Skip to content

Skip to table of contents

ਵੀਹਵਾਂ ਅਧਿਆਇ

“ਉਹ ਦਿਲੋਂ ਬੁੱਧੀਮਾਨ” ਹੈ ਪਰ ਹੰਕਾਰੀ ਨਹੀਂ

“ਉਹ ਦਿਲੋਂ ਬੁੱਧੀਮਾਨ” ਹੈ ਪਰ ਹੰਕਾਰੀ ਨਹੀਂ

1-3. ਅਸੀਂ ਯਕੀਨ ਕਿਉਂ ਕਰ ਸਕਦੇ ਹਾਂ ਕਿ ਯਹੋਵਾਹ ਨਿਮਰ ਹੈ?

ਇਕ ਪਿਤਾ ਜੇਕਰ ਆਪਣੇ ਬੇਟੇ ਨੂੰ ਕੋਈ ਜ਼ਰੂਰੀ ਸਬਕ ਸਿਖਾਉਣਾ ਚਾਹੇ ਅਤੇ ਇਹ ਵੀ ਚਾਹੇ ਕਿ ਇਹ ਗੱਲ ਉਸ ਦੇ ਦਿਲ ਵਿਚ ਬੈਠ ਜਾਵੇ, ਤਾਂ ਉਹ ਉਸ ਨਾਲ ਕਿਸ ਤਰ੍ਹਾਂ ਗੱਲ ਕਰੇਗਾ? ਕੀ ਉਹ ਬੱਚੇ ਤੇ ਰੋਹਬ ਪਾ ਕੇ ਉਸ ਨਾਲ ਗੱਲ ਕਰੇਗਾ? ਜਾਂ ਕੀ ਉਹ ਗੋਡਿਆਂ ਭਾਰ ਬਹਿ ਕੇ ਅਤੇ ਬੱਚੇ ਨਾਲ ਨਜ਼ਰ ਮਿਲਾ ਕੇ ਪਿਆਰ ਨਾਲ ਉਸ ਨਾਲ ਗੱਲ ਕਰੇਗਾ? ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਕ ਅਕਲਮੰਦ ਅਤੇ ਹਲੀਮ ਪਿਤਾ ਬੱਚੇ ਨੂੰ ਧਮਕਾਉਣ ਦੀ ਬਜਾਇ ਉਸ ਨਾਲ ਪਿਆਰ ਨਾਲ ਗੱਲ ਕਰੇਗਾ।

2 ਯਹੋਵਾਹ ਕਿਹੋ ਜਿਹਾ ਪਿਤਾ ਹੈ? ਕੀ ਉਹ ਹੰਕਾਰੀ ਹੈ ਜਾਂ ਹਲੀਮ? ਕੀ ਉਹ ਨਿਰਦਈ ਹੈ ਜਾਂ ਨਰਮ ਦਿਲ ਵਾਲਾ? ਯਹੋਵਾਹ ਸਭ ਕੁਝ ਜਾਣਦਾ ਹੈ ਅਤੇ ਉਹ ਸਭ ਤੋਂ ਬੁੱਧੀਮਾਨ ਹੈ। ਪਰ ਸ਼ਾਇਦ ਤੁਸੀਂ ਦੇਖਿਆ ਹੋਵੇ ਕਿ ਜਦੋਂ ਲੋਕ ਗਿਆਨ ਤੇ ਅਕਲ ਹਾਸਲ ਕਰਦੇ ਹਨ, ਤਾਂ ਉਨ੍ਹਾਂ ਦਾ ਸਿਰ ਵੱਡਾ ਹੋ ਜਾਂਦਾ ਹੈ। ਬਾਈਬਲ ਵਿਚ ਲਿਖਿਆ ਹੈ ਕਿ “‘ਗਿਆਨ’ ਆਦਮੀ ਨੂੰ ਹੰਕਾਰੀ ਬਣਾ ਦਿੰਦਾ ਹੈ।” (1 ਕੁਰਿੰਥੀਆਂ 3:19; 8:1, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਯਹੋਵਾਹ “ਦਿਲੋਂ ਬੁੱਧੀਮਾਨ” ਹੋਣ ਦੇ ਨਾਲ-ਨਾਲ ਨਿਮਰ ਵੀ ਹੈ। (ਅੱਯੂਬ 9:4) ਇਸ ਦਾ ਕੀ ਮਤਲਬ ਹੈ? ਭਾਵੇਂ ਯਹੋਵਾਹ ਸਰਬਸ਼ਕਤੀਮਾਨ ਹੈ ਤੇ ਉਸ ਦੀ ਵੱਡੀ ਸ਼ਾਨ ਹੈ, ਪਰ ਉਸ ਵਿਚ ਹੰਕਾਰ ਨਹੀਂ ਹੈ। ਕਿਉਂ ਨਹੀਂ?

3 ਪਵਿੱਤਰ ਹੋਣ ਦੇ ਨਾਤੇ ਯਹੋਵਾਹ ਵਿਚ ਇਹ ਭ੍ਰਿਸ਼ਟ ਕਰਨ ਵਾਲਾ ਔਗੁਣ ਯਾਨੀ ਹੰਕਾਰ ਹੋ ਹੀ ਨਹੀਂ ਸਕਦਾ। (ਮਰਕੁਸ 7:20-22) ਇਸ ਤੋਂ ਇਲਾਵਾ ਨੋਟ ਕਰੋ ਕਿ ਯਿਰਮਿਯਾਹ ਨਬੀ ਨੇ ਯਹੋਵਾਹ ਨੂੰ ਕੀ ਕਿਹਾ ਸੀ: “ਤੂੰ ਮੈਨੂੰ ਚੇਤੇ ਕਰਦੇ ਹੋਏ ਮੇਰੇ ਉੱਤੇ ਝੁੱਕ ਜਾਵੇਂਗਾ।” * (ਵਿਰਲਾਪ 3:20, NW) ਜ਼ਰਾ ਸੋਚੋ, ਸਾਰੀ ਦੁਨੀਆਂ ਦਾ ਅੱਤ ਮਹਾਨ ਪਰਮੇਸ਼ੁਰ ਯਹੋਵਾਹ ਅਪੂਰਣ ਇਨਸਾਨ ਯਿਰਮਿਯਾਹ ਨਾਲ ਪਿਆਰ ਨਾਲ ਗੱਲ ਕਰਨ ਵਾਸਤੇ “ਝੁੱਕ” ਜਾਣ ਲਈ ਤਿਆਰ ਸੀ। (ਜ਼ਬੂਰਾਂ ਦੀ ਪੋਥੀ 113:7) ਜੀ ਹਾਂ, ਯਹੋਵਾਹ ਨਿਮਰ ਹੈ। ਪਰ ਯਹੋਵਾਹ ਦੇ ਨਿਮਰ ਹੋਣ ਦਾ ਕੀ ਮਤਲਬ ਹੈ? ਨਿਮਰਤਾ ਦਾ ਬੁੱਧ ਨਾਲ ਕੀ ਸੰਬੰਧ ਹੈ? ਸਾਨੂੰ ਨਿਮਰ ਬਣਨ ਦੀ ਕਿਉਂ ਲੋੜ ਹੈ?

ਯਹੋਵਾਹ ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਉਹ ਨਿਮਰ ਹੈ

4, 5. (ੳ) ਨਿਮਰਤਾ ਕੀ ਹੈ ਅਤੇ ਇਹ ਗੁਣ ਕਿਸ ਤਰ੍ਹਾਂ ਨਜ਼ਰ ਆਉਂਦਾ ਹੈ ਅਤੇ ਇਸ ਨੂੰ ਕਦੇ ਵੀ ਕਮਜ਼ੋਰੀ ਜਾਂ ਸ਼ਰਮਿੰਦਗੀ ਦੀ ਗੱਲ ਕਿਉਂ ਨਹੀਂ ਸਮਝਣਾ ਚਾਹੀਦਾ? (ਅ) ਯਹੋਵਾਹ ਨੇ ਨਿਮਰਤਾ ਨਾਲ ਦਾਊਦ ਦੀ ਮਦਦ ਕਿਸ ਤਰ੍ਹਾਂ ਕੀਤੀ ਸੀ ਅਤੇ ਸਾਡੇ ਵਾਸਤੇ ਯਹੋਵਾਹ ਦੀ ਨਿਮਰਤਾ ਕਿੰਨੀ ਕੁ ਜ਼ਰੂਰੀ ਹੈ?

4 ਨਿਮਰਤਾ ਮਨ ਦੀ ਹਲੀਮੀ ਹੁੰਦੀ ਹੈ। ਨਿਮਰ ਲੋਕਾਂ ਵਿਚ ਘਮੰਡ ਜਾਂ ਹੰਕਾਰ ਨਹੀਂ ਹੁੰਦਾ। ਇਹ ਗੁਣ ਦਿਲ ਵਿਚ ਪੈਦਾ ਹੁੰਦਾ ਹੈ। ਇਕ ਨਿਮਰ ਇਨਸਾਨ ਨਰਮ, ਧੀਰਜਵਾਨ ਤੇ ਸ਼ਾਂਤ ਸੁਭਾਅ ਵਾਲਾ ਹੁੰਦਾ ਹੈ। (ਗਲਾਤੀਆਂ 5:22, 23) ਇਨ੍ਹਾਂ ਸਦਗੁਣਾਂ ਤੋਂ ਪਰਮੇਸ਼ੁਰ ਪ੍ਰਸੰਨ ਹੁੰਦਾ ਹੈ ਅਤੇ ਸਾਨੂੰ ਇਨ੍ਹਾਂ ਨੂੰ ਕਦੇ ਵੀ ਕਮਜ਼ੋਰੀ ਜਾਂ ਸ਼ਰਮਿੰਦਗੀ ਦੀ ਗੱਲ ਨਹੀਂ ਸਮਝਣਾ ਚਾਹੀਦਾ। ਭਾਵੇਂ ਕਿ ਯਹੋਵਾਹ ਕਦੇ-ਕਦੇ ਗੁੱਸਾ ਕਰਦਾ ਹੈ ਅਤੇ ਉਸ ਕੋਲ ਨਾਸ਼ ਕਰਨ ਦੀ ਸ਼ਕਤੀ ਹੈ, ਫਿਰ ਵੀ ਉਹ ਨਿਮਰਤਾ ਅਤੇ ਨਰਮਾਈ ਨਾਲ ਪੇਸ਼ ਆਉਂਦਾ ਹੈ। ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਉਹ ਬਹੁਤ ਤਾਕਤਵਰ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਰੱਖ ਸਕਦਾ ਹੈ। (ਯਸਾਯਾਹ 42:14) ਨਿਮਰਤਾ ਦਾ ਬੁੱਧ ਨਾਲ ਕੀ ਸੰਬੰਧ ਹੈ? ਬਾਈਬਲ ਬਾਰੇ ਇਕ ਕਿਤਾਬ ਕਹਿੰਦੀ ਹੈ: ‘ਨਿਮਰਤਾ ਦਾ ਸਹੀ ਮਤਲਬ ਹੈ ਨਿਰਸੁਆਰਥ ਹੋਣਾ ਅਤੇ ਬੁੱਧੀਮਾਨ ਬਣਨ ਲਈ ਨਿਮਰ ਹੋਣਾ ਬਹੁਤ ਜ਼ਰੂਰੀ ਹੈ।’ ਤਾਂ ਫਿਰ ਨਿਮਰ ਹੋਣ ਤੋਂ ਬਿਨਾਂ ਕੋਈ ਵੀ ਬੁੱਧੀਮਾਨ ਨਹੀਂ ਬਣ ਸਕਦਾ। ਯਹੋਵਾਹ ਦੀ ਨਿਮਰਤਾ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

ਇਕ ਬੁੱਧੀਮਾਨ ਪਿਤਾ ਕੋਮਲਤਾ ਤੇ ਪਿਆਰ ਨਾਲ ਆਪਣੇ ਬੱਚਿਆਂ ਨਾਲ ਪੇਸ਼ ਆਉਂਦਾ ਹੈ

5 ਰਾਜਾ ਦਾਊਦ ਨੇ ਇਕ ਗੀਤ ਗਾਉਂਦੇ ਹੋਏ ਯਹੋਵਾਹ ਨੂੰ ਕਿਹਾ: “ਤੈਂ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ, ਅਤੇ ਤੇਰੇ ਸੱਜੇ ਹੱਥ ਨੇ ਮੈਨੂੰ ਸੰਭਾਲਿਆ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ।” (ਜ਼ਬੂਰਾਂ ਦੀ ਪੋਥੀ 18:35) ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਨੇ ਇਸ ਅਪੂਰਣ ਬੰਦੇ ਨੂੰ ਦਿਨ-ਰਾਤ ਸਹਾਰਾ ਦੇਣ ਵਾਸਤੇ ਅਤੇ ਉਸ ਦੀ ਮਦਦ ਕਰਨ ਵਾਸਤੇ ਆਪਣੇ ਆਪ ਨੂੰ ਨੀਂਵਾ ਕੀਤਾ। ਦਾਊਦ ਜਾਣਦਾ ਸੀ ਕਿ ਜੇ ਉਸ ਨੇ ਦੁਸ਼ਮਣਾਂ ਤੋਂ ਆਪਣੀ ਜਾਨ ਬਚਾਉਣੀ ਸੀ ਅਤੇ ਜੇ ਉਸ ਨੇ ਰਾਜੇ ਵਜੋਂ ਕਿਸੇ ਹੱਦ ਤਕ ਕਾਮਯਾਬ ਹੋਣਾ ਸੀ, ਤਾਂ ਇਹ ਸਿਰਫ਼ ਯਹੋਵਾਹ ਦੀ ਮਦਦ ਨਾਲ ਹੀ ਹੋਣਾ ਸੀ। ਪਰ ਜੇ ਯਹੋਵਾਹ ਆਪਣੇ ਆਪ ਨੂੰ ਨੀਵਾਂ ਨਾ ਕਰਦਾ, ਤਾਂ ਦਾਊਦ ਨੂੰ ਸਹਾਇਤਾ ਨਹੀਂ ਮਿਲਣੀ ਸੀ। ਸੱਚ ਕਿਹਾ ਜਾਏ, ਜੇ ਯਹੋਵਾਹ ਨਿਮਰ ਨਾ ਹੁੰਦਾ ਅਤੇ ਜੇ ਉਹ ਕੋਮਲਤਾ ਤੇ ਪਿਆਰ ਨਾਲ ਸਾਡੀ ਦੇਖ-ਭਾਲ ਨਾ ਕਰਦਾ, ਤਾਂ ਸਾਡੇ ਵਿੱਚੋਂ ਕਿਸੇ ਕੋਲ ਮੁਕਤੀ ਦੀ ਆਸ ਨਹੀਂ ਹੋਣੀ ਸੀ।

6, 7. (ੳ) ਯਹੋਵਾਹ ਕਿਸ ਤਰੀਕੇ ਨਾਲ ਨਿਮਰ ਹੈ? (ਅ) ਬੁੱਧ ਅਤੇ ਨਰਮਾਈ ਦਾ ਆਪਸ ਵਿਚ ਕੀ ਸੰਬੰਧ ਹੈ ਅਤੇ ਇਸ ਦੀ ਵਧੀਆ ਮਿਸਾਲ ਕਿਸ ਨੇ ਕਾਇਮ ਕੀਤੀ ਹੈ?

6 ਨਿਮਰਤਾ ਜਾਂ ਦੀਨਤਾ ਇਕ ਬਹੁਤ ਹੀ ਸੋਹਣਾ ਗੁਣ ਹੈ ਜੋ ਇਨਸਾਨਾਂ ਨੂੰ ਪੈਦਾ ਕਰਨਾ ਚਾਹੀਦਾ ਹੈ। ਇਸ ਦਾ ਬੁੱਧ ਨਾਲ ਸੰਬੰਧ ਹੈ। ਮਿਸਾਲ ਲਈ ਕਹਾਉਤਾਂ 11:2 ਵਿਚ ਲਿਖਿਆ ਹੈ: “ਦੀਨਾਂ ਦੇ ਨਾਲ ਬੁੱਧ ਹੈ।” ਬਾਈਬਲ ਵਿਚ ਜਦੋਂ ਇਨਸਾਨਾਂ ਦੇ ਨਿਮਰ ਹੋਣ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਉਹ ਆਪਣੀਆਂ ਕਮਜ਼ੋਰੀਆਂ ਪਛਾਣਦੇ ਹਨ ਅਤੇ ਆਪਣੀਆਂ ਹੱਦਾਂ ਵਿਚ ਰਹਿਣਾ ਜਾਣਦੇ ਹਨ। ਯਹੋਵਾਹ ਨੂੰ ਵੀ ਦੀਨ ਜਾਂ ਨਿਮਰ ਕਿਹਾ ਗਿਆ ਹੈ। ਪਰ ਉਹ ਇਨਸਾਨਾਂ ਵਰਗਾ ਨਹੀਂ ਹੈ ਕਿਉਂਕਿ ਸਰਬਸ਼ਕਤੀਮਾਨ ਪਰਮੇਸ਼ੁਰ ਦੀਆਂ ਤਾਂ ਹੱਦਾਂ ਹੀ ਨਹੀਂ ਹਨ, ਸਿਰਫ਼ ਉਹੀ ਜੋ ਉਹ ਆਪਣੇ ਧਰਮੀ ਮਿਆਰਾਂ ਕਾਰਨ ਆਪਣੇ ਆਪ ਉੱਤੇ ਲਾਉਂਦਾ ਹੈ। (ਮਰਕੁਸ 10:27; ਤੀਤੁਸ 1:2) ਇਸ ਤੋਂ ਇਲਾਵਾ ਅੱਤ ਮਹਾਨ ਪਰਮੇਸ਼ੁਰ ਕਿਸੇ ਦੇ ਅਧੀਨ ਨਹੀਂ ਹੈ। ਇਸ ਲਈ ਉਸ ਨੂੰ ਇਨਸਾਨਾਂ ਵਾਂਗ ਨਿਮਰ ਹੋਣ ਦੀ ਲੋੜ ਨਹੀਂ ਹੈ!

7 ਪਰ ਯਹੋਵਾਹ ਇਸ ਤਰੀਕੇ ਨਾਲ ਨਿਮਰ ਹੈ ਕਿ ਉਹ ਮਾਮੂਲੀ ਇਨਸਾਨਾਂ ਦੀ ਮਦਦ ਕਰਨ ਲਈ ਤਿਆਰ ਹੈ। ਯਹੋਵਾਹ ਨਰਮ ਸੁਭਾਅ ਵਾਲਾ ਵੀ ਹੈ। ਉਹ ਆਪਣੇ ਸੇਵਕਾਂ ਨੂੰ ਸਿਖਾਉਂਦਾ ਹੈ ਕਿ ਬੁੱਧ ਹਾਸਲ ਕਰਨ ਵਾਸਤੇ ਨਰਮਾਈ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਬਾਈਬਲ ਵਿਚ “ਬੁੱਧ ਦੀ ਨਰਮਾਈ” ਦੀ ਗੱਲ ਕੀਤੀ ਗਈ ਹੈ। * (ਯਾਕੂਬ 3:13) ਇਸ ਮਾਮਲੇ ਵਿਚ ਯਹੋਵਾਹ ਨੇ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ। ਆਓ ਆਪਾਂ ਦੇਖੀਏ ਕਿਸ ਤਰ੍ਹਾਂ।

ਯਹੋਵਾਹ ਨਿਮਰਤਾ ਨਾਲ ਜ਼ਿੰਮੇਵਾਰੀ ਦਿੰਦਾ ਅਤੇ ਗੱਲ ਸੁਣਦਾ ਹੈ

8-10. (ੳ) ਇਹ ਮਾਅਰਕੇ ਦੀ ਗੱਲ ਕਿਉਂ ਹੈ ਕਿ ਯਹੋਵਾਹ ਹੋਰਨਾਂ ਨੂੰ ਜ਼ਿੰਮੇਵਾਰੀ ਦੇਣ ਅਤੇ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਹੈ? (ਅ) ਸਰਬਸ਼ਕਤੀਮਾਨ ਪਰਮੇਸ਼ੁਰ ਨੇ ਫਰਿਸ਼ਤਿਆਂ ਨਾਲ ਨਿਮਰਤਾ ਕਿਸ ਤਰ੍ਹਾਂ ਵਰਤੀ ਹੈ?

8 ਯਹੋਵਾਹ ਦੀ ਨਿਮਰਤਾ ਦਾ ਬਹੁਤ ਹੀ ਸੋਹਣਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਉਹ ਹੋਰਨਾਂ ਨੂੰ ਜ਼ਿੰਮੇਵਾਰੀ ਦਿੰਦਾ ਹੈ ਅਤੇ ਉਨ੍ਹਾਂ ਦੀ ਗੱਲ ਸੁਣਦਾ ਹੈ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿਉਂਕਿ ਯਹੋਵਾਹ ਨੂੰ ਨਾ ਤਾਂ ਕਿਸੇ ਦੀ ਸਹਾਇਤਾ ਦੀ ਲੋੜ ਹੈ ਤੇ ਨਾ ਕਿਸੇ ਤੋਂ ਸਲਾਹ ਲੈਣ ਦੀ। (ਯਸਾਯਾਹ 40:13, 14; ਰੋਮੀਆਂ 11:34, 35) ਪਰ ਫਿਰ ਵੀ ਬਾਈਬਲ ਵਾਰ-ਵਾਰ ਦਿਖਾਉਂਦੀ ਹੈ ਕਿ ਯਹੋਵਾਹ ਨੀਵਾਂ ਹੋ ਕੇ ਇਸ ਤਰ੍ਹਾਂ ਕਰਦਾ ਹੈ।

9 ਮਿਸਾਲ ਲਈ ਆਓ ਆਪਾਂ ਅਬਰਾਹਾਮ ਦੀ ਜ਼ਿੰਦਗੀ ਦੀ ਇਕ ਘਟਨਾ ਉੱਤੇ ਗੌਰ ਕਰੀਏ। ਇਕ ਵਾਰ ਅਬਰਾਹਾਮ ਦੇ ਘਰ ਤਿੰਨ ਮਹਿਮਾਨ ਆਏ ਸਨ, ਜਿਨ੍ਹਾਂ ਵਿੱਚੋਂ ਇਕ ਨੂੰ ਉਸ ਨੇ “ਯਹੋਵਾਹ” ਸੱਦਿਆ ਸੀ। ਇਹ ਮਹਿਮਾਨ ਫਰਿਸ਼ਤੇ ਸਨ, ਪਰ ਉਨ੍ਹਾਂ ਵਿੱਚੋਂ ਇਕ ਯਹੋਵਾਹ ਦੇ ਨਾਂ ਤੇ ਉਸ ਦਾ ਕੰਮ ਕਰਨ ਲਈ ਆਇਆ ਸੀ। ਜਦ ਉਹ ਫਰਿਸ਼ਤਾ ਬੋਲਦਾ ਸੀ ਜਾਂ ਕੁਝ ਕਰਦਾ ਸੀ, ਤਾਂ ਮਾਨੋ ਯਹੋਵਾਹ ਇਹ ਕਰ ਰਿਹਾ ਸੀ। ਇਸ ਫਰਿਸ਼ਤੇ ਦੇ ਜ਼ਰੀਏ ਯਹੋਵਾਹ ਨੇ ਅਬਰਾਹਾਮ ਨੂੰ ਦੱਸਿਆ ਕਿ ਉਸ ਨੇ “ਸਦੂਮ ਅਰ ਅਮੂਰਾਹ ਦਾ ਰੌਲਾ” ਯਾਨੀ ਉਸ ਦੇ ਵਿਰੁੱਧ ਪੁਕਾਰ ਸੁਣ ਲਈ ਸੀ। ਯਹੋਵਾਹ ਨੇ ਅੱਗੇ ਕਿਹਾ: “ਤਾਂ ਮੈਂ ਉੱਤਰਕੇ ਵੇਖਾਂਗਾ ਕਿ ਉਨ੍ਹਾਂ ਨੇ ਉਸ ਰੌਲੇ ਅਨੁਸਾਰ ਜੋ ਮੇਰੇ ਕੋਲ ਆਇਆ ਹੈ ਸਭ ਕੁਝ ਕੀਤਾ ਹੈ ਅਰ ਜੇ ਨਹੀਂ ਤਾਂ ਮੈਂ ਜਾਣਾਂਗਾ।” (ਉਤਪਤ 18:3, 20, 21) ਇਸ ਦਾ ਮਤਲਬ ਇਹ ਨਹੀਂ ਸੀ ਕਿ ਯਹੋਵਾਹ ਸੱਚ-ਮੁੱਚ ਸਵਰਗੋਂ “ਉੱਤਰਕੇ” ਦੇਖੇਗਾ। ਇਸ ਦੀ ਬਜਾਇ ਉਸ ਨੇ ਫਿਰ ਤੋਂ ਆਪਣੀ ਥਾਂ ਦੂਤ ਘੱਲੇ ਸਨ। (ਉਤਪਤ 19:1) ਕਿਉਂ? ਕੀ ਸਭ ਕੁਝ ਜਾਣਨ ਤੇ ਦੇਖਣ ਵਾਲਾ ਪਰਮੇਸ਼ੁਰ ਯਹੋਵਾਹ ਉਸ ਇਲਾਕੇ ਦੀ ਅਸਲੀ ਹਾਲਤ ਆਪੇ ਹੀ ਨਹੀਂ ਜਾਣ ਸਕਦਾ ਸੀ? ਯਕੀਨਨ। ਪਰ ਯਹੋਵਾਹ ਨੇ ਨਿਮਰਤਾ ਨਾਲ ਫਰਿਸ਼ਤਿਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਕਿ ਉਹ ਜਾ ਕੇ ਸਦੂਮ ਵਿਚ ਲੂਤ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਅਤੇ ਦੇਖਣ ਕਿ ਰੌਲਾ ਕਿਉਂ ਪੈ ਰਿਹਾ ਸੀ।

10 ਇਸ ਤੋਂ ਇਲਾਵਾ ਯਹੋਵਾਹ ਆਪਣੇ ਸੇਵਕਾਂ ਦੀ ਗੱਲ ਵੀ ਸੁਣਦਾ ਹੈ। ਇਕ ਵਾਰ ਉਸ ਨੇ ਆਪਣੇ ਦੂਤਾਂ ਤੋਂ ਸਲਾਹ ਮੰਗੀ ਕਿ ਦੁਸ਼ਟ ਰਾਜੇ ਅਹਾਬ ਦਾ ਅੰਤ ਕਿਸ ਤਰ੍ਹਾਂ ਕੀਤਾ ਜਾਵੇ। ਯਹੋਵਾਹ ਨੂੰ ਇਹ ਕੰਮ ਕਰਨ ਲਈ ਮਦਦ ਦੀ ਲੋੜ ਨਹੀਂ ਸੀ। ਪਰ ਫਿਰ ਵੀ ਉਸ ਨੇ ਇਕ ਦੂਤ ਦੀ ਸਲਾਹ ਸਵੀਕਾਰ ਕੀਤੀ ਅਤੇ ਉਸ ਦੂਤ ਨੂੰ ਇਹ ਕੰਮ ਪੂਰਾ ਕਰਨ ਦੀ ਜ਼ਿੰਮੇਵਾਰੀ ਦਿੱਤੀ। (1 ਰਾਜਿਆਂ 22:19-22) ਕੀ ਇਸ ਤੋਂ ਯਹੋਵਾਹ ਦੀ ਨਿਮਰਤਾ ਜ਼ਾਹਰ ਨਹੀਂ ਹੁੰਦੀ?

11, 12. ਅਬਰਾਹਾਮ ਨੇ ਯਹੋਵਾਹ ਦੀ ਨਿਮਰਤਾ ਦਾ ਸਬੂਤ ਕਿਸ ਤਰ੍ਹਾਂ ਦੇਖਿਆ ਸੀ?

11 ਯਹੋਵਾਹ ਤਾਂ ਅਪੂਰਣ ਇਨਸਾਨਾਂ ਦੀਆਂ ਚਿੰਤਾਵਾਂ ਸੁਣਨ ਲਈ ਵੀ ਤਿਆਰ ਹੈ। ਮਿਸਾਲ ਲਈ ਜਦ ਯਹੋਵਾਹ ਨੇ ਪਹਿਲਾਂ ਅਬਰਾਹਾਮ ਨੂੰ ਦੱਸਿਆ ਸੀ ਕਿ ਉਸ ਨੇ ਸਦੂਮ ਤੇ ਅਮੂਰਾਹ ਨੂੰ ਨਾਸ਼ ਕਰ ਦੇਣਾ ਸੀ, ਤਾਂ ਉਹ ਧਰਮੀ ਬੰਦਾ ਘਬਰਾ ਗਿਆ। ਉਸ ਨੇ ਯਹੋਵਾਹ ਨੂੰ ਕਿਹਾ: “ਇਹ ਤੈਥੋਂ ਦੂਰ ਹੋਵੇ। ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?” ਉਸ ਨੇ ਯਹੋਵਾਹ ਨੂੰ ਪੁੱਛਿਆ ਕਿ ਜੇਕਰ ਉੱਥੇ 50 ਭਲੇ ਲੋਕ ਹੋਣ, ਤਾਂ ਕੀ ਯਹੋਵਾਹ ਉਨ੍ਹਾਂ ਦੀ ਖ਼ਾਤਰ ਉਨ੍ਹਾਂ ਸ਼ਹਿਰਾਂ ਨੂੰ ਬਚਾਵੇਗਾ ਨਹੀਂ? ਯਹੋਵਾਹ ਨੇ ਉਸ ਨੂੰ ਤਸੱਲੀ ਦਿੱਤੀ ਕਿ ਉਹ ਜ਼ਰੂਰ ਬਚਾਵੇਗਾ। ਪਰ ਅਬਰਾਹਾਮ ਵਾਰ-ਵਾਰ ਪੁੱਛਦਾ ਰਿਹਾ ਕਿ ਜੇ ਉੱਥੇ 45 ਭਲੇ ਬੰਦੇ, 40 ਭਲੇ ਬੰਦੇ ਜਾਂ 35 ਭਲੇ ਬੰਦੇ ਹੋਏ, ਤਾਂ ਕੀ ਉਹ ਫਿਰ ਵੀ ਸ਼ਹਿਰਾਂ ਦਾ ਨਾਸ਼ ਕਰੇਗਾ? ਯਹੋਵਾਹ ਦੁਆਰਾ ਉਸ ਨੂੰ ਵਾਰ-ਵਾਰ ਤਸੱਲੀ ਦੇਣ ਦੇ ਬਾਵਜੂਦ ਅਬਰਾਹਾਮ ਨੇ ਪੁੱਛਦੇ-ਪੁੱਛਦੇ ਗਿਣਤੀ 10 ਤਕ ਲਿਆ ਦਿੱਤੀ। ਸ਼ਾਇਦ ਅਬਰਾਹਾਮ ਅਜੇ ਤਕ ਪੂਰੀ ਤਰ੍ਹਾਂ ਨਹੀਂ ਸਮਝਿਆ ਸੀ ਕਿ ਯਹੋਵਾਹ ਕਿੰਨਾ ਦਿਆਲੂ ਹੈ। ਅਬਰਾਹਾਮ ਭਾਵੇਂ ਯਹੋਵਾਹ ਦੀ ਦਇਆ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ ਸੀ, ਫਿਰ ਵੀ ਯਹੋਵਾਹ ਨੇ ਧੀਰਜ ਅਤੇ ਨਿਮਰਤਾ ਨਾਲ ਆਪਣੇ ਦੋਸਤ ਤੇ ਭਗਤ ਨੂੰ ਇਸ ਤਰ੍ਹਾਂ ਆਪਣੀਆਂ ਚਿੰਤਾਵਾਂ ਪ੍ਰਗਟ ਕਰ ਲੈਣ ਦਿੱਤੀਆਂ।—ਉਤਪਤ 18:23-33.

12 ਪੜ੍ਹੇ-ਲਿਖੇ ਤੇ ਅਕਲਮੰਦ ਲੋਕਾਂ ਵਿੱਚੋਂ ਕਿੰਨੇ ਕੁ ਲੋਕ ਇੰਨੇ ਧੀਰਜ ਨਾਲ ਆਪਣੇ ਤੋਂ ਛੋਟੇ ਤੇ ਘੱਟ ਅਕਲ ਵਾਲੇ ਇਨਸਾਨ ਦੀ ਗੱਲ ਸੁਣਨ ਲਈ ਤਿਆਰ ਹੋਣਗੇ? * ਇਹ ਹੈ ਸਾਡੇ ਪਰਮੇਸ਼ੁਰ ਦੀ ਨਿਮਰਤਾ ਦਾ ਸਬੂਤ। ਯਹੋਵਾਹ ਨਾਲ ਇਸੇ ਗੱਲਬਾਤ ਦੌਰਾਨ ਅਬਰਾਹਾਮ ਨੇ ਉਸ ਬਾਰੇ ਇਹ ਵੀ ਜਾਣਿਆ ਕਿ ਉਹ “ਕਰੋਧ ਵਿੱਚ ਧੀਰਜੀ” ਹੈ। (ਕੂਚ 34:6) ਸ਼ਾਇਦ ਅਬਰਾਹਾਮ ਨੂੰ ਪਤਾ ਸੀ ਕਿ ਉਸ ਕੋਲ ਅੱਤ ਮਹਾਨ ਨੂੰ ਇਸ ਤਰ੍ਹਾਂ ਸਵਾਲ ਪੁੱਛਣ ਦਾ ਕੋਈ ਹੱਕ ਨਹੀਂ ਸੀ, ਇਸ ਲਈ ਉਸ ਨੇ ਦੋ ਵਾਰ ਬੇਨਤੀ ਕੀਤੀ: “ਪ੍ਰਭੁ ਕਰੋਧਵਾਨ ਨਾ ਹੋਵੇ।” (ਉਤਪਤ 18:30, 32) ਪਰ ਯਹੋਵਾਹ ਨੇ ਗੁੱਸਾ ਨਹੀਂ ਕੀਤਾ ਸੀ। ਉਸ ਕੋਲ ਸੱਚ-ਮੁੱਚ “ਬੁੱਧ ਦੀ ਨਰਮਾਈ” ਹੈ।

ਯਹੋਵਾਹ ਬਦਲਣ ਲਈ ਤਿਆਰ ਹੈ

13. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਸੁਭਾਅ ਸ਼ੀਲ ਹੈ?

13 ਯਹੋਵਾਹ ਦੀ ਨਿਮਰਤਾ ਇਕ ਹੋਰ ਵਧੀਆ ਤਰੀਕੇ ਨਾਲ ਵੀ ਜ਼ਾਹਰ ਹੁੰਦੀ ਹੈ: ਉਹ ਆਪਣੀ ਗੱਲ ਤੇ ਅੜਿਆ ਨਹੀਂ ਰਹਿੰਦਾ ਪਰ ਬਦਲਣ ਲਈ ਤਿਆਰ ਹੋ ਜਾਂਦਾ ਹੈ। ਇਹ ਖੂਬੀ ਅਸੀਂ ਇਨਸਾਨਾਂ ਵਿਚ ਘੱਟ ਹੀ ਦੇਖਦੇ ਹਾਂ। ਯਹੋਵਾਹ ਸਿਰਫ਼ ਇਨਸਾਨਾਂ ਤੇ ਫਰਿਸ਼ਤਿਆਂ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਹੁੰਦਾ ਪਰ ਜੇ ਉਨ੍ਹਾਂ ਦੀ ਸਲਾਹ ਉਸ ਦੇ ਧਰਮੀ ਅਸੂਲਾਂ ਦੇ ਖ਼ਿਲਾਫ਼ ਨਾ ਹੋਵੇ, ਤਾਂ ਉਹ ਉਸ ਅਨੁਸਾਰ ਚੱਲਣ ਲਈ ਵੀ ਤਿਆਰ ਹੋ ਜਾਂਦਾ ਹੈ। ਝੁੱਕਣਾ, ਈਨ ਮੰਨਣਾ ਤੇ ਅਧੀਨ ਹੋਣਾ ਵੀ ਪਰਮੇਸ਼ੁਰ ਦੀ ਬੁੱਧ ਦੀਆਂ ਖੂਬੀਆਂ ਹਨ। ਯਾਕੂਬ 3:17 ਵਿਚ ਲਿਖਿਆ ਹੈ: ‘ਉੱਪਰਲੀ ਬੁੱਧ ਸ਼ੀਲ ਸੁਭਾਉ ਹੈ।’ ਯਹੋਵਾਹ ਦਾ ਸੁਭਾਅ ਸ਼ੀਲ ਕਿਸ ਤਰ੍ਹਾਂ ਹੈ? ਇਕ ਗੱਲ ਤਾਂ ਇਹ ਹੈ ਕਿ ਉਹ ਆਪਣੀ ਗੱਲ ਤੇ ਅੜਿਆ ਨਹੀਂ ਰਹਿੰਦਾ। ਯਾਦ ਰੱਖੋ ਕਿ ਉਸ ਦੇ ਨਾਂ ਦੇ ਮਤਲਬ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਆਪਣੇ ਮਕਸਦ ਪੂਰੇ ਕਰਨ ਵਾਸਤੇ ਉਹ ਚੀਜ਼ ਬਣ ਜਾਂਦਾ ਹੈ ਜਿਸ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਹਾਲਾਤ ਅਨੁਸਾਰ ਬਦਲਣ ਲਈ ਤਿਆਰ ਰਹਿੰਦਾ ਹੈ।

14, 15. ਹਿਜ਼ਕੀਏਲ ਨਬੀ ਨੂੰ ਮਿਲਿਆ ਦਰਸ਼ਣ ਸਾਨੂੰ ਯਹੋਵਾਹ ਦੇ ਸਵਰਗੀ ਸੰਗਠਨ ਬਾਰੇ ਕੀ ਸਿਖਾਉਂਦਾ ਹੈ ਅਤੇ ਇਹ ਇਨਸਾਨਾਂ ਦੀਆਂ ਬਣਾਈਆਂ ਸੰਸਥਾਵਾਂ ਤੋਂ ਵੱਖਰਾ ਕਿਸ ਤਰ੍ਹਾਂ ਹੈ?

14 ਬਾਈਬਲ ਵਿਚ ਇਕ ਮਾਅਰਕੇ ਦਾ ਹਵਾਲਾ ਹੈ ਜਿਸ ਦੀ ਮਦਦ ਨਾਲ ਅਸੀਂ ਯਹੋਵਾਹ ਦੀ ਹਾਲਾਤ ਮੁਤਾਬਕ ਬਦਲਣ ਦੀ ਯੋਗਤਾ ਸਮਝ ਸਕਦੇ ਹਾਂ। ਹਿਜ਼ਕੀਏਲ ਨਬੀ ਨੂੰ ਯਹੋਵਾਹ ਦੇ ਸਵਰਗੀ ਦੂਤਾਂ ਦੇ ਸੰਗਠਨ ਦਾ ਦਰਸ਼ਣ ਦਿੱਤਾ ਗਿਆ ਸੀ। ਉਸ ਨੇ ਇਕ ਬਹੁਤ ਹੀ ਵੱਡਾ ਰੱਥ ਦੇਖਿਆ ਜੋ ਹਮੇਸ਼ਾ ਯਹੋਵਾਹ ਦੇ ਕੰਟ੍ਰੋਲ ਵਿਚ ਰਹਿੰਦਾ ਸੀ। ਉਸ ਰੱਥ ਦੇ ਚੱਲਣ ਦਾ ਤਰੀਕਾ ਬਹੁਤ ਹੀ ਦਿਲਚਸਪ ਸੀ। ਉਸ ਦੇ ਵੱਡੇ ਪਹੀਏ ਚੌਪਾਸੇ ਸਨ ਅਤੇ ਉਨ੍ਹਾਂ ਵਿਚ ਅੱਖਾਂ ਹੀ ਅੱਖਾਂ ਸਨ ਤਾਂਕਿ ਉਹ ਬਿਨਾਂ ਰੁਕੇ ਆਸਾਨੀ ਨਾਲ ਹਰ ਪਾਸੇ ਜਾ ਸਕਣ ਅਤੇ ਹਰ ਪਾਸੇ ਦੇਖ ਸਕਣ। ਇਹ ਵੱਡਾ ਸਾਰਾ ਰੱਥ ਇਨਸਾਨਾਂ ਦੀਆਂ ਬਣੀਆਂ ਭਾਰੀਆਂ ਗੱਡੀਆਂ ਦੀ ਤਰ੍ਹਾਂ ਹੌਲੀ-ਹੌਲੀ ਨਹੀਂ ਚੱਲਦਾ ਸੀ। ਇਹ ਬਿਜਲੀ ਦੀ ਤੇਜ਼ੀ ਨਾਲ ਚੱਲ ਸਕਦਾ ਸੀ ਅਤੇ ਆਸਾਨੀ ਨਾਲ ਸੱਜੇ-ਖੱਬੇ ਜਾ ਸਕਦਾ ਸੀ! (ਹਿਜ਼ਕੀਏਲ 1:1, 14-28) ਜੀ ਹਾਂ, ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦਾ ਸੰਗਠਨ ਹਮੇਸ਼ਾ ਉਸ ਦੇ ਕੰਟ੍ਰੋਲ ਵਿਚ ਰਹਿੰਦਾ ਹੈ ਅਤੇ ਉਸ ਵਾਂਗ ਉਸ ਦਾ ਸੰਗਠਨ ਵੀ ਜ਼ਰੂਰਤ ਪੈਣ ਤੇ ਹਾਲਾਤ ਅਨੁਸਾਰ ਬਦਲਣ ਲਈ ਤਿਆਰ ਰਹਿੰਦਾ ਹੈ।

15 ਇਨਸਾਨ ਤਾਂ ਹਾਲਾਤ ਅਨੁਸਾਰ ਇਸ ਤਰ੍ਹਾਂ ਬਦਲਣ ਦੀ ਸਿਰਫ਼ ਕੋਸ਼ਿਸ਼ ਹੀ ਕਰ ਸਕਦੇ ਹਨ। ਪਰ ਆਮ ਕਰਕੇ ਇਨਸਾਨ ਅਤੇ ਉਨ੍ਹਾਂ ਦੇ ਸੰਗਠਨ ਝੁਕਣ, ਈਨ ਮੰਨਣ ਤੇ ਅਧੀਨ ਹੋਣ ਦੀ ਬਜਾਇ ਕੱਟੜ ਬਣ ਕੇ ਆਪਣੀ ਗੱਲ ਤੇ ਅੜੇ ਰਹਿੰਦੇ ਹਨ। ਉਦਾਹਰਣ ਲਈ: ਮਾਲ ਗੱਡੀਆਂ ਜਾਂ ਤੇਲ ਢੋਣ ਵਾਲੇ ਸਮੁੰਦਰੀ ਜਹਾਜ਼ ਬਹੁਤ ਜ਼ੋਰਦਾਰ ਤੇ ਵੱਡੇ ਹੁੰਦੇ ਹਨ। ਪਰ ਕੀ ਇਹ ਹਾਲਾਤ ਮੁਤਾਬਕ ਇਕਦਮ ਮੁੜ ਸਕਦੇ ਹਨ? ਜੇ ਰੇਲਵੇ ਲਾਈਨ ਉੱਤੇ ਕਿਸੇ ਤਰ੍ਹਾਂ ਦੀ ਰੁਕਾਵਟ ਆ ਜਾਵੇ, ਤਾਂ ਗੱਡੀ ਇਕਦਮ ਦੂਜੇ ਪਾਸੇ ਨਹੀਂ ਮੁੜ ਸਕਦੀ। ਇਸ ਨੂੰ ਉਸੇ ਵੇਲੇ ਰੋਕਣਾ ਵੀ ਸੌਖਾ ਨਹੀਂ ਹੁੰਦਾ। ਬ੍ਰੇਕਾਂ ਲਾਉਣ ਤੋਂ ਬਾਅਦ ਵੀ ਗੱਡੀ ਤਕਰੀਬਨ ਦੋ ਕਿਲੋਮੀਟਰ ਤਕ ਚੱਲਦੀ ਰਹਿ ਸਕਦੀ ਹੈ! ਇਸੇ ਤਰ੍ਹਾਂ ਸਮੁੰਦਰੀ ਜਹਾਜ਼ ਦੇ ਇੰਜਣ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਵੀ ਇਹ ਅੱਠ ਕਿਲੋਮੀਟਰ ਤਕ ਅੱਗੇ ਵਧਦਾ ਰਹਿੰਦਾ ਹੈ। ਜਹਾਜ਼ ਦੇ ਇੰਜਣਾਂ ਨੂੰ ਰੀਵਰਸ ਗੇਅਰ ਵਿਚ ਪਾਉਣ ਤੇ ਵੀ ਜਹਾਜ਼ ਸ਼ਾਇਦ ਤਿੰਨ ਕਿਲੋਮੀਟਰ ਤਕ ਅੱਗੇ ਵਧਦਾ ਰਹੇ! ਇਨਸਾਨਾਂ ਦੀਆਂ ਬਣਾਈਆਂ ਸੰਸਥਾਵਾਂ ਨਾਲ ਵੀ ਇਸੇ ਤਰ੍ਹਾਂ ਹੁੰਦਾ ਹੈ। ਲੋਕ ਹਮੇਸ਼ਾ ਸਖ਼ਤੀ ਤੋਂ ਕੰਮ ਲੈਂਦੇ ਹਨ ਅਤੇ ਅੜੇ ਰਹਿੰਦੇ ਹਨ। ਘਮੰਡ ਕਰਕੇ ਲੋਕ ਬਦਲਦੀਆਂ ਲੋੜਾਂ ਤੇ ਹਾਲਾਤ ਮੁਤਾਬਕ ਆਪਣੇ ਆਪ ਨੂੰ ਬਦਲਣ ਲਈ ਰਾਜ਼ੀ ਨਹੀਂ ਹਨ। ਇਸੇ ਨਾਸਮਝੀ ਨੇ ਵੱਡੇ-ਵੱਡੇ ਕਾਰੋਬਾਰਾਂ ਦਾ ਦਿਵਾਲਾ ਕੱਢ ਦਿੱਤਾ ਹੈ ਤੇ ਸਰਕਾਰਾਂ ਨੂੰ ਤਬਾਹ ਕਰ ਦਿੱਤਾ ਹੈ। (ਕਹਾਉਤਾਂ 16:18) ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਤੇ ਉਸ ਦਾ ਸੰਗਠਨ ਅਜਿਹੀ ਨਾਸਮਝੀ ਨਹੀਂ ਵਰਤਦੇ!

ਯਹੋਵਾਹ ਦਿਖਾਉਂਦਾ ਹੈ ਕਿ ਉਹ ਬਦਲਣ ਲਈ ਤਿਆਰ ਹੈ

16. ਸਦੂਮ ਅਤੇ ਅਮੂਰਾਹ ਦੇ ਨਾਸ਼ ਤੋਂ ਪਹਿਲਾਂ ਯਹੋਵਾਹ ਨੇ ਲੂਤ ਦੇ ਮਾਮਲੇ ਵਿਚ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਬਦਲਣ ਲਈ ਤਿਆਰ ਹੈ?

16 ਆਓ ਆਪਾਂ ਫਿਰ ਤੋਂ ਸਦੂਮ ਅਤੇ ਅਮੂਰਾਹ ਦੇ ਨਾਸ਼ ਉੱਤੇ ਗੌਰ ਕਰੀਏ। ਲੂਤ ਅਤੇ ਉਸ ਦੇ ਪਰਿਵਾਰ ਨੂੰ ਯਹੋਵਾਹ ਦੇ ਦੂਤ ਨੇ ਇਹ ਸਾਫ਼-ਸਾਫ਼ ਹੁਕਮ ਦਿੱਤਾ ਸੀ: ‘ਪਹਾੜ ਨੂੰ ਭੱਜ ਜਾਓ।’ ਪਰ ਲੂਤ ਨੂੰ ਇਹ ਗੱਲ ਪਸੰਦ ਨਹੀਂ ਆਈ। ਉਸ ਨੇ ਬੇਨਤੀ ਕੀਤੀ: ‘ਹੇ ਮੇਰੇ ਪ੍ਰਭੁ ਅਜੇਹਾ ਨਹੀਂ।’ ਲੂਤ ਨੂੰ ਯਕੀਨ ਸੀ ਕਿ ਜੇ ਉਸ ਨੂੰ ਪਹਾੜ ਵੱਲ ਭੱਜਣਾ ਪਿਆ, ਤਾਂ ਉਸ ਨੇ ਉੱਥੇ ਮਰ ਜਾਣਾ ਸੀ। ਉਸ ਨੇ ਤਰਲੇ ਕੀਤੇ ਕਿ ਉਸ ਨੂੰ ਆਪਣੇ ਪਰਿਵਾਰ ਨਾਲ ਲਾਗੇ ਦੇ ਸੋਆਰ ਨਾਂ ਦੇ ਸ਼ਹਿਰ ਵਿਚ ਜਾਣ ਦਿੱਤਾ ਜਾਵੇ। ਪਰ ਯਹੋਵਾਹ ਦਾ ਤਾਂ ਸੋਆਰ ਸ਼ਹਿਰ ਨੂੰ ਨਾਸ਼ ਕਰਨ ਦਾ ਇਰਾਦਾ ਸੀ। ਇਸ ਤੋਂ ਇਲਾਵਾ ਲੂਤ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ। ਯਹੋਵਾਹ ਨੇ ਲੂਤ ਨੂੰ ਪਹਾੜਾਂ ਵਿਚ ਵੀ ਜ਼ਰੂਰ ਬਚਾ ਕੇ ਰੱਖਣਾ ਸੀ। ਫਿਰ ਵੀ ਯਹੋਵਾਹ ਨੇ ਅੜੇ ਰਹਿਣ ਦੀ ਬਜਾਇ ਲੂਤ ਦੀ ਬੇਨਤੀ ਸੁਣ ਲਈ ਅਤੇ ਸੋਆਰ ਸ਼ਹਿਰ ਨੂੰ ਤਬਾਹ ਨਹੀਂ ਕੀਤਾ। ਦੂਤ ਨੇ ਲੂਤ ਨੂੰ ਕਿਹਾ: “ਵੇਖ ਮੈਂ ਤੈਨੂੰ ਏਸ ਗੱਲ ਵਿੱਚ ਵੀ ਮੰਨ ਲਿਆ ਹੈ।” (ਉਤਪਤ 19:17-22) ਕੀ ਯਹੋਵਾਹ ਨੇ ਇੱਥੇ ਆਪਣੇ ਸ਼ੀਲ ਸੁਭਾਅ ਤੇ ਹਾਲਾਤ ਅਨੁਸਾਰ ਬਦਲਣ ਦਾ ਸਬੂਤ ਨਹੀਂ ਦਿੱਤਾ?

17, 18. ਨੀਨਵਾਹ ਦੇ ਵਾਸੀਆਂ ਦੇ ਮਾਮਲੇ ਵਿਚ ਯਹੋਵਾਹ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਹ ਬਦਲਣ ਲਈ ਤਿਆਰ ਹੈ?

17 ਯਹੋਵਾਹ ਦਿਲੋਂ ਕੀਤੇ ਗਏ ਪਛਤਾਵੇ ਦੀ ਵੀ ਕਦਰ ਕਰਦਾ ਹੈ ਅਤੇ ਅਜਿਹੇ ਲੋਕਾਂ ਉੱਤੇ ਦਇਆ ਕਰਦੇ ਹੋਏ ਹਮੇਸ਼ਾ ਸਹੀ ਕੰਮ ਕਰਦਾ ਹੈ। ਮਿਸਾਲ ਲਈ, ਉਸ ਘਟਨਾ ਉੱਤੇ ਗੌਰ ਕਰੋ ਜਦੋਂ ਯੂਨਾਹ ਨਬੀ ਨੂੰ ਨੀਨਵਾਹ ਸ਼ਹਿਰ ਦੇ ਹਿੰਸਕ ਅਤੇ ਦੁਸ਼ਟ ਲੋਕਾਂ ਕੋਲ ਭੇਜਿਆ ਗਿਆ ਸੀ। ਯੂਨਾਹ ਨੇ ਨੀਨਵਾਹ ਦੀਆਂ ਸੜਕਾਂ ਵਿੱਚੋਂ ਲੰਘਦੇ ਹੋਏ ਇਹ ਸਾਦਾ ਜਿਹਾ ਸੰਦੇਸ਼ ਦਿੱਤਾ ਸੀ: 40 ਦਿਨਾਂ ਵਿਚ ਇਹ ਸ਼ਹਿਰ ਨਾਸ਼ ਹੋ ਜਾਵੇਗਾ। ਪਰ ਹਾਲਾਤ ਬਿਲਕੁਲ ਬਦਲ ਗਏ। ਨੀਨਵਾਹ ਦੇ ਲੋਕਾਂ ਨੇ ਤੋਬਾ ਕੀਤੀ!—ਯੂਨਾਹ ਦਾ ਤੀਜਾ ਅਧਿਆਇ

18 ਬਦਲਦੇ ਹਾਲਾਤ ਅਨੁਸਾਰ ਯਹੋਵਾਹ ਨੇ ਜੋ ਕੀਤਾ ਅਤੇ ਯੂਨਾਹ ਨੇ ਜੋ ਕੀਤਾ ਬਹੁਤ ਹੀ ਅਲੱਗ ਸੀ। ਜੇ ਅਸੀਂ ਇਨ੍ਹਾਂ ਦੋਹਾਂ ਦੀ ਤੁਲਨਾ ਕਰੀਏ, ਤਾਂ ਅਸੀਂ ਬਹੁਤ ਕੁਝ ਸਿੱਖਾਂਗੇ। ਇਸ ਮਾਮਲੇ ਵਿਚ ਯਹੋਵਾਹ ਨੇ ਆਪਣੇ ਆਪ ਨੂੰ ਬਦਲਿਆ ਅਤੇ ਉਸ ਨੇ “ਜੋਧਾ ਪੁਰਸ਼” ਬਣਨ ਦੀ ਬਜਾਇ ਲੋਕਾਂ ਦੇ ਪਾਪ ਮਾਫ਼ ਕੀਤੇ। * (ਕੂਚ 15:3) ਪਰ ਦੂਜੇ ਪਾਸੇ ਯੂਨਾਹ ਅੜਿਆ ਰਿਹਾ ਅਤੇ ਉਸ ਨੇ ਹਮਦਰਦੀ ਨਹੀਂ ਕੀਤੀ। ਯਹੋਵਾਹ ਵਾਂਗ ਸਮਝਦਾਰੀ ਵਰਤਣ ਦੀ ਬਜਾਇ ਉਹ ਪਹਿਲਾਂ ਜ਼ਿਕਰ ਕੀਤੀ ਗਈ ਮਾਲ ਗੱਡੀ ਜਾਂ ਸਮੁੰਦਰੀ ਜਹਾਜ਼ ਵਰਗਾ ਬਣਿਆ। ਉਸ ਨੇ ਲੋਕਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਨਾਸ਼ ਹੋਵੇਗਾ, ਤਾਂ ਫਿਰ ਹੁਣ ਨਾਸ਼ ਹੋਣਾ ਹੀ ਚਾਹੀਦਾ ਸੀ! ਪਰ ਯਹੋਵਾਹ ਨੇ ਧੀਰਜ ਨਾਲ ਇਸ ਨਬੀ ਨੂੰ ਦਇਆ ਦਾ ਇਕ ਸੋਹਣਾ ਸਬਕ ਸਿਖਾਇਆ।—ਯੂਨਾਹ ਦਾ ਚੌਥਾ ਅਧਿਆਇ

ਯਹੋਵਾਹ ਅੜਿਆ ਨਹੀਂ ਰਹਿੰਦਾ ਅਤੇ ਉਹ ਸਾਡੀਆਂ ਕਮੀਆਂ ਅਤੇ ਕਮਜ਼ੋਰੀਆਂ ਸਮਝਦਾ ਹੈ

19. (ੳ) ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਧਿਆਨ ਰੱਖਦਾ ਹੈ ਕਿ ਉਹ ਸਾਡੇ ਤੋਂ ਹੱਦੋਂ ਵੱਧ ਆਸ ਨਾ ਰੱਖੇ? (ਅ) ਕਹਾਉਤਾਂ 19:17 ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਭਲਾ ਅਤੇ ਸ਼ੀਲ ਸੁਭਾਅ ਵਾਲਾ ਮਾਲਕ ਹੈ ਅਤੇ ਉਹ ਪੂਰੀ ਤਰ੍ਹਾਂ ਨਿਮਰ ਹੈ?

19 ਅਖ਼ੀਰ ਵਿਚ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਧਿਆਨ ਰੱਖਦਾ ਹੈ ਕਿ ਉਹ ਸਾਡੇ ਤੋਂ ਹੱਦੋਂ ਵੱਧ ਆਸ ਨਾ ਰੱਖੇ। ਰਾਜਾ ਦਾਊਦ ਨੇ ਕਿਹਾ: “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰਾਂ ਦੀ ਪੋਥੀ 103:14) ਯਹੋਵਾਹ ਸਾਡੀਆਂ ਕਮੀਆਂ ਅਤੇ ਕਮਜ਼ੋਰੀਆਂ ਨੂੰ ਸਾਡੇ ਨਾਲੋਂ ਵੀ ਜ਼ਿਆਦਾ ਚੰਗੀ ਤਰ੍ਹਾਂ ਸਮਝਦਾ ਹੈ। ਜੋ ਅਸੀਂ ਨਹੀਂ ਕਰ ਸਕਦੇ, ਉਹ ਉਸ ਦੀ ਆਸ ਨਹੀਂ ਰੱਖਦਾ। ਬਾਈਬਲ ਵਿਚ ‘ਭਲੇ ਅਤੇ ਅਸੀਲ’ ਇਨਸਾਨੀ ਮਾਲਕਾਂ ਦੀ ਤੁਲਨਾ ਉਨ੍ਹਾਂ ਮਾਲਕਾਂ ਨਾਲ ਕੀਤੀ ਗਈ ਹੈ ਜੋ ‘ਕਰੜੇ ਸੁਭਾਉ ਵਾਲੇ’ ਹਨ। (1 ਪਤਰਸ 2:18) ਯਹੋਵਾਹ ਕਿਹੋ ਜਿਹਾ ਮਾਲਕ ਹੈ? ਨੋਟ ਕਰੋ ਕਿ ਕਹਾਉਤਾਂ 19:17 ਵਿਚ ਕੀ ਲਿਖਿਆ ਹੈ: “ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ।” ਇਸ ਤੋਂ ਸਾਫ਼-ਸਾਫ਼ ਜ਼ਾਹਰ ਹੁੰਦਾ ਹੈ ਕਿ ਸਿਰਫ਼ ਇਕ ਭਲਾ ਅਤੇ ਸ਼ੀਲ ਸੁਭਾਅ ਵਾਲਾ ਮਾਲਕ ਹੀ ਹਰੇਕ ਚੰਗੇ ਕੰਮ ਵੱਲ ਧਿਆਨ ਦੇਵੇਗਾ ਅਤੇ ਦੇਖੇਗਾ ਕਿ ਗ਼ਰੀਬਾਂ ਲਈ ਕੀ ਕੀਤਾ ਜਾ ਰਿਹਾ ਹੈ। ਇਸ ਤੋਂ ਵੀ ਜ਼ਿਆਦਾ ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਸਾਰੀ ਦੁਨੀਆਂ ਦਾ ਸਿਰਜਣਹਾਰ ਮਾਮੂਲੀ ਇਨਸਾਨਾਂ ਦੇ ਚੰਗੇ ਕੰਮ ਦੇਖ ਕੇ ਆਪਣੇ ਆਪ ਨੂੰ ਉਨ੍ਹਾਂ ਦਾ ਕਰਜ਼ਾਈ ਸਮਝਦਾ ਹੈ! ਇਹ ਹੈ ਉਸ ਦੀ ਨਿਮਰਤਾ ਦਾ ਵਧੀਆ ਸਬੂਤ!

20. ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਉਨ੍ਹਾਂ ਦਾ ਜਵਾਬ ਦਿੰਦਾ ਹੈ?

20 ਯਹੋਵਾਹ ਅੱਜ ਵੀ ਆਪਣੇ ਭਗਤਾਂ ਨਾਲ ਇਸੇ ਤਰ੍ਹਾਂ ਨਰਮਾਈ ਤੇ ਸਮਝਦਾਰੀ ਵਰਤਦਾ ਹੈ। ਜਦ ਅਸੀਂ ਨਿਹਚਾ ਨਾਲ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ। ਭਾਵੇਂ ਉਹ ਦੂਤਾਂ ਰਾਹੀਂ ਸਾਨੂੰ ਸੁਨੇਹਾ ਨਹੀਂ ਘੱਲਦਾ, ਫਿਰ ਵੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਸਾਡੀਆਂ ਦੁਆਵਾਂ ਦਾ ਜਵਾਬ ਨਹੀਂ ਦਿੰਦਾ। ਯਾਦ ਕਰੋ ਕਿ ਇਕ ਵਾਰ ਪੌਲੁਸ ਰਸੂਲ ਨੇ ਸੰਗੀ ਮਸੀਹੀਆਂ ਨੂੰ ਉਸ ਲਈ ਪ੍ਰਾਰਥਨਾ ਕਰਨ ਲਈ ਕਿਹਾ ਸੀ ਕਿ ਉਹ ਕੈਦ ਵਿੱਚੋਂ ਰਿਹਾ ਕੀਤਾ ਜਾਵੇ। ਇਸ ਦੇ ਨਾਲ ਹੀ ਉਸ ਨੇ ਕਿਹਾ ਸੀ: “ਤਾਂ ਜੋ ਮੈਂ ਤੁਹਾਡੇ ਕੋਲ ਮੁੜ ਛੇਤੀ ਪੁਚਾਇਆ ਜਾਵਾਂ।” (ਇਬਰਾਨੀਆਂ 13:18, 19) ਹੋ ਸਕਦਾ ਹੈ ਕਿ ਸਾਡੀਆਂ ਦੁਆਵਾਂ ਕਰਕੇ ਯਹੋਵਾਹ ਸ਼ਾਇਦ ਉਹ ਕੰਮ ਕਰ ਦੇਵੇ ਜੋ ਵੈਸੇ ਉਸ ਨੇ ਨਹੀਂ ਕਰਨਾ ਸੀ!—ਯਾਕੂਬ 5:16.

21. ਯਹੋਵਾਹ ਦੀ ਨਿਮਰਤਾ ਬਾਰੇ ਸਾਨੂੰ ਕਦੇ ਕੀ ਨਹੀਂ ਸੋਚਣਾ ਚਾਹੀਦਾ, ਪਰ ਸਾਨੂੰ ਉਸ ਬਾਰੇ ਕੀ ਯਾਦ ਰੱਖਣਾ ਚਾਹੀਦਾ ਹੈ?

21 ਯਹੋਵਾਹ ਨੇ ਕਈ ਤਰੀਕਿਆਂ ਨਾਲ ਨਿਮਰਤਾ ਦਿਖਾਈ ਹੈ: ਉਹ ਨਰਮ ਸੁਭਾਅ ਵਾਲਾ ਅਤੇ ਧੀਰਜਵਾਨ ਹੈ, ਨਾਲੇ ਉਹ ਗੱਲ ਸੁਣਨ ਲਈ ਅਤੇ ਬਦਲਣ ਲਈ ਤਿਆਰ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਆਪਣੇ ਧਰਮੀ ਅਸੂਲਾਂ ਦਾ ਸਮਝੌਤਾ ਕਰਦਾ ਹੈ। ਈਸਾਈ-ਜਗਤ ਦੇ ਪਾਦਰੀ ਸ਼ਾਇਦ ਸੋਚਣ ਕਿ ਉਹ ਲੋਕਾਂ ਦੇ ਮਨਪਸੰਦ ਦੀਆਂ ਗੱਲਾਂ ਕਰ ਕੇ ਅਤੇ ਯਹੋਵਾਹ ਦੇ ਉੱਚੇ ਨੈਤਿਕ ਮਿਆਰਾਂ ਨੂੰ ਛੱਡ ਕੇ ਸਮਝ ਵਰਤ ਰਹੇ ਹਨ। (2 ਤਿਮੋਥਿਉਸ 4:3) ਆਪਣੇ ਮਤਲਬ ਲਈ ਅਸੂਲਾਂ ਦਾ ਜਲਦੀ ਦੇਣੀ ਸਮਝੌਤਾ ਕਰਨਾ ਇਨਸਾਨਾਂ ਦਾ ਕੰਮ ਹੈ, ਪਰ ਪਰਮੇਸ਼ੁਰ ਇਸ ਨੂੰ ਸਮਝਦਾਰੀ ਨਹੀਂ ਸਮਝਦਾ। ਯਹੋਵਾਹ ਇਸ ਤਰ੍ਹਾਂ ਸਮਝੌਤਾ ਕਿਉਂ ਨਹੀਂ ਕਰਦਾ? ਕਿਉਂਕਿ ਉਹ ਪਵਿੱਤਰ ਹੈ ਅਤੇ ਉਹ ਆਪਣੇ ਪਵਿੱਤਰ ਮਿਆਰਾਂ ਨੂੰ ਕਦੇ ਵੀ ਮਲੀਨ ਨਹੀਂ ਹੋਣ ਦੇਵੇਗਾ। (ਲੇਵੀਆਂ 11:44) ਇਸ ਲਈ ਆਓ ਆਪਾਂ ਯਹੋਵਾਹ ਨਾਲ ਪਿਆਰ ਕਰੀਏ ਕਿਉਂਕਿ ਉਸ ਦੀ ਬਦਲਣ ਦੀ ਯੋਗਤਾ ਉਸ ਦੀ ਨਿਮਰਤਾ ਦਾ ਸਬੂਤ ਹੈ। ਕੀ ਤੁਸੀਂ ਇਹ ਜਾਣ ਕੇ ਬਹੁਤ ਖ਼ੁਸ਼ ਨਹੀਂ ਹੋ ਕਿ ਸਭ ਤੋਂ ਬੁੱਧੀਮਾਨ ਸ਼ਖ਼ਸ ਯਹੋਵਾਹ ਪਰਮੇਸ਼ੁਰ ਇੰਨਾ ਨਿਮਰ ਹੈ? ਇਸ ਨਰਮ-ਦਿਲ, ਧੀਰਜਵਾਨ ਅਤੇ ਸਮਝ ਵਾਲੇ ਪਰਮੇਸ਼ੁਰ ਦੇ ਨੇੜੇ ਰਹਿਣਾ ਕਿੰਨੀ ਵਧੀਆ ਗੱਲ ਹੈ!

^ ਪੈਰਾ 3 ਪੁਰਾਣੇ ਸਮੇਂ ਵਿਚ ਪਵਿੱਤਰ ਸ਼ਾਸਤਰ ਦੀਆਂ ਨਕਲਾਂ ਬਣਾਉਣ ਵਾਲਿਆਂ ਨੇ ਇਸ ਆਇਤ ਨੂੰ ਬਦਲ ਦਿੱਤਾ ਸੀ ਤਾਂਕਿ ਉਹ ਇਸ ਤਰ੍ਹਾਂ ਪੜ੍ਹੀ ਜਾਵੇ ਕਿ ਯਹੋਵਾਹ ਦੀ ਬਜਾਇ ਯਿਰਮਿਯਾਹ ਝੁੱਕ ਰਿਹਾ ਸੀ। ਉਨ੍ਹਾਂ ਦੇ ਭਾਣੇ ਪਰਮੇਸ਼ੁਰ ਦੇ ਝੁਕਣ ਬਾਰੇ ਲਿਖਣਾ ਠੀਕ ਨਹੀਂ ਸੀ। ਇਸ ਦੇ ਨਤੀਜੇ ਵਜੋਂ ਕਈਆਂ ਤਰਜਮਿਆਂ ਵਿਚ ਇਸ ਆਇਤ ਤੋਂ ਜੋ ਵਧੀਆ ਸਿੱਖਿਆ ਮਿਲਣੀ ਚਾਹੀਦੀ ਹੈ, ਉਹ ਨਹੀਂ ਮਿਲਦੀ। ਪਰ ਨਿਊ ਇੰਗਲਿਸ਼ ਬਾਈਬਲ ਇਸ ਆਇਤ ਦਾ ਸਹੀ ਅਨੁਵਾਦ ਕਰਦੀ ਹੈ ਕਿ ਯਿਰਮਿਯਾਹ ਯਹੋਵਾਹ ਨੂੰ ਕਹਿੰਦਾ ਹੈ: “ਮੈਨੂੰ ਯਾਦ ਰੱਖ ਕੇ ਮੇਰੇ ਉੱਤੇ ਝੁੱਕ ਜਾਵੀਂ।”

^ ਪੈਰਾ 7 ਹੋਰ ਤਰਜਮੇ ਕਹਿੰਦੇ ਹਨ, ‘ਨਿਮਰਤਾ ਦਾ ਸੰਬੰਧ ਬੁੱਧ ਨਾਲ ਹੈ,’ ਅਤੇ ‘ਨਰਮਾਈ ਜੋ ਗਿਆਨ ਤੋਂ ਉਤਪੰਨ ਹੁੰਦੀ ਹੈ।’

^ ਪੈਰਾ 12 ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ ਧੀਰਜ ਨੂੰ ਹੰਕਾਰ ਦਾ ਉਲਟ ਕਿਹਾ ਗਿਆ ਹੈ। (ਉਪਦੇਸ਼ਕ ਦੀ ਪੋਥੀ 7:8) ਯਹੋਵਾਹ ਦਾ ਧੀਰਜ ਉਸ ਦੀ ਨਿਮਰਤਾ ਦਾ ਇਕ ਹੋਰ ਸਬੂਤ ਹੈ।—2 ਪਤਰਸ 3:9.

^ ਪੈਰਾ 18 ਨਵਾਂ ਅਨੁਵਾਦ ਵਿਚ ਭਜਨ 86:5 ਵਿਚ ਲਿਖਿਆ ਹੈ ਕਿ ਯਹੋਵਾਹ “ਭਲਾ ਅਤੇ ਮਾਫ਼ ਕਰਨ ਵਾਲਾ” ਹੈ। ਜਦ ਇਸ ਇਬਰਾਨੀ ਭਜਨ ਦਾ ਯੂਨਾਨੀ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ ਸੀ, ਤਾਂ ਇੱਥੇ ਯਹੋਵਾਹ ਨੂੰ ਅੜਿਆ ਰਹਿਣ ਵਾਲਾ ਨਹੀਂ ਪਰ ਬਦਲ ਜਾਣ ਵਾਲੇ ਵਜੋਂ ਦਰਸਾਇਆ ਗਿਆ ਹੈ।