Skip to content

Skip to table of contents

ਤੇਈਵਾਂ ਅਧਿਆਇ

“ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ”

“ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ”

1-3. ਯਿਸੂ ਦੀ ਮੌਤ ਕਿਨ੍ਹਾਂ ਗੱਲਾਂ ਕਰਕੇ ਦੂਸਰੇ ਵਿਅਕਤੀਆਂ ਦੀ ਮੌਤ ਨਾਲੋਂ ਵੱਖਰੀ ਹੈ?

ਤਕਰੀਬਨ 2,000 ਸਾਲ ਪਹਿਲਾਂ ਇਕ ਨਿਰਦੋਸ਼ ਆਦਮੀ ਉੱਤੇ ਝੂਠੇ ਇਲਜ਼ਾਮ ਲਾਏ ਗਏ ਸਨ, ਜਿਸ ਤੋਂ ਬਾਅਦ ਉਸ ਨੂੰ ਤਸੀਹੇ ਦੇ-ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਇਤਿਹਾਸ ਵਿਚ ਲੋਕ ਬੇਰਹਿਮੀ ਦੇ ਸ਼ਿਕਾਰ ਹੋ ਚੁੱਕੇ ਸਨ ਅਤੇ ਇਸ ਤੋਂ ਬਾਅਦ ਵੀ ਲੋਕਾਂ ਨਾਲ ਅਨਿਆਂ ਹੋਇਆ ਹੈ। ਪਰ ਇਸ ਆਦਮੀ ਦੀ ਮੌਤ ਦੂਸਰੀਆਂ ਮੌਤਾਂ ਨਾਲੋਂ ਵੱਖਰੀ ਸੀ।

2 ਜਦ ਉਹ ਆਦਮੀ ਆਪਣੀਆਂ ਆਖ਼ਰੀ ਘੜੀਆਂ ਵਿਚ ਦਰਦ ਨਾਲ ਤੜਫ ਰਿਹਾ ਸੀ, ਤਾਂ ਆਸਮਾਨ ਵੱਲ ਦੇਖ ਕੇ ਵੀ ਪਤਾ ਲੱਗਦਾ ਸੀ ਕਿ ਇਹ ਇਕ ਮਹੱਤਵਪੂਰਣ ਘਟਨਾ ਸੀ। ਭਾਵੇਂ ਉਸ ਵੇਲੇ ਸਿਖਰ ਦੁਪਹਿਰ ਸੀ, ਫਿਰ ਵੀ ਸਾਰੇ ਪਾਸੇ ਇਕਦਮ ਹਨੇਰਾ ਛਾ ਗਿਆ ਸੀ। ਇਕ ਇਤਿਹਾਸਕਾਰ ਨੇ ਲਿਖਿਆ: “ਸੂਰਜ ਕਾਲਾ ਪੈ ਗਿਆ।” (ਲੂਕਾ 23:44, 45) ਫਿਰ ਉਸ ਆਦਮੀ ਨੇ ਆਖ਼ਰੀ ਸਾਹ ਲੈਂਦੇ ਹੋਏ ਅਜਿਹੀ ਗੱਲ ਕਹੀ ਜਿਸ ਨੂੰ ਕੋਈ ਭੁੱਲ ਨਹੀਂ ਸਕਦਾ: “ਪੂਰਾ ਹੋਇਆ ਹੈ।” ਜੀ ਹਾਂ, ਉਸ ਨੇ ਆਪਣੀ ਜਾਨ ਦੇ ਕੇ ਇਕ ਅਹਿਮ ਕੰਮ ਪੂਰਾ ਕੀਤਾ ਸੀ। ਉਸ ਦੀ ਕੁਰਬਾਨੀ ਪਿਆਰ ਦੀ ਇਕ ਉੱਤਮ ਮਿਸਾਲ ਸੀ। ਇਸ ਤਰ੍ਹਾਂ ਦੀ ਕੁਰਬਾਨੀ ਕਦੇ ਕਿਸੇ ਦੂਸਰੇ ਇਨਸਾਨ ਨੇ ਨਹੀਂ ਕੀਤੀ।—ਯੂਹੰਨਾ 15:13; 19:30.

3 ਉਸ ਆਦਮੀ ਦਾ ਨਾਂ ਯਿਸੂ ਮਸੀਹ ਸੀ। ਉਸ ਦੀ ਦਰਦਨਾਕ ਮੌਤ 14 ਨੀਸਾਨ 33 ਸਾ.ਯੁ. ਦੇ ਦਿਨ ਹੋਈ ਸੀ। ਲੋਕ ਅੱਜ ਵੀ ਉਸ ਦੇ ਦੁੱਖਾਂ ਤੇ ਉਸ ਦੀ ਮੌਤ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਪਰ ਉਹ ਇਕ ਅਹਿਮ ਗੱਲ ਵੱਲ ਧਿਆਨ ਨਹੀਂ ਦਿੰਦੇ। ਇਹ ਸੱਚ ਹੈ ਕਿ ਉਸ ਦਿਨ ਯਿਸੂ ਨੇ ਬਹੁਤ ਕੁਝ ਸਿਹਾ ਸੀ, ਪਰ ਉਸ ਦਾ ਦਰਦ ਦੇਖ ਕੇ ਉਸ ਦੇ ਪਿਤਾ ਨੂੰ ਉਸ ਤੋਂ ਵੀ ਜ਼ਿਆਦਾ ਦਰਦ ਹੋਇਆ ਸੀ। ਦਰਅਸਲ ਉਸ ਦੇ ਪਿਤਾ ਨੇ ਉਸ ਦਿਨ ਉਸ ਤੋਂ ਵੀ ਵੱਡੀ ਕੁਰਬਾਨੀ ਦਿੱਤੀ ਸੀ। ਇਹ ਕੁਰਬਾਨੀ ਉਸ ਪਿਆਰ ਦਾ ਸਬੂਤ ਹੈ ਜੋ ਪੂਰੀ ਦੁਨੀਆਂ ਵਿਚ ਕਦੇ ਕਿਸੇ ਨੇ ਨਹੀਂ ਕੀਤਾ। ਇਹ ਕੁਰਬਾਨੀ ਕਿਉਂ ਦਿੱਤੀ ਗਈ ਸੀ? ਇਸ ਸਵਾਲ ਦੇ ਜਵਾਬ ਨਾਲ ਅਸੀਂ ਇਕ ਅਹਿਮ ਵਿਸ਼ੇ ਉੱਤੇ ਗੱਲ ਕਰਨੀ ਸ਼ੁਰੂ ਕਰਦੇ ਹਾਂ ਯਾਨੀ ਯਹੋਵਾਹ ਦਾ ਪਿਆਰ।

ਸੱਚੇ ਪਿਆਰ ਦਾ ਸਬੂਤ

4. ਰੋਮੀ ਸੂਬੇਦਾਰ ਨੂੰ ਕਿਸ ਤਰ੍ਹਾਂ ਪਤਾ ਲੱਗਾ ਸੀ ਕਿ ਯਿਸੂ ਕੋਈ ਮਾਮੂਲੀ ਆਦਮੀ ਨਹੀਂ ਸੀ ਅਤੇ ਉਸ ਨੇ ਕੀ ਸਿੱਟਾ ਕੱਢਿਆ?

4 ਇਕ ਰੋਮੀ ਸੂਬੇਦਾਰ ਯਿਸੂ ਦੀ ਮੌਤ ਵੇਲੇ ਉਸ ਦੀ ਨਿਗਰਾਨੀ ਕਰ ਰਿਹਾ ਸੀ। ਉਸ ਨੇ ਦੇਖਿਆ ਕਿ ਯਿਸੂ ਦੇ ਮਰਨ ਤੋਂ ਪਹਿਲਾਂ ਹਨੇਰਾ ਛਾ ਗਿਆ ਸੀ ਅਤੇ ਮਰਨ ਤੋਂ ਬਾਅਦ ਵੱਡਾ ਭੁਚਾਲ ਆਇਆ ਜਿਸ ਕਰਕੇ ਉਹ ਬਹੁਤ ਹੀ ਡਰ ਗਿਆ। ਉਸ ਨੇ ਕਿਹਾ: “ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ!” (ਮੱਤੀ 27:54) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਿਸੂ ਕੋਈ ਮਾਮੂਲੀ ਆਦਮੀ ਨਹੀਂ ਸੀ। ਉਸ ਫ਼ੌਜੀ ਨੇ ਅੱਤ ਮਹਾਨ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨੂੰ ਮੌਤ ਦੀ ਸਜ਼ਾ ਦੇਣ ਵਿਚ ਹਿੱਸਾ ਲਿਆ ਸੀ!

5. ਧਰਤੀ ਤੇ ਆਉਣ ਤੋਂ ਪਹਿਲਾਂ ਯਿਸੂ ਨੇ ਆਪਣੇ ਪਿਤਾ ਨਾਲ ਕਿੰਨੇ ਸਾਲ ਗੁਜ਼ਾਰੇ ਸਨ?

5 ਪਰਮੇਸ਼ੁਰ ਆਪਣੇ ਪੁੱਤਰ ਨੂੰ ਕਿੰਨਾ ਕੁ ਪਿਆਰ ਕਰਦਾ ਸੀ? ਇਸ ਦੇ ਜਵਾਬ ਲਈ ਆਓ ਆਪਾਂ ਕੁਝ ਗੱਲਾਂ ਉੱਤੇ ਗੌਰ ਕਰੀਏ। ਬਾਈਬਲ ਵਿਚ ਯਿਸੂ ਨੂੰ “ਸਾਰੀ ਸਰਿਸ਼ਟ ਵਿੱਚੋਂ ਜੇਠਾ” ਸੱਦਿਆ ਗਿਆ ਹੈ। (ਕੁਲੁੱਸੀਆਂ 1:15) ਜ਼ਰਾ ਸੋਚੋ ਯਹੋਵਾਹ ਦੇ ਪੁੱਤਰ ਦੇ ਜਨਮ ਤੋਂ ਬਾਅਦ ਹੀ ਸਾਰੀ ਦੁਨੀਆਂ ਬਣਾਈ ਗਈ ਸੀ। ਪਿਤਾ ਤੇ ਪੁੱਤਰ ਫਿਰ ਕਿੰਨੇ ਸਾਲ ਇਕੱਠੇ ਰਹੇ ਸਨ? ਕੁਝ ਵਿਗਿਆਨੀ ਕਹਿੰਦੇ ਹਨ ਕਿ ਸਾਡਾ ਬ੍ਰਹਿਮੰਡ ਤਕਰੀਬਨ 13 ਅਰਬ ਸਾਲ ਪੁਰਾਣਾ ਹੈ। ਤੇਰਾਂ ਅਰਬ ਸਾਲ ਇੰਨਾ ਲੰਬਾ ਸਮਾਂ ਹੈ ਕਿ ਅਸੀਂ ਇੰਨੇ ਸਮੇਂ ਦੀ ਕਲਪਨਾ ਵੀ ਨਹੀਂ ਕਰ ਸਕਦੇ। ਪਰ ਇਸ ਸਮੇਂ ਦੀ ਲੰਬਾਈ ਦਾ ਅਹਿਸਾਸ ਦਿਲਾਉਣ ਲਈ ਆਓ ਆਪਾਂ ਇਕ ਉਦਾਹਰਣ ਉੱਤੇ ਗੌਰ ਕਰੀਏ। ਕੁਝ ਵਿਗਿਆਨੀਆਂ ਨੇ ਵਿਸ਼ਵ ਦੇ ਇਤਿਹਾਸ ਨੂੰ ਦਰਸਾਉਣ ਲਈ 110 ਮੀਟਰ ਲੰਬੀ ਲਕੀਰ ਖਿੱਚੀ ਹੈ। ਜਿਉਂ-ਜਿਉਂ ਤੁਸੀਂ ਲਕੀਰ ਦੇ ਨਾਲ-ਨਾਲ ਤੁਰਦੇ ਹੋ, ਤੁਹਾਡਾ ਹਰੇਕ ਕਦਮ ਤਕਰੀਬਨ 7.5 ਕਰੋੜ ਸਾਲ ਪਾਰ ਕਰਦਾ ਹੈ। ਤੁਹਾਡੇ ਖ਼ਿਆਲ ਵਿਚ ਇਨਸਾਨਾਂ ਦਾ ਪੂਰਾ ਇਤਿਹਾਸ ਇਸ ਲਕੀਰ ਤੇ ਕਿੰਨਾ ਥਾਂ ਲਵੇਗਾ? ਸਿਰ ਦੇ ਸਿਰਫ਼ ਇਕ ਵਾਲ ਦੀ ਮੋਟਾਈ ਜਿੰਨਾ! ਭਾਵੇਂ ਇਹ ਸਿਰਫ਼ ਇਕ ਅੰਦਾਜ਼ਾ ਹੈ, ਫਿਰ ਵੀ ਇਹ ਲਕੀਰ ਪਰਮੇਸ਼ੁਰ ਦੇ ਪੁੱਤਰ ਦੀ ਜ਼ਿੰਦਗੀ ਦੀ ਲੰਬਾਈ ਨੂੰ ਨਹੀਂ ਦਰਸਾ ਸਕਦੀ! ਇਹ ਲਕੀਰ ਬਹੁਤ ਛੋਟੀ ਹੈ! ਜੇਕਰ ਵਿਗਿਆਨੀਆਂ ਦਾ ਇਹ ਅੰਦਾਜ਼ਾ ਸਹੀ ਵੀ ਹੈ, ਤਾਂ ਯਹੋਵਾਹ ਦੇ ਪੁੱਤਰ ਦੀ ਉਮਰ ਉਨ੍ਹਾਂ ਸਾਰੇ 13 ਅਰਬ ਸਾਲਾਂ ਤੋਂ ਕਿਤੇ ਜ਼ਿਆਦਾ ਹੈ! ਇਨ੍ਹਾਂ ਸਾਰੇ ਯੁਗਾਂ ਦੌਰਾਨ ਉਸ ਨੇ ਕੀ ਕੀਤਾ ਸੀ?

6. (ੳ) ਧਰਤੀ ਉੱਤੇ ਆਉਣ ਤੋਂ ਪਹਿਲਾਂ ਯਹੋਵਾਹ ਦੇ ਪੁੱਤਰ ਨੇ ਕੀ ਕੰਮ ਕੀਤਾ ਸੀ? (ਅ) ਯਹੋਵਾਹ ਅਤੇ ਉਸ ਦੇ ਪੁੱਤਰ ਦਰਮਿਆਨ ਕਿਹੋ ਜਿਹਾ ਬੰਧਨ ਹੈ?

6 ਪੁੱਤਰ ਨੇ ਖ਼ੁਸ਼ੀ ਨਾਲ ਆਪਣੇ ਪਿਤਾ ਨਾਲ “ਰਾਜ ਮਿਸਤਰੀ” ਵਜੋਂ ਕੰਮ ਕੀਤਾ ਸੀ। (ਕਹਾਉਤਾਂ 8:30) ਬਾਈਬਲ ਕਹਿੰਦੀ ਹੈ: “ਰਚਨਾ ਵਿੱਚੋਂ ਇੱਕ ਵਸਤੁ ਭੀ ਉਸ [ਪੁੱਤਰ] ਤੋਂ ਬਿਨਾ ਨਹੀਂ ਰਚੀ ਗਈ।” (ਯੂਹੰਨਾ 1:3) ਸੋ ਯਹੋਵਾਹ ਅਤੇ ਉਸ ਦੇ ਪੁੱਤਰ ਨੇ ਇਕੱਠੇ ਕੰਮ ਕਰ ਕੇ ਸਭ ਕੁਝ ਬਣਾਇਆ ਸੀ। ਉਨ੍ਹਾਂ ਨੇ ਕਿੰਨਾ ਸੋਹਣਾ ਸਮਾਂ ਇਕੱਠੇ ਬਿਤਾਇਆ ਸੀ! ਬਹੁਤ ਲੋਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਮਾਪਿਆਂ ਅਤੇ ਬੱਚਿਆਂ ਦਰਮਿਆਨ ਗੂੜ੍ਹਾ ਪਿਆਰ ਹੁੰਦਾ ਹੈ। ਦਰਅਸਲ ਪਿਆਰ “ਸੰਪੂਰਨਤਾਈ ਦਾ ਬੰਧ ਹੈ।” (ਕੁਲੁੱਸੀਆਂ 3:14) ਇਸ ਲਈ ਕਿਹਾ ਜਾ ਸਕਦਾ ਹੈ ਕਿ ਇੰਨਾ ਸਮਾਂ ਇਕੱਠੇ ਰਹਿ ਕੇ ਯਹੋਵਾਹ ਪਰਮੇਸ਼ੁਰ ਅਤੇ ਉਸ ਦਾ ਪੁੱਤਰ ਪਿਆਰ ਦੇ ਸਭ ਤੋਂ ਗੂੜ੍ਹੇ ਬੰਧਨ ਵਿਚ ਬੱਝੇ ਹੋਏ ਹਨ। ਅਸੀਂ ਤਾਂ ਉਨ੍ਹਾਂ ਦੋਹਾਂ ਦੇ ਪਿਆਰ ਦੇ ਇਸ ਮਜ਼ਬੂਤ ਬੰਧਨ ਨੂੰ ਕਦੇ ਸਮਝ ਵੀ ਨਹੀਂ ਸਕਦੇ ਹਾਂ।

7. ਯਿਸੂ ਦੇ ਬਪਤਿਸਮੇ ਵੇਲੇ ਯਹੋਵਾਹ ਨੇ ਆਪਣੀ ਖ਼ੁਸ਼ੀ ਕਿਸ ਤਰ੍ਹਾਂ ਜ਼ਾਹਰ ਕੀਤੀ ਸੀ?

7 ਆਪਣੇ ਪੁੱਤਰ ਨਾਲ ਬੇਹੱਦ ਪਿਆਰ ਕਰਨ ਦੇ ਬਾਵਜੂਦ ਯਹੋਵਾਹ ਨੇ ਉਸ ਨੂੰ ਧਰਤੀ ਉੱਤੇ ਇਕ ਇਨਸਾਨੀ ਬੱਚੇ ਦੇ ਤੌਰ ਤੇ ਪੈਦਾ ਹੋਣ ਲਈ ਭੇਜ ਦਿੱਤਾ। ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਪਣੇ ਪਿਆਰੇ ਪੁੱਤਰ ਤੋਂ ਕਈ ਸਾਲ ਦੂਰ ਰਹਿਣਾ ਪਿਆ ਸੀ। ਸਵਰਗੋਂ ਉਸ ਨੇ ਬੜੀ ਦਿਲਚਸਪੀ ਨਾਲ ਯਿਸੂ ਨੂੰ ਵੱਡਾ ਹੁੰਦਾ ਦੇਖਿਆ। ਤਕਰੀਬਨ 30 ਸਾਲ ਦੀ ਉਮਰ ਤੇ ਯਿਸੂ ਨੇ ਬਪਤਿਸਮਾ ਲਿਆ ਸੀ। ਉਸ ਵਕਤ ਯਹੋਵਾਹ ਨੂੰ ਜੋ ਖ਼ੁਸ਼ੀ ਹੋਈ ਸੀ, ਉਸ ਦਾ ਸਾਨੂੰ ਅੰਦਾਜ਼ਾ ਲਾਉਣ ਦੀ ਜ਼ਰੂਰਤ ਨਹੀਂ। ਪਿਤਾ ਨੇ ਸਵਰਗੋਂ ਖ਼ੁਦ ਕਿਹਾ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:17) ਯਿਸੂ ਨੇ ਵਫ਼ਾਦਾਰੀ ਨਾਲ ਉਹ ਸਭ ਕੁਝ ਕੀਤਾ ਜੋ ਉਸ ਬਾਰੇ ਭਵਿੱਖਬਾਣੀਆਂ ਵਿਚ ਲਿਖਿਆ ਗਿਆ ਸੀ। ਯਹੋਵਾਹ ਦਾ ਜੀ ਕਿੰਨਾ ਖ਼ੁਸ਼ ਹੋਇਆ ਹੋਣਾ ਜਦ ਉਸ ਨੇ ਯਿਸੂ ਨੂੰ ਆਪਣੇ ਸਾਰੇ ਕੰਮ ਪੂਰੇ ਕਰਦੇ ਦੇਖਿਆ ਸੀ!—ਯੂਹੰਨਾ 5:36; 17:4.

8, 9. (ੳ) ਯਿਸੂ ਨਾਲ 14 ਨੀਸਾਨ 33 ਸਾ.ਯੁ. ਦੇ ਦਿਨ ਕੀ ਹੋਇਆ ਸੀ ਅਤੇ ਇਸ ਦਾ ਉਹ ਦੇ ਸਵਰਗੀ ਪਿਤਾ ਉੱਤੇ ਕੀ ਅਸਰ ਪਿਆ ਸੀ? (ਅ) ਯਹੋਵਾਹ ਨੇ ਆਪਣੇ ਪੁੱਤਰ ਨੂੰ ਦਰਦਨਾਕ ਮੌਤ ਕਿਉਂ ਮਰਨ ਦਿੱਤਾ ਸੀ?

8 ਪਰ 14 ਨੀਸਾਨ 33 ਸਾ.ਯੁ. ਦੇ ਦਿਨ ਯਹੋਵਾਹ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਣਾ? ਜ਼ਰਾ ਸੋਚੋ ਉਸ ਵੇਲੇ ਉਸ ਦੇ ਦਿਲ ਤੇ ਕੀ ਬੀਤੀ ਹੋਵੇਗੀ ਜਦੋਂ ਯਿਸੂ ਨਾਲ ਵਿਸ਼ਵਾਸਘਾਤ ਕੀਤਾ ਗਿਆ ਅਤੇ ਇਕ ਭੀੜ ਨੇ ਰਾਤ ਨੂੰ ਉਸ ਨੂੰ ਗਿਰਫ਼ਤਾਰ ਕੀਤਾ। ਜਦ ਯਿਸੂ ਦੇ ਦੋਸਤ ਉਸ ਦਾ ਸਾਥ ਛੱਡ ਕੇ ਭੱਜ ਗਏ। ਉਸ ਦੇ ਖ਼ਿਲਾਫ਼ ਗ਼ੈਰ-ਕਾਨੂੰਨੀ ਮੁਕੱਦਮਾ ਚਲਾਇਆ ਗਿਆ। ਜਦ ਉਸ ਦਾ ਮਖੌਲ ਉਡਾਇਆ ਗਿਆ, ਉਸ ਦੇ ਮੂੰਹ ਤੇ ਥੁੱਕਿਆ ਗਿਆ ਅਤੇ ਉਸ ਦੇ ਮੁੱਕੇ ਮਾਰੇ ਗਏ। ਜਦ ਕੋਰੜੇ ਮਾਰ-ਮਾਰ ਕੇ ਉਸ ਦੀ ਚਮੜੀ ਉਧੇੜ ਦਿੱਤੀ ਗਈ। ਜਦ ਉਸ ਦੇ ਹੱਥਾਂ-ਪੈਰਾਂ ਵਿਚ ਕਿੱਲ ਠੋਕ ਕੇ ਉਸ ਨੂੰ ਲੱਕੜੀ ਦੇ ਇਕ ਖੰਭੇ ਉੱਤੇ ਟੰਗ ਦਿੱਤਾ ਗਿਆ ਅਤੇ ਲੋਕਾਂ ਨੇ ਉਸ ਨੂੰ ਗਾਲ਼ਾਂ ਕੱਢੀਆਂ। ਜ਼ਰਾ ਉਸ ਪਿਤਾ ਦੀ ਹਾਲਤ ਦਾ ਅੰਦਾਜ਼ਾ ਲਗਾਓ ਜਦ ਉਸ ਦਾ ਆਪਣਾ ਪਿਆਰਾ ਪੁੱਤਰ ਦਰਦ ਨਾਲ ਤੜਫਦੇ ਹੋਏ ਉਸ ਨੂੰ ਬੁਲਾ ਰਿਹਾ ਸੀ। ਹਾਂ, ਕਲਪਨਾ ਕਰੋ ਕਿ ਯਹੋਵਾਹ ਦਾ ਦਿਲ ਕਿੰਨਾ ਰੋਇਆ ਹੋਣਾ ਜਦੋਂ ਯਿਸੂ ਨੇ ਆਪਣਾ ਆਖ਼ਰੀ ਸਾਹ ਲਿਆ। ਪੂਰੇ ਇਤਿਹਾਸ ਵਿਚ ਪਹਿਲੀ ਵਾਰ ਉਸ ਦਾ ਪਿਆਰਾ ਪੁੱਤਰ ਜ਼ਿੰਦਾ ਨਹੀਂ ਸੀ।—ਮੱਤੀ 26:14-16, 46, 47, 56, 59, 67; 27:38-44, 46; ਯੂਹੰਨਾ 19:1.

“ਪਰਮੇਸ਼ੁਰ ਨੇ . . . ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ”

9 ਅਸੀਂ ਜਾਣਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਦੁੱਖ-ਸੁੱਖ ਮਹਿਸੂਸ ਕਰਦਾ ਹੈ। ਪਰ ਆਪਣੇ ਪੁੱਤਰ ਦੀ ਦਰਦਨਾਕ ਮੌਤ ਵੇਲੇ ਯਹੋਵਾਹ ਦੇ ਦੁੱਖ ਨੂੰ ਸ਼ਬਦਾਂ ਵਿਚ ਦੱਸਿਆ ਨਹੀਂ ਜਾ ਸਕਦਾ। ਅਸੀਂ ਤਾਂ ਯਹੋਵਾਹ ਦੇ ਦਰਦ ਨੂੰ ਪੂਰੀ ਤਰ੍ਹਾਂ ਸਮਝ ਵੀ ਨਹੀਂ ਸਕਦੇ। ਪਰ ਅਸੀਂ ਇਹ ਜ਼ਰੂਰ ਸਮਝ ਸਕਦੇ ਹਾਂ ਕਿ ਯਹੋਵਾਹ ਨੇ ਇਸ ਤਰ੍ਹਾਂ ਕਿਉਂ ਹੋਣ ਦਿੱਤਾ ਸੀ। ਸਾਡੇ ਸਵਰਗੀ ਪਿਤਾ ਨੇ ਇੰਨਾ ਦੁੱਖ ਕਿਉਂ ਝੱਲਿਆ ਸੀ? ਯਹੋਵਾਹ ਨੇ ਯੂਹੰਨਾ 3:16 ਵਿਚ ਇਕ ਵਧੀਆ ਗੱਲ ਦੱਸੀ ਸੀ। ਇਹ ਆਇਤ ਇੰਨੀ ਮਹੱਤਵਪੂਰਣ ਹੈ ਕਿ ਇਸ ਨੂੰ ਛੋਟੀ ਇੰਜੀਲ ਆਖਿਆ ਗਿਆ ਹੈ। ਇਸ ਵਿਚ ਲਿਖਿਆ ਹੈ: “ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” ਸੋ ਪਰਮੇਸ਼ੁਰ ਨੇ ਆਪਣੇ ਪੁੱਤ ਨੂੰ ਇਸ ਲਈ ਕੁਰਬਾਨ ਕੀਤਾ ਕਿਉਂਕਿ ਉਹ ਇਨਸਾਨਜਾਤ ਨਾਲ ਪਿਆਰ ਕਰਦਾ ਹੈ। ਇਸ ਤੋਂ ਜ਼ਿਆਦਾ ਪਿਆਰ ਕਦੇ ਕਿਸੇ ਨੇ ਨਹੀਂ ਕੀਤਾ।

ਪਰਮੇਸ਼ੁਰ ਦੇ ਪਿਆਰ ਦਾ ਮਤਲਬ ਕੀ ਹੈ?

10. ਇਨਸਾਨ ਦੀ ਸਭ ਤੋਂ ਵੱਡੀ ਲੋੜ ਕੀ ਹੈ ਅਤੇ ਸ਼ਬਦ ਪਿਆਰ ਦਾ ਕੀ ਬਣਿਆ ਹੈ?

10 ਸ਼ਬਦ “ਪਿਆਰ” ਦਾ ਕੀ ਮਤਲਬ ਹੈ? ਕਿਹਾ ਜਾਂਦਾ ਹੈ ਕਿ ਪਿਆਰ ਇਨਸਾਨ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਜਨਮ ਤੋਂ ਮਰਨ ਤਕ ਸਾਰੇ ਲੋਕ ਪਿਆਰ ਪਾਉਣਾ ਚਾਹੁੰਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਜੋ ਲੋਕ ਪਿਆਰ ਪਾ ਲੈਂਦੇ ਹਨ ਉਹ ਖ਼ੁਸ਼ੀ ਅਤੇ ਸਫ਼ਲਤਾ ਵੀ ਪਾਉਂਦੇ ਹਨ ਅਤੇ ਜੋ ਪਿਆਰ ਲਈ ਤਰਸਦੇ ਰਹਿੰਦੇ ਹਨ, ਉਹ ਜ਼ਿੰਦਗੀ ਵਿਚ ਹਿੰਮਤ ਹਾਰ ਕੇ ਮਰ ਜਾਂਦੇ ਹਨ। ਫਿਰ ਵੀ ਇਹ ਸਮਝਾਉਣਾ ਬਹੁਤ ਮੁਸ਼ਕਲ ਹੈ ਕਿ ਪਿਆਰ ਕੀ ਹੈ। ਲੋਕ ਪਿਆਰ ਬਾਰੇ ਗੱਲਾਂ ਬਹੁਤ ਕਰਦੇ ਹਨ। ਪਿਆਰ ਬਾਰੇ ਹਜ਼ਾਰਾਂ-ਲੱਖਾਂ ਕਿਤਾਬਾਂ, ਕਵਿਤਾਵਾਂ ਅਤੇ ਗਾਣੇ ਲਿਖੇ ਗਏ ਹਨ। ਫਿਰ ਵੀ ਲੋਕਾਂ ਨੂੰ ਪਿਆਰ ਸ਼ਬਦ ਦਾ ਮਤਲਬ ਪਤਾ ਨਹੀਂ ਚੱਲਦਾ ਹੈ। ਅਸਲ ਵਿਚ ਪਿਆਰ ਸ਼ਬਦ ਨੂੰ ਇੰਨਾ ਜ਼ਿਆਦਾ ਵਰਤਿਆ ਜਾਂਦਾ ਹੈ ਕਿ ਇਸ ਦਾ ਸਹੀ ਮਤਲਬ ਸਮਝਣਾ ਹੋਰ ਵੀ ਔਖਾ ਹੋ ਗਿਆ ਹੈ। ਪਰ ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਪਿਆਰ ਕੀ ਹੈ।

11, 12. (ੳ) ਪਿਆਰ ਬਾਰੇ ਅਸੀਂ ਬਹੁਤ ਕੁਝ ਕਿੱਥੋਂ ਸਿੱਖ ਸਕਦੇ ਹਾਂ ਅਤੇ ਉੱਥੋਂ ਕਿਉਂ? (ਅ) ਪ੍ਰਾਚੀਨ ਯੂਨਾਨੀ ਭਾਸ਼ਾ ਵਿਚ ਪਿਆਰ ਲਈ ਕਿਹੜੇ ਸ਼ਬਦ ਵਰਤੇ ਗਏ ਸਨ ਅਤੇ ਬਾਈਬਲ ਦੇ ਯੂਨਾਨੀ ਹਿੱਸੇ ਵਿਚ “ਪਿਆਰ” ਲਈ ਕਿਹੜਾ ਸ਼ਬਦ ਸਭ ਤੋਂ ਜ਼ਿਆਦਾ ਵਾਰ ਵਰਤਿਆ ਗਿਆ ਹੈ? (ਫੁਟਨੋਟ ਦੇਖੋ।) (ੲ) ਅਗਾਪੇ ਕੀ ਹੈ?

11 ਬਾਈਬਲ ਦੇ ਇਕ ਕੋਸ਼ ਵਿਚ ਕਿਹਾ ਗਿਆ ਹੈ: “ਪਿਆਰ ਕਰਨ ਵਾਲਿਆਂ ਦੇ ਕੰਮਾਂ ਤੋਂ ਹੀ ਪਿਆਰ ਦਾ ਸਬੂਤ ਮਿਲਦਾ ਹੈ।” ਬਾਈਬਲ ਵਿਚ ਯਹੋਵਾਹ ਦੇ ਕੰਮਾਂ ਬਾਰੇ ਜੋ ਲਿਖਿਆ ਹੈ, ਉਸ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਉਹ ਆਪਣੇ ਲੋਕਾਂ ਨਾਲ ਕਿੰਨਾ ਪਿਆਰ ਕਰਦਾ ਹੈ। ਮਿਸਾਲ ਲਈ, ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਉਸ ਨੇ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਦਿੱਤੀ। ਕੀ ਇਸ ਤੋਂ ਵੱਧ ਪਿਆਰ ਦਾ ਹੋਰ ਕੋਈ ਸਬੂਤ ਹੋ ਸਕਦਾ ਹੈ? ਇਸ ਕਿਤਾਬ ਦੇ ਅਗਲਿਆਂ ਅਧਿਆਵਾਂ ਵਿਚ ਅਸੀਂ ਯਹੋਵਾਹ ਦੇ ਪਿਆਰ ਦੀਆਂ ਹੋਰ ਕਈ ਉਦਾਹਰਣਾਂ ਦੇਖਾਂਗੇ। ਇਸ ਤੋਂ ਇਲਾਵਾ ਅਸੀਂ ਬਾਈਬਲ ਵਿਚ “ਪਿਆਰ” ਲਈ ਵਰਤੇ ਗਏ ਸ਼ਬਦਾਂ ਤੋਂ ਵੀ ਹੋਰ ਜਾਣਕਾਰੀ ਹਾਸਲ ਕਰਾਂਗੇ। ਯੂਨਾਨੀ ਭਾਸ਼ਾ ਵਿਚ “ਪਿਆਰ” ਲਈ ਚਾਰ ਸ਼ਬਦ ਵਰਤੇ ਜਾਂਦੇ ਸਨ। * ਬਾਈਬਲ ਦੇ ਯੂਨਾਨੀ ਹਿੱਸੇ ਵਿਚ ਇਨ੍ਹਾਂ ਚਾਰਾਂ ਵਿੱਚੋਂ ਅਗਾਪੇ ਸ਼ਬਦ ਸਭ ਤੋਂ ਜ਼ਿਆਦਾ ਵਾਰ ਵਰਤਿਆ ਗਿਆ ਹੈ। ਬਾਈਬਲ ਦਾ ਇਕ ਕੋਸ਼ ਇਸ ਸ਼ਬਦ ਬਾਰੇ ਕਹਿੰਦਾ ਹੈ: “ਪਿਆਰ ਲਈ ਇਸ ਤੋਂ ਜ਼ਿਆਦਾ ਜ਼ਬਰਦਸਤ ਸ਼ਬਦ ਹੋਰ ਕੋਈ ਨਹੀਂ ਹੋ ਸਕਦਾ।” ਕਿਉਂ ਨਹੀਂ?

12 ਅਗਾਪੇ ਅਸੂਲਾਂ ਤੇ ਚੱਲਣ ਵਾਲਾ ਪਿਆਰ ਹੈ। ਇਹ ਸਿਰਫ਼ ਦਿਲ ਤੋਂ ਹੀ ਨਹੀਂ ਪੈਦਾ ਹੁੰਦਾ, ਸਗੋਂ ਸੋਚ-ਸਮਝ ਕੇ ਕੀਤਾ ਜਾਂਦਾ ਹੈ। ਇਹ ਕਾਫ਼ੀ ਵਿਸ਼ਾਲ ਹੈ ਅਤੇ ਸਾਰਿਆਂ ਨਾਲ ਕੀਤਾ ਜਾ ਸਕਦਾ ਹੈ। ਅਗਾਪੇ ਦੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਬਿਲਕੁਲ ਨਿਰਸੁਆਰਥੀ ਹੈ। ਮਿਸਾਲ ਲਈ, ਫਿਰ ਤੋਂ ਯੂਹੰਨਾ 3:16 ਵੱਲ ਧਿਆਨ ਦਿਓ। ਉਹ “ਜਗਤ” ਕੀ ਹੈ ਜਿਸ ਨਾਲ ਪਰਮੇਸ਼ੁਰ ਨੇ ਇੰਨਾ ਪਿਆਰ ਕੀਤਾ ਕਿ ਉਸ ਨੇ ਵੱਡੀ ਕੀਮਤ ਤੇ ਆਪਣਾ ਇਕਲੌਤਾ ਪੁੱਤਰ ਬਖ਼ਸ਼ ਦਿੱਤਾ ਸੀ? ਇਹ ਉਹ ਲੋਕ ਹਨ ਜੋ ਪਾਪ ਅਤੇ ਮੌਤ ਤੋਂ ਬਚਾਏ ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਕਈ ਲੋਕ ਪਾਪੀ ਰਾਹ ਤੇ ਪਏ ਹੋਏ ਹਨ। ਕੀ ਯਹੋਵਾਹ ਇਨ੍ਹਾਂ ਸਾਰਿਆਂ ਨੂੰ ਆਪਣੇ ਦੋਸਤ ਸਮਝ ਕੇ ਇਨ੍ਹਾਂ ਨਾਲ ਪਿਆਰ ਕਰਦਾ ਹੈ ਜਿਵੇਂ ਉਹ ਆਪਣੇ ਵਫ਼ਾਦਾਰ ਸੇਵਕ ਅਬਰਾਹਾਮ ਨਾਲ ਕਰਦਾ ਸੀ? (ਯਾਕੂਬ 2:23) ਨਹੀਂ, ਪਰ ਯਹੋਵਾਹ ਇਨ੍ਹਾਂ ਲੋਕਾਂ ਨਾਲ ਭਲਾਈ ਕਰਦਾ ਹੈ ਭਾਵੇਂ ਉਸ ਨੂੰ ਇਹ ਬਹੁਤ ਮਹਿੰਗਾ ਪਿਆ ਹੈ। ਉਹ ਚਾਹੁੰਦਾ ਹੈ ਕਿ ਸਾਰੇ ਪਾਪੀ ਲੋਕ ਤੋਬਾ ਕਰ ਕੇ ਆਪਣਾ ਰਾਹ ਬਦਲਣ। (2 ਪਤਰਸ 3:9) ਕਈ ਲੋਕ ਜੋ ਇਸ ਤਰ੍ਹਾਂ ਕਰਦੇ ਹਨ, ਉਨ੍ਹਾਂ ਨਾਲ ਉਹ ਹੱਸ ਕੇ ਦੋਸਤੀ ਕਰਦਾ ਹੈ।

13, 14. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਅਗਾਪੇ ਅਕਸਰ ਮੋਹ ਨਾਲ ਭਰਪੂਰ ਹੁੰਦਾ ਹੈ?

13 ਕੁਝ ਲੋਕਾਂ ਨੂੰ ਅਗਾਪੇ ਬਾਰੇ ਗ਼ਲਤਫ਼ਹਿਮੀ ਹੈ। ਉਨ੍ਹਾਂ ਦੇ ਖ਼ਿਆਲ ਵਿਚ ਇਹ ਅਜਿਹਾ ਪਿਆਰ ਹੈ ਜਿਸ ਵਿਚ ਕੋਈ ਿਨੱਘ ਨਹੀਂ ਹੈ। ਅਸਲੀਅਤ ਤਾਂ ਇਹ ਹੈ ਕਿ ਅਗਾਪੇ ਅਕਸਰ ਮੋਹ ਨਾਲ ਭਰਪੂਰ ਹੁੰਦਾ ਹੈ। ਮਿਸਾਲ ਲਈ ਜਦੋਂ ਯੂਹੰਨਾ ਨੇ ਲਿਖਿਆ ਸੀ ਕਿ “ਪਿਤਾ ਪੁੱਤ੍ਰ ਨਾਲ ਪਿਆਰ ਕਰਦਾ ਹੈ,” ਤਾਂ ਉਸ ਨੇ ਅਗਾਪੇ ਸ਼ਬਦ ਵਰਤਿਆ ਸੀ। ਕੀ ਇਸ ਪਿਆਰ ਵਿਚ ਕੋਈ ਿਨੱਘ ਨਹੀਂ ਸੀ? ਨੋਟ ਕਰੋ ਕਿ ਯਿਸੂ ਨੇ ਫ਼ਿਲਿਓ ਸ਼ਬਦ ਵਰਤ ਕੇ ਕਿਹਾ ਸੀ ਕਿ “ਪਿਤਾ ਤਾਂ ਪੁੱਤ੍ਰ ਨਾਲ ਤੇਹ ਕਰਦਾ ਹੈ।” (ਯੂਹੰਨਾ 3:35; 5:20) ਯਹੋਵਾਹ ਦੇ ਪਿਆਰ ਵਿਚ ਅਕਸਰ ਕੋਮਲਤਾ ਵੀ ਸ਼ਾਮਲ ਹੁੰਦੀ ਹੈ। ਪਰ ਉਸ ਦਾ ਪਿਆਰ ਕਦੇ ਵੀ ਜਜ਼ਬਾਤੀ ਨਹੀਂ ਹੁੰਦਾ। ਉਹ ਹਮੇਸ਼ਾ ਆਪਣੇ ਉੱਚੇ ਤੇ ਸਹੀ ਅਸੂਲਾਂ ਅਨੁਸਾਰ ਪਿਆਰ ਕਰਦਾ ਹੈ।

14 ਜਿਵੇਂ ਅਸੀਂ ਪਹਿਲਾਂ ਦੇਖਿਆ ਹੈ, ਯਹੋਵਾਹ ਦੇ ਸਾਰੇ ਗੁਣ ਉੱਤਮ ਤੇ ਮੁਕੰਮਲ ਹਨ ਅਤੇ ਸਾਨੂੰ ਉਸ ਵੱਲ ਖਿੱਚਦੇ ਹਨ। ਪਰ ਇਨ੍ਹਾਂ ਸਾਰਿਆਂ ਵਿੱਚੋਂ ਪਿਆਰ ਦੀ ਸਭ ਤੋਂ ਜ਼ਿਆਦਾ ਖਿੱਚ ਹੈ। ਪਿਆਰ ਨਾਲੋਂ ਜ਼ਿਆਦਾ ਹੋਰ ਕੋਈ ਵੀ ਗੁਣ ਯਹੋਵਾਹ ਨੂੰ ਜਾਣਨ ਲਈ ਸਾਨੂੰ ਨਹੀਂ ਪ੍ਰੇਰਦਾ। ਖ਼ੁਸ਼ੀ ਦੀ ਗੱਲ ਹੈ ਕਿ ਪਿਆਰ ਯਹੋਵਾਹ ਦਾ ਮੁੱਖ ਗੁਣ ਹੈ। ਇਹ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ?

“ਪਰਮੇਸ਼ੁਰ ਪ੍ਰੇਮ ਹੈ”

15. ਯਹੋਵਾਹ ਦੇ ਪਿਆਰ ਬਾਰੇ ਬਾਈਬਲ ਕੀ ਕਹਿੰਦੀ ਹੈ ਅਤੇ ਇਹ ਗੱਲ ਉਸ ਦੇ ਕਿਸੇ ਹੋਰ ਗੁਣ ਬਾਰੇ ਕਿਉਂ ਨਹੀਂ ਕਹੀ ਗਈ? (ਫੁਟਨੋਟ ਵੀ ਦੇਖੋ।)

15 ਪ੍ਰੇਮ ਬਾਰੇ ਬਾਈਬਲ ਇਕ ਖ਼ਾਸ ਗੱਲ ਕਹਿੰਦੀ ਹੈ ਜੋ ਯਹੋਵਾਹ ਦੇ ਹੋਰ ਕਿਸੇ ਵੀ ਗੁਣ ਬਾਰੇ ਨਹੀਂ ਕਹੀ ਗਈ। ਬਾਈਬਲ ਇਹ ਨਹੀਂ ਕਹਿੰਦੀ ਕਿ ਪਰਮੇਸ਼ੁਰ ਸ਼ਕਤੀ ਹੈ ਜਾਂ ਪਰਮੇਸ਼ੁਰ ਇਨਸਾਫ਼ ਹੈ ਜਾਂ ਪਰਮੇਸ਼ੁਰ ਬੁੱਧ ਹੈ। ਕਿਹਾ ਜਾ ਸਕਦਾ ਹੈ ਕਿ ਯਹੋਵਾਹ ਵਿਚ ਇਹ ਸਾਰੇ ਗੁਣ ਹਨ। ਉਹ ਇਨ੍ਹਾਂ ਗੁਣਾਂ ਦਾ ਸੋਮਾ ਹੈ ਅਤੇ ਉਸ ਨਾਲੋਂ ਵਧੀਆ ਤਰੀਕੇ ਨਾਲ ਹੋਰ ਕਿਸੇ ਨੇ ਕਦੇ ਇਹ ਗੁਣ ਪ੍ਰਗਟ ਨਹੀਂ ਕੀਤੇ। ਪਰ ਉਸ ਦੇ ਚੌਥੇ ਗੁਣ ਬਾਰੇ ਇਕ ਖ਼ਾਸ ਗੱਲ ਕਹੀ ਗਈ ਹੈ: “ਪਰਮੇਸ਼ੁਰ ਪ੍ਰੇਮ ਹੈ।” * (1 ਯੂਹੰਨਾ 4:8) ਇਸ ਦਾ ਕੀ ਮਤਲਬ ਹੈ?

16-18. (ੳ) ਬਾਈਬਲ ਇਸ ਤਰ੍ਹਾਂ ਕਿਉਂ ਕਹਿੰਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ”? (ਅ) ਧਰਤੀ ਦੇ ਸਾਰੇ ਜੀਵ-ਜੰਤੂਆਂ ਵਿੱਚੋਂ ਇਨਸਾਨ ਯਹੋਵਾਹ ਦੇ ਪ੍ਰਮੁੱਖ ਗੁਣ, ਪਿਆਰ ਦਾ ਸਹੀ ਪ੍ਰਤੀਕ ਕਿਉਂ ਹੈ?

16 ਜੇ “ਪਰਮੇਸ਼ੁਰ ਪ੍ਰੇਮ ਹੈ,” ਤਾਂ ਇਸ ਦਾ ਇਹ ਮਤਲਬ ਨਹੀਂ ਕਿ “ਪ੍ਰੇਮ ਪਰਮੇਸ਼ੁਰ ਹੈ।” ਪ੍ਰੇਮ ਪਰਮੇਸ਼ੁਰ ਦੇ ਬਰਾਬਰ ਨਹੀਂ ਹੋ ਸਕਦਾ ਕਿਉਂਕਿ ਪ੍ਰੇਮ ਸਿਰਫ਼ ਇਕ ਗੁਣ ਹੈ ਅਤੇ ਯਹੋਵਾਹ ਇਕ ਗੁਣ ਨਹੀਂ ਹੈ। ਉਹ ਇਕ ਸ਼ਖ਼ਸ ਹੈ ਜਿਸ ਵਿਚ ਪਿਆਰ ਤੋਂ ਇਲਾਵਾ ਹੋਰ ਕਈ ਖੂਬੀਆਂ ਅਤੇ ਭਾਵਨਾਵਾਂ ਹਨ। ਪਰ ਪ੍ਰੇਮ ਯਹੋਵਾਹ ਦੇ ਰਗ-ਰਗ ਵਿਚ ਵੱਸਦਾ ਹੈ। ਇਕ ਕਿਤਾਬ ਇਸ ਆਇਤ ਬਾਰੇ ਕਹਿੰਦੀ ਹੈ: “ਪ੍ਰੇਮ ਪਰਮੇਸ਼ੁਰ ਦਾ ਸੁਭਾਅ ਅਤੇ ਉਸ ਦੀ ਖ਼ਾਸੀਅਤ ਹੈ।” ਆਮ ਤੌਰ ਤੇ ਗੱਲ ਕਰਦੇ ਹੋਏ ਅਸੀਂ ਸ਼ਾਇਦ ਇਸ ਤਰ੍ਹਾਂ ਸੋਚੀਏ ਕਿ ਯਹੋਵਾਹ ਦੀ ਸ਼ਕਤੀ ਉਸ ਨੂੰ ਕੰਮ ਕਰਨ ਦਿੰਦੀ ਹੈ। ਉਸ ਦਾ ਇਨਸਾਫ਼ ਅਤੇ ਉਸ ਦੀ ਬੁੱਧ ਉਸ ਨੂੰ ਕੰਮ ਕਰਨ ਲਈ ਸੇਧ ਦਿੰਦੇ ਹਨ। ਪਰ ਉਸ ਦਾ ਪ੍ਰੇਮ ਉਸ ਨੂੰ ਕੁਝ ਕਰਨ ਲਈ ਪ੍ਰੇਰਦਾ ਹੈ। ਅਤੇ ਉਸ ਦੇ ਦੂਸਰੇ ਗੁਣਾਂ ਵਿਚ ਉਸ ਦਾ ਪ੍ਰੇਮ ਹਮੇਸ਼ਾ ਜ਼ਾਹਰ ਹੁੰਦਾ ਹੈ।

17 ਇਸ ਤਰ੍ਹਾਂ ਅਕਸਰ ਕਿਹਾ ਗਿਆ ਹੈ ਕਿ ਯਹੋਵਾਹ ਪਿਆਰ ਦਾ ਰੂਪ ਹੈ। ਇਸ ਕਰਕੇ ਜੇ ਅਸੀਂ ਅਗਾਪੇ ਯਾਨੀ ਅਸੂਲਾਂ ਤੇ ਚੱਲਣ ਵਾਲੇ ਪਿਆਰ ਬਾਰੇ ਸਿੱਖਣਾ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਬਾਰੇ ਸਿੱਖਣਾ ਪਵੇਗਾ। ਇਹ ਗੁਣ ਅਸੀਂ ਇਨਸਾਨਾਂ ਵਿਚ ਵੀ ਦੇਖ ਸਕਦੇ ਹਾਂ। ਪਰ ਇਨਸਾਨਾਂ ਵਿਚ ਕਿਉਂ? ਕਿਉਂਕਿ ਸ੍ਰਿਸ਼ਟੀ ਕਰਨ ਦੇ ਸਮੇਂ ਯਹੋਵਾਹ ਨੇ ਇਹ ਸ਼ਬਦ ਆਪਣੇ ਪੁੱਤਰ ਨੂੰ ਕਹੇ ਸਨ: “ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ।” (ਉਤਪਤ 1:26) ਧਰਤੀ ਦੇ ਸਾਰੇ ਜੀਵ-ਜੰਤੂਆਂ ਵਿੱਚੋਂ ਸਿਰਫ਼ ਇਨਸਾਨ ਹੀ ਆਪਣੇ ਸਵਰਗੀ ਪਿਤਾ ਦੀ ਨਕਲ ਕਰ ਕੇ ਪਿਆਰ ਕਰ ਸਕਦੇ ਹਨ। ਯਾਦ ਕਰੋ ਕਿ ਯਹੋਵਾਹ ਨੇ ਆਪਣੇ ਮੁੱਖ ਗੁਣਾਂ ਦੇ ਪ੍ਰਤੀਕ ਵਜੋਂ ਵੱਖੋ-ਵੱਖਰੇ ਜੀਵ-ਜੰਤੂਆਂ ਨੂੰ ਇਸਤੇਮਾਲ ਕੀਤਾ ਸੀ। ਪਰ ਯਹੋਵਾਹ ਨੇ ਆਪਣੇ ਪ੍ਰਮੁੱਖ ਗੁਣ, ਪਿਆਰ ਦੇ ਪ੍ਰਤੀਕ ਲਈ ਆਪਣੀ ਸਭ ਤੋਂ ਵਧੀਆ ਸ੍ਰਿਸ਼ਟੀ, ਆਦਮੀ ਨੂੰ ਚੁਣਿਆ ਸੀ।—ਹਿਜ਼ਕੀਏਲ 1:10.

18 ਜਦ ਅਸੀਂ ਅਸੂਲਾਂ ਮੁਤਾਬਕ ਨਿਰਸੁਆਰਥੀ ਤਰੀਕੇ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੇ ਪ੍ਰਮੁੱਖ ਗੁਣ ਦਾ ਸਬੂਤ ਦੇ ਰਹੇ ਹੁੰਦੇ ਹਾਂ। ਯੂਹੰਨਾ ਰਸੂਲ ਨੇ ਵੀ ਇਸ ਤਰ੍ਹਾਂ ਹੀ ਲਿਖਿਆ ਸੀ: “ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।” (1 ਯੂਹੰਨਾ 4:19) ਪਰ ਯਹੋਵਾਹ ਨੇ ਸਾਡੇ ਨਾਲ ਪਹਿਲਾਂ ਕਿਸ ਤਰ੍ਹਾਂ ਪਿਆਰ ਕੀਤਾ?

ਯਹੋਵਾਹ ਨੇ ਪਹਿਲ ਕੀਤੀ

19. ਪਿਆਰ ਨੇ ਯਹੋਵਾਹ ਨੂੰ ਕੀ ਕਰਨ ਲਈ ਪ੍ਰੇਰਿਆ ਸੀ ਅਤੇ ਕਿਉਂ?

19 ਪਿਆਰ ਕੋਈ ਨਵੀਂ ਗੱਲ ਨਹੀਂ ਹੈ। ਜ਼ਰਾ ਸੋਚੋ, ਯਹੋਵਾਹ ਨੇ ਸ੍ਰਿਸ਼ਟੀ ਕਰਨੀ ਕਿਉਂ ਸ਼ੁਰੂ ਕੀਤੀ ਸੀ? ਉਹ ਇਕੱਲਾਪਣ ਨਹੀਂ ਮਹਿਸੂਸ ਕਰ ਰਿਹਾ ਸੀ ਅਤੇ ਨਾ ਹੀ ਉਸ ਨੂੰ ਸਾਥੀਆਂ ਦੀ ਲੋੜ ਸੀ। ਯਹੋਵਾਹ ਸੰਪੂਰਣ ਹੈ ਅਤੇ ਉਸ ਦੀ ਅਜਿਹੀ ਕੋਈ ਲੋੜ ਨਹੀਂ ਜਿਸ ਨੂੰ ਕੋਈ ਹੋਰ ਪੂਰਾ ਕਰ ਸਕਦਾ ਹੈ। ਪਰ ਉਹ ਚਾਹੁੰਦਾ ਸੀ ਕਿ ਦੂਸਰੇ ਵੀ ਜੀਉਣ ਦਾ ਮਜ਼ਾ ਲੈ ਕੇ ਦੇਖਣ। ਉਸ ਨੇ ਆਪਣੇ ਪਿਆਰ ਕਰਕੇ ਅਜਿਹੇ ਸੋਚਣ-ਸਮਝਣ ਵਾਲੇ ਜੀਵ-ਜੰਤੂ ਬਣਾਏ ਜੋ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਰ ਸਕਣ। “ਪਰਮੇਸ਼ੁਰ ਦੀ ਸਰਿਸ਼ਟ ਦਾ ਮੁੱਢ” ਉਸ ਦਾ ਇਕਲੌਤਾ ਪੁੱਤਰ ਸੀ। (ਪਰਕਾਸ਼ ਦੀ ਪੋਥੀ 3:14) ਫਿਰ ਯਹੋਵਾਹ ਨੇ ਆਪਣੇ ਰਾਜ ਮਿਸਤਰੀ ਦੇ ਜ਼ਰੀਏ ਫਰਿਸ਼ਤਿਆਂ ਨੂੰ ਬਣਾਉਣ ਤੋਂ ਬਾਅਦ ਬਾਕੀ ਸਭ ਕੁਝ ਬਣਾਇਆ। (ਅੱਯੂਬ 38:4, 7; ਕੁਲੁੱਸੀਆਂ 1:16) ਫਰਿਸ਼ਤਿਆਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਗਈ ਸੀ; ਉਹ ਦੁੱਖ-ਸੁਖ ਮਹਿਸੂਸ ਕਰ ਸਕਦੇ ਸਨ ਅਤੇ ਇਸ ਤਰ੍ਹਾਂ ਦੂਸਰਿਆਂ ਫਰਿਸ਼ਤਿਆਂ ਨਾਲ ਅਤੇ ਯਹੋਵਾਹ ਨਾਲ ਵੀ ਪਿਆਰ ਕਰ ਸਕਦੇ ਸਨ। (2 ਕੁਰਿੰਥੀਆਂ 3:17) ਇਸ ਤਰ੍ਹਾਂ ਉਨ੍ਹਾਂ ਨੇ ਪਿਆਰ ਕੀਤਾ ਕਿਉਂਕਿ ਕਿਸੇ ਨੇ ਪਹਿਲਾਂ ਉਨ੍ਹਾਂ ਨਾਲ ਪਿਆਰ ਕੀਤਾ ਸੀ।

20, 21. ਆਦਮ ਤੇ ਹੱਵਾਹ ਕੋਲ ਯਹੋਵਾਹ ਦੇ ਪਿਆਰ ਦਾ ਕੀ ਸਬੂਤ ਸੀ ਪਰ ਇਸ ਦੇ ਬਦਲੇ ਉਨ੍ਹਾਂ ਨੇ ਕੀ ਕੀਤਾ ਸੀ?

20 ਮਨੁੱਖਾਂ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਸ਼ੁਰੂ ਤੋਂ ਹੀ ਆਦਮ ਅਤੇ ਹੱਵਾਹ ਪਿਆਰ ਦੀ ਬੁੱਕਲ ਵਿਚ ਪਲੇ ਸਨ। ਉਹ ਅਦਨ ਦੇ ਬਾਗ਼ ਵਿਚ ਰਹਿੰਦੇ ਸਨ ਅਤੇ ਜਿੱਥੇ ਕਿਤੇ ਵੀ ਉਹ ਦੇਖਦੇ ਸਨ ਉਨ੍ਹਾਂ ਨੂੰ ਯਹੋਵਾਹ ਦੇ ਪਿਆਰ ਦਾ ਸਬੂਤ ਨਜ਼ਰ ਆਉਂਦਾ ਸੀ। ਨੋਟ ਕਰੋ ਕਿ ਬਾਈਬਲ ਕੀ ਕਹਿੰਦੀ ਹੈ: “ਯਹੋਵਾਹ ਪਰਮੇਸ਼ੁਰ ਨੇ ਇੱਕ ਬਾਗ਼ ਅਦਨ ਵਿੱਚ ਪੂਰਬ ਵੱਲ ਲਾਇਆ ਅਤੇ ਉੱਥੇ ਉਸ ਨੇ ਉਸ ਆਦਮੀ ਨੂੰ ਜਿਹ ਨੂੰ ਉਸ ਨੇ ਰਚਿਆ ਸੀ ਰੱਖਿਆ।” (ਉਤਪਤ 2:8) ਕੀ ਤੁਸੀਂ ਕਦੇ ਕਿਸੇ ਬਹੁਤ ਹੀ ਖੂਬਸੂਰਤ ਬਗ਼ੀਚੇ ਵਿਚ ਗਏ ਹੋ? ਤੁਹਾਨੂੰ ਉੱਥੇ ਸਭ ਤੋਂ ਜ਼ਿਆਦਾ ਕੀ ਪਸੰਦ ਆਇਆ ਸੀ? ਦਰਖ਼ਤਾਂ ਦੇ ਪੱਤਿਆਂ ਵਿੱਚੋਂ ਨਜ਼ਰ ਆਉਂਦੀਆਂ ਰੌਸ਼ਨੀ ਦੀਆਂ ਕਿਰਨਾਂ? ਜ਼ਮੀਨ ਤੇ ਸੋਹਣੇ ਅਤੇ ਰੰਗ-ਬਰੰਗੇ ਫੁੱਲਾਂ ਦਾ ਗਲੀਚਾ? ਨਦੀ ਵਿਚ ਵਹਿੰਦੇ ਪਾਣੀ ਦੀ ਰਿਮ-ਝਿਮ, ਪੰਛੀਆਂ ਦੇ ਗਾਣੇ ਤੇ ਭੰਵਰਿਆਂ ਦੀ ਸੁਰੀਲੀ ਆਵਾਜ਼? ਦਰਖ਼ਤਾਂ, ਫਲਾਂ ਅਤੇ ਫੁੱਲਾਂ ਦੀ ਖੁਸ਼ਬੂ? ਪਰ ਅੱਜ ਦੇ ਕਿਸੇ ਵੀ ਬਾਗ਼ ਦੀ ਤੁਲਨਾ ਅਦਨ ਦੇ ਬਾਗ਼ ਨਾਲ ਨਹੀਂ ਕੀਤੀ ਜਾ ਸਕਦੀ। ਕਿਉਂ ਨਹੀਂ?

21 ਉਹ ਬਾਗ਼ ਯਹੋਵਾਹ ਨੇ ਖ਼ੁਦ ਆਪਣੇ ਹੱਥੀਂ ਲਾਇਆ ਸੀ! ਉਸ ਬਾਗ਼ ਦੀ ਸੁੰਦਰਤਾ ਬਿਆਨੋਂ ਬਾਹਰ ਸੀ। ਹਰ ਦਰਖ਼ਤ ਦੇਖਣ ਨੂੰ ਸੋਹਣਾ ਅਤੇ ਉਸ ਦਾ ਫਲ ਖਾਣ ਨੂੰ ਸੁਆਦ ਸੀ। ਉਸ ਵਿਸ਼ਾਲ ਬਾਗ਼ ਵਿਚ ਚੋਖਾ ਪਾਣੀ ਸੀ ਅਤੇ ਉੱਥੇ ਹਰ ਭਾਂਤ ਦੇ ਜਾਨਵਰ ਸਨ। ਆਦਮ ਤੇ ਹੱਵਾਹ ਦੀ ਜ਼ਿੰਦਗੀ ਨੂੰ ਸੁਖੀ ਬਣਾਉਣ ਲਈ ਉੱਥੇ ਹਰ ਚੀਜ਼ ਸੀ। ਉਨ੍ਹਾਂ ਕੋਲ ਇਕ-ਦੂਜੇ ਦਾ ਸਾਥ ਸੀ ਅਤੇ ਅਜਿਹਾ ਕੰਮ ਜਿਸ ਤੋਂ ਜੀ ਖ਼ੁਸ਼ ਹੁੰਦਾ ਸੀ। ਯਹੋਵਾਹ ਨੇ ਉਨ੍ਹਾਂ ਨੂੰ ਸਾਰਾ ਕੁਝ ਦੇ ਕੇ ਉਨ੍ਹਾਂ ਨਾਲ ਪਹਿਲਾਂ ਪਿਆਰ ਕੀਤਾ। ਇਸ ਲਈ ਉਨ੍ਹਾਂ ਨੂੰ ਉਸ ਨਾਲ ਵੀ ਪਿਆਰ ਕਰਨਾ ਚਾਹੀਦਾ ਸੀ। ਪਰ ਉਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਆਪਣੇ ਸਵਰਗੀ ਪਿਤਾ ਦੀ ਗੱਲ ਮੰਨਣ ਦੀ ਬਜਾਇ ਉਨ੍ਹਾਂ ਨੇ ਉਸ ਦੇ ਖ਼ਿਲਾਫ਼ ਬਗਾਵਤ ਕੀਤੀ।—ਉਤਪਤ ਦਾ ਦੂਜਾ ਅਧਿਆਇ

22. ਯਹੋਵਾਹ ਨੇ ਅਦਨ ਦੇ ਬਾਗ਼ ਵਿਚ ਬਗਾਵਤ ਤੋਂ ਬਾਅਦ ਜੋ ਕੀਤਾ, ਉਸ ਤੋਂ ਉਸ ਦੇ ਸੱਚੇ ਪਿਆਰ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਹੈ?

22 ਉਨ੍ਹਾਂ ਦੀ ਬਗਾਵਤ ਨੇ ਯਹੋਵਾਹ ਦੇ ਦਿਲ ਨੂੰ ਕਿੰਨਾ ਦੁਖਾਇਆ! ਪਰ ਕੀ ਇਸ ਨੇ ਉਸ ਦੇ ਦਿਲ ਵਿਚ ਜ਼ਹਿਰ ਘੋਲਿਆ ਸੀ? ਬਿਲਕੁਲ ਨਹੀਂ! “ਉਹ ਦੀ ਦਯਾ ਸਦਾ ਦੀ ਹੈ।” (ਜ਼ਬੂਰਾਂ ਦੀ ਪੋਥੀ 136:1) ਇਕ ਹੋਰ ਤਰਜਮਾ ਕਹਿੰਦਾ ਹੈ ਕਿ ਉਸ ਦਾ ਸੱਚਾ ਪਿਆਰ ਸਦਾ ਦਾ ਹੈ। ਇਸ ਲਈ ਉਸ ਨੇ ਉਸੇ ਸਮੇਂ ਪਿਆਰ ਨਾਲ ਇਕ ਬੰਦੋਬਸਤ ਕੀਤਾ ਜਿਸ ਰਾਹੀਂ ਆਦਮ ਤੇ ਹੱਵਾਹ ਦੀ ਔਲਾਦ ਵਿੱਚੋਂ ਸਹੀ ਰਾਹ ਤੇ ਚੱਲਣ ਵਾਲੇ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ। ਅੱਗੇ ਅਸੀਂ ਦੇਖ ਹੀ ਚੁੱਕੇ ਹਾਂ ਕਿ ਇਸ ਬੰਦੋਬਸਤ ਵਿਚ ਯਹੋਵਾਹ ਦੇ ਪਿਆਰੇ ਪੁੱਤਰ ਦੀ ਕੁਰਬਾਨੀ ਸ਼ਾਮਲ ਸੀ ਜੋ ਉਸ ਦੇ ਪਿਤਾ ਨੂੰ ਬਹੁਤ ਮਹਿੰਗੀ ਪਈ ਸੀ।—1 ਯੂਹੰਨਾ 4:10.

23. ਯਹੋਵਾਹ ਖ਼ੁਸ਼ ਰਹਿਣ ਵਾਲਾ ਪਰਮੇਸ਼ੁਰ ਕਿਉਂ ਹੈ ਅਤੇ ਅਗਲੇ ਅਧਿਆਇ ਵਿਚ ਕਿਹੜੇ ਜ਼ਰੂਰੀ ਸਵਾਲ ਦਾ ਜਵਾਬ ਦਿੱਤਾ ਜਾਵੇਗਾ?

23 ਜੀ ਹਾਂ, ਯਹੋਵਾਹ ਨੇ ਸ਼ੁਰੂ ਤੋਂ ਹੀ ਇਨਸਾਨਜਾਤ ਨਾਲ ਪਿਆਰ ਕਰਨ ਵਿਚ ਪਹਿਲ ਕੀਤੀ ਹੈ। ਅਣਗਿਣਤ ਤਰੀਕਿਆਂ ਨਾਲ “ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।” ਜਿੱਥੇ ਪਿਆਰ ਹੈ ਉੱਥੇ ਮੇਲ-ਮਿਲਾਪ ਅਤੇ ਖ਼ੁਸ਼ੀ ਹੈ, ਇਸੇ ਲਈ ਬਾਈਬਲ ਵਿਚ ਯਹੋਵਾਹ ਨੂੰ “ਪਰਮਧੰਨ” ਜਾਂ ਖ਼ੁਸ਼ ਰਹਿਣ ਵਾਲਾ ਪਰਮੇਸ਼ੁਰ ਸੱਦਿਆ ਗਿਆ ਹੈ। (1 ਤਿਮੋਥਿਉਸ 1:11) ਪਰ ਇਕ ਜ਼ਰੂਰੀ ਸਵਾਲ ਖੜ੍ਹਾ ਹੁੰਦਾ ਹੈ। ਕੀ ਯਹੋਵਾਹ ਸਾਨੂੰ ਿਨੱਜੀ ਤੌਰ ਤੇ ਪਿਆਰ ਕਰਦਾ ਹੈ? ਇਸ ਕਿਤਾਬ ਦੇ ਅਗਲੇ ਅਧਿਆਇ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।

^ ਪੈਰਾ 11 ਬਾਈਬਲ ਦੇ ਯੂਨਾਨੀ ਹਿੱਸੇ ਵਿਚ ਅਕਸਰ ਫ਼ੀਲੀਓ ਸ਼ਬਦ ਵਰਤਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿਸੇ ਨਾਲ ਮੋਹ ਹੋਣਾ, ਉਸ ਨੂੰ ਪਸੰਦ ਕਰਨਾ ਜਿਵੇਂ ਕੋਈ ਆਪਣੇ ਜਿਗਰੀ ਦੋਸਤ ਜਾਂ ਭਰਾ ਨਾਲ ਪਿਆਰ ਕਰਦਾ ਹੈ। ਸਾਕ-ਸੰਬੰਧੀਆਂ ਵਿਚ ਜੋ ਪਿਆਰ ਹੁੰਦਾ ਹੈ, ਉਸ ਨੂੰ ਸਟੋਰਗੇ ਸੱਦਿਆ ਗਿਆ ਹੈ। ਇਸ ਦੀ ਗੱਲ 2 ਤਿਮੋਥਿਉਸ 3:3 ਵਿਚ ਕੀਤੀ ਗਈ ਹੈ ਕਿ ਆਖ਼ਰੀ ਦਿਨਾਂ ਵਿਚ ਲੋਕ ਆਪਣੇ ਘਰ ਦਿਆਂ ਨਾਲ ਮੋਹ ਨਹੀਂ ਰੱਖਣਗੇ ਅਤੇ ਇਕ-ਦੂਜੇ ਨਾਲ ਪਿਆਰ ਨਹੀਂ ਕਰਨਗੇ। ਬਾਈਬਲ ਦੇ ਯੂਨਾਨੀ ਹਿੱਸੇ ਵਿਚ ਏਰੋਸ ਸ਼ਬਦ ਨਹੀਂ ਵਰਤਿਆ ਗਿਆ। ਇਹ ਉਹ ਪਿਆਰ ਹੈ ਜੋ ਆਦਮੀ ਤੇ ਔਰਤ ਦਰਮਿਆਨ ਹੁੰਦਾ ਹੈ। ਖ਼ੈਰ ਬਾਈਬਲ ਵਿਚ ਇਸ ਪਿਆਰ ਦੀ ਵੀ ਗੱਲ ਕੀਤੀ ਗਈ ਹੈ।—ਕਹਾਉਤਾਂ 5:15-20.

^ ਪੈਰਾ 15 ਬਾਈਬਲ ਵਿਚ ਇਸ ਤਰ੍ਹਾਂ ਹੋਰ ਗੱਲਾਂ ਬਾਰੇ ਵੀ ਕਿਹਾ ਗਿਆ ਹੈ। ਮਿਸਾਲ ਲਈ “ਪਰਮੇਸ਼ੁਰ ਚਾਨਣ ਹੈ” ਅਤੇ “ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ।” (1 ਯੂਹੰਨਾ 1:5; ਇਬਰਾਨੀਆਂ 12:28) ਇਸ ਦਾ ਮਤਲਬ ਇਹ ਨਹੀਂ ਕਿ ਯਹੋਵਾਹ ਇਹ ਚੀਜ਼ਾਂ ਹੈ, ਪਰ ਉਹ ਇਨ੍ਹਾਂ ਵਰਗਾ ਹੈ। ਯਹੋਵਾਹ ਚਾਨਣ ਵਰਗਾ ਹੈ ਕਿਉਂਕਿ ਉਹ ਪਵਿੱਤਰ ਅਤੇ ਧਰਮੀ ਹੈ। ਉਸ ਵਿਚ “ਹਨੇਰਾ” ਜਾਂ ਅਪਵਿੱਤਰਤਾ ਨਹੀਂ ਹੈ। ਉਸ ਦੀ ਨਾਸ਼ ਕਰਨ ਦੀ ਸ਼ਕਤੀ ਕਰਕੇ ਉਸ ਦੀ ਤੁਲਨਾ ਅੱਗ ਨਾਲ ਵੀ ਕੀਤੀ ਜਾ ਸਕਦੀ ਹੈ।