ਕਿਹਾ ਕਿ “ਅਰਤਹਸ਼ਸ਼ਤਾ ਦਾ ਵੀਹਵਾਂ ਵਰ੍ਹਾ 455 ਈਸਾ ਪੂਰਵ ਸੀ।”

[ਤਸਵੀਰ]

ਥਮਿਸਟੋਕਲੀਜ਼ ਦਾ ਅੱਧਾ ਬੁੱਤ

[ਸਫ਼ੇ 188, 189 ਉੱਤੇ ਡਾਇਆਗ੍ਰਾਮ/ਤਸਵੀਰਾਂ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

“ਸੱਤਰ ਸਾਤੇ”

455 ਸਾ.ਯੁ.ਪੂ. 406 ਸਾ.ਯੁ.ਪੂ. 29 ਸਾ.ਯੁ. 33 ਸਾ.ਯੁ. 36 ਸਾ.ਯੁ.

“ਯਰੂਸ਼ਲਮ ਮੁੜ ਕੇ ਮਸੀਹਾ ਮਸੀਹਾ ‘ਸੱਤਰ

ਦੇ ਦੂਜੀ ਵਾਰ ਉਸਾਰਿਆ ਯਰੂਸ਼ਲਮ ਪ੍ਰਗਟ ਹੁੰਦਾ ਹੈ ਵੱਢਿਆ ਗਿਆ ਸਾਤਿਆਂ’

ਉਸਾਰਨ ਦੀ ਆਗਿਆ” ਦਾ ਅੰਤ

7 ਸਾਤੇ 62 ਸਾਤੇ 1 ਸਾਤਾ

49 ਵਰ੍ਹੇ 434 ਵਰ੍ਹੇ 7 ਵਰ੍ਹੇ

[ਪੂਰੇ ਸਫ਼ਾ 180 ਉੱਤੇ ਤਸਵੀਰ]

[ਪੂਰੇ ਸਫ਼ਾ 193 ਉੱਤੇ ਤਸਵੀਰ]