Skip to content

Skip to table of contents

ਸਤਾਰ੍ਹਵਾਂ ਅਧਿਆਇ

‘ਵਾਹ, ਪਰਮੇਸ਼ੁਰ ਦੀ ਬੁੱਧ ਕੇਡੀ ਡੂੰਘੀ ਹੈ!’

‘ਵਾਹ, ਪਰਮੇਸ਼ੁਰ ਦੀ ਬੁੱਧ ਕੇਡੀ ਡੂੰਘੀ ਹੈ!’

1, 2. ਸ੍ਰਿਸ਼ਟੀ ਦੇ ਸੱਤਵੇਂ ਦਿਨ ਲਈ ਯਹੋਵਾਹ ਦਾ ਕੀ ਮਕਸਦ ਸੀ ਅਤੇ ਇਸ ਦਿਨ ਦੇ ਸ਼ੁਰੂ ਹੋਣ ਤੇ ਪਰਮੇਸ਼ੁਰ ਦੀ ਬੁੱਧ ਦਾ ਇਮਤਿਹਾਨ ਕਿਸ ਤਰ੍ਹਾਂ ਲਿਆ ਗਿਆ ਸੀ?

“ਬਹੁਤ ਹੀ ਚੰਗਾ!” (ਉਤਪਤ 1:31) ਪਰਮੇਸ਼ੁਰ ਨੇ ਆਪਣੀ ਸ੍ਰਿਸ਼ਟੀ ਦੀ ਤਾਰੀਫ਼ ਕਰਦੇ ਹੋਏ ਛੇਵੇਂ ਦਿਨ ਤੇ ਇਸ ਤਰ੍ਹਾਂ ਕਿਹਾ ਸੀ। ਪਰ ਸ੍ਰਿਸ਼ਟੀ ਦੇ ਸੱਤਵੇਂ ਦਿਨ ਦੇ ਸ਼ੁਰੂ ਹੋਣ ਤੇ ਹੀ ਉਸ ਦੀ ਉੱਤਮ ਕਾਰੀਗਰੀ ਯਾਨੀ ਆਦਮ ਅਤੇ ਹੱਵਾਹ ਨੇ ਬਗਾਵਤ ਵਿਚ ਸ਼ਤਾਨ ਦਾ ਪੱਖ ਲੈਂਦੇ ਹੋਏ ਸਾਰਾ ਕੰਮ ਵਿਗਾੜ ਦਿੱਤਾ। ਨਤੀਜਾ ਇਹ ਨਿਕਲਿਆ ਕਿ ਉਹ ਪਾਪ, ਅਪੂਰਣਤਾ ਤੇ ਮੌਤ ਦੇ ਭਾਗੀ ਬਣ ਗਏ।

2 ਉਸ ਸਮੇਂ ਸ਼ਾਇਦ ਇਸ ਤਰ੍ਹਾਂ ਲੱਗਦਾ ਸੀ ਕਿ ਸ੍ਰਿਸ਼ਟੀ ਦੇ ਸੱਤਵੇਂ ਦਿਨ ਦਾ ਮਕਸਦ ਹੁਣ ਪੂਰਾ ਨਹੀਂ ਹੋਵੇਗਾ। ਪਹਿਲੇ ਛੇ ਦਿਨਾਂ ਵਾਂਗ ਉਸ ਦਿਨ ਨੇ ਵੀ ਹਜ਼ਾਰਾਂ ਸਾਲਾਂ ਦਾ ਹੋਣਾ ਸੀ। ਯਹੋਵਾਹ ਨੇ ਸੱਤਵੇਂ ਦਿਨ ਨੂੰ ਪਵਿੱਤਰ ਠਹਿਰਾਇਆ ਸੀ ਅਤੇ ਉਸ ਦਿਨ ਦੇ ਅੰਤ ਤਕ ਸਾਰੀ ਧਰਤੀ ਨੇ ਫਿਰਦੌਸ ਬਣ ਜਾਣਾ ਸੀ ਅਤੇ ਮੁਕੰਮਲ ਇਨਸਾਨਜਾਤ ਨਾਲ ਭਰੀ ਹੋਣਾ ਸੀ। (ਉਤਪਤ 1:28; 2:3) ਪਰ ਆਦਮ ਅਤੇ ਹੱਵਾਹ ਦੀ ਬਗਾਵਤ ਤੋਂ ਬਾਅਦ ਪਰਮੇਸ਼ੁਰ ਦਾ ਮਕਸਦ ਕਿਸ ਤਰ੍ਹਾਂ ਪੂਰਾ ਹੋ ਸਕਦਾ ਸੀ? ਪਰਮੇਸ਼ੁਰ ਨੇ ਇਸ ਬਾਰੇ ਕੀ ਕਰਨਾ ਸੀ? ਯਹੋਵਾਹ ਦੀ ਬੁੱਧ ਲਈ ਇਹ ਸ਼ਾਇਦ ਸਭ ਤੋਂ ਵੱਡਾ ਇਮਤਿਹਾਨ ਸੀ।

3, 4. (ੳ) ਅਦਨ ਦੇ ਬਾਗ਼ ਵਿਚ ਬਗਾਵਤ ਤੋਂ ਬਾਅਦ ਯਹੋਵਾਹ ਨੇ ਆਪਣੇ ਮਕਸਦ ਬਾਰੇ ਕੀ ਕੀਤਾ ਸੀ ਅਤੇ ਇਹ ਉਸ ਦੀ ਬੁੱਧ ਦੀ ਅਦਭੁਤ ਉਦਾਹਰਣ ਕਿਉਂ ਹੈ? (ਅ) ਯਹੋਵਾਹ ਦੀ ਬੁੱਧ ਦਾ ਅਧਿਐਨ ਕਰਦੇ ਹੋਏ ਨਿਮਰਤਾ ਨਾਲ ਸਾਨੂੰ ਕਿਹੜੀ ਸੱਚਾਈ ਯਾਦ ਰੱਖਣੀ ਚਾਹੀਦੀ ਹੈ?

3 ਯਹੋਵਾਹ ਨੇ ਵਕਤ ਬਰਬਾਦ ਨਹੀਂ ਕੀਤਾ। ਉਸ ਨੇ ਅਦਨ ਦੇ ਬਾਗ਼ ਵਿਚ ਹੀ ਵਿਰੋਧੀਆਂ ਨੂੰ ਸਜ਼ਾ ਸੁਣਾਈ। ਇਸ ਦੇ ਨਾਲ-ਨਾਲ ਉਸ ਨੇ ਭਵਿੱਖ ਲਈ ਆਪਣੇ ਸੁਹਾਵਣੇ ਮਕਸਦ ਦੀ ਇਕ ਝਲਕ ਵੀ ਦਿੱਤੀ ਜਦ ਉਹ ਉਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰੇਗਾ ਜੋ ਬਗਾਵਤ ਕਰਕੇ ਆਈਆਂ ਸਨ। (ਉਤਪਤ 3:15) ਯਹੋਵਾਹ ਨੇ ਆਪਣਾ ਇਹ ਮਕਸਦ ਬਹੁਤ ਸੋਚ-ਸਮਝ ਕੇ ਤਿਆਰ ਕੀਤਾ ਹੈ। ਇਸ ਮਕਸਦ ਦਾ ਅਸਰ ਅਦਨ ਦੇ ਬਾਗ਼ ਤੋਂ ਲੈ ਕੇ ਇਨਸਾਨਜਾਤ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਤੇ ਪਿਆ ਅਤੇ ਆਉਣ ਵਾਲੇ ਭਵਿੱਖ ਉੱਤੇ ਵੀ ਪਵੇਗਾ। ਇਹ ਮਕਸਦ ਸਾਦਾ ਹੋਣ ਦੇ ਨਾਲ-ਨਾਲ ਇੰਨਾ ਡੂੰਘਾ ਵੀ ਹੈ ਕਿ ਬਾਈਬਲ ਪੜ੍ਹਨ ਵਾਲਾ ਇਨਸਾਨ ਆਪਣੀ ਪੂਰੀ ਉਮਰ ਇਸ ਦੀ ਸਟੱਡੀ ਕਰਨ ਅਤੇ ਇਸ ਬਾਰੇ ਵਿਚਾਰ ਕਰਨ ਤੇ ਲਗਾ ਸਕਦਾ ਹੈ। ਯਹੋਵਾਹ ਦਾ ਮਕਸਦ ਹੈ ਸਾਰੀ ਦੁਸ਼ਟਤਾ, ਪਾਪ ਤੇ ਮੌਤ ਨੂੰ ਖ਼ਤਮ ਕਰਨਾ ਅਤੇ ਵਫ਼ਾਦਾਰ ਇਨਸਾਨਜਾਤ ਨੂੰ ਫਿਰ ਤੋਂ ਮੁਕੰਮਲ ਬਣਾਉਣਾ। ਇਹ ਸਭ ਕੁਝ ਸੱਤਵੇਂ ਦਿਨ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਹੋ ਜਾਵੇਗਾ, ਫਿਰ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਯਹੋਵਾਹ ਧਰਤੀ ਅਤੇ ਇਨਸਾਨਜਾਤ ਲਈ ਆਪਣਾ ਮਕਸਦ ਸਮੇਂ ਸਿਰ ਪੂਰਾ ਕਰ ਲਵੇਗਾ!

4 ਕੀ ਅਜਿਹੀ ਬੁੱਧ ਜਾਂ ਅਕਲ ਬਾਰੇ ਸੋਚ ਕੇ ਸਾਡੇ ਦਿਲ ਸ਼ਰਧਾ ਨਾਲ ਭਰ ਨਹੀਂ ਜਾਂਦੇ? ਪੌਲੁਸ ਰਸੂਲ ਇਸ ਬਾਰੇ ਲਿਖਣ ਲਈ ਪ੍ਰੇਰਿਤ ਹੋਇਆ ਸੀ: ‘ਵਾਹ, ਪਰਮੇਸ਼ੁਰ ਦੀ ਬੁੱਧ ਕੇਡੀ ਡੂੰਘੀ ਹੈ!’ (ਰੋਮੀਆਂ 11:33) ਅਸੀਂ ਹੁਣ ਅਗਲਿਆਂ ਅਧਿਆਵਾਂ ਵਿਚ ਪਰਮੇਸ਼ੁਰ ਦੇ ਇਸ ਗੁਣ ਦੇ ਵੱਖੋ-ਵੱਖਰੇ ਪਹਿਲੂਆਂ ਦਾ ਅਧਿਐਨ ਕਰਾਂਗੇ। ਇਸ ਦੌਰਾਨ ਸਾਨੂੰ ਨਿਮਰਤਾ ਨਾਲ ਇਹ ਸੱਚਾਈ ਯਾਦ ਰੱਖਣੀ ਚਾਹੀਦੀ ਹੈ ਕਿ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਯਹੋਵਾਹ ਦੀ ਵਿਸ਼ਾਲ ਬੁੱਧ ਬਾਰੇ ਥੋੜ੍ਹਾ-ਬਹੁਤਾ ਹੀ ਜਾਣ ਸਕਾਂਗੇ। (ਅੱਯੂਬ 26:14) ਸਭ ਤੋਂ ਪਹਿਲਾਂ ਆਓ ਆਪਾਂ ਇਸ ਅਦਭੁਤ ਗੁਣ ਦਾ ਅਰਥ ਸਪੱਸ਼ਟ ਕਰੀਏ।

ਪਰਮੇਸ਼ੁਰ ਦੀ ਬੁੱਧ ਕੀ ਹੈ?

5, 6. ਗਿਆਨ ਅਤੇ ਬੁੱਧ ਦਾ ਆਪਸ ਵਿਚ ਕੀ ਸੰਬੰਧ ਹੈ ਅਤੇ ਯਹੋਵਾਹ ਕੋਲ ਕਿੰਨਾ ਕੁ ਗਿਆਨ ਹੈ?

5 ਬੁੱਧ ਅਤੇ ਗਿਆਨ ਦਾ ਇੱਕੋ ਮਤਲਬ ਨਹੀਂ ਹੈ। ਕੰਪਿਊਟਰ ਬਹੁਤ ਸਾਰੇ ਗਿਆਨ ਦਾ ਭੰਡਾਰ ਹੈ, ਪਰ ਕੋਈ ਇਸ ਮਸ਼ੀਨ ਨੂੰ ਬੁੱਧੀਮਾਨ ਜਾਂ ਅਕਲਮੰਦ ਨਹੀਂ ਸੱਦੇਗਾ। ਪਰ ਫਿਰ ਵੀ ਗਿਆਨ ਅਤੇ ਬੁੱਧ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ। (ਕਹਾਉਤਾਂ 10:14) ਫ਼ਰਜ਼ ਕਰੋ ਕਿ ਤੁਹਾਨੂੰ ਕਿਸੇ ਗੰਭੀਰ ਬੀਮਾਰੀ ਦੇ ਇਲਾਜ ਲਈ ਸਲਾਹ-ਮਸ਼ਵਰੇ ਦੀ ਲੋੜ ਹੈ, ਕੀ ਤੁਸੀਂ ਕਿਸੇ ਨੀਮ-ਹਕੀਮ ਕੋਲ ਜਾਓਗੇ ਜਿਸ ਨੂੰ ਦਵਾ-ਦਾਰੂ ਅਤੇ ਬੀਮਾਰੀਆਂ ਦੀ ਕੋਈ ਸਮਝ ਨਹੀਂ? ਤੁਸੀਂ ਉਸ ਕੋਲ ਭੁੱਲ ਕੇ ਵੀ ਨਾ ਜਾਓਗੇ! ਇਸ ਲਈ ਬੁੱਧ ਪ੍ਰਾਪਤ ਕਰਨ ਵਾਸਤੇ ਸਹੀ ਗਿਆਨ ਦੀ ਲੋੜ ਹੈ।

6 ਯਹੋਵਾਹ ਤਾਂ ਅਸੀਮ ਗਿਆਨ ਦਾ ਭੰਡਾਰ ਹੈ। ਸਿਰਫ਼ ਉਹੀ ਹਮੇਸ਼ਾ ਤੋਂ ਜ਼ਿੰਦਾ ਹੈ, ਇਸ ਲਈ ਉਸ ਨੂੰ ‘ਜੁੱਗਾਂ ਦਾ ਮਹਾਰਾਜ’ ਕਿਹਾ ਗਿਆ ਹੈ। (1 ਤਿਮੋਥਿਉਸ 1:17) ਉਸ ਨੂੰ ਪਤਾ ਹੈ ਕਿ ਇਨ੍ਹਾਂ ਸਾਰੇ ਯੁਗਾਂ ਦੌਰਾਨ ਕੀ ਹੋਇਆ ਸੀ। ਬਾਈਬਲ ਦੱਸਦੀ ਹੈ: “ਸਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ, ਪਰ ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।” (ਇਬਰਾਨੀਆਂ 4:13; ਕਹਾਉਤਾਂ 15:3) ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਯਹੋਵਾਹ ਆਪਣੀ ਬਣੀ ਹੋਈ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਮੁੱਢ ਤੋਂ ਹੀ ਉਹ ਇਨਸਾਨਜਾਤ ਦੇ ਸਾਰੇ ਕੰਮਾਂ ਨੂੰ ਦੇਖਦਾ ਆਇਆ ਹੈ। ਉਹ ਹਰੇਕ ਇਨਸਾਨ ਦੇ ਦਿਲ ਅਤੇ ਉਸ ਦੇ ਵਿਚਾਰਾਂ ਦੀ ਜਾਂਚ-ਪੜਤਾਲ ਕਰਦਾ ਹੈ। (1 ਇਤਹਾਸ 28:9) ਯਹੋਵਾਹ ਨੇ ਸਾਨੂੰ ਇਸ ਤਰ੍ਹਾਂ ਸ੍ਰਿਸ਼ਟ ਕੀਤਾ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਫ਼ੈਸਲੇ ਕਰ ਸਕਦੇ ਹਾਂ। ਉਹ ਸਾਨੂੰ ਜ਼ਿੰਦਗੀ ਵਿਚ ਚੰਗੇ ਫ਼ੈਸਲੇ ਕਰਦੇ ਦੇਖ ਕੇ ਖ਼ੁਸ਼ ਹੁੰਦਾ ਹੈ। “ਪ੍ਰਾਰਥਨਾ ਦੇ ਸੁਣਨ ਵਾਲੇ” ਵਜੋਂ ਉਹ ਇੱਕੋ ਸਮੇਂ ਤੇ ਕਈ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਸਾਰੀਆਂ ਪ੍ਰਾਰਥਨਾਵਾਂ ਯਾਦ ਵੀ ਰੱਖਦਾ ਹੈ।—ਜ਼ਬੂਰਾਂ ਦੀ ਪੋਥੀ 65:2.

7, 8. ਯਹੋਵਾਹ ਆਪਣੇ ਕੰਮਾਂ ਵਿਚ ਸਮਝ ਤੇ ਬੁੱਧ ਕਿਸ ਤਰ੍ਹਾਂ ਦਿਖਾਉਂਦਾ ਹੈ?

7 ਯਹੋਵਾਹ ਕੋਲ ਸਿਰਫ਼ ਗਿਆਨ ਹੀ ਨਹੀਂ ਹੈ। ਪਰ ਉਹ ਇਹ ਵੀ ਜਾਣ ਸਕਦਾ ਹੈ ਕਿ ਕਿਸੇ ਮਾਮਲੇ ਵਿਚ ਇਕ ਗੱਲ ਦੂਸਰੀ ਗੱਲ ਨਾਲ ਕਿਸ ਤਰ੍ਹਾਂ ਮੇਲ ਖਾਂਦੀ ਹੈ। ਇਸ ਦੇ ਨਾਲ-ਨਾਲ ਉਹ ਸਾਰੀਆਂ ਗੱਲਾਂ ਨੂੰ ਇੱਕੋ ਵਾਰ ਦੇਖ ਕੇ ਸਮਝ ਜਾਂਦਾ ਹੈ ਕਿ ਮਾਮਲਾ ਕੀ ਹੈ। ਉਹ ਹਰ ਗੱਲ ਨੂੰ ਜਾਂਚਦਾ ਹੈ, ਸਹੀ ਤੇ ਗ਼ਲਤ ਵਿਚ ਭੇਦ ਜਾਣਦਾ ਹੈ ਅਤੇ ਇਹ ਵੀ ਦੇਖਦਾ ਹੈ ਕਿ ਕੀ ਜ਼ਰੂਰੀ ਹੈ ਤੇ ਕੀ ਨਹੀਂ ਅਤੇ ਫਿਰ ਉਸ ਬਾਰੇ ਫ਼ੈਸਲਾ ਕਰਦਾ ਹੈ। ਇਸ ਤੋਂ ਇਲਾਵਾ ਯਹੋਵਾਹ ਗੱਲ ਨੂੰ ਸਿਰਫ਼ ਉਪਰੋਂ-ਉਪਰੋਂ ਹੀ ਨਹੀਂ ਦੇਖਦਾ, ਪਰ ਉਹ ਦੇਖਦਾ ਹੈ ਕਿ ਸਾਡੇ ਦਿਲਾਂ ਵਿਚ ਕੀ ਹੈ। (1 ਸਮੂਏਲ 16:7) ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਕੋਲ ਸਮਝ ਵੀ ਹੈ, ਜੋ ਗਿਆਨ ਨਾਲੋਂ ਉੱਤਮ ਹੈ। ਪਰ ਬੁੱਧ ਜਾਂ ਅਕਲ ਇਨ੍ਹਾਂ ਦੋਹਾਂ ਗੁਣਾਂ ਨਾਲੋਂ ਵੀ ਉੱਤਮ ਹੈ।

8 ਬੁੱਧ ਨਾਲ ਹੀ ਗਿਆਨ ਅਤੇ ਸਮਝ ਦੋਹਾਂ ਨੂੰ ਵਰਤਿਆ ਜਾ ਸਕਦਾ ਹੈ। ਦਰਅਸਲ ਬਾਈਬਲ ਦੇ ਜਿਨ੍ਹਾਂ ਕੁਝ ਸ਼ਬਦਾਂ ਦਾ ਤਰਜਮਾ “ਬੁੱਧ” ਕੀਤਾ ਗਿਆ ਸੀ, ਉਨ੍ਹਾਂ ਦਾ ਮਤਲਬ ਹੈ “ਅਕਲ ਜਾਂ ਬੁੱਧੀ ਵਰਤਣੀ।” ਸੋ ਯਹੋਵਾਹ ਸਿਰਫ਼ ਕਹਿਣ ਨੂੰ ਹੀ ਬੁੱਧੀਮਾਨ ਨਹੀਂ ਹੈ, ਸਗੋਂ ਉਸ ਦੇ ਕੰਮਾਂ ਤੋਂ ਉਸ ਦੀ ਬੁੱਧ ਦਾ ਸਬੂਤ ਮਿਲਦਾ ਹੈ। ਯਹੋਵਾਹ ਆਪਣੇ ਵਿਸ਼ਾਲ ਗਿਆਨ ਅਤੇ ਪੂਰੀ ਸਮਝ ਨਾਲ ਸਭ ਤੋਂ ਵਧੀਆ ਫ਼ੈਸਲੇ ਕਰਦਾ ਹੈ ਤੇ ਫਿਰ ਉਹ ਉਨ੍ਹਾਂ ਫ਼ੈਸਲਿਆਂ ਨੂੰ ਸਭ ਤੋਂ ਵਧੀਆ ਤਰੀਕਿਆਂ ਨਾਲ ਸਿਰੇ ਚਾੜ੍ਹਦਾ ਹੈ। ਇਸ ਨੂੰ ਅਸਲ ਵਿਚ ਬੁੱਧ ਕਿਹਾ ਜਾ ਸਕਦਾ ਹੈ। ਯਹੋਵਾਹ ਯਿਸੂ ਦੀ ਇਸ ਗੱਲ ਦੀ ਸੱਚਾਈ ਸਾਬਤ ਕਰਦਾ ਹੈ ਕਿ ‘ਬੁੱਧ ਆਪਣੇ ਕਰਮਾਂ ਤੋਂ ਸੱਚੀ ਠਹਿਰਦੀ ਹੈ।’ (ਮੱਤੀ 11:19, NW ) ਦੁਨੀਆਂ ਭਰ ਵਿਚ ਯਹੋਵਾਹ ਦੇ ਕੰਮ ਉਸ ਦੀ ਬੁੱਧ ਦੀ ਗਵਾਹੀ ਦਿੰਦੇ ਹਨ।

ਪਰਮੇਸ਼ੁਰ ਦੀ ਬੁੱਧ ਦੇ ਸਬੂਤ

9, 10. (ੳ) ਯਹੋਵਾਹ ਦੀ ਸ਼ਾਨਦਾਰ ਸ੍ਰਿਸ਼ਟੀ ਤੋਂ ਉਸ ਦੀ ਬੁੱਧ ਕਿਸ ਤਰ੍ਹਾਂ ਜ਼ਾਹਰ ਹੁੰਦੀ ਹੈ? (ਅ) ਇਕ ਸੈੱਲ ਤੋਂ ਯਹੋਵਾਹ ਦੀ ਬੁੱਧ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਹੈ?

9 ਜਦੋਂ ਤੁਸੀਂ ਕਿਸੇ ਕਾਰੀਗਰ ਦੀ ਬਣਾਈ ਹੋਈ ਸੋਹਣੀ ਚੀਜ਼ ਦੇਖਦੇ ਹੋ ਕਿ ਉਸ ਦੇ ਪੁਰਜੇ ਮਿਲ ਕੇ ਕਿੰਨੀ ਚੰਗੀ ਤਰ੍ਹਾਂ ਕੰਮ ਕਰਦੇ ਹਨ, ਤਾਂ ਕੀ ਤੁਸੀਂ ਉਸ ਕਾਰੀਗਰ ਦੀ ਬੁੱਧ ਦੀ ਤਾਰੀਫ਼ ਨਹੀਂ ਕਰਦੇ? ਇਸ ਤਰ੍ਹਾਂ ਦੀ ਬੁੱਧ ਇਨਸਾਨ ਨੂੰ ਬਹੁਤ ਹੀ ਕਾਬਲ ਬਣਾਉਂਦੀ ਹੈ। (ਕੂਚ 31:1-3) ਹੋਰ ਕਿਸੇ ਕੋਲ ਯਹੋਵਾਹ ਜਿੰਨੀ ਬੁੱਧ ਨਹੀਂ ਹੈ। ਦਾਊਦ ਬਾਦਸ਼ਾਹ ਨੇ ਯਹੋਵਾਹ ਬਾਰੇ ਕਿਹਾ ਸੀ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!” (ਜ਼ਬੂਰਾਂ ਦੀ ਪੋਥੀ 139:14) ਯਕੀਨਨ, ਅਸੀਂ ਇਨਸਾਨ ਦੇ ਸਰੀਰ ਬਾਰੇ ਜਿੰਨਾ ਜ਼ਿਆਦਾ ਜਾਣਦੇ ਹਾਂ, ਉੱਨਾ ਹੀ ਜ਼ਿਆਦਾ ਅਸੀਂ ਯਹੋਵਾਹ ਦੀ ਬੁੱਧ ਨੂੰ ਵਾਹ-ਵਾਹ ਕਹਿੰਦੇ ਹਾਂ।

10 ਮਿਸਾਲ ਲਈ: ਸ਼ੁਰੂ ਵਿਚ ਤੁਸੀਂ ਸਿਰਫ਼ ਇਕ ਸੈੱਲ ਹੀ ਸੀ। ਤੁਹਾਡੇ ਪਿਤਾ ਦਾ ਸ਼ੁਕਰਾਣੂ ਤੁਹਾਡੀ ਮਾਂ ਦੇ ਇਕ ਅੰਡਾਣੂ ਨਾਲ ਮਿਲਿਆ। ਕੁਝ ਹੀ ਸਮੇਂ ਵਿਚ ਉਸ ਪਹਿਲੇ ਸੈੱਲ ਤੋਂ ਦੋ ਸੈੱਲ ਬਣ ਗਏ, ਦੋ ਤੋਂ ਚਾਰ, ਚਾਰ ਤੋਂ ਅੱਠ ਅਤੇ ਇਹ ਅੱਗੇ ਤੋਂ ਅੱਗੇ ਵਧਦੇ ਗਏ। ਇਸ ਤਰ੍ਹਾਂ ਤੁਹਾਡਾ ਪੂਰਾ ਸਰੀਰ ਤਕਰੀਬਨ 1,000 ਖਰਬ ਸੈੱਲਾਂ ਦਾ ਬਣਿਆ ਹੋਇਆ ਹੈ। ਇਹ ਸੈੱਲ ਬਹੁਤ ਹੀ ਿਨੱਕੇ ਹੁੰਦੇ ਹਨ। ਸਾਧਾਰਣ ਸਾਈਜ਼ ਦੇ 10 ਹਜ਼ਾਰ ਸੈੱਲ ਰਾਈ ਦੇ ਇਕ ਦਾਣੇ ਤੇ ਬੈਠ ਸਕਦੇ ਹਨ। ਪਰ ਫਿਰ ਵੀ ਹਰੇਕ ਸੈੱਲ ਇੰਨਾ ਗੁੰਝਲਦਾਰ ਹੈ ਕਿ ਤੁਸੀਂ ਮੰਨ ਵੀ ਨਹੀਂ ਸਕਦੇ। ਇਹ ਇਨਸਾਨ ਦੀ ਕਿਸੇ ਵੀ ਬਣਾਈ ਗਈ ਮਸ਼ੀਨ ਨਾਲੋਂ ਜ਼ਿਆਦਾ ਗੁੰਝਲਦਾਰ ਹੁੰਦਾ ਹੈ। ਵਿਗਿਆਨੀ ਕਹਿੰਦੇ ਹਨ ਕਿ ਸੈੱਲ ਇਕ ਅਜਿਹੇ ਸ਼ਹਿਰ ਵਰਗਾ ਹੈ ਜਿਸ ਦੇ ਆਲੇ-ਦੁਆਲੇ ਕੰਧ ਖੜ੍ਹੀ ਕੀਤੀ ਹੋਵੇ। ਸ਼ਹਿਰ ਦੇ ਅੰਦਰ ਕੌਣ ਆਉਂਦਾ-ਜਾਂਦਾ ਹੈ, ਉਸ ਤੇ ਨਿਗਾਹ ਰੱਖੀ ਜਾਂਦੀ ਹੈ। ਉਸ ਵਿਚ ਆਵਾਜਾਈ, ਸੰਚਾਰ, ਪਾਵਰ ਹਾਊਸ, ਫੈਕਟਰੀਆਂ, ਫ਼ੌਜ ਅਤੇ ਸਫ਼ਾਈ ਦੇ ਪ੍ਰਬੰਧ ਹੁੰਦੇ ਹਨ। ਇਸ ਦੇ ਨਾਲ ਹੀ ਉਸ ਦੇ ਕੇਂਦਰ ਵਿਚ ਇਕ ਕਿਸਮ ਦੀ ਸਰਕਾਰ ਦਾ ਬੰਦੋਬਸਤ ਵੀ ਹੁੰਦਾ ਹੈ। ਇਕ ਸ਼ਹਿਰ ਵਰਗਾ ਹੋਣ ਤੋਂ ਇਲਾਵਾ, ਕੁਝ ਹੀ ਘੰਟਿਆਂ ਵਿਚ ਇਕ ਸੈੱਲ ਆਪਣੇ ਵਰਗਾ ਹੋਰ ਨਵਾਂ ਸੈੱਲ ਬਣਾ ਸਕਦਾ ਹੈ!

11, 12. (ੳ) ਕਿਹੜੀ ਚੀਜ਼ ਕਰਕੇ ਭਰੂਣ ਦੇ ਸੈੱਲ ਵੱਖੋ-ਵੱਖਰੇ ਕੰਮ ਕਰਦੇ ਹਨ ਅਤੇ ਇਹ ਗੱਲ ਜ਼ਬੂਰਾਂ ਦੀ ਪੋਥੀ 139:16 ਵਿਚ ਕਿਸ ਤਰ੍ਹਾਂ ਦੱਸੀ ਗਈ ਹੈ? (ਅ) ਇਨਸਾਨ ਦੇ ਦਿਮਾਗ਼ ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਅਸੀਂ “ਅਚਰਜ” ਤਰ੍ਹਾਂ ਬਣਾਏ ਗਏ ਹਾਂ?

11 ਸਾਰੇ ਸੈੱਲ ਇੱਕੋ ਜਿਹੇ ਨਹੀਂ ਹੁੰਦੇ। ਭਰੂਣ ਜਾਂ ਅਣਜੰਮੇ ਬੱਚੇ ਦੇ ਸੈੱਲ ਜਿਉਂ-ਜਿਉਂ ਵਧਦੇ ਰਹਿੰਦੇ ਹਨ, ਉਹ ਵੱਖਰੇ-ਵੱਖਰੇ ਕੰਮ ਕਰਨ ਲੱਗ ਪੈਂਦੇ ਹਨ। ਕੁਝ ਨਸ ਦੇ ਸੈੱਲ ਬਣ ਜਾਂਦੇ ਹਨ, ਕੁਝ ਹੱਡੀਆਂ, ਮਾਸ, ਖ਼ੂਨ ਜਾਂ ਅੱਖ ਦੇ ਸੈੱਲ। ਇਨ੍ਹਾਂ ਵੱਖਰੇ-ਵੱਖਰੇ ਸੈੱਲਾਂ ਦੀ ਪੂਰੀ ਜਾਣਕਾਰੀ ਸੈੱਲ ਦੀ “ਲਾਇਬ੍ਰੇਰੀ” ਯਾਨੀ ਉਸ ਦੇ ਡੀ. ਐੱਨ. ਏ. ਵਿਚ ਲਿਖੀ ਹੁੰਦੀ ਹੈ। ਦਿਲਚਸਪੀ ਦੀ ਗੱਲ ਹੈ ਕਿ ਦਾਊਦ ਨੇ ਆਤਮਾ ਦੀ ਪ੍ਰੇਰਣਾ ਦੁਆਰਾ ਯਹੋਵਾਹ ਨੂੰ ਕਿਹਾ ਸੀ: “ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ [ਜਾਂ ਭਰੂਣ] ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ।”—ਜ਼ਬੂਰਾਂ ਦੀ ਪੋਥੀ 139:16.

12 ਸਰੀਰ ਦੇ ਕੁਝ ਹਿੱਸੇ ਤਾਂ ਬਹੁਤ ਹੀ ਗੁੰਝਲਦਾਰ ਹਨ। ਮਿਸਾਲ ਲਈ ਇਨਸਾਨ ਦੇ ਦਿਮਾਗ਼ ਤੇ ਗੌਰ ਕਰੋ। ਕੁਝ ਲੋਕ ਕਹਿੰਦੇ ਹਨ ਕਿ ਦੁਨੀਆਂ ਵਿਚ ਇਸ ਤੋਂ ਗੁੰਝਲਦਾਰ ਹੋਰ ਕੋਈ ਚੀਜ਼ ਨਹੀਂ ਹੈ। ਇਸ ਵਿਚ ਤਕਰੀਬਨ ਇਕ ਖਰਬ ਨਸ ਸੈੱਲ ਹਨ ਯਾਨੀ ਸਾਡੀ ਗਲੈਕਸੀ ਵਿਚ ਜਿੰਨੇ ਤਾਰੇ ਹਨ ਉੱਨੇ ਸੈੱਲ। ਇਸ ਦੇ ਨਾਲ-ਨਾਲ ਦਿਮਾਗ਼ ਦਾ ਹਰੇਕ ਸੈੱਲ ਸਰੀਰ ਦੇ ਹਜ਼ਾਰਾਂ ਹੋਰਨਾਂ ਸੈੱਲਾਂ ਨਾਲ ਮਿਲ ਕੇ ਕੰਮ ਕਰਦਾ ਹੈ। ਵਿਗਿਆਨੀ ਕਹਿੰਦੇ ਹਨ ਕਿ ਇਨਸਾਨ ਦੇ ਦਿਮਾਗ਼ ਵਿਚ ਦੁਨੀਆਂ ਦੀਆਂ ਸਾਰੀਆਂ ਲਾਇਬ੍ਰੇਰੀਆਂ ਦੀ ਜਾਣਕਾਰੀ ਤੋਂ ਕਿਤੇ ਜ਼ਿਆਦਾ ਜਾਣਕਾਰੀ ਜਮ੍ਹਾ ਕੀਤੀ ਜਾ ਸਕਦੀ ਹੈ। ਅਸੀਂ ਤਾਂ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ! ਭਾਵੇਂ ਵਿਗਿਆਨੀਆਂ ਨੇ ਕਈਆਂ ਸਾਲਾਂ ਤੋਂ ਇਸ “ਅਚਰਜ” ਅੰਗ ਦਾ ਅਧਿਐਨ ਕੀਤਾ ਹੈ, ਫਿਰ ਵੀ ਉਹ ਸਵੀਕਾਰ ਕਰਦੇ ਹਨ ਕਿ ਸ਼ਾਇਦ ਉਹ ਕਦੇ ਵੀ ਇਸ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਣਗੇ।

13, 14. (ੳ) ਕੀੜੀਆਂ ਅਤੇ ਹੋਰ ਜੀਵ-ਜੰਤੂ ਕਿਸ ਤਰ੍ਹਾਂ ਦਿਖਾਉਂਦੇ ਹਨ ਕਿ ਉਹ ‘ਬੜੇ ਸਿਆਣੇ’ ਹਨ ਅਤੇ ਇਸ ਤੋਂ ਅਸੀਂ ਉਨ੍ਹਾਂ ਦੇ ਬਣਾਉਣ ਵਾਲੇ ਬਾਰੇ ਕੀ ਸਿੱਖਦੇ ਹਾਂ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮੱਕੜੀ ਦੇ ਜਾਲ ਵਰਗੀਆਂ ਚੀਜ਼ਾਂ “ਬੁੱਧੀ ਨਾਲ” ਬਣਾਈਆਂ ਗਈਆਂ ਹਨ?

13 ਇਨਸਾਨ ਤਾਂ ਯਹੋਵਾਹ ਦੀ ਬੁੱਧ ਦੀ ਸਿਰਫ਼ ਇਕ ਮਿਸਾਲ ਹੈ। ਜ਼ਬੂਰਾਂ ਦੀ ਪੋਥੀ 104:24 ਵਿਚ ਲਿਖਿਆ ਹੈ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!” ਯਹੋਵਾਹ ਦੀ ਬੁੱਧ ਉਸ ਦੀ ਹਰ ਸਰਿਸ਼ਟ ਕੀਤੀ ਹੋਈ ਚੀਜ਼ ਤੋਂ ਨਜ਼ਰ ਆਉਂਦੀ ਹੈ। ਮਿਸਾਲ ਲਈ ਕੀੜੀ ‘ਬੜੀ ਸਿਆਣੀ’ ਹੁੰਦੀ ਹੈ। (ਕਹਾਉਤਾਂ 30:24) ਅਸਲ ਵਿਚ ਕੀੜੀਆਂ ਮਿਲ ਕੇ ਆਪਣੇ ਕੰਮ ਬਹੁਤ ਹੀ ਚੰਗੀ ਤਰ੍ਹਾਂ ਕਰਦੀਆਂ ਹਨ। ਜਿਸ ਤਰ੍ਹਾਂ ਲੋਕ ਮੱਝਾਂ-ਗਾਂਵਾਂ ਪਾਲਦੇ ਹਨ, ਉਸੇ ਤਰ੍ਹਾਂ ਕੁਝ ਕੀੜੀਆਂ ਮਾਹੋਂ ਜੂੰਆਂ ਨਾਂ ਦੇ ਕੀੜਿਆਂ ਨੂੰ ਪਾਲਦੀਆਂ ਹਨ, ਕਿਉਂਕਿ ਉਨ੍ਹਾਂ ਤੋਂ ਉਨ੍ਹਾਂ ਨੂੰ ਮਿੱਠਾ ਕਣ ਮਿਲਦਾ ਹੈ। ਦੂਸਰੀਆਂ ਕੀੜੀਆਂ ਕਿਸਾਨਾਂ ਵਾਂਗ ਉੱਲੀ ਦੀ “ਖੇਤੀ” ਕਰਦੀਆਂ ਹਨ। ਇਸੇ ਤਰ੍ਹਾਂ ਹੋਰ ਕਈ ਜੀਵ-ਜੰਤੂ ਸੁਭਾਵਕ ਤੌਰ ਤੇ ਅਨੇਕ ਪ੍ਰਕਾਰ ਦੇ ਕੰਮ ਕਰਨ ਲਈ ਡੀਜ਼ਾਈਨ ਕੀਤੇ ਗਏ ਹਨ। ਆਮ ਮੱਖੀਆਂ ਵੀ ਅਜਿਹੀਆਂ ਕਮਾਲ ਦੀਆਂ ਕਲਾਬਾਜ਼ੀਆਂ ਲਾਉਂਦੀਆਂ ਹਨ ਕਿ ਇਨਸਾਨਾਂ ਦੇ ਵਧੀਆ ਤੋਂ ਵਧੀਆ ਹਵਾਈ ਜਹਾਜ਼ ਵੀ ਉਨ੍ਹਾਂ ਦੀ ਨਕਲ ਨਹੀਂ ਕਰ ਸਕਦੇ। ਇਕ ਥਾਂ ਤੋਂ ਦੂਜੀ ਥਾਂ ਜਾਣ ਵਾਲੇ ਪੰਛੀ ਆਪਣਾ ਰਾਹ ਕਿਸ ਤਰ੍ਹਾਂ ਲੱਭ ਲੈਂਦੇ ਹਨ? ਉਹ ਤਾਰੇ ਅਤੇ ਧਰਤੀ ਦੀ ਚੁੰਬਕ ਸ਼ਕਤੀ ਵਰਤਦੇ ਹਨ ਜਾਂ ਉਨ੍ਹਾਂ ਦੇ ਅੰਦਰ ਕਿਸੇ ਕਿਸਮ ਦਾ ਨਕਸ਼ਾ ਬਣਿਆ ਹੁੰਦਾ ਹੈ। ਇਨ੍ਹਾਂ ਜੀਵ-ਜੰਤੂਆਂ ਦੇ ਕੰਮ ਕਰਨ ਦੇ ਸੁਭਾਵਕ ਤਰੀਕਿਆਂ ਦੀ ਪੜ੍ਹਾਈ ਕਰਨ ਵਿਚ ਜੀਵ-ਵਿਗਿਆਨੀਆਂ ਨੇ ਕਈ-ਕਈ ਸਾਲ ਲਾ ਦਿੱਤੇ ਹਨ। ਤਾਂ ਫਿਰ ਜਿਸ ਨੇ ਇਨ੍ਹਾਂ ਨੂੰ ਸਿਆਣੇ ਬਣਾਇਆ ਹੈ, ਉਹ ਕਿੰਨਾ ਬੁੱਧੀਮਾਨ ਹੋਣਾ!

14 ਵਿਗਿਆਨੀਆਂ ਨੇ ਤਾਂ ਯਹੋਵਾਹ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਤੋਂ ਬਹੁਤ ਕੁਝ ਸਿੱਖਿਆ ਹੈ! ਉਹ ਉਨ੍ਹਾਂ ਚੀਜ਼ਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਦੀ ਇੰਜੀਨੀਅਰੀ ਨੂੰ ਬਾਇਓਮਿਮੈਟਿਕਸ ਸੱਦਿਆ ਜਾਂਦਾ ਹੈ। ਮਿਸਾਲ ਲਈ ਤੁਸੀਂ ਸ਼ਾਇਦ ਸੋਚੋ ਕਿ ਮੱਕੜੀ ਦਾ ਜਾਲ ਕਿੰਨਾ ਸੋਹਣਾ ਲੱਗਦਾ ਹੈ। ਪਰ ਇਕ ਇੰਜੀਨੀਅਰ ਉਸ ਦੇ ਸ਼ਾਨਦਾਰ ਡੀਜ਼ਾਈਨ ਨੂੰ ਦੇਖੇਗਾ। ਜਾਲ ਦੀਆਂ ਤਾਰਾਂ ਕਮਜ਼ੋਰ ਨਜ਼ਰ ਆਉਂਦੀਆਂ ਹਨ, ਪਰ ਜੇ ਉਹ ਮੋਟੀਆਂ ਕੀਤੀਆਂ ਜਾਣ, ਤਾਂ ਉਹ ਸਟੀਲ ਨਾਲੋਂ ਅਤੇ ਬੁਲਟ-ਪਰੂਫ ਵੈਸਟ ਦੇ ਧਾਗਿਆਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੋਣਗੀਆਂ। ਉਹ ਕਿੰਨੀਆਂ ਕੁ ਮਜ਼ਬੂਤ ਹੋਣਗੀਆਂ? ਮੰਨ ਲਓ ਕਿ ਤੁਸੀਂ ਇਸ ਜਾਲ ਨੂੰ ਬਹੁਤ ਵੱਡਾ ਬਣਾ ਦਿੰਦੇ ਹੋ। ਇਹ ਜਾਲ ਇੰਨਾ ਮਜ਼ਬੂਤ ਹੋਵੇਗਾ ਕਿ ਇਹ ਉੱਡ ਰਹੇ ਹਵਾਈ ਜਹਾਜ਼ ਨੂੰ ਇੰਨੀ ਆਸਾਨੀ ਨਾਲ ਰੋਕ ਸਕੇਗਾ ਜਿਵੇਂ ਮੱਕੜੀ ਦਾ ਜਾਲ ਕਿਸੇ ਮੱਛਰ ਜਾਂ ਮੱਖੀ ਨੂੰ ਰੋਕ ਲੈਂਦਾ ਹੈ! ਯਹੋਵਾਹ ਨੇ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਆਪਣੀ “ਬੁੱਧੀ ਨਾਲ” ਬਣਾਈਆਂ ਹਨ।

ਧਰਤੀ ਦੇ ਜੀਵ-ਜੰਤੂਆਂ ਨੂੰ ‘ਬੜੇ ਸਿਆਣੇ’ ਕਿਸੇ ਨੇ ਡੀਜ਼ਾਈਨ ਕੀਤਾ ਹੈ?

ਬੁੱਧ ਸਿਰਫ਼ ਧਰਤੀ ਉੱਤੇ ਹੀ ਨਹੀਂ ਦੇਖੀ ਜਾਂਦੀ

15, 16. (ੳ) ਯਹੋਵਾਹ ਦੀ ਬੁੱਧ ਤਾਰਿਆਂ-ਭਰੇ ਆਕਾਸ਼ ਤੋਂ ਕਿਸ ਤਰ੍ਹਾਂ ਦੇਖੀ ਜਾਂਦੀ ਹੈ? (ਅ) ਦੂਤਾਂ ਦੇ ਸੰਬੰਧ ਵਿਚ ਯਹੋਵਾਹ ਦੀ ਬੁੱਧ ਕਿਸ ਤਰ੍ਹਾਂ ਦੇਖੀ ਜਾਂਦੀ ਹੈ?

15 ਯਹੋਵਾਹ ਦੀ ਬੁੱਧ ਧਰਤੀ ਤੋਂ ਪਾਰ ਸਾਰੇ ਬ੍ਰਹਿਮੰਡ ਵਿਚ ਵੀ ਦੇਖੀ ਜਾਂਦੀ ਹੈ। ਇਸ ਕਿਤਾਬ ਦੇ 5ਵੇਂ ਅਧਿਆਇ ਵਿਚ ਅਸੀਂ ਤਾਰਿਆਂ-ਭਰੇ ਆਕਾਸ਼ ਦੀ ਕਾਫ਼ੀ ਗੱਲ ਕੀਤੀ ਸੀ। ਉਨ੍ਹਾਂ ਨੂੰ ਪੁਲਾੜ ਵਿਚ ਐਵੇਂ ਹੀ ਨਹੀਂ ਖਿਲਾਰਿਆ ਗਿਆ ਹੈ। ਯਹੋਵਾਹ ਦੀਆਂ “ਅਕਾਸ਼ ਦੀਆਂ ਬਿਧੀਆਂ” ਸਦਕਾ ਆਸਮਾਨ ਵਿਚ ਗਲੈਕਸੀਆਂ ਬੜੀ ਸੋਹਣੀ ਤਰ੍ਹਾਂ ਆਪੋ-ਆਪਣੀ ਥਾਂ ਤੇ ਹਨ। ਇਹ ਗਲੈਕਸੀਆਂ ਵੱਡੇ-ਵੱਡੇ ਗੁੱਛਿਆਂ ਵਿਚ ਇਕੱਠੀਆਂ ਕੀਤੀਆਂ ਗਈਆਂ ਹਨ ਤੇ ਇਹ ਗੁੱਛੇ ਅੱਗੇ ਹੋਰ ਵੱਡੇ ਗੁੱਛਿਆਂ ਵਿਚ ਇਕੱਠੇ ਕੀਤੇ ਗਏ ਹਨ। (ਅੱਯੂਬ 38:33) ਇਸੇ ਕਰਕੇ ਯਹੋਵਾਹ ਇਨ੍ਹਾਂ ਆਕਾਸ਼ੀ ਪਿੰਡਾਂ ਨੂੰ “ਸੈਨਾ” ਸੱਦਦਾ ਹੈ! (ਯਸਾਯਾਹ 40:26) ਪਰ ਇਕ ਹੋਰ ਸੈਨਾ ਵੀ ਹੈ ਜੋ ਇਸ ਤੋਂ ਵੀ ਵੱਧ ਕੇ ਯਹੋਵਾਹ ਦੀ ਬੁੱਧ ਦਾ ਸਬੂਤ ਦਿੰਦੀ ਹੈ।

16 ਜਿਵੇਂ ਅਸੀਂ ਇਸ ਕਿਤਾਬ ਦੇ ਚੌਥੇ ਅਧਿਆਇ ਵਿਚ ਦੇਖਿਆ ਸੀ, ਪਰਮੇਸ਼ੁਰ ਨੂੰ “ਸੈਨਾਂ ਦਾ ਯਹੋਵਾਹ” ਸੱਦਿਆ ਗਿਆ ਹੈ। ਇਸ ਖ਼ਿਤਾਬ ਤੋਂ ਪਤਾ ਲੱਗਦਾ ਹੈ ਕਿ ਉਹ ਦੂਤਾਂ ਦੀ ਵੱਡੀ ਜਥੇਬੰਦ ਸੈਨਾ ਦਾ ਮਹਾਨ ਕਮਾਂਡਰ ਹੈ। ਇਸ ਤੋਂ ਯਹੋਵਾਹ ਦੀ ਸ਼ਕਤੀ ਬਾਰੇ ਪਤਾ ਲੱਗਦਾ ਹੈ। ਪਰ ਇਸ ਤੋਂ ਉਸ ਦੀ ਬੁੱਧ ਕਿਸ ਤਰ੍ਹਾਂ ਜ਼ਾਹਰ ਹੁੰਦੀ ਹੈ? ਜ਼ਰਾ ਸੋਚੋ: ਯਹੋਵਾਹ ਅਤੇ ਯਿਸੂ ਕਦੇ ਵਿਹਲੇ ਨਹੀਂ ਬੈਠਦੇ। (ਯੂਹੰਨਾ 5:17) ਤਾਂ ਫਿਰ ਅਸੀਂ ਮੰਨ ਸਕਦੇ ਹਾਂ ਕਿ ਦੂਤ ਜੋ ਅੱਤ ਮਹਾਨ ਦੇ ਸੇਵਕ ਹਨ, ਇਸੇ ਤਰ੍ਹਾਂ ਕੰਮ ਕਰਦੇ ਰਹਿੰਦੇ ਹਨ। ਇਹ ਗੱਲ ਵੀ ਯਾਦ ਰੱਖੋ ਕਿ ਉਹ ਇਨਸਾਨ ਨਾਲੋਂ ਮਹਾਨ ਹੋਣ ਦੇ ਨਾਤੇ ਬਹੁਤ ਹੀ ਅਕਲਮੰਦ ਤੇ ਬਹੁਤ ਹੀ ਸ਼ਕਤੀਸ਼ਾਲੀ ਹਨ। (ਇਬਰਾਨੀਆਂ 1:7; 2:7) ਪਰ ਇਨ੍ਹਾਂ ਅਰਬਾਂ ਖਰਬਾਂ ਸਾਲਾਂ ਦੌਰਾਨ ਯਹੋਵਾਹ ਨੇ ਇਨ੍ਹਾਂ ਦੂਤਾਂ ਨੂੰ ਕੰਮ ਵਿਚ ਮਗਨ ਰੱਖਿਆ ਹੈ। ਨਾਲੇ ਦੂਤਾਂ ਨੂੰ ‘ਉਹ ਦਾ ਸ਼ਬਦ ਸੁਣ ਕੇ ਉਹ ਨੂੰ ਪੂਰਿਆਂ ਕਰਨ’ ਅਤੇ ‘ਉਹ ਦੀ ਮਰਜ਼ੀ ਨੂੰ ਪੂਰਿਆਂ ਕਰਨ’ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 103:20, 21) ਤਾਂ ਫਿਰ ਉਨ੍ਹਾਂ ਦੇ ਕਮਾਂਡਰ ਯਾਨੀ ਯਹੋਵਾਹ ਦੀ ਬੁੱਧ ਕਿੰਨੀ ਡੂੰਘੀ ਹੈ!

ਸਿਰਫ਼ ਯਹੋਵਾਹ ਹੀ “ਬੁੱਧੀਵਾਨ” ਹੈ

17, 18. ਬਾਈਬਲ ਕਿਉਂ ਕਹਿੰਦੀ ਹੈ ਕਿ ਸਿਰਫ਼ ਯਹੋਵਾਹ ਹੀ “ਬੁੱਧੀਵਾਨ” ਹੈ ਅਤੇ ਉਸ ਦੀ ਬੁੱਧ ਬਾਰੇ ਸੋਚ ਕੇ ਸਾਡੇ ਸਿਰ ਨਿਮਰਤਾ ਨਾਲ ਝੁੱਕ ਕਿਉਂ ਜਾਣੇ ਚਾਹੀਦੇ ਹਨ?

17 ਇਹ ਸਾਰੇ ਸਬੂਤ ਦੇਖਣ ਤੋਂ ਬਾਅਦ ਅਸੀਂ ਸਮਝ ਸਕਦੇ ਹਾਂ ਕਿ ਬਾਈਬਲ ਵਿਚ ਕਿਉਂ ਕਿਹਾ ਗਿਆ ਹੈ ਕਿ ਯਹੋਵਾਹ ਦੀ ਬੁੱਧ ਇੰਨੀ ਡੂੰਘੀ ਹੈ। ਮਿਸਾਲ ਲਈ, ਉਸ ਵਿਚ ਲਿਖਿਆ ਹੈ ਕਿ ਸਿਰਫ਼ ਯਹੋਵਾਹ ਹੀ “ਬੁੱਧੀਵਾਨ” ਹੈ। (ਰੋਮੀਆਂ 16:27) ਯਹੋਵਾਹ ਜਿੰਨਾ ਬੁੱਧੀਮਾਨ ਹੋਰ ਕੋਈ ਨਹੀਂ ਹੈ; ਸਿਰਫ਼ ਉਹੀ ਬੁੱਧ ਦਾ ਖ਼ਜ਼ਾਨਾ ਹੈ। (ਕਹਾਉਤਾਂ 2:6) ਇਸੇ ਕਰਕੇ ਭਾਵੇਂ ਯਿਸੂ ਯਹੋਵਾਹ ਦੀ ਸਾਰੀ ਸ੍ਰਿਸ਼ਟੀ ਵਿੱਚੋਂ ਸਭ ਤੋਂ ਬੁੱਧੀਮਾਨ ਸੀ, ਫਿਰ ਵੀ ਉਸ ਨੇ ਆਪਣੀ ਬੁੱਧ ਤੇ ਭਰੋਸਾ ਰੱਖਣ ਦੀ ਬਜਾਇ ਆਪਣੇ ਪਿਤਾ ਦੀ ਸਿੱਖਿਆ ਦਿੱਤੀ ਸੀ।—ਯੂਹੰਨਾ 12:48-50.

18 ਧਿਆਨ ਦਿਓ ਕਿ ਪੌਲੁਸ ਰਸੂਲ ਨੇ ਯਹੋਵਾਹ ਦੀ ਨਿਰਾਲੀ ਬੁੱਧ ਬਾਰੇ ਕੀ ਕਿਹਾ ਸੀ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ!” (ਰੋਮੀਆਂ 11:33) “ਵਾਹ” ਸ਼ਬਦ ਨਾਲ ਆਪਣੀ ਗੱਲ ਸ਼ੁਰੂ ਕਰ ਕੇ ਪੌਲੁਸ ਨੇ ਆਪਣੀ ਸ਼ਰਧਾ ਪ੍ਰਗਟ ਕੀਤੀ ਸੀ। ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਡੂੰਘਾ” ਕੀਤਾ ਗਿਆ ਹੈ, ਉਹ “ਡੂੰਘੀ ਖਾਈ” ਨਾਲ ਸੰਬੰਧ ਰੱਖਦਾ ਹੈ। ਇਸ ਤਰ੍ਹਾਂ ਪੌਲੁਸ ਦੇ ਸ਼ਬਦ ਸਾਡੇ ਮਨ ਵਿਚ ਇਕ ਤਸਵੀਰ ਖਿੱਚਦੇ ਹਨ। ਜਦੋਂ ਅਸੀਂ ਯਹੋਵਾਹ ਦੀ ਬੁੱਧ ਬਾਰੇ ਸੋਚਦੇ ਹਾਂ, ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਕਿਸੇ ਇੰਨੀ ਡੂੰਘੀ ਖਾਈ ਵਿਚ ਦੇਖ ਰਹੇ ਹੁੰਦੇ ਹਾਂ ਜਿਸ ਦਾ ਥੱਲਾ ਨਜ਼ਰ ਨਹੀਂ ਆਉਂਦਾ, ਜੋ ਇੰਨੀ ਵਿਸ਼ਾਲ ਹੈ ਕਿ ਅਸੀਂ ਉਸ ਦਾ ਨਕਸ਼ਾ ਨਹੀਂ ਬਣਾ ਸਕਦੇ ਅਤੇ ਨਾ ਹੀ ਉਸ ਬਾਰੇ ਸਭ ਕੁਝ ਜਾਣ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 92:5) ਕੀ ਇਹ ਸੋਚ ਕੇ ਯਹੋਵਾਹ ਅੱਗੇ ਨਿਮਰਤਾ ਨਾਲ ਸਾਡਾ ਸਿਰ ਝੁੱਕ ਨਹੀਂ ਜਾਂਦਾ?

19, 20. (ੳ) ਇਕ ਉਕਾਬ ਪਰਮੇਸ਼ੁਰ ਦੀ ਬੁੱਧ ਦਾ ਸਹੀ ਪ੍ਰਤੀਕ ਕਿਉਂ ਹੈ? (ਅ) ਯਹੋਵਾਹ ਨੇ ਕਿਸ ਤਰ੍ਹਾਂ ਦਿਖਾਇਆ ਹੈ ਕਿ ਸਿਰਫ਼ ਉਹੀ ਭਵਿੱਖ ਵਿਚ ਦੇਖ ਸਕਦਾ ਹੈ?

19 ਅਸੀਂ ਇਸ ਗੱਲ ਤੋਂ ਵੀ ਦੇਖ ਸਕਦੇ ਹਾਂ ਕਿ ਯਹੋਵਾਹ “ਬੁੱਧੀਵਾਨ” ਹੈ ਕਿ ਸਿਰਫ਼ ਉਹੀ ਭਵਿੱਖ ਵਿਚ ਦੇਖ ਸਕਦਾ ਹੈ। ਯਾਦ ਰੱਖੋ ਕਿ ਯਹੋਵਾਹ ਆਪਣੀ ਬੁੱਧ ਦੇ ਪ੍ਰਤੀਕ ਵਜੋਂ ਇਕ ਉਕਾਬ ਨੂੰ ਵਰਤਦਾ ਹੈ ਜੋ ਦੂਰ ਤਕ ਦੇਖ ਸਕਦਾ ਹੈ। ਸੁਨਹਿਰੇ ਉਕਾਬ ਦਾ ਵਜ਼ਨ ਸਿਰਫ਼ ਪੰਜ ਕਿਲੋ ਹੁੰਦਾ ਹੈ ਪਰ ਉਸ ਦੀਆਂ ਅੱਖਾਂ ਇਕ ਆਦਮੀ ਦੀਆਂ ਅੱਖਾਂ ਨਾਲੋਂ ਵੱਡੀਆਂ ਹੁੰਦੀਆਂ ਹਨ। ਉਕਾਬ ਆਪਣੀ ਤੇਜ਼ ਨਜ਼ਰ ਲਈ ਮੰਨੇ ਜਾਂਦੇ ਹਨ ਕਿਉਂਕਿ ਉਹ ਮੀਲਾਂ ਦੂਰ ਪਏ ਛੋਟੇ ਜਿਹੇ ਸ਼ਿਕਾਰ ਨੂੰ ਦੇਖ ਸਕਦੇ ਹਨ! ਯਹੋਵਾਹ ਨੇ ਖ਼ੁਦ ਇਕ ਵਾਰ ਉਕਾਬ ਬਾਰੇ ਕਿਹਾ ਸੀ: “ਉਹ ਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ ਹਨ।” (ਅੱਯੂਬ 39:29) ਕੁਝ ਇਸੇ ਤਰ੍ਹਾਂ ਯਹੋਵਾਹ ਵੀ ਦੂਰ ਭਵਿੱਖ ਵਿਚ ਦੇਖ ਸਕਦਾ ਹੈ।

20 ਬਾਈਬਲ ਵਿਚ ਇਸ ਗੱਲ ਦਾ ਪੂਰਾ ਸਬੂਤ ਹੈ। ਉਸ ਵਿਚ ਸੈਂਕੜਿਆਂ ਭਵਿੱਖਬਾਣੀਆਂ ਹਨ। ਉਸ ਵਿਚ ਕਈ ਘਟਨਾਵਾਂ ਬਾਰੇ ਇਸ ਤਰ੍ਹਾਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ ਜਿਵੇਂ ਕਿ ਉਹ ਵਾਪਰ ਚੁੱਕੀਆਂ ਹਨ। ਜੰਗਾਂ ਦੇ ਨਤੀਜੇ, ਵਿਸ਼ਵ ਸ਼ਕਤੀਆਂ ਦੇ ਉਤਾਰ-ਚੜ੍ਹਾਅ ਅਤੇ ਮਿਲਟਰੀ ਕਮਾਂਡਰਾਂ ਦੀਆਂ ਕੁਝ ਜੁਗਤਾਂ ਵੀ ਬਾਈਬਲ ਵਿਚ ਪਹਿਲਾਂ ਹੀ ਦੱਸੀਆਂ ਗਈਆਂ ਸਨ—ਕੁਝ ਤਾਂ ਸੈਂਕੜੇ ਸਾਲ ਪਹਿਲਾਂ ਦੱਸੀਆਂ ਗਈਆਂ ਸਨ।—ਯਸਾਯਾਹ 44:25–45:4; ਦਾਨੀਏਲ 8:2-8, 20-22.

21, 22. (ੳ) ਇਸ ਗੱਲ ਦਾ ਕੋਈ ਆਧਾਰ ਕਿਉਂ ਨਹੀਂ ਹੈ ਕਿ ਯਹੋਵਾਹ ਨੇ ਪਹਿਲਾਂ ਹੀ ਦੇਖ ਲਿਆ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਫ਼ੈਸਲੇ ਕਰੋਗੇ? ਇਸ ਦੀ ਉਦਾਹਰਣ ਦਿਓ। (ਅ) ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਇਨਸਾਨਾਂ ਨਾਲ ਹਮਦਰਦੀ ਤੇ ਪਿਆਰ ਕਰਦਾ ਹੈ?

21 ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਨੇ ਪਹਿਲਾਂ ਹੀ ਦੇਖ ਲਿਆ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਫ਼ੈਸਲੇ ਕਰੋਗੇ? ਜੋ ਲੋਕ ਕਿਸਮਤ ਵਿਚ ਵਿਸ਼ਵਾਸ ਕਰਦੇ ਹਨ, ਉਹ ਤਾਂ ਜ਼ਰੂਰ ਇਸ ਤਰ੍ਹਾਂ ਸੋਚਣਗੇ ਕਿ ‘ਹਾਂ ਰੱਬ ਨੇ ਪਹਿਲਾਂ ਹੀ ਸਭ ਕੁਝ ਦੇਖ ਲਿਆ ਹੈ।’ ਪਰ ਇਹ ਖ਼ਿਆਲ ਯਹੋਵਾਹ ਦੀ ਬੁੱਧ ਬਾਰੇ ਸਹੀ ਨਹੀਂ ਹੈ ਕਿਉਂਕਿ ਇਸ ਤੋਂ ਲੱਗਦਾ ਹੈ ਕਿ ਯਹੋਵਾਹ ਆਪਣੇ ਆਪ ਨੂੰ ਭਵਿੱਖ ਵਿਚ ਦੇਖਣ ਤੋਂ ਰੋਕ ਨਹੀਂ ਸਕਦਾ। ਉਦਾਹਰਣ ਵਜੋਂ: ਜੇ ਤੁਹਾਡੀ ਆਵਾਜ਼ ਬਹੁਤ ਸੁਰੀਲੀ ਹੋਵੇ, ਤਾਂ ਕੀ ਇਸ ਦਾ ਇਹ ਮਤਲਬ ਹੋਵੇਗਾ ਕਿ ਤੁਹਾਨੂੰ ਹਰ ਵਕਤ ਗਾਉਣਾ ਹੀ ਪਵੇਗਾ, ਕਿ ਤੁਸੀਂ ਆਪਣੇ ਆਪ ਨੂੰ ਰੋਕ ਨਹੀਂ ਸਕੋਗੇ? ਇਸ ਤਰ੍ਹਾਂ ਸੋਚਣਾ ਵੀ ਅਜੀਬ ਹੈ, ਹੈ ਨਾ? ਇਸੇ ਤਰ੍ਹਾਂ ਯਹੋਵਾਹ ਕੋਲ ਭਵਿੱਖ ਵਿਚ ਦੇਖਣ ਦੀ ਯੋਗਤਾ ਹੈ, ਪਰ ਉਹ ਇਸ ਯੋਗਤਾ ਨੂੰ ਹਰ ਵਕਤ ਵਰਤਦਾ ਨਹੀਂ ਰਹਿੰਦਾ। ਜੇ ਉਹ ਇਸ ਤਰ੍ਹਾਂ ਕਰਦਾ, ਤਾਂ ਉਸ ਨੇ ਸਾਨੂੰ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ ਨਹੀਂ ਦੇਣੀ ਸੀ। ਇਹ ਆਜ਼ਾਦੀ ਯਹੋਵਾਹ ਵੱਲੋਂ ਸਾਨੂੰ ਇਕ ਤੋਹਫ਼ਾ ਹੈ ਅਤੇ ਉਹ ਇਸ ਆਜ਼ਾਦੀ ਨੂੰ ਕਦੇ ਭੰਗ ਨਹੀਂ ਕਰੇਗਾ।—ਬਿਵਸਥਾ ਸਾਰ 30:19, 20.

22 ਕਿਸਮਤ ਉੱਤੇ ਭਰੋਸਾ ਰੱਖਣ ਵਾਲੇ ਲੋਕ ਅਸਲ ਵਿਚ ਯਹੋਵਾਹ ਤੇ ਇਹ ਦੋਸ਼ ਲਾਉਂਦੇ ਹਨ ਕਿ ਉਹ ਇਨਸਾਨਾਂ ਨਾਲ ਹਮਦਰਦੀ ਨਹੀਂ ਰੱਖਦਾ, ਪਿਆਰ ਨਹੀਂ ਕਰਦਾ ਅਤੇ ਕਿਸੇ ਦੀ ਪਰਵਾਹ ਨਹੀਂ ਕਰਦਾ। ਪਰ ਇਹ ਸੱਚ ਨਹੀਂ ਹੈ! ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਆਪਣੇ “ਦਿਲੋਂ ਬੁੱਧੀਮਾਨ” ਹੈ। (ਅੱਯੂਬ 9:4) ਇਸ ਦਾ ਇਹ ਮਤਲਬ ਨਹੀਂ ਕਿ ਉਸ ਵਿਚ ਸੱਚ-ਮੁੱਚ ਇਕ ਦਿਲ ਹੈ, ਪਰ ਬਾਈਬਲ ਵਿਚ ਜਦ ਦਿਲ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਹ ਕਿਸੇ ਦੇ ਅੰਦਰਲੇ ਜਜ਼ਬਾਤਾਂ ਦੀ ਗੱਲ ਹੁੰਦੀ ਹੈ ਜਿਵੇਂ ਕਿ ਪਿਆਰ ਦੀ ਗੱਲ। ਸੋ ਯਹੋਵਾਹ ਦੀ ਬੁੱਧ ਉਸ ਦੇ ਦੂਜੇ ਗੁਣਾਂ ਵਾਂਗ ਪਿਆਰ ਨਾਲ ਵਰਤੀ ਜਾਂਦੀ ਹੈ।—1 ਯੂਹੰਨਾ 4:8.

23. ਯਹੋਵਾਹ ਦੀ ਬੁੱਧ ਦੀ ਉੱਤਮਤਾ ਕਰਕੇ ਸਾਨੂੰ ਕੀ ਕਰਨਾ ਚਾਹੀਦਾ ਹੈ?

23 ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਯਹੋਵਾਹ ਦੀ ਬੁੱਧ ਉੱਤੇ ਭਰੋਸਾ ਰੱਖ ਸਕਦੇ ਹਾਂ। ਉਹ ਸਾਡੇ ਨਾਲੋਂ ਇੰਨਾ ਬੁੱਧੀਮਾਨ ਹੈ ਕਿ ਬਾਈਬਲ ਵਿਚ ਸਾਨੂੰ ਕਿਹਾ ਗਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਆਓ ਆਪਾਂ ਹੁਣ ਯਹੋਵਾਹ ਦੀ ਬੁੱਧ ਬਾਰੇ ਹੋਰ ਸਿੱਖੀਏ ਜਿਸ ਨਾਲ ਅਸੀਂ ਆਪਣੇ ਬੁੱਧੀਮਾਨ ਪਰਮੇਸ਼ੁਰ ਦੇ ਹੋਰ ਨੇੜੇ ਰਹਿਣਾ ਚਾਹਾਂਗੇ।