Skip to content

Skip to table of contents

ਇੱਕ੍ਹੀਵਾਂ ਅਧਿਆਇ

ਯਿਸੂ ਨੇ ਪਰਮੇਸ਼ੁਰ ਦੀ ਬੁੱਧ ਪ੍ਰਗਟ ਕੀਤੀ

ਯਿਸੂ ਨੇ ਪਰਮੇਸ਼ੁਰ ਦੀ ਬੁੱਧ ਪ੍ਰਗਟ ਕੀਤੀ

1-3. ਯਿਸੂ ਦੇ ਪੁਰਾਣੇ ਗੁਆਂਢੀਆਂ ਨੇ ਉਸ ਦੀ ਸਿੱਖਿਆ ਕਿਉਂ ਨਹੀਂ ਕਬੂਲ ਕੀਤੀ ਸੀ ਅਤੇ ਉਨ੍ਹਾਂ ਨੇ ਉਸ ਬਾਰੇ ਕੀ ਨਹੀਂ ਜਾਣਿਆ ਸੀ?

ਯਿਸੂ ਨਾਸਰਤ ਦੇ ਲੋਕਾਂ ਸਾਮ੍ਹਣੇ ਸਭਾ-ਘਰ ਵਿਚ ਖੜ੍ਹਾ ਹੋ ਕੇ ਭਾਸ਼ਣ ਦੇ ਰਿਹਾ ਸੀ। ਉਨ੍ਹਾਂ ਲਈ ਉਹ ਕੋਈ ਅਜਨਬੀ ਨਹੀਂ ਸੀ। ਉਹ ਉਨ੍ਹਾਂ ਦੇ ਸ਼ਹਿਰ ਵਿਚ ਹੀ ਵੱਡਾ ਹੋਇਆ ਸੀ ਜਿੱਥੇ ਉਸ ਨੇ ਕਈਆਂ ਸਾਲਾਂ ਤੋਂ ਤਰਖਾਣਾ ਕੰਮ ਕੀਤਾ ਸੀ। ਸ਼ਾਇਦ ਯਿਸੂ ਨੇ ਉਨ੍ਹਾਂ ਵਿੱਚੋਂ ਕਈਆਂ ਦੇ ਘਰਾਂ ਵਿਚ ਲੱਕੜੀ ਦਾ ਕੰਮ ਕੀਤਾ ਸੀ ਜਾਂ ਹੋ ਸਕਦਾ ਹੈ ਕਿ ਉਹ ਉਸ ਦੇ ਹੱਥਾਂ ਦੇ ਬਣੇ ਸੰਦਾਂ ਨਾਲ ਖੇਤੀਬਾੜੀ ਕਰਦੇ ਸਨ। * ਉਸ ਦੀ ਗੱਲ ਸੁਣ ਕੇ ਲੋਕ ਹੱਕੇ-ਬੱਕੇ ਰਹਿ ਗਏ। ਪਰ ਕੀ ਉਨ੍ਹਾਂ ਨੇ ਉਸ ਦੀ ਸਿੱਖਿਆ ਨੂੰ ਕਬੂਲ ਕੀਤਾ ਸੀ?

2 ਉਸ ਦੇ ਸੁਣਨ ਵਾਲੇ ਹੈਰਾਨ ਹੋ ਕੇ ਪੁੱਛਣ ਲੱਗੇ: ‘ਇਸ ਮਨੁੱਖ ਨੂੰ ਇਹ ਬੁੱਧ ਕਿੱਥੋਂ ਮਿਲੀ ਹੈ?’ ਪਰ ਉਹ ਇਹ ਵੀ ਕਹਿ ਰਹੇ ਸਨ: “ਭਲਾ, ਇਹ ਤਰਖਾਣ ਨਹੀਂ ਹੈ, ਮਰਿਯਮ ਦਾ ਪੁੱਤ੍ਰ।” (ਮੱਤੀ 13:54-58; ਮਰਕੁਸ 6:1-3) ਅਫ਼ਸੋਸ ਦੀ ਗੱਲ ਹੈ ਕਿ ਜੋ ਲੋਕ ਪਹਿਲਾਂ ਯਿਸੂ ਦੇ ਗੁਆਂਢੀ ਹੁੰਦੇ ਸਨ, ਉਨ੍ਹਾਂ ਨੇ ਸੋਚਿਆ, ‘ਇਹ ਤਰਖਾਣ ਤਾਂ ਸਾਡੇ ਵਰਗਾ ਮਾਮੂਲੀ ਜਿਹਾ ਬੰਦਾ ਹੈ।’ ਭਾਵੇਂ ਉਹ ਬੜੀ ਅਕਲ ਨਾਲ ਗੱਲ ਕਰ ਰਿਹਾ ਸੀ, ਪਰ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਇਹ ਨਹੀਂ ਜਾਣਿਆ ਕਿ ਉਹ ਆਪਣੀ ਹੀ ਬੁੱਧ ਨਾਲ ਗੱਲ ਨਹੀਂ ਕਰ ਰਿਹਾ ਸੀ।

3 ਤਾਂ ਫਿਰ ਯਿਸੂ ਨੂੰ ਇਹ ਬੁੱਧ ਕਿੱਥੋਂ ਮਿਲੀ ਸੀ? ਉਸ ਨੇ ਕਿਹਾ ਸੀ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।” (ਯੂਹੰਨਾ 7:16) ਪੌਲੁਸ ਰਸੂਲ ਨੇ ਦੱਸਿਆ ਸੀ ਕਿ ਯਿਸੂ ‘ਪਰਮੇਸ਼ੁਰ ਦੀ ਵੱਲੋਂ ਸਾਡੇ ਲਈ ਬੁੱਧ ਬਣਾਇਆ ਗਿਆ ਹੈ।’ (1 ਕੁਰਿੰਥੀਆਂ 1:30) ਯਹੋਵਾਹ ਦੀ ਬੁੱਧ ਉਸ ਦੇ ਪੁੱਤਰ ਯਿਸੂ ਦੇ ਜ਼ਰੀਏ ਪ੍ਰਗਟ ਕੀਤੀ ਗਈ ਸੀ। ਇਹ ਗੱਲ ਇੰਨੀ ਸੱਚੀ ਸੀ ਕਿ ਯਿਸੂ ਕਹਿ ਸਕਿਆ: “ਮੈਂ ਅਰ ਪਿਤਾ ਇੱਕੋ ਹਾਂ।” (ਯੂਹੰਨਾ 10:30) ਆਓ ਆਪਾਂ ਤਿੰਨ ਗੱਲਾਂ ਵੱਲ ਦੇਖੀਏ ਜਿਨ੍ਹਾਂ ਦੇ ਜ਼ਰੀਏ ਯਿਸੂ ਨੇ ਪਰਮੇਸ਼ੁਰ ਦੀ ਬੁੱਧ ਪ੍ਰਗਟ ਕੀਤੀ ਸੀ।

ਉਸ ਦੀ ਸਿੱਖਿਆ

4. (ੳ) ਯਿਸੂ ਦੇ ਸੰਦੇਸ਼ ਦਾ ਵਿਸ਼ਾ ਕੀ ਸੀ ਅਤੇ ਇਹ ਇੰਨਾ ਜ਼ਰੂਰੀ ਕਿਉਂ ਸੀ? (ਅ) ਯਿਸੂ ਦੀ ਸਲਾਹ ਹਮੇਸ਼ਾ ਚੰਗੀ ਅਤੇ ਉਸ ਦੇ ਸੁਣਨ ਵਾਲਿਆਂ ਦੀ ਭਲਾਈ ਲਈ ਕਿਉਂ ਹੁੰਦੀ ਸੀ?

4 ਸਭ ਤੋਂ ਪਹਿਲਾਂ ਆਪਾਂ ਯਿਸੂ ਦੀ ਸਿੱਖਿਆ ਉੱਤੇ ਗੌਰ ਕਰਾਂਗੇ। ਉਸ ਦੇ ਸੰਦੇਸ਼ ਦਾ ਵਿਸ਼ਾ “ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ” ਸੀ। (ਲੂਕਾ 4:43) ਇਹ ਸੰਦੇਸ਼ ਬਹੁਤ ਹੀ ਜ਼ਰੂਰੀ ਸੀ ਕਿਉਂਕਿ ਸਿਰਫ਼ ਇਸ ਰਾਜ ਦੇ ਜ਼ਰੀਏ ਹੀ ਸਾਬਤ ਹੋਣਾ ਸੀ ਕਿ ਯਹੋਵਾਹ ਬਿਲਕੁਲ ਸਹੀ ਤਰੀਕੇ ਨਾਲ ਰਾਜ ਕਰਦਾ ਹੈ ਅਤੇ ਇਸ ਦੇ ਜ਼ਰੀਏ ਹੀ ਇਨਸਾਨਜਾਤ ਨੂੰ ਹਮੇਸ਼ਾ ਦੀਆਂ ਬਰਕਤਾਂ ਮਿਲਣੀਆਂ ਸਨ। ਯਿਸੂ ਨੇ ਆਪਣੀ ਸਿੱਖਿਆ ਵਿਚ ਇਹ ਸਲਾਹ ਵੀ ਦਿੱਤੀ ਸੀ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਕਿਵੇਂ ਜੀਉਣੀ ਚਾਹੀਦੀ ਹੈ। ਉਸ ਨੇ ਆਪਣੇ ਆਪ ਨੂੰ “ਅਦਭੁੱਤ ਸਲਾਹਕਾਰ” ਵੀ ਸਾਬਤ ਕੀਤਾ। (ਯਸਾਯਾਹ 9:6, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਸ ਦੀ ਸਲਾਹ ਅਦਭੁੱਤ ਸੀ ਕਿਉਂਕਿ ਉਸ ਕੋਲ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਮਰਜ਼ੀ ਦਾ ਚੋਖਾ ਗਿਆਨ ਸੀ। ਉਹ ਇਨਸਾਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਨ੍ਹਾਂ ਨਾਲ ਗੂੜ੍ਹਾ ਪਿਆਰ ਕਰਦਾ ਸੀ। ਇਸ ਲਈ ਉਹ ਹਮੇਸ਼ਾ ਚੰਗੀ ਸਲਾਹ ਦਿੰਦਾ ਸੀ ਜੋ ਉਸ ਦੇ ਸੁਣਨ ਵਾਲਿਆਂ ਦੀ ਭਲਾਈ ਲਈ ਹੁੰਦੀ ਸੀ। ਯਿਸੂ “ਸਦੀਪਕ ਜੀਉਣ ਦੀਆਂ ਗੱਲਾਂ” ਦੱਸਦਾ ਸੀ। ਜੀ ਹਾਂ, ਜੇ ਉਸ ਦੀ ਸਲਾਹ ਲਾਗੂ ਕੀਤੀ ਜਾਵੇ, ਤਾਂ ਇਸ ਤੋਂ ਮੁਕਤੀ ਮਿਲੇਗੀ।—ਯੂਹੰਨਾ 6:68.

5. ਯਿਸੂ ਦੇ ਪਹਾੜੀ ਉਪਦੇਸ਼ ਵਿਚ ਕਿਹੜੇ ਕੁਝ ਵਿਸ਼ਿਆਂ ਤੇ ਗੱਲ ਕੀਤੀ ਗਈ ਸੀ?

5 ਪਹਾੜੀ ਉਪਦੇਸ਼ ਦੀ ਸਿੱਖਿਆ ਵਿਚ ਅਸੀਂ ਯਿਸੂ ਦੀ ਬੇਮਿਸਾਲ ਬੁੱਧ ਦੇਖ ਸਕਦੇ ਹਾਂ। ਇਹ ਉਪਦੇਸ਼ ਮੱਤੀ 5:3–7:27 ਵਿਚ ਲਿਖਿਆ ਗਿਆ ਹੈ ਅਤੇ ਸੰਭਵ ਹੈ ਕਿ ਇਸ ਨੂੰ ਦੇਣ ਵਾਸਤੇ ਸਿਰਫ਼ 20 ਮਿੰਟ ਲੱਗੇ ਹੋਣਗੇ। ਪਰ ਇਸ ਦੀ ਸਲਾਹ ਸਦੀਵੀ ਹੈ ਅਤੇ ਅੱਜ ਵੀ ਉੱਨੀ ਹੀ ਫ਼ਾਇਦੇਮੰਦ ਹੈ ਜਿੰਨੀ ਉਹ ਪਹਿਲੀ ਸਦੀ ਵਿਚ ਸੀ। ਯਿਸੂ ਨੇ ਕਈਆਂ ਵਿਸ਼ਿਆਂ ਤੇ ਗੱਲ ਕੀਤੀ ਸੀ: ਅਸੀਂ ਦੂਸਰਿਆਂ ਨਾਲ ਕਿਸ ਤਰ੍ਹਾਂ ਬਣਾਈ ਰੱਖ ਸਕਦੇ ਹਾਂ (ਮੱਤੀ 5:23-26, 38-42; 7:1-5, 12), ਅਸੀਂ ਨੈਤਿਕ ਤੌਰ ਤੇ ਸ਼ੁੱਧ ਕਿਵੇਂ ਰਹਿ ਸਕਦੇ ਹਾਂ (ਮੱਤੀ 5:27-32), ਸਾਡੀ ਜ਼ਿੰਦਗੀ ਮਕਸਦ-ਭਰੀ ਕਿਸ ਤਰ੍ਹਾਂ ਬਣ ਸਕਦੀ ਹੈ (ਮੱਤੀ 6:19-24; 7:24-27)। ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਬੁੱਧੀਮਤਾ ਦਾ ਮਤਲਬ ਸਿਰਫ਼ ਦੱਸਿਆ ਹੀ ਨਹੀਂ ਸੀ, ਪਰ ਉਸ ਨੇ ਉਨ੍ਹਾਂ ਨੂੰ ਸਬੂਤ ਦੇ ਕੇ ਅਤੇ ਉਨ੍ਹਾਂ ਨਾਲ ਤਰਕ ਕਰ ਕੇ ਉਨ੍ਹਾਂ ਨੂੰ ਇਸ ਦਾ ਮਤਲਬ ਸਮਝਾਇਆ ਵੀ ਸੀ।

6-8. (ੳ) ਯਿਸੂ ਨੇ ਚਿੰਤਾ ਨਾ ਕਰਨ ਦੇ ਕਿਹੜੇ ਜ਼ੋਰਦਾਰ ਕਾਰਨ ਦਿੱਤੇ ਸਨ? (ਅ) ਯਿਸੂ ਦੀ ਸਲਾਹ ਵਿਚ ਪਰਮੇਸ਼ੁਰੀ ਬੁੱਧ ਦਾ ਸਬੂਤ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ?

6 ਜ਼ਰਾ ਮੱਤੀ ਦੇ 6ਵੇਂ ਅਧਿਆਇ ਉੱਤੇ ਗੌਰ ਕਰੋ ਜਿਸ ਵਿਚ ਯਿਸੂ ਨੇ ਇਹ ਵਧੀਆ ਸਲਾਹ ਦਿੱਤੀ ਸੀ ਕਿ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਉਸ ਨੇ ਕਿਹਾ: “ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਯਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ।” (25ਵੀਂ ਆਇਤ) ਰੋਟੀ-ਕੱਪੜੇ ਜ਼ਰੂਰੀ ਚੀਜ਼ਾਂ ਹਨ ਅਤੇ ਇਨ੍ਹਾਂ ਦੀ ਚਿੰਤਾ ਕਰਨੀ ਸੁਭਾਵਕ ਹੈ। ਪਰ ਯਿਸੂ ਸਾਨੂੰ ਕਹਿੰਦਾ ਹੈ ਕਿ ਤੁਸੀਂ ਅਜਿਹੀਆਂ ਚੀਜ਼ਾਂ ਦੀ “ਚਿੰਤਾ ਨਾ ਕਰੋ।” * ਉਸ ਨੇ ਇਹ ਸਲਾਹ ਕਿਉਂ ਦਿੱਤੀ ਸੀ?

7 ਅੱਗੇ ਪੜ੍ਹ ਕੇ ਦੇਖੋ ਕਿ ਯਿਸੂ ਨੇ ਇਹ ਗੱਲ ਕਿਸ ਤਰ੍ਹਾਂ ਸਮਝਾਈ ਸੀ। ਜਦ ਯਹੋਵਾਹ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਤਾਂ ਕੀ ਉਹ ਸਾਨੂੰ ਜ਼ਿੰਦਾ ਰਹਿਣ ਲਈ ਰੋਟੀ ਅਤੇ ਤਨ ਢੱਕਣ ਵਾਸਤੇ ਕੱਪੜੇ ਨਹੀਂ ਦੇ ਸਕਦਾ? (25ਵੀਂ ਆਇਤ) ਜਦ ਪਰਮੇਸ਼ੁਰ ਪੰਛੀਆਂ ਨੂੰ ਕੁਝ ਖਾਣ ਨੂੰ ਦਿੰਦਾ ਹੈ ਅਤੇ ਫੁੱਲਾਂ ਨੂੰ ਸਜਾਉਂਦਾ ਹੈ, ਤਾਂ ਕੀ ਉਹ ਆਪਣੇ ਇਨਸਾਨੀ ਭਗਤਾਂ ਦੀ ਇਸ ਤੋਂ ਕਿਤੇ ਵੱਧ ਦੇਖ-ਭਾਲ ਨਹੀਂ ਕਰੇਗਾ? (26ਵੀਂ, 28-30 ਆਇਤਾਂ) ਸੋਚਿਆ ਜਾਏ, ਤਾਂ ਬੇਹੱਦ ਚਿੰਤਾ ਕਰਨੀ ਫਜ਼ੂਲ ਹੈ। ਇਸ ਦੇ ਨਾਲ ਸਾਡੀ ਉਮਰ ਇਕ ਪਲ ਵੀ ਨਹੀਂ ਵੱਧ ਸਕਦੀ। * (27ਵੀਂ ਆਇਤ) ਤਾਂ ਫਿਰ ਅਸੀਂ ਚਿੰਤਾ ਕਰਨ ਤੋਂ ਕਿਸ ਤਰ੍ਹਾਂ ਹਟ ਸਕਦੇ ਹਾਂ? ਯਿਸੂ ਨੇ ਇਹ ਸਲਾਹ ਦਿੱਤੀ: ਪਰਮੇਸ਼ੁਰ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿਓ। ਜੋ ਇਸ ਤਰ੍ਹਾਂ ਕਰਨਗੇ, ਉਨ੍ਹਾਂ ਦਾ ਸਵਰਗੀ ਪਿਤਾ ਉਨ੍ਹਾਂ ਦੀਆਂ ਬਾਕੀ ਜ਼ਰੂਰਤਾਂ ਵੀ ਪੂਰੀਆਂ ਕਰੇਗਾ। (33ਵੀਂ ਆਇਤ) ਅਖ਼ੀਰ ਵਿਚ ਯਿਸੂ ਨੇ ਸਭ ਤੋਂ ਵਧੀਆ ਸੁਝਾਅ ਦਿੱਤਾ—ਸਿਰਫ਼ ਅੱਜ ਬਾਰੇ ਸੋਚੋ। ਕੱਲ੍ਹ ਦੀ ਚਿੰਤਾ ਅੱਜ ਕਰਨ ਦਾ ਕੀ ਫ਼ਾਇਦਾ? (34ਵੀਂ ਆਇਤ) ਹੋਰ ਇਹ ਕਿ ਉਸ ਗੱਲ ਦਾ ਫ਼ਿਕਰ ਕਰਨ ਦਾ ਕੀ ਫ਼ਾਇਦਾ ਜੋ ਸ਼ਾਇਦ ਕਦੇ ਵਾਪਰੇ ਹੀ ਨਾ? ਇਸ ਤਣਾਅ-ਭਰੇ ਸੰਸਾਰ ਵਿਚ ਅਜਿਹੀ ਸਲਾਹ ਲਾਗੂ ਕਰਨ ਨਾਲ ਅਸੀਂ ਕੁਝ ਹੱਦ ਤਕ ਗਮ ਤੋਂ ਬਿਨਾਂ ਜੀ ਸਕਦੇ ਹਾਂ।

8 ਸੋ ਯਿਸੂ ਦੀ ਸਲਾਹ ਅੱਜ ਵੀ ਉੱਨੀ ਹੀ ਫ਼ਾਇਦੇਮੰਦ ਹੈ ਜਿੰਨੀ ਉਹ ਦੋ ਹਜ਼ਾਰ ਸਾਲ ਪਹਿਲਾਂ ਸੀ। ਕੀ ਇਹ ਪਰਮੇਸ਼ੁਰੀ ਬੁੱਧ ਦਾ ਸਬੂਤ ਨਹੀਂ ਹੈ? ਇਨਸਾਨੀ ਸਲਾਹਕਾਰਾਂ ਦੇ ਵਧੀਆ ਤੋਂ ਵਧੀਆ ਖ਼ਿਆਲ ਵੀ ਸਮੇਂ ਦੇ ਬੀਤਣ ਨਾਲ ਠੀਕ ਕਰਨੇ ਜਾਂ ਬਦਲਣੇ ਪੈਂਦੇ ਹਨ। ਪਰ ਯਿਸੂ ਦੀਆਂ ਸਿੱਖਿਆਵਾਂ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਖਰੀਆਂ ਅਤੇ ਫ਼ਾਇਦੇਮੰਦ ਹਨ। ਇਸ ਤੋਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਅਦਭੁੱਤ ਸਲਾਹਕਾਰ ਨੇ “ਪਰਮੇਸ਼ੁਰ ਦੀਆਂ ਗੱਲਾਂ” ਦੱਸੀਆਂ ਸਨ।—ਯੂਹੰਨਾ 3:34.

ਉਸ ਦਾ ਸਿੱਖਿਆ ਦੇਣ ਦਾ ਢੰਗ

9. ਕੁਝ ਸਿਪਾਹੀਆਂ ਨੇ ਯਿਸੂ ਦੀ ਸਿੱਖਿਆ ਬਾਰੇ ਕੀ ਕਿਹਾ ਸੀ ਅਤੇ ਉਹ ਵਧਾ-ਚੜ੍ਹਾ ਕੇ ਗੱਲ ਕਿਉਂ ਨਹੀਂ ਕਰ ਰਹੇ ਸਨ?

9 ਦੂਜੀ ਗੱਲ ਯਿਸੂ ਦਾ ਸਿਖਾਉਣ ਦਾ ਢੰਗ ਹੈ। ਇਸ ਤੋਂ ਵੀ ਅਸੀਂ ਪਰਮੇਸ਼ੁਰ ਦੀ ਬੁੱਧ ਦੇਖ ਸਕਦੇ ਹਾਂ। ਇਕ ਵਾਰ ਕੁਝ ਸਿਪਾਹੀ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਭੇਜੇ ਗਏ ਸਨ। ਉਨ੍ਹਾਂ ਨੇ ਖਾਲੀ ਹੱਥ ਵਾਪਸ ਆ ਕੇ ਕਿਹਾ: “ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ।” (ਯੂਹੰਨਾ 7:45, 46) ਉਹ ਵਧਾ-ਚੜ੍ਹਾ ਕੇ ਗੱਲ ਨਹੀਂ ਕਰ ਰਹੇ ਸਨ। ਯਿਸੂ “ਉੱਤੋਂ ਦਾ” ਯਾਨੀ ਸਵਰਗੋਂ ਸੀ ਅਤੇ ਧਰਤੀ ਉੱਤੇ ਉਸ ਵਰਗਾ ਕਦੇ ਕੋਈ ਇਨਸਾਨ ਨਹੀਂ ਸੀ। ਉਸ ਕੋਲ ਇੰਨਾ ਗਿਆਨ ਤੇ ਤਜਰਬਾ ਸੀ ਕਿ ਉਹ ਲੋਕਾਂ ਨੂੰ ਵਧੀਆ ਤਰੀਕੇ ਨਾਲ ਸਿੱਖਿਆ ਦੇ ਸਕਦਾ ਸੀ। (ਯੂਹੰਨਾ 8:23) ਸੱਚ-ਮੁੱਚ ਜਿਸ ਤਰ੍ਹਾਂ ਉਹ ਲੋਕਾਂ ਨੂੰ ਸਿਖਾ ਸਕਦਾ ਸੀ, ਉਸ ਤਰ੍ਹਾਂ ਹੋਰ ਕੋਈ ਮਨੁੱਖ ਨਹੀਂ ਸਿਖਾ ਸਕਦਾ ਸੀ। ਇਸ ਬੁੱਧੀਮਾਨ ਗੁਰੂ ਦੇ ਸਿੱਖਿਆ ਦੇਣ ਦੇ ਦੋ ਤਰੀਕਿਆਂ ਉੱਤੇ ਗੌਰ ਕਰੋ।

“ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ”

10, 11. (ੳ) ਯਿਸੂ ਦੇ ਦ੍ਰਿਸ਼ਟਾਂਤ ਵਰਤਣ ਦੇ ਤਰੀਕੇ ਤੋਂ ਅਸੀਂ ਦੰਗ ਕਿਉਂ ਰਹਿ ਜਾਂਦੇ ਹਾਂ? (ਅ) ਯਿਸੂ ਦੀ ਕਿਹੜੀ ਛੋਟੀ ਕਹਾਣੀ ਦਿਖਾਉਂਦੀ ਹੈ ਕਿ ਉਸ ਦੀ ਸਿੱਖਿਆ ਅਸਰਦਾਰ ਸੀ?

10 ਦ੍ਰਿਸ਼ਟਾਂਤਾਂ ਦੀ ਚੰਗੀ ਵਰਤੋਂ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ‘ਯਿਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸਾਰੀਆਂ ਗੱਲਾਂ ਸੁਣਾਈਆਂ ਅਤੇ ਬਿਨਾ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ।” (ਮੱਤੀ 13:34) ਅਸੀਂ ਯਿਸੂ ਦੀ ਇਸ ਬੇਮਿਸਾਲ ਯੋਗਤਾ ਤੋਂ ਦੰਗ ਰਹਿ ਜਾਂਦੇ ਹਾਂ ਕਿ ਉਸ ਨੇ ਰੋਜ਼ਾਨਾ ਜ਼ਿੰਦਗੀ ਦੀਆਂ ਗੱਲਾਂ ਦੇ ਜ਼ਰੀਏ ਡੂੰਘੀਆਂ ਸੱਚਾਈਆਂ ਸਿਖਾਈਆਂ। ਉਸ ਦੇ ਸਰੋਤਿਆਂ ਨੇ ਜੋ ਚੀਜ਼ਾਂ ਕਈ ਵਾਰ ਦੇਖੀਆਂ ਸਨ, ਯਿਸੂ ਉਨ੍ਹਾਂ ਬਾਰੇ ਗੱਲ ਕਰਦਾ ਸੀ ਜਿਵੇਂ ਕਿ ਕਿਸਾਨ ਬੀ ਬੀਜਦੇ, ਤੀਵੀਆਂ ਰੋਟੀ ਪਕਾਉਂਦੀਆਂ, ਬੱਚੇ ਗਲੀਆਂ ਵਿਚ ਖੇਡਦੇ, ਮਛਿਆਰੇ ਜਾਲ ਖਿੱਚਦੇ, ਚਰਵਾਹੇ ਗੁਆਚੀਆਂ ਭੇਡਾਂ ਲੱਭਦੇ। ਜਦ ਜਾਣੀਆਂ-ਪਛਾਣੀਆਂ ਚੀਜ਼ਾਂ ਦੇ ਜ਼ਰੀਏ ਮਹੱਤਵਪੂਰਣ ਸੱਚਾਈਆਂ ਸਮਝਾਈਆਂ ਜਾਂਦੀਆਂ ਹਨ, ਤਾਂ ਇਹ ਦਿਲ-ਦਿਮਾਗ਼ ਵਿਚ ਚੰਗੀ ਤਰ੍ਹਾਂ ਤੇ ਜਲਦੀ ਬੈਠ ਜਾਂਦੀਆਂ ਹਨ।—ਮੱਤੀ 11:16-19; 13:3-8, 33, 47-50; 18:12-14.

11 ਕਿਸੇ ਔਖੀ ਗੱਲ ਨੂੰ ਕਹਾਣੀ ਰਾਹੀਂ ਸਮਝਾਉਣ ਨਾਲ ਉਹ ਜਲਦੀ ਸਮਝ ਆ ਜਾਂਦੀ ਹੈ ਅਤੇ ਯਾਦ ਰੱਖੀ ਜਾ ਸਕਦੀ ਹੈ। ਇਸੇ ਲਈ ਯਿਸੂ ਨੇ ਅਕਸਰ ਛੋਟੀਆਂ-ਛੋਟੀਆਂ ਕਹਾਣੀਆਂ ਸੁਣਾ ਕੇ ਰੂਹਾਨੀ ਜਾਂ ਨੈਤਿਕ ਸੱਚਾਈਆਂ ਸਿਖਾਈਆਂ ਸਨ। ਇਨ੍ਹਾਂ ਕਹਾਣੀਆਂ ਨੇ ਯਿਸੂ ਦੀਆਂ ਸਿੱਖਿਆਵਾਂ ਨੂੰ ਜੀਉਂਦਾ ਰੱਖਿਆ ਹੈ। ਕਈਆਂ ਕਹਾਣੀਆਂ ਵਿਚ ਯਿਸੂ ਨੇ ਆਪਣੇ ਪਿਤਾ ਬਾਰੇ ਇਸ ਤਰ੍ਹਾਂ ਗੱਲ ਕੀਤੀ ਕਿ ਅਸੀਂ ਉਨ੍ਹਾਂ ਕਹਾਣੀਆਂ ਨੂੰ ਜਲਦੀ ਭੁੱਲ ਨਹੀਂ ਸਕਦੇ। ਮਿਸਾਲ ਲਈ ਉਜਾੜੂ ਪੁੱਤਰ ਦੀ ਕਹਾਣੀ ਦੇ ਸਬਕ ਨੂੰ ਕੌਣ ਨਹੀਂ ਸਮਝ ਸਕਦਾ? ਜਦ ਕੋਈ ਕੁਰਾਹੇ ਪਿਆ ਇਨਸਾਨ ਦਿਲੋਂ ਤੋਬਾ ਕਰਦਾ ਹੈ, ਤਾਂ ਯਹੋਵਾਹ ਉਸ ਤੇ ਤਰਸ ਖਾਂਦਾ ਹੈ ਅਤੇ ਉਸ ਨੂੰ ਫਿਰ ਤੋਂ ਪਿਆਰ ਨਾਲ ਗਲੇ ਲਾਉਂਦਾ ਹੈ।—ਲੂਕਾ 15:11-32.

12. (ੳ) ਯਿਸੂ ਨੇ ਆਪਣੀ ਸਿੱਖਿਆ ਵਿਚ ਸਵਾਲ ਕਿਸ ਤਰ੍ਹਾਂ ਵਰਤੇ ਸਨ? (ਅ) ਯਿਸੂ ਨੇ ਉਸ ਦੇ ਅਧਿਕਾਰ ਤੇ ਸ਼ੱਕ ਕਰਨ ਵਾਲਿਆਂ ਦੇ ਮੂੰਹ ਕਿਸ ਤਰ੍ਹਾਂ ਬੰਦ ਕਰ ਦਿੱਤੇ ਸਨ?

12 ਸਵਾਲਾਂ ਦੀ ਵਧੀਆ ਵਰਤੋਂ। ਯਿਸੂ ਇਸ ਤਰ੍ਹਾਂ ਸਵਾਲ ਪੁੱਛਦਾ ਹੁੰਦਾ ਸੀ ਕਿ ਉਸ ਦੇ ਸੁਣਨ ਵਾਲੇ ਆਪ ਸਿੱਟੇ ਕੱਢ ਕੇ ਅਤੇ ਆਪਣੇ ਦਿਲ ਦੀ ਜਾਂਚ ਕਰ ਕੇ ਫ਼ੈਸਲੇ ਕਰ ਸਕਦੇ ਸਨ। (ਮੱਤੀ 12:24-30; 17:24-27; 22:41-46) ਜਦ ਧਾਰਮਿਕ ਆਗੂਆਂ ਨੇ ਸ਼ੱਕ ਪੈਦਾ ਕੀਤਾ ਕਿ ਯਿਸੂ ਨੂੰ ਅਧਿਕਾਰ ਕਿੱਥੋਂ ਮਿਲਿਆ ਸੀ, ਤਾਂ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਯੂਹੰਨਾ ਦਾ ਬਪਤਿਸਮਾ ਸੁਰਗ ਵੱਲੋਂ ਸੀ ਯਾ ਮਨੁੱਖਾਂ ਵੱਲੋਂ?” ਇਹ ਸਵਾਲ ਸੁਣ ਕੇ ਉਨ੍ਹਾਂ ਦੇ ਚਿਹਰਿਆਂ ਦਾ ਰੰਗ ਉੱਡ ਗਿਆ ਅਤੇ ਉਹ ਆਪਸ ਵਿਚ ਕਹਿਣ ਲੱਗੇ: ‘ਜੇ ਕਹੀਏ, “ਸੁਰਗ ਵੱਲੋਂ” ਤਾਂ ਉਹ ਸਾਨੂੰ ਆਖੂ, ਫੇਰ ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ? ਅਰ ਜੇ ਕਹੀਏ, “ਮਨੁੱਖਾਂ ਵੱਲੋਂ” ਤਾਂ ਲੋਕਾਂ ਦਾ ਡਰ ਹੈ ਕਿਉਂ ਜੋ ਸੱਭੇ ਮੰਨਦੇ ਹਨ ਕਿ ਯੂਹੰਨਾ ਸੱਚ ਮੁੱਚ ਨਬੀ ਹੈ।’ ਆਖ਼ਰ ਉਨ੍ਹਾਂ ਨੇ ਕਿਹਾ: “ਅਸੀਂ ਨਹੀਂ ਜਾਣਦੇ।” (ਮਰਕੁਸ 11:27-33; ਮੱਤੀ 21:23-27) ਇਕ ਸਾਦੇ ਜਿਹੇ ਸਵਾਲ ਨਾਲ ਯਿਸੂ ਨੇ ਉਨ੍ਹਾਂ ਦੇ ਮੂੰਹ ਬੰਦ ਕਰ ਦਿੱਤੇ ਅਤੇ ਉਨ੍ਹਾਂ ਦੇ ਦਿਲ ਦਾ ਖੋਟ ਜ਼ਾਹਰ ਕਰ ਦਿੱਤਾ।

13-15. ਨੇਕ ਸਾਮਰੀ ਦੀ ਕਹਾਣੀ ਤੋਂ ਯਿਸੂ ਦੀ ਬੁੱਧ ਕਿਸ ਤਰ੍ਹਾਂ ਜ਼ਾਹਰ ਹੁੰਦੀ ਹੈ?

13 ਕਦੀ-ਕਦੀ ਯਿਸੂ ਦ੍ਰਿਸ਼ਟਾਂਤ ਸੁਣਾਉਂਦੇ ਹੋਏ ਸਵਾਲ ਵੀ ਪੁੱਛਦਾ ਸੀ ਤਾਂਕਿ ਸੁਣਨ ਵਾਲੇ ਗੱਲਬਾਤ ਬਾਰੇ ਚੰਗੀ ਤਰ੍ਹਾਂ ਸੋਚ ਸਕਣ। ਇਕ ਵਾਰ ਯਹੂਦੀਆਂ ਦੇ ਇਕ ਵਕੀਲ ਨੇ ਯਿਸੂ ਨੂੰ ਪੁੱਛਿਆ ਕਿ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਵਾਸਤੇ ਉਸ ਨੂੰ ਕੀ ਕਰਨਾ ਚਾਹੀਦਾ ਸੀ। ਯਿਸੂ ਨੇ ਉਸ ਨੂੰ ਮੂਸਾ ਦੀ ਬਿਵਸਥਾ ਯਾਦ ਕਰਾਈ ਜਿਸ ਵਿਚ ਲਿਖਿਆ ਹੈ ਕਿ ਪਰਮੇਸ਼ੁਰ ਅਤੇ ਗੁਆਂਢੀ ਨਾਲ ਪਿਆਰ ਕਰ। ਉਸ ਵਕੀਲ ਨੇ ਆਪਣੇ ਆਪ ਨੂੰ ਧਰਮੀ ਸਿੱਧ ਕਰਨ ਵਾਸਤੇ ਅੱਗੇ ਪੁੱਛਿਆ: “ਫੇਰ ਕੌਣ ਹੈ ਮੇਰਾ ਗੁਆਂਢੀ?” ਯਿਸੂ ਨੇ ਇਕ ਕਹਾਣੀ ਸੁਣਾ ਕੇ ਉਸ ਨੂੰ ਜਵਾਬ ਦਿੱਤਾ। ਇਕ ਯਹੂਦੀ ਆਦਮੀ ਇਕੱਲਾ ਜਾ ਰਿਹਾ ਸੀ ਜਦ ਉਹ ਡਾਕੂਆਂ ਦੇ ਹੱਥਾਂ ਵਿਚ ਪੈ ਗਿਆ। ਉਨ੍ਹਾਂ ਨੇ ਉਸ ਨੂੰ ਕੁੱਟਿਆ-ਮਾਰਿਆ ਤੇ ਅਧਮੋਇਆ ਛੱਡ ਦਿੱਤਾ। ਇਸ ਤੋਂ ਬਾਅਦ ਦੋ ਯਹੂਦੀ ਆਏ, ਪਹਿਲਾਂ ਇਕ ਜਾਜਕ ਤੇ ਫਿਰ ਇਕ ਲੇਵੀ। ਦੋਵੇਂ ਲਾਂਭੇ ਹੋ ਕੇ ਲੰਘ ਗਏ। ਫਿਰ ਇਕ ਸਾਮਰੀ ਉੱਥੇ ਆ ਪਹੁੰਚਿਆ। ਉਸ ਨੇ ਤਰਸ ਖਾ ਕੇ ਉਸ ਦੇ ਜ਼ਖ਼ਮਾਂ ਦੀ ਮਲ੍ਹਮ-ਪੱਟੀ ਕੀਤੀ ਅਤੇ ਧਿਆਨ ਨਾਲ ਉਸ ਨੂੰ ਇਕ ਮੁਸਾਫ਼ਰਖ਼ਾਨੇ ਵਿਚ ਲੈ ਗਿਆ। ਕਹਾਣੀ ਨੂੰ ਖ਼ਤਮ ਕਰ ਕੇ ਯਿਸੂ ਨੇ ਵਕੀਲ ਨੂੰ ਪੁੱਛਿਆ: “ਸੋ ਉਸ ਮਨੁੱਖ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ ਉਨ੍ਹਾਂ ਤੇਹਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਮਲੂਮ ਹੁੰਦਾ ਹੈ?” ਉਸ ਨੂੰ ਜਵਾਬ ਵਿਚ ਕਹਿਣਾ ਹੀ ਪਿਆ: “ਜਿਹ ਨੇ ਉਸ ਉੱਤੇ ਦਯਾ ਕੀਤੀ।”—ਲੂਕਾ 10:25-37.

14 ਇਸ ਕਹਾਣੀ ਤੋਂ ਯਿਸੂ ਦੀ ਬੁੱਧ ਕਿਸ ਤਰ੍ਹਾਂ ਜ਼ਾਹਰ ਹੁੰਦੀ ਹੈ? ਯਿਸੂ ਦੇ ਜ਼ਮਾਨੇ ਵਿਚ ਯਹੂਦੀ ਲੋਕ ਸਿਰਫ਼ ਉਨ੍ਹਾਂ ਲੋਕਾਂ ਨੂੰ ਆਪਣੇ “ਗੁਆਂਢੀ” ਸਮਝਦੇ ਸਨ ਜੋ ਉਨ੍ਹਾਂ ਦੀਆਂ ਰੀਤਾਂ ਅਨੁਸਾਰ ਚੱਲਦੇ ਸਨ। ਉਹ ਸਾਮਰੀਆਂ ਨੂੰ ਤਾਂ ਆਪਣੇ ਗੁਆਂਢੀ ਬਿਲਕੁਲ ਨਹੀਂ ਮੰਨਦੇ ਸਨ। (ਯੂਹੰਨਾ 4:9) ਜੇਕਰ ਯਿਸੂ ਨੇ ਇਸ ਕਹਾਣੀ ਵਿਚ ਇਹ ਕਿਹਾ ਹੁੰਦਾ ਕਿ ਇਕ ਸਾਮਰੀ ਬੰਦਾ ਡਾਕੂਆਂ ਦੇ ਹੱਥ ਵਿਚ ਪੈ ਗਿਆ ਸੀ ਤੇ ਇਕ ਯਹੂਦੀ ਨੇ ਉਸ ਦੀ ਮਦਦ ਕੀਤੀ ਸੀ, ਤਾਂ ਇਸ ਨਾਲ ਪੱਖਪਾਤ ਦੀ ਭਾਵਨਾ ਦੂਰ ਨਹੀਂ ਕੀਤੀ ਜਾਣੀ ਸੀ। ਇਸ ਲਈ ਯਿਸੂ ਨੇ ਅਕਲਮੰਦੀ ਨਾਲ ਕਹਾਣੀ ਇਸ ਤਰ੍ਹਾਂ ਦੱਸੀ ਕਿ ਸਾਮਰੀ ਬੰਦੇ ਨੇ ਯਹੂਦੀ ਬੰਦੇ ਦੀ ਪਿਆਰ ਨਾਲ ਦੇਖ-ਭਾਲ ਕੀਤੀ ਸੀ। ਕਹਾਣੀ ਦੇ ਅਖ਼ੀਰ ਵਿਚ ਪੁੱਛੇ ਗਏ ਯਿਸੂ ਦੇ ਸਵਾਲ ਉੱਤੇ ਵੀ ਗੌਰ ਕਰੋ। ਵਕੀਲ ਨੇ ਮਾਨੋ ਪੁੱਛਿਆ ਸੀ: ‘ਮੇਰਾ ਗੁਆਂਢੀ ਕੌਣ ਹੈ ਜਿਸ ਨਾਲ ਮੈਨੂੰ ਪਿਆਰ ਕਰਨਾ ਚਾਹੀਦਾ ਹੈ?’ ਪਰ ਯਿਸੂ ਨੇ ਉਸ ਨੂੰ ਪੁੱਛਿਆ: “ਉਨ੍ਹਾਂ ਤੇਹਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਮਲੂਮ ਹੁੰਦਾ ਹੈ?” ਯਿਸੂ ਨੇ ਉਸ ਅਧਮੋਏ ਬੰਦੇ ਵੱਲ ਧਿਆਨ ਨਹੀਂ ਖਿੱਚਿਆ ਜਿਸ ਨਾਲ ਭਲਾਈ ਕੀਤੀ ਗਈ ਸੀ, ਸਗੋਂ ਸਾਮਰੀ ਵੱਲ ਜਿਸ ਨੇ ਭਲਾਈ ਕੀਤੀ ਸੀ। ਅਸਲੀ ਗੁਆਂਢੀ ਉਹ ਹੈ ਜੋ ਪਿਆਰ ਨਾਲ ਭਲਾਈ ਕਰਨ ਵਿਚ ਪਹਿਲ ਕਰਦਾ ਹੈ, ਚਾਹੇ ਦੂਸਰੇ ਦੀ ਜਾਤ ਜੋ ਮਰਜ਼ੀ ਹੋਵੇ। ਯਿਸੂ ਨੇ ਕਿੰਨੇ ਵਧੀਆ ਢੰਗ ਨਾਲ ਇਹ ਗੱਲ ਸਮਝਾਈ!

15 ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਯਿਸੂ ਦੇ “ਸਿਖਿਆਵਾਂ ਦੇਣ ਦੇ ਢੰਗ” ਤੇ ਲੋਕ ਹੈਰਾਨ ਹੋ ਕੇ ਉਸ ਵੱਲ ਕਿਉਂ ਖਿੱਚੇ ਜਾਂਦੇ ਸਨ। (ਮੱਤੀ 7:28, 29, ਨਵਾਂ ਅਨੁਵਾਦ) ਮਿਸਾਲ ਲਈ ਇਕ ਵਾਰ ਇਕ “ਵੱਡੀ ਭੀੜ” ਤਿੰਨ ਦਿਨ ਉਸ ਦੇ ਨਾਲ ਰਹੀ, ਭਾਵੇਂ ਕਿ ਉਨ੍ਹਾਂ ਕੋਲ ਖਾਣ ਨੂੰ ਕੁਝ ਨਹੀਂ ਸੀ!—ਮਰਕੁਸ 8:1, 2.

ਉਸ ਦੇ ਜੀਉਣ ਦਾ ਤਰੀਕਾ

16. ਯਿਸੂ ਦੀ ਜ਼ਿੰਦਗੀ ਤੋਂ ਪਰਮੇਸ਼ੁਰ ਦੀ ਬੁੱਧ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਸੀ?

16 ਤੀਜੀ ਗੱਲ ਇਹ ਹੈ ਕਿ ਯਿਸੂ ਨੇ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰੀ, ਉਸ ਤੋਂ ਵੀ ਯਹੋਵਾਹ ਦੀ ਬੁੱਧ ਜ਼ਾਹਰ ਹੁੰਦੀ ਹੈ। ਬੁੱਧ ਫ਼ਾਇਦੇਮੰਦ ਹੈ; ਉਹ ਕੰਮ ਆਉਂਦੀ ਹੈ। ਯਿਸੂ ਦੇ ਚੇਲੇ ਯਾਕੂਬ ਨੇ ਪੁੱਛਿਆ ਕਿ “ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ?” ਫਿਰ ਉਸ ਨੇ ਆਪਣੇ ਸਵਾਲ ਦਾ ਆਪ ਹੀ ਜਵਾਬ ਦਿੱਤਾ: “ਉਹ ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ।” (ਯਾਕੂਬ 3:13) ਯਿਸੂ ਦੀ ਸ਼ੁੱਭ ਚਾਲ ਤੋਂ ਪਰਮੇਸ਼ੁਰ ਦੀ ਬੁੱਧ ਦਾ ਸਬੂਤ ਮਿਲਦਾ ਸੀ। ਆਓ ਆਪਾਂ ਦੇਖੀਏ ਕਿ ਉਸ ਨੇ ਅਕਲ ਨਾਲ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੀ ਸੀ ਅਤੇ ਉਹ ਦੂਸਰਿਆਂ ਨਾਲ ਕਿਸ ਤਰ੍ਹਾਂ ਪੇਸ਼ ਆਇਆ ਸੀ।

17. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਿਸੂ ਦੀ ਜ਼ਿੰਦਗੀ ਪੂਰੀ ਤਰ੍ਹਾਂ ਸੰਤੁਲਿਤ ਸੀ?

17 ਸੰਤੁਲਨ ਰੱਖਣ ਵਾਸਤੇ ਅਕਲ ਵਰਤਣ ਦੀ ਲੋੜ ਪੈਂਦੀ ਹੈ। ਕੀ ਤੁਸੀਂ ਨੋਟ ਕੀਤਾ ਹੈ ਕਿ ਜੋ ਲੋਕ ਅਕਲ ਨਹੀਂ ਵਰਤਦੇ, ਉਹ ਅਕਸਰ ਆਪਣੀਆਂ ਹੱਦਾਂ ਪਾਰ ਕਰ ਜਾਂਦੇ ਹਨ? ਯਿਸੂ ਪਰਮੇਸ਼ੁਰ ਦੀ ਬੁੱਧ ਪ੍ਰਗਟ ਕਰਦਾ ਸੀ ਅਤੇ ਇਸ ਲਈ ਉਹ ਮੁਕੰਮਲ ਤੌਰ ਤੇ ਸੰਤੁਲਿਤ ਸੀ। ਉਹ ਪਰਮੇਸ਼ੁਰ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦਾ ਸੀ। ਇਸ ਲਈ ਉਹ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਜੋਸ਼ ਨਾਲ ਕਰਦਾ ਸੀ। ਉਸ ਨੇ ਕਿਹਾ: “ਮੈਂ ਇਸੇ ਲਈ ਆਇਆਂ ਹਾਂ।” (ਮਰਕੁਸ 1:38, ਨਵਾਂ ਅਨੁਵਾਦ) ਉਹ ਨਵੀਂਆਂ ਤੋਂ ਨਵੀਂਆਂ ਚੀਜ਼ਾਂ ਇਕੱਠੀਆਂ ਕਰਨ ਵਿਚ ਨਹੀਂ ਲੱਗਾ ਹੋਇਆ ਸੀ। ਇਸ ਤਰ੍ਹਾਂ ਜਾਪਦਾ ਹੈ ਕਿ ਉਸ ਕੋਲ ਬਹੁਤਾ ਕੁਝ ਨਹੀਂ ਸੀ। (ਮੱਤੀ 8:20) ਪਰ ਉਹ ਵੈਰਾਗੀ ਜਾਂ ਸੰਨਿਆਸੀ ਵੀ ਨਹੀਂ ਸੀ। ਉਸ ਦਾ ਪਿਤਾ ਖ਼ੁਸ਼ ਰਹਿਣ ਵਾਲਾ ਪਰਮੇਸ਼ੁਰ ਹੈ ਅਤੇ ਉਹ ਉਸ ਵਾਂਗ ਖ਼ੁਸ਼ ਰਹਿੰਦਾ ਸੀ। (1 ਤਿਮੋਥਿਉਸ 1:11; 6:15) ਜਦੋਂ ਦੂਸਰੇ ਖ਼ੁਸ਼ੀਆਂ ਮਨਾਉਂਦੇ ਸਨ, ਤਾਂ ਯਿਸੂ ਬੁਰਾ ਨਹੀਂ ਸਮਝਦਾ ਸੀ ਸਗੋਂ ਉਨ੍ਹਾਂ ਦੀ ਖ਼ੁਸ਼ੀ ਵਿਚ ਸ਼ਾਮਲ ਹੁੰਦਾ ਸੀ। ਇਕ ਵਾਰ ਯਿਸੂ ਵਿਆਹ ਤੇ ਗਿਆ ਸੀ। ਅਜਿਹੇ ਸਮੇਂ ਆਮ ਤੌਰ ਤੇ ਨੱਚਣ, ਗਾਉਣ ਅਤੇ ਖ਼ੁਸ਼ੀਆਂ ਮਨਾਉਣ ਵਾਲੇ ਮੌਕੇ ਹੁੰਦੇ ਹਨ। ਜ਼ਾਹਰ ਹੈ ਕਿ ਯਿਸੂ ਇਸ ਰੌਣਕ-ਭਰੇ ਮੌਕੇ ਤੇ ਰੰਗ ਵਿਚ ਭੰਗ ਪਾਉਣ ਨਹੀਂ ਗਿਆ ਸੀ। ਜਦੋਂ ਦਾਖ-ਰਸ ਖ਼ਤਮ ਹੋ ਗਈ, ਉਸ ਨੇ ਪਾਣੀ ਨੂੰ ਵਧੀਆ ਮੈ ਵਿਚ ਬਦਲ ਦਿੱਤਾ, ਜੋ “ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ।” (ਜ਼ਬੂਰਾਂ ਦੀ ਪੋਥੀ 104:15; ਯੂਹੰਨਾ 2:1-11) ਜਦੋਂ ਲੋਕ ਯਿਸੂ ਨੂੰ ਰੋਟੀ ਲਈ ਬੁਲਾਉਂਦੇ ਸਨ, ਤਾਂ ਉਹ ਖ਼ੁਸ਼ੀ ਨਾਲ ਜਾ ਕੇ ਇਨ੍ਹਾਂ ਸਮਿਆਂ ਨੂੰ ਅਕਸਰ ਸਿਖਾਉਣ ਲਈ ਵਰਤਦਾ ਸੀ।—ਲੂਕਾ 10:38-42; 14:1-6.

18. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਦੂਸਰਿਆਂ ਨੂੰ ਸਹੀ-ਸਹੀ ਪਛਾਣਿਆ ਸੀ?

18 ਕਿਹਾ ਜਾ ਸਕਦਾ ਹੈ ਕਿ ਯਿਸੂ ਨੇ ਦੂਸਰਿਆਂ ਨੂੰ ਸਹੀ-ਸਹੀ ਪਛਾਣਿਆ ਸੀ। ਉਹ ਇਨਸਾਨਾਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਇਸ ਲਈ ਉਹ ਆਪਣੇ ਚੇਲਿਆਂ ਨੂੰ ਸਮਝ ਸਕਦਾ ਸੀ। ਉਹ ਜਾਣਦਾ ਸੀ ਕਿ ਅਪੂਰਣ ਹੋਣ ਕਰਕੇ ਉਨ੍ਹਾਂ ਤੋਂ ਗ਼ਲਤੀਆਂ ਹੋ ਜਾਂਦੀਆਂ ਸਨ। ਪਰ ਫਿਰ ਵੀ ਉਸ ਨੇ ਉਨ੍ਹਾਂ ਦੇ ਸਦਗੁਣ ਪਛਾਣੇ ਸਨ। ਉਸ ਨੇ ਦੇਖ ਲਿਆ ਸੀ ਕਿ ਉਹ ਆਦਮੀ ਅੱਗੇ ਜਾ ਕੇ ਕੀ ਕਰ ਸਕਣਗੇ। ਉਹ ਜਾਣਦਾ ਸੀ ਕਿ ਯਹੋਵਾਹ ਨੇ ਉਨ੍ਹਾਂ ਨੂੰ ਉਸ ਵੱਲ ਖਿੱਚਿਆ ਸੀ। (ਯੂਹੰਨਾ 6:44) ਉਨ੍ਹਾਂ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਯਿਸੂ ਨੇ ਉਨ੍ਹਾਂ ਨੂੰ ਰਾਜ ਦੇ ਪ੍ਰਚਾਰ ਦੇ ਕੰਮ ਦੀ ਭਾਰੀ ਜ਼ਿੰਮੇਵਾਰੀ ਸੌਂਪ ਕੇ ਉਨ੍ਹਾਂ ਉੱਤੇ ਆਪਣਾ ਭਰੋਸਾ ਜ਼ਾਹਰ ਕੀਤਾ। ਉਸ ਨੂੰ ਉਨ੍ਹਾਂ ਉੱਤੇ ਪੂਰਾ ਯਕੀਨ ਸੀ ਕਿ ਉਹ ਇਹ ਕੰਮ ਪੂਰਾ ਕਰ ਸਕਣਗੇ। (ਮੱਤੀ 28:19, 20) ਰਸੂਲਾਂ ਦੇ ਕਰਤੱਬ ਦੀ ਪੋਥੀ ਤੋਂ ਸਬੂਤ ਮਿਲਦਾ ਹੈ ਕਿ ਉਨ੍ਹਾਂ ਨੇ ਵਫ਼ਾਦਾਰੀ ਨਾਲ ਇਹ ਕੰਮ ਕੀਤਾ ਸੀ। (ਰਸੂਲਾਂ ਦੇ ਕਰਤੱਬ 2:41, 42; 4:33; 5:27-32) ਤਾਂ ਫਿਰ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਿਸੂ ਨੇ ਉਨ੍ਹਾਂ ਉੱਤੇ ਭਰੋਸਾ ਰੱਖ ਕੇ ਕੋਈ ਗ਼ਲਤੀ ਨਹੀਂ ਕੀਤੀ।

19. ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ “ਕੋਮਲ ਅਤੇ ਮਨ ਦਾ ਗ਼ਰੀਬ” ਸੀ?

19 ਇਸ ਕਿਤਾਬ ਦੇ ਪਿੱਛਲੇ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਬਾਈਬਲ ਵਿਚ ਨਿਮਰਤਾ ਅਤੇ ਨਰਮਾਈ ਦਾ ਸੰਬੰਧ ਬੁੱਧ ਨਾਲ ਜੋੜਿਆ ਜਾਂਦਾ ਹੈ। ਨਿਮਰਤਾ ਪ੍ਰਗਟ ਕਰਨ ਵਿਚ ਯਹੋਵਾਹ ਸਭ ਤੋਂ ਵਧੀਆ ਮਿਸਾਲ ਕਾਇਮ ਕਰਦਾ ਹੈ। ਕੀ ਇਹ ਗੁਣ ਯਿਸੂ ਵਿਚ ਵੀ ਹੈ? ਇਹ ਜਾਣ ਕੇ ਸਾਡਾ ਦਿਲ ਖ਼ੁਸ਼ ਹੁੰਦਾ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨਾਲ ਪੇਸ਼ ਆਉਂਦੇ ਹੋਏ ਨਿਮਰਤਾ ਵਰਤੀ ਸੀ। ਇਕ ਮੁਕੰਮਲ ਇਨਸਾਨ ਹੋਣ ਦੇ ਨਾਤੇ ਉਹ ਉਨ੍ਹਾਂ ਤੋਂ ਉੱਤਮ ਸੀ। ਪਰ ਉਸ ਨੇ ਆਪਣੇ ਚੇਲਿਆਂ ਨੂੰ ਨੀਵੇਂ ਨਹੀਂ ਸਮਝਿਆ ਸੀ। ਉਸ ਨੇ ਉਨ੍ਹਾਂ ਨੂੰ ਕਦੇ ਘਟੀਆ ਜਾਂ ਨਾਲਾਇਕ ਮਹਿਸੂਸ ਨਹੀਂ ਕਰਵਾਇਆ ਸੀ। ਇਸ ਤੋਂ ਉਲਟ, ਉਹ ਉਨ੍ਹਾਂ ਦੀਆਂ ਕਮੀਆਂ ਤੇ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਉਂਦਾ ਸੀ। (ਮਰਕੁਸ 14:34-38; ਯੂਹੰਨਾ 16:12) ਕੀ ਇਹ ਚੰਗੀ ਗੱਲ ਨਹੀਂ ਹੈ ਕਿ ਬੱਚੇ ਵੀ ਬਿਨਾਂ ਡਰੇ ਯਿਸੂ ਕੋਲ ਆਉਂਦੇ ਸਨ? ਜੀ ਹਾਂ, ਉਹ ਯਿਸੂ ਵੱਲ ਖਿੱਚੇ ਜਾਂਦੇ ਸਨ ਕਿਉਂਕਿ ਉਹ “ਕੋਮਲ ਅਤੇ ਮਨ ਦਾ ਗ਼ਰੀਬ” ਸੀ।—ਮੱਤੀ 11:29; ਮਰਕੁਸ 10:13-16.

20. ਯਿਸੂ ਨੇ ਇਕ ਗ਼ੈਰ-ਯਹੂਦਣ ਨਾਲ ਪੇਸ਼ ਆਉਂਦੇ ਹੋਏ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਆਪਣੀ ਗੱਲ ਤੇ ਅੜਿਆ ਨਹੀਂ ਰਹਿੰਦਾ ਸੀ, ਪਰ ਦੂਸਰਿਆਂ ਦੀ ਗੱਲ ਮੰਨ ਲੈਂਦਾ ਸੀ?

20 ਯਿਸੂ ਨੇ ਇਕ ਹੋਰ ਜ਼ਰੂਰੀ ਤਰੀਕੇ ਨਾਲ ਵੀ ਨਿਮਰਤਾ ਦਿਖਾਈ ਸੀ। ਜਦ ਵੀ ਉਸ ਨੂੰ ਦੂਸਰਿਆਂ ਉੱਤੇ ਦਇਆ ਕਰਨ ਦਾ ਮੌਕਾ ਮਿਲਦਾ ਸੀ, ਤਾਂ ਉਹ ਆਪਣੀ ਗੱਲ ਤੇ ਅੜਿਆ ਨਹੀਂ ਰਹਿੰਦਾ ਸੀ ਪਰ ਦੂਸਰਿਆਂ ਦੀ ਗੱਲ ਮੰਨ ਲੈਂਦਾ ਸੀ। ਉਸ ਘਟਨਾ ਬਾਰੇ ਸੋਚੋ ਜਦੋਂ ਇਕ ਗ਼ੈਰ-ਯਹੂਦਣ ਨੇ ਯਿਸੂ ਸਾਮ੍ਹਣੇ ਤਰਲੇ ਕੀਤੇ ਕਿ ਉਹ ਉਸ ਦੀ ਧੀ ਨੂੰ ਰਾਜ਼ੀ ਕਰ ਦੇਵੇ, ਜਿਸ ਤੇ ਬਦਰੂਹ ਦੀ ਛਾਇਆ ਸੀ। ਤਿੰਨ ਅਲੱਗ ਤਰੀਕਿਆਂ ਨਾਲ ਯਿਸੂ ਨੇ ਉਸ ਔਰਤ ਦੀ ਮਦਦ ਕਰਨ ਤੋਂ ਇਨਕਾਰ ਕੀਤਾ। ਪਹਿਲਾਂ ਤਾਂ ਉਸ ਨੇ ਉਸ ਨੂੰ ਜਵਾਬ ਹੀ ਨਹੀਂ ਦਿੱਤਾ, ਫਿਰ ਉਸ ਨੇ ਸਾਫ਼-ਸਾਫ਼ ਨਾ ਕਹਿ ਦਿੱਤੀ ਕਿ ਉਹ ਯਹੂਦੀਆਂ ਕੋਲ ਭੇਜਿਆ ਗਿਆ ਸੀ ਗ਼ੈਰ-ਯਹੂਦੀਆਂ ਕੋਲ ਨਹੀਂ। ਅਖ਼ੀਰ ਵਿਚ ਉਸ ਨੇ ਪਿਆਰ ਨਾਲ ਇਨਕਾਰ ਕਰਨ ਲਈ ਉਸ ਨੂੰ ਦ੍ਰਿਸ਼ਟਾਂਤ ਦਿੱਤਾ। ਪਰ ਉਸ ਤੀਵੀਂ ਨੇ ਹਾਰ ਨਹੀਂ ਮੰਨੀ ਅਤੇ ਉਸ ਨੇ ਪੱਕੀ ਨਿਹਚਾ ਦਾ ਸਬੂਤ ਦਿੱਤਾ। ਇਸ ਅਨੋਖੀ ਹਾਲਤ ਵਿਚ ਯਿਸੂ ਨੇ ਕੀ ਕੀਤਾ ਸੀ? ਉਸ ਨੇ ਉਹੀ ਕੰਮ ਕੀਤਾ ਜੋ ਉਸ ਨੇ ਕਿਹਾ ਸੀ ਕਿ ਉਹ ਨਹੀਂ ਕਰੇਗਾ। ਉਸ ਨੇ ਉਸ ਦੀ ਧੀ ਨੂੰ ਚੰਗਾ ਕਰ ਦਿੱਤਾ। (ਮੱਤੀ 15:21-28) ਯਿਸੂ ਕਿੰਨਾ ਨਿਮਰ ਇਨਸਾਨ ਸੀ! ਪਰ ਯਾਦ ਰੱਖੋ ਕਿ ਨਿਮਰਤਾ ਸਿਰਫ਼ ਪਰਮੇਸ਼ੁਰੀ ਬੁੱਧ ਨਾਲ ਹੀ ਪੈਦਾ ਹੁੰਦੀ ਹੈ।

21. ਯਿਸੂ ਦੀ ਸ਼ਖ਼ਸੀਅਤ ਅਤੇ ਉਸ ਦੇ ਬੋਲਣ ਤੇ ਕੰਮ ਕਰਨ ਦੇ ਤਰੀਕਿਆਂ ਦੀ ਸਾਨੂੰ ਨਕਲ ਕਰਨ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?

21 ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਬਾਈਬਲ ਵਿਚ ਦੁਨੀਆਂ ਦੇ ਸਭ ਤੋਂ ਬੁੱਧੀਮਾਨ ਆਦਮੀ ਦੀ ਕਹਿਣੀ ਅਤੇ ਕਰਨੀ ਬਾਰੇ ਦੱਸਿਆ ਗਿਆ ਹੈ! ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਿਸੂ ਐਨ ਆਪਣੇ ਪਿਤਾ ਵਰਗਾ ਸੀ। ਯਿਸੂ ਦੀ ਸ਼ਖ਼ਸੀਅਤ ਅਤੇ ਉਸ ਦੇ ਬੋਲਣ ਤੇ ਕੰਮ ਕਰਨ ਦੇ ਤਰੀਕਿਆਂ ਦੀ ਨਕਲ ਕਰ ਕੇ ਅਸੀਂ ਪਰਮੇਸ਼ੁਰ ਦੀ ਬੁੱਧ ਪੈਦਾ ਕਰ ਸਕਦੇ ਹਾਂ। ਇਸ ਕਿਤਾਬ ਦੇ ਅਗਲੇ ਅਧਿਆਇ ਵਿਚ ਅਸੀਂ ਸਿੱਖਾਂਗੇ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਬੁੱਧ ਕਿਸ ਤਰ੍ਹਾਂ ਵਰਤ ਸਕਦੇ ਹਾਂ।

^ ਪੈਰਾ 1 ਬਾਈਬਲ ਦੇ ਜ਼ਮਾਨੇ ਵਿਚ ਤਰਖਾਣ ਘਰ, ਮੇਜ਼-ਕੁਰਸੀਆਂ ਆਦਿ ਅਤੇ ਖੇਤੀ ਦੇ ਸੰਦ ਬਣਾਉਂਦੇ ਹੁੰਦੇ ਸਨ। ਦੂਜੀ ਸਦੀ ਦੇ ਧਰਮ-ਸ਼ਾਸਤਰੀ ਜਸਟਿਨ ਮਾਰਟਰ ਨੇ ਯਿਸੂ ਬਾਰੇ ਲਿਖਿਆ ਸੀ: “ਉਹ ਇਨਸਾਨਾਂ ਵਿਚ ਰਹਿੰਦੇ ਹੋਏ ਤਰਖਾਣਾ ਕੰਮ ਕਰਦਾ ਸੀ ਅਤੇ ਹਲ਼ ਤੇ ਜੂਲੇ ਬਣਾਉਂਦਾ ਸੀ।”

^ ਪੈਰਾ 6 ਜਿਸ ਯੂਨਾਨੀ ਕ੍ਰਿਆ ਦਾ ਤਰਜਮਾ “ਚਿੰਤਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਧਿਆਨ ਹਟਾਉਣਾ।” ਮੱਤੀ 6:25 ਵਿਚ ਇਸ ਦਾ ਅਰਥ ਹੈ ਕਿਸੇ ਗੱਲ ਦਾ ਇੰਨਾ ਫ਼ਿਕਰ ਕਰਨਾ ਕਿ ਕਿਸੇ ਕੰਮ ਵਿਚ ਧਿਆਨ ਹੀ ਨਹੀਂ ਲੱਗਦਾ ਜਾਂ ਜ਼ਿੰਦਗੀ ਦੀ ਖ਼ੁਸ਼ੀ ਹੀ ਉੱਡ ਜਾਂਦੀ ਹੈ।

^ ਪੈਰਾ 7 ਡਾਕਟਰੀ ਰਿਸਰਚ ਨੇ ਦਿਖਾਇਆ ਹੈ ਕਿ ਬਹੁਤ ਜ਼ਿਆਦਾ ਫ਼ਿਕਰ ਕਰਨ ਕਰਕੇ ਅਤੇ ਬਹੁਤ ਸਾਰੇ ਤਣਾਅ ਕਰਕੇ ਇਨਸਾਨ ਨੂੰ ਦਿਲ ਦਾ ਦੌਰਾ ਪੈਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਬੀਮਾਰੀਆਂ ਦਾ ਵੀ ਖ਼ਤਰਾ ਹੈ ਜੋ ਮੌਤ ਨੂੰ ਸੱਦਾ ਦਿੰਦੀਆਂ ਹਨ।