Skip to content

Skip to table of contents

ਬਾਰ੍ਹਵਾਂ ਅਧਿਆਇ

‘ਭਲਾ, ਪਰਮੇਸ਼ੁਰ ਕੋਲੋਂ ਅਨਿਆਂ ਹੁੰਦਾ ਹੈ?’

‘ਭਲਾ, ਪਰਮੇਸ਼ੁਰ ਕੋਲੋਂ ਅਨਿਆਂ ਹੁੰਦਾ ਹੈ?’

1. ਅਨਿਆਂ ਦਾ ਸਾਡੇ ਉੱਤੇ ਕੀ ਅਸਰ ਹੋ ਸਕਦਾ ਹੈ?

ਇਕ ਬੁੱਢੀ ਮਾਈ ਦਾ ਪੈਸਾ-ਪੈਸਾ ਬਚਾ ਕੇ ਜੋੜਿਆ ਧਨ ਠੱਗ ਲਿਆ ਜਾਂਦਾ ਹੈ। ਇਕ ਨਿਰਦਈ ਮਾਂ ਆਪਣੇ ਨਵੇਂ ਜੰਮੇ ਬੱਚੇ ਨੂੰ ਛੱਡ ਕੇ ਚਲੀ ਜਾਂਦੀ ਹੈ। ਇਕ ਬੇਕਸੂਰ ਆਦਮੀ ਕੈਦ ਕੀਤਾ ਜਾਂਦਾ ਹੈ। ਕੀ ਅਜਿਹੀਆਂ ਖ਼ਬਰਾਂ ਸੁਣ ਕੇ ਤੁਸੀਂ ਪਰੇਸ਼ਾਨ ਨਹੀਂ ਹੁੰਦੇ? ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਬੁਰੀਆਂ ਕਿਉਂ ਲੱਗਦੀਆਂ ਹਨ? ਕਿਉਂਕਿ ਸਾਡਾ ਦਿਲ ਤੇ ਦਿਮਾਗ਼ ਸਾਨੂੰ ਦੱਸਦਾ ਹੈ ਕਿ ਕੀ ਸਹੀ ਹੈ ਤੇ ਕੀ ਗ਼ਲਤ। ਜਦੋਂ ਕਿਸੇ ਨਾਲ ਅਨਿਆਂ ਹੁੰਦਾ ਹੈ, ਤਾਂ ਸਾਨੂੰ ਗੁੱਸਾ ਆਉਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਇਨਸਾਫ਼ ਕੀਤਾ ਜਾਵੇ ਅਤੇ ਜਿਸ ਨੇ ਅਨਿਆਂ ਕੀਤਾ ਹੈ, ਉਸ ਨੂੰ ਸਜ਼ਾ ਦਿੱਤੀ ਜਾਵੇ। ਜੇ ਇਸ ਤਰ੍ਹਾਂ ਨਹੀਂ ਹੁੰਦਾ, ਤਾਂ ਸਾਡੇ ਮਨ ਵਿਚ ਅਜਿਹੇ ਸਵਾਲ ਉੱਠ ਸਕਦੇ ਹਨ: ‘ਕੀ ਪਰਮੇਸ਼ੁਰ ਇਸ ਨੂੰ ਨਹੀਂ ਦੇਖਦਾ? ਉਹ ਕਿਉਂ ਨਹੀਂ ਕੁਝ ਕਰਦਾ?’

2. ਹਬੱਕੂਕ ਨਬੀ ਨੇ ਬੇਇਨਸਾਫ਼ੀ ਬਾਰੇ ਕਿਹੜੇ ਸਵਾਲ ਪੁੱਛੇ ਸਨ ਅਤੇ ਯਹੋਵਾਹ ਨੇ ਉਸ ਦੀ ਨਿਖੇਧੀ ਕਿਉਂ ਨਹੀਂ ਕੀਤੀ ਸੀ?

2 ਇਤਿਹਾਸ ਦੌਰਾਨ ਯਹੋਵਾਹ ਦੇ ਵਫ਼ਾਦਾਰ ਸੇਵਕ ਇਹੋ ਜਿਹੇ ਸਵਾਲ ਪੁੱਛਦੇ ਆਏ ਹਨ। ਮਿਸਾਲ ਲਈ ਹਬੱਕੂਕ ਨਬੀ ਨੇ ਹਰ ਪਾਸੇ ਫੈਲੀ ਹੋਈ ਬੇਇਨਸਾਫ਼ੀ ਬਾਰੇ ਪ੍ਰਾਰਥਨਾ ਵਿਚ ਪੁੱਛਿਆ: “ਤੂੰ ਮੈਨੂੰ ਬਦੀ ਕਿਉਂ ਵਿਖਾਉਂਦਾ ਹੈਂ, ਅਤੇ ਕਸ਼ਟ ਉੱਤੇ ਮੇਰਾ ਧਿਆਨ ਲਾਉਂਦਾ ਹੈਂ? ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ ਅਤੇ ਵਖਾਧ ਉੱਠਦੀ ਹੈ।” (ਹਬੱਕੂਕ 1:3) ਯਹੋਵਾਹ ਨੇ ਹਬੱਕੂਕ ਦੇ ਸਵਾਲਾਂ ਦੀ ਨਿਖੇਧੀ ਨਹੀਂ ਕੀਤੀ ਸੀ ਕਿਉਂਕਿ ਉਸ ਨੇ ਹੀ ਇਨਸਾਨਾਂ ਵਿਚ ਇਨਸਾਫ਼ ਦੀ ਧਾਰਣਾ ਪਾਈ ਹੈ। ਜੀ ਹਾਂ, ਯਹੋਵਾਹ ਨੇ ਸਾਨੂੰ ਇਨਸਾਫ਼ ਕਰਨ ਦੀਆਂ ਭਾਵਨਾਵਾਂ ਨਾਲ ਬਣਾਇਆ ਹੈ।

ਯਹੋਵਾਹ ਅਨਿਆਂ ਨਾਲ ਨਫ਼ਰਤ ਕਰਦਾ ਹੈ

3. ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਬੇਇਨਸਾਫ਼ੀ ਨਾਲ ਸਾਡੇ ਤੋਂ ਜ਼ਿਆਦਾ ਵਾਕਫ਼ ਹੈ?

3 ਯਹੋਵਾਹ ਜਾਣਦਾ ਹੈ ਕਿ ਦੁਨੀਆਂ ਵਿਚ ਬਹੁਤ ਅਨਿਆਂ ਹੋ ਰਿਹਾ ਹੈ। ਉਹ ਸਭ ਕੁਝ ਦੇਖ ਸਕਦਾ ਹੈ। ਬਾਈਬਲ ਸਾਨੂੰ ਨੂਹ ਦੇ ਜ਼ਮਾਨੇ ਬਾਰੇ ਦੱਸਦੀ ਹੈ ਕਿ “ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ।” (ਉਤਪਤ 6:5) ਜ਼ਰਾ ਇਸ ਗੱਲ ਦਾ ਮਤਲਬ ਸਮਝੋ। ਅਨਿਆਂ ਬਾਰੇ ਜਿਸ ਤਰ੍ਹਾਂ ਅਸੀਂ ਅਕਸਰ ਮਹਿਸੂਸ ਕਰਦੇ ਹਾਂ, ਉਹ ਸਿਰਫ਼ ਕੁਝ ਹੀ ਘਟਨਾਵਾਂ ਦੇ ਆਧਾਰ ਤੇ ਹੁੰਦਾ ਹੈ, ਚਾਹੇ ਉਨ੍ਹਾਂ ਦਾ ਸਾਨੂੰ ਖ਼ੁਦ ਤਜਰਬਾ ਹੋਵੇ ਜਾਂ ਉਨ੍ਹਾਂ ਬਾਰੇ ਸਿਰਫ਼ ਅਸੀਂ ਸੁਣਿਆ ਹੀ ਹੋਵੇ। ਸਾਡੇ ਤੋਂ ਉਲਟ ਯਹੋਵਾਹ ਸਾਰੇ ਸੰਸਾਰ ਵਿਚ ਹੋ ਰਹੇ ਅਨਿਆਂ ਬਾਰੇ ਜਾਣਦਾ ਹੈ। ਉਹ ਸਭ ਕੁਝ ਦੇਖ ਰਿਹਾ ਹੈ! ਇਸ ਤੋਂ ਇਲਾਵਾ ਉਹ ਤਾਂ ਹਰ ਦਿਲ ਦੀ ਹਰ ਗੱਲ ਜਾਣਦਾ ਹੈ ਯਾਨੀ ਹਰ ਬੁਰੇ ਕੰਮ ਦੇ ਪਿੱਛੇ ਉਸ ਦਾ ਕਾਰਨ ਜਾਣਦਾ ਹੈ।—ਯਿਰਮਿਯਾਹ 17:10.

4, 5. (ੳ) ਬਾਈਬਲ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਦੀ ਪਰਵਾਹ ਕਰਦਾ ਹੈ ਜਿਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਜਾਂਦੀ ਹੈ? (ਅ) ਯਹੋਵਾਹ ਆਪ ਅਨਿਆਂ ਕਿਵੇਂ ਸਹਿੰਦਾ ਆਇਆ ਹੈ?

4 ਪਰ ਯਹੋਵਾਹ ਅਨਿਆਂ ਬਾਰੇ ਸਿਰਫ਼ ਜਾਣਦਾ ਹੀ ਨਹੀਂ ਹੈ। ਉਸ ਨੂੰ ਉਨ੍ਹਾਂ ਲੋਕਾਂ ਦੀ ਪਰਵਾਹ ਵੀ ਹੈ ਜਿਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਜਾਂਦੀ ਹੈ। ਜਦੋਂ ਉਸ ਦੇ ਲੋਕ ਦੁਸ਼ਮਣ ਕੌਮਾਂ ਦੇ ਹੱਥੋਂ ਦੁੱਖ ਸਹਿ ਰਹੇ ਸਨ, ਤਾਂ ਯਹੋਵਾਹ “ਉਨ੍ਹਾਂ ਦੀ ਦੁਹਾਈ ਤੋਂ ਜੋ ਓਹ ਆਪਣੇ ਦੁਖਦਾਈ ਅਤੇ ਲੁਟੇਰਿਆਂ ਦੇ ਕਾਰਨ ਦਿੰਦੇ ਸਨ,” ਪਰੇਸ਼ਾਨ ਹੋਇਆ ਸੀ। (ਨਿਆਈਆਂ 2:18) ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਲੋਕ ਜਿੰਨਾ ਜ਼ਿਆਦਾ ਅਨਿਆਂ ਦੇਖਦੇ ਹਨ, ਉੱਨੀ ਹੀ ਉਨ੍ਹਾਂ ਵਿਚ ਹਮਦਰਦੀ ਘੱਟਦੀ ਜਾਂਦੀ ਹੈ। ਉਹ ਸਖ਼ਤ ਬਣ ਜਾਂਦੇ ਹਨ। ਯਹੋਵਾਹ ਨਾਲ ਇਸ ਤਰ੍ਹਾਂ ਨਹੀਂ ਹੁੰਦਾ! ਉਸ ਨੇ ਤਕਰੀਬਨ 6,000 ਸਾਲਾਂ ਤੋਂ ਹਰ ਤਰ੍ਹਾਂ ਦਾ ਅਨਿਆਂ ਹੁੰਦਾ ਦੇਖਿਆ ਹੈ, ਪਰ ਉਹ ਅਜੇ ਵੀ ਅਨਿਆਂ ਨਾਲ ਨਫ਼ਰਤ ਕਰਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਉਸ ਨੂੰ ਕਿਹੋ ਜਿਹੀਆਂ ਚੀਜ਼ਾਂ ਘਿਣਾਉਣੀਆਂ ਲੱਗਦੀਆਂ ਹਨ ਯਾਨੀ “ਝੂਠੀ ਜੀਭ,” “ਬੇਦੋਸ਼ੇ ਦਾ ਖ਼ੂਨ ਕਰਨ ਵਾਲੇ ਹੱਥ” ਅਤੇ ‘ਝੂਠਾ ਗਵਾਹ ਜਿਹੜਾ ਝੂਠ ਮਾਰ ਕੇ ਭਾਈਆਂ ਵਿੱਚ ਝਗੜਾ ਪਾਉਂਦਾ ਹੈ।’—ਕਹਾਉਤਾਂ 6:16-19.

5 ਯਹੋਵਾਹ ਨੇ ਇਸਰਾਏਲ ਦੇ ਬੇਈਮਾਨ ਆਗੂਆਂ ਦੀ ਵੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਕੀਤਾ ਸੀ। ਇਸ ਲਈ ਯਹੋਵਾਹ ਨੇ ਆਪਣੇ ਇਕ ਨਬੀ ਨੂੰ ਪ੍ਰੇਰਿਆ ਕਿ ਉਹ ਉਨ੍ਹਾਂ ਨੂੰ ਇਹ ਸਵਾਲ ਪੁੱਛੇ: “ਤੁਹਾਨੂੰ ਇਨਸਾਫ਼ ਨਹੀਂ ਜਾਣਨਾ ਚਾਹੀਦਾ?” ਅਨਿਆਂ ਬਾਰੇ ਪੂਰੀ ਤਰ੍ਹਾਂ ਦੱਸਣ ਤੋਂ ਬਾਅਦ ਯਹੋਵਾਹ ਨੇ ਦੱਸਿਆ ਕਿ ਇਨ੍ਹਾਂ ਨਿਕੰਮੇ ਆਦਮੀਆਂ ਨਾਲ ਕੀ ਹੋਵੇਗਾ: “ਓਹ ਯਹੋਵਾਹ ਅੱਗੇ ਦੁਹਾਈ ਦੇਣਗੇ, ਪਰ ਉਹ ਓਹਨਾਂ ਨੂੰ ਉੱਤਰ ਨਾ ਦੇਵੇਗਾ, ਅਤੇ ਉਸ ਸਮੇਂ ਉਹ ਆਪਣਾ ਮੂੰਹ ਓਹਨਾਂ ਤੋਂ ਲੁਕਾ ਲਵੇਗਾ, ਜਿਵੇਂ ਓਹਨਾਂ ਨੇ ਭੈੜੇ ਕੰਮ ਕੀਤੇ ਹਨ।” (ਮੀਕਾਹ 3:1-4) ਯਹੋਵਾਹ ਨੂੰ ਅਨਿਆਂ ਨਾਲ ਕਿੰਨੀ ਨਫ਼ਰਤ ਹੈ! ਉਹ ਖ਼ੁਦ ਅਨਿਆਂ ਸਹਿੰਦਾ ਆਇਆ ਹੈ! ਹਜ਼ਾਰਾਂ ਸਾਲਾਂ ਤੋਂ ਸ਼ਤਾਨ ਉਸ ਨੂੰ ਮੇਹਣੇ ਮਾਰਦਾ ਆਇਆ ਹੈ। (ਕਹਾਉਤਾਂ 27:11) ਇਸ ਤੋਂ ਇਲਾਵਾ ਯਹੋਵਾਹ ਨਾਲ ਇਕ ਹੋਰ ਬਹੁਤ ਵੱਡਾ ਅਨਿਆਂ ਹੋਇਆ ਜਦੋਂ ਉਸ ਦੇ ਪੁੱਤਰ ਨੂੰ ਇਕ ਮੁਜਰਮ ਵਜੋਂ ਸੂਲੀ ਤੇ ਟੰਗ ਦਿੱਤਾ ਗਿਆ ਸੀ, ਭਾਵੇਂ ਉਸ ਨੇ “ਕੋਈ ਪਾਪ ਨਹੀਂ ਕੀਤਾ” ਸੀ। (1 ਪਤਰਸ 2:22; ਯਸਾਯਾਹ 53:9) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਬਾਰੇ ਜਾਣਦਾ ਹੈ ਤੇ ਉਨ੍ਹਾਂ ਦੀ ਪਰਵਾਹ ਵੀ ਕਰਦਾ ਹੈ ਜਿਨ੍ਹਾਂ ਨਾਲ ਅਨਿਆਂ ਕੀਤਾ ਜਾਂਦਾ ਹੈ।

6. ਜਦੋਂ ਅਸੀਂ ਅਨਿਆਂ ਹੁੰਦਾ ਦੇਖਦੇ ਹਾਂ, ਤਾਂ ਅਸੀਂ ਸ਼ਾਇਦ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ ਅਤੇ ਕਿਉਂ?

6 ਪਰ ਜਦ ਅਸੀਂ ਖ਼ੁਦ ਅਨਿਆਂ ਦੇਖਦੇ ਹਾਂ ਜਾਂ ਉਸ ਦੇ ਸ਼ਿਕਾਰ ਬਣਦੇ ਹਾਂ, ਤਾਂ ਇਹ ਸੁਭਾਵਕ ਹੈ ਕਿ ਅਸੀਂ ਗੁੱਸੇ ਵਿਚ ਲਾਲ-ਪੀਲ਼ੇ ਹੋਈਏ। ਅਸੀਂ ਪਰਮੇਸ਼ੁਰ ਦੇ ਰੂਪ ਤੇ ਬਣਾਏ ਗਏ ਹਾਂ ਅਤੇ ਅਨਿਆਂ ਪਰਮੇਸ਼ੁਰ ਦੇ ਵਿਚ ਬਿਲਕੁਲ ਹੈ ਹੀ ਨਹੀਂ। (ਉਤਪਤ 1:27) ਤਾਂ ਫਿਰ ਪਰਮੇਸ਼ੁਰ ਬੇਇਨਸਾਫ਼ੀ ਕਿਉਂ ਹੋਣ ਦਿੰਦਾ ਹੈ?

ਕੀ ਪਰਮੇਸ਼ੁਰ ਨੂੰ ਰਾਜ ਕਰਨਾ ਚਾਹੀਦਾ ਹੈ?

7. ਪਰਮੇਸ਼ੁਰ ਦੀ ਹਕੂਮਤ ਬਾਰੇ ਸਵਾਲ ਕਿਸ ਤਰ੍ਹਾਂ ਪੈਦਾ ਕੀਤੇ ਗਏ ਸਨ?

7 ਪਰਮੇਸ਼ੁਰ ਬੇਇਨਸਾਫ਼ੀ ਕਿਉਂ ਹੋਣ ਦਿੰਦਾ ਹੈ? ਇਸ ਸਵਾਲ ਦਾ ਜਵਾਬ ਇਕ ਹੋਰ ਸਵਾਲ ਨਾਲ ਜੁੜਿਆ ਹੋਇਆ ਹੈ। ਆਓ ਆਪਾਂ ਦੇਖੀਏ। ਅਸੀਂ ਪਹਿਲਾਂ ਦੇਖ ਚੁੱਕੇ ਹਾਂ ਕਿ ਸਾਡੇ ਸ੍ਰਿਸ਼ਟੀਕਰਤਾ ਕੋਲ ਇਸ ਧਰਤੀ ਅਤੇ ਇਸ ਦੇ ਸਾਰੇ ਵਾਸੀਆਂ ਉੱਤੇ ਰਾਜ ਕਰਨ ਦਾ ਹੱਕ ਹੈ। (ਜ਼ਬੂਰਾਂ ਦੀ ਪੋਥੀ 24:1; ਪਰਕਾਸ਼ ਦੀ ਪੋਥੀ 4:11) ਪਰ ਮਾਨਵੀ ਇਤਿਹਾਸ ਦੇ ਮੁੱਢ ਵਿਚ ਇਹ ਸਵਾਲ ਖੜ੍ਹਾ ਹੋਇਆ ਕਿ ਕੀ ਪਰਮੇਸ਼ੁਰ ਨੂੰ ਰਾਜ ਕਰਨਾ ਚਾਹੀਦਾ ਹੈ? ਇਹ ਸਵਾਲ ਕਿਸ ਤਰ੍ਹਾਂ ਪੈਦਾ ਹੋਇਆ ਸੀ? ਅਦਨ ਦੇ ਬਾਗ਼ ਵਿਚ ਇਕ ਖ਼ਾਸ ਦਰਖ਼ਤ ਸੀ ਜਿਸ ਤੋਂ ਯਹੋਵਾਹ ਨੇ ਪਹਿਲੇ ਆਦਮੀ ਨੂੰ ਫਲ ਖਾਣ ਤੋਂ ਮਨ੍ਹਾ ਕੀਤਾ ਸੀ। ਅਤੇ ਜੇ ਉਸ ਨੇ ਉਸ ਦੀ ਗੱਲ ਨਾ ਮੰਨੀ, ਤਾਂ ਫਿਰ ਕੀ ਹੋਣਾ ਸੀ? ਪਰਮੇਸ਼ੁਰ ਨੇ ਉਸ ਨੂੰ ਦੱਸਿਆ: “ਤੂੰ ਜ਼ਰੂਰ ਮਰੇਂਗਾ।” (ਉਤਪਤ 2:17) ਆਦਮ ਤੇ ਉਸ ਦੀ ਬੀਵੀ ਹੱਵਾਹ ਵਾਸਤੇ ਇਹ ਗੱਲ ਮੰਨਣੀ ਮੁਸ਼ਕਲ ਨਹੀਂ ਸੀ। ਪਰ ਸ਼ਤਾਨ ਨੇ ਹੱਵਾਹ ਨੂੰ ਮਨਾ ਲਿਆ ਕਿ ਪਰਮੇਸ਼ੁਰ ਉਨ੍ਹਾਂ ਉੱਤੇ ਨਾਜਾਇਜ਼ ਬੰਦਸ਼ ਲਾ ਰਿਹਾ ਸੀ। ਦਰਖ਼ਤ ਦਾ ਫਲ ਖਾਣ ਨਾਲ ਉਨ੍ਹਾਂ ਨੂੰ ਕੀ ਹੋਣਾ ਸੀ? ਸ਼ਤਾਨ ਨੇ ਉਸ ਨਾਲ ਕੋਰਾ ਝੂਠ ਬੋਲਿਆ: ‘ਤੁਸੀਂ ਕਦੀ ਨਾ ਮਰੋਗੇ। ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।’—ਉਤਪਤ 3:1-5.

8. (ੳ) ਸ਼ਤਾਨ ਹੱਵਾਹ ਨਾਲ ਗੱਲ ਕਰ ਕੇ ਉਸ ਨੂੰ ਅਸਲ ਵਿਚ ਕੀ ਕਹਿ ਰਿਹਾ ਸੀ? (ਅ) ਸ਼ਤਾਨ ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਤਰੀਕੇ ਬਾਰੇ ਕਿਹੜਾ ਸਵਾਲ ਖੜ੍ਹਾ ਕੀਤਾ ਸੀ?

8 ਸ਼ਤਾਨ ਦਾ ਕਹਿਣ ਦਾ ਮਤਲਬ ਸੀ ਕਿ ਯਹੋਵਾਹ ਨੇ ਹੱਵਾਹ ਤੋਂ ਕੋਈ ਜ਼ਰੂਰੀ ਗੱਲ ਹੀ ਨਹੀਂ ਲੁਕੋ ਕੇ ਰੱਖੀ ਸੀ, ਪਰ ਯਹੋਵਾਹ ਨੇ ਉਸ ਨਾਲ ਝੂਠ ਬੋਲਿਆ ਸੀ। ਮਿਸਾਲ ਲਈ ਇਕ ਵਿਗੜਿਆ ਪੁੱਤਰ ਆਪਣੇ ਪਿਤਾ ਨੂੰ ਇਹ ਨਹੀਂ ਕਹੇਗਾ ਕਿ ‘ਤੂੰ ਮੇਰਾ ਪਿਉ ਨਹੀਂ’ ਸਗੋਂ ਉਹ ਕਹੇਗਾ ਕਿ ‘ਤੂੰ ਮੈਨੂੰ ਰੋਕਣ-ਟੋਕਣ ਵਾਲਾ ਕੌਣ ਹੁੰਦਾ ਹੈਂ।’ ਇਸੇ ਤਰ੍ਹਾਂ ਸ਼ਤਾਨ ਨੇ ਇਹ ਨਹੀਂ ਸੀ ਕਿਹਾ ਕਿ ਪਰਮੇਸ਼ੁਰ ਰਾਜਾ ਨਹੀਂ ਹੈ। ਪਰ ਉਸ ਨੇ ਚਲਾਕੀ ਨਾਲ ਉਸ ਦੇ ਰਾਜ ਕਰਨ ਦੇ ਤਰੀਕੇ ਅਤੇ ਉਸ ਦੀ ਧਾਰਮਿਕਤਾ ਬਾਰੇ ਸਵਾਲ ਖੜ੍ਹੇ ਕੀਤੇ ਸਨ। ਦੂਸਰੇ ਸ਼ਬਦਾਂ ਵਿਚ ਉਹ ਕਹਿ ਰਿਹਾ ਸੀ ਕਿ ਯਹੋਵਾਹ ਧਰਮੀ ਤਰੀਕੇ ਨਾਲ ਰਾਜ ਨਹੀਂ ਕਰ ਰਿਹਾ ਸੀ ਅਤੇ ਉਸ ਨੂੰ ਆਪਣੇ ਲੋਕਾਂ ਦੀ ਭਲਾਈ ਦੀ ਕੋਈ ਚਿੰਤਾ ਨਹੀਂ ਸੀ।

9. (ੳ) ਆਦਮ ਤੇ ਹੱਵਾਹ ਦੀ ਅਣਆਗਿਆਕਾਰੀ ਦਾ ਕੀ ਨਤੀਜਾ ਨਿਕਲਿਆ ਅਤੇ ਸ਼ਤਾਨ ਦੇ ਝੂਠ ਨੇ ਕਿਹੜੇ ਸਵਾਲ ਖੜ੍ਹੇ ਕੀਤੇ ਸਨ? (ਅ) ਯਹੋਵਾਹ ਨੇ ਇਨ੍ਹਾਂ ਵਿਰੋਧੀਆਂ ਦਾ ਉਸੇ ਵੇਲੇ ਨਾਸ਼ ਕਿਉਂ ਨਹੀਂ ਕੀਤਾ ਸੀ?

9 ਇਸ ਤੋਂ ਬਾਅਦ ਆਦਮ ਤੇ ਹੱਵਾਹ ਦੋਹਾਂ ਨੇ ਯਹੋਵਾਹ ਦਾ ਕਿਹਾ ਨਾ ਮਨ ਕੇ ਉਸ ਦਰਖ਼ਤ ਦਾ ਫਲ ਖਾ ਲਿਆ। ਉਨ੍ਹਾਂ ਦੀ ਅਣਆਗਿਆਕਾਰੀ ਕਰਕੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਕਹੇ ਅਨੁਸਾਰ ਮੌਤ ਦੀ ਸਜ਼ਾ ਮਿਲੀ। ਸ਼ਤਾਨ ਦੇ ਝੂਠ ਕਰਕੇ ਕੁਝ ਜ਼ਰੂਰੀ ਸਵਾਲ ਪੈਦਾ ਹੋਏ ਸਨ। ਕੀ ਯਹੋਵਾਹ ਨੂੰ ਸੱਚ-ਮੁੱਚ ਇਨਸਾਨਜਾਤ ਉੱਤੇ ਰਾਜ ਕਰਨਾ ਚਾਹੀਦਾ ਹੈ, ਜਾਂ ਕੀ ਲੋਕਾਂ ਨੂੰ ਖ਼ੁਦ ਰਾਜ ਕਰਨਾ ਚਾਹੀਦਾ ਹੈ? ਕੀ ਯਹੋਵਾਹ ਆਪਣੀ ਹਕੂਮਤ ਸਹੀ ਤਰੀਕੇ ਨਾਲ ਚਲਾਉਂਦਾ ਹੈ ਜਿਸ ਤੋਂ ਲੋਕਾਂ ਦੀ ਭਲਾਈ ਹੁੰਦੀ ਹੈ? ਯਹੋਵਾਹ ਆਪਣੀ ਮਹਾਨ ਤਾਕਤ ਨਾਲ ਉਨ੍ਹਾਂ ਵਿਰੋਧੀਆਂ ਨੂੰ ਉਸੇ ਵੇਲੇ ਖ਼ਤਮ ਕਰ ਸਕਦਾ ਸੀ। ਪਰ ਸਵਾਲ ਪਰਮੇਸ਼ੁਰ ਦੀ ਤਾਕਤ ਬਾਰੇ ਨਹੀਂ ਉਠਾਏ ਗਏ ਸਨ, ਸਗੋਂ ਉਸ ਦੀ ਹਕੂਮਤ ਬਾਰੇ ਸਨ। ਸ਼ਤਾਨ, ਆਦਮ ਤੇ ਹੱਵਾਹ ਦਾ ਨਾਸ਼ ਹੋਣ ਨਾਲ ਪਰਮੇਸ਼ੁਰ ਦੀ ਹਕੂਮਤ ਬਾਰੇ ਪੈਦਾ ਹੋਏ ਸਵਾਲਾਂ ਦੇ ਜਵਾਬ ਨਹੀਂ ਮਿਲਣੇ ਸਨ। ਇਸ ਤੋਂ ਉਲਟ ਇਸ ਤਰ੍ਹਾਂ ਕਰਨ ਨਾਲ ਸ਼ਾਇਦ ਹੋਰ ਵੀ ਸਵਾਲ ਪੈਦਾ ਹੋ ਜਾਣੇ ਸਨ। ਤਾਂ ਫਿਰ ਸਭ ਤੋਂ ਵਧੀਆ ਤਰੀਕਾ ਕੀ ਸੀ ਜਿਸ ਨਾਲ ਇਹ ਫ਼ੈਸਲਾ ਕੀਤਾ ਜਾ ਸਕੇ ਕਿ ਲੋਕ ਪਰਮੇਸ਼ੁਰ ਦੀ ਮਦਦ ਤੋਂ ਬਿਨਾਂ ਖ਼ੁਦ ਆਪਣੇ ਉੱਤੇ ਕਾਮਯਾਬੀ ਨਾਲ ਰਾਜ ਕਰ ਸਕਦੇ ਹਨ ਕਿ ਨਹੀਂ? ਉਨ੍ਹਾਂ ਨੂੰ ਸਮਾਂ ਦਿੱਤਾ ਜਾਵੇ ਤਾਂਕਿ ਉਹ ਸਮੇਂ ਦੇ ਬੀਤਣ ਨਾਲ ਇਸ ਦੇ ਨਤੀਜੇ ਦੇਖ ਸਕਣ।

10. ਸਮੇਂ ਦੇ ਬੀਤਣ ਨਾਲ ਇਨਸਾਨੀ ਹਕੂਮਤਾਂ ਬਾਰੇ ਕੀ ਜ਼ਾਹਰ ਹੋਇਆ ਹੈ?

10 ਸਮੇਂ ਦੇ ਬੀਤਣ ਨਾਲ ਕੀ ਸਾਬਤ ਹੋਇਆ ਹੈ? ਇਤਿਹਾਸ ਦੌਰਾਨ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਸਰਕਾਰਾਂ ਅਜ਼ਮਾ ਕੇ ਦੇਖੀਆਂ ਹਨ ਜਿਵੇਂ ਕਿ ਲੋਕਰਾਜ, ਸਮਾਜਵਾਦ ਤੇ ਸਾਮਵਾਦ। ਇਨ੍ਹਾਂ ਸਾਰੀਆਂ ਹਕੂਮਤਾਂ ਦਾ ਸਾਰ ਬਾਈਬਲ ਵਿਚ ਇਸ ਤਰ੍ਹਾਂ ਦਿੱਤਾ ਗਿਆ ਹੈ: ‘ਲੋਕ ਦੂਜੇ ਸ਼ਕਤੀਸ਼ਾਲੀ ਲੋਕਾਂ ਦਾ ਅਤਿਆਚਾਰ ਸਹਿ ਰਹੇ ਹਨ।’ (ਉਪਦੇਸ਼ਕ 8:9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸੇ ਕਰਕੇ ਯਿਰਮਿਯਾਹ ਨਬੀ ਨੇ ਕਿਹਾ ਸੀ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23.

11. ਯਹੋਵਾਹ ਨੇ ਇਨਸਾਨਜਾਤ ਨੂੰ ਦੁੱਖ-ਤਕਲੀਫ਼ ਕਿਉਂ ਝੱਲਣ ਦਿੱਤੀ ਹੈ?

11 ਯਹੋਵਾਹ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਇਨਸਾਨਾਂ ਲਈ ਉਸ ਤੋਂ ਆਜ਼ਾਦ ਹੋਣ ਦੇ ਅਤੇ ਆਪਣੀ ਹਕੂਮਤ ਖ਼ੁਦ ਚਲਾਉਣ ਦੇ ਨਤੀਜੇ ਬੁਰੇ ਨਿਕਲਣਗੇ। ਤਾਂ ਫਿਰ ਕੀ ਪਰਮੇਸ਼ੁਰ ਨੇ ਲੋਕਾਂ ਨੂੰ ਇਹ ਅਜ਼ਾਦੀ ਦੇ ਕੇ ਅਨਿਆਂ ਕੀਤਾ ਹੈ? ਬਿਲਕੁਲ ਨਹੀਂ! ਉਦਾਹਰਣ ਲਈ ਜੇ ਤੁਹਾਡੇ ਕਿਸੇ ਬੱਚੇ ਦੀ ਜਾਨ ਬਚਾਉਣ ਲਈ ਉਸ ਦਾ ਓਪਰੇਸ਼ਨ ਕਰਨ ਦੀ ਜ਼ਰੂਰਤ ਹੈ। ਤੁਸੀਂ ਜਾਣਦੇ ਹੋ ਕਿ ਓਪਰੇਸ਼ਨ ਨਾਲ ਤੁਹਾਡੇ ਬੱਚੇ ਨੂੰ ਬਹੁਤ ਤਕਲੀਫ਼ ਹੋਵੇਗੀ ਅਤੇ ਇਸ ਤੋਂ ਤੁਹਾਨੂੰ ਦੁੱਖ ਜ਼ਰੂਰ ਹੁੰਦਾ ਹੈ। ਪਰ ਤੁਸੀਂ ਇਹ ਵੀ ਜਾਣਦੇ ਹੋ ਕਿ ਓਪਰੇਸ਼ਨ ਦੇ ਮਗਰੋਂ ਤੁਹਾਡੇ ਬੱਚੇ ਦੀ ਸਿਹਤ ਠੀਕ ਹੋ ਜਾਵੇਗੀ ਅਤੇ ਉਹ ਲੰਬੀ ਉਮਰ ਜੀ ਸਕੇਗਾ। ਇਸੇ ਤਰ੍ਹਾਂ ਪਰਮੇਸ਼ੁਰ ਵੀ ਜਾਣਦਾ ਸੀ ਅਤੇ ਉਸ ਨੇ ਸਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਉਸ ਤੋਂ ਅਜ਼ਾਦ ਹੋ ਕੇ ਇਨਸਾਨਾਂ ਨੂੰ ਕਾਫ਼ੀ ਦੁੱਖ-ਤਕਲੀਫ਼ ਝੱਲਣੀ ਪਵੇਗੀ। (ਉਤਪਤ 3:16-19) ਪਰ ਉਹ ਇਹ ਵੀ ਜਾਣਦਾ ਸੀ ਕਿ ਜਦ ਤਕ ਸਾਰੇ ਲੋਕ ਉਸ ਦਾ ਵਿਰੋਧ ਕਰਨ ਦੇ ਬੁਰੇ ਨਤੀਜੇ ਨਹੀਂ ਦੇਖ ਲੈਂਦੇ, ਤਦ ਤਕ ਉਹ ਸੱਚਾ ਸੁੱਖ-ਚੈਨ ਨਹੀਂ ਪਾ ਸਕਣਗੇ। ਇਸ ਤਰ੍ਹਾਂ ਪਰਮੇਸ਼ੁਰ ਦੀ ਹਕੂਮਤ ਬਾਰੇ ਸਵਾਲ ਫਿਰ ਤੋਂ ਕਦੇ ਨਹੀਂ ਖੜ੍ਹੇ ਹੋਣਗੇ, ਉਹ ਹਮੇਸ਼ਾ ਲਈ ਸੁਲਝ ਜਾਣਗੇ।

ਕੀ ਇਨਸਾਨ ਪਰਮੇਸ਼ੁਰ ਦੀ ਹਕੂਮਤ ਅਧੀਨ ਵਫ਼ਾਦਾਰ ਰਹਿ ਸਕਦੇ ਹਨ?

12. ਅੱਯੂਬ ਦੀ ਉਦਾਹਰਣ ਦੇ ਕੇ ਦੱਸੋ ਕਿ ਸ਼ਤਾਨ ਨੇ ਇਨਸਾਨਾਂ ਉੱਤੇ ਕੀ ਦੋਸ਼ ਲਾਇਆ ਹੈ।

12 ਸ਼ਤਾਨ ਦੇ ਦਾਅਵੇ ਦਾ ਇਕ ਹੋਰ ਪਹਿਲੂ ਵੀ ਹੈ। ਪਰਮੇਸ਼ੁਰ ਦੀ ਹਕੂਮਤ ਅਤੇ ਉਸ ਦੀ ਧਾਰਮਿਕਤਾ ਬਾਰੇ ਸਵਾਲ ਖੜ੍ਹੇ ਕਰ ਕੇ ਸ਼ਤਾਨ ਨੇ ਯਹੋਵਾਹ ਨੂੰ ਹੀ ਬਦਨਾਮ ਨਹੀਂ ਕੀਤਾ, ਪਰ ਉਸ ਨੇ ਪਰਮੇਸ਼ੁਰ ਦੇ ਸੇਵਕਾਂ ਨੂੰ ਵੀ ਬਦਨਾਮ ਕੀਤਾ ਸੀ। ਨੋਟ ਕਰੋ ਕਿ ਸ਼ਤਾਨ ਨੇ ਧਰਮੀ ਬੰਦੇ ਅੱਯੂਬ ਬਾਰੇ ਯਹੋਵਾਹ ਨੂੰ ਕੀ ਕਿਹਾ ਸੀ: “ਕੀ ਤੈਂ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਉਸ ਦੇ ਸਭ ਕਾਸੇ ਦੇ ਦੁਆਲੇ ਵਾੜ ਨਹੀਂ ਲਾ ਛੱਡੀ? ਤੈਂ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦੇ ਛੱਡੀ ਹੈ ਸੋ ਉਸ ਦਾ ਮਾਲ ਧਰਤੀ ਵਿੱਚ ਵਧ ਗਿਆ ਹੈ। ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੋਹ। ਉਹ ਤੇਰੇ ਮੂੰਹ ਉੱਤੇ ਫਿਟਕਾਰਾਂ ਪਾਊਗਾ!”—ਅੱਯੂਬ 1:10, 11.

13. ਸ਼ਤਾਨ ਨੇ ਅੱਯੂਬ ਉੱਤੇ ਦੋਸ਼ ਲਾ ਕੇ ਅਸਲ ਵਿਚ ਕੀ ਕਿਹਾ ਸੀ ਅਤੇ ਇਸ ਦਾ ਸਾਰੇ ਇਨਸਾਨਾਂ ਲਈ ਕੀ ਮਤਲਬ ਹੈ?

13 ਸ਼ਤਾਨ ਦਾ ਕਹਿਣਾ ਸੀ ਕਿ ਯਹੋਵਾਹ ਅੱਯੂਬ ਦੀ ਰਾਖੀ ਕਰਨ ਦੇ ਬਦਲੇ ਵਿਚ ਉਸ ਤੋਂ ਆਪਣੀ ਭਗਤੀ ਕਰਵਾ ਰਿਹਾ ਸੀ। ਦੂਜੇ ਪਾਸੇ ਉਹ ਇਹ ਵੀ ਕਹਿ ਰਿਹਾ ਸੀ ਕਿ ਅੱਯੂਬ ਦੀ ਭਗਤੀ ਸਿਰਫ਼ ਇਕ ਪਖੰਡ ਹੀ ਸੀ। ਉਹ ਪਰਮੇਸ਼ੁਰ ਦੀ ਭਗਤੀ ਸਿਰਫ਼ ਆਪਣੇ ਹੀ ਫ਼ਾਇਦੇ ਲਈ ਕਰ ਰਿਹਾ ਸੀ। ਸ਼ਤਾਨ ਨੇ ਦਾਅਵਾ ਕੀਤਾ ਸੀ ਕਿ ਜੇ ਅੱਯੂਬ ਨੂੰ ਪਰਮੇਸ਼ੁਰ ਤੋਂ ਬਰਕਤਾਂ ਨਾ ਮਿਲਣ, ਤਾਂ ਉਹ ਆਪਣੇ ਕਰਤਾਰ ਨੂੰ ਫਿਟਕਾਰੇਗਾ। ਸ਼ਤਾਨ ਜਾਣਦਾ ਸੀ ਕਿ ਅੱਯੂਬ ਇਕ ਬਹੁਤ ਹੀ ‘ਖਰਾ ਤੇ ਨੇਕ ਮਨੁੱਖ ਸੀ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਸੀ।’ * ਜੇ ਸ਼ਤਾਨ ਅੱਯੂਬ ਦੀ ਵਫ਼ਾਦਾਰੀ ਤੋੜ ਦਿੰਦਾ, ਤਾਂ ਸੰਭਵ ਹੈ ਕਿ ਉਹ ਬਾਕੀ ਸਾਰੇ ਇਨਸਾਨਾਂ ਦੀ ਵਫ਼ਾਦਾਰੀ ਵੀ ਆਸਾਨੀ ਨਾਲ ਤੋੜ ਸਕਦਾ ਸੀ। ਇਸ ਤਰ੍ਹਾਂ ਸ਼ਤਾਨ ਪਰਮੇਸ਼ੁਰ ਦੇ ਸਾਰੇ ਸੇਵਕਾਂ ਦੀ ਵਫ਼ਾਦਾਰੀ ਬਾਰੇ ਸਵਾਲ ਖੜ੍ਹੇ ਕਰ ਰਿਹਾ ਸੀ। ਸ਼ਤਾਨ ਨੇ ਗੱਲ ਨੂੰ ਅੱਗੇ ਵਧਾ ਕੇ ਯਹੋਵਾਹ ਨੂੰ ਕਿਹਾ ਕਿ ਅੱਯੂਬ ਹੀ ਨਹੀਂ ਪਰ ਸਾਰੇ ‘ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਣਗੇ।’—ਅੱਯੂਬ 1:8; 2:4.

14. ਸਮੇਂ ਦੇ ਬੀਤਣ ਨਾਲ ਇਨਸਾਨਾਂ ਖ਼ਿਲਾਫ਼ ਸ਼ਤਾਨ ਦੇ ਇਲਜ਼ਾਮਾਂ ਬਾਰੇ ਕੀ ਜ਼ਾਹਰ ਹੋਇਆ ਹੈ?

14 ਸ਼ਤਾਨ ਨੇ ਦਾਅਵਾ ਕੀਤਾ ਸੀ ਕਿ ਜੇ ਪਰਮੇਸ਼ੁਰ ਦੇ ਸੇਵਕਾਂ ਨੂੰ ਦੁੱਖ-ਤਕਲੀਫ਼ ਝੱਲਣੀ ਪਈ, ਤਾਂ ਉਹ ਪਰਮੇਸ਼ੁਰ ਦੀ ਭਗਤੀ ਕਰਨੀ ਛੱਡ ਦੇਣਗੇ। ਸਮੇਂ ਦੇ ਬੀਤਣ ਨਾਲ ਜ਼ਾਹਰ ਹੋਇਆ ਹੈ ਕਿ ਅੱਯੂਬ ਵਾਂਗ ਕਈਆਂ ਨੇ ਸ਼ਤਾਨ ਦੇ ਦਾਅਵੇ ਤੋਂ ਉਲਟ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਕਾਇਮ ਰੱਖੀ ਹੈ। ਇਨਸਾਨਾਂ ਨੇ ਸਹੀ ਰਾਹ ਤੇ ਚੱਲ ਕੇ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕੀਤਾ ਹੈ ਅਤੇ ਇਸ ਕਰਕੇ ਯਹੋਵਾਹ ਸ਼ਤਾਨ ਦੇ ਮੇਹਣੇ ਦਾ ਉੱਤਰ ਦੇ ਸਕਿਆ ਹੈ। (ਇਬਰਾਨੀਆਂ 11:4-38) ਜੀ ਹਾਂ, ਨੇਕਦਿਲ ਲੋਕਾਂ ਨੇ ਪਰਮੇਸ਼ੁਰ ਪ੍ਰਤੀ ਬੇਵਫ਼ਾ ਬਣਨ ਤੋਂ ਇਨਕਾਰ ਕੀਤਾ ਹੈ। ਭਾਵੇਂ ਉਨ੍ਹਾਂ ਨੂੰ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੈ, ਫਿਰ ਵੀ ਉਨ੍ਹਾਂ ਨੇ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਿਆ ਹੈ ਕਿ ਉਹ ਉਨ੍ਹਾਂ ਨੂੰ ਮੁਸ਼ਕਲਾਂ ਸਹਿਣ ਦੀ ਸ਼ਕਤੀ ਦੇਵੇਗਾ।—2 ਕੁਰਿੰਥੀਆਂ 4:7-10.

15. ਯਹੋਵਾਹ ਪਿੱਛੇ ਜੋ ਫ਼ੈਸਲੇ ਕਰ ਚੁੱਕਾ ਹੈ ਅਤੇ ਜੋ ਉਸ ਨੇ ਅਜੇ ਕਰਨੇ ਹਨ, ਉਨ੍ਹਾਂ ਬਾਰੇ ਕਿਹੜਾ ਸਵਾਲ ਉੱਠਦਾ ਹੈ?

15 ਅਸੀਂ ਦੇਖਿਆ ਹੈ ਕਿ ਯਹੋਵਾਹ ਨੇ ਆਪਣੀ ਹਕੂਮਤ ਅਤੇ ਇਨਸਾਨਾਂ ਦੀ ਵਫ਼ਾਦਾਰੀ ਬਾਰੇ ਪੈਦਾ ਕੀਤੇ ਸਵਾਲਾਂ ਦੇ ਜਵਾਬ ਦੇਣ ਵਿਚ ਇਨਸਾਫ਼ ਕੀਤਾ ਹੈ। ਪਰ ਅਸੀਂ ਹੋਰ ਵੀ ਕਈ ਚੀਜ਼ਾਂ ਤੋਂ ਉਸ ਦੇ ਇਨਸਾਫ਼ ਬਾਰੇ ਸਿੱਖਦੇ ਹਾਂ। ਉਹ ਕਿਹੜੀਆਂ ਹਨ? ਬਾਈਬਲ ਵਿਚ ਅਸੀਂ ਪੜ੍ਹ ਸਕਦੇ ਹਾਂ ਕਿ ਯਹੋਵਾਹ ਨੇ ਇਨਸਾਨਾਂ ਅਤੇ ਪੂਰੀਆਂ ਕੌਮਾਂ ਦਾ ਨਿਆਂ ਕਿਸ ਤਰ੍ਹਾਂ ਕੀਤਾ ਸੀ। ਉਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਉਹ ਭਵਿੱਖ ਵਿਚ ਕੀ ਕਰੇਗਾ। ਅਸੀਂ ਯਕੀਨ ਕਿਉਂ ਕਰ ਸਕਦੇ ਹਾਂ ਕਿ ਯਹੋਵਾਹ ਨੇ ਸਹੀ ਫ਼ੈਸਲੇ ਕੀਤੇ ਸਨ ਅਤੇ ਕਰੇਗਾ?

ਯਹੋਵਾਹ ਦਾ ਇਨਸਾਫ਼ ਉੱਤਮ ਕਿਉਂ ਹੈ?

ਯਹੋਵਾਹ ‘ਧਰਮੀ ਨੂੰ ਕੁਧਰਮੀ ਨਾਲ ਕਦੇ ਵੀ ਨਹੀਂ ਨਾਸ ਕਰੇਗਾ’

16, 17. ਕਿਹੜੀਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਇਨਸਾਨ ਸਭ ਗੱਲਾਂ ਨਾ ਜਾਣਨ ਕਰਕੇ ਸਹੀ ਇਨਸਾਫ਼ ਨਹੀਂ ਕਰ ਸਕਦੇ?

16 ਯਹੋਵਾਹ ਬਾਰੇ ਸਹੀ-ਸਹੀ ਕਿਹਾ ਜਾ ਸਕਦਾ ਹੈ ਕਿ “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ।” (ਬਿਵਸਥਾ ਸਾਰ 32:4) ਸਾਡੇ ਵਿੱਚੋਂ ਕੋਈ ਵੀ ਆਪਣੇ ਬਾਰੇ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿਉਂਕਿ ਅਸੀਂ ਸਭ ਗੱਲਾਂ ਨਹੀਂ ਜਾਣ ਸਕਦੇ, ਜਿਸ ਕਰਕੇ ਸਾਡੇ ਲਈ ਸਹੀ ਤੇ ਗ਼ਲਤ ਦੀ ਪਛਾਣ ਕਰਨੀ ਅਕਸਰ ਮੁਸ਼ਕਲ ਹੁੰਦੀ ਹੈ। ਅਬਰਾਹਾਮ ਦੀ ਉਦਾਹਰਣ ਉੱਤੇ ਗੌਰ ਕਰੋ। ਉਸ ਨੂੰ ਸਦੂਮ ਦੀ ਦੁਸ਼ਟਤਾ ਦੇ ਬਾਵਜੂਦ ਸਦੂਮ ਦੇ ਨਾਸ਼ ਬਾਰੇ ਚਿੰਤਾ ਸੀ। ਉਸ ਨੇ ਯਹੋਵਾਹ ਨੂੰ ਬੇਨਤੀ ਕੀਤੀ: “ਕੀ ਤੂੰ ਧਰਮੀ ਨੂੰ ਕੁਧਰਮੀ ਨਾਲ ਨਾਸ ਕਰੇਂਗਾ?” (ਉਤਪਤ 18:23-33) ਨਹੀਂ, ਯਹੋਵਾਹ ਨੇ ਇਸ ਤਰ੍ਹਾਂ ਨਹੀਂ ਕਰਨਾ ਸੀ। ਜਦੋਂ ਧਰਮੀ ਬੰਦਾ ਲੂਤ ਤੇ ਉਸ ਦੀਆਂ ਧੀਆਂ ਸੋਆਰ ਨਗਰ ਸਹੀ-ਸਲਾਮਤ ਆ ਪਹੁੰਚੀਆਂ ਸਨ, ਤਾਂ ਯਹੋਵਾਹ ਨੇ ਸਦੂਮ ਉੱਤੇ ‘ਗੰਧਕ ਅਰ ਅੱਗ ਬਰਸਾਈ ਸੀ।’ (ਉਤਪਤ 19:22-24) ਦੂਜੇ ਹੱਥ ਨੀਨਵਾਹ ਸ਼ਹਿਰ ਦੇ ਲੋਕਾਂ ਉੱਤੇ ਯਹੋਵਾਹ ਦੀ ਦਇਆ ਦੇਖ ਕੇ ਯੂਨਾਹ ਦਾ ਗੁੱਸਾ “ਭਬਕ ਉੱਠਿਆ” ਸੀ। ਯੂਨਾਹ ਉਨ੍ਹਾਂ ਦੇ ਨਾਸ਼ ਦਾ ਐਲਾਨ ਕਰ ਚੁੱਕਾ ਸੀ, ਇਸ ਕਰਕੇ ਉਨ੍ਹਾਂ ਦੇ ਤੋਬਾ ਕਰਨ ਤੇ ਵੀ ਉਹ ਨਹੀਂ ਚਾਹੁੰਦਾ ਸੀ ਕਿ ਉਹ ਬਚ ਜਾਣ।—ਯੂਨਾਹ 3:10–4:1.

17 ਯਹੋਵਾਹ ਨੇ ਅਬਰਾਹਾਮ ਨੂੰ ਭਰੋਸਾ ਦਿੱਤਾ ਕਿ ਜਦੋਂ ਉਹ ਇਨਸਾਫ਼ ਕਰਦਾ ਹੈ, ਤਾਂ ਉਹ ਸਿਰਫ਼ ਦੁਸ਼ਟਾਂ ਦਾ ਨਾਸ਼ ਹੀ ਨਹੀਂ ਕਰਦਾ ਸਗੋਂ ਧਰਮੀ ਲੋਕਾਂ ਨੂੰ ਵੀ ਬਚਾਉਂਦਾ ਹੈ। ਪਰ ਯੂਨਾਹ ਨੂੰ ਸਿੱਖਣਾ ਪਿਆ ਸੀ ਕਿ ਯਹੋਵਾਹ ਦਇਆਵਾਨ ਹੈ। ਜੇਕਰ ਦੁਸ਼ਟ ਲੋਕ ਸਹੀ ਰਾਹ ਪੈਣ, ਤਾਂ ਉਹ ਉਨ੍ਹਾਂ ਨੂੰ ‘ਖਿਮਾ ਕਰਨ’ ਲਈ ਤਿਆਰ ਹੈ। (ਮੀਕਾਹ 7:18) ਯਹੋਵਾਹ ਇਨਸਾਨਾਂ ਵਰਗਾ ਨਹੀਂ ਹੈ ਜੋ ਆਪਣੀ ਤਾਕਤ ਦਿਖਾਉਣ ਵਾਸਤੇ ਦੂਸਰਿਆਂ ਉੱਤੇ ਰੋਹਬ ਪਾਉਂਦੇ ਹਨ। ਅਤੇ ਨਾ ਹੀ ਉਹ ਇਸ ਡਰ ਕਾਰਨ ਕਿ ਦੂਸਰੇ ਉਸ ਨੂੰ ਕਮਜ਼ੋਰ ਸਮਝਣਗੇ, ਦਇਆ ਕਰਨ ਤੋਂ ਰੁਕਦਾ ਹੈ। ਜਦੋਂ ਵੀ ਉਸ ਨੂੰ ਦਇਆ ਕਰਨ ਦਾ ਮੌਕਾ ਮਿਲਦਾ ਹੈ, ਉਹ ਦਇਆ ਕਰਦਾ ਹੈ।—ਯਸਾਯਾਹ 55:7; ਹਿਜ਼ਕੀਏਲ 18:23.

18. ਬਾਈਬਲ ਤੋਂ ਦਿਖਾਓ ਕਿ ਯਹੋਵਾਹ ਭਾਵੁਕ ਹੋ ਕੇ ਅੰਨ੍ਹੇਵਾਹ ਫ਼ੈਸਲੇ ਨਹੀਂ ਕਰਦਾ।

18 ਪਰ ਯਹੋਵਾਹ ਭਾਵੁਕ ਹੋ ਕੇ ਅੰਨ੍ਹੇਵਾਹ ਫ਼ੈਸਲੇ ਨਹੀਂ ਕਰਦਾ। ਜਦੋਂ ਉਸ ਦੇ ਲੋਕ ਮੂਰਤੀ ਪੂਜਾ ਕਰਨ ਲੱਗ ਪਏ ਸਨ, ਉਸ ਨੇ ਉਨ੍ਹਾਂ ਨੂੰ ਕਿਹਾ ਕਿ ਮੈਂ ‘ਤੁਹਾਡੇ ਮਾਰਗਾਂ ਦੇ ਅਨੁਸਾਰ ਤੁਹਾਡਾ ਨਿਆਉਂ ਕਰਾਂਗਾ ਅਤੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਨੂੰ ਤੁਹਾਡੇ ਉੱਤੇ ਫੇਰ ਲਿਆਵਾਂਗਾ। ਮੇਰੀ ਅੱਖ ਤੁਹਾਡਾ ਲਿਹਾਜ਼ ਨਾ ਕਰੇਗੀ ਅਤੇ ਮੈਂ ਤੁਹਾਡੇ ਉੱਤੇ ਤਰਸ ਨਹੀਂ ਕਰਾਂਗਾ ਸਗੋਂ ਮੈਂ ਤੁਹਾਡੇ ਮਾਰਗਾਂ ਨੂੰ ਤੁਹਾਡੇ ਉੱਤੇ ਲਿਆਵਾਂਗਾ।’ (ਹਿਜ਼ਕੀਏਲ 7:3, 4) ਸੋ ਜਦੋਂ ਲੋਕ ਆਪਣੇ ਪੁੱਠੇ ਰਾਹ ਤੋਂ ਨਹੀਂ ਹਟਦੇ, ਤਾਂ ਯਹੋਵਾਹ ਉਨ੍ਹਾਂ ਦੇ ਕੰਮਾਂ ਅਨੁਸਾਰ ਉਨ੍ਹਾਂ ਦਾ ਇਨਸਾਫ਼ ਕਰਦਾ ਹੈ। ਪਰ ਉਸ ਦਾ ਫ਼ੈਸਲਾ ਪੱਕੇ ਸਬੂਤ ਦੇ ਆਧਾਰ ਤੇ ਹੁੰਦਾ ਹੈ। ਜਦੋਂ ਯਹੋਵਾਹ ਦੇ ਕੰਨੀ ਸਦੂਮ ਤੇ ਅਮੂਰਾਹ ਦੇ ਵਿਰੁੱਧ ਪੁਕਾਰ ਪਈ, ਤਾਂ ਉਸ ਨੇ ਕਿਹਾ: “ਮੈਂ ਉਥੇ ਇਹ ਸਭ ਆਪ ਦੇਖਣ ਜਾ ਰਿਹਾ ਹਾਂ ਕਿ ਇਹ ਸਭ ਸੱਚ ਹੈ, ਜਾਂ ਨਹੀਂ।” (ਉਤਪਤ 18:20, 21, ਨਵਾਂ ਅਨੁਵਾਦ) ਅਸੀਂ ਕਿੰਨੇ ਖ਼ੁਸ਼ ਹੋ ਸਕਦੇ ਹਾਂ ਕਿ ਯਹੋਵਾਹ ਇਨਸਾਨਾਂ ਵਰਗਾ ਨਹੀਂ ਹੈ ਜੋ ਪੂਰੀ ਗੱਲ ਜਾਣਨ ਤੋਂ ਬਗੈਰ ਹੀ ਫ਼ੈਸਲਾ ਕਰ ਲੈਂਦੇ ਹਨ! ਯਕੀਨਨ, ਯਹੋਵਾਹ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਬਾਈਬਲ ਵਿਚ ਉਸ ਬਾਰੇ ਦੱਸਿਆ ਗਿਆ ਹੈ ਕਿ “ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ।”—ਬਿਵਸਥਾ ਸਾਰ 32:4.

ਯਹੋਵਾਹ ਦੇ ਇਨਸਾਫ਼ ਉੱਤੇ ਭਰੋਸਾ ਰੱਖੋ

19. ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਸਾਡੇ ਲਈ ਯਹੋਵਾਹ ਦੀ ਕੋਈ ਗੱਲ ਸਮਝਣੀ ਔਖੀ ਹੁੰਦੀ ਹੈ?

19 ਬਾਈਬਲ ਯਹੋਵਾਹ ਦੀਆਂ ਸਾਰੀਆਂ ਪਿੱਛਲੀਆਂ ਕਰਨੀਆਂ ਦੇ ਪੂਰੇ ਵੇਰਵੇ ਨਹੀਂ ਦਿੰਦੀ ਅਤੇ ਨਾ ਹੀ ਉਹ ਸਭ ਕੁਝ ਦੱਸਦੀ ਹੈ ਕਿ ਉਹ ਭਵਿੱਖ ਵਿਚ ਲੋਕਾਂ ਜਾਂ ਕੌਮਾਂ ਨਾਲ ਕੀ-ਕੀ ਕਰੇਗਾ। ਜਦੋਂ ਸਾਡੇ ਲਈ ਬਾਈਬਲ ਦੀ ਕੋਈ ਭਵਿੱਖਬਾਣੀ ਸਮਝਣੀ ਔਖੀ ਹੁੰਦੀ ਹੈ ਕਿਉਂਕਿ ਉਸ ਬਾਰੇ ਸਭ ਕੁਝ ਨਹੀਂ ਦੱਸਿਆ ਗਿਆ ਹੁੰਦਾ, ਤਾਂ ਸਾਨੂੰ ਮੀਕਾਹ ਨਬੀ ਵਰਗੀ ਵਫ਼ਾਦਾਰੀ ਰੱਖਣੀ ਚਾਹੀਦੀ ਹੈ। ਉਸ ਨੇ ਲਿਖਿਆ: “ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।”—ਮੀਕਾਹ 7:7.

20, 21. ਅਸੀਂ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਉਹ ਕਰੇਗਾ ਜੋ ਸਹੀ ਹੈ?

20 ਭਾਵੇਂ ਸਾਨੂੰ ਲੱਗਦਾ ਹੈ ਕਿ ਅਨਿਆਂ ਬਾਰੇ ਦੁਨੀਆਂ ਵਿਚ ਕੁਝ ਨਹੀਂ ਕੀਤਾ ਜਾ ਰਿਹਾ, ਪਰ ਯਹੋਵਾਹ ਵਾਅਦਾ ਕਰਦਾ ਹੈ: “ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।” (ਰੋਮੀਆਂ 12:19) ਇਸ ਸਮੇਂ ਦੀ ਉਡੀਕ ਕਰਦੇ ਹੋਏ ਅਸੀਂ ਪੌਲੁਸ ਰਸੂਲ ਵਾਂਗ ਪੱਕੇ ਯਕੀਨ ਨਾਲ ਕਹਿ ਸਕਦੇ ਹਾਂ: ‘ਭਲਾ, ਪਰਮੇਸ਼ੁਰ ਕੋਲੋਂ ਅਨਿਆਂ ਹੁੰਦਾ ਹੈ? ਕਦੇ ਨਹੀਂ!’ (ਰੋਮੀਆਂ 9:14) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਹਰ ਹਾਲਤ ਵਿਚ ਯਹੋਵਾਹ ਉਹੋ ਕਰੇਗਾ ਜੋ ਸਹੀ ਹੈ।

21 ਅੱਜ-ਕੱਲ੍ਹ ਅਸੀਂ “ਭੈੜੇ ਸਮੇਂ” ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਅਨਿਆਂ ਤੇ “ਅਤਿਆਚਾਰ” ਤੋਂ ਲੋਕ ਬਹੁਤ ਦੁਖੀ ਹਨ। (ਉਪਦੇਸ਼ਕ 4:1, ਨਵਾਂ ਅਨੁਵਾਦ) ਪਰ ਯਹੋਵਾਹ ਬਦਲਿਆ ਨਹੀਂ ਹੈ। ਉਹ ਅਜੇ ਵੀ ਅਨਿਆਂ ਨਾਲ ਨਫ਼ਰਤ ਕਰਦਾ ਹੈ ਅਤੇ ਜਿਨ੍ਹਾਂ ਨਾਲ ਅਨਿਆਂ ਹੋਇਆ ਹੈ, ਉਨ੍ਹਾਂ ਨਾਲ ਹਮਦਰਦੀ ਕਰਦਾ ਹੈ। ਜੇ ਅਸੀਂ ਯਹੋਵਾਹ ਅਤੇ ਉਸ ਦੀ ਹਕੂਮਤ ਦੇ ਅਧੀਨ ਰਹਾਂਗੇ, ਤਾਂ ਉਹ ਸਾਨੂੰ ਉਸ ਸਮੇਂ ਤਕ ਮੁਸ਼ਕਲਾਂ ਸਹਿਣ ਦੀ ਸ਼ਕਤੀ ਦੇਵੇਗਾ ਜਦੋਂ ਪਰਮੇਸ਼ੁਰ ਦੇ ਰਾਜ ਵਿਚ ਹਰ ਤਰ੍ਹਾਂ ਦਾ ਅਨਿਆਂ ਖ਼ਤਮ ਕੀਤਾ ਜਾਵੇਗਾ।—1 ਪਤਰਸ 5:6, 7.

^ ਪੈਰਾ 13 ਯਹੋਵਾਹ ਨੇ ਅੱਯੂਬ ਬਾਰੇ ਕਿਹਾ ਕਿ “ਪਿਰਥਵੀ ਵਿੱਚ ਉਹ ਦੇ ਜਿਹਾ ਕੋਈ ਨਹੀਂ।” (ਅੱਯੂਬ 1:8) ਇਸ ਤੋਂ ਜ਼ਾਹਰ ਹੁੰਦਾ ਹੈ ਕਿ ਅੱਯੂਬ ਯੂਸੁਫ਼ ਦੀ ਮੌਤ ਤੋਂ ਬਾਅਦ ਅਤੇ ਮੂਸਾ ਦੇ ਇਸਰਾਏਲ ਦਾ ਮੁਖੀਆ ਬਣਨ ਤੋਂ ਪਹਿਲਾਂ ਰਹਿੰਦਾ ਸੀ। ਇਸ ਕਰਕੇ ਕਿਹਾ ਜਾ ਸਕਦਾ ਸੀ ਕਿ ਉਸ ਸਮੇਂ ਅੱਯੂਬ ਵਰਗਾ ਹੋਰ ਕੋਈ ਵਫ਼ਾਦਾਰ ਬੰਦਾ ਨਹੀਂ ਸੀ।