Skip to content

Skip to table of contents

ਅਠਾਰ੍ਹਵਾਂ ਅਧਿਆਇ

‘ਪਰਮੇਸ਼ੁਰ ਦੇ ਬਚਨ’ ਵਿਚਲੀ ਬੁੱਧ

‘ਪਰਮੇਸ਼ੁਰ ਦੇ ਬਚਨ’ ਵਿਚਲੀ ਬੁੱਧ

1, 2. ਯਹੋਵਾਹ ਨੇ ਸਾਨੂੰ ਕਿਹੜੀ “ਚਿੱਠੀ” ਲਿਖੀ ਹੈ ਅਤੇ ਕਿਉਂ?

ਕੀ ਤੁਹਾਨੂੰ ਯਾਦ ਹੈ ਜਦੋਂ ਤੁਹਾਨੂੰ ਦੂਰ ਰਹਿੰਦੇ ਕਿਸੇ ਸਾਕ-ਸੰਬੰਧੀ ਦੀ ਚਿੱਠੀ ਆਈ ਸੀ? ਕਿਸੇ ਅਜ਼ੀਜ਼ ਦੀ ਚਿੱਠੀ ਪੜ੍ਹਨ ਨਾਲ ਅਸੀਂ ਬਹੁਤ ਖ਼ੁਸ਼ ਹੁੰਦੇ ਹਾਂ। ਉਸ ਦੀ ਰਾਜ਼ੀ-ਖ਼ੁਸ਼ੀ ਬਾਰੇ ਪੜ੍ਹ ਕੇ ਸਾਡਾ ਦਿਲ ਮੁਸਕਰਾਉਂਦਾ ਹੈ ਅਤੇ ਅਸੀਂ ਉਸ ਦੇ ਕੰਮਾਂ-ਕਾਰਾਂ ਬਾਰੇ ਜਾਣਨਾ ਚਾਹੁੰਦੇ ਹਾਂ। ਇਸ ਤਰ੍ਹਾਂ ਭਾਵੇਂ ਤੁਸੀਂ ਕਿਸੇ ਤੋਂ ਕਿੰਨੀ ਵੀ ਦੂਰ ਕਿਉਂ ਨਾ ਹੋਵੋ, ਫਿਰ ਵੀ ਤੁਸੀਂ ਚਿੱਠੀਆਂ ਰਾਹੀਂ ਇਕ-ਦੂਜੇ ਦੇ ਨਜ਼ਦੀਕ ਮਹਿਸੂਸ ਕਰ ਸਕਦੇ ਹੋ।

2 ਸਾਡੇ ਪਿਆਰੇ ਪਿਤਾ ਯਹੋਵਾਹ ਨੇ ਵੀ ਸਾਨੂੰ ਇਕ “ਚਿੱਠੀ” ਲਿਖੀ ਹੈ ਯਾਨੀ ਉਸ ਦਾ ਬਚਨ ਬਾਈਬਲ। ਉਸ ਵਿਚ ਉਹ ਸਾਨੂੰ ਦੱਸਦਾ ਹੈ ਕਿ ਉਹ ਕੌਣ ਹੈ, ਉਸ ਨੇ ਕੀ ਕੀਤਾ ਹੈ, ਭਵਿੱਖ ਵਿਚ ਉਹ ਕੀ ਕਰੇਗਾ ਅਤੇ ਹੋਰ ਵੀ ਕਈ ਗੱਲਾਂ। ਯਹੋਵਾਹ ਨੇ ਸਾਨੂੰ ਆਪਣਾ ਬਚਨ ਦਿੱਤਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨਜ਼ਦੀਕ ਹੋਈਏ। ਤਾਂ ਫਿਰ ਹੋਰ ਕਿਹੜੀ ਚੀਜ਼ ਤੋਂ ਸਾਨੂੰ ਇੰਨੀ ਖ਼ੁਸ਼ੀ ਮਿਲ ਸਕਦੀ ਹੈ ਜਿੰਨੀ ਆਪਣੇ ਪਿਆਰੇ ਪਰਮੇਸ਼ੁਰ ਤੋਂ ਮਿਲੇ ਸੰਦੇਸ਼ ਨੂੰ ਪੜ੍ਹਨ ਨਾਲ ਸਾਨੂੰ ਮਿਲਦੀ ਹੈ? ਸਾਡੇ ਬੁੱਧੀਮਾਨ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਵਰਤਿਆ ਹੈ। ਬਾਈਬਲ ਜਿਸ ਤਰ੍ਹਾਂ ਲਿਖੀ ਗਈ ਹੈ ਅਤੇ ਜੋ ਕੁਝ ਉਸ ਵਿਚ ਲਿਖਿਆ ਗਿਆ ਹੈ, ਉਸ ਤੋਂ ਪਰਮੇਸ਼ੁਰ ਦੀ ਬੁੱਧ ਜ਼ਾਹਰ ਹੁੰਦੀ ਹੈ।

ਸੰਦੇਸ਼ ਲਿਖਵਾਇਆ ਕਿਉਂ ਸੀ?

3. ਯਹੋਵਾਹ ਨੇ ਮੂਸਾ ਤੋਂ ਬਿਵਸਥਾ ਕਿਸ ਤਰ੍ਹਾਂ ਲਿਖਵਾਈ ਸੀ?

3 ਕੁਝ ਲੋਕ ਸ਼ਾਇਦ ਸੋਚਣ ਕਿ ‘ਯਹੋਵਾਹ ਨੇ ਸਵਰਗੋਂ ਉੱਚੀ ਆਵਾਜ਼ ਵਿਚ ਇਨਸਾਨਾਂ ਨਾਲ ਗੱਲ ਕਿਉਂ ਨਹੀਂ ਕੀਤੀ?’ ਦਰਅਸਲ ਇਕ ਸਮਾਂ ਸੀ ਜਦੋਂ ਯਹੋਵਾਹ ਨੇ ਆਪਣੇ ਫਰਿਸ਼ਤਿਆਂ ਰਾਹੀਂ ਸਵਰਗੋਂ ਇਸ ਤਰ੍ਹਾਂ ਹੀ ਗੱਲ ਕੀਤੀ ਸੀ। ਮਿਸਾਲ ਲਈ ਉਸ ਨੇ ਦੂਤਾਂ ਰਾਹੀਂ ਇਸਰਾਏਲ ਨੂੰ ਬਿਵਸਥਾ ਦਿੱਤੀ ਸੀ। (ਗਲਾਤੀਆਂ 3:19) ਸਵਰਗੋਂ ਪਰਮੇਸ਼ੁਰ ਦੀ ਆਵਾਜ਼ ਦੀ ਗਰਜ ਸੁਣ ਕੇ ਲੋਕ ਇੰਨਾ ਡਰ ਗਏ ਸਨ ਕਿ ਉਨ੍ਹਾਂ ਨੇ ਯਹੋਵਾਹ ਨੂੰ ਕਿਹਾ ਕਿ ਉਹ ਆਪ ਉਨ੍ਹਾਂ ਨਾਲ ਨਾ ਗੱਲ ਕਰੇ ਪਰ ਮੂਸਾ ਦੇ ਰਾਹੀਂ ਗੱਲ ਕਰੇ। (ਕੂਚ 20:18-20) ਇਸ ਲਈ ਮੂਸਾ ਨੇ 600 ਕਾਨੂੰਨਾਂ ਵਾਲੀ ਮੂੰਹ-ਜ਼ਬਾਨੀ ਦਿੱਤੀ ਗਈ ਬਿਵਸਥਾ ਲਿਖੀ ਸੀ।

4. ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਕਾਨੂੰਨਾਂ ਬਾਰੇ ਮੂੰਹ-ਜ਼ਬਾਨੀ ਦੱਸਣਾ ਵਧੀਆ ਤਰੀਕਾ ਕਿਉਂ ਨਹੀਂ ਹੋਣਾ ਸੀ?

4 ਪਰ ਜੇ ਉਹ ਬਿਵਸਥਾ ਲਿਖੀ ਨਾ ਗਈ ਹੁੰਦੀ, ਤਾਂ ਕੀ ਹੁੰਦਾ? ਕੀ ਮੂਸਾ ਉਸ ਨੂੰ ਪੂਰੀ ਤਰ੍ਹਾਂ ਯਾਦ ਰੱਖ ਸਕਦਾ ਸੀ ਅਤੇ ਉਸ ਦੀਆਂ ਸਾਰੀਆਂ ਗੱਲਾਂ ਬਾਕੀ ਲੋਕਾਂ ਨੂੰ ਦੱਸ ਸਕਦਾ ਸੀ? ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੇ ਕਿਸ ਤਰ੍ਹਾਂ ਸੁਣਨਾ ਸੀ? ਕੀ ਉਨ੍ਹਾਂ ਨੂੰ ਹੋਰਨਾਂ ਤੋਂ ਸੁਣੀ-ਸੁਣਾਈ ਬਿਵਸਥਾ ਤੇ ਵਿਸ਼ਵਾਸ ਕਰਨਾ ਪੈਣਾ ਸੀ? ਪਰਮੇਸ਼ੁਰ ਦੇ ਕਾਨੂੰਨਾਂ ਨੂੰ ਸੰਭਾਲਣ ਦਾ ਇਹ ਕੋਈ ਵਧੀਆ ਤਰੀਕਾ ਨਹੀਂ ਹੋਣਾ ਸੀ। ਸੋਚੋ ਕਿ ਕੀ ਹੋਵੇਗਾ ਜੇ ਤੁਸੀਂ ਕੁਝ ਲੋਕਾਂ ਨੂੰ ਲਾਈਨ ਵਿਚ ਖੜ੍ਹੇ ਕਰ ਕੇ ਪਹਿਲੇ ਆਦਮੀ ਨੂੰ ਹੌਲੀ ਦੇਣੀ ਇਕ ਗੱਲ ਦੱਸਦੇ ਹੋ। ਤੇ ਉਹ ਅਗਲੇ ਨੂੰ ਤੁਹਾਡੀ ਗੱਲ ਦੱਸੇ ਅਤੇ ਅਗਲਾ ਤੀਸਰੇ ਨੂੰ ਦੱਸੇ। ਇਸ ਤਰ੍ਹਾਂ ਆਖ਼ਰੀ ਆਦਮੀ ਜੋ ਗੱਲ ਸੁਣੇਗਾ, ਉਹ ਤੁਹਾਡੀ ਅਸਲੀ ਗੱਲ ਨਾਲੋਂ ਕਾਫ਼ੀ ਅਲੱਗ ਹੋਵੇਗੀ। ਇਸ ਲਈ ਅਸੀਂ ਸ਼ੁਕਰ ਕਰ ਸਕਦੇ ਹਾਂ ਕਿ ਪਰਮੇਸ਼ੁਰ ਦੀ ਬਿਵਸਥਾ ਲਿਖੀ ਗਈ ਸੀ ਅਤੇ ਉਸ ਨੂੰ ਅਜਿਹਾ ਕੋਈ ਖ਼ਤਰਾ ਨਹੀਂ ਸੀ।

5, 6. ਯਹੋਵਾਹ ਨੇ ਮੂਸਾ ਨੂੰ ਉਸ ਦੇ ਬਚਨਾਂ ਨਾਲ ਕੀ ਕਰਨ ਲਈ ਕਿਹਾ ਸੀ ਅਤੇ ਯਹੋਵਾਹ ਦੇ ਬੋਲ ਲਿਖਤੀ ਰੂਪ ਵਿਚ ਸਾਡੇ ਲਈ ਫ਼ਾਇਦੇਮੰਦ ਕਿਉਂ ਹਨ?

5 ਯਹੋਵਾਹ ਨੇ ਅਕਲਮੰਦੀ ਨਾਲ ਆਪਣੇ ਬਚਨ ਲਿਖਵਾਏ ਸਨ। ਉਸ ਨੇ ਮੂਸਾ ਨੂੰ ਕਿਹਾ: “ਤੂੰ ਇਨ੍ਹਾਂ ਗੱਲਾਂ ਨੂੰ ਲਿਖ ਕਿਉਂ ਜੋ ਇਨ੍ਹਾਂ ਗੱਲਾਂ ਦੇ ਅਨੁਸਾਰ ਮੈਂ ਤੇਰੇ ਅਤੇ ਇਸਰਾਏਲ ਦੇ ਨਾਲ ਨੇਮ ਕੀਤਾ ਹੈ।” (ਕੂਚ 34:27) ਇਸ ਤਰ੍ਹਾਂ ਬਾਈਬਲ ਲਿਖਣ ਦਾ ਸਮਾਂ 1513 ਸਾ.ਯੁ.ਪੂ. ਵਿਚ ਸ਼ੁਰੂ ਹੋਇਆ ਸੀ। ਅਗਲੇ 1,610 ਸਾਲਾਂ ਦੌਰਾਨ ਯਹੋਵਾਹ ਨੇ ਲਗਭਗ 40 ਆਦਮੀਆਂ ਨਾਲ ‘ਕਈ ਵਾਰ ਅਤੇ ਕਈ ਤਰਾਂ ਗੱਲ ਕੀਤੀ ਸੀ,’ ਫਿਰ ਉਨ੍ਹਾਂ ਨੇ ਇਹ ਸਭ ਕੁਝ ਬਾਈਬਲ ਵਿਚ ਲਿਖਿਆ ਸੀ। (ਇਬਰਾਨੀਆਂ 1:1) ਇਸ ਸਮੇਂ ਦੌਰਾਨ ਲਿਖਾਰੀਆਂ ਨੇ ਇਨ੍ਹਾਂ ਲਿਖਤਾਂ ਨੂੰ ਸੰਭਾਲਣ ਲਈ ਬੜੀ ਸਾਵਧਾਨੀ ਨਾਲ ਇਨ੍ਹਾਂ ਦੀ ਨਕਲ ਕੀਤੀ ਸੀ।—ਨਹਮਯਾਹ 8:4; ਜ਼ਬੂਰਾਂ ਦੀ ਪੋਥੀ 45:1.

6 ਯਹੋਵਾਹ ਦਾ ਲਿਖਤੀ ਬਚਨ ਸਾਡੇ ਲਈ ਇਕ ਬਰਕਤ ਹੈ। ਕੀ ਕਦੇ ਤੁਹਾਨੂੰ ਅਜਿਹੀ ਚਿੱਠੀ ਮਿਲੀ ਹੈ ਜਿਸ ਤੋਂ ਤੁਹਾਨੂੰ ਇੰਨੀ ਤਸੱਲੀ ਮਿਲੀ ਹੈ ਕਿ ਤੁਸੀਂ ਉਸ ਨੂੰ ਵਾਰ-ਵਾਰ ਪੜ੍ਹਨ ਲਈ ਸਾਂਭ ਕੇ ਰੱਖਦੇ ਹੋ? ਜੋ “ਚਿੱਠੀ” ਸਾਨੂੰ ਯਹੋਵਾਹ ਤੋਂ ਆਈ ਹੈ, ਉਹ ਕੁਝ ਇਸੇ ਤਰ੍ਹਾਂ ਦੀ ਹੈ। ਯਹੋਵਾਹ ਨੇ ਆਪਣੇ ਬੋਲ ਲਿਖਵਾਏ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਬਾਕਾਇਦਾ ਪੜ੍ਹ ਸਕਦੇ ਹਾਂ ਅਤੇ ਉਸ ਦੇ ਮਤਲਬ ਬਾਰੇ ਸੋਚ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 1:2) ਜੀ ਹਾਂ, ਜਦ ਵੀ ਸਾਨੂੰ ਜ਼ਰੂਰਤ ਪਵੇ, ਅਸੀਂ ਇਸ ‘ਧਰਮ ਪੁਸਤਕ ਤੋਂ ਦਿਲਾਸਾ’ ਹਾਸਲ ਕਰ ਸਕਦੇ ਹਾਂ।—ਰੋਮੀਆਂ 15:4.

ਇਨਸਾਨਾਂ ਤੋਂ ਕਿਉਂ ਲਿਖਵਾਈ?

7. ਇਨਸਾਨਾਂ ਰਾਹੀਂ ਆਪਣਾ ਬਚਨ ਲਿਖਵਾ ਕੇ ਯਹੋਵਾਹ ਨੇ ਆਪਣੀ ਬੁੱਧ ਦਾ ਸਬੂਤ ਕਿਸ ਤਰ੍ਹਾਂ ਦਿੱਤਾ?

7 ਯਹੋਵਾਹ ਨੇ ਆਪਣਾ ਬਚਨ ਇਨਸਾਨਾਂ ਰਾਹੀਂ ਲਿਖਵਾ ਕੇ ਆਪਣੀ ਬੁੱਧ ਦਾ ਸਬੂਤ ਦਿੱਤਾ ਹੈ। ਜ਼ਰਾ ਸੋਚੋ: ਇਸ ਦੇ ਥਾਂ ਜੇ ਉਸ ਨੇ ਫਰਿਸ਼ਤਿਆਂ ਨੂੰ ਇਸਤੇਮਾਲ ਕੀਤਾ ਹੁੰਦਾ, ਤਾਂ ਕੀ ਬਾਈਬਲ ਸਾਨੂੰ ਇਸੇ ਤਰ੍ਹਾਂ ਪਸੰਦ ਹੁੰਦੀ? ਜੇਕਰ ਫਰਿਸ਼ਤੇ ਆਪਣੇ ਨਜ਼ਰੀਏ ਤੋਂ ਯਹੋਵਾਹ ਬਾਰੇ ਬਹੁਤ ਵੱਡੀਆਂ-ਵੱਡੀਆਂ ਤੇ ਅਨੋਖੀਆਂ ਗੱਲਾਂ ਦੱਸਦੇ ਅਤੇ ਆਪਣੇ ਭਗਤੀ ਕਰਨ ਦੇ ਤਰੀਕੇ ਬਾਰੇ ਦੱਸਦੇ ਅਤੇ ਉਹ ਵਫ਼ਾਦਾਰ ਮਨੁੱਖਾਂ ਦੀਆਂ ਜ਼ਿੰਦਗੀਆਂ ਬਾਰੇ ਲਿਖਦੇ, ਤਾਂ ਕੀ ਫਰਿਸ਼ਤਿਆਂ ਦੀਆਂ ਗੱਲਾਂ ਸਾਨੂੰ ਸਮਝ ਆਉਂਦੀਆਂ ਅਤੇ ਸਾਡੇ ਦਿਲ ਨੂੰ ਛੁੰਹਦੀਆਂ? ਨਹੀਂ, ਕਿਉਂਕਿ ਉਹ ਮੁਕੰਮਲ ਤੇ ਸਾਡੇ ਨਾਲੋਂ ਮਹਾਨ ਹਨ ਅਤੇ ਉਨ੍ਹਾਂ ਦਾ ਤਜਰਬਾ, ਗਿਆਨ ਤੇ ਸ਼ਕਤੀ ਸਾਡੇ ਨਾਲੋਂ ਬਹੁਤ ਜ਼ਿਆਦਾ ਹੈ।—ਇਬਰਾਨੀਆਂ 2:6, 7.

“ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ”

8. ਬਾਈਬਲ ਦੇ ਲਿਖਾਰੀਆਂ ਨੇ ਆਪਣੇ ਹੀ ਢੰਗ ਨਾਲ ਕਿਸ ਤਰ੍ਹਾਂ ਲਿਖਿਆ ਸੀ? (ਫੁਟਨੋਟ ਦੇਖੋ।)

8 ਯਹੋਵਾਹ ਨੇ ਇਨਸਾਨਾਂ ਰਾਹੀਂ ਬਾਈਬਲ ਲਿਖਵਾ ਕੇ ਸਾਡੇ ਲਈ ਅਜਿਹੀ ਪੁਸਤਕ ਤਿਆਰ ਕੀਤੀ ਜੋ “ਪਰਮੇਸ਼ੁਰ ਦੇ ਆਤਮਾ ਤੋਂ” ਹੋਣ ਦੇ ਨਾਲ-ਨਾਲ ਇਨਸਾਨੀ ਨਜ਼ਰੀਏ ਤੋਂ ਲਿਖੀ ਗਈ ਹੈ। ਇਸ ਲਈ ਇਹ ਬਹੁਤ ਫ਼ਾਇਦੇਮੰਦ ਹੈ। (2 ਤਿਮੋਥਿਉਸ 3:16) ਇਹ ਉਸ ਨੇ ਕਿਸ ਤਰ੍ਹਾਂ ਕੀਤਾ? ਇਸ ਤਰ੍ਹਾਂ ਜਾਪਦਾ ਹੈ ਕਿ ਕਈ ਵਾਰ ਉਸ ਨੇ ਲਿਖਾਰੀਆਂ ਨੂੰ ਆਪਣੇ-ਆਪਣੇ ਢੰਗ ਨਾਲ ਲਿਖਣ ਦਿੱਤਾ ਤਾਂਕਿ ਉਹ ‘ਮਨ ਭਾਉਂਦੀਆਂ ਗੱਲਾਂ ਦੀ ਭਾਲ ਕਰ ਸਕਣ ਅਤੇ ਜੋ ਕੁਝ ਲਿੱਖਣ ਉਹ ਸਿੱਧੀਆਂ ਅਰ ਸਚਿਆਈ ਦੀਆਂ ਗੱਲਾਂ ਹੋਣ।’ (ਉਪਦੇਸ਼ਕ ਦੀ ਪੋਥੀ 12:10, 11) ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਬਾਈਬਲ ਦੇ ਲਿਖਾਰੀਆਂ ਦੇ ਲਿਖਣ ਵਿਚ ਇੰਨੀ ਵੰਨ-ਸੁਵੰਨਤਾ ਕਿਉਂ ਹੈ। ਉਸ ਦੀਆਂ ਲਿਖਤਾਂ ਵਿਚ ਵੱਖੋ-ਵੱਖਰੇ ਲਿਖਾਰੀਆਂ ਦੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਪਿਛੋਕੜ ਨਜ਼ਰ ਆਉਂਦੇ ਹਨ। * ਫਿਰ ਵੀ ਇਹ “ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।” (2 ਪਤਰਸ 1:21) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਰੀ ਲਿਖਤ “ਪਰਮੇਸ਼ੁਰ ਦਾ ਬਚਨ” ਹੈ।—1 ਥੱਸਲੁਨੀਕੀਆਂ 2:13.

9, 10. ਇਨਸਾਨਾਂ ਵੱਲੋਂ ਲਿਖੀ ਹੋਣ ਕਰਕੇ ਸਾਨੂੰ ਬਾਈਬਲ ਸੌਖਿਆਂ ਹੀ ਸਮਝ ਕਿਉਂ ਆ ਜਾਂਦੀ ਹੈ ਅਤੇ ਇਹ ਸਾਡੇ ਦਿਲ ਨੂੰ ਕਿਵੇਂ ਛੁੰਹਦੀ ਹੈ?

9 ਇਨਸਾਨੀ ਲਿਖਾਰੀਆਂ ਨੂੰ ਇਸਤੇਮਾਲ ਕਰਨ ਨਾਲ ਬਾਈਬਲ ਸੌਖਿਆਂ ਹੀ ਸਾਨੂੰ ਸਮਝ ਪੈਂਦੀ ਹੈ ਅਤੇ ਸਾਡੇ ਦਿਲ ਨੂੰ ਛੁੰਹਦੀ ਹੈ। ਇਸ ਨੂੰ ਲਿਖਣ ਵਾਲੇ ਆਦਮੀਆਂ ਦੇ ਜਜ਼ਬਾਤ ਬਿਲਕੁਲ ਸਾਡੇ ਵਰਗੇ ਸਨ। ਅਪੂਰਣ ਹੋਣ ਦੇ ਕਾਰਨ ਉਹ ਸਾਡੇ ਵਰਗੀਆਂ ਗ਼ਲਤੀਆਂ ਕਰਦੇ ਸਨ ਅਤੇ ਸਾਡੇ ਵਰਗੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਸਨ। ਕਦੇ-ਕਦੇ ਯਹੋਵਾਹ ਨੇ ਇਨ੍ਹਾਂ ਵਿਅਕਤੀਆਂ ਨੂੰ ਆਪਣਿਆਂ ਤਜਰਬਿਆਂ ਅਤੇ ਮੁਸ਼ਕਲਾਂ ਬਾਰੇ ਲਿਖਣ ਲਈ ਪ੍ਰੇਰਿਤ ਕੀਤਾ ਸੀ। (2 ਕੁਰਿੰਥੀਆਂ 12:7-10) ਫਰਿਸ਼ਤਿਆਂ ਨੇ ਇਹ ਸਭ ਕੁਝ ਅਨੁਭਵ ਨਹੀਂ ਕੀਤਾ ਸੀ ਇਸ ਲਈ ਉਹ ਇਸ ਤਰ੍ਹਾਂ ਨਹੀਂ ਲਿਖ ਸਕਦੇ ਸਨ।

10 ਮਿਸਾਲ ਦੇ ਤੌਰ ਤੇ ਦਾਊਦ ਬਾਦਸ਼ਾਹ ਦੇ ਲਫ਼ਜ਼ਾਂ ਵੱਲ ਧਿਆਨ ਦਿਓ। ਦਾਊਦ ਨੇ ਬੜੇ ਗੰਭੀਰ ਪਾਪ ਕਰਨ ਤੋਂ ਬਾਅਦ ਇਕ ਜ਼ਬੂਰ ਲਿਖਿਆ ਜਿਸ ਵਿਚ ਉਸ ਨੇ ਮਾਫ਼ੀ ਲਈ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਬੇਨਤੀ ਕੀਤੀ ਸੀ। ਉਸ ਨੇ ਲਿਖਿਆ: “ਮੇਰੀ ਬਦੀ ਤੋਂ ਮੈਨੂੰ ਚੰਗੀ ਤਰਾਂ ਧੋ, ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ, ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ, ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ। ਵੇਖ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ। ਮੈਨੂੰ ਆਪਣੇ ਹਜ਼ੂਰੋਂ ਨਾ ਧੱਕ, ਅਤੇ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ! ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਆਜਿਜ਼ ਦਿਲ ਨੂੰ ਤੂੰ ਤੁੱਛ ਨਾ ਜਾਣੇਂਗਾ।” (ਜ਼ਬੂਰਾਂ ਦੀ ਪੋਥੀ 51:2, 3, 5, 11, 17) ਕੀ ਤੁਸੀਂ ਲੇਖਕ ਦੀ ਪੀੜ ਮਹਿਸੂਸ ਕਰ ਸਕਦੇ ਹੋ? ਸਿਰਫ਼ ਇਕ ਅਪੂਰਣ ਇਨਸਾਨ ਹੀ ਆਪਣੇ ਦਿਲ ਦੀ ਗੱਲ ਇਸ ਤਰ੍ਹਾਂ ਕਹਿ ਸਕਦਾ ਸੀ।

ਇਨਸਾਨਾਂ ਬਾਰੇ ਕਿਉਂ ਲਿਖੀ ਗਈ?

11. ਬਾਈਬਲ ਵਿਚ “ਸਾਡੀ ਸਿੱਖਿਆ” ਵਾਸਤੇ ਕਿਹੜੀਆਂ ਅਸਲੀ ਮਿਸਾਲਾਂ ਦਿੱਤੀਆਂ ਗਈਆਂ ਹਨ?

11 ਇਕ ਹੋਰ ਕਾਰਨ ਵੀ ਹੈ ਜਿਸ ਕਰਕੇ ਇਨਸਾਨਾਂ ਨੂੰ ਬਾਈਬਲ ਪਸੰਦ ਆਉਂਦੀ ਹੈ। ਇਸ ਵਿਚ ਅਸਲੀ ਇਨਸਾਨਾਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ, ਭਾਵੇਂ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਕੀਤੀ ਜਾਂ ਨਹੀਂ। ਅਸੀਂ ਉਨ੍ਹਾਂ ਦੇ ਤਜਰਬੇ ਅਤੇ ਦੁੱਖ-ਸੁੱਖ ਪੜ੍ਹ ਸਕਦੇ ਹਾਂ। ਅਸੀਂ ਉਨ੍ਹਾਂ ਦੇ ਫ਼ੈਸਲਿਆਂ ਦੇ ਨਤੀਜਿਆਂ ਬਾਰੇ ਵੀ ਪੜ੍ਹ ਸਕਦੇ ਹਾਂ। ਇਹ ਸਭ ਕੁਝ “ਸਾਡੀ ਸਿੱਖਿਆ” ਵਾਸਤੇ ਲਿਖਿਆ ਗਿਆ ਸੀ। (ਰੋਮੀਆਂ 15:4) ਇਨ੍ਹਾਂ ਜੀਉਂਦੀਆਂ-ਜਾਗਦੀਆਂ ਮਿਸਾਲਾਂ ਰਾਹੀਂ ਯਹੋਵਾਹ ਸਾਨੂੰ ਇਸ ਤਰ੍ਹਾਂ ਸਿਖਾਉਂਦਾ ਹੈ ਕਿ ਸਾਡੇ ਦਿਲ ਤੇ ਅਸਰ ਪੈਂਦਾ ਹੈ। ਕੁਝ ਉਦਾਹਰਣਾਂ ਉੱਤੇ ਗੌਰ ਕਰੋ।

12. ਬਾਈਬਲ ਵਿਚ ਬੇਵਫ਼ਾ ਅਤੇ ਦੁਸ਼ਟ ਇਨਸਾਨਾਂ ਦੀਆਂ ਉਦਾਹਰਣਾਂ ਤੋਂ ਅਸੀਂ ਕੀ ਸਿੱਖਦੇ ਹਾਂ?

12 ਬਾਈਬਲ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਬੇਵਫ਼ਾ ਅਤੇ ਦੁਸ਼ਟ ਇਨਸਾਨਾਂ ਨਾਲ ਕੀ ਹੋਇਆ ਸੀ। ਇਨ੍ਹਾਂ ਬਿਰਤਾਂਤਾਂ ਵਿਚ ਦਿਖਾਇਆ ਗਿਆ ਹੈ ਕਿ ਔਗੁਣਾਂ ਦੇ ਬੁਰੇ ਨਤੀਜੇ ਨਿਕਲਦੇ ਹਨ ਅਤੇ ਇਸ ਤਰ੍ਹਾਂ ਔਗੁਣ ਸਾਡੇ ਵਾਸਤੇ ਸਮਝਣੇ ਸੌਖੇ ਹੋ ਜਾਂਦੇ ਹਨ। ਉਦਾਹਰਣ ਲਈ ਯਿਸੂ ਦੇ ਚੇਲੇ ਯਹੂਦਾ ਦੀ ਬੇਵਫ਼ਾਈ ਉੱਤੇ ਗੌਰ ਕਰੋ। ਉਸ ਨੇ ਯਿਸੂ ਨਾਲ ਵਿਸ਼ਵਾਸਘਾਤ ਕੀਤਾ ਅਤੇ ਉਸ ਨੂੰ ਮਰਵਾਉਣ ਦੀ ਸਾਜ਼ਸ਼ ਘੜੀ। ਕੀ ਯਹੂਦਾ ਦੀ ਬੇਵਫ਼ਾਈ ਤੋਂ ਸਾਨੂੰ ਇਹ ਪਤਾ ਨਹੀਂ ਚੱਲਦਾ ਕਿ ਬੇਵਫ਼ਾਈ ਕਿੰਨੀ ਬੁਰੀ ਗੱਲ ਹੈ? (ਮੱਤੀ 26:14-16, 46-50; 27:3-10) ਅਜਿਹੇ ਬਿਰਤਾਂਤਾਂ ਦਾ ਸਾਡੇ ਦਿਲ ਤੇ ਅਸਰ ਪੈਂਦਾ ਹੈ ਅਤੇ ਅਸੀਂ ਔਗੁਣਾਂ ਨੂੰ ਪਛਾਣ ਕੇ ਇਨ੍ਹਾਂ ਨਾਲ ਨਫ਼ਰਤ ਕਰਨੀ ਸਿੱਖਦੇ ਹਾਂ।

13. ਬਾਈਬਲ ਸਾਨੂੰ ਚੰਗੇ ਗੁਣਾਂ ਬਾਰੇ ਕਿਸ ਤਰ੍ਹਾਂ ਸਿਖਾਉਂਦੀ ਹੈ?

13 ਬਾਈਬਲ ਵਿਚ ਪਰਮੇਸ਼ੁਰ ਦੇ ਕਈ ਵਫ਼ਾਦਾਰ ਸੇਵਕਾਂ ਬਾਰੇ ਵੀ ਦੱਸਿਆ ਗਿਆ ਹੈ। ਅਸੀਂ ਉਨ੍ਹਾਂ ਦੀ ਭਗਤੀ ਅਤੇ ਵਫ਼ਾਦਾਰੀ ਬਾਰੇ ਪੜ੍ਹਦੇ ਹਾਂ। ਯਹੋਵਾਹ ਦੇ ਨੇੜੇ ਰਹਿਣ ਵਾਸਤੇ ਅਸੀਂ ਉਨ੍ਹਾਂ ਲੋਕਾਂ ਦੇ ਗੁਣਾਂ ਦੀ ਨਕਲ ਕਰ ਸਕਦੇ ਹਾਂ। ਨਿਹਚਾ ਦੀ ਮਿਸਾਲ ਉੱਤੇ ਗੌਰ ਕਰੋ। ਬਾਈਬਲ ਸਾਨੂੰ ਦੱਸਦੀ ਹੈ ਕਿ ਨਿਹਚਾ ਕੀ ਹੈ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵਾਸਤੇ ਇਹ ਗੁਣ ਕਿੰਨਾ ਜ਼ਰੂਰੀ ਹੈ। (ਇਬਰਾਨੀਆਂ 11:1, 6) ਪਰ ਬਾਈਬਲ ਵਿਚ ਇਸ ਦੀਆਂ ਜੀਉਂਦੀਆਂ-ਜਾਗਦੀਆਂ ਉਦਾਹਰਣਾਂ ਵੀ ਦਿੱਤੀਆਂ ਗਈਆਂ ਹਨ। ਅਬਰਾਹਾਮ ਦੀ ਨਿਹਚਾ ਬਾਰੇ ਸੋਚੋ ਜਿਸ ਕਰਕੇ ਉਹ ਇਸਹਾਕ ਦਾ ਬਲੀਦਾਨ ਚੜ੍ਹਾਉਣ ਲਈ ਵੀ ਤਿਆਰ ਹੋ ਗਿਆ ਸੀ। (ਉਤਪਤ ਦਾ 22ਵਾਂ ਅਧਿਆਇ; ਇਬਰਾਨੀਆਂ 11:17-19) ਇਨ੍ਹਾਂ ਬਿਰਤਾਂਤਾਂ ਦੇ ਜ਼ਰੀਏ “ਨਿਹਚਾ” ਸ਼ਬਦ ਇਕ ਸ਼ਬਦ ਹੀ ਨਹੀਂ ਰਹਿ ਜਾਂਦਾ, ਸਗੋਂ ਇਹ ਗੁਣ ਇਕ ਮਿਸਾਲ ਦੇ ਰੂਪ ਵਿਚ ਸਾਡੇ ਸਾਮ੍ਹਣੇ ਆ ਖੜ੍ਹਾ ਹੁੰਦਾ ਹੈ। ਯਹੋਵਾਹ ਕਿੰਨਾ ਬੁੱਧੀਮਾਨ ਹੈ ਕਿ ਉਹ ਸਿਰਫ਼ ਕਹਿੰਦਾ ਹੀ ਨਹੀਂ ਕਿ ਸਾਨੂੰ ਆਪਣੇ ਵਿਚ ਚੰਗੇ ਗੁਣ ਪੈਦਾ ਕਰਨੇ ਚਾਹੀਦੇ ਹਨ, ਪਰ ਉਹ ਇਨ੍ਹਾਂ ਦੀਆਂ ਜੀਉਂਦੀਆਂ-ਜਾਗਦੀਆਂ ਉਦਾਹਰਣਾਂ ਵੀ ਦਿੰਦਾ ਹੈ!

14, 15. ਬਾਈਬਲ ਸਾਨੂੰ ਇਕ ਔਰਤ ਬਾਰੇ ਕੀ ਦੱਸਦੀ ਹੈ ਜੋ ਹੈਕਲ ਵਿਚ ਆਈ ਸੀ ਅਤੇ ਇਸ ਘਟਨਾ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

14 ਬਾਈਬਲ ਦੇ ਬਿਰਤਾਂਤ ਸਾਨੂੰ ਯਹੋਵਾਹ ਬਾਰੇ ਵੀ ਬਹੁਤ ਕੁਝ ਸਿਖਾਉਂਦੇ ਹਨ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ। ਗੌਰ ਕਰੋ ਕਿ ਉਸ ਘਟਨਾ ਬਾਰੇ ਕੀ ਲਿਖਿਆ ਗਿਆ ਹੈ ਜਦੋਂ ਯਿਸੂ ਨੇ ਇਕ ਔਰਤ ਨੂੰ ਹੈਕਲ ਵਿਚ ਦੇਖਿਆ ਸੀ। ਯਿਸੂ ਖ਼ਜ਼ਾਨੇ ਦੇ ਸਾਮ੍ਹਣੇ ਬੈਠ ਕੇ ਲੋਕਾਂ ਨੂੰ ਖ਼ਜ਼ਾਨੇ ਵਿਚ ਪੈਸੇ ਪਾਉਂਦੇ ਦੇਖ ਰਿਹਾ ਸੀ। ਅਮੀਰ ਲੋਕ “ਆਪਣੇ ਵਾਫ਼ਰ ਮਾਲ” ਯਾਨੀ ਆਪਣੇ ਬਹੁਤੇ ਮਾਲ-ਧਨ ਵਿੱਚੋਂ ਦੇ ਰਹੇ ਸਨ। ਫਿਰ ਯਿਸੂ ਨੇ ਇਕ ਕੰਗਾਲ ਵਿਧਵਾ ਵੱਲ ਦੇਖਿਆ। ਉਸ ਵਿਧਵਾ ਨੇ “ਦੋ ਦਮੜੀਆਂ ਅਰਥਾਤ ਧੇਲਾ ਪਾ ਦਿੱਤਾ।” * ਇਸ ਤੋਂ ਬਾਅਦ ਉਸ ਕੋਲ ਹੋਰ ਕੋਈ ਪੈਸਾ ਨਹੀਂ ਰਿਹਾ ਸੀ। ਯਿਸੂ ਦਾ ਦ੍ਰਿਸ਼ਟੀਕੋਣ ਬਿਲਕੁਲ ਯਹੋਵਾਹ ਵਰਗਾ ਹੀ ਸੀ, ਉਸ ਨੇ ਕਿਹਾ: “ਜਿਹੜੇ ਖ਼ਜ਼ਾਨੇ ਵਿੱਚ ਪਾਉਂਦੇ ਹਨ ਉਨ੍ਹਾਂ ਸਭਨਾਂ ਨਾਲੋਂ ਇਸ ਕੰਗਾਲ ਵਿਧਵਾ ਨੇ ਬਹੁਤਾ ਪਾਇਆ।” ਇਸ ਗੱਲ ਦੇ ਮੁਤਾਬਕ ਉਸ ਵਿਧਵਾ ਨੇ ਬਾਕੀ ਸਾਰਿਆਂ ਦੇ ਇਕੱਠੇ ਪੈਸਿਆਂ ਨਾਲੋਂ ਜ਼ਿਆਦਾ ਪਾਇਆ ਸੀ।—ਮਰਕੁਸ 12:41-44; ਲੂਕਾ 21:1-4; ਯੂਹੰਨਾ 8:28.

15 ਦਿਲਚਸਪੀ ਦੀ ਗੱਲ ਹੈ ਕਿ ਉਸ ਦਿਨ ਕਈ ਲੋਕ ਹੈਕਲ ਵਿਚ ਆਏ ਸਨ, ਪਰ ਬਾਈਬਲ ਵਿਚ ਸਿਰਫ਼ ਇਸ ਵਿਧਵਾ ਦੀ ਹੀ ਗੱਲ ਕੀਤੀ ਗਈ ਹੈ। ਕਿਉਂ? ਇਸ ਉਦਾਹਰਣ ਦੇ ਰਾਹੀਂ ਯਹੋਵਾਹ ਸਾਨੂੰ ਸਿਖਾਉਂਦਾ ਹੈ ਕਿ ਉਹ ਕਿੰਨਾ ਕਦਰਦਾਨ ਪਰਮੇਸ਼ੁਰ ਹੈ। ਅਸੀਂ ਦਿਲੋਂ ਜੋ ਕੁਝ ਵੀ ਯਹੋਵਾਹ ਨੂੰ ਦਿੰਦੇ ਹਾਂ, ਉਹ ਉਸ ਨੂੰ ਕਬੂਲ ਕਰ ਕੇ ਖ਼ੁਸ਼ ਹੁੰਦਾ ਹੈ, ਭਾਵੇਂ ਅਸੀਂ ਦੂਸਰਿਆਂ ਨਾਲੋਂ ਬਹੁਤ ਘੱਟ ਦੇਈਏ। ਯਹੋਵਾਹ ਨੇ ਸਾਨੂੰ ਇਹ ਗੱਲ ਸਿਖਾਉਣ ਦਾ ਕਿੰਨਾ ਵਧੀਆ ਤਰੀਕਾ ਵਰਤਿਆ!

ਬਾਈਬਲ ਵਿਚ ਕੀ ਨਹੀਂ ਲਿਖਿਆ ਗਿਆ

16, 17. ਬਾਈਬਲ ਵਿਚ ਜੋ ਗੱਲ ਨਹੀਂ ਵੀ ਲਿਖੀ ਗਈ, ਉਸ ਤੋਂ ਯਹੋਵਾਹ ਦੀ ਬੁੱਧ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ?

16 ਜਦ ਤੁਸੀਂ ਕਿਸੇ ਨੂੰ ਚਿੱਠੀ ਲਿਖਦੇ ਹੋ, ਤਾਂ ਤੁਸੀਂ ਸਾਰਾ ਕੁਝ ਤਾਂ ਨਹੀਂ ਲਿਖ ਸਕਦੇ, ਹੈ ਨਾ? ਤੁਸੀਂ ਸੋਚ-ਸਮਝ ਕੇ ਕਈ ਗੱਲਾਂ ਲਿਖਦੇ ਹੋ ਤੇ ਕਈ ਨਹੀਂ ਲਿਖਦੇ। ਇਸੇ ਤਰ੍ਹਾਂ ਯਹੋਵਾਹ ਨੇ ਬਾਈਬਲ ਵਿਚ ਕੁਝ ਹੀ ਇਨਸਾਨਾਂ ਅਤੇ ਕੁਝ ਹੀ ਘਟਨਾਵਾਂ ਦੀਆਂ ਗੱਲਾਂ ਕੀਤੀਆਂ ਹਨ। ਪਰ ਬਾਈਬਲ ਇਨ੍ਹਾਂ ਬਿਰਤਾਂਤਾਂ ਦੇ ਸਾਰੇ ਵੇਰਵੇ ਨਹੀਂ ਦਿੰਦੀ। (ਯੂਹੰਨਾ 21:25) ਮਿਸਾਲ ਲਈ ਜਦ ਬਾਈਬਲ ਪਰਮੇਸ਼ੁਰ ਦੁਆਰਾ ਕਿਸੇ ਨੂੰ ਸਜ਼ਾ ਦੇਣ ਬਾਰੇ ਗੱਲ ਕਰਦੀ ਹੈ, ਤਾਂ ਸ਼ਾਇਦ ਸਾਡੇ ਸਾਰੇ ਸਵਾਲਾਂ ਦਾ ਜਵਾਬ ਸਾਨੂੰ ਨਾ ਮਿਲੇ। ਜੋ ਗੱਲ ਯਹੋਵਾਹ ਨੇ ਬਾਈਬਲ ਵਿਚ ਨਹੀਂ ਵੀ ਲਿਖਵਾਈ, ਉਸ ਤੋਂ ਵੀ ਉਸ ਦੀ ਬੁੱਧ ਨਜ਼ਰ ਆਉਂਦੀ ਹੈ। ਕਿਸ ਤਰ੍ਹਾਂ?

17 ਬਾਈਬਲ ਜਿਸ ਤਰ੍ਹਾਂ ਲਿਖੀ ਗਈ ਹੈ ਉਸ ਤੋਂ ਸਾਡੇ ਦਿਲ ਦੀ ਗੱਲ ਜ਼ਾਹਰ ਹੁੰਦੀ ਹੈ। ਇਬਰਾਨੀਆਂ 4:12 ਵਿਚ ਲਿਖਿਆ ਹੈ: “ਕਿਉਂ ਜੋ ਪਰਮੇਸ਼ੁਰ ਦਾ ਬਚਨ [ਜਾਂ ਸੰਦੇਸ਼] ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ . . . ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” ਬਾਈਬਲ ਦਾ ਸੰਦੇਸ਼ ਪੜ੍ਹ ਕੇ ਸਾਡੇ ਖ਼ਿਆਲ ਅਤੇ ਇਰਾਦੇ ਜ਼ਾਹਰ ਹੋ ਜਾਂਦੇ ਹਨ। ਜੋ ਲੋਕ ਉਸ ਨੂੰ ਪੜ੍ਹ ਕੇ ਨੁਕਸ ਛਾਂਟਦੇ ਹਨ, ਉਹ ਅਕਸਰ ਉਨ੍ਹਾਂ ਬਿਰਤਾਂਤਾਂ ਤੋਂ ਠੋਕਰ ਖਾ ਬੈਠਦੇ ਹਨ ਜਿਨ੍ਹਾਂ ਵਿਚ ਸਾਰੇ ਵੇਰਵੇ ਨਹੀਂ ਦਿੱਤੇ ਜਾਂਦੇ ਅਤੇ ਉਨ੍ਹਾਂ ਨੂੰ ਤਸੱਲੀ ਨਹੀਂ ਮਿਲਦੀ। ਅਜਿਹੇ ਲੋਕ ਸ਼ਾਇਦ ਕਹਿਣ ਕਿ ਯਹੋਵਾਹ ਸੱਚ-ਮੁੱਚ ਬੁੱਧੀਮਾਨ ਨਹੀਂ ਹੈ ਅਤੇ ਉਹ ਨਾ ਤਾਂ ਪਿਆਰ ਕਰਦਾ ਹੈ ਅਤੇ ਨਾ ਹੀ ਨਿਰਪੱਖ ਹੈ।

18, 19. (ੳ) ਜਦ ਬਾਈਬਲ ਦਾ ਇਕ ਬਿਰਤਾਂਤ ਪੜ੍ਹਨ ਤੋਂ ਬਾਅਦ ਸਾਡੇ ਮਨ ਵਿਚ ਕੋਈ ਸਵਾਲ ਪੈਦਾ ਹੁੰਦਾ ਹੈ ਜਿਸ ਦਾ ਸਾਨੂੰ ਇਕਦਮ ਜਵਾਬ ਨਹੀਂ ਮਿਲਦਾ, ਤਾਂ ਸਾਨੂੰ ਨਾਰਾਜ਼ ਕਿਉਂ ਨਹੀਂ ਹੋ ਜਾਣਾ ਚਾਹੀਦਾ? (ਅ) ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਕੀ ਜ਼ਰੂਰੀ ਹੈ ਅਤੇ ਇਹ ਯਹੋਵਾਹ ਦੀ ਡੂੰਘੀ ਬੁੱਧ ਦਾ ਸਬੂਤ ਕਿਸ ਤਰ੍ਹਾਂ ਦਿੰਦੀ ਹੈ?

18 ਇਸ ਤੋਂ ਉਲਟ ਜਦ ਅਸੀਂ ਖਰੇ ਦਿਲ ਨਾਲ ਬਾਈਬਲ ਦੀ ਸਟੱਡੀ ਕਰਦੇ ਹਾਂ, ਤਾਂ ਅਸੀਂ ਯਹੋਵਾਹ ਬਾਰੇ ਸਹੀ-ਸਹੀ ਗੱਲਾਂ ਸਿੱਖਦੇ ਹਾਂ। ਅਸੀਂ ਸਿਰਫ਼ ਇਕ ਹਵਾਲਾ ਪੜ੍ਹ ਕੇ ਹੀ ਉਸ ਬਾਰੇ ਆਪਣੀ ਰਾਇ ਕਾਇਮ ਨਹੀਂ ਕਰਾਂਗੇ, ਸਗੋਂ ਉਸ ਨੂੰ ਜਾਣਨ ਲਈ ਪੂਰੀ ਬਾਈਬਲ ਪੜ੍ਹਾਂਗੇ। ਇਸ ਲਈ ਜਦ ਇਕ ਬਿਰਤਾਂਤ ਪੜ੍ਹਨ ਤੋਂ ਬਾਅਦ ਸਾਡੇ ਮਨ ਵਿਚ ਕੋਈ ਸਵਾਲ ਪੈਦਾ ਹੁੰਦਾ ਹੈ, ਤਾਂ ਅਸੀਂ ਇਕਦਮ ਇਸ ਦਾ ਜਵਾਬ ਨਾ ਮਿਲਣ ਤੇ ਨਾਰਾਜ਼ ਨਹੀਂ ਹੋਵਾਂਗੇ ਸਗੋਂ ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਬਾਈਬਲ ਦੀ ਸਟੱਡੀ ਕਰਦੇ ਹਾਂ, ਤਾਂ ਹੌਲੀ-ਹੌਲੀ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ ਅਤੇ ਸਾਡੇ ਮਨ ਵਿਚ ਉਸ ਦੀ ਤਸਵੀਰ ਬਣਨ ਲੱਗ ਪੈਂਦੀ ਹੈ। ਭਾਵੇਂ ਇਕ ਬਿਰਤਾਂਤ ਪੜ੍ਹਨ ਤੋਂ ਬਾਅਦ ਅਸੀਂ ਉਸ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਜਾਂ ਇਹ ਨਹੀਂ ਦੇਖ ਸਕਦੇ ਕਿ ਇਹ ਯਹੋਵਾਹ ਦੀ ਸ਼ਖ਼ਸੀਅਤ ਬਾਰੇ ਸਾਨੂੰ ਕੀ ਦੱਸਦਾ ਹੈ, ਪਰ ਅਸੀਂ ਪਹਿਲਾਂ ਹੀ ਆਪਣੀ ਬਾਈਬਲ ਸਟੱਡੀ ਤੋਂ ਯਹੋਵਾਹ ਬਾਰੇ ਜੋ ਸਿੱਖ ਚੁੱਕੇ ਹਾਂ, ਉਸ ਤੋਂ ਜਾਣਦੇ ਹਾਂ ਕਿ ਉਹ ਹਮੇਸ਼ਾ ਪਿਆਰ ਕਰਦਾ ਅਤੇ ਨਿਰਪੱਖ ਹੈ।

19 ਇਸ ਲਈ ਪਰਮੇਸ਼ੁਰ ਦੇ ਬਚਨ ਨੂੰ ਸਮਝਣ ਵਾਸਤੇ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਖਰੇ ਦਿਲ ਅਤੇ ਨਿਰਪੱਖ ਮਨ ਨਾਲ ਪੜ੍ਹੀਏ। ਪੜ੍ਹੇ-ਲਿਖੇ ਇਨਸਾਨ ਅਜਿਹੀਆਂ ਪੁਸਤਕਾਂ ਲਿਖ ਸਕਦੇ ਹਨ ਜੋ ਸਿਰਫ਼ ‘ਗਿਆਨੀ ਅਤੇ ਬੁੱਧਵਾਨ’ ਲੋਕ ਹੀ ਸਮਝ ਸਕਦੇ ਹਨ। ਪਰ ਅਜਿਹੀ ਪੁਸਤਕ ਲਿਖਣ ਲਈ, ਜਿਸ ਨੂੰ ਸਿਰਫ਼ ਸਹੀ ਮਨੋਬਿਰਤੀ ਵਾਲੇ ਲੋਕ ਹੀ ਸਮਝ ਸਕਦੇ ਹਨ, ਸੱਚ-ਮੁੱਚ ਪਰਮੇਸ਼ੁਰ ਦੀ ਡੂੰਘੀ ਬੁੱਧ ਦਾ ਸਬੂਤ ਹੈ!—ਮੱਤੀ 11:25.

ਇਕ ਪੁਸਤਕ ਜੋ ਬੁੱਧੀਮਾਨ ਬਣਾਉਂਦੀ ਹੈ

20. ਸਿਰਫ਼ ਯਹੋਵਾਹ ਹੀ ਸਾਨੂੰ ਜੀਉਣ ਦਾ ਸਭ ਤੋਂ ਵਧੀਆ ਰਾਹ ਕਿਉਂ ਦਿਖਾ ਸਕਦਾ ਹੈ ਅਤੇ ਸਾਡੀ ਸਹਾਇਤਾ ਵਾਸਤੇ ਬਾਈਬਲ ਵਿਚ ਕੀ ਹੈ?

20 ਆਪਣੇ ਬਚਨ ਵਿਚ ਯਹੋਵਾਹ ਸਾਨੂੰ ਜੀਉਣ ਦਾ ਸਭ ਤੋਂ ਵਧੀਆ ਰਾਹ ਦਿਖਾਉਂਦਾ ਹੈ। ਸਾਡਾ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਉਹ ਹੋਰ ਕਿਸੇ ਨਾਲੋਂ ਵੱਧ ਸਾਡੀਆਂ ਜ਼ਰੂਰਤਾਂ ਜਾਣਦਾ ਹੈ। ਲੋਕਾਂ ਦੀਆਂ ਪਹਿਲੀਆਂ ਜ਼ਰੂਰਤਾਂ ਕੀ ਹਨ? ਇਹੋ ਕਿ ਕੋਈ ਉਨ੍ਹਾਂ ਨਾਲ ਪਿਆਰ ਕਰੇ, ਉਹ ਖ਼ੁਸ਼ ਰਹਿਣ ਅਤੇ ਆਪਣੇ ਪਰਿਵਾਰਾਂ ਵਿਚ ਸੁੱਖ ਪਾਉਣ। ਇਹ ਜ਼ਰੂਰਤਾਂ ਕਦੀ ਬਦਲੀਆਂ ਨਹੀਂ ਹਨ। ਬਾਈਬਲ ਵਿਚ ਅਜਿਹੀ ਬੁੱਧ ਹੈ ਜਿਸ ਦੀ ਮਦਦ ਨਾਲ ਅਸੀਂ ਚੰਗੀ ਤਰ੍ਹਾਂ ਜੀ ਸਕਦੇ ਹਾਂ। (ਕਹਾਉਤਾਂ 2:7) ਇਸ ਕਿਤਾਬ ਦੇ ਹਰ ਹਿੱਸੇ ਵਿਚ ਇਕ ਅਧਿਆਇ ਹੈ ਜੋ ਸਾਨੂੰ ਬਾਈਬਲ ਦੀ ਸਲਾਹ ਲਾਗੂ ਕਰਨ ਵਿਚ ਮਦਦ ਦਿੰਦਾ ਹੈ, ਪਰ ਇੱਥੇ ਹੁਣ ਅਸੀਂ ਇਕ ਮਿਸਾਲ ਉੱਤੇ ਗੌਰ ਕਰਾਂਗੇ।

21-23. ਕਿਹੜੀ ਵਧੀਆ ਸਲਾਹ ਸਾਡੀ ਮਦਦ ਕਰ ਸਕਦੀ ਹੈ ਕਿ ਅਸੀਂ ਨਾਰਾਜ਼ ਨਾ ਹੋਈਏ ਅਤੇ ਚਿੜਚਿੜੇ ਨਾ ਬਣੀਏ?

21 ਕੀ ਤੁਸੀਂ ਕਦੇ ਦੇਖਿਆ ਹੈ ਕਿ ਜੋ ਲੋਕ ਦੂਸਰਿਆਂ ਨਾਲ ਹਮੇਸ਼ਾ ਨਾਰਾਜ਼ ਰਹਿ ਕੇ ਚਿੜਚਿੜੇ ਬਣ ਜਾਂਦੇ ਹਨ, ਉਹ ਅਕਸਰ ਆਪਣਾ ਹੀ ਨੁਕਸਾਨ ਕਰਦੇ ਹਨ? ਜ਼ਿੰਦਗੀ ਵਿਚ ਨਾਰਾਜ਼ਗੀ ਇਕ ਭਾਰਾ ਬੋਝ ਹੈ। ਜਦ ਅਸੀਂ ਗੁੱਸੇ ਵਿਚ ਰਹਿੰਦੇ ਹਾਂ, ਤਾਂ ਸਾਡਾ ਮਨ ਕਿਤੇ ਨਹੀਂ ਲੱਗਦਾ ਅਤੇ ਨਾ ਸਾਨੂੰ ਸ਼ਾਂਤੀ ਮਿਲਦੀ ਹੈ ਤੇ ਨਾ ਹੀ ਅਸੀਂ ਖ਼ੁਸ਼ ਹੋ ਸਕਦੇ ਹਾਂ। ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਹਮੇਸ਼ਾ ਨਾਰਾਜ਼ ਰਹਿਣ ਵਾਲੇ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦਾ ਅਤੇ ਹੋਰ ਕਈ ਬੀਮਾਰੀਆਂ ਲੱਗਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਨ੍ਹਾਂ ਵਿਗਿਆਨੀਆਂ ਦੇ ਅਧਿਐਨ ਤੋਂ ਸਦੀਆਂ ਪਹਿਲਾਂ ਬਾਈਬਲ ਵਿਚ ਲਿਖਿਆ ਗਿਆ ਸੀ: “ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ।” (ਜ਼ਬੂਰਾਂ ਦੀ ਪੋਥੀ 37:8) ਪਰ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ?

22 ਪਰਮੇਸ਼ੁਰ ਦੇ ਬਚਨ ਵਿਚ ਇਹ ਵਧੀਆ ਸਲਾਹ ਦਿੱਤੀ ਗਈ ਹੈ: “ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ, ਅਤੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹ ਦੀ ਸ਼ਾਨ ਹੈ।” (ਕਹਾਉਤਾਂ 19:11) ਬਿਬੇਕ ਜਾਂ ਸਮਝ ਨਾਲ ਇਨਸਾਨ ਅੰਦਰਲੀ ਗੱਲ ਜਾਣ ਸਕਦਾ ਹੈ ਅਤੇ ਸਿਰਫ਼ ਉੱਪਰੋਂ-ਉੱਪਰੋਂ ਹੀ ਨਹੀਂ ਦੇਖਦਾ। ਸਮਝਦਾਰ ਬੰਦਾ ਦੇਖ ਸਕਦਾ ਹੈ ਕਿ ਕਿਸੇ ਨੇ ਇੱਦਾਂ ਕਿਉਂ ਕਿਹਾ ਸੀ ਜਾਂ ਇੱਦਾਂ ਕਿਉਂ ਕੀਤਾ ਸੀ। ਦੂਸਰੇ ਦੇ ਜਜ਼ਬਾਤ, ਹਾਲਾਤ ਅਤੇ ਇਰਾਦੇ ਸਮਝਣ ਨਾਲ ਅਸੀਂ ਆਪਣੇ ਮਨ ਵਿੱਚੋਂ ਉਸ ਲਈ ਭੈੜੇ ਖ਼ਿਆਲ ਕੱਢ ਸਕਾਂਗੇ

23 ਬਾਈਬਲ ਵਿਚ ਅੱਗੇ ਇਹ ਸਲਾਹ ਵੀ ਦਿੱਤੀ ਗਈ ਹੈ: ‘ਇੱਕ ਦੂਏ ਦੀ ਸਹਿ ਲਵੋ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੋ।’ (ਕੁਲੁੱਸੀਆਂ 3:13) ‘ਇੱਕ ਦੂਏ ਦੀ ਸਹਿ ਲੈਣ’ ਦਾ ਮਤਲਬ ਹੈ ਕਿ ਅਸੀਂ ਦੂਸਰਿਆਂ ਨਾਲ ਧੀਰਜ ਰੱਖੀਏ ਅਤੇ ਉਨ੍ਹਾਂ ਦੀਆਂ ਜਿਨ੍ਹਾਂ ਗੱਲਾਂ ਤੋਂ ਸਾਨੂੰ ਚਿੜ ਆਉਂਦੀ ਹੈ ਉਨ੍ਹਾਂ ਨੂੰ ਸਹਿਣਾ ਸਿੱਖੀਏ। ਇਸ ਤਰ੍ਹਾਂ ਗੱਲ ਜਰਨ ਨਾਲ ਅਸੀਂ ਐਵੇਂ ਹੀ ਮਾੜੀਆਂ-ਮਾੜੀਆਂ ਗੱਲਾਂ ਤੇ ਨਾਰਾਜ਼ ਨਹੀਂ ਹੋਵਾਂਗੇ। ‘ਮਾਫ਼ ਕਰੋ’ ਦਾ ਮਤਲਬ ਹੈ ਕਿ ਅਸੀਂ ਆਪਣੇ ਗੁੱਸੇ ਨੂੰ ਪੀ ਜਾਈਏ। ਸਾਡਾ ਬੁੱਧੀਮਾਨ ਪਰਮੇਸ਼ੁਰ ਜਾਣਦਾ ਹੈ ਕਿ ਜਦ ਵੀ ਸਾਨੂੰ ਦੂਸਰਿਆਂ ਨੂੰ ਮਾਫ਼ ਕਰਨ ਦਾ ਕਾਰਨ ਮਿਲਦਾ ਹੈ, ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਨੂੰ ਮਾਫ਼ ਕਰ ਦੇਈਏ। ਇਹ ਸਿਰਫ਼ ਦੂਸਰੇ ਦੀ ਭਲਾਈ ਲਈ ਹੀ ਨਹੀਂ ਹੈ, ਪਰ ਇਸ ਨਾਲ ਸਾਡੇ ਮਨ ਨੂੰ ਵੀ ਚੈਨ ਮਿਲੇਗਾ। (ਲੂਕਾ 17:3, 4) ਵਾਹ, ਪਰਮੇਸ਼ੁਰ ਦੇ ਬਚਨ ਵਿਚ ਕਿੰਨੀ ਬੁੱਧ ਹੈ!

24. ਜਦ ਅਸੀਂ ਆਪਣੀ ਜ਼ਿੰਦਗੀ ਨੂੰ ਯਹੋਵਾਹ ਦੀ ਬੁੱਧ ਮੁਤਾਬਕ ਢਾਲ਼ਦੇ ਹਾਂ, ਤਾਂ ਕੀ ਨਤੀਜਾ ਨਿਕਲਦਾ ਹੈ?

24 ਯਹੋਵਾਹ ਸਾਡੇ ਨਾਲ ਬਹੁਤ ਹੀ ਪਿਆਰ ਕਰਦਾ ਹੈ, ਇਸ ਲਈ ਉਹ ਸਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ। ਇਸ ਤਰ੍ਹਾਂ ਕਰਨ ਲਈ ਉਸ ਨੇ ਸਭ ਤੋਂ ਵਧੀਆ ਤਰੀਕਾ ਵਰਤਿਆ। ਉਸ ਨੇ ਸਾਨੂੰ ਪਵਿੱਤਰ ਆਤਮਾ ਦੀ ਮਦਦ ਨਾਲ ਇਨਸਾਨਾਂ ਰਾਹੀਂ ਇਕ “ਚਿੱਠੀ” ਲਿਖੀ ਹੈ। ਉਸ ਦੇ ਪੰਨਿਆਂ ਵਿਚ ਅਸੀਂ ਯਹੋਵਾਹ ਦੀ ਬੁੱਧ ਬਾਰੇ ਪੜ੍ਹਦੇ ਹਾਂ ਜਿਸ ਉੱਤੇ ਅਸੀਂ ਭਰੋਸਾ ਰੱਖ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 93:5) ਜਦ ਅਸੀਂ ਆਪਣੀ ਜ਼ਿੰਦਗੀ ਨੂੰ ਇਸ ਦੇ ਮੁਤਾਬਕ ਢਾਲ਼ਦੇ ਹਾਂ ਅਤੇ ਦੂਸਰਿਆਂ ਨੂੰ ਇਸ ਬਾਰੇ ਦੱਸਦੇ ਹਾਂ, ਤਾਂ ਅਸੀਂ ਆਪਣੇ ਅੱਤ ਬੁੱਧੀਮਾਨ ਪਰਮੇਸ਼ੁਰ ਵੱਲ ਕੁਦਰਤੀ ਤੌਰ ਤੇ ਖਿੱਚੇ ਜਾਂਦੇ ਹਾਂ। ਅਗਲੇ ਅਧਿਆਇ ਵਿਚ ਅਸੀਂ ਯਹੋਵਾਹ ਦੀ ਬੁੱਧ ਦੇ ਇਕ ਹੋਰ ਵਿਸ਼ੇਸ਼ ਪਹਿਲੂ ਦੀ ਚਰਚਾ ਕਰਾਂਗੇ: ਭਵਿੱਖ ਬਾਰੇ ਦੱਸਣ ਅਤੇ ਆਪਣਾ ਮਕਸਦ ਪੂਰਾ ਕਰਨ ਦੀ ਉਸ ਦੀ ਯੋਗਤਾ।

^ ਪੈਰਾ 8 ਮਿਸਾਲ ਲਈ ਦਾਊਦ ਇਕ ਚਰਵਾਹਾ ਸੀ ਅਤੇ ਉਸ ਨੇ ਲਿਖਦੇ ਹੋਏ ਆਪਣੇ ਕੰਮ ਨਾਲ ਸੰਬੰਧ ਰੱਖਣ ਵਾਲੀਆਂ ਕਈ ਉਦਾਹਰਣਾਂ ਦਿੱਤੀਆਂ ਸਨ। (ਜ਼ਬੂਰਾਂ ਦੀ ਪੋਥੀ 23) ਮੱਤੀ ਇਕ ਮਸੂਲੀਆ ਸੀ ਅਤੇ ਉਸ ਨੇ ਕਈ ਵਾਰ ਗਿਣਤੀ ਅਤੇ ਕੀਮਤਾਂ ਬਾਰੇ ਲਿਖਿਆ ਸੀ। (ਮੱਤੀ 17:27; 26:15; 27:3) ਇਕ ਡਾਕਟਰ ਹੋਣ ਦੇ ਨਾਤੇ ਲੂਕਾ ਨੇ ਅਜਿਹੇ ਸ਼ਬਦ ਵਰਤੇ ਸਨ ਜਿਨ੍ਹਾਂ ਤੋਂ ਉਸ ਦੇ ਪੇਸ਼ੇ ਬਾਰੇ ਪਤਾ ਲੱਗਦਾ ਹੈ।—ਲੂਕਾ 4:38; 14:2; 16:20.

^ ਪੈਰਾ 14 ਪਹਿਲੀ ਸਦੀ ਵਿਚ ਦੋ ਦਮੜੀਆਂ ਇਕ ਦਿਨ ਦੀ ਤਨਖ਼ਾਹ ਦੇ ਚੌਂਹਠਵੇਂ ਹਿੱਸੇ ਦੇ ਬਰਾਬਰ ਸਨ। ਇਨ੍ਹਾਂ ਨਾਲ ਗ਼ਰੀਬ ਲੋਕ ਖਾਣ ਲਈ ਇਕ ਚਿੜੀ ਵੀ ਨਹੀਂ ਖ਼ਰੀਦ ਸਕਦੇ ਸਨ ਭਾਵੇਂ ਕਿ ਇਹ ਸਭ ਤੋਂ ਸਸਤੇ ਪੰਛੀਆਂ ਵਿੱਚੋਂ ਸੀ।