Skip to content

Skip to table of contents

ਦੂਜਾ ਅਧਿਆਇ

ਕੀ ਤੁਸੀਂ ਸੱਚ-ਮੁੱਚ ਪਰਮੇਸ਼ੁਰ ਦੇ ਨੇੜੇ ਹੋ ਸਕਦੇ ਹੋ?

ਕੀ ਤੁਸੀਂ ਸੱਚ-ਮੁੱਚ ਪਰਮੇਸ਼ੁਰ ਦੇ ਨੇੜੇ ਹੋ ਸਕਦੇ ਹੋ?

1, 2. (ੳ) ਕਈਆਂ ਲੋਕਾਂ ਨੂੰ ਕਿਹੜੀ ਗੱਲ ਸ਼ਾਇਦ ਨਾਮੁਮਕਿਨ ਲੱਗੇ, ਪਰ ਬਾਈਬਲ ਸਾਨੂੰ ਕਿਸ ਗੱਲ ਦਾ ਯਕੀਨ ਦਿਲਾਉਂਦੀ ਹੈ? (ਅ) ਅਬਰਾਹਾਮ ਨੂੰ ਯਹੋਵਾਹ ਦਾ ਮਿੱਤਰ ਕਿਉਂ ਸੱਦਿਆ ਗਿਆ ਸੀ?

ਤੁਹਾਨੂੰ ਕਿਸ ਤਰ੍ਹਾਂ ਲੱਗੇਗਾ ਜੇ ਜ਼ਮੀਨ ਤੇ ਆਸਮਾਨ ਦਾ ਸਿਰਜਣਹਾਰ ਤੁਹਾਡੇ ਬਾਰੇ ਕਹੇ ਕਿ “ਇਹ ਮੇਰਾ ਦੋਸਤ ਹੈ”? ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇਕ ਮਾਮੂਲੀ ਜਿਹਾ ਇਨਸਾਨ ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਦੋਸਤੀ ਕਰ ਸਕੇ? ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਗੱਲ ਨਾਮੁਮਕਿਨ ਹੈ। ਪਰ ਬਾਈਬਲ ਸਾਨੂੰ ਯਕੀਨ ਦਿਲਾਉਂਦੀ ਹੈ ਕਿ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਅਜਿਹਾ ਰਿਸ਼ਤਾ ਜ਼ਰੂਰ ਹੋ ਸਕਦਾ।

2 ਅਬਰਾਹਾਮ ਨੇ ਯਹੋਵਾਹ ਨਾਲ ਅਜਿਹੀ ਨਜ਼ਦੀਕੀ ਮਹਿਸੂਸ ਕੀਤੀ ਸੀ। ਯਹੋਵਾਹ ਨੇ ਉਸ ਬਜ਼ੁਰਗ ਨੂੰ ਆਪਣਾ “ਦੋਸਤ” ਸੱਦਿਆ ਸੀ। (ਯਸਾਯਾਹ 41:8) ਜੀ ਹਾਂ, ਯਹੋਵਾਹ ਅਬਰਾਹਾਮ ਨੂੰ ਆਪਣਾ ਜਿਗਰੀ ਦੋਸਤ ਸਮਝਦਾ ਸੀ। ਅਬਰਾਹਾਮ ਨੂੰ ਯਹੋਵਾਹ ਦਾ ਮਿੱਤਰ ਕਿਉਂ ਸੱਦਿਆ ਗਿਆ ਸੀ? ਕਿਉਂਕਿ ਉਸ ਨੇ “ਪਰਮੇਸ਼ੁਰ ਦੀ ਪਰਤੀਤ ਕੀਤੀ” ਸੀ। (ਯਾਕੂਬ 2:23) ਅੱਜ-ਕੱਲ੍ਹ ਵੀ ਯਹੋਵਾਹ ਉਨ੍ਹਾਂ ਲੋਕਾਂ ‘ਨਾਲ ਪਰਸੰਨ ਹੁੰਦਾ ਹੈ’ ਜੋ ਪਿਆਰ ਨਾਲ ਉਸ ਦੀ ਸੇਵਾ ਕਰਦੇ ਹਨ। (ਬਿਵਸਥਾ ਸਾਰ 10:15) ਬਾਈਬਲ ਸਾਨੂੰ ਅਰਜ਼ ਕਰਦੀ ਹੈ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਇਨ੍ਹਾਂ ਲਫ਼ਜ਼ਾਂ ਵਿਚ ਸਾਨੂੰ ਇਕ ਸੱਦਾ ਦਿੱਤਾ ਗਿਆ ਹੈ ਅਤੇ ਸਾਡੇ ਨਾਲ ਇਕ ਵਾਅਦਾ ਵੀ ਕੀਤਾ ਗਿਆ ਹੈ।

3. ਯਹੋਵਾਹ ਸਾਨੂੰ ਕਿਹੜਾ ਸੱਦਾ ਦਿੰਦਾ ਹੈ ਅਤੇ ਇਸ ਦੇ ਨਾਲ-ਨਾਲ ਕਿਹੜਾ ਵਾਅਦਾ ਵੀ ਕਰਦਾ ਹੈ?

3 ਯਹੋਵਾਹ ਸਾਨੂੰ ਉਸ ਦੇ ਨੇੜੇ ਆਉਣ ਦਾ ਸੱਦਾ ਦਿੰਦਾ ਹੈ। ਉਹ ਸਾਨੂੰ ਆਪਣੇ ਦੋਸਤ ਬਣਾ ਕੇ ਸਾਡੇ ਉੱਤੇ ਕਿਰਪਾ ਕਰਨ ਲਈ ਤਿਆਰ ਹੈ। ਇਸ ਦੇ ਨਾਲ-ਨਾਲ ਉਹ ਵਾਅਦਾ ਵੀ ਕਰਦਾ ਹੈ ਕਿ ਜੇ ਅਸੀਂ ਉਸ ਦੇ ਨੇੜੇ ਜਾਵਾਂਗੇ, ਤਾਂ ਉਹ ਵੀ ਸਾਡੇ ਨੇੜੇ ਆਵੇਗਾ। ਇਸ ਤਰ੍ਹਾਂ ਅਸੀਂ ਯਹੋਵਾਹ ਨਾਲ ਇਕ ਵਧੀਆ ਰਿਸ਼ਤਾ ਕਾਇਮ ਕਰ ਸਕਦੇ ਹਾਂ ਯਾਨੀ ਉਸ ਨਾਲ ਦੋਸਤੀ ਕਰ ਸਕਦੇ ਹਾਂ। (ਕਹਾਉਤਾਂ 3:32) ਅਸੀਂ ਆਪਣੇ ਦੋਸਤ ਨਾਲ ਆਪਣੇ ਦਿਲ ਦੇ ਸਾਰੇ ਭੇਤ ਸਾਂਝੇ ਕਰ ਸਕਦੇ ਹਾਂ।​—ਆਮੋਸ 3:7.

4. ਇਕ ਜਿਗਰੀ ਦੋਸਤ ਕਿਹੋ ਜਿਹਾ ਹੁੰਦਾ ਹੈ ਅਤੇ ਯਹੋਵਾਹ ਆਪਣੇ ਦੋਸਤਾਂ ਨਾਲ ਆਪਣੀ ਦੋਸਤੀ ਕਿਵੇਂ ਨਿਭਾਉਂਦਾ ਹੈ?

4 ਕੀ ਤੁਹਾਡਾ ਕੋਈ ਜਿਗਰੀ ਦੋਸਤ ਹੈ ਜਿਸ ਨੂੰ ਤੁਸੀਂ ਹਰ ਗੱਲ ਦੱਸ ਸਕਦੇ ਹੋ? ਅਜਿਹਾ ਦੋਸਤ ਤੁਹਾਡੀ ਪਰਵਾਹ ਕਰਦਾ ਹੈ। ਤੁਸੀਂ ਉਸ ਉੱਤੇ ਭਰੋਸਾ ਕਰਦੇ ਹੋ ਕਿਉਂਕਿ ਉਸ ਨੇ ਆਪਣੇ ਆਪ ਨੂੰ ਵਫ਼ਾਦਾਰ ਸਾਬਤ ਕੀਤਾ ਹੈ। ਉਸ ਦੇ ਹੋਣ ਨਾਲ ਤੁਹਾਡੀ ਜ਼ਿੰਦਗੀ ਵਿਚ ਬਹਾਰ ਹੁੰਦੀ ਹੈ। ਉਸ ਨਾਲ ਆਪਣਾ ਦੁੱਖ ਸਾਂਝਾ ਕਰ ਕੇ ਤੁਹਾਡਾ ਦਿਲ ਹੌਲ਼ਾ ਹੁੰਦਾ ਹੈ। ਹੋਰ ਕੋਈ ਭਾਵੇਂ ਤੁਹਾਨੂੰ ਸਮਝੇ ਜਾਂ ਨਾ ਸਮਝੇ, ਉਹ ਤੁਹਾਨੂੰ ਜ਼ਰੂਰ ਸਮਝਦਾ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਪਰਮੇਸ਼ੁਰ ਦੇ ਨੇੜੇ ਜਾਂਦੇ ਹੋ, ਤਾਂ ਤੁਹਾਨੂੰ ਇਕ ਅਜਿਹਾ ਦੋਸਤ ਮਿਲਦਾ ਹੈ ਜੋ ਸੱਚ-ਮੁੱਚ ਤੁਹਾਡੀ ਕਦਰ ਕਰਦਾ ਤੇ ਜਿਸ ਨੂੰ ਤੁਹਾਡੀ ਪਰਵਾਹ ਹੈ ਅਤੇ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝਦਾ ਵੀ ਹੈ। (ਜ਼ਬੂਰਾਂ ਦੀ ਪੋਥੀ 103:14; 1 ਪਤਰਸ 5:7) ਤੁਸੀਂ ਬਿਨਾਂ ਕਿਸੇ ਫ਼ਿਕਰ ਦੇ ਉਸ ਨੂੰ ਆਪਣੇ ਦਿਲ ਦੀ ਸਾਰੀ ਗੱਲ ਦੱਸ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਹਮੇਸ਼ਾ ਵਫ਼ਾਦਾਰ ਰਹੇਗਾ। ਅਸੀਂ ਯਹੋਵਾਹ ਨਾਲ ਸਿਰਫ਼ ਇਸ ਕਰਕੇ ਦੋਸਤੀ ਕਰ ਸਕਦੇ ਹਾਂ ਕਿਉਂਕਿ ਉਸ ਨੇ ਇਸ ਨੂੰ ਮੁਮਕਿਨ ਬਣਾਇਆ ਹੈ।

ਯਹੋਵਾਹ ਨੇ ਦੋਸਤੀ ਦਾ ਹੱਥ ਵਧਾਇਆ

5. ਯਹੋਵਾਹ ਨੇ ਸਾਡੇ ਵੱਲ ਦੋਸਤੀ ਦਾ ਹੱਥ ਕਿਸ ਤਰ੍ਹਾਂ ਵਧਾਇਆ ਹੈ?

5 ਪਰਮੇਸ਼ੁਰ ਦੀ ਸਹਾਇਤਾ ਤੋਂ ਬਗੈਰ ਅਸੀਂ ਉਸ ਦੇ ਦੋਸਤ ਕਦੀ ਨਹੀਂ ਬਣ ਸਕਦੇ। (ਜ਼ਬੂਰਾਂ ਦੀ ਪੋਥੀ 5:4) “ਪਰੰਤੂ ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ,” ਪੌਲੁਸ ਰਸੂਲ ਨੇ ਲਿਖਿਆ। (ਰੋਮੀਆਂ 5:8) ਜੀ ਹਾਂ, ਯਹੋਵਾਹ ਨੇ ਇੰਤਜ਼ਾਮ ਕੀਤਾ ਸੀ ਕਿ ਯਿਸੂ ‘ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਵੇ।’ (ਮੱਤੀ 20:28) ਉਸ ਬਲੀਦਾਨ ਵਿਚ ਵਿਸ਼ਵਾਸ ਕਰ ਕੇ ਅਸੀਂ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹਾਂ। ਪਰਮੇਸ਼ੁਰ ਨੇ ‘ਪਹਿਲਾਂ ਸਾਡੇ ਨਾਲ ਪ੍ਰੇਮ’ ਕਰ ਕੇ ਸਾਡੇ ਵੱਲ ਦੋਸਤੀ ਦਾ ਹੱਥ ਵਧਾਇਆ ਹੈ।​—1 ਯੂਹੰਨਾ 4:19.

6, 7. (ੳ) ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਆਪਣੇ ਆਪ ਨੂੰ ਗੁਪਤ ਨਹੀਂ ਰੱਖਣਾ ਚਾਹੁੰਦਾ? (ਅ) ਯਹੋਵਾਹ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਜ਼ਾਹਰ ਕੀਤਾ ਹੈ?

6 ਇਸ ਤੋਂ ਇਲਾਵਾ ਯਹੋਵਾਹ ਨੇ ਇਕ ਹੋਰ ਕਦਮ ਵੀ ਚੁੱਕਿਆ ਹੈ: ਉਸ ਨੇ ਆਪਣੇ ਆਪ ਨੂੰ ਜ਼ਾਹਰ ਕੀਤਾ ਹੈ। ਕਿਸੇ ਬੰਦੇ ਬਾਰੇ ਸਭ ਕੁਝ ਜਾਣ ਕੇ ਅਤੇ ਉਸ ਦੇ ਖ਼ਾਸ ਗੁਣਾਂ ਦੀ ਕਦਰ ਕਰ ਕੇ ਹੀ ਦੋਸਤੀ ਦੀ ਬੁਨਿਆਦ ਰੱਖੀ ਜਾਂਦੀ ਹੈ। ਜੇਕਰ ਯਹੋਵਾਹ ਆਪਣੇ ਆਪ ਨੂੰ ਲੁਕਾ-ਛਿਪਾ ਕੇ ਰੱਖਦਾ ਜਾਂ ਜੇ ਕੋਈ ਉਸ ਨੂੰ ਜਾਣ ਨਾ ਸਕਦਾ, ਤਾਂ ਅਸੀਂ ਉਸ ਦੇ ਦੋਸਤ ਕਦੀ ਨਹੀਂ ਬਣ ਸਕਦੇ ਸੀ। ਆਪਣੇ ਆਪ ਨੂੰ ਗੁਪਤ ਰੱਖਣ ਦੀ ਬਜਾਇ ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ। (ਯਸਾਯਾਹ 45:19) ਇਸ ਤੋਂ ਇਲਾਵਾ, ਜੋ ਕੁਝ ਉਹ ਆਪਣੇ ਆਪ ਬਾਰੇ ਜ਼ਾਹਰ ਕਰਦਾ ਹੈ, ਉਹ ਸਾਰਿਆਂ ਲਈ ਹੈ ਭਾਵੇਂ ਕੋਈ ਅਮੀਰ ਹੋਵੇ ਜਾਂ ਗ਼ਰੀਬ।​—ਮੱਤੀ 11:25.

ਯਹੋਵਾਹ ਨੇ ਸ੍ਰਿਸ਼ਟੀ ਅਤੇ ਬਾਈਬਲ ਰਾਹੀਂ ਆਪਣੇ ਆਪ ਨੂੰ ਜ਼ਾਹਰ ਕੀਤਾ ਹੈ

7 ਯਹੋਵਾਹ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਜ਼ਾਹਰ ਕੀਤਾ ਹੈ? ਉਸ ਦੀ ਸ੍ਰਿਸ਼ਟੀ ਤੋਂ ਅਸੀਂ ਉਸ ਦੀ ਸ਼ਖ਼ਸੀਅਤ ਦੇ ਕੁਝ ਪਹਿਲੂ ਜਾਣ ਸਕਦੇ ਹਾਂ​—ਉਸ ਦੀ ਵਿਸ਼ਾਲ ਸ਼ਕਤੀ, ਉਸ ਦੀ ਡੂੰਘੀ ਬੁੱਧ, ਉਸ ਦਾ ਗਹਿਰਾ ਪਿਆਰ। (ਰੋਮੀਆਂ 1:20) ਪਰ ਉਸ ਨੇ ਆਪਣੇ ਆਪ ਨੂੰ ਸਿਰਫ਼ ਆਪਣੀ ਸ੍ਰਿਸ਼ਟੀ ਰਾਹੀਂ ਹੀ ਜ਼ਾਹਰ ਨਹੀਂ ਕੀਤਾ। ਯਹੋਵਾਹ ਨੇ ਸਾਨੂੰ ਸਭ ਕੁਝ ਚੰਗੀ ਤਰ੍ਹਾਂ ਸਮਝਾਉਣ ਲਈ ਬਾਈਬਲ ਦਿੱਤੀ ਹੈ।

ਯਹੋਵਾਹ ਦੀ ਖੂਬੀ ਦੇਖੋ

8. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਬਾਈਬਲ ਖ਼ੁਦ ਯਹੋਵਾਹ ਦੇ ਪਿਆਰ ਦਾ ਸਬੂਤ ਹੈ?

8 ਬਾਈਬਲ ਖ਼ੁਦ ਯਹੋਵਾਹ ਦੇ ਪਿਆਰ ਦਾ ਸਬੂਤ ਹੈ। ਆਪਣੇ ਬਚਨ ਵਿਚ ਉਹ ਆਪਣੇ ਆਪ ਬਾਰੇ ਇਸ ਤਰ੍ਹਾਂ ਗੱਲ ਕਰਦਾ ਹੈ ਜਿਸ ਨੂੰ ਅਸੀਂ ਸਮਝ ਸਕਦੇ ਹਾਂ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਸਾਡੇ ਨਾਲ ਸਿਰਫ਼ ਪਿਆਰ ਹੀ ਨਹੀਂ ਕਰਦਾ, ਪਰ ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ ਅਤੇ ਉਸ ਨਾਲ ਪਿਆਰ ਕਰੀਏ। ਅਸੀਂ ਬਾਈਬਲ ਪੜ੍ਹ ਕੇ ‘ਯਹੋਵਾਹ ਦੀ ਮਨੋਹਰਤਾ’ ਯਾਨੀ ਉਸ ਦੀ ਖੂਬੀ ਦੇਖ ਸਕਦੇ ਹਾਂ, ਜਿਸ ਕਰਕੇ ਅਸੀਂ ਉਸ ਦੇ ਨੇੜੇ ਹੋਣਾ ਚਾਹੁੰਦੇ ਹਾਂ। (ਜ਼ਬੂਰਾਂ ਦੀ ਪੋਥੀ 27:4) ਆਓ ਆਪਾਂ ਉਨ੍ਹਾਂ ਕੁਝ ਤਰੀਕਿਆਂ ਵੱਲ ਧਿਆਨ ਦੇਈਏ ਜਿਨ੍ਹਾਂ ਰਾਹੀਂ ਯਹੋਵਾਹ ਬਾਈਬਲ ਵਿਚ ਆਪਣੇ ਆਪ ਨੂੰ ਜ਼ਾਹਰ ਕਰਦਾ ਹੈ।

9. ਬਾਈਬਲ ਵਿਚ ਪਰਮੇਸ਼ੁਰ ਦੇ ਕੁਝ ਗੁਣਾਂ ਬਾਰੇ ਕੀ ਕਿਹਾ ਗਿਆ ਹੈ?

9 ਬਾਈਬਲ ਵਿਚ ਕਈ ਵਾਰ ਪਰਮੇਸ਼ੁਰ ਦੇ ਗੁਣਾਂ ਬਾਰੇ ਸਾਫ਼-ਸਾਫ਼ ਗੱਲ ਕੀਤੀ ਗਈ ਹੈ। ਕੁਝ ਉਦਾਹਰਣਾਂ ਉੱਤੇ ਗੌਰ ਕਰੋ। “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ।” (ਜ਼ਬੂਰਾਂ ਦੀ ਪੋਥੀ 37:28) ਪਰਮੇਸ਼ੁਰ “ਸ਼ਕਤੀ ਵਿੱਚ ਮਹਾਨ ਹੈਗਾ।” (ਅੱਯੂਬ 37:23) ‘ਮੈਂ ਦਿਆਲੂ ਹਾਂ, ਯਹੋਵਾਹ ਦਾ ਵਾਕ ਹੈ।’ (ਯਿਰਮਿਯਾਹ 3:12) “ਉਹ ਦਿਲੋਂ ਬੁੱਧੀਮਾਨ” ਹੈ। (ਅੱਯੂਬ 9:4) ਉਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” (ਕੂਚ 34:6) ਯਹੋਵਾਹ “ਖਿਮਾ ਕਰਨ ਵਾਲਾ ਪਰਮੇਸ਼ੁਰ ਹੈਂ।” (ਨਹਮਯਾਹ 9:17) ਅਤੇ ਜਿਸ ਤਰ੍ਹਾਂ ਪਿੱਛਲੇ ਅਧਿਆਇ ਵਿਚ ਗੱਲ ਕੀਤੀ ਗਈ ਸੀ, ਉਸ ਦਾ ਪ੍ਰਮੁੱਖ ਗੁਣ ਹੈ “ਪ੍ਰੇਮ।” (1 ਯੂਹੰਨਾ 4:8) ਜਿਉਂ-ਜਿਉਂ ਤੁਸੀਂ ਇਨ੍ਹਾਂ ਸੋਹਣੇ ਗੁਣਾਂ ਬਾਰੇ ਸੋਚਦੇ ਹੋ, ਕੀ ਤੁਸੀਂ ਇਸ ਬੇਮਿਸਾਲ ਪਰਮੇਸ਼ੁਰ ਦੇ ਨੇੜੇ ਨਹੀਂ ਹੋਣਾ ਚਾਹੁੰਦੇ?

ਬਾਈਬਲ ਯਹੋਵਾਹ ਦੇ ਨੇੜੇ ਹੋਣ ਵਿਚ ਸਾਡੀ ਮਦਦ ਕਰਦੀ ਹੈ

10, 11. (ੳ) ਯਹੋਵਾਹ ਨੇ ਆਪਣੀ ਸ਼ਖ਼ਸੀਅਤ ਨੂੰ ਹੋਰ ਚੰਗੀ ਤਰ੍ਹਾਂ ਜ਼ਾਹਰ ਕਰਨ ਵਾਸਤੇ ਬਾਈਬਲ ਵਿਚ ਕੀ ਲਿਖਵਾਇਆ ਹੈ? (ਅ) ਬਾਈਬਲ ਵਿਚ ਕਿਹੜੀ ਘਟਨਾ ਤੋਂ ਅਸੀਂ ਯਹੋਵਾਹ ਦੀ ਸ਼ਕਤੀ ਦੇਖ ਸਕਦੇ ਹਾਂ?

10 ਯਹੋਵਾਹ ਨੇ ਬਾਈਬਲ ਵਿਚ ਆਪਣੇ ਗੁਣਾਂ ਬਾਰੇ ਦੱਸਣ ਤੋਂ ਇਲਾਵਾ ਇਨ੍ਹਾਂ ਨੂੰ ਵਰਤ ਕੇ ਇਨ੍ਹਾਂ ਗੁਣਾਂ ਦੀਆਂ ਮਿਸਾਲਾਂ ਵੀ ਕਾਇਮ ਕੀਤੀਆਂ ਹਨ। ਅਜਿਹੇ ਬਿਰਤਾਂਤ ਪਰਮੇਸ਼ੁਰ ਦੀ ਸ਼ਖ਼ਸੀਅਤ ਦੇ ਕਈ ਪਹਿਲੂ ਬੜੀ ਚੰਗੀ ਤਰ੍ਹਾਂ ਜ਼ਾਹਰ ਕਰਦੇ ਹਨ। ਉਨ੍ਹਾਂ ਨੂੰ ਪੜ੍ਹ ਕੇ ਅਸੀਂ ਪਰਮੇਸ਼ੁਰ ਦੇ ਹੋਰ ਨੇੜੇ ਜਾਣਾ ਚਾਹਾਂਗੇ। ਇਕ ਮਿਸਾਲ ਉੱਤੇ ਗੌਰ ਕਰੋ।

11 ਅਸੀਂ ਸਾਰੇ ਜਾਣਦੇ ਹਾਂ ਕਿ ਯਹੋਵਾਹ ਕੋਲ “ਵੱਡੀ ਸ਼ਕਤੀ” ਹੈ। (ਯਸਾਯਾਹ 40:26) ਪਰ ਉਸ ਘਟਨਾ ਬਾਰੇ ਜ਼ਰਾ ਸੋਚੋ ਜਦੋਂ ਉਸ ਨੇ ਇਸਰਾਏਲੀਆਂ ਨੂੰ ਲਾਲ ਸਮੁੰਦਰ ਪਾਰ ਕਰਵਾਇਆ ਸੀ ਅਤੇ ਫਿਰ ਉਜਾੜ ਵਿਚ 40 ਸਾਲ ਉਨ੍ਹਾਂ ਦੀ ਦੇਖ-ਭਾਲ ਕੀਤੀ ਸੀ। ਤੁਸੀਂ ਆਪਣੇ ਮਨ ਵਿਚ ਡੂੰਘੇ ਪਾਣੀ ਨੂੰ ਦੋ ਹਿੱਸਿਆਂ ਵਿਚ ਹੁੰਦੇ ਦੇਖ ਸਕਦੇ ਹੋ। ਤੁਸੀਂ ਸਾਰੀ ਕੌਮ ਯਾਨੀ 30 ਲੱਖ ਲੋਕਾਂ ਨੂੰ ਸਮੁੰਦਰ ਦੀ ਸੁੱਕੀ ਜ਼ਮੀਨ ਉੱਤੋਂ ਲੰਘਦੇ ਅਤੇ ਉਨ੍ਹਾਂ ਦੇ ਦੋਵੇਂ ਪਾਸੇ ਪਾਣੀ ਦੀਆਂ ਵੱਡੀਆਂ-ਵੱਡੀਆਂ ਕੰਧਾਂ ਖੜ੍ਹੀਆਂ ਦੇਖ ਸਕਦੇ ਹੋ। (ਕੂਚ 14:21; 15:8) ਤੁਸੀਂ ਦੇਖ ਸਕਦੇ ਹੋ ਕਿ ਪਰਮੇਸ਼ੁਰ ਨੇ ਉਜਾੜ ਵਿਚ ਉਨ੍ਹਾਂ ਦੀ ਕਿਸ ਤਰ੍ਹਾਂ ਰੱਖਿਆ ਕੀਤੀ ਸੀ। ਪੱਥਰ ਵਿੱਚੋਂ ਪਾਣੀ ਫੁੱਟ ਨਿਕਲਿਆ ਸੀ। ਜ਼ਮੀਨ ਉੱਤੇ ਖਾਣ ਲਈ ਮੰਨ ਉੱਤਰਿਆ ਸੀ। (ਕੂਚ 16:31; ਗਿਣਤੀ 20:11) ਯਹੋਵਾਹ ਨੇ ਸਿਰਫ਼ ਇਹ ਨਹੀਂ ਜ਼ਾਹਰ ਕੀਤਾ ਕਿ ਉਸ ਕੋਲ ਸ਼ਕਤੀ ਹੈ, ਪਰ ਉਹ ਆਪਣੇ ਲੋਕਾਂ ਵਾਸਤੇ ਆਪਣੀ ਸ਼ਕਤੀ ਇਸਤੇਮਾਲ ਵੀ ਕਰਦਾ ਹੈ। ਕੀ ਇਹ ਜਾਣ ਕੇ ਸਾਨੂੰ ਭਰੋਸਾ ਨਹੀਂ ਮਿਲਦਾ ਕਿ ਸਾਡੀਆਂ ਪ੍ਰਾਰਥਨਾਵਾਂ ਅਜਿਹੇ ਸ਼ਕਤੀਸ਼ਾਲੀ ਪਰਮੇਸ਼ੁਰ ਕੋਲ ਜਾ ਰਹੀਆਂ ਹਨ ਜੋ ‘ਸਾਡੀ ਪਨਾਹ ਅਤੇ ਸਾਡਾ ਬਲ ਹੈ, ਅਤੇ ਦੁਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ’?​—ਜ਼ਬੂਰਾਂ ਦੀ ਪੋਥੀ 46:1.

12. ਯਹੋਵਾਹ ਸਾਨੂੰ ਆਪਣੇ ਬਾਰੇ ਕਿਸ ਤਰ੍ਹਾਂ ਦੱਸਦਾ ਹੈ ਕਿ ਅਸੀਂ ਮਾਨੋ ਉਸ ਨੂੰ ਦੇਖ ਸਕਦੇ ਹਾਂ?

12 ਯਹੋਵਾਹ ਨੇ ਹੋਰ ਵੀ ਬਹੁਤ ਕੁਝ ਕੀਤਾ ਹੈ ਜਿਸ ਦੀ ਮਦਦ ਨਾਲ ਅਸੀਂ ਉਸ ਨੂੰ ਜਾਣ ਸਕਦੇ ਹਾਂ। ਇਨਸਾਨ ਹੋਣ ਕਰਕੇ ਅਸੀਂ ਸਿਰਫ਼ ਉਹੀ ਚੀਜ਼ਾਂ ਦੇਖ ਸਕਦੇ ਹਾਂ ਜੋ ਅੱਖਾਂ ਨਾਲ ਦੇਖੀਆਂ ਜਾ ਸਕਦੀਆਂ ਹਨ ਜਿਸ ਕਰਕੇ ਅਸੀਂ ਆਤਮਿਕ ਲੋਕ ਵਿਚ ਕੁਝ ਨਹੀਂ ਦੇਖ ਸਕਦੇ। ਯਹੋਵਾਹ ਆਤਮਾ ਹੈ ਪਰ ਉਸ ਨੇ ਆਪਣੇ ਆਪ ਨੂੰ ਅਦਿੱਖ ਆਤਮਿਕ ਪ੍ਰਾਣੀਆਂ ਦੀ ਭਾਸ਼ਾ ਵਿਚ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਿਉਂ ਨਹੀਂ? ਕਿਉਂਕਿ ਇਹ ਕਿਸੇ ਅੰਨ੍ਹੇ ਨੂੰ ਆਪਣੀਆਂ ਅੱਖਾਂ ਦਾ ਰੰਗ ਜਾਂ ਆਪਣੇ ਦੂਸਰੇ ਨੈਣ-ਨਕਸ਼ ਸਮਝਾਉਣ ਦੀ ਕੋਸ਼ਿਸ਼ ਕਰਨ ਦੇ ਬਰਾਬਰ ਹੁੰਦਾ। ਇਸ ਦੀ ਬਜਾਇ ਯਹੋਵਾਹ ਸਾਨੂੰ ਇਨਸਾਨੀ ਭਾਸ਼ਾ ਵਿਚ ਆਪਣੇ ਬਾਰੇ ਇਸ ਤਰ੍ਹਾਂ ਦੱਸਦਾ ਹੈ ਕਿ ਅਸੀਂ ਮਾਨੋ ਉਸ ਨੂੰ ਦੇਖ ਸਕਦੇ ਹਾਂ। ਕਈ ਵਾਰ ਉਹ ਤਸਵੀਰੀ ਭਾਸ਼ਾ ਵਿਚ ਆਪਣੀ ਤੁਲਨਾ ਅਜਿਹੀਆਂ ਚੀਜ਼ਾਂ ਨਾਲ ਕਰਦਾ ਹੈ ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ। ਉਹ ਆਪਣੇ ਬਾਰੇ ਇਸ ਤਰ੍ਹਾਂ ਵੀ ਗੱਲ ਕਰਦਾ ਹੈ ਜਿਵੇਂ ਕਿਤੇ ਉਸ ਦੇ ਨੈਣ-ਨਕਸ਼ ਇਨਸਾਨਾਂ ਵਰਗੇ ਹੋਣ। *

13. ਯਸਾਯਾਹ 40:11 ਸਾਡੇ ਮਨ ਵਿਚ ਯਹੋਵਾਹ ਬਾਰੇ ਕਿਹੜੀ ਤਸਵੀਰ ਬਣਾਉਂਦਾ ਹੈ ਅਤੇ ਇਸ ਦਾ ਤੁਹਾਡੇ ਉੱਤੇ ਕੀ ਅਸਰ ਪੈਂਦਾ ਹੈ?

13 ਧਿਆਨ ਦਿਓ ਕਿ ਯਸਾਯਾਹ 40:11 ਵਿਚ ਯਹੋਵਾਹ ਬਾਰੇ ਕੀ ਕਿਹਾ ਗਿਆ ਹੈ: “ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ।” ਇੱਥੇ ਯਹੋਵਾਹ ਦੀ ਤੁਲਨਾ ਇਕ ਅਯਾਲੀ ਨਾਲ ਕੀਤੀ ਗਈ ਹੈ ਜੋ “ਆਪਣੀਆਂ ਬਾਹਾਂ” ਵਿਚ ਲੇਲਿਆਂ ਨੂੰ ਚੁੱਕਦਾ ਹੈ। ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਆਪਣੇ ਲੋਕਾਂ ਦੀ, ਖ਼ਾਸ ਕਰਕੇ ਜ਼ਿਆਦਾ ਨਾਜ਼ੁਕ ਲੋਕਾਂ ਦੀ ਵੀ ਰੱਖਿਆ ਕਰ ਸਕਦਾ ਹੈ। ਉਹ ਉਨ੍ਹਾਂ ਨੂੰ ਸਹਾਰਾ ਵੀ ਦਿੰਦਾ ਹੈ। ਉਸ ਦੀਆਂ ਤਕੜੀਆਂ ਬਾਹਾਂ ਵਿਚ ਸਾਨੂੰ ਕੋਈ ਡਰ ਨਹੀਂ ਲੱਗੇਗਾ ਕਿਉਂਕਿ ਜੇ ਅਸੀਂ ਉਸ ਪ੍ਰਤੀ ਵਫ਼ਾਦਾਰ ਰਹਾਂਗੇ, ਤਾਂ ਉਹ ਸਾਨੂੰ ਕਦੇ ਵੀ ਨਹੀਂ ਤਿਆਗੇਗਾ। (ਰੋਮੀਆਂ 8:38, 39) ਯਹੋਵਾਹ ਸਾਨੂੰ “ਆਪਣੀ ਛਾਤੀ” ਨਾਲ ਲਾ ਕੇ ਰੱਖਦਾ ਹੈ ਠੀਕ ਉਸ ਅਯਾਲੀ ਵਾਂਗ ਜੋ ਨਵ-ਜੰਮੇ ਲੇਲੇ ਨੂੰ ਆਪਣੇ ਪੱਲੇ ਵਿਚ ਲਪੇਟ ਕੇ ਆਪਣੇ ਨਾਲ ਲਾ ਕੇ ਰੱਖਦਾ ਹੈ। ਇਸ ਤਰ੍ਹਾਂ ਸਾਨੂੰ ਯਕੀਨ ਹੁੰਦਾ ਹੈ ਕਿ ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਸਾਡੀ ਦੇਖ-ਭਾਲ ਕਰਦਾ ਹੈ। ਤਾਂ ਫਿਰ ਉਸ ਦੇ ਨੇੜੇ ਰਹਿਣ ਦੀ ਸਾਡੀ ਇੱਛਾ ਸੁਭਾਵਕ ਹੈ।

‘ਪੁੱਤ੍ਰ ਉਸ ਨੂੰ ਪਰਗਟ ਕਰਦਾ ਹੈ’

14. ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੇ ਆਪਣੇ ਪੁੱਤਰ ਯਿਸੂ ਮਸੀਹ ਰਾਹੀਂ ਆਪਣੇ ਆਪ ਨੂੰ ਸਭ ਤੋਂ ਚੰਗੀ ਤਰ੍ਹਾਂ ਜ਼ਾਹਰ ਕੀਤਾ ਸੀ?

14 ਯਹੋਵਾਹ ਆਪਣੇ ਪਿਆਰੇ ਪੁੱਤਰ ਯਿਸੂ ਮਸੀਹ ਰਾਹੀਂ ਆਪਣੇ ਆਪ ਨੂੰ ਸਭ ਤੋਂ ਚੰਗੀ ਤਰ੍ਹਾਂ ਜ਼ਾਹਰ ਕਰਦਾ ਹੈ। ਯਿਸੂ ਤੋਂ ਸਿਵਾਇ ਹੋਰ ਕੋਈ ਨਹੀਂ ਜਿਹੜਾ ਯਹੋਵਾਹ ਦੀ ਸੋਚਣੀ ਅਤੇ ਉਸ ਦੇ ਜਜ਼ਬਾਤ ਇੰਨੀ ਚੰਗੀ ਤਰ੍ਹਾਂ ਜ਼ਾਹਰ ਕਰ ਸਕਦਾ ਅਤੇ ਸਮਝਾ ਸਕਦਾ ਸੀ। ਆਖ਼ਰਕਾਰ ਪਰਮੇਸ਼ੁਰ ਦਾ ਇਹ ਜੇਠਾ ਪੁੱਤ ਹੋਰ ਕਿਸੇ ਆਤਮਿਕ ਜੰਤੂ ਅਤੇ ਦੁਨੀਆਂ ਦੇ ਸ੍ਰਿਸ਼ਟ ਕੀਤੇ ਜਾਣ ਤੋਂ ਪਹਿਲਾਂ ਆਪਣੇ ਪਿਤਾ ਨਾਲ ਰਹਿੰਦਾ ਸੀ। (ਕੁਲੁੱਸੀਆਂ 1:15) ਯਿਸੂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸੇ ਕਰਕੇ ਉਹ ਕਹਿ ਸਕਦਾ ਸੀ: “ਕੋਈ ਨਹੀਂ ਜਾਣਦਾ ਭਈ ਪੁੱਤ੍ਰ ਕੌਣ ਹੈ ਪਰ ਪਿਤਾ ਅਰ ਪਿਤਾ ਕੌਣ ਹੈ ਪਰ ਪੁੱਤ੍ਰ ਅਤੇ ਉਸ ਜਿਸ ਉੱਤੇ ਪੁੱਤ੍ਰ ਉਸ ਨੂੰ ਪਰਗਟ ਕੀਤਾ ਚਾਹੇ।” (ਲੂਕਾ 10:22) ਜਦ ਯਿਸੂ ਧਰਤੀ ਤੇ ਸੀ, ਤਾਂ ਉਸ ਨੇ ਆਪਣੇ ਪਿਤਾ ਨੂੰ ਦੋ ਖ਼ਾਸ ਤਰੀਕਿਆਂ ਨਾਲ ਜ਼ਾਹਰ ਕੀਤਾ ਸੀ।

15, 16. ਯਿਸੂ ਨੇ ਆਪਣੇ ਪਿਤਾ ਨੂੰ ਕਿਨ੍ਹਾਂ ਦੋ ਤਰੀਕਿਆਂ ਨਾਲ ਜ਼ਾਹਰ ਕੀਤਾ ਸੀ?

15 ਪਹਿਲਾ, ਯਿਸੂ ਨੇ ਆਪਣੀ ਸਿੱਖਿਆ ਰਾਹੀਂ ਸਾਨੂੰ ਆਪਣੇ ਪਿਤਾ ਬਾਰੇ ਸਿਖਾਇਆ ਸੀ। ਯਿਸੂ ਨੇ ਸਾਨੂੰ ਯਹੋਵਾਹ ਬਾਰੇ ਜੋ ਵੀ ਦੱਸਿਆ ਉਸ ਕਰਕੇ ਅਸੀਂ ਪਰਮੇਸ਼ੁਰ ਵੱਲ ਖਿੱਚੇ ਜਾਂਦੇ ਹਾਂ। ਉਦਾਹਰਣ ਲਈ ਯਿਸੂ ਨੇ ਕਿਸ ਤਰ੍ਹਾਂ ਸਮਝਾਇਆ ਸੀ ਕਿ ਪਰਮੇਸ਼ੁਰ ਦਇਆਵਾਨ ਹੈ ਅਤੇ ਪਾਪੀਆਂ ਨੂੰ ਮਾਫ਼ ਕਰਨ ਲਈ ਤਿਆਰ ਹੈ? ਉਸ ਨੇ ਯਹੋਵਾਹ ਦੀ ਤੁਲਨਾ ਅਜਿਹੇ ਖਿਮਾ ਕਰਨ ਵਾਲੇ ਪਿਤਾ ਨਾਲ ਕੀਤੀ ਜੋ ਆਪਣੇ ਬਦਚਲਣ ਪੁੱਤਰ ਨੂੰ ਵਾਪਸ ਆਉਂਦੇ ਦੇਖ ਕੇ ਉਸ ਵੱਲ ਨੱਸਿਆ ਅਤੇ ਉਸ ਨੂੰ ਗਲ਼ੇ ਲਗਾ ਕੇ ਚੁੰਮਿਆ। (ਲੂਕਾ 15:11-24) ਯਿਸੂ ਨੇ ਇਹ ਵੀ ਦਿਖਾਇਆ ਕਿ ਯਹੋਵਾਹ ਅਜਿਹਾ ਪਰਮੇਸ਼ੁਰ ਹੈ ਜੋ ਨੇਕਦਿਲ ਲੋਕਾਂ ਨੂੰ ਆਪਣੇ ਵੱਲ ‘ਖਿੱਚਦਾ’ ਹੈ ਕਿਉਂਕਿ ਉਹ ਉਨ੍ਹਾਂ ਸਾਰਿਆਂ ਨਾਲ ਪਿਆਰ ਕਰਦਾ ਹੈ। (ਯੂਹੰਨਾ 6:44) ਖ਼ੈਰ ਜਦੋਂ ਕੋਈ ਚਿੜੀ ਜ਼ਮੀਨ ਤੇ ਡਿੱਗਦੀ ਹੈ, ਤਾਂ ਉਸ ਨੂੰ ਇਸ ਦਾ ਵੀ ਪਤਾ ਲੱਗ ਜਾਂਦਾ ਹੈ। “ਸੋ ਨਾ ਡਰੋ,” ਯਿਸੂ ਨੇ ਕਿਹਾ “ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਮੱਤੀ 10:29, 31) ਅਸੀਂ ਅਜਿਹੇ ਪਿਆਰੇ ਪਰਮੇਸ਼ੁਰ ਤੋਂ ਕਦੀ ਵੀ ਨਹੀਂ ਦੂਰ ਹੋਣਾ ਚਾਹਾਂਗੇ!

16 ਦੂਜਾ, ਯਿਸੂ ਦੀ ਮਿਸਾਲ ਸਾਨੂੰ ਸਿਖਾਉਂਦੀ ਹੈ ਕਿ ਯਹੋਵਾਹ ਕਿਹੋ ਜਿਹਾ ਹੈ। ਯਿਸੂ ਮਸੀਹ ਦੀ ਸ਼ਖ਼ਸੀਅਤ ਪੂਰੀ ਤਰ੍ਹਾਂ ਯਹੋਵਾਹ ਨਾਲ ਮਿਲਦੀ ਸੀ ਇਸ ਕਰਕੇ ਉਹ ਕਹਿ ਸਕਿਆ ਕਿ “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।” (ਯੂਹੰਨਾ 14:9) ਇਸ ਕਰਕੇ ਜਦ ਅਸੀਂ ਬਾਈਬਲ ਵਿਚ ਯਿਸੂ ਦੇ ਜਜ਼ਬਾਤਾਂ ਅਤੇ ਹੋਰਨਾਂ ਨਾਲ ਉਸ ਦੇ ਵਰਤਾਉ ਬਾਰੇ ਪੜ੍ਹਦੇ ਹਾਂ, ਤਾਂ ਅਸੀਂ ਮਾਨੋ ਉਸ ਦੇ ਪਿਤਾ ਨੂੰ ਦੇਖ ਰਹੇ ਹੁੰਦੇ ਹਾਂ। ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਸੀ ਜਿਸ ਰਾਹੀਂ ਯਹੋਵਾਹ ਆਪਣੇ ਗੁਣ ਜ਼ਾਹਰ ਕਰ ਸਕਦਾ ਸੀ।

17. ਯਹੋਵਾਹ ਨੇ ਸਾਨੂੰ ਆਪਣੇ ਬਾਰੇ ਸਮਝਾਉਣ ਲਈ ਕੀ ਕੀਤਾ ਹੈ? ਇਸ ਦੀ ਮਿਸਾਲ ਦਿਓ।

17 ਮਿਸਾਲ ਲਈ ਜੇ ਤੁਹਾਨੂੰ ਕਿਸੇ ਨੂੰ ਦਇਆ ਬਾਰੇ ਸਮਝਾਉਣਾ ਪਵੇ, ਤਾਂ ਤੁਸੀਂ ਕਿਸ ਤਰ੍ਹਾਂ ਸਮਝਾਓਗੇ? ਤੁਸੀਂ ਇਸ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਦੀ ਕੋਸ਼ਿਸ਼ ਕਰੋਗੇ। ਪਰ ਜੇ ਤੁਸੀਂ ਕਿਸੇ ਵਿਅਕਤੀ ਦੇ ਚੰਗੇ ਕੰਮਾਂ ਵੱਲ ਇਸ਼ਾਰਾ ਕਰ ਕੇ ਕਹੋ, ‘ਦੇਖੋ, ਇਹ ਦਇਆ ਦੀ ਜੀਉਂਦੀ-ਜਾਗਦੀ ਮੂਰਤ ਹੈ,’ ਤਾਂ ਉਸ ਨੂੰ ਤੁਹਾਡੀ ਗੱਲ ਆਸਾਨੀ ਨਾਲ ਚੰਗੀ ਤਰ੍ਹਾਂ ਸਮਝ ਆਵੇਗੀ। ਯਹੋਵਾਹ ਨੇ ਕੁਝ ਇਸ ਤਰ੍ਹਾਂ ਹੀ ਕੀਤਾ ਹੈ ਕਿ ਅਸੀਂ ਸਮਝ ਜਾਈਏ ਕਿ ਉਹ ਕਿਹੋ ਜਿਹਾ ਹੈ। ਉਸ ਨੇ ਆਪਣੇ ਆਪ ਬਾਰੇ ਦੱਸਣ ਦੇ ਨਾਲ-ਨਾਲ ਆਪਣੇ ਪੁੱਤਰ ਦਾ ਜੀਉਂਦਾ-ਜਾਗਦਾ ਨਮੂਨਾ ਵੀ ਪੇਸ਼ ਕੀਤਾ ਹੈ। ਯਿਸੂ ਨੇ ਆਪਣੇ ਕੰਮਾਂ ਵਿਚ ਪਰਮੇਸ਼ੁਰ ਦੇ ਗੁਣ ਦਿਖਾਏ। ਇੰਜੀਲ ਦੇ ਬਿਰਤਾਂਤਾਂ ਵਿਚ ਯਿਸੂ ਵੱਲ ਇਸ਼ਾਰਾ ਕਰਦੇ ਹੋਏ ਯਹੋਵਾਹ ਮਾਨੋ ਕਹਿ ਰਿਹਾ ਹੈ: “ਮੈਂ ਇਹੋ ਜਿਹਾ ਹਾਂ।” ਤਾਂ ਫਿਰ ਆਓ ਆਪਾਂ ਦੇਖੀਏ ਕਿ ਬਾਈਬਲ ਯਿਸੂ ਦੀ ਜ਼ਮੀਨੀ ਜ਼ਿੰਦਗੀ ਬਾਰੇ ਕੀ ਕਹਿੰਦੀ ਹੈ।

18. ਯਿਸੂ ਨੇ ਸ਼ਕਤੀ, ਇਨਸਾਫ਼ ਅਤੇ ਬੁੱਧ ਦੇ ਗੁਣ ਕਿਸ ਤਰ੍ਹਾਂ ਦਿਖਾਏ ਸਨ?

18 ਪਰਮੇਸ਼ੁਰ ਦੇ ਚਾਰ ਮੁੱਖ ਗੁਣ ਯਿਸੂ ਵਿਚ ਬੜੀ ਸੋਹਣੀ ਤਰ੍ਹਾਂ ਦੇਖੇ ਜਾ ਸਕਦੇ ਹਨ। ਉਸ ਕੋਲ ਬੀਮਾਰੀ, ਭੁੱਖ ਅਤੇ ਮੌਤ ਵੀ ਮਿਟਾਉਣ ਦੀ ਸ਼ਕਤੀ ਸੀ। ਪਰ ਉਹ ਮਤਲਬੀ ਆਦਮੀਆਂ ਵਰਗਾ ਨਹੀਂ ਸੀ ਜੋ ਆਪਣੀ ਸ਼ਕਤੀ ਨੂੰ ਗ਼ਲਤ ਤਰੀਕੇ ਨਾਲ ਵਰਤਦੇ ਹਨ। ਯਿਸੂ ਨੇ ਕਦੇ ਵੀ ਆਪਣੀ ਕਰਾਮਾਤੀ ਸ਼ਕਤੀ ਆਪਣੇ ਫ਼ਾਇਦੇ ਲਈ ਜਾਂ ਕਿਸੇ ਦੇ ਨੁਕਸਾਨ ਲਈ ਨਹੀਂ ਵਰਤੀ ਸੀ। (ਮੱਤੀ 4:2-4) ਉਸ ਨੂੰ ਇਨਸਾਫ਼ ਨਾਲ ਪਿਆਰ ਸੀ। ਉਸ ਦਾ ਦਿਲ ਧਰਮੀ ਗੁੱਸੇ ਨਾਲ ਭਰ ਗਿਆ ਜਦ ਉਸ ਨੇ ਵਪਾਰੀਆਂ ਨੂੰ ਬੇਇਨਸਾਫ਼ੀ ਕਰਦੇ ਹੋਏ ਲੋਕਾਂ ਦੀ ਛਿੱਲ ਲਾਹੁੰਦੇ ਦੇਖਿਆ। (ਮੱਤੀ 21:12, 13) ਯਿਸੂ ਨੇ ਸਭ ਨੂੰ ਇੱਕੋ ਜਿਹਾ ਸਮਝਿਆ, ਭਾਵੇਂ ਕੋਈ ਅਮੀਰ ਹੋਵੇ ਜਾਂ ਗ਼ਰੀਬ। ਉਸ ਨੇ ਦੁਖੀ ਲੋਕਾਂ ਨੂੰ ਉਨ੍ਹਾਂ ਦੇ ਜੀਆਂ ਵਿਚ ‘ਅਰਾਮ ਦਿੱਤਾ।’ (ਮੱਤੀ 11:4, 5, 28-30) ਯਿਸੂ ਨੂੰ ‘ਸੁਲੇਮਾਨ ਨਾਲੋਂ ਵੀ ਵੱਡਾ’ ਕਿਹਾ ਗਿਆ ਹੈ ਅਤੇ ਉਸ ਦੀ ਸਿੱਖਿਆ ਵਿਚ ਬੇਮਿਸਾਲ ਬੁੱਧ ਸੀ। (ਮੱਤੀ 12:42) ਪਰ ਯਿਸੂ ਨੇ ਆਪਣੀ ਬੁੱਧ ਦਾ ਕਦੇ ਵੀ ਦਿਖਾਵਾ ਨਹੀਂ ਕੀਤਾ ਸੀ। ਉਸ ਦੀ ਸਿੱਖਿਆ ਸੌਖੀ ਅਤੇ ਫ਼ਾਇਦੇਮੰਦ ਹੋਣ ਕਰਕੇ ਲੋਕਾਂ ਦੇ ਦਿਲਾਂ ਤੇ ਅਸਰ ਕਰਦੀ ਸੀ।

19, 20. (ੳ) ਯਿਸੂ ਪਿਆਰ ਦੀ ਸ਼ਾਨਦਾਰ ਮਿਸਾਲ ਕਿਸ ਤਰ੍ਹਾਂ ਸੀ? (ਅ) ਜਿਉਂ-ਜਿਉਂ ਅਸੀਂ ਯਿਸੂ ਦੀ ਜੀਉਂਦੀ-ਜਾਗਦੀ ਮਿਸਾਲ ਬਾਰੇ ਪੜ੍ਹਦੇ ਅਤੇ ਉਸ ਉੱਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਕੀ ਨਹੀਂ ਭੁੱਲਣਾ ਚਾਹੀਦਾ?

19 ਯਿਸੂ ਪਿਆਰ ਦੀ ਇਕ ਸ਼ਾਨਦਾਰ ਮਿਸਾਲ ਸੀ। ਆਪਣੀ ਸਾਰੀ ਸੇਵਕਾਈ ਦੌਰਾਨ ਉਸ ਨੇ ਹਮਦਰਦੀ ਅਤੇ ਦਇਆ ਵਰਗੇ ਪਿਆਰ ਦੇ ਕਈ ਪਹਿਲੂ ਦਿਖਾਏ। ਲੋਕਾਂ ਦਾ ਦੁੱਖ ਦੇਖ ਕੇ ਯਿਸੂ ਨੂੰ ਉਨ੍ਹਾਂ ਤੇ ਤਰਸ ਆਉਂਦਾ ਸੀ। ਇਸੇ ਲਈ ਉਸ ਨੇ ਲੋਕਾਂ ਦਾ ਦੁੱਖ ਦੂਰ ਕਰਨ ਲਈ ਕੁਝ-ਨ-ਕੁਝ ਕੀਤਾ। (ਮੱਤੀ 14:14) ਭਾਵੇਂ ਕਿ ਯਿਸੂ ਨੇ ਰੋਗੀਆਂ ਨੂੰ ਚੰਗਾ ਕੀਤਾ ਅਤੇ ਭੁੱਖਿਆਂ ਨੂੰ ਰੋਟੀ ਖੁਆਈ, ਪਰ ਉਸ ਨੇ ਇਸ ਤੋਂ ਵੀ ਜ਼ਰੂਰੀ ਤਰੀਕੇ ਨਾਲ ਲੋਕਾਂ ਤੇ ਦਇਆ ਕੀਤੀ ਸੀ। ਉਸ ਨੇ ਲੋਕਾਂ ਦੀ ਮਦਦ ਕੀਤੀ ਕਿ ਉਹ ਪਰਮੇਸ਼ੁਰ ਦੇ ਰਾਜ ਦੀ ਸੱਚਾਈ ਨੂੰ ਜਾਣਨ ਅਤੇ ਪਿਆਰ ਕਰਨ ਅਤੇ ਇਸ ਤੇ ਵਿਸ਼ਵਾਸ ਕਰਨ ਕਿਉਂਕਿ ਸਿਰਫ਼ ਇਸ ਰਾਜ ਤੋਂ ਹੀ ਲੋਕਾਂ ਨੂੰ ਸਦਾ ਲਈ ਬਰਕਤਾਂ ਮਿਲਣਗੀਆਂ। (ਮਰਕੁਸ 6:34; ਲੂਕਾ 4:43) ਸਭ ਤੋਂ ਵੱਧ ਯਿਸੂ ਨੇ ਦੂਸਰਿਆਂ ਲਈ ਆਪਣੀ ਜਾਨ ਦੇ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ ਸੀ।​—ਯੂਹੰਨਾ 15:13.

20 ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਹਰ ਤਰ੍ਹਾਂ ਦੇ ਲੋਕ ਇਸ ਕੋਮਲ ਦਿਲ ਵਾਲੇ ਹਮਦਰਦ ਇਨਸਾਨ ਵੱਲ ਖਿੱਚੇ ਚਲੇ ਆਉਂਦੇ ਸਨ। (ਮਰਕੁਸ 10:13-16) ਪਰ ਜਿਉਂ-ਜਿਉਂ ਅਸੀਂ ਯਿਸੂ ਦੀ ਜੀਉਂਦੀ-ਜਾਗਦੀ ਮਿਸਾਲ ਬਾਰੇ ਪੜ੍ਹਦੇ ਅਤੇ ਉਸ ਉੱਤੇ ਸੋਚ-ਵਿਚਾਰ ਕਰਦੇ ਹਾਂ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਪੁੱਤਰ ਐਨ ਆਪਣੇ ਪਿਤਾ ਤੇ ਗਿਆ ਹੈ।​—ਇਬਰਾਨੀਆਂ 1:3.

ਸਾਡੀ ਸਹਾਇਤਾ ਲਈ ਇਕ ਕਿਤਾਬ

21, 22. ਯਹੋਵਾਹ ਨੂੰ ਭਾਲਣ ਦਾ ਕੀ ਮਤਲਬ ਹੈ ਅਤੇ ਇਹ ਕਿਤਾਬ ਸਾਡੀ ਇਸ ਤਰ੍ਹਾਂ ਕਰਨ ਵਿਚ ਕਿਵੇਂ ਮਦਦ ਕਰ ਸਕਦੀ ਹੈ?

21 ਯਹੋਵਾਹ ਨੇ ਬਾਈਬਲ ਵਿਚ ਆਪਣੇ ਆਪ ਨੂੰ ਇਸ ਲਈ ਇੰਨੀ ਚੰਗੀ ਤਰ੍ਹਾਂ ਜ਼ਾਹਰ ਕੀਤਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਹੋਈਏ। ਪਰ ਉਹ ਸਾਨੂੰ ਆਪਣੇ ਨਾਲ ਦੋਸਤੀ ਕਰਨ ਲਈ ਮਜਬੂਰ ਨਹੀਂ ਕਰਦਾ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਯਹੋਵਾਹ ਨੂੰ ਭਾਲੀਏ “ਜਦ ਤੀਕ ਉਹ ਲੱਭ ਸੱਕੇ।” (ਯਸਾਯਾਹ 55:6) ਯਹੋਵਾਹ ਨੂੰ ਭਾਲਣ ਦਾ ਮਤਲਬ ਹੈ ਕਿ ਅਸੀਂ ਬਾਈਬਲ ਰਾਹੀਂ ਉਸ ਦੇ ਗੁਣਾਂ ਬਾਰੇ ਅਤੇ ਕੰਮ ਕਰਨ ਦੇ ਢੰਗ ਬਾਰੇ ਜਾਣੀਏ। ਇਹ ਕਿਤਾਬ ਇਸ ਤਰ੍ਹਾਂ ਕਰਨ ਲਈ ਤੁਹਾਡੇ ਵਾਸਤੇ ਤਿਆਰ ਕੀਤੀ ਗਈ ਹੈ।

22 ਨੋਟ ਕਰੋ ਕਿ ਇਹ ਕਿਤਾਬ ਚਾਰ ਹਿੱਸਿਆਂ ਵਿਚ ਵੰਡੀ ਹੋਈ ਹੈ ਅਤੇ ਹਰ ਹਿੱਸਾ ਯਹੋਵਾਹ ਦੇ ਚਾਰ ਮੁੱਖ ਗੁਣਾਂ—ਸ਼ਕਤੀ, ਇਨਸਾਫ਼, ਬੁੱਧ ਅਤੇ ਪਿਆਰ—ਵਿੱਚੋਂ ਇਕ ਗੁਣ ਉੱਤੇ ਚਰਚਾ ਕਰਦਾ ਹੈ। ਹਰ ਹਿੱਸਾ ਉਸ ਗੁਣ ਦਾ ਸਾਰ ਦੇ ਕੇ ਸ਼ੁਰੂ ਹੁੰਦਾ ਹੈ। ਉਸ ਹਿੱਸੇ ਦੇ ਅਗਲੇ ਕੁਝ ਅਧਿਆਇ ਦੱਸਦੇ ਹਨ ਕਿ ਯਹੋਵਾਹ ਉਸ ਗੁਣ ਦੇ ਵੱਖਰੇ-ਵੱਖਰੇ ਪਹਿਲੂਆਂ ਨੂੰ ਕਿਸ ਤਰ੍ਹਾਂ ਜ਼ਾਹਰ ਕਰਦਾ ਹੈ। ਹਰ ਹਿੱਸੇ ਵਿਚ ਇਕ ਅਧਿਆਇ ਇਹ ਵੀ ਦੱਸਦਾ ਹੈ ਕਿ ਯਿਸੂ ਨੇ ਉਸ ਗੁਣ ਦੀ ਮਿਸਾਲ ਕਿਵੇਂ ਕਾਇਮ ਕੀਤੀ ਸੀ। ਇਸ ਦੇ ਨਾਲ-ਨਾਲ ਇਕ ਹੋਰ ਅਧਿਆਇ ਦੱਸਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਉਸ ਗੁਣ ਨੂੰ ਕਿਸ ਤਰ੍ਹਾਂ ਦਿਖਾ ਸਕਦੇ ਹਾਂ।

23, 24. (ੳ) “ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ” ਨਾਮਕ ਡੱਬੀ ਬਾਰੇ ਦੱਸੋ। (ਅ) ਸੋਚ-ਵਿਚਾਰ ਕਰਨ ਨਾਲ ਅਸੀਂ ਪਰਮੇਸ਼ੁਰ ਦੇ ਹੋਰ ਨੇੜੇ ਕਿਵੇਂ ਹੋ ਸਕਦੇ ਹਾਂ?

23 ਪਹਿਲੇ ਅਧਿਆਇ ਨੂੰ ਛੱਡ ਬਾਕੀ ਹਰ ਅਧਿਆਇ ਵਿਚ ਇਕ ਡੱਬੀ ਹੈ ਜਿਸ ਦਾ ਨਾਂ ਹੈ “ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ।” ਮਿਸਾਲ ਲਈ 24ਵੇਂ ਸਫ਼ੇ ਤੇ ਡੱਬੀ ਦੇਖੋ। ਇਸ ਡੱਬੀ ਵਿਚਲੇ ਸਵਾਲ ਅਤੇ ਹਵਾਲੇ ਇਸ ਅਧਿਆਇ ਉੱਤੇ ਮੁੜ ਵਿਚਾਰ ਕਰਨ ਲਈ ਨਹੀਂ ਦਿੱਤੇ ਗਏ ਹਨ। ਇਸ ਦੀ ਬਜਾਇ ਇਨ੍ਹਾਂ ਦਾ ਮਕਸਦ ਹੈ ਕਿ ਤੁਸੀਂ ਇਸ ਵਿਸ਼ੇ ਦੇ ਹੋਰ ਜ਼ਰੂਰੀ ਪਹਿਲੂਆਂ ਬਾਰੇ ਸੋਚ ਸਕੋ। ਇਸ ਡੱਬੀ ਤੋਂ ਤੁਸੀਂ ਕਿਸ ਤਰ੍ਹਾਂ ਲਾਭ ਉਠਾ ਸਕਦੇ ਹੋ? ਪਹਿਲਾਂ ਬਾਈਬਲ ਦੇ ਹਰੇਕ ਹਵਾਲੇ ਨੂੰ ਚੰਗੀ ਤਰ੍ਹਾਂ ਪੜ੍ਹੋ। ਫਿਰ ਉਸ ਹਵਾਲੇ ਨਾਲ ਦਿੱਤੇ ਗਏ ਸਵਾਲ ਵੱਲ ਧਿਆਨ ਦਿਓ ਅਤੇ ਉਸ ਦੇ ਜਵਾਬ ਬਾਰੇ ਸੋਚੋ। ਤੁਸੀਂ ਇਸ ਬਾਰੇ ਕੁਝ ਰਿਸਰਚ ਕਰ ਸਕਦੇ ਹੋ। ਆਪਣੇ ਆਪ ਤੋਂ ਹੋਰ ਸਵਾਲ ਪੁੱਛੋ: ‘ਇਹ ਜਾਣਕਾਰੀ ਮੈਨੂੰ ਯਹੋਵਾਹ ਬਾਰੇ ਕੀ ਦੱਸਦੀ ਹੈ? ਇਸ ਦਾ ਮੇਰੀ ਜ਼ਿੰਦਗੀ ਉੱਤੇ ਕੀ ਅਸਰ ਪੈਂਦਾ ਹੈ? ਮੈਂ ਇਸ ਨੂੰ ਦੂਸਰਿਆਂ ਦੀ ਮਦਦ ਕਰਨ ਲਈ ਕਿਸ ਤਰ੍ਹਾਂ ਵਰਤ ਸਕਦਾ ਹਾਂ?’

24 ਇਸ ਤਰ੍ਹਾਂ ਦੀ ਡੂੰਘੀ ਸੋਚਣੀ ਯਹੋਵਾਹ ਦੇ ਹੋਰ ਨੇੜੇ ਹੋਣ ਵਿਚ ਸਾਡੀ ਮਦਦ ਕਰ ਸਕਦੀ ਹੈ। ਕਿਸ ਤਰ੍ਹਾਂ? ਬਾਈਬਲ ਤੋਂ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ, ਤਾਂ ਇਸ ਵਿਚ ਸਾਡਾ ਦਿਲ ਵੀ ਸ਼ਾਮਲ ਹੁੰਦਾ ਹੈ। ਜਦੋਂ ਅਸੀਂ ਯਹੋਵਾਹ ਸੰਬੰਧੀ ਸਿੱਖੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਇਹ ਜਾਣਕਾਰੀ ਸਾਡੀ ਸੋਚਣੀ ਅਤੇ ਸਾਡੇ ਦਿਲ ਤੇ ਅਸਰ ਪਾਉਂਦੀ ਹੈ ਅਤੇ ਅਸੀਂ ਇਸ ਨੂੰ ਅਮਲ ਵਿਚ ਲਿਆਉਣ ਲਈ ਤਿਆਰ ਹੁੰਦੇ ਹਾਂ। ਇਸ ਤਰ੍ਹਾਂ ਪਰਮੇਸ਼ੁਰ ਲਈ ਸਾਡਾ ਪਿਆਰ ਵਧਦਾ ਹੈ ਅਤੇ ਉਸ ਪਿਆਰ ਕਰਕੇ ਅਸੀਂ ਆਪਣੇ ਜਿਗਰੀ ਦੋਸਤ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। (1 ਯੂਹੰਨਾ 5:3) ਉਸ ਨਾਲ ਦੋਸਤੀ ਕਰਨ ਲਈ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਗੁਣ ਅਤੇ ਕੰਮ ਕਰਨ ਦੇ ਢੰਗ ਜਾਣੀਏ। ਆਓ ਆਪਾਂ ਪਹਿਲਾਂ ਪਰਮੇਸ਼ੁਰ ਦੀ ਸ਼ਖ਼ਸੀਅਤ ਦੇ ਉਸ ਪਹਿਲੂ ਬਾਰੇ ਚਰਚਾ ਕਰੀਏ ਜਿਸ ਤੋਂ ਸਾਨੂੰ ਉਸ ਵੱਲ ਖਿੱਚੇ ਜਾਣ ਦਾ ਠੋਸ ਕਾਰਨ ਮਿਲਦਾ ਹੈ​—ਉਸ ਦੀ ਪਵਿੱਤਰਤਾ।

^ ਪੈਰਾ 12 ਮਿਸਾਲ ਦੇ ਤੌਰ ਤੇ ਬਾਈਬਲ ਵਿਚ ਪਰਮੇਸ਼ੁਰ ਦੇ ਮੂੰਹ, ਮੁਖ, ਹੱਥ, ਪੈਰ ਅਤੇ ਉਸ ਦੀਆਂ ਅੱਖਾਂ ਤੇ ਨਾਸਾਂ ਦੀ ਗੱਲ ਕੀਤੀ ਗਈ ਹੈ। (ਜ਼ਬੂਰਾਂ ਦੀ ਪੋਥੀ 18:15; 44:3; ਯਸਾਯਾਹ 60:13; ਮੱਤੀ 4:4; 1 ਪਤਰਸ 3:12) ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਹੱਡ-ਮਾਸ ਦਾ ਬਣਿਆ ਹੋਇਆ ਹੈ। ਬਾਈਬਲ ਵਿਚ ਯਹੋਵਾਹ ਬਾਰੇ ਸਮਝਾਉਣ ਲਈ ਅਕਸਰ ਤਸਵੀਰੀ ਭਾਸ਼ਾ ਵਰਤੀ ਗਈ ਹੈ, ਠੀਕ ਜਿਵੇਂ ਅਸੀਂ ਉਨ੍ਹਾਂ ਹਵਾਲਿਆਂ ਨੂੰ ਸ਼ਾਬਦਿਕ ਰੂਪ ਵਿਚ ਨਹੀਂ ਲੈਂਦੇ ਜਿੱਥੇ ਯਹੋਵਾਹ ਨੂੰ “ਚਟਾਨ,” ਜਾਂ “ਇੱਕ ਢਾਲ” ਸੱਦਿਆ ਗਿਆ ਹੈ।​—ਬਿਵਸਥਾ ਸਾਰ 32:4; ਜ਼ਬੂਰਾਂ ਦੀ ਪੋਥੀ 84:11.