Skip to content

Skip to table of contents

ਦੋ ਰਾਜੇ ਆਪਣੇ ਭੇਸ ਬਦਲਦੇ ਹਨ

ਦੋ ਰਾਜੇ ਆਪਣੇ ਭੇਸ ਬਦਲਦੇ ਹਨ

ਚੌਦ੍ਹਵਾਂ ਅਧਿਆਇ

ਦੋ ਰਾਜੇ ਆਪਣੇ ਭੇਸ ਬਦਲਦੇ ਹਨ

1, 2. (ੳ) ਐਂਟੀਓਕਸ ਚੌਥੇ ਨੂੰ ਕਿਸ ਘਟਨਾ ਤੋਂ ਬਾਅਦ ਰੋਮ ਦਾ ਹੁਕਮ ਮੰਨਣਾ ਪਿਆ? (ਅ) ਸੀਰੀਆ ਇਕ ਰੋਮੀ ਸੂਬਾ ਕਦੋਂ ਬਣਿਆ?

ਸੀਰੀਆਈ ਬਾਦਸ਼ਾਹ ਐਂਟੀਓਕਸ ਚੌਥਾ ਮਿਸਰ ਉੱਤੇ ਹਮਲਾ ਕਰ ਕੇ ਆਪਣੇ ਆਪ ਨੂੰ ਉੱਥੇ ਦਾ ਰਾਜਾ ਬਣਾ ਲੈਂਦਾ ਹੈ। ਮਿਸਰੀ ਰਾਜਾ ਟਾਲਮੀ ਛੇਵੇਂ ਦੀ ਬੇਨਤੀ ਤੇ, ਰੋਮ ਰਾਜਦੂਤ ਕੇਅਸ ਪੋਪਿਲਿਅਸ ਲਾਈਨੱਸ ਨੂੰ ਮਿਸਰ ਨੂੰ ਭੇਜਦਾ ਹੈ। ਉਹ ਇਕ ਵੱਡੀ ਜਲ-ਸੈਨਾ ਸਮੇਤ ਅਤੇ ਰੋਮੀ ਰਾਜ-ਸਭਾ ਤੋਂ ਇਹ ਹੁਕਮ ਲੈ ਕੇ ਅੱਪੜਦਾ ਹੈ ਕਿ ਐਂਟੀਓਕਸ ਚੌਥਾ ਮਿਸਰ ਦੀ ਬਾਦਸ਼ਾਹੀ ਨੂੰ ਤਿਆਗ ਕੇ ਉਸ ਦੇਸ਼ ਵਿੱਚੋਂ ਨਿਕਲ ਜਾਵੇ। ਸਿਕੰਦਰੀਆ ਦੀ ਇਕ ਬਾਹਰਲੀ ਬਸਤੀ ਇਲੂਸਿਸ ਵਿਖੇ, ਇਹ ਸੀਰੀਆਈ ਰਾਜਾ ਅਤੇ ਰੋਮੀ ਰਾਜਦੂਤ ਆਮ੍ਹੋ-ਸਾਮ੍ਹਣੇ ਆਉਂਦੇ ਹਨ। ਐਂਟੀਓਕਸ ਚੌਥਾ ਆਪਣੇ ਸਲਾਹਕਾਰਾਂ ਨਾਲ ਪੁੱਛ-ਗਿੱਛ ਕਰਨ ਲਈ ਸਮਾਂ ਚਾਹੁੰਦਾ ਹੈ, ਪਰ ਲਾਈਨੱਸ ਇਕ ਸੋਟੀ ਲੈ ਕੇ ਐਂਟੀਓਕਸ ਦੇ ਆਲੇ-ਦੁਆਲੇ ਜ਼ਮੀਨ ਉੱਤੇ ਇਕ ਲਕੀਰ ਵਾਹੁੰਦਾ ਹੈ ਅਤੇ ਕਹਿੰਦਾ ਹੈ ਕਿ ਲਕੀਰੋਂ ਬਾਹਰ ਕਦਮ ਰੱਖਣ ਤੋਂ ਪਹਿਲਾਂ ਉਸ ਨੂੰ ਆਪਣਾ ਜਵਾਬ ਦੇਣਾ ਪਵੇਗਾ। ਇਸ ਨਾਲ ਐਂਟੀਓਕਸ ਚੌਥੇ ਦੀ ਇੰਨੀ ਬੇਇੱਜ਼ਤੀ ਹੁੰਦੀ ਹੈ ਕਿ ਉਸ ਨੂੰ ਰੋਮ ਦਾ ਹੁਕਮ ਮੰਨਣਾ ਪੈਂਦਾ ਹੈ ਅਤੇ 168 ਸਾ.ਯੁ.ਪੂ. ਵਿਚ ਉਹ ਸੀਰੀਆ ਨੂੰ ਵਾਪਸ ਚਲਾ ਜਾਂਦਾ ਹੈ। ਇਸ ਤਰ੍ਹਾਂ ਉੱਤਰ ਦੇ ਸੀਰੀਆਈ ਰਾਜੇ ਅਤੇ ਦੱਖਣ ਦੇ ਮਿਸਰੀ ਰਾਜੇ ਵਿਚਕਾਰ ਟਾਕਰਾ ਖ਼ਤਮ ਹੁੰਦਾ ਹੈ।

2 ਮੱਧ ਪੂਰਬ ਦੇ ਕੰਮਾਂ-ਕਾਰਾਂ ਵਿਚ ਇਕ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰਦਾ ਹੋਇਆ, ਰੋਮ ਸੀਰੀਆ ਉੱਤੇ ਰੋਅਬ ਪਾਉਣਾ ਜਾਰੀ ਰੱਖਦਾ ਹੈ। ਭਾਵੇਂ ਕਿ 163 ਸਾ.ਯੁ.ਪੂ. ਵਿਚ ਐਂਟੀਓਕਸ ਚੌਥੇ ਦੀ ਮੌਤ ਹੋਣ ਤੋਂ ਬਾਅਦ ਸਿਲੂਕਸੀ ਸ਼ਾਹੀ ਖ਼ਾਨਦਾਨ ਦੇ ਦੂਜੇ ਰਾਜੇ ਸੀਰੀਆ ਉੱਪਰ ਰਾਜ ਕਰਦੇ ਹਨ, ਉਹ ‘ਉੱਤਰ ਦੇ ਰਾਜੇ’ ਸਾਬਤ ਨਹੀਂ ਹੁੰਦੇ ਹਨ। (ਦਾਨੀਏਲ 11:15) ਅੰਤ ਵਿਚ 64 ਸਾ.ਯੁ.ਪੂ. ਵਿਚ ਸੀਰੀਆ ਇਕ ਰੋਮੀ ਸੂਬਾ ਬਣ ਜਾਂਦਾ ਹੈ।

3. ਰੋਮ ਕਦੋਂ ਅਤੇ ਕਿਵੇਂ ਮਿਸਰ ਉੱਪਰ ਪ੍ਰਧਾਨ ਬਣਿਆ?

3 ਐਂਟੀਓਕਸ ਚੌਥੇ ਦੀ ਮੌਤ ਤੋਂ ਬਾਅਦ, ਮਿਸਰ ਦਾ ਟਾਲਮੀ ਸ਼ਾਹੀ ਖ਼ਾਨਦਾਨ 130 ਸਾਲਾਂ ਤੋਂ ਕੁਝ ਜ਼ਿਆਦਾ ਸਮੇਂ ਲਈ “ਦੱਖਣ ਦੇ ਰਾਜੇ” ਵਜੋਂ ਜਾਰੀ ਰਹਿੰਦਾ ਹੈ। (ਦਾਨੀਏਲ 11:14) ਸੰਨ 31 ਸਾ.ਯੁ.ਪੂ. ਵਿਚ ਐਕਟੀਅਮ ਦੀ ਜੰਗ ਦੌਰਾਨ, ਰੋਮੀ ਹਾਕਮ ਆਕਟੇਵੀਅਨ, ਅਖ਼ੀਰਲੀ ਟਾਲਮੀ ਮਹਾਰਾਣੀ—ਕਲੀਓਪੇਟਰਾ ਸੱਤਵੀਂ—ਅਤੇ ਉਸ ਦੇ ਰੋਮੀ ਮਾਸ਼ੂਕ, ਮਾਰਕ ਐਂਟੋਨੀ, ਦੀਆਂ ਸਾਰੀਆਂ ਫ਼ੌਜਾਂ ਨੂੰ ਹਰਾ ਦਿੰਦਾ ਹੈ। ਅਗਲੇ ਸਾਲ ਕਲੀਓਪੇਟਰਾ ਦੀ ਖ਼ੁਦਕਸ਼ੀ ਤੋਂ ਬਾਅਦ, ਮਿਸਰ ਵੀ ਹੁਣ ਇਕ ਰੋਮੀ ਸੂਬਾ ਬਣ ਜਾਂਦਾ ਹੈ ਅਤੇ ਦੱਖਣ ਦਾ ਰਾਜਾ ਨਹੀਂ ਰਹਿੰਦਾ। ਸੰਨ 30 ਸਾ.ਯੁ.ਪੂ. ਤਕ, ਦੋਵੇਂ ਸੀਰੀਆ ਅਤੇ ਮਿਸਰ, ਰੋਮ ਦੇ ਅਧੀਨ ਆ ਜਾਂਦੇ ਹਨ। ਕੀ ਸਾਨੂੰ ਹੁਣ ਇਹ ਉਮੀਦ ਰੱਖਣੀ ਚਾਹੀਦੀ ਹੈ ਕਿ ਕੋਈ ਹੋਰ ਹਕੂਮਤਾਂ ਉੱਤਰ ਅਤੇ ਦੱਖਣ ਦੇ ਰਾਜਿਆਂ ਵਜੋਂ ਖੜ੍ਹੀਆਂ ਹੋਣਗੀਆਂ?

ਇਕ ਨਵਾਂ ਰਾਜਾ “ਚੁੰਗੀ” ਨੂੰ ਭੇਜਦਾ ਹੈ

4. ਸਾਨੂੰ ਕਿਉਂ ਉਮੀਦ ਰੱਖਣੀ ਚਾਹੀਦੀ ਹੈ ਕਿ ਕੋਈ ਹੋਰ ਰਾਜ ਕਰਨ ਵਾਲਾ ਉੱਤਰ ਦੇ ਰਾਜੇ ਦੀ ਪਦਵੀ ਨੂੰ ਅਪਣਾਏਗਾ?

4 ਸੰਨ 33 ਸਾ.ਯੁ. ਦੀ ਬਸੰਤ ਵਿਚ, ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ “ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਹ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ ਪਵਿੱਤ੍ਰ ਥਾਂ ਵਿੱਚ ਖੜੀ ਵੇਖੋਗੇ . . . ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ।” (ਮੱਤੀ 24:15, 16) ਯਿਸੂ ਨੇ ਦਾਨੀਏਲ 11:31 ਤੋਂ ਇਹ ਹਵਾਲਾ ਦੇ ਕੇ ਆਪਣੇ ਚੇਲਿਆਂ ਨੂੰ ਇਕ ਆਗਾਮੀ “ਵਿਗਾੜਨ ਵਾਲੀ ਘਿਣਾਉਣੀ ਵਸਤ” ਬਾਰੇ ਚੇਤਾਵਨੀ ਦਿੱਤੀ ਸੀ। ਉੱਤਰ ਦੇ ਰਾਜੇ ਬਾਰੇ ਇਹ ਭਵਿੱਖਬਾਣੀ, ਐਂਟੀਓਕਸ ਚੌਥੇ ਦੀ ਮੌਤ ਤੋਂ ਕੁਝ 195 ਸਾਲ ਬਾਅਦ ਕੀਤੀ ਗਈ ਸੀ। ਉਹ ਇਸ ਪਦਵੀ ਉੱਤੇ ਅਖ਼ੀਰਲਾ ਸੀਰੀਆਈ ਰਾਜਾ ਸੀ। ਨਿਸ਼ਚੇ ਹੀ, ਉੱਤਰ ਦੇ ਰਾਜੇ ਦੀ ਪਦਵੀ ਕਿਸੇ ਹੋਰ ਰਾਜ ਕਰਨ ਵਾਲੇ ਨੂੰ ਅਪਣਾਉਣੀ ਪੈਣੀ ਸੀ। ਉਹ ਕੌਣ ਹੋਵੇਗਾ?

5. ਉੱਤਰ ਦੇ ਰਾਜੇ ਵਜੋਂ ਕੌਣ ਉੱਠਿਆ ਜਿਸ ਨੇ ਐਂਟੀਓਕਸ ਚੌਥੇ ਦੀ ਥਾਂ ਲਈ?

5 ਯਹੋਵਾਹ ਪਰਮੇਸ਼ੁਰ ਦੇ ਦੂਤ ਨੇ ਪਹਿਲਾਂ ਹੀ ਦੱਸਿਆ ਸੀ ਕਿ “[ਐਂਟੀਓਕਸ ਚੌਥੇ] ਦੇ ਥਾਂ ਉੱਤੇ ਇੱਕ ਹੋਰ ਉੱਠੇਗਾ ਜੋ ਉਸ ਸੋਹਣੇ ਰਾਜ ਦੇ ਵਿਚਕਾਰ ਚੁੰਗੀ ਨੂੰ ਭੇਜੇਗਾ ਪਰ ਉਹ ਥੋੜਿਆਂ ਦਿਨਾਂ ਵਿੱਚ ਹੀ ਨਸ਼ਟ ਹੋ ਜਾਏਗਾ, ਨਾ ਕ੍ਰੋਧ ਨਾਲ, ਨਾ ਹੀ ਲੜਾਈ ਨਾਲ।” (ਦਾਨੀਏਲ 11:20) ਇਸ ਤਰ੍ਹਾਂ ‘ਉੱਠਣ’ ਵਾਲਾ ਪਹਿਲਾ ਰੋਮੀ ਸ਼ਹਿਨਸ਼ਾਹ, ਆਕਟੇਵੀਅਨ ਸਾਬਤ ਹੋਇਆ, ਜੋ ਕੈਸਰ ਅਗਸਟਸ ਵਜੋਂ ਜਾਣਿਆ ਜਾਂਦਾ ਹੈ।—ਸਫ਼ਾ 248 ਉੱਤੇ “ਇਕ ਮਾਣਯੋਗ ਅਤੇ ਦੂਜਾ ਘਿਣਾਉਣਾ ਪਾਤਸ਼ਾਹ” ਦੇਖੋ।

6. (ੳ) “ਉਸ ਸੋਹਣੇ ਰਾਜ” ਵਿਚਕਾਰ ਇਕ “ਚੁੰਗੀ” ਨੂੰ ਕਦੋਂ ਭੇਜਿਆ ਗਿਆ ਸੀ, ਅਤੇ ਇਸ ਦੀ ਕੀ ਮਹੱਤਤਾ ਸੀ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅਗਸਟਸ “ਨਾ ਕ੍ਰੋਧ ਨਾਲ, ਨਾ ਹੀ ਲੜਾਈ ਨਾਲ” ਮਰਿਆ ਸੀ? (ੲ) ਉੱਤਰ ਦਾ ਰਾਜਾ ਹੁਣ ਕੌਣ ਸਾਬਤ ਹੋਇਆ?

6 ਅਗਸਟਸ ਦੇ “ਉਸ ਸੋਹਣੇ ਰਾਜ” ਵਿਚ ਯਹੂਦਿਯਾ ਦਾ ਰੋਮੀ ਸੂਬਾ, ਅਰਥਾਤ “ਪਰਤਾਪਵਾਨ ਦੇਸ” ਵੀ ਸ਼ਾਮਲ ਸੀ। (ਦਾਨੀਏਲ 11:16) ਸੰਨ 2 ਸਾ.ਯੁ.ਪੂ. ਵਿਚ ਅਗਸਟਸ ਨੇ ਇਕ ਮਰਦਮਸ਼ੁਮਾਰੀ, ਜਾਂ ਜਨਸੰਖਿਆ ਦੀ ਗਿਣਤੀ ਕਰਨ ਦਾ ਹੁਕਮ ਦੇ ਕੇ, ਇਕ “ਚੁੰਗੀ” ਨੂੰ ਭੇਜਿਆ, ਸ਼ਾਇਦ ਇਸ ਲਈ ਕਿ ਉਹ ਟੈਕਸ ਅਤੇ ਸੈਨਿਕਾਂ ਦੀ ਜਬਰੀ ਭਰਤੀ ਕਰਨ ਵਾਸਤੇ ਜਨਸੰਖਿਆ ਦਾ ਅੰਦਾਜ਼ਾ ਲਗਾ ਸਕੇ। ਇਸ ਫ਼ਰਮਾਨ ਕਰਕੇ ਯੂਸੁਫ਼ ਅਤੇ ਮਰਿਯਮ ਨੇ ਆਪਣੇ ਨਾਂ ਦਰਜ ਕਰਵਾਉਣ ਵਾਸਤੇ ਬੈਤਲਹਮ ਨੂੰ ਸਫ਼ਰ ਕੀਤਾ, ਅਤੇ ਇਸ ਦੇ ਨਤੀਜੇ ਵਜੋਂ ਯਿਸੂ ਦਾ ਜਨਮ ਪਹਿਲਾਂ ਹੀ ਦੱਸੀ ਗਈ ਜਗ੍ਹਾ ਵਿਚ ਹੋਇਆ। (ਮੀਕਾਹ 5:2; ਮੱਤੀ 2:1-12) ਅਗਸਤ 14 ਸਾ.ਯੁ. ਨੂੰ—“ਥੋੜਿਆਂ ਦਿਨਾਂ ਵਿੱਚ ਹੀ,” ਜਾਂ ਗਿਣਤੀ ਦੇ ਹੁਕਮ ਤੋਂ ਥੋੜ੍ਹੇ ਸਮੇਂ ਬਾਅਦ—76-ਸਾਲਾ ਅਗਸਟਸ ਕਿਸੇ ਕਾਤਲ ਦੇ ਹੱਥੀਂ “ਕ੍ਰੋਧ ਨਾਲ” ਨਹੀਂ, ਨਾ ਹੀ “ਲੜਾਈ ਨਾਲ,” ਪਰ ਬੀਮਾਰੀ ਕਾਰਨ ਦਮ ਤੋੜ ਗਿਆ। ਉੱਤਰ ਦੇ ਰਾਜੇ ਦਾ ਭੇਸ ਵਾਕਈ ਹੀ ਬਦਲ ਗਿਆ! ਉੱਤਰ ਦਾ ਰਾਜਾ ਹੁਣ ਰੋਮੀ ਸਾਮਰਾਜ ਬਣ ਚੁੱਕਾ ਸੀ ਅਤੇ ਰੋਮੀ ਸ਼ਹਿਨਸ਼ਾਹਾਂ ਦੁਆਰਾ ਦਰਸਾਇਆ ਗਿਆ ਸੀ।

‘ਇਕ ਘਿਣਾਉਣਾ ਪਾਤਸ਼ਾਹ ਉੱਠਦਾ ਹੈ’

7, 8. (ੳ) ਉੱਤਰ ਦੇ ਰਾਜੇ ਵਜੋਂ ਅਗਸਟਸ ਦੀ ਥਾਂ ਤੇ ਕੌਣ ਉੱਠਿਆ? (ਅ) ਅਗਸਟਸ ਕੈਸਰ ਦੇ ਵਾਰਸ ਨੂੰ ਬਿਨਾਂ ਰਜ਼ਾਮੰਦੀ “ਪਾਤਸ਼ਾਹ ਦੀ ਪਤ” ਕਿਉਂ ਦਿੱਤੀ ਗਈ ਸੀ?

7 ਦੂਤ ਅੱਗੇ ਭਵਿੱਖਬਾਣੀ ਕਰਦਾ ਹੋਇਆ ਕਹਿੰਦਾ ਹੈ: “ਫੇਰ ਉਹ [ਅਰਥਾਤ, ਅਗਸਟਸ] ਦੇ ਥਾਂ ਇੱਕ ਪਖੰਡੀ [‘ਇਕ ਘਿਣਾਉਣਾ ਪਾਤਸ਼ਾਹ,’ ਨਿ ਵ] ਉੱਠੇਗਾ ਜਿਸ ਨੂੰ ਓਹ ਪਾਤਸ਼ਾਹ ਦੀ ਪਤ ਨਾ ਦੇਣਗੇ ਪਰ ਉਹ ਬਚਾਉ ਦੇ ਵੇਲੇ ਆਵੇਗਾ ਅਤੇ ਲੱਲੋ ਪੱਤੋ ਕਰ ਕੇ ਰਾਜ ਲੈ ਲਵੇਗਾ। ਅਤੇ ਦਬਾਉਣ ਵਾਲੀ ਫੌਜ ਉਸ ਦੇ ਅੱਗੋਂ ਦਬਾਈ ਜਾਏਗੀ ਅਤੇ ਤੋੜੀ ਜਾਏਗੀ, ਹਾਂ, ਨੇਮ ਦਾ ਸ਼ਜ਼ਾਦਾ ਵੀ ਨਾਲੇ ਹੀ।”—ਦਾਨੀਏਲ 11:21, 22.

8 ਉਹ ‘ਘਿਣਾਉਣਾ ਪਾਤਸ਼ਾਹ’ ਅਗਸਟਸ ਦੀ ਤੀਜੀ ਪਤਨੀ ਲਿਵੀਆ ਦਾ ਪੁੱਤਰ, ਟਾਈਬੀਰੀਅਸ ਕੈਸਰ ਸੀ। (ਸਫ਼ਾ 248 ਉੱਤੇ “ਇਕ ਮਾਣਯੋਗ ਅਤੇ ਦੂਜਾ ਘਿਣਾਉਣਾ ਪਾਤਸ਼ਾਹ” ਦੇਖੋ।) ਅਗਸਟਸ ਇਸ ਮਤਰੇਏ ਪੁੱਤਰ ਦੇ ਔਗੁਣਾਂ ਕਾਰਨ ਉਸ ਨਾਲ ਨਫ਼ਰਤ ਕਰਦਾ ਸੀ ਅਤੇ ਉਸ ਨੂੰ ਅਗਲਾ ਕੈਸਰ ਨਹੀਂ ਬਣਾਉਣਾ ਚਾਹੁੰਦਾ ਸੀ। ਉਹ ਟਾਈਬੀਰੀਅਸ ਨੂੰ “ਪਾਤਸ਼ਾਹ ਦੀ ਪਤ” ਦੇਣ ਲਈ ਰਾਜ਼ੀ ਨਹੀਂ ਸੀ, ਪਰ ਉਸ ਦਾ ਹੋਰ ਕੋਈ ਵੀ ਵਾਰਸ ਜੀਉਂਦਾ ਨਹੀਂ ਸੀ। ਇਸ ਲਈ ਅਗਸਟਸ ਨੇ 4 ਸਾ.ਯੁ. ਵਿਚ ਟਾਈਬੀਰੀਅਸ ਨੂੰ ਅਪਣਾ ਕੇ ਰਾਜ ਦਾ ਵਾਰਸ ਬਣਾ ਦਿੱਤਾ। ਅਗਸਟਸ ਦੀ ਮੌਤ ਤੋਂ ਬਾਅਦ, 54-ਸਾਲਾ ਟਾਈਬੀਰੀਅਸ, ਅਰਥਾਤ ਉਹ ਘਿਣਾਉਣਾ ਪਾਤਸ਼ਾਹ ‘ਉੱਠਿਆ’ ਅਤੇ ਉਸ ਨੇ ਰੋਮੀ ਸ਼ਹਿਨਸ਼ਾਹ ਅਤੇ ਉੱਤਰ ਦੇ ਰਾਜੇ ਵਜੋਂ ਹਕੂਮਤ ਸੰਭਾਲੀ।

9. ਟਾਈਬੀਰੀਅਸ ਨੇ ਕਿਵੇਂ ‘ਲੱਲੋ ਪੱਤੋ ਕਰ ਕੇ ਰਾਜ ਲੈ ਲਿਆ ਸੀ’?

9ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ ਕਿ ‘ਟਾਈਬੀਰੀਅਸ ਨੇ ਰੋਮੀ ਰਾਜ-ਸਭਾ ਨਾਲ ਚਲਾਕੀ ਖੇਡੀ; ਉਸ ਨੇ ਉਨ੍ਹਾਂ ਨੂੰ ਉਸ ਦੀ ਸ਼ਹਿਨਸ਼ਾਹੀ ਦਾ ਐਲਾਨ ਨਹੀਂ ਕਰਵਾਉਣ ਦਿੱਤਾ, ਭਾਵੇਂ ਕਿ ਅਗਸਟਸ ਦੀ ਮੌਤ ਤੋਂ ਤਕਰੀਬਨ ਇਕ ਮਹੀਨਾ ਲੰਘ ਚੁੱਕਾ ਸੀ।’ ਉਸ ਨੇ ਰਾਜ-ਸਭਾ ਨੂੰ ਕਿਹਾ ਕਿ ਰੋਮੀ ਸਾਮਰਾਜ ਉੱਤੇ ਹਕੂਮਤ ਕਰਨ ਦੀ ਜ਼ਿੰਮੇਵਾਰੀ ਅਗਸਟਸ ਤੋਂ ਇਲਾਵਾ ਹੋਰ ਕੋਈ ਨਹੀਂ ਸੰਭਾਲ ਸਕਦਾ ਸੀ ਅਤੇ ਸਭਾ ਦੇ ਮੈਂਬਰਾਂ ਨੂੰ ਆਖਿਆ ਕਿ ਉਨ੍ਹਾਂ ਨੂੰ ਅਜਿਹਾ ਅਧਿਕਾਰ ਇਕ ਮਨੁੱਖ ਦੀ ਬਜਾਇ ਇਕ ਜੱਥੇ ਦੇ ਹੱਥਾਂ ਵਿਚ ਸੌਂਪ ਕੇ ਇਕ ਗਣਰਾਜ ਸਥਾਪਿਤ ਕਰਨਾ ਚਾਹੀਦਾ ਹੈ। ਇਤਿਹਾਸਕਾਰ ਵਿਲ ਡੁਰੈਂਟ ਨੇ ਲਿਖਿਆ ਕਿ ‘ਰੋਮੀ ਰਾਜ-ਸਭਾ ਨੂੰ ਟਾਈਬੀਰੀਅਸ ਉੱਤੇ ਭਰੋਸਾ ਨਹੀਂ ਸੀ, ਤਾਂ ਉਹ ਇਕ ਦੂਜੇ ਦੇ ਆਮ੍ਹੋ-ਸਾਮ੍ਹਣੇ ਉਦੋਂ ਤਕ ਸਿਰ ਨਿਵਾਉਂਦੇ ਗਏ ਜਦ ਤਕ ਉਸ ਨੇ ਹਕੂਮਤ ਸਵੀਕਾਰ ਨਹੀਂ ਕਰ ਲਈ।’ ਡੁਰੈਂਟ ਨੇ ਅੱਗੇ ਕਿਹਾ ਕਿ ‘ਦੋਹਾਂ ਪਾਸਿਆਂ ਨੇ ਕਾਫ਼ੀ ਨਾਟਕ ਖੇਡਿਆ। ਟਾਈਬੀਰੀਅਸ ਰੋਮੀ ਹਕੂਮਤ ਆਪਣੇ ਹੱਥਾਂ ਵਿਚ ਲੈਣੀ ਚਾਹੁੰਦਾ ਸੀ, ਨਹੀਂ ਤਾਂ ਉਸ ਨੇ ਇਸ ਜ਼ਿੰਮੇਵਾਰੀ ਨੂੰ ਟਾਲਣ ਦਾ ਕੋਈ-ਨ-ਕੋਈ ਬਹਾਨਾ ਲੱਭ ਲੈਣਾ ਸੀ; ਰਾਜ-ਸਭਾ ਉਸ ਤੋਂ ਡਰਦੀ ਸੀ ਅਤੇ ਉਸ ਨਾਲ ਨਫ਼ਰਤ ਕਰਦੀ ਸੀ, ਪਰ ਪਹਿਲਾਂ ਵਰਗਾ ਇਕ ਅਜਿਹਾ ਗਣਰਾਜ ਸਥਾਪਿਤ ਕਰਨ ਤੋਂ ਘਬਰਾਉਂਦੀ ਸੀ ਜੋ ਮਨੌਤੀ ਸਰਬਸੱਤਾਵਾਨ ਸਭਾਵਾਂ ਉੱਤੇ ਆਧਾਰਿਤ ਸੀ।’ ਇਸ ਤਰ੍ਹਾਂ ਟਾਈਬੀਰੀਅਸ ਨੇ ‘ਲੱਲੋ ਪੱਤੋ ਕਰ ਕੇ ਰਾਜ ਲੈ ਲਿਆ।’

10. “ਦਬਾਉਣ ਵਾਲੀ ਫੌਜ” ਕਿਵੇਂ ‘ਤੋੜੀ ਗਈ’?

10 ਦੂਤ ਨੇ ਕਿਹਾ ਕਿ “ਦਬਾਉਣ ਵਾਲੀ ਫੌਜ,” ਅਰਥਾਤ ਆਲੇ-ਦੁਆਲੇ ਦੇ ਰਾਜਾਂ ਦੀਆਂ ਫ਼ੌਜਾਂ, ‘ਉਸ ਦੇ ਅੱਗੋਂ ਦਬਾਈਆਂ ਜਾਣਗੀਆਂ ਅਤੇ ਤੋੜੀਆਂ ਜਾਣਗੀਆਂ।’ ਜਦੋਂ ਟਾਈਬੀਰੀਅਸ ਉੱਤਰ ਦਾ ਰਾਜਾ ਬਣਿਆ, ਉਦੋਂ ਉਸ ਦਾ ਭਤੀਜਾ ਜਰਮੈਨਿਕਸ ਕੈਸਰ ਰ੍ਹਾਈਨ ਦਰਿਆ ਤੇ ਰੋਮੀ ਸੈਨਿਕਾਂ ਦਾ ਸੈਨਾਪਤੀ ਸੀ। ਸੰਨ 15 ਸਾ.ਯੁ. ਵਿਚ ਜਰਮੈਨਿਕਸ ਨੇ ਜਰਮਨ ਸੂਰਬੀਰ ਆਰਮਿਨੀਅਸ ਦੇ ਵਿਰੁੱਧ ਆਪਣੀਆਂ ਫ਼ੌਜਾਂ ਲਿਆਂਦੀਆਂ ਅਤੇ ਕੁਝ ਹੱਦ ਤਕ ਜਿੱਤ ਪ੍ਰਾਪਤ ਕੀਤੀ। ਪਰ, ਇਨ੍ਹਾਂ ਛੋਟੀਆਂ-ਮੋਟੀਆਂ ਜਿੱਤਾਂ ਦੀ ਕੀਮਤ ਭਾਰੀ ਹੋਣ ਕਰਕੇ ਟਾਈਬੀਰੀਅਸ ਨੇ ਜਰਮਨੀ ਵਿਚ ਆਪਣੀਆਂ ਕਾਰਵਾਈਆਂ ਅੱਧ-ਵਿਚਾਲੇ ਹੀ ਛੱਡ ਦਿੱਤੀਆਂ। ਇਸ ਦੀ ਬਜਾਇ, ਉਸ ਨੇ ਜਰਮਨੀ ਵਿਚ ਘਰੇਲੂ ਯੁੱਧ ਵਧਾ ਕੇ ਜਰਮਨ ਕਬੀਲਿਆਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ। ਟਾਈਬੀਰੀਅਸ ਆਮ ਤੌਰ ਤੇ ਦੂਜੇ ਦੇਸ਼ਾਂ ਨਾਲ ਇਕ ਰੱਖਿਆਕਾਰੀ ਨੀਤੀ ਪਸੰਦ ਕਰਦਾ ਸੀ ਅਤੇ ਆਪਣੇ ਦੇਸ਼ ਦੇ ਸਰਹੱਦੀ ਇਲਾਕਿਆਂ ਨੂੰ ਮਜ਼ਬੂਤ ਕਰਨ ਉੱਤੇ ਧਿਆਨ ਲਗਾਉਂਦਾ ਸੀ। ਉਸ ਦਾ ਇਹ ਢੰਗ ਕਾਫ਼ੀ ਕਾਮਯਾਬ ਰਿਹਾ। ਇਸ ਤਰੀਕੇ ਨਾਲ “ਦਬਾਉਣ ਵਾਲੀ ਫੌਜ” ਉੱਪਰ ਕਾਬੂ ਰੱਖਿਆ ਗਿਆ ਅਤੇ ਉਹ ‘ਤੋੜੀ ਗਈ।’

11. “ਨੇਮ ਦਾ ਸ਼ਜ਼ਾਦਾ” ਕਿਵੇਂ ‘ਤੋੜਿਆ ਗਿਆ’ ਸੀ?

11 “ਨੇਮ ਦਾ ਸ਼ਜ਼ਾਦਾ” ਵੀ ‘ਤੋੜਿਆ ਗਿਆ’ ਸੀ। ਯਹੋਵਾਹ ਪਰਮੇਸ਼ੁਰ ਨੇ ਇਹ ਨੇਮ ਅਬਰਾਹਾਮ ਨਾਲ ਧਰਤੀ ਦੇ ਸਾਰੇ ਪਰਿਵਾਰਾਂ ਨੂੰ ਬਰਕਤਾਂ ਦੇਣ ਲਈ ਬੰਨ੍ਹਿਆ ਸੀ। ਯਿਸੂ ਮਸੀਹ ਉਸ ਨੇਮ ਵਿਚ ਵਾਅਦਾ ਕੀਤੀ ਗਈ ਅਬਰਾਹਾਮ ਦੀ ਅੰਸ ਸੀ। (ਉਤਪਤ 22:18; ਗਲਾਤੀਆਂ 3:16) ਸੰਨ 33 ਸਾ.ਯੁ. ਦੀ 14 ਨੀਸਾਨ ਨੂੰ, ਯਿਸੂ ਨੂੰ ਯਰੂਸ਼ਲਮ ਵਿਚ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਦੀ ਕਚਹਿਰੀ ਸਾਮ੍ਹਣੇ ਲਿਆਂਦਾ ਗਿਆ ਸੀ। ਯਹੂਦੀ ਜਾਜਕਾਂ ਨੇ ਇਹ ਦੋਸ਼ ਲਾਇਆ ਸੀ ਕਿ ਯਿਸੂ ਸ਼ਹਿਨਸ਼ਾਹ ਦੀ ਪਾਤਸ਼ਾਹੀ ਨੂੰ ਪਲਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਯਿਸੂ ਨੇ ਪਿਲਾਤੁਸ ਨੂੰ ਕਿਹਾ ਕਿ “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ। . . . ਮੇਰੀ ਪਾਤਸ਼ਾਹੀ ਤਾਂ ਐਥੋਂ ਦੀ ਨਹੀਂ।” ਤਾਂਕਿ ਰੋਮੀ ਹਾਕਮ ਬੇਗੁਨਾਹ ਯਿਸੂ ਨੂੰ ਛੱਡ ਨਾ ਦੇਵੇ, ਯਹੂਦੀ ਰੌਲਾ ਪਾ ਕੇ ਕਹਿਣ ਲੱਗੇ ਕਿ “ਜੇ ਤੂੰ ਇਹ ਨੂੰ ਛੱਡ ਦੇਵੇਂ ਤਾਂ ਤੂੰ ਕੈਸਰ ਦਾ ਮਿੱਤ੍ਰ ਨਹੀਂ! ਹਰੇਕ ਜੋ ਆਪਣੇ ਆਪ ਨੂੰ ਪਾਤਸ਼ਾਹ ਬਣਾਉਂਦਾ ਹੈ ਸੋ ਕੈਸਰ ਦੇ ਵਿਰੁੱਧ ਬੋਲਦਾ ਹੈ!” ਯਿਸੂ ਨੂੰ ਸਲੀਬ ਉੱਤੇ ਚਾੜ੍ਹਨ ਦੀ ਮੰਗ ਕਰਨ ਤੋਂ ਬਾਅਦ, ਉਨ੍ਹਾਂ ਨੇ ਕਿਹਾ ਕਿ “ਕੈਸਰ ਬਿਨਾ ਸਾਡਾ ਕੋਈ ਪਾਤਸ਼ਾਹ ਨਹੀਂ ਹੈ।” ‘ਰਾਜਧਰੋਹ’ ਦੇ ਕਾਨੂੰਨ ਅਨੁਸਾਰ, ਪਿਲਾਤੁਸ ਨੇ ਯਿਸੂ ਨੂੰ ‘ਤੋੜੇ ਜਾਣ’ ਜਾਂ ਤਸੀਹੇ ਦੀ ਸੂਲੀ ਉੱਤੇ ਚੜ੍ਹਾਏ ਜਾਣ ਲਈ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਟਾਈਬੀਰੀਅਸ ਨੇ ‘ਰਾਜਧਰੋਹ’ ਦੇ ਇਸ ਕਾਨੂੰਨ ਨੂੰ ਇੰਨਾ ਵਧਾਇਆ-ਚੜ੍ਹਾਇਆ ਸੀ ਕਿ ਕੈਸਰ ਦੇ ਵਿਰੁੱਧ ਕੋਈ ਵੀ ਘੱਟ-ਵੱਧ ਗੱਲ ਨਹੀਂ ਕਹਿ ਸਕਦਾ ਸੀ। —ਯੂਹੰਨਾ 18:36; 19:12-16; ਮਰਕੁਸ 15:14-20.

ਜ਼ਾਲਮ ਸ਼ਹਿਨਸ਼ਾਹ ‘ਆਪਣੀਆਂ ਚਤਰਾਈਆਂ ਵਰਤਦਾ ਹੈ’

12. (ੳ) ਕਿਨ੍ਹਾਂ ਨੇ ਆਪਣੇ ਆਪ ਨੂੰ ਟਾਈਬੀਰੀਅਸ ਦੇ ਮਿੱਤਰ ਬਣਾਇਆ ਸੀ? (ਅ) ਟਾਈਬੀਰੀਅਸ ਕਿਵੇਂ ‘ਥੋੜੇ ਜਿਹੇ ਲੋਕਾਂ ਦੀ ਸਹਾਇਤਾ ਨਾਲ ਵੱਡਾ ਬਣਿਆ?’

12 ਹਾਲੇ ਵੀ ਟਾਈਬੀਰੀਅਸ ਬਾਰੇ ਭਵਿੱਖਬਾਣੀ ਕਰਦਿਆਂ ਦੂਤ ਕਹਿੰਦਾ ਹੈ: ‘ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਉਸ ਦਾ ਮਿੱਤਰ ਬਣਾਇਆ,’ (ਨਿ ਵ) “ਉਹ ਅੱਗੋਂ ਢੁੱਚਰ ਡਾਹੇਗਾ ਕਿਉਂ ਜੋ ਉਹ ਚੜ੍ਹਾਈ ਕਰੇਗਾ ਅਤੇ ਥੋੜੇ ਜਿਹੇ ਲੋਕਾਂ ਦੀ ਸਹਾਇਤਾ ਨਾਲ ਵੱਡਾ ਬਣੇਗਾ।” (ਦਾਨੀਏਲ 11:23) ਰੋਮੀ ਰਾਜ-ਸਭਾ ਦੇ ਮੈਂਬਰਾਂ ਨੇ ਆਪਣੇ ਆਪ ਨੂੰ ਕਾਨੂੰਨੀ ਤੌਰ ਤੇ ਟਾਈਬੀਰੀਅਸ ਦੇ ‘ਮਿੱਤਰ ਬਣਾਇਆ’ ਸੀ, ਅਤੇ ਉਹ ਉਨ੍ਹਾਂ ਉੱਤੇ ਨਿਰਭਰ ਕਰਨ ਦਾ ਦਿਖਾਵੇ ਕਰਦਾ ਸੀ। ਪਰ ਉਹ ਧੋਖੇਬਾਜ਼ ਸੀ, ਅਤੇ ਅਸਲ ਵਿਚ “ਥੋੜੇ ਜਿਹੇ ਲੋਕਾਂ ਦੀ ਸਹਾਇਤਾ ਨਾਲ ਵੱਡਾ” ਬਣ ਗਿਆ ਸੀ। ਉਹ ਥੋੜ੍ਹੇ ਜਿਹੇ ਲੋਕ, ਰੋਮੀ ਪਲਟਣ ਜਾਂ ਸ਼ਾਹੀ ਗਾਰਦ ਸਨ ਜਿਨ੍ਹਾਂ ਦਾ ਡੇਰਾ ਰੋਮ ਦੀਆਂ ਕੰਧਾਂ ਦੇ ਨਜ਼ਦੀਕ ਸੀ। ਰੋਮੀ ਰਾਜ-ਸਭਾ ਨੂੰ ਉਨ੍ਹਾਂ ਦਾ ਡਰ ਸੀ ਕਿਉਂਕਿ ਉਹ ਇੰਨੇ ਨੇੜੇ ਸਨ। ਟਾਈਬੀਰੀਅਸ ਨੂੰ ਇਸ ਦੀ ਨੇੜਤਾ ਤੋਂ ਫ਼ਾਇਦਾ ਹੁੰਦਾ ਸੀ ਕਿਉਂਕਿ ਉਹ ਜਨਤਾ ਵਿਚ ਆਪਣੇ ਅਧਿਕਾਰ ਵਿਰੁੱਧ ਕਿਸੇ ਵੀ ਬਗਾਵਤ ਉੱਤੇ ਨਜ਼ਰ ਰੱਖ ਸਕਦਾ ਸੀ। ਇਸ ਤਰ੍ਹਾਂ 10,000 ਸਿਪਾਹੀਆਂ ਦੇ ਜ਼ਰੀਏ, ਟਾਈਬੀਰੀਅਸ ਵੱਡਾ ਬਣਿਆ ਰਿਹਾ।

13. ਟਾਈਬੀਰੀਅਸ ਆਪਣੇ ਦਾਦਿਆਂ-ਪੜਦਾਦਿਆਂ ਤੋਂ ਵੀ ਕਿਵੇਂ ਬੁਰਾ ਨਿਕਲਿਆ?

13 ਭਵਿੱਖ-ਸੂਚਕ ਤੌਰ ਤੇ ਦੂਤ ਨੇ ਅੱਗੇ ਕਿਹਾ ਕਿ “ਉਹ ਬਚਾਉ ਦੇ ਵੇਲੇ ਜ਼ਿਲੇ ਦਿਆਂ ਚੰਗਿਆਂ ਉਜਲਿਆਂ ਥਾਵਾਂ ਵਿੱਚ ਵੜੇਗਾ ਅਤੇ ਅਜੇਹਾ ਕੁਝ ਕਰੇਗਾ ਜੋ ਉਸ ਦੇ ਪਿਉ ਦਾਦਿਆਂ ਨੇ ਅਤੇ ਉਸ ਦੇ ਦਾਦਿਆਂ ਦੇ ਪੜਦਾਦਿਆਂ ਨੇ ਨਹੀਂ ਕੀਤਾ। ਉਹ ਲੁੱਟ ਪੁੱਟ ਦੇ ਮਾਲ ਨੂੰ ਉਨ੍ਹਾਂ ਵਿੱਚ ਵੰਡੇਗਾ ਅਤੇ ਕੁਝ ਚਿਰ ਤੀਕਰ ਪੱਕਿਆਂ ਕੋਟਾਂ ਦੇ ਵਿਰੁੱਧ ਆਪਣੀਆਂ ਚਤਰਾਈਆਂ ਵਰਤੇਗਾ।” (ਦਾਨੀਏਲ 11:24) ਟਾਈਬੀਰੀਅਸ ਬਹੁਤ ਹੀ ਸ਼ੱਕੀ ਸੀ, ਅਤੇ ਉਸ ਦੇ ਰਾਜ ਦੌਰਾਨ ਕਈ ਮਨੁੱਖ ਕਤਲ ਕਰਵਾਏ ਗਏ ਸਨ। ਕਾਫ਼ੀ ਹੱਦ ਤਕ ਉਸ ਰੋਮੀ ਪਲਟਣ ਦੇ ਸੈਨਾਪਤੀ ਸਜੇਨਸ ਦੇ ਪ੍ਰਭਾਵ ਕਰਕੇ, ਟਾਈਬੀਰੀਅਸ ਦੀ ਹਕੂਮਤ ਦਾ ਆਖ਼ਰੀ ਸਮਾਂ ਬਹੁਤ ਹੀ ਜ਼ੁਲਮੀ ਸੀ। ਅੰਤ ਵਿਚ ਸਜੇਨਸ ਉੱਤੇ ਵੀ ਸ਼ੱਕ ਪੈਣ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਟਾਈਬੀਰੀਅਸ ਲੋਕਾਂ ਨਾਲ ਜ਼ੁਲਮ ਕਰਨ ਵਿਚ ਆਪਣੇ ਦਾਦਿਆਂ-ਪੜਦਾਦਿਆਂ ਤੋਂ ਵੀ ਬੁਰਾ ਨਿਕਲਿਆ।

14. (ੳ) ਟਾਈਬੀਰੀਅਸ ਨੇ ਸਾਰਿਆਂ ਰੋਮੀ ਸੂਬਿਆਂ ਵਿਚ ‘ਲੁੱਟ ਪੁੱਟ ਦਾ ਮਾਲ’ ਕਿਵੇਂ ਵੰਡਿਆ ਸੀ? (ਅ) ਟਾਈਬੀਰੀਅਸ ਆਪਣੀ ਮੌਤ ਤਕ ਕਿਵੇਂ ਜਾਣਿਆ ਜਾਂਦਾ ਸੀ?

14 ਪਰ ਟਾਈਬੀਰੀਅਸ ਨੇ ‘ਲੁੱਟ ਪੁੱਟ ਦਾ ਮਾਲ’ ਸਾਰਿਆਂ ਰੋਮੀ ਸੂਬਿਆਂ ਵਿਚ ਵੰਡਿਆ ਸੀ। ਉਸ ਦੀ ਮੌਤ ਦੇ ਸਮੇਂ ਤਕ, ਉਸ ਦੀ ਸਾਰੀ ਜਨਤਾ ਬਿਹਤਰ ਆਰਥਿਕ ਸਥਿਤੀ ਦਾ ਆਨੰਦ ਮਾਣ ਰਹੀ ਸੀ। ਟੈਕਸ ਭਾਰੇ ਨਹੀਂ ਸਨ ਅਤੇ ਉਹ ਉਨ੍ਹਾਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦਾ ਬੋਝ ਘਟਾ ਸਕਦਾ ਸੀ ਜੋ ਤੰਗੀਆਂ ਕੱਟ ਰਹੇ ਸਨ। ਜੇਕਰ ਸੈਨਿਕ ਜਾਂ ਕਰਮਚਾਰੀ ਕਿਸੇ ਨਾਲ ਜ਼ੁਲਮ ਕਰਦੇ ਸਨ ਜਾਂ ਕਿਸੇ ਬੇਈਮਾਨੀ ਵਿਚ ਉਨ੍ਹਾਂ ਦਾ ਹੱਥ ਹੁੰਦਾ ਸੀ, ਤਾਂ ਉਨ੍ਹਾਂ ਨੂੰ ਸ਼ਹਿਨਸ਼ਾਹ ਤੋਂ ਸਜ਼ਾ ਮਿਲਦੀ ਸੀ। ਮਜ਼ਬੂਤੀ ਨਾਲ ਦੇਸ਼ ਚਲਾਉਣ ਦੇ ਕਾਰਨ ਜਨਤਾ ਵਿਚ ਸੁਰੱਖਿਆ ਕਾਇਮ ਰਹੀ, ਅਤੇ ਸੰਚਾਰ ਵਿਚ ਤਰੱਕੀ ਨੇ ਵਪਾਰ ਵੀ ਵਧਾ ਦਿੱਤਾ। ਟਾਈਬੀਰੀਅਸ ਨੇ ਇਹ ਨਿਸ਼ਚਿਤ ਕੀਤਾ ਕਿ ਰੋਮ ਦੇ ਅੰਦਰ-ਬਾਹਰ ਦੇ ਕੰਮ-ਧੰਦੇ ਨਿਰਪੱਖਤਾ ਨਾਲ ਕੀਤੇ ਜਾਂਦੇ ਸਨ। ਕਾਨੂੰਨਾਂ ਵਿਚ ਸੁਧਾਰ ਲਿਆਂਦਾ ਗਿਆ। ਅਗਸਟਸ ਕੈਸਰ ਦੁਆਰਾ ਕੀਤੇ ਗਏ ਸੁਧਾਰਾਂ ਨੂੰ ਵਧਾ ਕੇ ਸਮਾਜਕ ਅਤੇ ਨੈਤਿਕ ਨਿਯਮਾਂ ਨੂੰ ਵਧੀਆ ਬਣਾਇਆ ਗਿਆ। ਪਰ ਟਾਈਬੀਰੀਅਸ ਨੇ ਇਸ ਹੱਦ ਤਕ ‘ਆਪਣੀਆਂ ਚਤਰਾਈਆਂ ਵਰਤੀਆਂ’ ਕਿ ਰੋਮੀ ਇਤਿਹਾਸਕਾਰ ਟੈਸੀਟਸ ਨੇ ਉਸ ਨੂੰ ਇਕ ਪਖੰਡੀ ਬੰਦਾ ਸੱਦਿਆ ਜੋ ਕਿ ਝੂਠੇ ਦਿਖਾਵਿਆਂ ਦਾ ਮਾਹਰ ਸੀ। ਮਾਰਚ 37 ਸਾ.ਯੁ. ਤਕ ਜਦੋਂ ਉਸ ਦੀ ਮੌਤ ਹੋਈ, ਟਾਈਬੀਰੀਅਸ ਇਕ ਜ਼ਾਲਮ ਸ਼ਹਿਨਸ਼ਾਹ ਵਜੋਂ ਜਾਣਿਆ ਜਾਂਦਾ ਸੀ।

15. ਪਹਿਲੀ ਸਦੀ ਦੇ ਅੰਤ ਅਤੇ ਦੂਜੀ ਸਦੀ ਦੇ ਸ਼ੁਰੂ ਵਿਚ ਰੋਮ ਦੇ ਨਾਲ ਕੀ ਹੋਇਆ?

15 ਉੱਤਰ ਦੇ ਰਾਜੇ ਵਜੋਂ ਟਾਈਬੀਰੀਅਸ ਦੇ ਕੁਝ ਵਾਰਸਾਂ ਵਿਚ ਗੇਅਸ ਕੈਸਰ (ਕਲਿਗੁਲਾ), ਕਲੋਡਿਅਸ ਪਹਿਲਾ, ਨੀਰੋ, ਵੇਸਪੇਸ਼ਨ, ਟਾਈਟਸ, ਡੋਮਿਸ਼ਨ, ਨਰਵਾ, ਟ੍ਰੇਜਨ, ਅਤੇ ਹੇਡਰਿਅਨ ਸਨ। ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ ਕਿ ‘ਅਗਸਟਸ ਦੇ ਵਾਰਸਾਂ ਨੇ ਉਸ ਦੀਆਂ ਪ੍ਰਬੰਧਕੀ ਨੀਤੀਆਂ ਅਤੇ ਉਸ ਦਾ ਉਸਾਰੀ ਦਾ ਕੰਮ ਜਾਰੀ ਰੱਖਿਆ। ਪਰ ਇਸ ਵਿਚ ਨਵੀਆਂ ਕਾਢਾਂ ਘੱਟ ਹੀ ਸਨ ਭਾਵੇਂ ਕਿ ਇਹ ਕੰਮ ਬੜੇ ਠਾਠ-ਬਾਠ ਨਾਲ ਕੀਤਾ ਗਿਆ ਸੀ।’ ਇਹੀ ਪੁਸਤਕ ਅੱਗੇ ਕਹਿੰਦੀ ਹੈ ਕਿ “ਪਹਿਲੀ ਸਦੀ ਦੇ ਅੰਤ ਅਤੇ ਦੂਜੀ ਸਦੀ ਦੇ ਸ਼ੁਰੂ ਵਿਚ ਰੋਮ ਦਾ ਰੋਅਬ ਅਤੇ ਉਸ ਦੀ ਆਬਾਦੀ ਆਪਣੀ ਸਿਖਰ ਤੇ ਸਨ।” ਇਸ ਸਮੇਂ ਦੌਰਾਨ ਭਾਵੇਂ ਕਿ ਰੋਮ ਨੇ ਆਪਣੀਆਂ ਸ਼ਾਹੀ ਸਰਹੱਦਾਂ ਤੇ ਕੁਝ ਗੜਬੜੀ ਅਨੁਭਵ ਕੀਤੀ ਸੀ, ਦੱਖਣ ਦੇ ਰਾਜੇ ਦੇ ਨਾਲ ਉਸ ਦਾ ਪੂਰਵ-ਸੂਚਿਤ ਪਹਿਲਾ ਟਾਕਰਾ ਤੀਜੀ ਸਦੀ ਸਾ.ਯੁ. ਤਕ ਨਹੀਂ ਹੋਇਆ।

ਦੱਖਣ ਦੇ ਰਾਜੇ ਦੇ ਵਿਰੁੱਧ ਉੱਠਿਆ

16, 17. (ੳ) ਦਾਨੀਏਲ 11:25 ਵਿਚ ਜ਼ਿਕਰ ਕੀਤੇ ਗਏ ਉੱਤਰ ਦੇ ਰਾਜੇ ਦੀ ਪਦਵੀ ਕਿਸ ਨੇ ਲਈ? (ਅ) ਦੱਖਣ ਦੇ ਰਾਜੇ ਦੀ ਪਦਵੀ ਤੇ ਕੌਣ ਆਈ, ਅਤੇ ਇਹ ਕਿਸ ਤਰ੍ਹਾਂ ਹੋਇਆ?

16 ਪਰਮੇਸ਼ੁਰ ਦੇ ਦੂਤ ਨੇ ਇਹ ਕਹਿੰਦਿਆਂ ਭਵਿੱਖਬਾਣੀ ਜਾਰੀ ਰੱਖੀ: “ਉਹ [ਉੱਤਰ ਦਾ ਰਾਜਾ] ਆਪਣੇ ਜ਼ੋਰ ਨੂੰ ਅਤੇ ਆਪਣੇ ਹੌਸਲੇ ਨੂੰ ਅਜਿਹਾ ਚੁੱਕੇਗਾ ਜੋ ਵੱਡੀ ਫੌਜ ਲੈ ਕੇ ਦੱਖਣ ਦੇ ਰਾਜੇ ਉੱਤੇ ਚੜ੍ਹੇ ਅਰ ਦੱਖਣ ਦਾ ਰਾਜਾ ਵੀ ਅੱਤ ਵੱਡੀ ਅਤੇ ਜ਼ੋਰਾਵਰ ਫੌਜ ਨਾਲ ਜੁੱਧ ਵਿੱਚ ਲੜੇਗਾ ਪਰ ਉਹ [ਉੱਤਰ ਦਾ ਰਾਜਾ] ਨਾ ਠਹਿਰੇਗਾ ਕਿਉਂ ਜੋ ਓਹ ਉਸ ਦੇ ਵਿਰੁੱਧ ਉਪਾਉ ਕਰਨਗੇ। ਹਾਂ, ਓਹੋ ਜਿਹੜੇ ਉਸ ਦੀ ਸੁਆਦਲੀ ਰੋਟੀ ਵਿੱਚੋਂ ਰਸਤਾਂ ਖਾਂਦੇ ਹਨ ਓਹੋ ਉਸ ਨੂੰ ਨਾਸ ਕਰ ਸੁੱਟਣਗੇ ਅਤੇ ਉਸ ਦੀ ਫੌਜ ਆਫਰੇਗੀ ਅਰ ਢੇਰ ਸਾਰੇ ਮਾਰੇ ਜਾਣਗੇ।”—ਦਾਨੀਏਲ 11:25, 26.

17 ਆਕਟੇਵੀਅਨ ਦੁਆਰਾ ਮਿਸਰ ਨੂੰ ਇਕ ਰੋਮੀ ਸੂਬਾ ਬਣਾਏ ਜਾਣ ਤੋਂ ਤਕਰੀਬਨ 300 ਸਾਲ ਬਾਅਦ, ਰੋਮੀ ਸ਼ਹਿਨਸ਼ਾਹ ਓਰੀਲੀਅਨ ਉੱਤਰ ਦਾ ਰਾਜਾ ਸਾਬਤ ਹੋਇਆ। ਇਸ ਸਮੇਂ ਦੌਰਾਨ, ਰੋਮੀ ਬਸਤੀ ਪੈਲਮਾਈਰਾ ਦੀ ਮਹਾਰਾਣੀ ਸੇਪਟੀਮੀਆ ਜ਼ਨੋਬੀਆ ਦੱਖਣ ਦਾ ਰਾਜਾ ਠਹਿਰੀ। * (ਸਫ਼ਾ 252 ਉੱਤੇ “ਜ਼ਨੋਬੀਆ—ਪੈਲਮਾਈਰਾ ਦੀ ਯੋਧਾ ਮਹਾਰਾਣੀ,” ਦੇਖੋ।) ਪੈਲਮਾਈਰਾ ਦੀ ਫ਼ੌਜ ਨੇ 269 ਸਾ.ਯੁ. ਵਿਚ ਮਿਸਰ ਉੱਤੇ ਇਸ ਬਹਾਨੇ ਨਾਲ ਕਬਜ਼ਾ ਕਰ ਲਿਆ ਕਿ ਉਹ ਉਸ ਨੂੰ ਰੋਮ ਲਈ ਸੁਰੱਖਿਅਤ ਰੱਖ ਰਹੀ ਸੀ। ਜ਼ਨੋਬੀਆ, ਪੈਲਮਾਈਰਾ ਨੂੰ ਪੂਰਬ ਵਿਚ ਸਭ ਤੋਂ ਮੁੱਖ ਸ਼ਹਿਰ ਬਣਾਉਣਾ ਚਾਹੁੰਦੀ ਸੀ ਅਤੇ ਉਹ ਰੋਮ ਦੇ ਪੂਰਬੀ ਸੂਬਿਆਂ ਉੱਤੇ ਰਾਜ ਕਰਨਾ ਚਾਹੁੰਦੀ ਸੀ। ਓਰੀਲੀਅਨ ਉਸ ਦੀ ਅਭਿਲਾਸ਼ਾ ਤੋਂ ਇੰਨਾ ਹੈਰਾਨ ਹੋਇਆ ਕਿ ਉਸ ਨੇ ਜ਼ਨੋਬੀਆ ਦੇ ਵਿਰੁੱਧ ‘ਆਪਣਾ ਜ਼ੋਰ ਅਤੇ ਆਪਣਾ ਹੌਸਲਾ’ ਚੁੱਕਿਆ।

18. ਉੱਤਰ ਦੇ ਰਾਜੇ ਸ਼ਹਿਨਸ਼ਾਹ ਓਰੀਲੀਅਨ, ਅਤੇ ਦੱਖਣ ਦੇ ਰਾਜੇ, ਮਤਲਬ ਕਿ ਮਹਾਰਾਣੀ ਜ਼ਨੋਬੀਆ ਦੇ ਵਿਚਕਾਰ ਹੋਈ ਲੜਾਈ ਦਾ ਕੀ ਨਤੀਜਾ ਨਿਕਲਿਆ?

18 ਦੱਖਣ ਦੇ ਰਾਜੇ ਵਜੋਂ ਰਾਜ ਕਰ ਰਹੀ ਜ਼ਨੋਬੀਆ, ਉੱਤਰ ਦੇ ਰਾਜੇ ‘ਨਾਲ ਜੁੱਧ ਵਿੱਚ ਲੜੀ।’ ਜ਼ਬਦਾਸ ਅਤੇ ਜ਼ਬਾਈ ਨਾਂ ਦੇ ਦੋ ਜਨਰਲਾਂ ਅਧੀਨ, ਜ਼ਨੋਬੀਆ ਦੀ “ਅੱਤ ਵੱਡੀ ਅਤੇ ਜ਼ੋਰਾਵਰ ਫੌਜ” ਸੀ। ਪਰ ਓਰੀਲੀਅਨ ਨੇ ਮਿਸਰ ਉੱਤੇ ਕਬਜ਼ਾ ਕਰ ਲਿਆ ਅਤੇ ਫਿਰ ਏਸ਼ੀਆ ਮਾਈਨਰ ਅਤੇ ਸੀਰੀਆ ਵਿਚ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜ਼ਨੋਬੀਆ ਨੂੰ ਇਮੇਸਾ (ਹੁਣ ਹੌਮਜ਼) ਵਿਖੇ ਹਰਾ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਪੈਲਮਾਈਰਾ ਨੂੰ ਵਾਪਸ ਚਲੀ ਗਈ। ਜਦੋਂ ਓਰੀਲੀਅਨ ਨੇ ਪੈਲਮਾਈਰਾ ਦੁਆਲੇ ਘੇਰਾ ਪਾਇਆ, ਤਾਂ ਜ਼ਨੋਬੀਆ ਨੇ ਬੜੀ ਬਹਾਦਰੀ ਨਾਲ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋਈ। ਉਹ ਅਤੇ ਉਸ ਦਾ ਪੁੱਤਰ ਫ਼ਾਰਸ ਵੱਲ ਭੱਜ ਨਿਕਲੇ, ਪਰ ਉਹ ਫਰਾਤ ਦਰਿਆ ਤੇ ਰੋਮੀਆਂ ਦੁਆਰਾ ਫੜੇ ਗਏ। ਪੈਲਮਾਈਰਾ ਦੇ ਲੋਕ 272 ਸਾ.ਯੁ. ਵਿਚ ਆਪਣਾ ਸ਼ਹਿਰ ਹਾਰ ਗਏ। ਓਰੀਲੀਅਨ ਨੇ ਜ਼ਨੋਬੀਆ ਨੂੰ ਜਾਨੋਂ ਨਹੀਂ ਮਾਰਿਆ, ਪਰ 274 ਸਾ.ਯੁ. ਵਿਚ ਉਸ ਨੂੰ ਇਕ ਲੁੱਟ ਦੇ ਮਾਲ ਵਜੋਂ ਰੋਮ ਦੀਆਂ ਗਲ਼ੀਆਂ ਰਾਹੀਂ ਆਪਣੀ ਜਿੱਤ ਦੇ ਜਲੂਸ ਵਿਚ ਪੇਸ਼ ਕੀਤਾ। ਜ਼ਨੋਬੀਆ ਨੇ ਆਪਣਾ ਬਾਕੀ ਦਾ ਜੀਵਨ ਇਕ ਰੋਮੀ ਵਿਆਹੁਤਾ ਇਸਤਰੀ ਵਜੋਂ ਬਤੀਤ ਕੀਤਾ।

19. ਓਰੀਲੀਅਨ ‘ਦੇ ਵਿਰੁੱਧ ਉਪਾਉ’ ਦੇ ਕਾਰਨ ਉਹ ਕਿਵੇਂ ਮਰਿਆ?

19 ਓਰੀਲੀਅਨ ਖ਼ੁਦ ‘ਨਾ ਠਹਿਰਿਆ ਕਿਉਂ ਜੋ ਉਸ ਦੇ ਵਿਰੁੱਧ ਉਪਾਉ’ ਕੀਤੇ ਜਾ ਰਹੇ ਸਨ। ਉਸ ਨੇ 275 ਸਾ.ਯੁ. ਵਿਚ ਫ਼ਾਰਸੀਆਂ ਦੇ ਵਿਰੁੱਧ ਇਕ ਹਮਲਾ ਸ਼ੁਰੂ ਕੀਤਾ। ਜਦੋਂ ਉਹ ਪਣਜੋੜ ਪਾਰ ਲੰਘ ਕੇ ਥ੍ਰੇਸ ਤੋਂ ਏਸ਼ੀਆ ਮਾਈਨਰ ਨੂੰ ਜਾਣ ਦੇ ਮੌਕੇ ਦੀ ਹਾਲੇ ਉਡੀਕ ਕਰ ਰਿਹਾ ਸੀ, ਤਾਂ ਜਿਹੜੇ ‘ਉਸ ਦੀ ਰੋਟੀ ਖਾਂਦੇ’ ਸਨ, ਉਨ੍ਹਾਂ ਨੇ ਉਸ ਦੇ ਵਿਰੁੱਧ ਯੋਜਨਾ ਬਣਾ ਕੇ ਉਸ ਦਾ ‘ਨਾਸ ਕਰ ਸੁੱਟਿਆ।’ ਉਹ ਆਪਣੇ ਮੁਨਸ਼ੀ ਏਰੋਸ ਦੀ ਬੇਈਮਾਨੀ ਦੇ ਕਾਰਨ ਉਸ ਨੂੰ ਸਜ਼ਾ ਦੇਣ ਵਾਲਾ ਸੀ। ਪਰ ਏਰੋਸ ਨੇ ਇਕ ਜਾਅਲੀ ਸੂਚੀ ਬਣਾਈ ਜਿਸ ਉੱਤੇ ਉਨ੍ਹਾਂ ਖ਼ਾਸ ਅਫ਼ਸਰਾਂ ਦੇ ਨਾਂ ਲਿਖੇ ਜਿਨ੍ਹਾਂ ਨੂੰ ਮਰਵਾ ਦਿੱਤਾ ਜਾਣਾ ਸੀ। ਇਸ ਸੂਚੀ ਨੂੰ ਦੇਖਦਿਆਂ ਹੀ ਉਨ੍ਹਾਂ ਅਫ਼ਸਰਾਂ ਨੇ ਓਰੀਲੀਅਨ ਨੂੰ ਕਤਲ ਕਰ ਦੇਣ ਦੀ ਯੋਜਨਾ ਬਣਾਈ ਅਤੇ ਉਸ ਦਾ ਖ਼ੂਨ ਕਰ ਦਿੱਤਾ।

20. ਉੱਤਰ ਦੇ ਰਾਜੇ ਦੀ “ਫੌਜ” ਕਿਵੇਂ ‘ਆਫਰ ਗਈ?’

20 ਸ਼ਹਿਨਸ਼ਾਹ ਓਰੀਲੀਅਨ ਦੀ ਮੌਤ ਹੋਣ ਤੇ ਉੱਤਰ ਦੇ ਰਾਜੇ ਦਾ ਕੰਮ ਅਜੇ ਖ਼ਤਮ ਨਹੀਂ ਹੋਇਆ ਸੀ। ਉਸ ਦੇ ਮਗਰੋਂ ਦੂਜੇ ਰੋਮੀ ਹਾਕਮ ਉੱਠੇ। ਕੁਝ ਸਮੇਂ ਲਈ, ਪੂਰਬ ਅਤੇ ਪੱਛਮ ਦੇ ਆਪੋ-ਆਪਣੇ ਸ਼ਹਿਨਸ਼ਾਹ ਸਨ। ਇਨ੍ਹਾਂ ਮਨੁੱਖਾਂ ਦੇ ਅਧੀਨ, ਉੱਤਰ ਦੇ ਰਾਜੇ ਦੀ ‘ਫੌਜ ਆਫਰ ਗਈ।’ ਅਤੇ ਉੱਤਰ ਤੋਂ ਜਰਮਨ ਕਬੀਲਿਆਂ ਦੇ ਹਮਲਿਆਂ ਕਾਰਨ ‘ਢੇਰ ਸਾਰੇ ਮਾਰੇ ਗਏ।’ ਚੌਥੀ ਸਦੀ ਸਾ.ਯੁ. ਵਿਚ ਗਾਥ ਨਾਂ ਦੇ ਕਬੀਲੇ ਦੇ ਲੋਕ ਰੋਮੀ ਸਰਹੱਦਾਂ ਨੂੰ ਪਾਰ ਕਰ ਕੇ ਅੰਦਰ ਆ ਗਏ। ਇਕ ਤੋਂ ਬਾਅਦ ਦੂਜਾ ਹਮਲਾ ਹੁੰਦਾ ਗਿਆ। ਜਰਮਨ ਆਗੂ ਓਡੋਏਸਰ ਨੇ 476 ਸਾ.ਯੁ. ਵਿਚ ਰੋਮ ਤੋਂ ਰਾਜ ਕਰ ਰਹੇ ਅਖ਼ੀਰਲੇ ਸ਼ਹਿਨਸ਼ਾਹ ਨੂੰ ਹਟਾ ਦਿੱਤਾ। ਛੇਵੀਂ ਸਦੀ ਦੇ ਸ਼ੁਰੂ ਤਕ, ਪੱਛਮ ਵਿਚ ਰੋਮੀ ਸਾਮਰਾਜ ਤਬਾਹ ਹੋ ਚੁੱਕਾ ਸੀ, ਅਤੇ ਜਰਮਨ ਰਾਜੇ ਬਰਤਾਨੀਆ, ਗਾਲ, ਇਟਲੀ, ਉੱਤਰੀ ਅਫ਼ਰੀਕਾ, ਅਤੇ ਸਪੇਨ ਉੱਪਰ ਹਕੂਮਤ ਕਰ ਰਹੇ ਸਨ। ਸਾਮਰਾਜ ਦਾ ਪੂਰਬੀ ਹਿੱਸਾ 15ਵੀਂ ਸਦੀ ਤਕ ਜਾਰੀ ਰਿਹਾ।

ਇਕ ਵੱਡਾ ਸਾਮਰਾਜ ਵੰਡਿਆ ਜਾਂਦਾ ਹੈ

21, 22. ਕਾਂਸਟੰਟੀਨ ਨੇ ਚੌਥੀ ਸਦੀ ਸਾ.ਯੁ. ਵਿਚ ਕਿਹੜੀਆਂ ਤਬਦੀਲੀਆਂ ਲਿਆਂਦੀਆਂ?

21 ਯਹੋਵਾਹ ਦੇ ਦੂਤ ਨੇ ਰੋਮੀ ਸਾਮਰਾਜ ਦੀ ਬਰਬਾਦੀ ਬਾਰੇ ਬੇਲੋੜੀਆਂ ਗੱਲਾਂ ਨਹੀਂ ਦੱਸੀਆਂ। ਇਹ ਸਾਮਰਾਜ ਸਦੀਆਂ ਤਕ ਜਾਰੀ ਰਿਹਾ। ਦੂਤ ਨੇ ਸਿਰਫ਼ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਦੀਆਂ ਅਗਲੀਆਂ ਕਾਰਵਾਈਆਂ ਬਾਰੇ ਭਵਿੱਖਬਾਣੀ ਕੀਤੀ। ਪਰ, ਰੋਮੀ ਸਾਮਰਾਜ ਵਿਚ ਵਾਪਰੀਆਂ ਕੁਝ ਖ਼ਾਸ ਘਟਨਾਵਾਂ ਉੱਪਰ ਥੋੜ੍ਹਾ ਜਿਹਾ ਵਿਚਾਰ ਕਰਨ ਨਾਲ, ਬਾਅਦ ਦੇ ਸਮੇਂ ਦੇ ਦੋ ਵਿਰੋਧੀ ਰਾਜਿਆਂ ਦੀ ਪਛਾਣ ਕਰਨ ਵਿਚ ਸਾਡੀ ਮਦਦ ਹੋਵੇਗੀ।

22 ਰੋਮੀ ਸ਼ਹਿਨਸ਼ਾਹ ਕਾਂਸਟੰਟੀਨ ਨੇ ਚੌਥੀ ਸਦੀ ਵਿਚ ਧਰਮ-ਤਿਆਗੀ ਮਸੀਹੀਅਤ ਨੂੰ ਸਰਕਾਰੀ ਮਾਨਤਾ ਦਿੱਤੀ। ਨਾਈਸੀਆ, ਏਸ਼ੀਆ ਮਾਈਨਰ ਵਿਖੇ, 325 ਸਾ.ਯੁ. ਵਿਚ ਉਸ ਨੇ ਖ਼ੁਦ ਇਕ ਗਿਰਜੇ-ਸੰਬੰਧੀ ਸਭਾ ਦਾ ਇੰਤਜ਼ਾਮ ਕਰ ਕੇ ਉਸ ਦੀ ਪ੍ਰਧਾਨਗੀ ਕੀਤੀ। ਬਾਅਦ ਵਿਚ, ਕਾਂਸਟੰਟੀਨ ਨੇ ਆਪਣੇ ਸ਼ਾਹੀ ਨਿਵਾਸ ਨੂੰ ਰੋਮ ਤੋਂ ਬਾਈਜ਼ੈਂਟੀਅਮ, ਜਾਂ ਕਾਂਸਟੈਂਟੀਨੋਪਲ ਵਿਖੇ ਬਦਲ ਲਿਆ ਅਤੇ ਇਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ। ਸੰਨ 395 ਸਾ.ਯੁ. ਦੀ 17 ਜਨਵਰੀ ਨੂੰ ਸ਼ਹਿਨਸ਼ਾਹ ਥੀਓਡੋਸ਼ਸ ਪਹਿਲੇ ਦੀ ਮੌਤ ਹੋਣ ਤਕ, ਰੋਮੀ ਸਾਮਰਾਜ ਇੱਕੋ-ਇਕ ਸ਼ਹਿਨਸ਼ਾਹ ਦੀ ਹਕੂਮਤ ਦੇ ਅਧੀਨ ਜਾਰੀ ਰਿਹਾ ਸੀ।

23. (ੳ) ਥੀਓਡੋਸ਼ਸ ਦੀ ਮੌਤ ਹੋਣ ਤੋਂ ਬਾਅਦ ਰੋਮੀ ਸਾਮਰਾਜ ਕਿਵੇਂ ਵੰਡਿਆ ਗਿਆ? (ਅ) ਪੂਰਬੀ ਸਾਮਰਾਜ ਕਦੋਂ ਸਮਾਪਤ ਹੋਇਆ? (ੲ) ਸੰਨ 1517 ਵਿਚ ਮਿਸਰ ਉੱਤੇ ਕੌਣ ਰਾਜ ਕਰਨ ਲੱਗ ਪਿਆ?

23 ਥੀਓਡੋਸ਼ਸ ਦੀ ਮੌਤ ਹੋਣ ਤੋਂ ਬਾਅਦ, ਰੋਮੀ ਸਾਮਰਾਜ ਉਸ ਦੇ ਦੋ ਪੁੱਤਰਾਂ ਵਿਚਕਾਰ ਵੰਡਿਆ ਗਿਆ। ਹਨੋਰੀਅਸ ਨੂੰ ਪੱਛਮੀ ਹਿੱਸਾ ਮਿਲਿਆ ਅਤੇ ਆਰਕੇਡੀਅਸ ਨੂੰ ਪੂਰਬੀ ਹਿੱਸਾ। ਪੂਰਬੀ ਹਿੱਸੇ ਦੀ ਰਾਜਧਾਨੀ ਕਾਂਸਟੈਂਟੀਨੋਪਲ ਸੀ। ਬਰਤਾਨੀਆ, ਗਾਲ, ਇਟਲੀ, ਸਪੇਨ, ਅਤੇ ਉੱਤਰੀ ਅਫ਼ਰੀਕਾ ਪੱਛਮੀ ਹਿੱਸੇ ਦੇ ਸੂਬੇ ਸਨ। ਅਤੇ ਪੂਰਬੀ ਹਿੱਸੇ ਦੇ ਸੂਬਿਆਂ ਵਿਚ ਮਕਦੂਨਿਯਾ, ਥ੍ਰੇਸ, ਏਸ਼ੀਆ ਮਾਈਨਰ, ਸੀਰੀਆ, ਅਤੇ ਮਿਸਰ ਸਨ। ਮਿਸਰੀ ਰਾਜਧਾਨੀ, ਸਿਕੰਦਰੀਆ, 642 ਸਾ.ਯੁ. ਵਿਚ ਸੇਰੇਸਨਾਂ (ਅਰਬ ਲੋਕਾਂ) ਦੇ ਹੱਥਾਂ ਵਿਚ ਆ ਗਈ ਅਤੇ ਮਿਸਰ ਖ਼ਲੀਫਿਆਂ ਦਾ ਇਕ ਸੂਬਾ ਬਣ ਗਿਆ। ਜਨਵਰੀ 1449 ਵਿਚ, ਕਾਂਸਟੰਟੀਨ ਗਿਆਰ੍ਹਵਾਂ, ਪੂਰਬ ਦਾ ਅਖ਼ੀਰਲਾ ਸ਼ਹਿਨਸ਼ਾਹ ਬਣਿਆ। ਉਸਮਾਨੀ ਤੁਰਕੀਆਂ ਨੇ 29 ਮਈ, 1453 ਨੂੰ ਸੁਲਤਾਨ ਮੁਹੰਮਦ ਦੂਜੇ ਦੇ ਅਧੀਨ ਕਾਂਸਟੈਂਟੀਨੋਪਲ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ, ਜਿਸ ਨਾਲ ਪੂਰਬੀ ਰੋਮੀ ਸਾਮਰਾਜ ਸਮਾਪਤ ਹੋ ਗਿਆ। ਸੰਨ 1517 ਵਿਚ ਮਿਸਰ ਇਕ ਤੁਰਕੀ ਸੂਬਾ ਬਣ ਗਿਆ। ਪਰ ਸਮਾਂ ਆਉਣ ਤੇ ਦੱਖਣ ਦੇ ਪ੍ਰਾਚੀਨ ਰਾਜੇ ਦਾ ਇਹ ਦੇਸ਼, ਪੱਛਮੀ ਹਿੱਸੇ ਤੋਂ ਇਕ ਹੋਰ ਸਾਮਰਾਜ ਦੇ ਅਧੀਨ ਆ ਜਾਵੇਗਾ।

24, 25. (ੳ) ਕੁਝ ਇਤਿਹਾਸਕਾਰਾਂ ਦੇ ਅਨੁਸਾਰ, ਪਵਿੱਤਰ ਰੋਮੀ ਸਾਮਰਾਜ ਕਿਸ ਘਟਨਾ ਨਾਲ ਸ਼ੁਰੂ ਹੋਇਆ? (ਅ) ਪਵਿੱਤਰ ਰੋਮੀ ਸਾਮਰਾਜ ਦੇ “ਸ਼ਹਿਨਸ਼ਾਹ” ਦੀ ਪਦਵੀ ਨੂੰ ਅਖ਼ੀਰ ਵਿਚ ਕੀ ਹੋਇਆ?

24 ਰੋਮੀ ਸਾਮਰਾਜ ਦੇ ਪੱਛਮੀ ਹਿੱਸੇ ਵਿਚ, ਰੋਮ ਦਾ ਕੈਥੋਲਿਕ ਬਿਸ਼ਪ, ਮਤਲਬ ਕਿ ਪੋਪ ਲੀਓ ਪਹਿਲਾ ਉੱਠਿਆ, ਜੋ ਪੰਜਵੀਂ ਸਦੀ ਸਾ.ਯੁ. ਵਿਚ ਪੋਪ ਦਾ ਅਧਿਕਾਰ ਜਤਾਉਣ ਲਈ ਮਸ਼ਹੂਰ ਸੀ। ਸਮਾਂ ਆਉਣ ਤੇ, ਇਸ ਪੋਪ ਨੇ ਪੱਛਮੀ ਹਿੱਸੇ ਦੇ ਸ਼ਹਿਨਸ਼ਾਹ ਦੇ ਸਿਰ ਉੱਤੇ ਤਾਜ ਸਜਾਉਣ ਦੀ ਜ਼ਿੰਮੇਵਾਰੀ ਆਪਣੇ ਹੱਥ ਲੈ ਲਈ। ਇਹ ਰੋਮ ਵਿਚ 800 ਸਾ.ਯੁ. ਦੀ ਕ੍ਰਿਸਮਸ ਦੇ ਦਿਨ ਹੋਇਆ, ਜਦੋਂ ਪੋਪ ਲੀਓ ਤੀਜੇ ਨੇ ਫਰਾਂਕੀ ਰਾਜਾ ਚਾਰਲਸ (ਸ਼ਾਰਲਮੇਨ) ਨੂੰ ਨਵੇਂ-ਨਵੇਂ ਪੱਛਮੀ ਰੋਮੀ ਸਾਮਰਾਜ ਦਾ ਸ਼ਹਿਨਸ਼ਾਹ ਬਣਾਇਆ। ਇਸ ਤਾਜਪੋਸ਼ੀ ਨੇ ਰੋਮ ਵਿਚ ਸ਼ਹਿਨਸ਼ਾਹੀ ਨੂੰ ਮੁੜ ਕੇ ਸ਼ੁਰੂ ਕਰ ਦਿੱਤਾ ਅਤੇ ਕੁਝ ਇਤਿਹਾਸਕਾਰਾਂ ਅਨੁਸਾਰ, ਇੱਥੋਂ ਪਵਿੱਤਰ ਰੋਮੀ ਸਾਮਰਾਜ ਆਰੰਭ ਹੋਇਆ। ਇਸ ਸਮੇਂ ਤੋਂ ਇਕ ਪਾਸੇ ਪੂਰਬੀ ਸਾਮਰਾਜ ਸਥਾਪਿਤ ਹੋ ਗਿਆ ਸੀ ਅਤੇ ਦੂਜੇ ਪਾਸੇ ਪੱਛਮ ਵੱਲ ਪਵਿੱਤਰ ਰੋਮੀ ਸਾਮਰਾਜ, ਅਤੇ ਦੋਵੇਂ ਮਸੀਹੀ ਹੋਣ ਦਾ ਦਾਅਵਾ ਕਰਦੇ ਸਨ।

25 ਜਿਉਂ-ਜਿਉਂ ਹੀ ਸਮਾਂ ਬੀਤਦਾ ਗਿਆ, ਸ਼ਾਰਲਮੇਨ ਦੇ ਵਾਰਸ ਘਟੀਆ ਹਾਕਮ ਸਾਬਤ ਹੋਏ। ਕੁਝ ਸਮੇਂ ਲਈ ਤਾਂ ਸ਼ਹਿਨਸ਼ਾਹ ਦੀ ਗੱਦੀ ਤੇ ਕੋਈ ਵੀ ਨਹੀਂ ਬੈਠਿਆ। ਇਸ ਸਮੇਂ ਦੌਰਾਨ, ਜਰਮਨ ਰਾਜਾ ਓਟੋ ਪਹਿਲੇ ਨੇ ਉੱਤਰੀ ਅਤੇ ਕੇਂਦਰੀ ਇਟਲੀ ਦੇ ਵੱਡੇ ਹਿੱਸੇ ਉੱਤੇ ਕਬਜ਼ਾ ਕਰ ਲਿਆ। ਉਸ ਨੇ ਆਪਣੇ ਆਪ ਨੂੰ ਇਟਲੀ ਦਾ ਰਾਜਾ ਬਣਾਇਆ। ਪੋਪ ਜੌਨ ਬਾਰ੍ਹਵੇਂ ਨੇ 2 ਫਰਵਰੀ, 962 ਸਾ.ਯੁ. ਨੂੰ ਓਟੋ ਪਹਿਲੇ ਨੂੰ ਪਵਿੱਤਰ ਰੋਮੀ ਸਾਮਰਾਜ ਦਾ ਸ਼ਹਿਨਸ਼ਾਹ ਬਣਾਇਆ। ਸਾਮਰਾਜ ਦੀ ਰਾਜਧਾਨੀ ਜਰਮਨੀ ਵਿਚ ਸੀ, ਅਤੇ ਉਸ ਦੇ ਸ਼ਹਿਨਸ਼ਾਹ ਜਰਮਨ ਸਨ, ਨਾਲੇ ਉਸ ਦੀ ਤਕਰੀਬਨ ਸਾਰੀ ਪਰਜਾ ਵੀ ਜਰਮਨ ਸੀ। ਪੰਜ ਸਦੀਆਂ ਬਾਅਦ, ਆਸਟ੍ਰੀਆ ਦੇ ਹੈੱਪਸਬਰਗ ਘਰਾਣੇ ਨੇ “ਸ਼ਹਿਨਸ਼ਾਹ” ਦੀ ਪਦਵੀ ਅਪਣਾ ਲਈ ਅਤੇ ਪਵਿੱਤਰ ਰੋਮੀ ਸਾਮਰਾਜ ਦੇ ਬਾਕੀ ਰਹਿੰਦੇ ਸਾਲਾਂ ਲਈ ਇਹ ਪਦਵੀ ਇਸੇ ਘਰਾਣੇ ਵਿਚ ਰਹੀ।

ਦੋ ਰਾਜੇ ਦੁਬਾਰਾ ਸਾਫ਼-ਸਾਫ਼ ਪਛਾਣੇ ਜਾਂਦੇ ਹਨ

26. (ੳ) ਪਵਿੱਤਰ ਰੋਮੀ ਸਾਮਰਾਜ ਦੀ ਸਮਾਪਤੀ ਬਾਰੇ ਕੀ ਕਿਹਾ ਜਾ ਸਕਦਾ ਹੈ? (ਅ) ਉੱਤਰ ਦੇ ਰਾਜੇ ਵਜੋਂ ਕੌਣ ਪ੍ਰਗਟ ਹੋਇਆ?

26 ਨੈਪੋਲੀਅਨ ਪਹਿਲੇ ਨੇ 1805 ਦੌਰਾਨ ਜਰਮਨੀ ਵਿਚ ਆਪਣੀਆਂ ਜਿੱਤਾਂ ਦੇ ਮਗਰੋਂ ਪਵਿੱਤਰ ਰੋਮੀ ਸਾਮਰਾਜ ਨੂੰ ਮਾਰੂ-ਸੱਟ ਲਗਾਈ ਕਿਉਂਕਿ ਉਸ ਨੇ ਇਸ ਦੇ ਅਧਿਕਾਰ ਨੂੰ ਮਾਨਤਾ ਦੇਣ ਤੋਂ ਇਨਕਾਰ ਕੀਤਾ। ਸ਼ਹਿਨਸ਼ਾਹ ਫ਼ਰਾਂਸਿਸ ਦੂਜਾ ਇਹ ਅਧਿਕਾਰ ਆਪਣੇ ਹੱਥ ਵਿਚ ਨਹੀਂ ਰੱਖ ਸਕਿਆ ਅਤੇ 6 ਅਗਸਤ, 1806 ਨੂੰ ਇਸ ਰੋਮੀ ਸ਼ਾਹੀ ਅਹੁਦੇ ਨੂੰ ਛੱਡ ਕੇ ਆਪਣੇ ਦੇਸ਼ ਦੀ ਸਰਕਾਰ ਦੇ ਸ਼ਹਿਨਸ਼ਾਹ ਵਜੋਂ ਵਾਪਸ ਆਸਟ੍ਰੀਆ ਚਲਾ ਗਿਆ। ਰੋਮਨ ਕੈਥੋਲਿਕ ਪੋਪ, ਲੀਓ ਤੀਜੇ, ਅਤੇ ਫਰਾਂਕੀ ਰਾਜੇ, ਸ਼ਾਰਲਮੇਨ ਦੁਆਰਾ ਸਥਾਪਿਤ ਕੀਤਾ ਗਿਆ ਪਵਿੱਤਰ ਰੋਮੀ ਸਾਮਰਾਜ 1,006 ਸਾਲਾਂ ਤੋਂ ਬਾਅਦ ਹੁਣ ਸਮਾਪਤ ਹੋ ਗਿਆ ਸੀ। ਸੰਨ 1870 ਵਿਚ ਵੈਟੀਕਨ ਤੋਂ ਆਜ਼ਾਦ ਹੋ ਕੇ ਰੋਮ ਇਟਲੀ ਦੇ ਰਾਜ ਦੀ ਰਾਜਧਾਨੀ ਬਣ ਗਿਆ। ਅਗਲੇ ਸਾਲ ਜਰਮਨਾਂ ਦਾ ਇਕ ਸਾਮਰਾਜ ਸਥਾਪਿਤ ਹੋਇਆ ਅਤੇ ਵਿਲਹੈਲਮ ਪਹਿਲੇ ਨੂੰ ਉਸ ਦਾ ਕੈਸਰ ਜਾਂ ਸ਼ਹਿਨਸ਼ਾਹ ਠਹਿਰਾਇਆ ਗਿਆ। ਇਸ ਤਰ੍ਹਾਂ ਆਧੁਨਿਕ ਦਿਨ ਦਾ ਉੱਤਰ ਦਾ ਰਾਜਾ—ਜਰਮਨੀ—ਸੰਸਾਰ ਦੀਆਂ ਨਜ਼ਰਾਂ ਵਿਚ ਆ ਗਿਆ ਸੀ।

27. (ੳ) ਮਿਸਰ ਬਰਤਾਨੀਆ ਦਾ ਇਕ ਸੁਰੱਖਿਆ ਅਧੀਨ ਰਾਜ ਕਿਵੇਂ ਬਣਿਆ? (ਅ) ਦੱਖਣ ਦੇ ਰਾਜੇ ਦੀ ਪਦਵੀ ਕਿਸ ਨੇ ਅਪਣਾਈ?

27 ਪਰ ਆਧੁਨਿਕ ਦਿਨ ਦਾ ਦੱਖਣ ਦਾ ਰਾਜਾ ਕੌਣ ਸਾਬਤ ਹੋਇਆ? ਇਤਿਹਾਸ ਦਿਖਾਉਂਦਾ ਹੈ ਕਿ 17ਵੀਂ ਸਦੀ ਵਿਚ ਬਰਤਾਨੀਆ ਮਹਾਨ ਨੇ ਸਾਮਰਾਜੀ ਸੱਤਾ ਅਪਣਾਈ। ਕਿਉਂਕਿ ਨੈਪੋਲੀਅਨ ਪਹਿਲਾ ਬਰਤਾਨਵੀ ਵਪਾਰ ਮਾਰਗਾਂ ਨੂੰ ਨਸ਼ਟ ਕਰਨਾ ਚਾਹੁੰਦਾ ਸੀ, ਉਸ ਨੇ 1798 ਵਿਚ ਮਿਸਰ ਉੱਤੇ ਹਮਲਾ ਕੀਤਾ। ਇਸ ਤੋਂ ਜੰਗ ਸ਼ੁਰੂ ਹੋ ਗਈ ਅਤੇ ਇਕ ਬਰਤਾਨਵੀ-ਉਸਮਾਨੀ ਗੱਠਜੋੜ ਨੇ ਫਰਾਂਸੀਸੀਆਂ ਨੂੰ ਮਿਸਰ ਵਿੱਚੋਂ ਨਿਕਲਣ ਲਈ ਮਜਬੂਰ ਕਰ ਦਿੱਤਾ। ਯਾਦ ਰੱਖਿਆ ਜਾਵੇ ਕਿ ਮਿਸਰ, ਸੰਘਰਸ਼ ਦੇ ਸ਼ੁਰੂ ਵਿਚ ਦੱਖਣ ਦਾ ਰਾਜਾ ਸੀ। ਅਗਲੀ ਸਦੀ ਵਿਚ ਮਿਸਰ ਉੱਪਰ ਬਰਤਾਨਵੀ ਪ੍ਰਭਾਵ ਵਧਦਾ ਗਿਆ। ਸੰਨ 1882 ਤੋਂ ਬਾਅਦ, ਮਿਸਰ ਅਸਲ ਵਿਚ ਬਰਤਾਨੀਆ ਦੇ ਅਧਿਕਾਰ ਹੇਠਾਂ ਆ ਗਿਆ। ਜਦੋਂ 1914 ਵਿਚ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ, ਉਦੋਂ ਮਿਸਰ ਤੁਰਕੀ ਦੀ ਅਮਾਨਤ ਸੀ ਅਤੇ ਉਸ ਉੱਤੇ ਇਕ ਖਦੀਵ, ਜਾਂ ਵਾਇਸਰਾਇ ਹਕੂਮਤ ਕਰਦਾ ਸੀ। ਉਸ ਯੁੱਧ ਵਿਚ ਜਦੋਂ ਤੁਰਕੀ ਨੇ ਜਰਮਨੀ ਦਾ ਸਾਥ ਦਿੱਤਾ, ਤਾਂ ਬਰਤਾਨੀਆ ਨੇ ਖਦੀਵ ਨੂੰ ਗੱਦੀ ਤੋਂ ਲਾਹ ਕੇ ਮਿਸਰ ਨੂੰ ਬਰਤਾਨੀਆ ਦਾ ਇਕ ਸੁਰੱਖਿਆ ਅਧੀਨ ਰਾਜ ਬਣਾ ਦਿੱਤਾ। ਬਰਤਾਨੀਆ ਅਤੇ ਸੰਯੁਕਤ ਰਾਜ ਅਮਰੀਕਾ ਹੌਲੀ-ਹੌਲੀ ਨਜ਼ਦੀਕ ਆ ਗਏ ਅਤੇ ਉਹ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਬਣ ਗਏ। ਉਨ੍ਹਾਂ ਨੇ ਇਕੱਠਿਆਂ ਦੱਖਣ ਦੇ ਰਾਜੇ ਦੀ ਪਦਵੀ ਅਪਣਾਈ।

[ਫੁਟਨੋਟ]

^ ਪੈਰਾ 17 ਕਿਉਂਕਿ ਇਹ ਨਾਂ “ਉੱਤਰ ਦਾ ਰਾਜਾ” ਅਤੇ “ਦੱਖਣ ਦਾ ਰਾਜਾ” ਪਦਵੀਆਂ ਹੀ ਹਨ, ਉਹ ਕਿਸੇ ਵੀ ਰਾਜ ਕਰਨ ਵਾਲੇ ਰਾਜੇ, ਰਾਣੀ, ਜਾਂ ਕੌਮ ਨੂੰ ਸੰਕੇਤ ਕਰ ਸਕਦੇ ਹਨ।

ਅਸੀਂ ਕੀ ਸਿੱਖਿਆ?

• ਉੱਤਰ ਦੇ ਰਾਜੇ ਵਜੋਂ ਕਿਹੜਾ ਰੋਮੀ ਸ਼ਹਿਨਸ਼ਾਹ ਪਹਿਲਾਂ ਉੱਠਿਆ, ਅਤੇ ਉਸ ਨੇ ਇਕ “ਚੁੰਗੀ” ਕਦੋਂ ਭੇਜੀ ਸੀ?

• ਅਗਸਟਸ ਤੋਂ ਬਾਅਦ ਉੱਤਰ ਦਾ ਰਾਜਾ ਕੌਣ ਸਾਬਤ ਹੋਇਆ ਅਤੇ “ਨੇਮ ਦਾ ਸ਼ਜ਼ਾਦਾ” ਕਿਵੇਂ ‘ਤੋੜਿਆ ਗਿਆ’ ਸੀ?

• ਉੱਤਰ ਦੇ ਰਾਜੇ ਵਜੋਂ, ਓਰੀਲੀਅਨ ਅਤੇ ਦੱਖਣ ਦੇ ਰਾਜੇ ਵਜੋਂ, ਜ਼ਨੋਬੀਆ ਵਿਚਕਾਰ ਹੋਏ ਸੰਘਰਸ਼ ਦਾ ਕੀ ਨਤੀਜਾ ਨਿਕਲਿਆ ਸੀ?

• ਰੋਮੀ ਸਾਮਰਾਜ ਨੂੰ ਕੀ ਹੋਇਆ, ਅਤੇ 19ਵੀਂ ਸਦੀ ਦੇ ਅੰਤ ਤਕ ਕਿਹੜੀਆਂ ਸ਼ਕਤੀਆਂ ਨੇ ਇਨ੍ਹਾਂ ਦੋ ਰਾਜਿਆਂ ਦੀਆਂ ਪਦਵੀਆਂ ਅਪਣਾਈਆਂ?

[ਸਵਾਲ]

[Box/Picture on page 248-251]

ਇਕ ਮਾਣਯੋਗ ਅਤੇ ਦੂਜਾ ਘਿਣਾਉਣਾ ਪਾਤਸ਼ਾਹ

ਇਨ੍ਹਾਂ ਦੋਹਾਂ ਪਾਤਸ਼ਾਹਾਂ ਵਿੱਚੋਂ ਇਕ ਨੇ ਆਪਣੇ ਸੰਕਟ-ਭਰੇ ਗਣਰਾਜ ਨੂੰ ਵਿਸ਼ਵ ਸਾਮਰਾਜ ਵਿਚ ਬਦਲ ਦਿੱਤਾ ਅਤੇ ਦੂਜੇ ਨੇ 23 ਸਾਲਾਂ ਦੇ ਅੰਦਰ-ਅੰਦਰ ਉਸ ਦੀ ਧਨ-ਦੌਲਤ ਨੂੰ ਵੀਹ ਗੁਣਾ ਵਧਾ ਲਿਆ। ਉਨ੍ਹਾਂ ਦੇ ਜੀਵਨਾਂ ਦੇ ਅੰਤ ਤੇ ਇਕ ਪਾਤਸ਼ਾਹ ਮਾਣਯੋਗ ਸਾਬਤ ਹੋਇਆ ਅਤੇ ਦੂਜਾ ਘਿਣਾਉਣਾ। ਰੋਮ ਦੇ ਇਹ ਦੋ ਸ਼ਹਿਨਸ਼ਾਹ ਯਿਸੂ ਦੇ ਜੀਵਨ ਕਾਲ ਅਤੇ ਸੇਵਾ ਦੌਰਾਨ ਰਾਜ ਕਰ ਰਹੇ ਸਨ। ਇਹ ਸ਼ਹਿਨਸ਼ਾਹ ਕੌਣ ਸਨ? ਅਤੇ ਇਕ ਦਾ ਮਾਣ ਕਿਉਂ ਕੀਤਾ ਗਿਆ ਸੀ ਜਦ ਕਿ ਦੂਜੇ ਦਾ ਨਹੀਂ?

ਉਸ ਨੇ “ਰੋਮ ਨੂੰ ਇੱਟ-ਪੱਥਰ ਦੇ ਰੂਪ ਵਿਚ ਪਾਇਆ ਪਰ ਸੰਗਮਰਮਰ ਵਿਚ ਬਦਲ ਦਿੱਤਾ”

ਜਦੋਂ ਜੂਲੀਅਸ ਕੈਸਰ ਦਾ 44 ਸਾ.ਯੁ.ਪੂ. ਵਿਚ ਕਤਲ ਕੀਤਾ ਗਿਆ ਸੀ, ਉਸ ਦੀ ਭੈਣ ਦਾ ਦੋਹਤਾ ਗੇਅਸ ਆਕਟੇਵੀਅਨ ਸਿਰਫ਼ 18 ਸਾਲ ਦੀ ਉਮਰ ਦਾ ਸੀ। ਜੂਲੀਅਸ ਕੈਸਰ ਦੇ ਗੋਦ ਲਏ ਹੋਏ ਪੁੱਤਰ ਅਤੇ ਮੁੱਖ ਨਿੱਜੀ ਵਾਰਸ ਵਜੋਂ, ਜਵਾਨ ਆਕਟੇਵੀਅਨ ਤੁਰੰਤ ਹੀ ਰੋਮ ਨੂੰ ਰਵਾਨਾ ਹੋਇਆ ਤਾਂਕਿ ਉਹ ਆਪਣੀ ਵਿਰਾਸਤ ਲੈ ਸਕੇ। ਉੱਥੇ ਉਸ ਦਾ ਇਕ ਡਾਢੇ ਵਿਰੋਧੀ ਨਾਲ ਟਾਕਰਾ ਹੋਇਆ—ਕੈਸਰ ਦਾ ਮੁੱਖ ਲੈਫਟੀਨੈਂਟ, ਮਾਰਕ ਐਂਟੋਨੀ, ਜੋ ਕਿ ਖ਼ੁਦ ਵਾਰਸ ਬਣਨ ਦੀ ਆਸ ਵਿਚ ਬੈਠਾ ਹੋਇਆ ਸੀ। ਇਸ ਦੇ ਮਗਰੋਂ ਘੜੀਆਂ ਗਈਆਂ ਸਿਆਸੀ ਜੁਗਤਾਂ ਅਤੇ ਸੱਤਾ ਲਈ ਸੰਘਰਸ਼ 13 ਸਾਲਾਂ ਲਈ ਜਾਰੀ ਰਹੀ।

ਮਿਸਰੀ ਮਹਾਰਾਣੀ ਕਲੀਓਪੇਟਰਾ ਅਤੇ ਉਸ ਦੇ ਮਾਸ਼ੂਕ ਮਾਰਕ ਐਂਟੋਨੀ ਦੀਆਂ ਸਾਰੀਆਂ ਸੈਨਿਕ ਸ਼ਕਤੀਆਂ ਨੂੰ (31 ਸਾ.ਯੁ.ਪੂ. ਵਿਚ) ਹਰਾਉਣ ਤੋਂ ਬਾਅਦ ਹੀ ਆਕਟੇਵੀਅਨ ਰੋਮੀ ਸਾਮਰਾਜ ਦਾ ਅਸਲੀ ਹਾਕਮ ਸਾਬਤ ਹੋਇਆ। ਅਗਲੇ ਸਾਲ ਐਂਟੋਨੀ ਅਤੇ ਕਲੀਓਪੇਟਰਾ ਨੇ ਖ਼ੁਦਕਸ਼ੀ ਕਰ ਲਈ ਅਤੇ ਆਕਟੇਵੀਅਨ ਨੇ ਮਿਸਰ ਨੂੰ ਆਪਣੇ ਰਾਜ ਵਿਚ ਮਿਲਾ ਲਿਆ। ਇਸ ਤਰ੍ਹਾਂ ਯੂਨਾਨੀ ਸਾਮਰਾਜ ਦਾ ਅਖ਼ੀਰਲਾ ਨਿਸ਼ਾਨ ਮਿਟਾਇਆ ਗਿਆ, ਅਤੇ ਰੋਮ ਵਿਸ਼ਵ ਸ਼ਕਤੀ ਬਣ ਗਿਆ।

ਆਕਟੇਵੀਅਨ ਨੇ ਸ਼ੁਰੂ ਵਿਚ ਹੀ ਇਹ ਯਾਦ ਰੱਖਿਆ ਕਿ ਜੂਲੀਅਸ ਕੈਸਰ ਦੇ ਇੰਨੇ ਜ਼ੁਲਮੀ ਰਾਜ ਕਰਕੇ ਹੀ ਉਸ ਦਾ ਕਤਲ ਕੀਤਾ ਗਿਆ ਸੀ। ਆਕਟੇਵੀਅਨ ਇਸ ਗ਼ਲਤੀ ਨੂੰ ਦੁਹਰਾਉਣਾ ਨਹੀਂ ਚਾਹੁੰਦਾ ਸੀ। ਉਸ ਨੇ ਉਨ੍ਹਾਂ ਰੋਮੀ ਲੋਕਾਂ ਨੂੰ ਖ਼ੁਸ਼ ਰੱਖਣ ਲਈ ਜੋ ਇਕ ਗਣਰਾਜ ਨੂੰ ਪਸੰਦ ਕਰਦੇ ਸਨ, ਆਪਣੀ ਬਾਦਸ਼ਾਹੀ ਨੂੰ ਇਕ ਗਣਰਾਜ ਸਰਕਾਰ ਦਾ ਰੂਪ ਦਿੱਤਾ। ਉਸ ਨੇ “ਬਾਦਸ਼ਾਹ” ਅਤੇ “ਤਾਨਾਸ਼ਾਹ” ਦੇ ਖ਼ਿਤਾਬਾਂ ਨੂੰ ਠੁਕਰਾ ਦਿੱਤਾ। ਇਸ ਤੋਂ ਇਲਾਵਾ, ਉਸ ਨੇ ਸਾਰਿਆਂ ਸੂਬਿਆਂ ਦੇ ਕੰਟ੍ਰੋਲ ਨੂੰ ਰੋਮੀ ਰਾਜ-ਸਭਾ ਦੇ ਹੱਥਾਂ ਵਿਚ ਦੇਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਅਤੇ ਆਪਣੀਆਂ ਪਦਵੀਆਂ ਤੋਂ ਹਟਣ ਦੀ ਪੇਸ਼ਕਸ਼ ਕੀਤੀ। ਇਹ ਚਾਲ ਸਫ਼ਲ ਹੋਈ। ਕਦਰਦਾਨ ਰਾਜ-ਸਭਾ ਨੇ ਆਕਟੇਵੀਅਨ ਉੱਤੇ ਜ਼ੋਰ ਪਾਇਆ ਕਿ ਉਹ ਆਪਣੀਆਂ ਪਦਵੀਆਂ ਨੂੰ ਨਾ ਤਿਆਗੇ ਅਤੇ ਕੁਝ ਸੂਬਿਆਂ ਉੱਪਰ ਆਪਣਾ ਕੰਟ੍ਰੋਲ ਰੱਖੇ।

ਇਸ ਤੋਂ ਇਲਾਵਾ, 16 ਜਨਵਰੀ, 27 ਸਾ.ਯੁ.ਪੂ. ਨੂੰ ਰਾਜ-ਸਭਾ ਨੇ ਆਕਟੇਵੀਅਨ ਨੂੰ “ਅਗਸਟਸ” ਦਾ ਖ਼ਿਤਾਬ ਦਿੱਤਾ, ਜਿਸ ਦਾ ਅਰਥ ਹੈ ‘ਮਹਾਨ ਅਤੇ ਪੂਜਨੀਕ।’ ਆਕਟੇਵੀਅਨ ਨੇ ਸਿਰਫ਼ ਇਹ ਖ਼ਿਤਾਬ ਹੀ ਨਹੀਂ ਸਵੀਕਾਰ ਕੀਤਾ, ਸਗੋਂ ਉਸ ਨੇ ਆਪਣੇ ਨਾਂ ਤੋਂ ਇਕ ਮਹੀਨੇ ਦਾ ਨਾਂ ਵੀ ਰੱਖਿਆ ਅਤੇ ਫਰਵਰੀ ਦੇ ਮਹੀਨੇ ਵਿੱਚੋਂ ਇਕ ਦਿਨ ਲੈ ਕੇ ਅਗਸਤ ਦੇ ਮਹੀਨੇ ਵਿਚ ਪਾ ਦਿੱਤਾ ਤਾਂਕਿ ਇਸ ਵਿਚ ਜੁਲਾਈ ਦੇ ਮਹੀਨੇ ਜਿੰਨੇ ਦਿਨ ਹੋਣ, ਅਰਥਾਤ ਜੂਲੀਅਸ ਕੈਸਰ ਦੇ ਨਾਂ ਦੇ ਮਹੀਨੇ ਜਿੰਨੇ ਦਿਨ ਹੋਣ। ਇਸ ਤਰ੍ਹਾਂ ਆਕਟੇਵੀਅਨ ਰੋਮ ਦਾ ਪਹਿਲਾ ਸ਼ਹਿਨਸ਼ਾਹ ਬਣਿਆ ਅਤੇ ਇਸ ਤੋਂ ਬਾਅਦ ਕੈਸਰ ਅਗਸਟਸ ਜਾਂ “ਅਗਸਟ ਪਹਿਲਾ” ਦੇ ਨਾਂ ਵਜੋਂ ਜਾਣਿਆ ਜਾਣ ਲੱਗਾ। ਬਾਅਦ ਵਿਚ ਉਸ ਨੇ ­“ਪੌਂਟੀਫੈਕਸ ਮੈਕਸਿਮਸ” (ਮੁੱਖ ਜਾਜਕ) ਦਾ ਖ਼ਿਤਾਬ ਵੀ ਅਪਣਾ ਲਿਆ, ਅਤੇ 2 ਸਾ.ਯੁ.ਪੂ. ਵਿਚ, ਯਾਨੀ ਕਿ ਯਿਸੂ ਦੇ ਜਨਮ ਦੇ ਸਾਲ ਵਿਚ, ਰਾਜ-ਸਭਾ ਨੇ ਉਸ ਨੂੰ ਪੇਟਰ ਪੈਟਰਾਈ ਜਾਂ ‘ਆਪਣੇ ਦੇਸ਼ ਦਾ ਪਿਤਾ’ ਖ਼ਿਤਾਬ ਦਿੱਤਾ।

ਉਸੇ ਸਾਲ ‘ਕੈਸਰ ਅਗਸਟਸ ਦੇ ਕੋਲੋਂ ਹੁਕਮ ਨਿੱਕਲਿਆ ਜੋ ਸਾਰੀ ਦੁਨੀਆ ਦੀ ਮਰਦੁਮਸ਼ੁਮਾਰੀ ਹੋਵੇ। ਤਦੋਂ ਸਭ ਆਪੋ ਆਪਣੇ ਨਗਰ ਨੂੰ ਨਾਉਂ ਲਿਖਾਉਣ ਚੱਲੇ ਗਏ।’ (ਲੂਕਾ 2:1-3) ਇਸ ਹੁਕਮ ਦੇ ਨਤੀਜੇ ਵਜੋਂ, ਬਾਈਬਲ ਦੀ ਭਵਿੱਖਬਾਣੀ ਦੇ ਅਨੁਸਾਰ, ਯਿਸੂ ਦਾ ਜਨਮ ਬੈਤਲਹਮ ਵਿਚ ਹੋਇਆ ਸੀ।—ਦਾਨੀਏਲ 11:20; ਮੀਕਾਹ 5:2.

ਅਗਸਟਸ ਦੇ ਅਧੀਨ ਸਰਕਾਰ ਕੁਝ ਹੱਦ ਤਕ ਇਮਾਨਦਾਰ ਸੀ ਅਤੇ ਦੇਸ਼ ਦੀ ਕਰੰਸੀ ਸਥਿਰ ਸੀ। ਅਗਸਟਸ ਨੇ ਡਾਕ ਦਾ ਵੀ ਇਕ ਚੰਗਾ ਪ੍ਰਬੰਧ ਕੀਤਾ ਨਾਲੇ ਸੜਕਾਂ ਅਤੇ ਪੁਲ ਵੀ ਬਣਾਏ। ਉਸ ਨੇ ਸੈਨਾ ਦਾ ਮੁੜ ਪ੍ਰਬੰਧ ਕੀਤਾ ਅਤੇ ਇਕ ਮਜ਼ਬੂਤ ਜਲ-ਸੈਨਾ ਵੀ ਬਣਾਈ। ਅਤੇ ਉਸ ਨੇ ਪਲਟਣ ਨਾਮਕ ਸ਼ਾਹੀ ਗਾਰਦਾਂ ਦਾ ਇਕ ਸ੍ਰੇਸ਼ਟ ਦਲ ਬਣਾਇਆ। (ਫ਼ਿਲਿੱਪੀਆਂ 1:13) ਉਸ ਦੀ ਸਹਾਇਤਾ ਨਾਲ, ਵਰਜਿਲ ਅਤੇ ਹੋਰੇਸ ਵਰਗੇ ਕਵੀ ਕਾਮਯਾਬ ਹੋਏ ਅਤੇ ਬੁੱਤਕਾਰਾਂ ਨੇ ਉਹ ਖੂਬਸੂਰਤ ਬੁੱਤ ਬਣਾਏ ਜਿਨ੍ਹਾਂ ਦੀ ਸ਼ੈਲੀ ਨੂੰ ਅੱਜ ਕਲਾਸਿਕੀ ਸੱਦਿਆ ਜਾਂਦਾ ਹੈ। ਅਗਸਟਸ ਨੇ ਜੂਲੀਅਸ ਕੈਸਰ ਦੁਆਰਾ ਸ਼ੁਰੂ ਕੀਤੀਆਂ ਇਮਾਰਤਾਂ ਨੂੰ ਵੀ ਪੂਰਾ ਕੀਤਾ ਅਤੇ ਅਨੇਕ ਮੰਦਰਾਂ ਨੂੰ ਮੁੜ ਕੇ ਸੰਵਾਰਿਆ। ਉਸ ਦੁਆਰਾ ਸ਼ੁਰੂ ਕੀਤਾ ਪੈਕਸ ਰੋਮਾਨਾ (“ਰੋਮੀ ਸ਼ਾਂਤੀ”) 200 ਸਾਲਾਂ ਤੋਂ ਜ਼ਿਆਦਾ ਸਮੇਂ ਤਕ ਜਾਰੀ ਰਿਹਾ। ਫਿਰ 76 ਸਾਲਾਂ ਦੀ ਉਮਰ ਤੇ, 19 ਅਗਸਤ, 14 ਸਾ.ਯੁ. ਨੂੰ ਅਗਸਟਸ ਦੀ ਮੌਤ ਹੋ ਗਈ ਅਤੇ ਉਸ ਨੂੰ ਦੇਵਤੇ ਵਜੋਂ ਪੂਜਿਆ ਜਾਣ ਲੱਗ ਪਿਆ।

ਅਗਸਟਸ ਨੇ ਸ਼ੇਖ਼ੀ ਮਾਰੀ ਸੀ ਕਿ ਉਸ ਨੇ “ਰੋਮ ਨੂੰ ਇੱਟ-ਪੱਥਰ ਦੇ ਰੂਪ ਵਿਚ ਪਾਇਆ ਪਰ ਸੰਗਮਰਮਰ ਵਿਚ ਬਦਲ ਦਿੱਤਾ।” ਉਹ ਨਹੀਂ ਚਾਹੁੰਦਾ ਸੀ ਕਿ ਰੋਮ ਨੂੰ ਮੁੜ ਕੇ ਕਠਿਨ ਸਮੇਂ ਦੇਖਣੇ ਪੈਣ, ਇਸ ਲਈ ਉਹ ਅਗਲੇ ਸ਼ਹਿਨਸ਼ਾਹ ਨੂੰ ਸਿੱਖਿਆ ਦੇਣ ਦਾ ਇਰਾਦਾ ਰੱਖਦਾ ਸੀ। ਪਰ ਵਾਰਸ ਦੇ ਸੰਬੰਧ ਵਿਚ ਉਹ ਮਜਬੂਰ ਸੀ। ਉਸ ਦਾ ਇਕ ਭਤੀਜਾ, ਦੋ ਦੋਹਤੇ, ਇਕ ਜਵਾਈ, ਅਤੇ ਇਕ ਮਤਰੇਆ ਪੁੱਤਰ ਸਭ ਮਰ ਚੁੱਕੇ ਸਨ, ਅਤੇ ਉਸ ਦੀ ਥਾਂ ਲੈਣ ਵਾਲਾ ਸਿਰਫ਼ ਉਸ ਦਾ ਮਤਰੇਆ ਪੁੱਤਰ ਟਾਈਬੀਰੀਅਸ ਹੀ ਰਹਿ ਗਿਆ ਸੀ।

‘ਘਿਣਾਉਣਾ ਪਾਤਸ਼ਾਹ’

ਅਗਸਟਸ ਦੀ ਮੌਤ ਤੋਂ ਬਾਅਦ ਹਾਲੇ ਮਹੀਨਾ ਵੀ ਨਹੀਂ ਲੰਘਿਆ ਸੀ ਕਿ ਰੋਮੀ ਰਾਜ-ਸਭਾ ਨੇ 54 ਸਾਲਾਂ ਦੇ ਟਾਈਬੀਰੀਅਸ ਨੂੰ ਸ਼ਹਿਨਸ਼ਾਹ ਬਣਾ ਦਿੱਤਾ। ਟਾਈਬੀਰੀਅਸ ਨੇ 37 ਸਾ.ਯੁ. ਤਕ ਰਾਜ ਕੀਤਾ ਜਦੋਂ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਉਹ ਯਿਸੂ ਦੀ ਜਨਤਕ ਸੇਵਾ ਦੌਰਾਨ ਰੋਮ ਦਾ ਸ਼ਹਿਨਸ਼ਾਹ ਸੀ।

ਇਕ ਸ਼ਹਿਨਸ਼ਾਹ ਵਜੋਂ, ਟਾਈਬੀਰੀਅਸ ਵਿਚ ਗੁਣ ਅਤੇ ਔਗੁਣ ਦੋਵੇਂ ਸਨ। ਉਸ ਦਾ ਇਕ ਗੁਣ ਇਹ ਸੀ ਕਿ ਉਹ ਐਸ਼ਪਰਸਤੀ ਉੱਤੇ ਫਜ਼ੂਲ ਪੈਸਾ ਨਹੀਂ ਖ਼ਰਚਦਾ ਸੀ। ਨਤੀਜੇ ਵਜੋਂ, ਸਾਮਰਾਜ ਵਧਦਾ-ਫੁੱਲਦਾ ਗਿਆ ਅਤੇ ਲੋੜ ਪੈਣ ਵੇਲੇ, ਜਿਵੇਂ ਕਿ ਬਿਪਤਾਵਾਂ ਅਤੇ ਸੰਕਟਾਂ ਦੇ ਸਮਿਆਂ ਵਿਚ, ਉਸ ਕੋਲ ਮਦਦ ਕਰਨ ਲਈ ਚੰਦਾ ਹੁੰਦਾ ਸੀ। ਟਾਈਬੀਰੀਅਸ ਦੀ ਤਾਰੀਫ਼ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਆਪ ਨੂੰ ਕੇਵਲ ਇਕ ਇਨਸਾਨ ਹੀ ਸਮਝਦਾ ਸੀ, ਉਸ ਨੇ ਅਨੇਕ ਸਨਮਾਨੀ ਖ਼ਿਤਾਬ ਠੁਕਰਾਏ, ਅਤੇ ਸਮਰਾਟ ਪੂਜਾ ਕਰਨ ਵਾਲਿਆਂ ਦਾ ਧਿਆਨ ਆਪਣੇ ਆਪ ਵੱਲ ਖਿੱਚਣ ਦੀ ਬਜਾਇ ਆਮ ਤੌਰ ਤੇ ਅਗਸਟਸ ਵੱਲ ਖਿੱਚਦਾ ਸੀ। ਉਸ ਨੇ ਕਿਸੇ ਕਲੰਡਰ ਦੇ ਮਹੀਨੇ ਦਾ ਨਾਂ ਆਪਣੇ ਨਾਂ ਤੋਂ ਨਹੀਂ ਰੱਖਿਆ, ਜਿਵੇਂ ਕਿ ਅਗਸਟਸ ਅਤੇ ਜੂਲੀਅਸ ਕੈਸਰ ਨੇ ਰੱਖੇ ਸਨ, ਨਾ ਹੀ ਉਸ ਨੇ ਦੂਜਿਆਂ ਨੂੰ ਉਸ ਨੂੰ ਇਸ ਤਰ੍ਹਾਂ ਸਨਮਾਨਿਤ ਕਰਨ ਦਿੱਤਾ।

ਪਰ ਟਾਈਬੀਰੀਅਸ ਦੇ ਔਗੁਣ ਉਸ ਦੇ ਗੁਣਾਂ ਨਾਲੋਂ ਕਿਤੇ ਹੀ ਜ਼ਿਆਦਾ ਸਨ। ਉਹ ਬਹੁਤ ਹੀ ਸ਼ੱਕੀ ਸੀ ਅਤੇ ਦੂਜਿਆਂ ਨਾਲ ਮਿਲ-ਵਰਤਣ ਵਿਚ ਪਖੰਡੀ ਸੀ, ਅਤੇ ਉਸ ਨੇ ਆਪਣੇ ਰਾਜ ਵਿਚ ਬਹੁਤ ਕਤਲ ਕਰਵਾਏ—ਸ਼ਿਕਾਰਾਂ ਵਿੱਚੋਂ ਕਈ ਉਸ ਦੇ ਪਹਿਲਾਂ ਮਿੱਤਰ ਹੁੰਦੇ ਸਨ। ਉਸ ਨੇ ਰਾਜਧਰੋਹ ਦਾ ਕਾਨੂੰਨ ਇੰਨਾ ਵਧਾਇਆ-ਚੜ੍ਹਾਇਆ ਕਿ ਇਸ ਵਿਚ ਵਿਦਰੋਹੀ ਕੰਮਾਂ ਤੋਂ ਇਲਾਵਾ, ਉਸ ਦੇ ਆਪਣੇ ਵਿਰੁੱਧ ਛੋਟੀ-ਮੋਟੀ ਨਿੰਦਾ ਵੀ ਸ਼ਾਮਲ ਕੀਤੀ ਗਈ ਸੀ। ਇਹ ਸੰਭਵ ਹੈ ਕਿ ਇਸ ਕਾਨੂੰਨ ਦੀ ਮਦਦ ਨਾਲ ਹੀ ਯਹੂਦੀਆਂ ਨੇ ਰੋਮੀ ਹਾਕਮ ­ਪੁੰਤਿਯੁਸ ਪਿਲਾਤੁਸ ਉੱਤੇ ਜ਼ੋਰ ਪਾ ਕੇ ਯਿਸੂ ਨੂੰ ਮਰਵਾਇਆ ਸੀ।—ਯੂਹੰਨਾ 19:12-16.

ਟਾਈਬੀਰੀਅਸ ਨੇ ਸ਼ਹਿਰ ਦੀਆਂ ਕੰਧਾਂ ਤੋਂ ਉੱਤਰ ਵੱਲ ਫ਼ੌਜੀਆਂ ਦੀਆਂ ਮਜ਼ਬੂਤ ਰਿਹਾਇਸ਼ੀ ਕੋਠੜੀਆਂ ਬਣਾ ਕੇ ਪਲਟਣ ਨੂੰ ਰੋਮ ਦੇ ਨਜ਼ਦੀਕ ਰੱਖਿਆ। ਗਾਰਦਾਂ ਦੀ ਮੌਜੂਦਗੀ ਕਰਕੇ ਰੋਮੀ ਰਾਜ-ਸਭਾ ਥੋੜ੍ਹਾ-ਬਹੁਤਾ ਡਰਦੀ ਸੀ। ਇਹ ਸਭਾ ਟਾਈਬੀਰੀਅਸ ਦੀ ਹਕੂਮਤ ਲਈ ਇਕ ਖ਼ਤਰਾ ਪੇਸ਼ ਕਰਦੀ ਸੀ। ਗਾਰਦ ਬੇਲਗਾਮ ਲੋਕਾਂ ਉੱਪਰ ਵੀ ਨਿਗਾਹ ਰੱਖਦੇ ਸਨ। ਟਾਈਬੀਰੀਅਸ ਨੇ ਜਾਸੂਸ ਵੀ ਰੱਖੇ ਹੋਏ ਸਨ ਅਤੇ ਉਸ ਦੇ ਰਾਜ ਦੇ ਅਖ਼ੀਰਲੇ ਦਿਨ ਬਹੁਤ ਹੀ ਜ਼ੁਲਮੀ ਸਨ।

ਟਾਈਬੀਰੀਅਸ ਦੀ ਮੌਤ ਤਕ ਉਸ ਨੂੰ ਇਕ ਜ਼ਾਲਮ ਹਾਕਮ ਸਮਝਿਆ ਗਿਆ ਸੀ। ਜਦੋਂ ਉਸ ਦੀ ਮੌਤ ਹੋਈ, ਤਾਂ ਰੋਮੀ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਰਾਜ-ਸਭਾ ਨੇ ਉਸ ਨੂੰ ਦੇਵਤਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਅਤੇ ਦੂਜਿਆਂ ਕਾਰਨਾਂ ਕਰਕੇ, ਅਸੀਂ ਟਾਈਬੀਰੀਅਸ ਉੱਤੇ ਪੂਰੀ ਹੋਈ ਉਸ ਭਵਿੱਖਬਾਣੀ ਦੀ ਪੂਰਤੀ ਦੇਖਦੇ ਹਾਂ ਜੋ ਕਹਿੰਦੀ ਹੈ ਕਿ ‘ਇਕ ਘਿਣਾਉਣਾ ਪਾਤਸ਼ਾਹ,’ ‘ਉੱਤਰ ਦੇ ਰਾਜੇ’ ਵਜੋਂ ਉੱਠੇਗਾ।—ਦਾਨੀਏਲ 11:15, 21.

ਅਸੀਂ ਕੀ ਸਿੱਖਿਆ?

• ਆਕਟੇਵੀਅਨ ਰੋਮੀ ਸਾਮਰਾਜ ਦਾ ਪਹਿਲਾ ਸ਼ਹਿਨਸ਼ਾਹ ਕਿਵੇਂ ਬਣਿਆ?

• ਅਗਸਟਸ ਦੀ ਸਰਕਾਰ ਦੀਆਂ ਕਾਮਯਾਬੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ?

• ਟਾਈਬੀਰੀਅਸ ਦੇ ਗੁਣ ਅਤੇ ਔਗੁਣ ਕੀ ਸਨ?

• ਟਾਈਬੀਰੀਅਸ ਵਿਚ ‘ਇਕ ਘਿਣਾਉਣੇ ਪਾਤਸ਼ਾਹ’ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ?

[ਤਸਵੀਰ]

ਟਾਈਬੀਰੀਅਸ

[ਸਫ਼ੇ 252-255 ਉੱਤੇ ਡੱਬੀ/ਤਸਵੀਰਾਂ]

ਜ਼ਨੋਬੀਆ—ਪੈਲਮਾਈਰਾ ਦੀ ਯੋਧਾ ਮਹਾਰਾਣੀ

‘ਉਸ ਦਾ ਭੂਰਾ-ਭੂਰਾ ਰੰਗ, ਉਸ ਦੇ ਮੋਤੀਆਂ ਵਰਗੇ ਚਿੱਟੇ ਦੰਦ, ਅਤੇ ਉਸ ਦੀਆਂ ਕਾਲੀਆਂ-ਕਾਲੀਆਂ ਅਤੇ ਚਮਕੀਲੀਆਂ ਅੱਖਾਂ, ਉਸ ਨੂੰ ਖੂਬਸੂਰਤ ਬਣਾਉਂਦੀਆਂ ਸਨ। ਉਸ ਦੀ ਆਵਾਜ਼ ਸੁਰੀਲੀ ਪਰ ਮਜ਼ਬੂਤ ਸੀ। ਉਹ ਅਧਿਐਨ ਦੀ ਸ਼ੌਕੀਨ ਸੀ ਅਤੇ ਮਰਦਾਂ ਵਾਂਗ ਤਰਕਸ਼ੀਲ ਸੀ। ਉਹ ਲਾਤੀਨੀ ਭਾਸ਼ਾ ਸਮਝ ਲੈਂਦੀ ਸੀ, ਪਰ ਉਹ ਯੂਨਾਨੀ, ਸੀਰੀਆਈ, ਅਤੇ ਮਿਸਰੀ ਭਾਸ਼ਾਵਾਂ ਵੀ ਚੰਗੀ ਤਰ੍ਹਾਂ ਜਾਣਦੀ ਸੀ।’ ਇਤਿਹਾਸਕਾਰ ਐਡਵਰਡ ਗਿਬਨ ਨੇ ਜ਼ਨੋਬੀਆ, ਅਰਥਾਤ ਸੀਰੀਆ ਦੇ ਪੈਲਮਾਈਰਾ ਸ਼ਹਿਰ ਦੀ ਯੋਧਾ ਮਹਾਰਾਣੀ ਦੀ ਤਾਰੀਫ਼ ਵਿਚ ਇਹ ਕਿਹਾ।

ਜ਼ਨੋਬੀਆ ਦਾ ਪਤੀ ਓਡੀਨੇਥਸ ਨਾਂ ਦਾ ਮਨੁੱਖ ਪੈਲਮਾਈਰਾ ਦੇ ਇਕ ਉੱਚੇ ਘਰਾਣੇ ਵਿੱਚੋਂ ਸੀ। ਉਸ ਨੂੰ 258 ਸਾ.ਯੁ. ਵਿਚ ਰੋਮ ਦੇ ਰਾਜ-ਪ੍ਰਤਿਨਿਧ ਦੀ ਪਦਵੀ ਦਿੱਤੀ ਗਈ ਸੀ, ਕਿਉਂਕਿ ਉਸ ਨੇ ਰੋਮੀ ਸਾਮਰਾਜ ਦੇ ਨਿਮਿੱਤ ਫ਼ਾਰਸ ਦੇ ਵਿਰੁੱਧ ਸਫ਼ਲਤਾਪੂਰਵਕ ਕਾਰਵਾਈ ਕੀਤੀ ਸੀ। ਦੋ ਸਾਲ ਬਾਅਦ, ਰੋਮੀ ਸ਼ਹਿਨਸ਼ਾਹ ਗੈਲੀਏਨਸ ਨੇ ਓਡੀਨੇਥਸ ਨੂੰ ਕੋਰੈਕਟਰ ਟੋਟੀਅਸ ਓਰੀਐਂਟਸ (ਤਮਾਮ ਪੂਰਬ ਦਾ ਹਾਕਮ) ਦੀ ਪਦਵੀ ਦਿੱਤੀ। ਇਹ ਪਦਵੀ ਉਸ ਨੂੰ ਇਕ ਇਨਾਮ ਵਜੋਂ ਦਿੱਤੀ ਜਾ ਰਹੀ ਸੀ ਕਿਉਂਕਿ ਉਸ ਨੇ ਫ਼ਾਰਸ ਦੇ ਰਾਜੇ ਸ਼ਾਪੂਰ ਪਹਿਲੇ ਨੂੰ ਹਰਾ ਦਿੱਤਾ ਸੀ। ਅੰਤ ਵਿਚ ਓਡੀਨੇਥਸ ਨੇ ਆਪਣੇ ਆਪ ਨੂੰ “ਰਾਜਿਆਂ ਦਾ ਰਾਜਾ” ਖ਼ਿਤਾਬ ਦਿੱਤਾ। ਕਾਫ਼ੀ ਹੱਦ ਤਕ ਓਡੀਨੇਥਸ ਦੀਆਂ ਕਾਮਯਾਬੀਆਂ ਜ਼ਨੋਬੀਆ ਦੀ ਬਹਾਦਰੀ ਅਤੇ ਸਮਝਦਾਰੀ ਦੇ ਕਾਰਨ ਸਨ।

ਜ਼ਨੋਬੀਆ ਇਕ ਸਾਮਰਾਜ ਬਣਾਉਣ ਦੀ ਇੱਛਾ ਰੱਖਦੀ ਹੈ

ਸੰਨ 267 ਸਾ.ਯੁ. ਵਿਚ ਓਡੀਨੇਥਸ ਦੇ ਪੇਸ਼ੇ ਦੀ ਚੜ੍ਹਦੀ ਕਲਾ ਵਿਚ ਉਸ ਦਾ ਅਤੇ ਉਸ ਦੇ ਵਾਰਸ ਦਾ ਕਤਲ ਕਰ ਦਿੱਤਾ ਗਿਆ। ਜ਼ਨੋਬੀਆ ਨੇ ਆਪਣੇ ਪਤੀ ਦੀ ਪਦਵੀ ਸਾਂਭ ਲਈ ਕਿਉਂਕਿ ਰਾਜ ਕਰਨ ਲਈ ਉਸ ਦਾ ਪੁੱਤਰ ਅਜੇ ਛੋਟਾ ਸੀ। ਜ਼ਨੋਬੀਆ ਸੋਹਣੀ-ਸੁਨੱਖੀ, ਅਭਿਲਾਸ਼ੀ ਅਤੇ ਇਕ ਪ੍ਰਬੰਧਕ ਵਜੋਂ ਕਾਬਲ ਔਰਤ ਸੀ। ਉਹ ਆਪਣੇ ਪਤੀ ਦੀਆਂ ਕਾਰਵਾਈਆਂ ਵਿਚ ਹਿੱਸਾ ਲੈਂਦੀ ਹੁੰਦੀ ਸੀ ਅਤੇ ਕਈ ਭਾਸ਼ਾਵਾਂ ਚੰਗੀ ਤਰ੍ਹਾਂ ਬੋਲ ਸਕਦੀ ਸੀ। ਇਸ ਕਾਰਨ ਉਹ ਆਪਣੀ ਪਰਜਾ ਦੇ ਮਾਣ ਅਤੇ ਸਹਾਰੇ ਦੀ ਹੱਕਦਾਰ ਬਣ ਗਈ। ਜ਼ਨੋਬੀਆ ਨੂੰ ਵਿੱਦਿਆ ਦਾ ਬਹੁਤ ਹੀ ਸ਼ੌਕ ਸੀ ਅਤੇ ਬੁੱਧੀਮਾਨ ਲੋਕਾਂ ਨਾਲ ਸੰਗਤ ਰੱਖਣੀ ਪਸੰਦ ਕਰਦੀ ਸੀ। ਉਸ ਦੇ ਸਲਾਹਕਾਰਾਂ ਵਿੱਚੋਂ ਇਕ ਸੀ ਫ਼ਿਲਾਸਫ਼ਰ ਅਤੇ ਭਾਸ਼ਣਕਾਰ ਕੈਸੀਅਸ ਲਾਂਜਾਈਨਸ। ਕਿਹਾ ਜਾਂਦਾ ਹੈ ਕਿ ਇਸ ਫ਼ਿਲਾਸਫ਼ਰ ਨੂੰ ‘ਇਕ ਚਲਦੀ-ਫਿਰਦੀ ਲਾਇਬ੍ਰੇਰੀ ਅਤੇ ਅਜ਼ਾਇਬ-ਘਰ’ ਕਿਹਾ ਜਾਂਦਾ ਸੀ। ਰਿਚਰਡ ਸਟੋਨਮਨ ਅੰਗ੍ਰੇਜ਼ੀ ਵਿਚ ਆਪਣੀ ਪੁਸਤਕ ਪੈਲਮਾਈਰਾ ਅਤੇ ਉਸ ਦਾ ਸਾਮਰਾਜ—ਰੋਮ ਵਿਰੁੱਧ ਜ਼ਨੋਬੀਆ ਦਾ ਵਿਦਰੋਹ ਵਿਚ ਕਹਿੰਦਾ ਹੈ ਕਿ ‘ਓਡੀਨੇਥਸ ਦੀ ਮੌਤ ਤੋਂ ਪੰਜ ਸਾਲ ਬਾਅਦ ਦੇ ਸਮੇਂ ਦੌਰਾਨ, ਜ਼ਨੋਬੀਆ ਆਪਣੀ ਪਰਜਾ ਦੇ ਖ਼ਿਆਲਾਂ ਅਨੁਸਾਰ ਪੂਰਬ ਦੀ ਰਾਣੀ ਬਣ ਗਈ ਸੀ।’

ਜ਼ਨੋਬੀਆ ਦੇ ਰਾਜ ਦੇ ਇਕ ਪਾਸੇ ਫ਼ਾਰਸ ਸੀ, ਜਿਸ ਨੂੰ ਉਹ ਅਤੇ ਉਸ ਦਾ ਪਤੀ ਬਰਬਾਦ ਕਰ ਚੁੱਕੇ ਸਨ ਅਤੇ ਦੂਜੇ ਪਾਸੇ ਡਗਮਗਾ ਰਿਹਾ ਰੋਮ ਸੀ। ਰੋਮੀ ਸਾਮਰਾਜ ਵਿਚ ਉਸ ਸਮੇਂ ਦੀਆਂ ਹਾਲਤਾਂ ਬਾਰੇ ਇਤਿਹਾਸਕਾਰ ਜੇ. ਐੱਮ. ਰੌਬਰਟਸ ਕਹਿੰਦਾ ਹੈ ਕਿ ‘ਤੀਜੀ ਸਦੀ ਵਿਚ, ਪੂਰਬ ਅਤੇ ਪੱਛਮ ਦੀਆਂ ਸਰਹੱਦਾਂ ਦੇ ਦੋਹਾਂ ਪਾਸਿਆਂ ਤੋਂ ਰੋਮ ਲਈ ਕਠਿਨ ਸਮਾਂ ਸੀ, ਜਦ ਕਿ ਦੇਸ਼ ਦੇ ਅੰਦਰ ਅਸੈਨਿਕ ਲੜਾਈਆਂ-ਝਗੜੇ ਹੋ ਰਹੇ ਸਨ ਨਾਲੇ ਵਾਰਸਾਂ ਦੇ ਸੰਬੰਧ ਵਿਚ ਗੜਬੜੀਆਂ ਸ਼ੁਰੂ ਹੋ ਚੁੱਕੀਆਂ ਸਨ। ਵਾਰੀ-ਵਾਰੀ 22 ਸ਼ਹਿਨਸ਼ਾਹ (ਜਿਨ੍ਹਾਂ ਵਿਚ ਢੌਂਗੀ ਨਹੀਂ ਸ਼ਾਮਲ) ਆਏ ਅਤੇ ਗਏ। ਦੂਜੇ ਪਾਸੇ, ਸੀਰੀਆਈ ਰਾਣੀ ਆਪਣੇ ਰਾਜ-ਖੇਤਰ ਵਿਚ ਪੂਰੀ ਤਰ੍ਹਾਂ ਸਥਾਪਿਤ ਅਤੇ ਸਰਬ-ਅਧਿਕਾਰੀ ਹੋ ਗਈ ਸੀ। ਸਟੋਨਮਨ ਕਹਿੰਦਾ ਹੈ ਕਿ ‘ਇਹ ਨਿਸ਼ਚਿਤ ਕਰਦਿਆਂ ਕਿ ਇਨ੍ਹਾਂ ਦੋਹਾਂ [ਫ਼ਾਰਸੀ ਅਤੇ ਰੋਮੀ] ਸਾਮਰਾਜਾਂ ਵਿੱਚੋਂ ਇਕ ਮੁੱਖ ਸ਼ਕਤੀ ਨਾ ਬਣ ਜਾਵੇ, ਉਹ ਤੀਜਾ ਸਾਮਰਾਜ ਸਥਾਪਿਤ ਕਰਨ ਦਾ ਟੀਚਾ ਰੱਖਦੀ ਸੀ ਜਿਹੜਾ ਉਨ੍ਹਾਂ ਦੋਨਾਂ ਉੱਪਰ ਰਾਜ ਕਰਦਾ।’

ਜ਼ਨੋਬੀਆ ਲਈ 269 ਸਾ.ਯੁ. ਵਿਚ ਆਪਣੀ ਰਾਜ ਸ਼ਕਤੀ ਨੂੰ ਵਧਾਉਣ ਦਾ ਮੌਕਾ ਪੇਸ਼ ਹੋਇਆ, ਜਦੋਂ ਮਿਸਰ ਵਿਚ ਇਕ ਢੌਂਗੀ ਰਾਜਾ ਉੱਠਿਆ ਜਿਸ ਨੇ ਰੋਮੀ ਹਕੂਮਤ ਉੱਤੇ ਸ਼ੱਕ ਪੈਦਾ ਕੀਤਾ। ਜ਼ਨੋਬੀਆ ਦੀ ਫ਼ੌਜ ਨੇ ਤੁਰੰਤ ਹੀ ਮਿਸਰ ਜਾ ਕੇ ਵਿਦਰੋਹੀਆਂ ਨੂੰ ਕੁਚਲ ਦਿੱਤਾ ਅਤੇ ਉਸ ਦੇਸ਼ ਉੱਪਰ ਕਬਜ਼ਾ ਕਰ ਲਿਆ। ਆਪਣੇ ਆਪ ਨੂੰ ਮਿਸਰ ਦੀ ਰਾਣੀ ਬਣਾ ਕੇ, ਜ਼ਨੋਬੀਆ ਨੇ ਆਪਣੇ ਨਾਂ ਦੇ ਸਿੱਕੇ ਬਣਵਾਏ। ਹੁਣ ਉਸ ਦਾ ਰਾਜ ਨੀਲ ਦਰਿਆ ਤੋਂ ਲੈ ਕੇ ਫਰਾਤ ਦਰਿਆ ਤਕ ਸੀ। ਆਪਣੇ ਜੀਵਨ ਦੇ ਇਸ ਸਮੇਂ ਦੌਰਾਨ ਜ਼ਨੋਬੀਆ ‘ਦੱਖਣ ਦਾ ਰਾਜਾ’ ਸਾਬਤ ਹੋਈ।—ਦਾਨੀਏਲ 11:25, 26.

ਜ਼ਨੋਬੀਆ ਦਾ ਰਾਜਧਾਨੀ ਸ਼ਹਿਰ

ਜ਼ਨੋਬੀਆ ਨੇ ਆਪਣੇ ਰਾਜਧਾਨੀ ਸ਼ਹਿਰ, ਪੈਲਮਾਈਰਾ ਨੂੰ ਇੰਨਾ ਮਜ਼ਬੂਤ ਬਣਾਇਆ ਅਤੇ ਸਜਾਇਆ ਕਿ ਉਹ ਰੋਮੀ ਸੰਸਾਰ ਦੇ ਵੱਡਿਆਂ-ਵੱਡਿਆਂ ਸ਼ਹਿਰਾਂ ਵਿਚ ਗਿਣਿਆ ਜਾਂਦਾ ਸੀ। ਅੰਦਾਜ਼ੇ ਅਨੁਸਾਰ ਉਸ ਦੀ ਜਨਸੰਖਿਆ 1,50,000 ਤੋਂ ਜ਼ਿਆਦਾ ਸੀ। ਇਹ ਕਿਹਾ ਜਾਂਦਾ ਹੈ ਕਿ ਪੈਲਮਾਈਰਾ ਸ਼ਹਿਰ ਦਾ ਘੇਰਾ 13 ਮੀਲ ਸੀ, ਅਤੇ ਇਹ ਸ਼ਾਨਦਾਰ ਜਨਤਕ ਇਮਾਰਤਾਂ, ਮੰਦਰਾਂ, ਬਾਗ਼ਾਂ, ਥੰਮ੍ਹਾਂ, ਅਤੇ ਸਮਾਰਕਾਂ ਨਾਲ ਭਰਿਆ ਹੋਇਆ ਸੀ। ਉਸ ਦੇ ਮੁੱਖ ਰਸਤੇ ਉੱਤੇ ਕੁਝ 1,500 ਕੁਰਿੰਥੀ ਥੰਮ੍ਹਾਂ ਦੀ ਕਤਾਰ ਲੱਗੀ ਹੋਈ ਸੀ ਜੋ 50 ਫੁੱਟ ਤੋਂ ਜ਼ਿਆਦਾ ਉੱਚੇ ਸਨ। ਇਹ ਸ਼ਹਿਰ, ਸੂਰਬੀਰਾਂ ਅਤੇ ਪੁੰਨ-ਦਾਨ ਕਰਨ ਵਾਲੇ ਅਮੀਰ ਲੋਕਾਂ ਦੇ ਬੁੱਤਾਂ ਅਤੇ ਅੱਧੇ ਬੁੱਤਾਂ ਨਾਲ ਭਰਿਆ ਹੋਇਆ ਸੀ। ਜ਼ਨੋਬੀਆ ਨੇ 271 ਸਾ.ਯੁ. ਵਿਚ ਆਪਣੇ ਅਤੇ ਆਪਣੇ ਸਾਬਕਾ ਪਤੀ ਦੇ ਬੁੱਤ ਬਣਵਾਏ।

ਪੈਲਮਾਈਰਾ ਦੀ ਸਭ ਤੋਂ ਵਧੀਆ ਇਮਾਰਤ ਸੂਰਜ ਦਾ ਮੰਦਰ ਸੀ ਅਤੇ ਕੋਈ ਸ਼ੱਕ ਨਹੀਂ ਹੈ ਕਿ ਸ਼ਹਿਰ ਦੇ ਧਰਮ ਵਿਚ ਇਹ ਮੰਦਰ ਵੱਡੀ ਮਹੱਤਤਾ ਰੱਖਦਾ ਸੀ। ਇਹ ਸੰਭਵ ਹੈ ਕਿ ਜ਼ਨੋਬੀਆ ਵੀ ਸੂਰਜ ਦੇ ਕਿਸੇ ਦੇਵਤੇ ਦੀ ਪੂਜਾਰਣ ਸੀ। ਪਰ ਤੀਜੀ ਸਦੀ ਦੇ ਸੀਰੀਆ ਦੇਸ਼ ਵਿਚ ਅਨੇਕ ਧਰਮ ਸਨ। ਜ਼ਨੋਬੀਆ ਦੇ ਰਾਜ-ਖੇਤਰ ਵਿਚ ਈਸਾਈ ਅਤੇ ਯਹੂਦੀ ਨਾਲੇ ਸੂਰਜ ਅਤੇ ਚੰਦਰਮਾ ਦੇ ਪੁਜਾਰੀ ਸਨ। ਇਸ ਭਾਂਤ-ਭਾਂਤ ਦੀ ਉਪਾਸਨਾ ਬਾਰੇ ਉਸ ਦਾ ਕੀ ਵਿਚਾਰ ਸੀ? ਲੇਖਕ ਸਟੋਨਮਨ ਕਹਿੰਦਾ ਹੈ ਕਿ ‘ਇਕ ਸਮਝਦਾਰ ਹਾਕਮ ਆਪਣੇ ਲੋਕਾਂ ਦੇ ਕਿਸੇ ਵੀ ਰਸਮ-ਰਿਵਾਜ ਨੂੰ, ਜੋ ਉਨ੍ਹਾਂ ਨੂੰ ਠੀਕ ਲੱਗਦੇ ਹਨ, ਨਜ਼ਰਅੰਦਾਜ਼ ਨਹੀਂ ਕਰੇਗਾ। ਇਹ ਉਮੀਦ ਰੱਖੀ ਜਾਂਦੀ ਸੀ ਕਿ ਦੇਵੀ-ਦੇਵਤੇ ਪੈਲਮਾਈਰਾ ਦੇ ਪੱਖ ਵਿਚ ਕੀਤੇ ਗਏ ਸਨ।’ ਜ਼ਾਹਰ ਹੈ ਕਿ ਧਰਮ ਦੇ ਸੰਬੰਧ ਵਿਚ ਜ਼ਨੋਬੀਆ ਸਹਿਣਸ਼ੀਲ ਸੁਭਾਅ ਰੱਖਦੀ ਸੀ।

ਜ਼ਨੋਬੀਆ ਨੇ ਆਪਣੀ ਚੰਚਲ ਸ਼ਖ਼ਸੀਅਤ ਦੇ ਕਾਰਨ ਅਨੇਕਾਂ ਦੀ ਪ੍ਰਸ਼ੰਸਾ ਪਾਈ। ਸਭ ਤੋਂ ਜ਼ਿਆਦਾ ਮਹੱਤਤਾ ਵਾਲੀ ਗੱਲ ਇਹ ਹੈ ਕਿ ਉਸ ਨੇ ਦਾਨੀਏਲ ਦੀ ਭਵਿੱਖਬਾਣੀ ਵਿਚ ਪਹਿਲਾਂ ਹੀ ਦੱਸੀ ਗਈ ਇਕ ਸਿਆਸੀ ਹਸਤੀ ਨੂੰ ਦਰਸਾਇਆ ਸੀ। ਪਰ ਉਸ ਦਾ ਰਾਜ ਮਸਾਂ ਹੀ ਪੰਜਾਂ ਸਾਲਾਂ ਦਾ ਸੀ। ਰੋਮੀ ਸ਼ਹਿਨਸ਼ਾਹ ਓਰੀਲੀਅਨ ਨੇ 272 ਸਾ.ਯੁ. ਵਿਚ ਜ਼ਨੋਬੀਆ ਨੂੰ ਹਰਾ ਕੇ ਪੈਲਮਾਈਰਾ ਦਾ ਸੱਤਿਆਨਾਸ ਕਰ ਦਿੱਤਾ ਅਤੇ ਉਹ ਸ਼ਹਿਰ ਮੁਰੰਮਤ ਦੇ ਯੋਗ ਨਹੀਂ ਰਿਹਾ। ਉਸ ਨੇ ਜ਼ਨੋਬੀਆ ਉੱਪਰ ਰਹਿਮ ਕੀਤਾ। ਕਿਹਾ ਜਾਂਦਾ ਹੈ ਕਿ ਜ਼ਨੋਬੀਆ ਨੇ ਰੋਮੀ ਰਾਜ-ਸਭਾ ਦੇ ਇਕ ਮੈਂਬਰ ਨਾਲ ਵਿਆਹ ਕਰਵਾ ਲਿਆ ਸੀ ਅਤੇ ਬਾਕੀ ਦਾ ਆਪਣਾ ਜੀਵਨ ਆਰਾਮ ਨਾਲ ਗੁਜ਼ਾਰਿਆ।

ਅਸੀਂ ਕੀ ਸਿੱਖਿਆ?

• ਜ਼ਨੋਬੀਆ ਦੀ ਸ਼ਖ਼ਸੀਅਤ ਬਾਰੇ ਕੀ ਕਿਹਾ ਗਿਆ ਹੈ?

• ਜ਼ਨੋਬੀਆ ਦੀਆਂ ਕੁਝ ਕਾਮਯਾਬੀਆਂ ਕੀ ਸਨ?

• ਧਰਮ ਬਾਰੇ ਜ਼ਨੋਬੀਆ ਦਾ ਕੀ ਵਿਚਾਰ ਸੀ?

[ਤਸਵੀਰ]

ਆਪਣੇ ਸੈਨਿਕਾਂ ਨੂੰ ਸੰਬੋਧਿਤ ਕਰ ਰਹੀ ਮਹਾਰਾਣੀ ਜ਼ਨੋਬੀਆ

[ਸਫ਼ਾ 246 ਉੱਤੇ ਡੱਬੀ/ਚਾਰਟ]

ਦਾਨੀਏਲ 11:20-26 ਵਿਚ ਰਾਜੇ

ਉੱਤਰ ਦੱਖਣ

ਦਾ ਰਾਜਾ ਦਾ ਰਾਜਾ

ਦਾਨੀਏਲ 11:20 ਅਗਸਟਸ

ਦਾਨੀਏਲ 11:21-24 ਟਾਈਬੀਰੀਅਸ

ਦਾਨੀਏਲ 11:25, 26 ਓਰੀਲੀਅਨ ਮਹਾਰਾਣੀ ਜ਼ਨੋਬੀਆ

ਰੋਮੀ ਸਾਮਰਾਜ ਦੇ ਜਰਮਨਾਂ ਦਾ ਬਰਤਾਨੀਆ,

ਪਹਿਲਾਂ ਹੀ ਦੱਸੇ ਗਏ ਸਾਮਰਾਜ ਜਿਸ ਦੇ ਮਗਰੋਂ

ਟੁੱਟ-ਫੁੱਟ ਤੋਂ ਐਂਗਲੋ-ਅਮਰੀਕੀ

ਇਹ ਵਿਸ਼ਵ ਸ਼ਕਤੀ ਆਈ

ਸਾਮਰਾਜ ਬਣੇ

[ਤਸਵੀਰ]

ਟਾਈਬੀਰੀਅਸ

[ਤਸਵੀਰ]

ਓਰੀਲੀਅਨ

[ਤਸਵੀਰ]

ਸ਼ਾਰਲਮੇਨ ਦਾ ਛੋਟਾ ਬੁੱਤ

[ਤਸਵੀਰ]

ਅਗਸਟਸ

[ਤਸਵੀਰ]

17 ਵੀਂ-ਸਦੀ ਦਾ ਬਰਤਾਨਵੀ ਜੰਗੀ ਜਹਾਜ਼

[ਪੂਰੇ ਸਫ਼ੇ 230 ਉੱਤੇ ਤਸਵੀਰ]

[ਸਫ਼ਾ 233 ਉੱਤੇ ਤਸਵੀਰ]

ਅਗਸਟਸ

[ਸਫ਼ਾ 234 ਉੱਤੇ ਤਸਵੀਰ]

ਟਾਈਬੀਰੀਅਸ

[ਸਫ਼ਾ 235 ਉੱਤੇ ਤਸਵੀਰ]

ਅਗਸਟਸ ਦੇ ਫ਼ਰਮਾਨ ਦੇ ਕਾਰਨ ਯੂਸੁਫ਼ ਅਤੇ ਮਰਿਯਮ ਨੇ ਬੈਤਲਹਮ ਨੂੰ ਸਫ਼ਰ ਕੀਤਾ ਸੀ

[ਸਫ਼ਾ 237 ਉੱਤੇ ਤਸਵੀਰ]

ਜਿਵੇਂ ਪਹਿਲਾਂ ਦੱਸਿਆ ਗਿਆ ਸੀ, ਯਿਸੂ ਮੌਤ ਵਿਚ ‘ਤੋੜਿਆ ਗਿਆ’ ਸੀ

[ਸਫ਼ਾ 245 ਉੱਤੇ ਤਸਵੀਰ]

1. ਸ਼ਾਰਲਮੇਨ 2. ਨੈਪੋਲੀਅਨ ਪਹਿਲਾ 3. ਵਿਲਹੈਲਮ ਪਹਿਲਾ 4. ਪਹਿਲੇ ਵਿਸ਼ਵ ਯੁੱਧ ਵਿਚ ਜਰਮਨ ਸੈਨਿਕ