Skip to content

Skip to table of contents

ਸੋਲ੍ਹਵਾਂ ਅਧਿਆਇ

ਪਰਮੇਸ਼ੁਰ ਨਾਲ ਚੱਲਦੇ ਹੋਏ ‘ਇਨਸਾਫ਼ ਕਰੋ’

ਪਰਮੇਸ਼ੁਰ ਨਾਲ ਚੱਲਦੇ ਹੋਏ ‘ਇਨਸਾਫ਼ ਕਰੋ’

1-3. (ੳ) ਅਸੀਂ ਯਹੋਵਾਹ ਦੇ ਅਹਿਸਾਨਮੰਦ ਕਿਉਂ ਹਾਂ? (ਅ) ਸਾਡਾ ਬਚਾਉਣ ਵਾਲਾ ਸਾਡੇ ਤੋਂ ਕੀ ਚਾਹੁੰਦਾ ਹੈ?

ਮੰਨ ਲਓ ਕਿ ਤੁਸੀਂ ਇਕ ਸਮੁੰਦਰੀ ਜਹਾਜ਼ ਵਿਚ ਹੋ ਜੋ ਡੁੱਬ ਰਿਹਾ ਹੈ। ਤੁਹਾਨੂੰ ਬਚਣ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ। ਪਰ ਫਿਰ ਕੋਈ ਆ ਕੇ ਤੁਹਾਨੂੰ ਡੁੱਬਣ ਤੋਂ ਬਚਾ ਲੈਂਦਾ ਹੈ। ਜਦ ਬਚਾਉਣ ਵਾਲਾ ਤੁਹਾਨੂੰ ਖ਼ਤਰੇ ਤੋਂ ਦੂਰ ਲੈ ਜਾਂਦਾ ਹੈ, ਤਾਂ ਤੁਸੀਂ ਸੁੱਖ ਦਾ ਸਾਹ ਲੈਂਦੇ ਹੋ! ਕੀ ਤੁਸੀਂ ਉਸ ਬੰਦੇ ਦੇ ਅਹਿਸਾਨਮੰਦ ਨਹੀਂ ਹੋਵੋਗੇ? ਸੋਚਿਆ ਜਾਵੇ ਤਾਂ ਹੁਣ ਤੋਂ ਤੁਹਾਡੀ ਜਾਨ ਉਸ ਦੀ ਹੈ।

2 ਕੁਝ ਇਸੇ ਤਰ੍ਹਾਂ ਯਹੋਵਾਹ ਨੇ ਵੀ ਸਾਡੀ ਜਾਨ ਨੂੰ ਖ਼ਤਰੇ ਤੋਂ ਬਚਾਇਆ ਹੈ। ਯਕੀਨਨ ਅਸੀਂ ਉਸ ਦੇ ਅਹਿਸਾਨਮੰਦ ਹਾਂ। ਉਸ ਨੇ ਨਿਸਤਾਰੇ ਦਾ ਪ੍ਰਬੰਧ ਕਰ ਕੇ ਸਾਨੂੰ ਪਾਪ ਤੇ ਮੌਤ ਦੇ ਪੰਜਿਆਂ ਤੋਂ ਛੁਡਾਉਣ ਦਾ ਇੰਤਜ਼ਾਮ ਕੀਤਾ ਹੈ। ਅਸੀਂ ਇਹ ਜਾਣ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ ਕਿ ਜਿੰਨੀ ਦੇਰ ਅਸੀਂ ਉਸ ਬਹੁਮੁੱਲੇ ਬਲੀਦਾਨ ਵਿਚ ਵਿਸ਼ਵਾਸ ਕਰਾਂਗੇ, ਸਾਡੇ ਪਾਪ ਮਾਫ਼ ਕੀਤੇ ਜਾਣਗੇ ਅਤੇ ਅਸੀਂ ਹਮੇਸ਼ਾ-ਹਮੇਸ਼ਾ ਲਈ ਖ਼ੁਸ਼ੀਆਂ-ਭਰੀ ਜ਼ਿੰਦਗੀ ਦੀ ਆਸ ਰੱਖ ਸਕਾਂਗੇ। (1 ਯੂਹੰਨਾ 1:7; 4:9) ਜਿਵੇਂ ਅਸੀਂ ਇਸ ਕਿਤਾਬ ਦੇ 14ਵੇਂ ਅਧਿਆਇ ਵਿਚ ਦੇਖਿਆ ਸੀ, ਨਿਸਤਾਰੇ ਦਾ ਪ੍ਰਬੰਧ ਯਹੋਵਾਹ ਦੇ ਪਿਆਰ ਅਤੇ ਇਨਸਾਫ਼ ਦੀ ਬਿਹਤਰੀਨ ਮਿਸਾਲ ਹੈ। ਇਸ ਬਾਰੇ ਸਾਨੂੰ ਕੀ ਕਰਨਾ ਚਾਹੀਦਾ ਹੈ?

3 ਸਾਡੇ ਲਈ ਇਹ ਜਾਣਨਾ ਚੰਗੀ ਗੱਲ ਹੈ ਕਿ ਸਾਨੂੰ ਪਿਆਰ ਨਾਲ ਬਚਾਉਣ ਵਾਲਾ ਸਾਡੇ ਤੋਂ ਕੀ ਚਾਹੁੰਦਾ ਹੈ। ਆਪਣੇ ਨਬੀ ਮੀਕਾਹ ਦੇ ਰਾਹੀਂ ਯਹੋਵਾਹ ਕਹਿੰਦਾ ਹੈ: “ਹੇ ਆਦਮੀ, ਉਹ ਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ, ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?” (ਮੀਕਾਹ 6:8) ਨੋਟ ਕਰੋ ਕਿ ਇਕ ਚੀਜ਼ ਜੋ ਯਹੋਵਾਹ ਸਾਡੇ ਤੋਂ ਮੰਗਦਾ ਹੈ ਉਹ ਇਹ ਹੈ ਕਿ ਅਸੀਂ ‘ਇਨਸਾਫ਼ ਕਰੀਏ।’ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ?

ਪਰਮੇਸ਼ੁਰ ਦੇ ਧਰਮੀ ਮਿਆਰਾਂ ਉੱਤੇ ਚੱਲਦੇ ਰਹੋ

4. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਸਾਡੇ ਤੋਂ ਉਸ ਦੇ ਧਰਮੀ ਮਿਆਰਾਂ ਅਨੁਸਾਰ ਚੱਲਣ ਦੀ ਆਸ ਰੱਖਦਾ ਹੈ?

4 ਸਾਨੂੰ ਜਾਣਨਾ ਚਾਹੀਦਾ ਹੈ ਕਿ ਯਹੋਵਾਹ ਦੀ ਨਜ਼ਰ ਵਿਚ ਕੀ ਸਹੀ ਹੈ ਤੇ ਕੀ ਗ਼ਲਤ। ਉਹ ਆਸ ਰੱਖਦਾ ਹੈ ਕਿ ਅਸੀਂ ਉਸ ਦੇ ਮਿਆਰਾਂ ਅਨੁਸਾਰ ਚੱਲਾਂਗੇ। ਉਸ ਦੇ ਮਿਆਰ ਜਾਇਜ਼ ਤੇ ਧਰਮੀ ਹਨ। ਇਸ ਕਰਕੇ ਜਦੋਂ ਅਸੀਂ ਉਨ੍ਹਾਂ ਦੇ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਇਨਸਾਫ਼ ਅਤੇ ਧਰਮ ਦੇ ਰਾਹ ਤੇ ਚੱਲਦੇ ਹਾਂ। ਯਸਾਯਾਹ 1:17 ਵਿਚ ਲਿਖਿਆ ਹੈ ਕਿ “ਨੇਕੀ ਸਿੱਖੋ, ਨਿਆਉਂ ਨੂੰ ਭਾਲੋ।” ਪਰਮੇਸ਼ੁਰ ਦਾ ਬਚਨ ਸਾਨੂੰ ਕਹਿੰਦਾ ਹੈ: “ਧਰਮ ਨੂੰ ਭਾਲੋ।” (ਸਫ਼ਨਯਾਹ 2:3) ਉਹ ਸਾਨੂੰ ਇਹ ਵੀ ਕਹਿੰਦਾ ਹੈ ਕਿ “ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ . . . ਵਿੱਚ ਉਤਪਤ ਹੋਈ।” (ਅਫ਼ਸੀਆਂ 4:24) ਪਰਮੇਸ਼ੁਰ ਦੇ ਧਰਮੀ ਮਿਆਰਾਂ ਵਿਚ ਹਿੰਸਾ, ਗੰਦ-ਮੰਦ ਤੇ ਵਿਭਚਾਰ ਲਈ ਕੋਈ ਥਾਂ ਨਹੀਂ ਹੈ ਕਿਉਂਕਿ ਇਹ ਗੱਲਾਂ ਸਾਨੂੰ ਪਵਿੱਤਰ ਨਹੀਂ ਰਹਿਣ ਦਿੰਦੀਆਂ।—ਜ਼ਬੂਰਾਂ ਦੀ ਪੋਥੀ 11:5; ਅਫ਼ਸੀਆਂ 5:3-5.

5, 6. (ੳ) ਯਹੋਵਾਹ ਦੇ ਧਰਮੀ ਮਿਆਰਾਂ ਅਨੁਸਾਰ ਚੱਲਣਾ ਸਾਡੇ ਲਈ ਬੋਝ ਕਿਉਂ ਨਹੀਂ ਹੈ? (ਅ) ਬਾਈਬਲ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਅਸੀਂ ਨਵੀਂ ਸ਼ਖ਼ਸੀਅਤ ਨੂੰ ਇੱਕੋ ਵਾਰ ਨਹੀਂ ਪਹਿਨ ਸਕਦੇ?

5 ਪਰ ਕੀ ਸਾਡੇ ਲਈ ਯਹੋਵਾਹ ਦੇ ਧਰਮੀ ਮਿਆਰ ਬੋਝ ਹਨ? ਬਿਲਕੁਲ ਨਹੀਂ। ਜੇ ਸਾਡਾ ਦਿਲ ਉਸ ਦੀ ਗੱਲ ਸੁਣਨੀ ਚਾਹੁੰਦਾ ਹੈ, ਤਾਂ ਇਹ ਮਿਆਰ ਸਾਡੇ ਲਈ ਬੋਝ ਨਹੀਂ ਹਨ। ਕਿਉਂ ਜੋ ਅਸੀਂ ਪਰਮੇਸ਼ੁਰ ਅਤੇ ਉਸ ਦੇ ਵਧੀਆ ਗੁਣਾਂ ਨਾਲ ਪ੍ਰੇਮ ਕਰਦੇ ਹਾਂ, ਅਸੀਂ ਉਸ ਦਾ ਦਿਲ ਖ਼ੁਸ਼ ਕਰਨ ਲਈ ਉਸ ਦੀ ਇੱਛਾ ਅਨੁਸਾਰ ਜੀਉਣਾ ਚਾਹੁੰਦੇ ਹਾਂ। (1 ਯੂਹੰਨਾ 5:3) ਯਾਦ ਰੱਖੋ ਕਿ “ਉਹ ਧਰਮ ਨਾਲ ਪ੍ਰੀਤ ਰੱਖਦਾ ਹੈ।” (ਜ਼ਬੂਰਾਂ ਦੀ ਪੋਥੀ 11:7) ਜੇ ਅਸੀਂ ਸੱਚ-ਮੁੱਚ ਪਰਮੇਸ਼ੁਰ ਵਾਂਗ ਇਨਸਾਫ਼ ਕਰਨਾ ਚਾਹੁੰਦੇ ਹਾਂ ਅਤੇ ਉਸ ਦੇ ਧਰਮੀ ਮਿਆਰਾਂ ਉੱਤੇ ਚੱਲਣਾ ਚਾਹੁੰਦੇ ਹਾਂ, ਤਾਂ ਸਾਨੂੰ ਉਨ੍ਹਾਂ ਚੀਜ਼ਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਜਿਨ੍ਹਾਂ ਨਾਲ ਯਹੋਵਾਹ ਪਿਆਰ ਕਰਦਾ ਹੈ ਅਤੇ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ ਜਿਨ੍ਹਾਂ ਨਾਲ ਉਹ ਨਫ਼ਰਤ ਕਰਦਾ ਹੈ।—ਜ਼ਬੂਰਾਂ ਦੀ ਪੋਥੀ 97:10.

6 ਪਾਪੀ ਹੋਣ ਕਰਕੇ ਇਨਸਾਨਾਂ ਲਈ ਧਾਰਮਿਕਤਾ ਦੇ ਰਾਹ ਉੱਤੇ ਚੱਲਣਾ ਆਸਾਨ ਨਹੀਂ ਹੈ। ਸਾਨੂੰ ਪੁਰਾਣੀ ਸ਼ਖ਼ਸੀਅਤ ਨੂੰ ਉਹ ਦੇ ਬੁਰੇ ਕੰਮਾਂ-ਕਾਰਾਂ ਸਣੇ ਲਾਹ ਕੇ ਨਵੀਂ ਨੂੰ ਪਹਿਨ ਲੈਣਾ ਚਾਹੀਦਾ ਹੈ। ਬਾਈਬਲ ਕਹਿੰਦੀ ਹੈ ਕਿ ਸਾਡੀ ਸ਼ਖ਼ਸੀਅਤ ਸਹੀ ਗਿਆਨ ਦੇ ਰਾਹੀਂ “ਨਵੀਂ ਬਣਦੀ ਜਾਂਦੀ ਹੈ।” (ਕੁਲੁੱਸੀਆਂ 3:9, 10) ਮੁਢਲੀ ਭਾਸ਼ਾ ਦੇ ਜਿਨ੍ਹਾਂ ਸ਼ਬਦਾਂ ਦਾ ਤਰਜਮਾ “ਨਵੀਂ ਬਣਦੀ ਜਾਂਦੀ ਹੈ” ਕੀਤਾ ਗਿਆ ਹੈ, ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਨਵੀਂ ਸ਼ਖ਼ਸੀਅਤ ਇੱਕੋ ਵਾਰ ਨਹੀਂ ਪਹਿਨੀ ਜਾਂਦੀ, ਸਗੋਂ ਇਸ ਨੂੰ ਪਹਿਨਣ ਲਈ ਲਗਾਤਾਰ ਜਤਨ ਕਰਨਾ ਪੈਂਦਾ ਹੈ। ਅਸੀਂ ਸਹੀ ਕੰਮ ਕਰਨ ਲਈ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਪਰ ਫਿਰ ਵੀ ਕਈ ਵਾਰ ਅਸੀਂ ਆਪਣੇ ਪਾਪੀ ਸੁਭਾਅ ਕਰਕੇ ਸੋਚਣ, ਬੋਲਣ ਜਾਂ ਕਹਿਣ ਵਿਚ ਗ਼ਲਤੀ ਕਰ ਬੈਠਦੇ ਹਾਂ।—ਰੋਮੀਆਂ 7:14-20; ਯਾਕੂਬ 3:2.

7. ਇਨਸਾਫ਼ ਦੇ ਰਾਹ ਉੱਤੇ ਚੱਲਦੇ ਹੋਏ ਜੇ ਸਾਡੇ ਤੋਂ ਕੋਈ ਗ਼ਲਤੀ ਹੋ ਜਾਵੇ, ਤਾਂ ਸਾਨੂੰ ਉਸ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ?

7 ਇਨਸਾਫ਼ ਦੇ ਰਾਹ ਉੱਤੇ ਚੱਲਦੇ ਹੋਏ ਜੇ ਸਾਡੇ ਤੋਂ ਕੋਈ ਗ਼ਲਤੀ ਹੋ ਜਾਵੇ, ਤਾਂ ਸਾਨੂੰ ਉਸ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ? ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ‘ਚਲੋ ਗ਼ਲਤੀ ਹੋ ਗਈ, ਕੋਈ ਗੱਲ ਨਹੀਂ।’ ਪਰ ਸਾਨੂੰ ਆਪਣੇ ਆਪ ਵਿਚ ਬਿਲਕੁਲ ਨਿਕੰਮੇ ਵੀ ਨਹੀਂ ਮਹਿਸੂਸ ਕਰਨਾ ਚਾਹੀਦਾ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਕਰਕੇ ਪਰਮੇਸ਼ੁਰ ਦੀ ਸੇਵਾ ਕਰਨ ਦੇ ਲਾਇਕ ਹੀ ਨਹੀਂ ਹਾਂ। ਜੀ ਹਾਂ, ਸਾਨੂੰ ਹਿੰਮਤ ਕਦੇ ਨਹੀਂ ਹਾਰਨੀ ਚਾਹੀਦੀ। ਸਾਡੇ ਮਿਹਰਬਾਨ ਪਰਮੇਸ਼ੁਰ ਨੇ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਨ ਲਈ ਪ੍ਰਬੰਧ ਕੀਤੇ ਹੋਏ ਹਨ। ਯੂਹੰਨਾ ਰਸੂਲ ਦੇ ਸ਼ਬਦਾਂ ਵੱਲ ਜ਼ਰਾ ਧਿਆਨ ਦਿਓ ਜਿਨ੍ਹਾਂ ਨੂੰ ਪੜ੍ਹ ਕੇ ਤਸੱਲੀ ਹੁੰਦੀ ਹੈ: “ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਭਈ ਤੁਸੀਂ ਪਾਪ ਨਾ ਕਰੋ।” ਪਰ ਉਸ ਨੇ ਅੱਗੇ ਇਹ ਵੀ ਲਿਖਿਆ: “ਜੇ ਕੋਈ [ਵਿਰਸੇ ਵਿਚ ਮਿਲੀ ਨਾਮੁਕੰਮਲਤਾ ਦੇ ਕਾਰਨ] ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ।” (1 ਯੂਹੰਨਾ 2:1) ਜੀ ਹਾਂ, ਯਹੋਵਾਹ ਨੇ ਯਿਸੂ ਦੇ ਬਲੀਦਾਨ ਦੇ ਜ਼ਰੀਏ ਰਿਹਾਈ ਦਾ ਪ੍ਰਬੰਧ ਕੀਤਾ ਹੋਇਆ ਹੈ, ਤਾਂਕਿ ਅਸੀਂ ਆਪਣੇ ਪਾਪੀ ਸੁਭਾਅ ਦੇ ਬਾਵਜੂਦ ਵੀ ਉਸ ਦੀ ਸੇਵਾ ਕਰ ਸਕੀਏ। ਕੀ ਇਹ ਜਾਣ ਕੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਆਪਣੀ ਪੂਰੀ ਵਾਹ ਨਹੀਂ ਲਾਉਣੀ ਚਾਹੁੰਦੇ?

ਖ਼ੁਸ਼ ਖ਼ਬਰੀ ਅਤੇ ਪਰਮੇਸ਼ੁਰ ਦਾ ਇਨਸਾਫ਼

8, 9. ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾ ਕੇ ਯਹੋਵਾਹ ਆਪਣਾ ਇਨਸਾਫ਼ ਕਿਸ ਤਰ੍ਹਾਂ ਜ਼ਾਹਰ ਕਰਦਾ ਹੈ?

8 ਅਸੀਂ ਵੀ ਪਰਮੇਸ਼ੁਰ ਵਾਂਗ ਇਨਸਾਫ਼ ਕਰ ਸਕਦੇ ਹਾਂ। ਕਿਸ ਤਰ੍ਹਾਂ? ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਚੰਗਾ ਖ਼ਾਸਾ ਹਿੱਸਾ ਲੈ ਕੇ। ਪਰਮੇਸ਼ੁਰ ਦੇ ਇਨਸਾਫ਼ ਅਤੇ ਖ਼ੁਸ਼ ਖ਼ਬਰੀ ਵਿਚ ਕੀ ਸੰਬੰਧ ਹੈ?

9 ਯਹੋਵਾਹ ਇਸ ਦੁਸ਼ਟ ਦੁਨੀਆਂ ਦਾ ਨਾਸ਼ ਉਸ ਸਮੇਂ ਤਕ ਨਹੀਂ ਕਰੇਗਾ ਜਦ ਤਕ ਉਹ ਇਸ ਦੀ ਚੇਤਾਵਨੀ ਨਾ ਦੇ ਦੇਵੇ। ਯਿਸੂ ਨੇ ਭਵਿੱਖਬਾਣੀ ਵਿਚ ਦੱਸਿਆ ਸੀ ਕਿ ਅੰਤ ਦੇ ਸਮੇਂ ਵਿਚ ਕੀ ਹੋਵੇਗਾ: ‘ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਏਗਾ।’ (ਮਰਕੁਸ 13:10; ਮੱਤੀ 24:3) “ਪਹਿਲਾਂ” ਕਹਿਣ ਦਾ ਮਤਲਬ ਹੈ ਕਿ ਦੁਨੀਆਂ ਭਰ ਵਿਚ ਪ੍ਰਚਾਰ ਕੀਤੇ ਜਾਣ ਤੋਂ ਬਾਅਦ ਹੋਰ ਘਟਨਾਵਾਂ ਵੀ ਵਾਪਰਨਗੀਆਂ। ਇਨ੍ਹਾਂ ਘਟਨਾਵਾਂ ਵਿਚ ਵੱਡੀ ਬਿਪਤਾ ਵੀ ਸ਼ਾਮਲ ਹੈ। ਇਸ ਬਿਪਤਾ ਵਿਚ ਦੁਸ਼ਟ ਲੋਕਾਂ ਦਾ ਨਾਸ਼ ਕੀਤਾ ਜਾਵੇਗਾ ਅਤੇ ਧਰਮੀ ਨਵੀਂ ਦੁਨੀਆਂ ਲਈ ਰਾਹ ਤਿਆਰ ਕੀਤਾ ਜਾਵੇਗਾ। (ਮੱਤੀ 24:14, 21, 22) ਦੁਸ਼ਟ ਲੋਕਾਂ ਨੂੰ ਖ਼ਬਰਦਾਰ ਕਰ ਕੇ ਯਹੋਵਾਹ ਅੱਜ ਉਨ੍ਹਾਂ ਨੂੰ ਮੌਕਾ ਦੇ ਰਿਹਾ ਹੈ ਕਿ ਉਹ ਆਪਣੀ ਚਾਲ ਬਦਲ ਲੈਣ ਅਤੇ ਇਸ ਤਰ੍ਹਾਂ ਨਾਸ਼ ਹੋਣ ਤੋਂ ਬਚ ਜਾਣ। ਕੋਈ ਵੀ ਯਹੋਵਾਹ ਤੇ ਦੋਸ਼ ਨਹੀਂ ਲਗਾ ਸਕਦਾ ਕਿ ਉਸ ਨੇ ਦੁਸ਼ਟ ਲੋਕਾਂ ਨਾਲ ਬੇਇਨਸਾਫ਼ੀ ਕੀਤੀ।—ਯੂਨਾਹ 3:1-10.

ਪੱਖਪਾਤ ਕੀਤੇ ਬਿਨਾਂ ਸਾਰਿਆਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਅਸੀਂ ਪਰਮੇਸ਼ੁਰ ਦੇ ਇਨਸਾਫ਼ ਨੂੰ ਜ਼ਾਹਰ ਕਰਦੇ ਹਾਂ

10, 11. ਜਦ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਤਾਂ ਇਸ ਤੋਂ ਪਰਮੇਸ਼ੁਰ ਦਾ ਇਨਸਾਫ਼ ਕਿਸ ਤਰ੍ਹਾਂ ਜ਼ਾਹਰ ਹੁੰਦਾ ਹੈ?

10 ਜਦ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਤਾਂ ਇਸ ਤੋਂ ਪਰਮੇਸ਼ੁਰ ਦਾ ਇਨਸਾਫ਼ ਕਿਸ ਤਰ੍ਹਾਂ ਜ਼ਾਹਰ ਹੁੰਦਾ ਹੈ? ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਮੁਕਤੀ ਹਾਸਲ ਕਰਨ ਵਿਚ ਦੂਸਰਿਆਂ ਦੀ ਮਦਦ ਕਰਨ ਤੋਂ ਸਾਨੂੰ ਪਿੱਛੇ ਨਹੀਂ ਹੱਟਣਾ ਚਾਹੀਦਾ। ਫਿਰ ਤੋਂ ਦੀ ਉਸ ਡੁੱਬ ਰਹੇ ਸਮੁੰਦਰੀ ਜਹਾਜ਼ ਦੀ ਉਦਾਹਰਣ ਉੱਤੇ ਗੌਰ ਕਰੋ ਜਿਸ ਤੋਂ ਤੁਸੀਂ ਬਚਾਏ ਜਾਂਦੇ ਹੋ। ਖ਼ਤਰੇ ਵਿੱਚੋਂ ਨਿਕਲ ਕੇ ਤੁਸੀਂ ਜ਼ਰੂਰ ਹੋਰਨਾਂ ਬਾਰੇ ਵੀ ਸੋਚੋਗੇ ਜੋ ਅਜੇ ਪਾਣੀ ਵਿਚ ਹੀ ਤਰਲੇ ਕਰ ਰਹੇ ਹਨ। ਇਸੇ ਤਰ੍ਹਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਮਦਦ ਕਰੀਏ ਜੋ ਅਜੇ ਇਸ ਦੁਸ਼ਟ ਦੁਨੀਆਂ ਦੇ “ਪਾਣੀਆਂ” ਵਿਚ ਡੁੱਬ ਰਹੇ ਹਨ। ਇਹ ਸੱਚ ਹੈ ਕਿ ਕਈ ਲੋਕ ਸਾਡੀ ਗੱਲ ਨਹੀਂ ਸੁਣਦੇ। ਪਰ ਜਦ ਤਕ ਯਹੋਵਾਹ ਧੀਰਜ ਰੱਖਦਾ ਹੈ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਲੋਕਾਂ ਨੂੰ “ਤੋਬਾ ਵੱਲ ਮੁੜਨ” ਦਾ ਮੌਕਾ ਦੇਈਏ, ਤਾਂਕਿ ਉਹ ਬਚ ਸਕਣ।—2 ਪਤਰਸ 3:9.

11 ਪੱਖਪਾਤ ਕੀਤੇ ਬਿਨਾਂ ਸਾਰਿਆਂ ਨੂੰ ਪ੍ਰਚਾਰ ਕਰ ਕੇ ਅਸੀਂ ਇਕ ਹੋਰ ਤਰੀਕੇ ਨਾਲ ਇਨਸਾਫ਼ ਕਰਦੇ ਹਾਂ। ਯਾਦ ਰੱਖੋ ਕਿ “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਜੇ ਅਸੀਂ ਪਰਮੇਸ਼ੁਰ ਦੇ ਇਨਸਾਫ਼ ਦੀ ਨਕਲ ਕਰਨੀ ਹੈ, ਤਾਂ ਸਾਨੂੰ ਕਿਸੇ ਨੂੰ ਦੇਖ ਕੇ ਪਹਿਲਾਂ ਹੀ ਉਸ ਬਾਰੇ ਆਪਣਾ ਮਨ ਨਹੀਂ ਬਣਾ ਲੈਣਾ ਚਾਹੀਦਾ ਕਿ ਉਹ ਸਾਡੀ ਗੱਲ ਸੁਣੇਗਾ ਜਾਂ ਨਹੀਂ। ਇਸ ਦੀ ਬਜਾਇ ਸਾਨੂੰ ਹਰੇਕ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨੀ ਚਾਹੀਦੀ ਹੈ ਭਾਵੇਂ ਉਹ ਕਿਸੇ ਵੀ ਜਾਤ ਦੇ ਹੋਣ, ਵੱਡੇ ਜਾਂ ਛੋਟੇ ਲੋਕ ਹੋਣ, ਗ਼ਰੀਬ ਜਾਂ ਅਮੀਰ ਹੋਣ। ਇਸ ਤਰ੍ਹਾਂ ਜੋ ਕੋਈ ਵੀ ਸੁਣਨ ਲਈ ਤਿਆਰ ਹੁੰਦਾ ਹੈ, ਤਾਂ ਅਸੀਂ ਉਸ ਨੂੰ ਸੱਚਾਈ ਬਾਰੇ ਸਿੱਖਣ ਦਾ ਮੌਕਾ ਦਿੰਦੇ ਹਾਂ।—ਰੋਮੀਆਂ 10:11-13.

ਦੂਸਰਿਆਂ ਨਾਲ ਪੇਸ਼ ਆਉਣਾ

12, 13. (ੳ) ਸਾਨੂੰ ਜਲਦੀ ਦੇਣੀ ਦੂਸਰਿਆਂ ਦੀਆਂ ਗ਼ਲਤੀਆਂ ਕਿਉਂ ਨਹੀਂ ਕੱਢਣੀਆਂ ਚਾਹੀਦੀਆਂ? (ਅ) ਯਿਸੂ ਦੇ ਕਹਿਣ ਦਾ ਕੀ ਮਤਲਬ ਸੀ ਕਿ “ਦੋਸ਼ ਨਾ ਲਾਓ” ਅਤੇ “ਅਪਰਾਧੀ ਨਾ ਠਹਿਰਾਓ”? (ਫੁਟਨੋਟ ਦੇਖੋ।)

12 ਅਸੀਂ ਇਨਸਾਫ਼ ਦੇ ਰਾਹ ਤੇ ਹੋਰ ਕਿਸ ਤਰ੍ਹਾਂ ਚੱਲ ਸਕਦੇ ਹਾਂ? ਦੂਸਰਿਆਂ ਨਾਲ ਉਸ ਤਰ੍ਹਾਂ ਪੇਸ਼ ਆ ਕੇ ਜਿਵੇਂ ਯਹੋਵਾਹ ਸਾਡੇ ਨਾਲ ਪੇਸ਼ ਆਉਂਦਾ ਹੈ। ਦੂਸਰਿਆਂ ਨੂੰ ਮਤਲਬੀ ਸੱਦਣਾ ਅਤੇ ਉਨ੍ਹਾਂ ਦੀਆਂ ਗ਼ਲਤੀਆਂ ਤੇ ਕਮਜ਼ੋਰੀਆਂ ਦੇਖਣੀਆਂ ਬਹੁਤ ਆਸਾਨ ਹੈ। ਪਰ ਸਾਡੇ ਵਿੱਚੋਂ ਕੌਣ ਚਾਹੇਗਾ ਕਿ ਯਹੋਵਾਹ ਸਾਡੀਆਂ ਕਮੀਆਂ ਨੂੰ ਇੰਨੀ ਬੇਰਹਿਮੀ ਨਾਲ ਦੇਖੇ? ਯਹੋਵਾਹ ਸਾਡੇ ਨਾਲ ਇਸ ਤਰ੍ਹਾਂ ਪੇਸ਼ ਨਹੀਂ ਆਉਂਦਾ। ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ ਸੀ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂਰਾਂ ਦੀ ਪੋਥੀ 130:3) ਕੀ ਅਸੀਂ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਸਾਡਾ ਦਿਆਲੂ ਤੇ ਕਿਰਪਾਲੂ ਪਰਮੇਸ਼ੁਰ ਸਾਡੀਆਂ ਗ਼ਲਤੀਆਂ ਉੱਤੇ ਹੀ ਆਪਣਾ ਧਿਆਨ ਨਹੀਂ ਲਾਈ ਰੱਖਦਾ? (ਜ਼ਬੂਰਾਂ ਦੀ ਪੋਥੀ 103:8-10) ਤਾਂ ਫਿਰ ਸਾਨੂੰ ਦੂਸਰਿਆਂ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਨਾ ਚਾਹੀਦਾ ਹੈ?

13 ਜੇ ਅਸੀਂ ਆਪਣੇ ਦਇਆਵਾਨ ਪਰਮੇਸ਼ੁਰ ਦੇ ਇਨਸਾਫ਼ ਨੂੰ ਚੰਗੀ ਤਰ੍ਹਾਂ ਸਮਝਾਂਗੇ, ਤਾਂ ਅਸੀਂ ਜਲਦਬਾਜ਼ੀ ਵਿਚ ਦੂਸਰਿਆਂ ਨੂੰ ਦੋਸ਼ੀ ਨਹੀਂ ਠਹਿਰਾਵਾਂਗੇ। ਅਸੀਂ ਰਾਈ ਦਾ ਪਹਾੜ ਨਹੀਂ ਬਣਾਵਾਂਗੇ ਅਤੇ ਨਾ ਹੀ ਦੂਸਰਿਆਂ ਦੇ ਮਾਮਲੇ ਵਿਚ ਦਖ਼ਲ ਦੇਵਾਂਗੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਚੇਤਾਵਨੀ ਦਿੱਤੀ ਸੀ: “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ।” (ਮੱਤੀ 7:1) ਲੂਕਾ ਦੇ ਬਿਰਤਾਂਤ ਮੁਤਾਬਕ ਯਿਸੂ ਨੇ ਅੱਗੇ ਕਿਹਾ: “ਅਪਰਾਧੀ ਨਾ ਠਹਿਰਾਓ ਤਾਂ ਤੁਸੀਂ ਅਪਰਾਧੀ ਨਾ ਠਹਿਰਾਏ ਜਾਓਗੇ।” * (ਲੂਕਾ 6:37) ਇਸ ਤਰ੍ਹਾਂ ਕਹਿ ਕੇ ਯਿਸੂ ਨੇ ਦਿਖਾਇਆ ਕਿ ਉਹ ਜਾਣਦਾ ਸੀ ਕਿ ਇਕ-ਦੂਜੇ ਵਿਚ ਗ਼ਲਤੀਆਂ ਕੱਢਣੀਆਂ ਇਨਸਾਨ ਦਾ ਸੁਭਾਅ ਹੈ। ਉਸ ਦੀ ਗੱਲ ਸੁਣਨ ਵਾਲੇ ਕਿਸੇ ਨੂੰ ਵੀ, ਜਿਸ ਨੂੰ ਇਸ ਤਰ੍ਹਾਂ ਕਰਨ ਦੀ ਆਦਤ ਸੀ, ਇਸ ਤਰ੍ਹਾਂ ਕਰਨ ਤੋਂ ਹੱਟ ਜਾਣਾ ਚਾਹੀਦਾ ਸੀ।

14. ਸਾਨੂੰ ਕਿਨ੍ਹਾਂ ਕਾਰਨਾਂ ਕਰਕੇ ਦੂਸਰਿਆਂ ਤੇ “ਦੋਸ਼ ਲਾਉਣ” ਤੋਂ ਹੱਟ ਜਾਣਾ ਚਾਹੀਦਾ ਹੈ?

14 ਸਾਨੂੰ ਦੂਸਰਿਆਂ ਤੇ “ਦੋਸ਼ ਲਾਉਣ” ਤੋਂ ਕਿਉਂ ਹੱਟ ਜਾਣਾ ਚਾਹੀਦਾ ਹੈ? ਇਕ ਕਾਰਨ ਹੈ ਕਿ ਸਾਨੂੰ ਇਸ ਤਰ੍ਹਾਂ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ। ਯਿਸੂ ਦੇ ਚੇਲੇ ਯਾਕੂਬ ਨੇ ਸਾਨੂੰ ਯਾਦ ਕਰਾਇਆ: “ਸ਼ਰਾ ਦਾ ਦੇਣ ਵਾਲਾ ਅਤੇ ਨਿਆਈ ਇੱਕੋ ਹੈ”—ਯਹੋਵਾਹ। ਇਸ ਕਰਕੇ ਯਾਕੂਬ ਨੇ ਜ਼ੋਰ ਦੇ ਕੇ ਪੁੱਛਿਆ ਕਿ “ਤੂੰ ਆਪਣੇ ਗੁਆਂਢੀ ਉੱਤੇ ਦੋਸ਼ ਲਾਉਣ ਵਾਲਾ ਕੋਣ ਹੁੰਦਾ ਹੈਂ?” (ਯਾਕੂਬ 4:12; ਰੋਮੀਆਂ 14:1-4) ਇਸ ਤੋਂ ਇਲਾਵਾ ਆਪਣੇ ਪਾਪੀ ਸੁਭਾਅ ਕਰਕੇ ਅਸੀਂ ਆਸਾਨੀ ਨਾਲ ਦੂਸਰਿਆਂ ਉੱਤੇ ਝੂਠਾ ਦੋਸ਼ ਲਗਾ ਸਕਦੇ ਹਾਂ। ਅਸੀਂ ਪੱਖਪਾਤ ਤੇ ਖਾਰ ਖਾਣ ਕਰਕੇ ਦੂਸਰਿਆਂ ਨੂੰ ਗ਼ਲਤ ਸਮਝ ਸਕਦੇ ਹਾਂ। ਜੇ ਅਸੀਂ ਆਪਣੇ ਆਪ ਨੂੰ ਜ਼ਿਆਦਾ ਚੰਗਾ ਸਮਝਦੇ ਹਾਂ ਜਾਂ ਸਾਨੂੰ ਲੱਗੇ ਕਿ ਸਾਡੇ ਨਾਲ ਅਨਿਆਂ ਹੋਇਆ ਹੈ, ਤਾਂ ਵੀ ਅਸੀਂ ਦੂਸਰਿਆਂ ਬਾਰੇ ਬੁਰਾ-ਭਲਾ ਸੋਚ ਸਕਦੇ ਹਾਂ। ਸਾਡੇ ਵਿਚ ਹੋਰ ਵੀ ਕਈ ਕਮੀਆਂ ਹਨ ਅਤੇ ਉਨ੍ਹਾਂ ਬਾਰੇ ਸੋਚ ਕੇ ਅਸੀਂ ਜਲਦਬਾਜ਼ੀ ਵਿਚ ਦੂਜਿਆਂ ਵਿਚ ਗ਼ਲਤੀਆਂ ਦੇਖਣ ਤੋਂ ਪਰਹੇਜ਼ ਕਰਾਂਗੇ। ਅਸੀਂ ਕਿਸੇ ਦੇ ਦਿਲ ਦੀ ਗੱਲ ਨਹੀਂ ਜਾਣ ਸਕਦੇ ਅਤੇ ਨਾ ਹੀ ਅਸੀਂ ਕਿਸੇ ਦੇ ਿਨੱਜੀ ਹਾਲਾਤ ਪੂਰੀ ਤਰ੍ਹਾਂ ਜਾਣ ਸਕਦੇ ਹਾਂ। ਫਿਰ ਅਸੀਂ ਕੌਣ ਹੁੰਦੇ ਹਾਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਨੁਕਤਾਚੀਨੀ ਕਰਨ ਵਾਲੇ? ਸਾਨੂੰ ਦਿਲ ਵਿਚ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਕਿ ਉਹ ਪਰਮੇਸ਼ੁਰ ਦੀ ਇੰਨੀ ਸੇਵਾ ਕਿਉਂ ਕਰਦੇ ਹਨ ਜਾਂ ਕਿਉਂ ਨਹੀਂ ਕਰਦੇ ਜਾਂ ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕੀਤਾ ਜਾਂ ਕਿਉਂ ਨਹੀਂ ਕੀਤਾ। ਕਿੰਨਾ ਚੰਗਾ ਹੋਵੇਗਾ ਜੇ ਅਸੀਂ ਯਹੋਵਾਹ ਦੀ ਨਕਲ ਕਰ ਕੇ ਆਪਣੇ ਭੈਣਾਂ-ਭਰਾਵਾਂ ਦੀਆਂ ਕਮੀਆਂ ਦੇਖਦੇ ਰਹਿਣ ਦੀ ਬਜਾਇ ਉਨ੍ਹਾਂ ਦੀਆਂ ਖੂਬੀਆਂ ਦੇਖੀਏ!

15. ਪਰਮੇਸ਼ੁਰ ਦੇ ਭਗਤਾਂ ਦੇ ਘਰਾਂ ਵਿਚ ਕੀ-ਕੀ ਨਹੀਂ ਹੋਣਾ ਚਾਹੀਦਾ?

15 ਸਾਡੇ ਘਰ ਦੇ ਜੀਆਂ ਬਾਰੇ ਕੀ? ਅਫ਼ਸੋਸ ਦੀ ਗੱਲ ਹੈ ਕਿ ਜਿਸ ਜਗ੍ਹਾ ਸੁੱਖ ਮਿਲਣਾ ਚਾਹੀਦਾ ਹੈ, ਅੱਜ ਇਹ ਤੂੰ-ਤੂੰ ਮੈਂ-ਮੈਂ ਕਰਨ ਦੀ ਜਗ੍ਹਾ ਬਣ ਗਈ ਹੈ। ਅੱਜ ਆਮ ਕਰਕੇ ਘਰ ਵਿਚ ਪਤੀ-ਪਤਨੀ ਜਾਂ ਮਾਪੇ ਲੜਾਈ-ਝਗੜਾ ਕਰਦੇ, ਮਾਰਦੇ-ਕੁੱਟਦੇ ਜਾਂ ਗਾਲ਼ਾਂ ਕੱਢਦੇ ਹਨ। ਪਰ ਪਰਮੇਸ਼ੁਰ ਦੇ ਭਗਤਾਂ ਦੇ ਘਰਾਂ ਵਿਚ ਬੁਰਾ-ਭਲਾ ਕਹਿਣ, ਚੀਕ-ਚਿਹਾੜਾ ਪਾਉਣ, ਮੇਹਣੇ ਮਾਰਨ ਜਾਂ ਮਾਰ-ਕੁਟਾਈ ਕਰਨ ਲਈ ਕੋਈ ਥਾਂ ਨਹੀਂ ਹੈ। (ਅਫ਼ਸੀਆਂ 4:29, 31; 5:33; 6:4) ਸਾਨੂੰ ਯਿਸੂ ਦੀ ਸਲਾਹ ਕਿ ‘ਦੋਸ਼ ਲਾਉਣ ਜਾਂ ਅਪਰਾਧੀ ਠਹਿਰਾਉਣ ਤੋਂ ਹੱਟ ਜਾਓ,’ ਸਿਰਫ਼ ਬਾਹਰਲਿਆਂ ਲੋਕਾਂ ਤੇ ਹੀ ਲਾਗੂ ਨਹੀਂ ਕਰਨੀ ਚਾਹੀਦੀ। ਇਹ ਘਰ ਦੇ ਜੀਆਂ ਉੱਤੇ ਵੀ ਲਾਗੂ ਕਰਨੀ ਚਾਹੀਦੀ ਹੈ। ਯਾਦ ਰੱਖੋ ਕਿ ਇਨਸਾਫ਼ ਕਰਨ ਦਾ ਮਤਲਬ ਹੈ ਕਿ ਅਸੀਂ ਦੂਸਰਿਆਂ ਨਾਲ ਉਸ ਤਰ੍ਹਾਂ ਪੇਸ਼ ਆਈਏ ਜਿਵੇਂ ਯਹੋਵਾਹ ਸਾਡੇ ਨਾਲ ਪੇਸ਼ ਆਉਂਦਾ ਹੈ। ਸਾਡਾ ਪਰਮੇਸ਼ੁਰ ਸਾਡੇ ਨਾਲ ਕਦੇ ਵੀ ਨਿਰਦਈ, ਕਠੋਰ ਤੇ ਸਖ਼ਤ ਤਰੀਕੇ ਨਾਲ ਪੇਸ਼ ਨਹੀਂ ਆਉਂਦਾ। ਇਸ ਦੀ ਬਜਾਇ ਉਹ ਆਪਣੇ ਪ੍ਰੇਮੀਆਂ ਦਾ “ਵੱਡਾ ਦਰਦੀ” ਹੈ। (ਯਾਕੂਬ 5:11) ਸਾਡੇ ਵਾਸਤੇ ਇਹ ਕਿੰਨੀ ਵਧੀਆ ਉਦਾਹਰਣ ਹੈ ਜਿਸ ਦੀ ਅਸੀਂ ਨਕਲ ਕਰ ਸਕਦੇ ਹਾਂ!

ਬਜ਼ੁਰਗ “ਨਿਆਉਂ ਨਾਲ” ਸੇਵਾ ਕਰਦੇ ਹਨ

16, 17. (ੳ) ਯਹੋਵਾਹ ਬਜ਼ੁਰਗਾਂ ਤੋਂ ਕੀ ਆਸ ਰੱਖਦਾ ਹੈ? (ਅ) ਜੇ ਪਾਪੀ ਦਿਲੋਂ ਪਸ਼ਚਾਤਾਪ ਨਾ ਕਰੇ, ਤਾਂ ਕੀ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਉਂ?

16 ਇਨਸਾਫ਼ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਪਰ ਮਸੀਹੀ ਕਲੀਸਿਯਾ ਵਿਚ ਖ਼ਾਸ ਕਰਕੇ ਬਜ਼ੁਰਗਾਂ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਯਸਾਯਾਹ ਦੇ ਹਵਾਲੇ ਉੱਤੇ ਗੌਰ ਕਰੋ ਜਿੱਥੇ ‘ਸਰਦਾਰਾਂ’ ਜਾਂ ਬਜ਼ੁਰਗਾਂ ਦੀ ਗੱਲ ਕੀਤੀ ਗਈ ਹੈ: “ਵੇਖੋ, ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ, ਅਤੇ ਸਰਦਾਰ ਨਿਆਉਂ ਨਾਲ ਸਰਦਾਰੀ ਕਰਨਗੇ।” (ਯਸਾਯਾਹ 32:1) ਜੀ ਹਾਂ, ਯਹੋਵਾਹ ਬਜ਼ੁਰਗਾਂ ਤੋਂ ਆਸ ਰੱਖਦਾ ਹੈ ਕਿ ਉਹ ਅਨਿਆਂ ਨਹੀਂ ਬਲਕਿ ਨਿਆਂ ਕਰਨ। ਉਹ ਇਹ ਕਿਸ ਤਰ੍ਹਾਂ ਕਰ ਸਕਦੇ ਹਨ?

17 ਕਲੀਸਿਯਾ ਦੇ ਬਜ਼ੁਰਗ ਚੰਗੀ ਤਰ੍ਹਾਂ ਜਾਣਦੇ ਹਨ ਕਿ ਧਾਰਮਿਕਤਾ ਕਾਇਮ ਰੱਖਣ ਲਈ ਕਲੀਸਿਯਾ ਨੂੰ ਰੂਹਾਨੀ ਤੌਰ ਤੇ ਸਾਫ਼ ਰੱਖਣਾ ਜ਼ਰੂਰੀ ਹੈ। ਕਈ ਵਾਰ ਬਜ਼ੁਰਗਾਂ ਨੂੰ ਗੰਭੀਰ ਪਾਪ ਦੀ ਜਾਂਚ-ਪੜਤਾਲ ਕਰ ਕੇ ਫ਼ੈਸਲਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਇਨਸਾਫ਼ ਦਾ ਮਤਲਬ ਹੈ ਕਿ ਜਦੋਂ ਵੀ ਹੋ ਸਕੇ, ਦਇਆ ਕੀਤੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਉਹ ਪਾਪੀ ਨੂੰ ਪਾਪ ਦੇ ਰਾਹ ਤੋਂ ਮੋੜਨ ਦੀ ਕੋਸ਼ਿਸ਼ ਕਰਦੇ ਹਨ। ਪਰ ਉਨ੍ਹਾਂ ਦੇ ਜਤਨਾਂ ਦੇ ਬਾਵਜੂਦ ਜੇ ਉਹ ਪਾਪੀ ਦਿਲੋਂ ਪਸ਼ਚਾਤਾਪ ਨਾ ਕਰੇ, ਤਾਂ ਬਜ਼ੁਰਗਾਂ ਨੂੰ ਕੀ ਕਰਨਾ ਪੈਂਦਾ ਹੈ? ਯਹੋਵਾਹ ਦੇ ਬਚਨ ਵਿਚ ਬਿਲਕੁਲ ਸਪੱਸ਼ਟ ਦੱਸਿਆ ਗਿਆ ਹੈ ਕਿ ਇਨਸਾਫ਼ ਕਰਨ ਲਈ ਉਨ੍ਹਾਂ ਨੂੰ ਕਿਹੜਾ ਕਦਮ ਚੁੱਕਣ ਦੀ ਲੋੜ ਹੈ: “ਤੁਸੀਂ ਉਸ ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ।” ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਉਸ ਪਾਪੀ ਨੂੰ ਕਲੀਸਿਯਾ ਵਿੱਚੋਂ ਕੱਢ ਦੇਣਾ ਚਾਹੀਦਾ ਹੈ। (1 ਕੁਰਿੰਥੀਆਂ 5:11-13; 2 ਯੂਹੰਨਾ 9-11) ਇਹ ਕਦਮ ਚੁੱਕਣ ਨਾਲ ਬਜ਼ੁਰਗਾਂ ਨੂੰ ਦੁੱਖ ਤਾਂ ਹੁੰਦਾ ਹੈ, ਪਰ ਉਹ ਜਾਣਦੇ ਹਨ ਕਿ ਕਲੀਸਿਯਾ ਨੂੰ ਰੂਹਾਨੀ ਅਤੇ ਨੈਤਿਕ ਤੌਰ ਤੇ ਸ਼ੁੱਧ ਰੱਖਣ ਲਈ ਇਹ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਬਾਵਜੂਦ ਉਹ ਆਸ ਰੱਖਦੇ ਹਨ ਕਿ ਪਾਪੀ ਇਕ ਦਿਨ ਸੁਰਤ ਵਿਚ ਆ ਕੇ ਕਲੀਸਿਯਾ ਵਿਚ ਵਾਪਸ ਆ ਜਾਵੇਗਾ।—ਲੂਕਾ 15:17, 18.

18. ਦੂਸਰਿਆਂ ਨੂੰ ਬਾਈਬਲ ਤੋਂ ਸਲਾਹ-ਮਸ਼ਵਰਾ ਦਿੰਦੇ ਹੋਏ ਬਜ਼ੁਰਗਾਂ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

18 ਇਨਸਾਫ਼ ਕਰਨ ਦਾ ਇਹ ਵੀ ਮਤਲਬ ਹੈ ਕਿ ਜ਼ਰੂਰਤ ਪੈਣ ਤੇ ਬਾਈਬਲ ਤੋਂ ਸਲਾਹ-ਮਸ਼ਵਰਾ ਦਿੱਤਾ ਜਾਵੇ। ਵੈਸੇ ਬਜ਼ੁਰਗ ਦੂਸਰਿਆਂ ਵਿਚ ਗ਼ਲਤੀਆਂ ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ। ਨਾ ਹੀ ਉਹ ਹਰ ਮੌਕੇ ਤੇ ਕਿਸੇ ਨੂੰ ਝਿੜਕਣ ਦੀ ਕੋਸ਼ਿਸ਼ ਕਰਦੇ ਹਨ। ਪਰ ਜੇਕਰ ਕਲੀਸਿਯਾ ਦੇ ਕਿਸੇ ਮੈਂਬਰ ਤੋਂ ਅਣਜਾਣੇ ਵਿਚ ਕੋਈ “ਅਪਰਾਧ” ਹੋ ਜਾਵੇ, ਤਾਂ ਫਿਰ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਬਜ਼ੁਰਗਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਨਾ ਤਾਂ ਕਠੋਰ ਹੈ ਤੇ ਨਾ ਹੀ ਨਿਰਦਈ। ਇਸ ਲਈ ਉਨ੍ਹਾਂ ਨੂੰ “ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਉ ਨਾਲ” ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਗਲਾਤੀਆਂ 6:1) ਇਸ ਤਰ੍ਹਾਂ ਬਜ਼ੁਰਗ ਸਖ਼ਤੀ ਨਾਲ ਉਸ ਨੂੰ ਝਿੜਕਣਗੇ ਨਹੀਂ। ਇਸ ਦੀ ਬਜਾਇ ਪਿਆਰ ਅਤੇ ਨਰਮਾਈ ਨਾਲ ਕਹੀ ਗਈ ਗੱਲ ਤੋਂ ਸੁਣਨ ਵਾਲੇ ਨੂੰ ਹੌਸਲਾ ਮਿਲਦਾ ਹੈ। ਜਦੋਂ ਗ਼ਲਤ ਰਾਹ ਤੇ ਚੱਲਣ ਦੇ ਬੁਰੇ ਨਤੀਜਿਆਂ ਬਾਰੇ ਖ਼ਬਰਦਾਰ ਕਰਨਾ ਵੀ ਪੈਂਦਾ ਹੈ, ਤਾਂ ਵੀ ਬਜ਼ੁਰਗਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗ਼ਲਤੀ ਕਰਨ ਵਾਲਾ ਭੈਣ-ਭਾਈ ਯਹੋਵਾਹ ਦੀ ਇਕ ਭੇਡ ਹੈ। * (ਲੂਕਾ 15:7) ਜਦੋਂ ਤਾੜਨਾ ਜਾਂ ਸਲਾਹ-ਮਸ਼ਵਰਾ ਪਿਆਰ ਨਾਲ ਦਿੱਤਾ ਜਾਂਦਾ ਹੈ, ਤਾਂ ਗ਼ਲਤੀ ਕਰਨ ਵਾਲਾ ਵਿਅਕਤੀ ਉਸ ਨੂੰ ਸ਼ਾਇਦ ਜਲਦੀ ਸੁਣ ਲਵੇ।

19. ਬਜ਼ੁਰਗਾਂ ਨੂੰ ਕਿਹੋ ਜਿਹੇ ਫ਼ੈਸਲੇ ਕਰਨੇ ਪੈਂਦੇ ਹਨ ਅਤੇ ਉਹ ਕਿਸ ਆਧਾਰ ਤੇ ਫ਼ੈਸਲੇ ਕਰਦੇ ਹਨ?

19 ਬਜ਼ੁਰਗਾਂ ਨੂੰ ਅਕਸਰ ਕਈ ਫ਼ੈਸਲੇ ਕਰਨੇ ਪੈਂਦੇ ਹਨ ਜਿਨ੍ਹਾਂ ਦਾ ਕਲੀਸਿਯਾ ਦੇ ਮੈਂਬਰਾਂ ਤੇ ਪ੍ਰਭਾਵ ਪੈਂਦਾ ਹੈ। ਉਦਾਹਰਣ ਲਈ ਬਜ਼ੁਰਗ ਸਮੇਂ-ਸਮੇਂ ਤੇ ਇਕੱਠੇ ਹੋ ਕੇ ਜਾਂਚ ਕਰਦੇ ਹਨ ਕਿ ਕਲੀਸਿਯਾ ਵਿਚ ਹੋਰ ਕਿਹੜੇ ਭਰਾ ਬਜ਼ੁਰਗ ਜਾਂ ਸਹਾਇਕ ਸੇਵਕ ਦੀ ਜ਼ਿੰਮੇਵਾਰੀ ਸੰਭਾਲਣ ਦੇ ਲਾਇਕ ਹਨ। ਬਜ਼ੁਰਗ ਜਾਣਦੇ ਹਨ ਕਿ ਇਸ ਮਾਮਲੇ ਵਿਚ ਨਿਰਪੱਖ ਰਹਿਣਾ ਬੜਾ ਹੀ ਜ਼ਰੂਰੀ ਹੈ। ਉਹ ਆਪਣੇ ਜਜ਼ਬਾਤਾਂ ਦੀ ਬਜਾਇ ਪਰਮੇਸ਼ੁਰ ਦੇ ਬਚਨ ਵਿਚ ਦਰਜ ਕੀਤੀਆਂ ਹੋਈਆਂ ਮੰਗਾਂ ਦੇ ਆਧਾਰ ਤੇ ਫ਼ੈਸਲੇ ਕਰਦੇ ਹਨ। ਇਸ ਤਰ੍ਹਾਂ ਉਹ ‘ਜਲਦਬਾਜ਼ੀ ਵਿਚ ਕੋਈ ਫ਼ੈਸਲਾ ਨਹੀਂ ਕਰਦੇ ਅਤੇ ਹਰ ਸਮੇਂ ਨਿਰਪੱਖ ਰਹਿੰਦੇ ਹਨ।’—1 ਤਿਮੋਥਿਉਸ 5:21, ਪਵਿੱਤਰ ਬਾਈਬਲ ਨਵਾਂ ਅਨੁਵਾਦ।

20, 21. (ੳ) ਬਜ਼ੁਰਗ ਆਪਣੇ ਭੈਣਾਂ-ਭਰਾਵਾਂ ਵਾਸਤੇ ਕੀ ਬਣਨ ਦੀ ਕੋਸ਼ਿਸ਼ ਕਰਦੇ ਹਨ ਅਤੇ ਕਿਉਂ? (ਅ) ਬਜ਼ੁਰਗ “ਕਮਦਿਲਿਆਂ” ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਨ?

20 ਬਜ਼ੁਰਗ ਦੂਸਰੇ ਤਰੀਕਿਆਂ ਨਾਲ ਵੀ ਪਰਮੇਸ਼ੁਰ ਦੇ ਇਨਸਾਫ਼ ਨੂੰ ਲਾਗੂ ਕਰਦੇ ਹਨ। ਯਸਾਯਾਹ ਨੇ ਇਹ ਕਹਿਣ ਤੋਂ ਬਾਅਦ ਕਿ ਬਜ਼ੁਰਗ “ਨਿਆਉਂ ਨਾਲ” ਸੇਵਾ ਕਰਨਗੇ, ਅੱਗੇ ਕਿਹਾ: “ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।” (ਯਸਾਯਾਹ 32:2) ਇਸ ਤਰ੍ਹਾਂ ਬਜ਼ੁਰਗ ਆਪਣੇ ਭੈਣਾਂ-ਭਰਾਵਾਂ ਵਾਸਤੇ ਆਰਾਮ ਤੇ ਦਿਲਾਸੇ ਦਾ ਸੋਮਾ ਬਣਨ ਦੀ ਕੋਸ਼ਿਸ਼ ਕਰਦੇ ਹਨ।

21 ਸਾਡੇ ਜ਼ਮਾਨੇ ਵਿਚ ਲੋਕਾਂ ਦੇ ਦਿਲ ਦੁੱਖਾਂ-ਤਕਲੀਫ਼ਾਂ ਦੇ ਨਾਲ ਵਿੰਨ੍ਹੇ ਹੋਏ ਹਨ, ਇਸ ਲਈ ਕਈਆਂ ਨੂੰ ਹੌਸਲੇ ਦੀ ਜ਼ਰੂਰਤ ਹੈ। ਬਜ਼ੁਰਗੋ, ਤੁਸੀਂ “ਕਮਦਿਲਿਆਂ” ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹੋ? (1 ਥੱਸਲੁਨੀਕੀਆਂ 5:14) ਹਮਦਰਦੀ ਨਾਲ ਉਨ੍ਹਾਂ ਦੀ ਗੱਲ ਸੁਣੋ। (ਯਾਕੂਬ 1:19) ਉਹ ਸ਼ਾਇਦ ਕਿਸੇ ਨੂੰ ਆਪਣੀ “ਚਿੰਤਾ” ਦੱਸ ਕੇ ਆਪਣਾ ਦਿਲ ਹੌਲਾ ਕਰਨਾ ਚਾਹੁਣ। (ਕਹਾਉਤਾਂ 12:25) ਉਨ੍ਹਾਂ ਨੂੰ ਭਰੋਸਾ ਦਿਲਾਓ ਕਿ ਯਹੋਵਾਹ ਅਤੇ ਕਲੀਸਿਯਾ ਦੇ ਮੈਂਬਰ ਉਨ੍ਹਾਂ ਨਾਲ ਪਿਆਰ ਕਰਦੇ ਹਨ, ਉਨ੍ਹਾਂ ਦੀ ਕਦਰ ਕਰਦੇ ਹਨ ਅਤੇ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੀ ਬਹੁਤ ਲੋੜ ਹੈ। (1 ਪਤਰਸ 1:22; 5:6, 7) ਇਸ ਤੋਂ ਇਲਾਵਾ, ਤੁਸੀਂ ਉਨ੍ਹਾਂ ਲਈ ਦੁਆ ਕਰ ਸਕਦੇ ਹੋ। ਤੁਸੀਂ ਉਨ੍ਹਾਂ ਨਾਲ ਬੈਠ ਕੇ ਵੀ ਪ੍ਰਾਰਥਨਾ ਕਰ ਸਕਦੇ ਹੋ। ਇਕ ਬਜ਼ੁਰਗ ਨੂੰ ਉਨ੍ਹਾਂ ਲਈ ਦਿਲੋਂ ਪ੍ਰਾਰਥਨਾ ਕਰਦੇ ਸੁਣ ਕੇ ਕਮਦਿਲਿਆਂ ਨੂੰ ਤਸੱਲੀ ਮਿਲ ਸਕਦੀ ਹੈ। (ਯਾਕੂਬ 5:14, 15) ਜਦ ਤੁਸੀਂ ਨਿਰਾਸ਼ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹੋ, ਤਾਂ ਇਨਸਾਫ਼ ਦਾ ਪਰਮੇਸ਼ੁਰ ਇਸ ਨੂੰ ਅਣਗੌਲਿਆ ਨਹੀਂ ਕਰਦਾ।

ਬਜ਼ੁਰਗ ਟੁੱਟੇ ਦਿਲ ਵਾਲਿਆਂ ਨੂੰ ਤਸੱਲੀ ਦੇ ਕੇ ਯਹੋਵਾਹ ਵਾਂਗ ਇਨਸਾਫ਼ ਕਰਦੇ ਹਨ

22. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਯਹੋਵਾਹ ਦੇ ਇਨਸਾਫ਼ ਦੀ ਨਕਲ ਕਰ ਸਕਦੇ ਹਾਂ ਅਤੇ ਇਸ ਦਾ ਕੀ ਨਤੀਜਾ ਨਿਕਲਦਾ ਹੈ?

22 ਸੱਚ-ਮੁੱਚ ਯਹੋਵਾਹ ਦੇ ਇਨਸਾਫ਼ ਦੀ ਨਕਲ ਕਰ ਕੇ ਅਸੀਂ ਉਸ ਦੇ ਹੋਰ ਨੇੜੇ ਰਹਿੰਦੇ ਹਾਂ! ਜਦ ਅਸੀਂ ਉਸ ਦੇ ਧਰਮੀ ਮਿਆਰਾਂ ਉੱਤੇ ਚੱਲਦੇ ਹਾਂ, ਦੂਸਰਿਆਂ ਨਾਲ ਜਾਨ ਬਚਾਉਣ ਵਾਲੀ ਖ਼ੁਸ਼ ਖ਼ਬਰੀ ਸਾਂਝੀ ਕਰਦੇ ਹਾਂ ਅਤੇ ਦੂਸਰਿਆਂ ਦੀਆਂ ਗ਼ਲਤੀਆਂ ਜਾਂ ਕਮਜ਼ੋਰੀਆਂ ਉੱਤੇ ਧਿਆਨ ਲਗਾਉਣ ਦੀ ਬਜਾਇ ਉਨ੍ਹਾਂ ਦੀਆਂ ਖੂਬੀਆਂ ਦੇਖਦੇ ਹਾਂ, ਤਾਂ ਅਸੀਂ ਪਰਮੇਸ਼ੁਰ ਵਾਂਗ ਇਨਸਾਫ਼ ਕਰ ਰਹੇ ਹੁੰਦੇ ਹਾਂ। ਬਜ਼ੁਰਗੋ, ਜਦੋਂ ਤੁਸੀਂ ਕਲੀਸਿਯਾ ਦੀ ਸ਼ੁੱਧਤਾ ਦੀ ਰਾਖੀ ਕਰਦੇ ਹੋ, ਬਾਈਬਲ ਵਿੱਚੋਂ ਹੌਸਲਾ ਦੇਣ ਵਾਲੀ ਸਲਾਹ ਦਿੰਦੇ ਹੋ, ਪੱਖਪਾਤ ਕੀਤੇ ਬਿਨਾਂ ਫ਼ੈਸਲੇ ਕਰਦੇ ਹੋ ਅਤੇ ਟੁੱਟੇ ਦਿਲ ਵਾਲਿਆਂ ਨੂੰ ਤਸੱਲੀ ਦਿੰਦੇ ਹੋ, ਤਾਂ ਤੁਸੀਂ ਯਹੋਵਾਹ ਵਾਂਗ ਇਨਸਾਫ਼ ਕਰ ਰਹੇ ਹੁੰਦੇ ਹੋ। ਸਵਰਗੋਂ ਇਹ ਦੇਖ ਕੇ ਯਹੋਵਾਹ ਦਾ ਦਿਲ ਕਿੰਨਾ ਖ਼ੁਸ਼ ਹੁੰਦਾ ਹੋਣਾ ਕਿ ਉਸ ਦੇ ਸੇਵਕ ਉਸ ਦੇ ਨਾਲ-ਨਾਲ ਚੱਲਦੇ ਹੋਏ ‘ਇਨਸਾਫ਼ ਕਰਨ’ ਵਿਚ ਆਪਣੀ ਪੂਰੀ ਵਾਹ ਲਾ ਰਹੇ ਹਨ!

^ ਪੈਰਾ 13 “ਦੋਸ਼ ਨਾ ਲਾਓ” ਅਤੇ “ਅਪਰਾਧੀ ਨਾ ਠਹਿਰਾਓ” ਦਾ ਮਤਲਬ ਸਿਰਫ਼ ਇਹ ਨਹੀਂ ਹੈ ਕਿ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਰ ਮੁਢਲੀ ਭਾਸ਼ਾ ਵਿਚ ਬਾਈਬਲ ਦੇ ਲਿਖਾਰੀਆਂ ਦਾ ਇੱਥੇ ਇਹ ਕਹਿਣ ਦਾ ਮਤਲਬ ਹੈ ਕਿ ਜੇ ਕੋਈ ਇਸ ਤਰ੍ਹਾਂ ਕਰ ਰਿਹਾ ਹੈ, ਤਾਂ ਉਸ ਨੂੰ ਇਸ ਤਰ੍ਹਾਂ ਕਰਨੋਂ ਹੱਟ ਜਾਣਾ ਚਾਹੀਦਾ ਹੈ।

^ ਪੈਰਾ 18 ਬਾਈਬਲ 2 ਤਿਮੋਥਿਉਸ 4:2 ਵਿਚ ਕਹਿੰਦੀ ਹੈ ਕਿ ਕਦੇ-ਕਦੇ ਬਜ਼ੁਰਗਾਂ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਦੂਸਰਿਆਂ ਨੂੰ ‘ਝਿੜਕਣ, ਤਾੜਨ ਅਤੇ ਤਗੀਦ ਕਰਨ।’ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਤਗੀਦ” ਕੀਤਾ ਗਿਆ ਹੈ, ਉਸ ਦਾ ਮਤਲਬ “ਹੌਸਲਾ ਦੇਣਾ” ਵੀ ਹੋ ਸਕਦਾ ਹੈ। ਇਸ ਦੇ ਨਾਲ ਯੂਨਾਨੀ ਵਿਚ ਇਕ ਹੋਰ ਮਿਲਦਾ-ਜੁਲਦਾ ਸ਼ਬਦ ਹੈ, ਜਿਸ ਦਾ ਮਤਲਬ ਅਦਾਲਤ ਵਿਚ ਕਿਸੇ ਮੁਕੱਦਮੇ ਦੀ ਵਕਾਲਤ ਕਰਨੀ ਹੋ ਸਕਦਾ ਹੈ। ਇਸ ਤਰ੍ਹਾਂ ਜਦ ਬਜ਼ੁਰਗਾਂ ਨੂੰ ਕਿਸੇ ਨੂੰ ਚੰਗੀ ਤਰ੍ਹਾਂ ਤਾੜਨਾ ਵੀ ਪੈਂਦਾ ਹੈ, ਤਾਂ ਉਸ ਵੇਲੇ ਉਨ੍ਹਾਂ ਨੂੰ ਗ਼ਲਤੀ ਕਰਨ ਵਾਲੇ ਦੀ ਰੂਹਾਨੀ ਤੌਰ ਤੇ ਮਦਦ ਵੀ ਕਰਨੀ ਚਾਹੀਦੀ ਹੈ।