Skip to content

Skip to table of contents

ਪੱਚੀਵਾਂ ਅਧਿਆਇ

‘ਸਾਡੇ ਪਰਮੇਸ਼ੁਰ ਦਾ ਵੱਡਾ ਰਹਮ’

‘ਸਾਡੇ ਪਰਮੇਸ਼ੁਰ ਦਾ ਵੱਡਾ ਰਹਮ’

1, 2. (ੳ) ਆਪਣੇ ਬੱਚੇ ਦਾ ਰੋਣਾ ਸੁਣ ਕੇ ਇਕ ਮਾਂ ਕੁਦਰਤੀ ਤੌਰ ਤੇ ਕੀ ਕਰਦੀ ਹੈ? (ਅ) ਕਿਹੜੀ ਭਾਵਨਾ ਮਾਂ ਦੀ ਮਮਤਾ ਨਾਲੋਂ ਜ਼ਿਆਦਾ ਗਹਿਰੀ ਹੈ?

ਅੱਧੀ ਰਾਤ ਨੂੰ ਇਕ ਮਾਂ ਆਪਣੇ ਬੱਚੇ ਦਾ ਰੋਣਾ ਸੁਣ ਕੇ ਇਕਦਮ ਉੱਠ ਜਾਂਦੀ ਹੈ। ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਜਿਸ ਤਰ੍ਹਾਂ ਉਹ ਗੂੜ੍ਹੀ ਨੀਂਦ ਸੌਂਦੀ ਸੀ, ਹੁਣ ਉਹ ਉਸ ਤਰ੍ਹਾਂ ਨਹੀਂ ਸੌਂ ਸਕਦੀ। ਉਸ ਨੂੰ ਬੱਚੇ ਦੀ ਰੋਣ ਦੀ ਆਵਾਜ਼ ਤੋਂ ਝੱਟ ਪਤਾ ਲੱਗ ਜਾਂਦਾ ਹੈ ਕਿ ਉਹ ਭੁੱਖਾ ਹੈ, ਲਾਡ-ਪਿਆਰ ਚਾਹੁੰਦਾ ਹੈ ਜਾਂ ਉਹ ਕਿਸੇ ਹੋਰ ਕਾਰਨ ਕਰਕੇ ਰੋ ਰਿਹਾ ਹੈ। ਉਹ ਕਦੇ ਆਪਣੇ ਬੱਚੇ ਨੂੰ ਰੋਂਦਾ ਨਹੀਂ ਛੱਡ ਸਕਦੀ।

2 ਆਪਣੇ ਢਿੱਡੋਂ ਜੰਮੇ ਬੱਚੇ ਲਈ ਇਕ ਮਾਂ ਦੀ ਮਮਤਾ ਦੀ ਤੁਲਨਾ ਹੋਰ ਕਿਸੇ ਇਨਸਾਨੀ ਭਾਵਨਾ ਨਾਲ ਨਹੀਂ ਕੀਤੀ ਜਾ ਸਕਦੀ। ਪਰ ਇਕ ਭਾਵਨਾ ਇਸ ਤੋਂ ਵੀ ਕੋਮਲ ਹੈ। ਜੀ ਹਾਂ, ਯਹੋਵਾਹ ਪਰਮੇਸ਼ੁਰ ਦਾ ਰਹਿਮ। ਯਹੋਵਾਹ ਦੇ ਇਸ ਗੁਣ ਨੂੰ ਚੰਗੀ ਤਰ੍ਹਾਂ ਸਮਝ ਕੇ ਅਸੀਂ ਉਸ ਵੱਲ ਖਿੱਚੇ ਜਾ ਸਕਦੇ ਹਾਂ। ਫਿਰ ਆਓ ਆਪਾਂ ਹੁਣ ਯਹੋਵਾਹ ਦੇ ਰਹਿਮ ਉੱਤੇ ਚਰਚਾ ਕਰੀਏ ਅਤੇ ਸਿੱਖੀਏ ਕਿ ਉਹ ਰਹਿਮ ਕਿਸ ਤਰ੍ਹਾਂ ਕਰਦਾ ਹੈ।

ਰਹਿਮ ਕੀ ਹੈ?

3. ਜਿਸ ਇਬਰਾਨੀ ਕ੍ਰਿਆ ਦਾ ਤਰਜਮਾ “ਦਇਆ ਕਰਨੀ” ਜਾਂ “ਤਰਸ ਖਾਣਾ” ਕੀਤਾ ਗਿਆ ਹੈ, ਉਸ ਦਾ ਮਤਲਬ ਕੀ ਹੈ?

3 ਪੰਜਾਬੀ ਬਾਈਬਲ ਵਿਚ ਰਹਿਮ ਨੂੰ ਦਇਆ ਵੀ ਸੱਦਿਆ ਗਿਆ ਹੈ। ਇਹ ਸਹੀ ਹੈ ਕਿਉਂਕਿ ਇਨ੍ਹਾਂ ਦੋਹਾਂ ਭਾਵਨਾਵਾਂ ਵਿਚ ਗੂੜ੍ਹਾ ਸੰਬੰਧ ਹੈ। ਇਹੋ ਜਿਹੀਆਂ ਭਾਵਨਾਵਾਂ ਲਈ ਕਈ ਇਬਰਾਨੀ ਤੇ ਯੂਨਾਨੀ ਸ਼ਬਦ ਵਰਤੇ ਗਏ ਹਨ। ਉਦਾਹਰਣ ਲਈ ਇਬਰਾਨੀ ਦੀ ਇਕ ਕ੍ਰਿਆ ਉੱਤੇ ਗੌਰ ਕਰੋ ਜਿਸ ਦਾ ਤਰਜਮਾ ਅਕਸਰ “ਦਇਆ ਕਰਨੀ” ਜਾਂ “ਤਰਸ ਖਾਣਾ” ਕੀਤਾ ਜਾਂਦਾ ਹੈ। ਇਕ ਕਿਤਾਬ ਇਸ ਕ੍ਰਿਆ ਬਾਰੇ ਕਹਿੰਦੀ ਹੈ: “ਇਹ ਅਜਿਹੀ ਡੂੰਘੀ ਅਤੇ ਕੋਮਲ ਭਾਵਨਾ ਹੈ ਜੋ ਕਿਸੇ ਅਜ਼ੀਜ਼ ਦਾ ਦੁੱਖ-ਦਰਦ ਦੇਖ ਕੇ ਸਾਡੇ ਅੰਦਰ ਜਾਗ ਉੱਠਦੀ ਹੈ ਅਤੇ ਅਸੀਂ ਉਸ ਤੇ ਤਰਸ ਖਾ ਕੇ ਉਸ ਦੀ ਮਦਦ ਕਰਨੀ ਚਾਹੁੰਦੇ ਹਾਂ।” ਯਹੋਵਾਹ ਦੀ ਇਸ ਭਾਵਨਾ ਲਈ ਜੋ ਇਬਰਾਨੀ ਸ਼ਬਦ ਵਰਤਿਆ ਗਿਆ ਹੈ, ਉਹ “ਕੁੱਖ” ਸ਼ਬਦ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਸ਼ਬਦ ਨੂੰ “ਮਾਂ ਦੀ ਮਮਤਾ” ਸੱਦਿਆ ਜਾ ਸਕਦਾ ਹੈ। *ਕੂਚ 33:19; ਯਿਰਮਿਯਾਹ 33:26.

‘ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ ਹੈ?’

4, 5. ਯਹੋਵਾਹ ਦੇ ਰਹਿਮ ਬਾਰੇ ਸਿਖਾਉਣ ਲਈ ਬਾਈਬਲ ਵਿਚ ਮਾਂ ਦੀ ਮਮਤਾ ਦੀ ਉਦਾਹਰਣ ਕਿਸ ਤਰ੍ਹਾਂ ਵਰਤੀ ਗਈ ਹੈ?

4 ਬਾਈਬਲ ਵਿਚ ਮਾਂ ਦੀ ਮਮਤਾ ਦੀ ਉਦਾਹਰਣ ਵਰਤ ਕੇ ਸਾਨੂੰ ਯਹੋਵਾਹ ਦੇ ਰਹਿਮ ਬਾਰੇ ਸਿਖਾਇਆ ਜਾਂਦਾ ਹੈ। ਯਸਾਯਾਹ 49:15 ਵਿਚ ਅਸੀਂ ਪੜ੍ਹਦੇ ਹਾਂ: “ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ, ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਮ ਨਾ ਕਰੇ? ਏਹ ਭਾਵੇਂ ਭੁੱਲ ਜਾਣ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।” ਮਮਤਾ ਦੀ ਇਹ ਤਸਵੀਰ ਦਿਖਾਉਂਦੀ ਹੈ ਕਿ ਯਹੋਵਾਹ ਆਪਣੇ ਲੋਕਾਂ ਤੇ ਕਿੰਨਾ ਰਹਿਮ ਕਰਦਾ ਹੈ। ਆਓ ਆਪਾਂ ਦੇਖੀਏ ਕਿਸ ਤਰ੍ਹਾਂ।

5 ਇਸ ਤਰ੍ਹਾਂ ਸੋਚਣਾ ਵੀ ਮੁਸ਼ਕਲ ਹੈ ਕਿ ਇਕ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਣਾ ਜਾਂ ਉਸ ਦੀ ਦੇਖ-ਭਾਲ ਕਰਨੀ ਭੁੱਲ ਸਕਦੀ ਹੈ। ਇਕ ਮਾਸੂਮ ਬੱਚਾ ਤਾਂ ਆਪਣੇ ਆਪ ਲਈ ਕੁਝ ਨਹੀਂ ਕਰ ਸਕਦਾ। ਦਿਨ-ਰਾਤ ਉਸ ਨੂੰ ਆਪਣੀ ਮਾਂ ਦੇ ਲਾਡ-ਪਿਆਰ ਤੇ ਦੇਖ-ਭਾਲ ਦੀ ਲੋੜ ਹੈ। ਅਫ਼ਸੋਸ ਦੀ ਗੱਲ ਹੈ ਕਿ ਖ਼ਾਸ ਕਰਕੇ ਅੱਜ-ਕੱਲ੍ਹ ਦੇ “ਭੈੜੇ ਸਮੇਂ” ਵਿਚ ਕਈ ਮਾਵਾਂ ਬਿਲਕੁਲ “ਨਿਰਮੋਹ” ਹਨ। (2 ਤਿਮੋਥਿਉਸ 3:1, 3) “ਪਰ” ਯਹੋਵਾਹ ਕਹਿੰਦਾ ਹੈ “ਮੈਂ ਤੈਨੂੰ ਨਹੀਂ ਭੁੱਲਾਂਗਾ।” ਆਪਣੇ ਸੇਵਕਾਂ ਲਈ ਯਹੋਵਾਹ ਦਾ ਰਹਿਮ ਖ਼ਤਮ ਹੋਣ ਵਾਲਾ ਨਹੀਂ ਹੈ। ਇਹ ਰਹਿਮ ਹੋਰ ਕਿਸੇ ਵੀ ਭਾਵਨਾ ਨਾਲੋਂ ਗਹਿਰਾ ਹੈ। ਇਹ ਆਪਣੇ ਨਵਜੰਮੇ ਬੱਚੇ ਲਈ ਇਕ ਮਾਂ ਦੀ ਮਮਤਾ ਨਾਲੋਂ ਵੀ ਗਹਿਰਾ ਹੈ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਇਕ ਵਿਦਵਾਨ ਨੇ ਯਸਾਯਾਹ 49:15 ਬਾਰੇ ਇਹ ਕਿਉਂ ਕਿਹਾ ਸੀ: “ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪੁਰਾਣੇ ਨੇਮ ਵਿਚ ਇਹ ਭਾਵਨਾ ਪਰਮੇਸ਼ੁਰ ਦੇ ਪਿਆਰ ਦਾ ਇਕ ਜ਼ਬਰਦਸਤ ਤੇ ਸਭ ਤੋਂ ਵਧੀਆ ਸਬੂਤ ਹੈ।”

6. ਕਈ ਇਨਸਾਨ ਰਹਿਮ ਕਰਨ ਬਾਰੇ ਕੀ ਮੰਨਦੇ ਹਨ, ਪਰ ਯਹੋਵਾਹ ਸਾਨੂੰ ਕਿਸ ਗੱਲ ਦਾ ਯਕੀਨ ਦਿਲਾਉਂਦਾ ਹੈ?

6 ਕੀ ਰਹਿਮ ਕਰਨਾ ਕੋਈ ਕਮਜ਼ੋਰੀ ਹੈ? ਕਈ ਇਨਸਾਨ ਇਸ ਤਰ੍ਹਾਂ ਮੰਨਦੇ ਹਨ। ਉਦਾਹਰਣ ਲਈ, ਸਨੀਕਾ ਨਾਂ ਦਾ ਰੋਮੀ ਫ਼ਿਲਾਸਫ਼ਰ ਯਿਸੂ ਦੇ ਸਮੇਂ ਵਿਚ ਰਹਿੰਦਾ ਸੀ। ਕਾਫ਼ੀ ਪੜ੍ਹਿਆ-ਲਿਖਿਆ ਹੋਣ ਕਰਕੇ ਉਹ ਰੋਮ ਵਿਚ ਮਸ਼ਹੂਰ ਸੀ। ਉਹ ਸਿਖਾਉਂਦਾ ਸੀ ਕਿ “ਦਇਆ ਇਕ ਮਾਨਸਿਕ ਕਮਜ਼ੋਰੀ ਹੈ।” ਸਨੀਕਾ ਸਟਾਇਕਵਾਦ ਫ਼ਲਸਫ਼ੇ ਨੂੰ ਮੰਨਦਾ ਸੀ। ਇਸ ਫ਼ਲਸਫ਼ੇ ਵਿਚ ਕਿਸੇ ਤਰ੍ਹਾਂ ਦੇ ਜਜ਼ਬਾਤਾਂ ਤੋਂ ਬਿਨਾਂ ਮਨ ਨੂੰ ਸ਼ਾਂਤ ਰੱਖਣ ਤੇ ਜ਼ੋਰ ਦਿੱਤਾ ਜਾਂਦਾ ਸੀ। ਸਨੀਕਾ ਦਾ ਕਹਿਣਾ ਸੀ ਕਿ ਬੁੱਧੀਮਾਨ ਇਨਸਾਨ ਦੁਖੀਆਂ ਦੀ ਮਦਦ ਤਾਂ ਕਰ ਸਕਦਾ ਹੈ, ਪਰ ਉਸ ਨੂੰ ਉਨ੍ਹਾਂ ਤੇ ਤਰਸ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹ ਮਨ ਦੀ ਸ਼ਾਂਤੀ ਗੁਆ ਬੈਠੇਗਾ। ਇਸ ਖ਼ੁਦਗਰਜ਼ ਫ਼ਲਸਫ਼ੇ ਵਿਚ ਰਹਿਮ ਤੇ ਦਇਆ ਵਰਗੀਆਂ ਭਾਵਨਾਵਾਂ ਲਈ ਕੋਈ ਥਾਂ ਨਹੀਂ ਸੀ। ਪਰ ਯਹੋਵਾਹ ਬਿਲਕੁਲ ਇਸ ਤਰ੍ਹਾਂ ਦਾ ਨਹੀਂ ਹੈ! ਆਪਣੇ ਬਚਨ ਵਿਚ ਯਹੋਵਾਹ ਸਾਨੂੰ ਯਕੀਨ ਦਿਲਾਉਂਦਾ ਹੈ ਕਿ ਉਹ “ਵੱਡਾ ਦਰਦੀ ਅਤੇ ਦਿਆਲੂ ਹੈ।” (ਯਾਕੂਬ 5:11) ਅਸੀਂ ਅੱਗੇ ਦੇਖਾਂਗੇ ਕਿ ਰਹਿਮ ਕਰਨਾ ਕਿਸੇ ਕਿਸਮ ਦੀ ਕਮਜ਼ੋਰੀ ਹੋਣ ਦੀ ਬਜਾਇ ਇਕ ਖੂਬੀ ਹੈ। ਆਓ ਆਪਾਂ ਦੇਖੀਏ ਕਿ ਯਹੋਵਾਹ ਇਕ ਪਿਆਰੇ ਪਿਤਾ ਵਾਂਗ ਇਸ ਗੁਣ ਦਾ ਸਬੂਤ ਕਿਸ ਤਰ੍ਹਾਂ ਦਿੰਦਾ ਹੈ।

ਇਕ ਕੌਮ ਉੱਤੇ ਯਹੋਵਾਹ ਦਾ ਰਹਿਮ

7, 8. ਪ੍ਰਾਚੀਨ ਮਿਸਰ ਵਿਚ ਇਸਰਾਏਲੀਆਂ ਨੇ ਕਿਹੋ ਜਿਹੇ ਦੁੱਖ ਸਹੇ ਸਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਯਹੋਵਾਹ ਨੇ ਕੀ ਕੀਤਾ ਸੀ?

7 ਯਹੋਵਾਹ ਦੇ ਇਸਰਾਏਲ ਕੌਮ ਨਾਲ ਪੇਸ਼ ਆਉਣ ਤੋਂ ਉਸ ਦੇ ਰਹਿਮ ਦਾ ਸਪੱਸ਼ਟ ਸਬੂਤ ਮਿਲਦਾ ਹੈ। ਉਸ ਸਮੇਂ ਬਾਰੇ ਸੋਚੋ ਜਦੋਂ ਲੱਖਾਂ ਇਸਰਾਏਲੀ ਮਿਸਰ ਵਿਚ ਗ਼ੁਲਾਮ ਸਨ। ਉੱਥੇ ਉਹ ਡਾਢਾ ਅਤਿਆਚਾਰ ਸਹਿ ਰਹੇ ਸਨ। ਮਿਸਰੀਆਂ ਨੇ “ਔਖੀ ਟਹਿਲ ਨਾਲ ਅਰਥਾਤ ਗਾਰੇ, ਇੱਟਾਂ ਅਤੇ ਖੇਤਾਂ ਵਿੱਚ ਹਰ ਪਰਕਾਰ ਦੀ ਟਹਿਲ ਨਾਲ ਉਨ੍ਹਾਂ ਦਾ ਜੀਉਣ ਖੱਟਾ ਕਰ ਦਿੱਤਾ।” (ਕੂਚ 1:11, 14) ਬਿਪਤਾ ਦੇ ਉਸ ਸਮੇਂ ਇਸਰਾਏਲੀਆਂ ਨੇ ਯਹੋਵਾਹ ਨੂੰ ਮਦਦ ਲਈ ਦੁਹਾਈ ਦਿੱਤੀ ਸੀ। ਰਹਿਮਦਿਲ ਯਹੋਵਾਹ ਨੇ ਫਿਰ ਕੀ ਕੀਤਾ ਸੀ?

8 ਉਨ੍ਹਾਂ ਦਾ ਕਸ਼ਟ ਦੇਖ ਕੇ ਯਹੋਵਾਹ ਦਾ ਦਿਲ ਰੋਇਆ ਸੀ। ਉਸ ਨੇ ਕਿਹਾ: “ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।” (ਕੂਚ 3:7) ਯਹੋਵਾਹ ਲਈ ਇਹ ਨਾਮੁਮਕਿਨ ਸੀ ਕਿ ਉਹ ਉਨ੍ਹਾਂ ਦਾ ਦੁੱਖ ਦੇਖ ਕੇ ਅਤੇ ਉਨ੍ਹਾਂ ਦੀ ਦੁਹਾਈ ਸੁਣ ਕੇ ਉਨ੍ਹਾਂ ਤੇ ਤਰਸ ਨਾ ਖਾਵੇ। ਜਿਵੇਂ ਇਸ ਕਿਤਾਬ ਦੇ ਪਿੱਛਲੇ ਅਧਿਆਇ ਵਿਚ ਅਸੀਂ ਦੇਖਿਆ ਸੀ, ਯਹੋਵਾਹ ਹਮਦਰਦੀ ਕਰਨ ਵਾਲਾ ਪਰਮੇਸ਼ੁਰ ਹੈ। ਕਿਸੇ ਹੋਰ ਦੇ ਦੁੱਖ ਨੂੰ ਆਪਣੇ ਦਿਲ ਵਿਚ ਮਹਿਸੂਸ ਕਰਨ ਨੂੰ ਹਮਦਰਦੀ ਸੱਦਿਆ ਜਾਂਦਾ ਹੈ ਅਤੇ ਇਹ ਤਰਸ ਖਾਣ ਦੇ ਬਰਾਬਰ ਹੈ। ਪਰ ਯਹੋਵਾਹ ਨੇ ਆਪਣੇ ਲੋਕਾਂ ਦਾ ਦਰਦ ਮਹਿਸੂਸ ਹੀ ਨਹੀਂ ਕੀਤਾ ਸੀ, ਸਗੋਂ ਉਸ ਨੇ ਉਨ੍ਹਾਂ ਦਾ ਦਰਦ ਦੂਰ ਕਰਨ ਲਈ ਕਦਮ ਵੀ ਚੁੱਕਿਆ ਸੀ। ਯਸਾਯਾਹ 63:9 ਦੱਸਦਾ ਹੈ: “ਓਸ ਆਪਣੇ ਪ੍ਰੇਮ ਵਿੱਚ ਅਤੇ ਆਪਣੇ ਤਰਸ ਵਿੱਚ ਓਹਨਾਂ ਨੂੰ ਛੁਡਾਇਆ।” ਯਹੋਵਾਹ ਨੇ “ਸ਼ਕਤੀ ਵਾਲੇ ਹੱਥ” ਨਾਲ ਮਿਸਰ ਵਿੱਚੋਂ ਇਸਰਾਏਲੀਆਂ ਨੂੰ ਬਚਾਇਆ ਸੀ। (ਬਿਵਸਥਾ ਸਾਰ 4:34) ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਕਰਾਮਾਤੀ ਢੰਗ ਨਾਲ ਖਾਣ ਨੂੰ ਰੋਟੀ ਦਿੱਤੀ ਅਤੇ ਹਰੇ-ਭਰੇ ਦੇਸ਼ ਵਿਚ ਵਸਾਇਆ।

9, 10. (ੳ) ਵਾਅਦਾ ਕੀਤੇ ਹੋਏ ਦੇਸ਼ ਵਿਚ ਵਸਣ ਤੋਂ ਬਾਅਦ ਯਹੋਵਾਹ ਨੇ ਇਸਰਾਏਲੀਆਂ ਨੂੰ ਘੜੀ-ਮੁੜੀ ਕਿਉਂ ਬਚਾਇਆ ਸੀ? (ਅ) ਯਿਫਤਾਹ ਦੇ ਜ਼ਮਾਨੇ ਵਿਚ ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹੜੇ ਅਤਿਆਚਾਰ ਤੋਂ ਬਚਾਇਆ ਸੀ ਅਤੇ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ ਸੀ?

9 ਯਹੋਵਾਹ ਉਨ੍ਹਾਂ ਉੱਤੇ ਰਹਿਮ ਕਰਦਾ ਰਿਹਾ। ਵਾਅਦਾ ਕੀਤੇ ਹੋਏ ਦੇਸ਼ ਵਿਚ ਵਸਣ ਤੋਂ ਬਾਅਦ ਇਸਰਾਏਲੀ ਘੜੀ-ਮੁੜੀ ਬੇਵਫ਼ਾ ਬਣੇ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਦੁੱਖ ਭੁਗਤਣੇ ਪਏ। ਫਿਰ ਉਨ੍ਹਾਂ ਨੂੰ ਸੁਰਤ ਆ ਜਾਂਦੀ ਸੀ ਅਤੇ ਉਹ ਯਹੋਵਾਹ ਅੱਗੇ ਬੇਨਤੀ ਕਰਦੇ ਸਨ। ਉਸ ਨੇ ਵਾਰ-ਵਾਰ ਉਨ੍ਹਾਂ ਨੂੰ ਬਚਾਇਆ ਸੀ। ਪਰ ਕਿਉਂ? “ਕਿਉਂ ਜੋ ਉਸ ਨੂੰ ਆਪਣੇ ਲੋਕਾਂ . . . ਉੱਤੇ ਤਰਸ ਆਉਂਦਾ ਸੀ।”—2 ਇਤਹਾਸ 36:15; ਨਿਆਈਆਂ 2:11-16.

10 ਯਿਫਤਾਹ ਦੇ ਜ਼ਮਾਨੇ ਦੀ ਉਦਾਹਰਣ ਉੱਤੇ ਗੌਰ ਕਰੋ। ਉਸ ਸਮੇਂ ਯਹੋਵਾਹ ਨੇ ਅਠਾਰਾਂ ਸਾਲਾਂ ਤੋਂ ਇਸਰਾਏਲੀਆਂ ਨੂੰ ਅੰਮੋਨੀਆਂ ਦੇ ਹੱਥੀਂ ਦੁੱਖ ਸਹਿਣ ਦਿੱਤਾ ਸੀ ਕਿਉਂਕਿ ਉਹ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ ਸਨ। ਅੰਮੋਨੀਆਂ ਨੇ ਇਸਰਾਏਲੀਆਂ ਉੱਤੇ ਡਾਢਾ ਅਤਿਆਚਾਰ ਕੀਤਾ। ਆਖ਼ਰਕਾਰ ਇਸਰਾਏਲੀਆਂ ਨੇ ਤੋਬਾ ਕੀਤੀ। ਬਾਈਬਲ ਸਾਨੂੰ ਦੱਸਦੀ ਹੈ: “ਉਨ੍ਹਾਂ ਨੇ ਓਪਰਿਆਂ ਦਿਓਤਿਆਂ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਅਤੇ ਪ੍ਰਭੁ ਦੀ ਭਗਤੀ ਕੀਤੀ ਤਾਂ ਉਹ ਦਾ ਜੀ ਇਸਰਾਏਲ ਦੇ ਦੁਖ ਨਾਲ ਦੁਖੀ ਹੋਇਆ।” (ਨਿਆਈਆਂ 10:6-16) ਇਸਰਾਏਲੀਆਂ ਦੇ ਪਛਤਾਵੇ ਤੋਂ ਬਾਅਦ ਯਹੋਵਾਹ ਉਨ੍ਹਾਂ ਦਾ ਦੁੱਖ ਹੋਰ ਨਾ ਜਰ ਸਕਿਆ। ਇਸ ਲਈ ਰਹਿਮਦਿਲ ਪਰਮੇਸ਼ੁਰ ਨੇ ਯਿਫਤਾਹ ਦੇ ਹੱਥੋਂ ਇਸਰਾਏਲੀਆਂ ਨੂੰ ਉਨ੍ਹਾਂ ਦੇ ਵੈਰੀਆਂ ਤੋਂ ਬਚਾਇਆ।—ਨਿਆਈਆਂ 11:30-33.

11. ਯਹੋਵਾਹ ਦੇ ਇਸਰਾਏਲ ਕੌਮ ਨਾਲ ਪੇਸ਼ ਆਉਣ ਤੋਂ ਅਸੀਂ ਉਸ ਦੇ ਰਹਿਮ ਬਾਰੇ ਕੀ ਸਿੱਖਦੇ ਹਾਂ?

11 ਯਹੋਵਾਹ ਦੇ ਇਸਰਾਏਲ ਕੌਮ ਨਾਲ ਪੇਸ਼ ਆਉਣ ਤੋਂ ਅਸੀਂ ਉਸ ਦੇ ਰਹਿਮ ਬਾਰੇ ਕੀ ਸਿੱਖਦੇ ਹਾਂ? ਇਕ ਗੱਲ ਤਾਂ ਇਹ ਹੈ ਕਿ ਉਹ ਹਮਦਰਦੀ ਨਾਲ ਲੋਕਾਂ ਦੀਆਂ ਮੁਸੀਬਤਾਂ ਵੱਲ ਸਿਰਫ਼ ਦੇਖਦਾ ਹੀ ਨਹੀਂ ਹੈ। ਉਸ ਮਾਂ ਦੀ ਉਦਾਹਰਣ ਬਾਰੇ ਫਿਰ ਤੋਂ ਸੋਚੋ ਜੋ ਆਪਣੇ ਬੱਚੇ ਦਾ ਰੋਣਾ ਸੁਣ ਕੇ ਇਕਦਮ ਉੱਠ ਜਾਂਦੀ ਹੈ ਤੇ ਉਸ ਲਈ ਕੁਝ ਕਰਦੀ ਹੈ। ਇਸੇ ਤਰ੍ਹਾਂ ਯਹੋਵਾਹ ਵੀ ਆਪਣੇ ਲੋਕਾਂ ਦੀ ਦੁਹਾਈ ਸੁਣ ਕੇ ਕੁਝ ਕਰਦਾ ਹੈ। ਉਹ ਉਨ੍ਹਾਂ ਤੇ ਰਹਿਮ ਕਰ ਕੇ ਉਨ੍ਹਾਂ ਦੇ ਦੁੱਖ ਦੂਰ ਕਰਦਾ ਹੈ। ਇਕ ਹੋਰ ਗੱਲ ਜੋ ਯਹੋਵਾਹ ਦੇ ਇਸਰਾਏਲੀਆਂ ਨਾਲ ਪੇਸ਼ ਆਉਣ ਤੋਂ ਅਸੀਂ ਸਿੱਖਦੇ ਹਾਂ, ਇਹ ਹੈ ਕਿ ਰਹਿਮ ਕਰਨਾ ਤੇ ਤਰਸ ਖਾਣਾ ਕੋਈ ਕਮਜ਼ੋਰੀ ਨਹੀਂ ਹੈ। ਇਸ ਕੋਮਲ ਭਾਵਨਾ ਕਰਕੇ ਉਸ ਨੇ ਵੱਡੀ ਸ਼ਕਤੀ ਨਾਲ ਆਪਣੇ ਲੋਕਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਬਚਾਇਆ ਸੀ। ਪਰ ਕੀ ਯਹੋਵਾਹ ਆਪਣੇ ਲੋਕਾਂ ਦੀ ਮਦਦ ਸਿਰਫ਼ ਇਕ ਸਮੂਹ ਵਜੋਂ ਹੀ ਕਰਦਾ ਹੈ ਜਾਂ ਕੀ ਉਹ ਲੋਕਾਂ ਦੀ ਿਨੱਜੀ ਤੌਰ ਤੇ ਵੀ ਮਦਦ ਕਰਦਾ ਹੈ?

ਯਹੋਵਾਹ ਹਰੇਕ ਉੱਤੇ ਰਹਿਮ ਕਰਦਾ ਹੈ

12. ਬਿਵਸਥਾ ਤੋਂ ਯਹੋਵਾਹ ਦੇ ਰਹਿਮ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਹੈ ਕਿ ਉਹ ਲੋਕਾਂ ਦੀ ਿਨੱਜੀ ਤੌਰ ਤੇ ਮਦਦ ਕਰਦਾ ਹੈ?

12 ਪਰਮੇਸ਼ੁਰ ਨੇ ਇਸਰਾਏਲ ਕੌਮ ਨੂੰ ਜੋ ਬਿਵਸਥਾ ਦਿੱਤੀ ਸੀ, ਉਸ ਤੋਂ ਯਹੋਵਾਹ ਦੇ ਰਹਿਮ ਦਾ ਸਬੂਤ ਮਿਲਦਾ ਹੈ ਕਿ ਉਹ ਲੋਕਾਂ ਦੀ ਿਨੱਜੀ ਤੌਰ ਤੇ ਮਦਦ ਕਰਦਾ ਹੈ। ਉਦਾਹਰਣ ਲਈ, ਉਹ ਗ਼ਰੀਬਾਂ ਦੀ ਬੜੀ ਚਿੰਤਾ ਕਰਦਾ ਸੀ। ਯਹੋਵਾਹ ਜਾਣਦਾ ਸੀ ਕਿ ਕਿਸੇ ਇਸਰਾਏਲੀ ਤੇ ਵੀ ਬੁਰਾ ਸਮਾਂ ਆ ਸਕਦਾ ਸੀ ਅਤੇ ਉਹ ਗ਼ਰੀਬੀ ਦਾ ਸ਼ਿਕਾਰ ਹੋ ਸਕਦਾ ਸੀ। ਇਨ੍ਹਾਂ ਗ਼ਰੀਬਾਂ ਲਈ ਕੀ ਕੀਤਾ ਜਾਣਾ ਚਾਹੀਦਾ ਸੀ? ਯਹੋਵਾਹ ਨੇ ਹੁਕਮ ਦਿੱਤਾ ਸੀ: “ਤੁਸੀਂ ਆਪਣਾ ਮਨ ਕਠੋਰ ਨਾ ਕਰੋ ਨਾ ਆਪਣਾ ਹੱਥ ਆਪਣੇ ਕੰਗਾਲ ਭਰਾ ਤੋਂ ਰੋਕੋ। ਤੁਸੀਂ ਉਸ ਨੂੰ ਜ਼ਰੂਰ ਦਿਓ ਅਤੇ ਏਹ ਤੁਹਾਡੇ ਮਨ ਨੂੰ ਬੁਰਾ ਨਾ ਲੱਗੇ ਜਦ ਤੁਸੀਂ ਉਸ ਨੂੰ ਦਿਓ ਕਿਉਂ ਜੋ ਏਸ ਗੱਲ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਤੁਹਾਡੇ ਸਾਰੇ ਕੰਮਾਂ ਵਿੱਚ ਜੋ ਤੁਹਾਡਾ ਹੱਥ ਸ਼ੁਰੂ ਕਰੇ ਬਰਕਤ ਦੇਵੇਗਾ।” (ਬਿਵਸਥਾ ਸਾਰ 15:7, 10) ਯਹੋਵਾਹ ਨੇ ਅੱਗੇ ਹੁਕਮ ਦਿੱਤਾ ਸੀ ਕਿ ਵਾਢੀ ਕਰਦੇ ਵਕਤ ਇਸਰਾਏਲੀਆਂ ਨੂੰ ਆਪਣੇ ਖੇਤਾਂ ਵਿੱਚੋਂ ਸਭ ਕੁਝ ਨਹੀਂ ਵੱਢ ਲੈਣਾ ਚਾਹੀਦਾ ਸੀ। ਜੋ ਕੁਝ ਰਹਿ ਜਾਂਦਾ ਸੀ, ਉਹ ਗ਼ਰੀਬਾਂ ਲਈ ਛੱਡ ਦਿੱਤਾ ਜਾਣਾ ਚਾਹੀਦਾ ਸੀ। (ਲੇਵੀਆਂ 23:22; ਰੂਥ 2:2-7) ਜਦ ਲੋਕ ਗ਼ਰੀਬਾਂ ਦੇ ਭਲੇ ਲਈ ਇਸ ਕਾਨੂੰਨ ਮੁਤਾਬਕ ਚੱਲਦੇ ਸਨ, ਤਾਂ ਇਸਰਾਏਲ ਵਿਚ ਰਹਿਣ ਵਾਲੇ ਗ਼ਰੀਬ ਲੋਕਾਂ ਨੂੰ ਮੰਗ ਕੇ ਖਾਣਾ ਨਹੀਂ ਸੀ ਪੈਂਦਾ। ਇਹ ਯਹੋਵਾਹ ਦੇ ਰਹਿਮ ਦਾ ਕਿੰਨਾ ਸੋਹਣਾ ਸਬੂਤ ਸੀ!

13, 14. (ੳ) ਦਾਊਦ ਦੀ ਗੱਲ ਸਾਨੂੰ ਕਿਸ ਤਰ੍ਹਾਂ ਯਕੀਨ ਦਿਲਾਉਂਦੀ ਹੈ ਕਿ ਯਹੋਵਾਹ ਨੂੰ ਸਾਡੀ ਸਾਰਿਆਂ ਦੀ ਗਹਿਰੀ ਚਿੰਤਾ ਹੈ? (ਅ) ਉਦਾਹਰਣ ਦੇ ਕੇ ਦੱਸੋ ਕਿ ਯਹੋਵਾਹ “ਟੁੱਟੇ ਦਿਲ ਵਾਲਿਆਂ” ਜਾਂ ‘ਕੁਚਲੀ ਆਤਮਾ ਵਾਲਿਆਂ’ ਦੇ ਨੇੜੇ ਰਹਿੰਦਾ ਹੈ।

13 ਇਸੇ ਤਰ੍ਹਾਂ ਸਾਡੇ ਜ਼ਮਾਨੇ ਵਿਚ ਵੀ ਯਹੋਵਾਹ ਲੋਕਾਂ ਦੀ ਿਨੱਜੀ ਤੌਰ ਤੇ ਚਿੰਤਾ ਕਰਦਾ ਹੈ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਡੇ ਸਾਰੇ ਦੁੱਖ-ਦਰਦ ਜਾਣਦਾ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਲਿਖਿਆ ਸੀ: “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ। ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:15, 18) ਬਾਈਬਲ ਦੇ ਇਕ ਵਿਦਵਾਨ ਨੇ ਇਸ ਆਇਤ ਬਾਰੇ ਕਿਹਾ: “ਇਹ ਲੋਕ ਟੁੱਟੇ ਦਿਲ ਵਾਲੇ ਹਨ ਕਿਉਂਕਿ ਇਨ੍ਹਾਂ ਨੇ ਪਛਤਾਵਾ ਕਰ ਕੇ ਆਪਣੇ ਆਪ ਨੂੰ ਅਧੀਨ ਕੀਤਾ ਹੈ; ਉਹ ਆਪਣੀ ਨਜ਼ਰ ਵਿਚ ਵੀ ਨੀਵੇਂ ਹਨ ਅਤੇ ਉਨ੍ਹਾਂ ਨੂੰ ਆਪਣੇ ਆਪ ਉੱਤੇ ਬਿਲਕੁਲ ਭਰੋਸਾ ਨਹੀਂ ਹੈ।” ਅਜਿਹੇ ਲੋਕ ਸ਼ਾਇਦ ਮਹਿਸੂਸ ਕਰਨ ਕਿ ਯਹੋਵਾਹ ਉਨ੍ਹਾਂ ਤੋਂ ਬਹੁਤ ਦੂਰ ਹੈ ਅਤੇ ਉਹ ਉਸ ਦੀ ਨਜ਼ਰ ਵਿਚ ਇੰਨੇ ਛੋਟੇ ਹਨ ਕਿ ਉਹ ਉਸ ਦੇ ਲਾਇਕ ਹੀ ਨਹੀਂ ਹਨ। ਪਰ ਗੱਲ ਇਸ ਤਰ੍ਹਾਂ ਨਹੀਂ ਹੈ। ਦਾਊਦ ਦੀ ਗੱਲ ਸਾਨੂੰ ਯਕੀਨ ਦਿਲਾਉਂਦੀ ਹੈ ਕਿ ਯਹੋਵਾਹ ਅਜਿਹੇ ਲੋਕਾਂ ਨੂੰ ਤਿਆਗਦਾ ਨਹੀਂ ਹੈ। ਸਾਡਾ ਰਹਿਮਦਿਲ ਪਰਮੇਸ਼ੁਰ ਜਾਣਦਾ ਹੈ ਕਿ ਅਜਿਹੇ ਮੁਸ਼ਕਲ ਸਮਿਆਂ ਵਿਚ ਸਾਨੂੰ ਉਸ ਦੀ ਅੱਗੇ ਨਾਲੋਂ ਜ਼ਿਆਦਾ ਲੋੜ ਹੈ। ਵਿਸ਼ਵਾਸ ਕਰੋ ਕਿ ਉਹ ਸਾਡੇ ਨੇੜੇ ਹੈ।

14 ਇਕ ਉਦਾਹਰਣ ਉੱਤੇ ਗੌਰ ਕਰੋ: ਇਕ ਦਿਨ ਇਕ ਮਾਂ ਨੂੰ ਆਪਣੇ 2-ਸਾਲਾ ਬੇਟੇ ਨੂੰ ਫ਼ੌਰਨ ਹਸਪਤਾਲ ਲੈ ਜਾਣਾ ਪਿਆ। ਬੱਚੇ ਨੂੰ ਇੰਨੀ ਖੰਘ ਲੱਗੀ ਹੋਈ ਸੀ ਕਿ ਉਸ ਲਈ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਸੀ। ਬੱਚੇ ਦਾ ਮੁਆਇਨਾ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਮਾਂ ਨੂੰ ਕਿਹਾ ਕਿ ਬੱਚੇ ਨੂੰ ਰਾਤ ਭਰ ਹਸਪਤਾਲ ਵਿਚ ਹੀ ਰੱਖਣਾ ਪਵੇਗਾ। ਉਹ ਰਾਤ ਉਸ ਮਾਂ ਨੇ ਕਿੱਥੇ ਗੁਜ਼ਾਰੀ ਸੀ? ਬੱਚੇ ਦੇ ਸਿਰਹਾਣੇ ਬੈਠ ਕੇ! ਉਸ ਦਾ ਪੁੱਤ ਬੀਮਾਰ ਸੀ, ਤਾਂ ਉਹ ਹੋਰ ਕਿਤੇ ਜਾਣ ਬਾਰੇ ਸੋਚ ਵੀ ਨਹੀਂ ਸਕਦੀ ਸੀ। ਇਹ ਯਾਦ ਰੱਖੋ ਕਿ ਅਸੀਂ ਤਾਂ ਆਪਣੇ ਪਿਆਰੇ ਸਵਰਗੀ ਪਿਤਾ ਦੇ ਸਰੂਪ ਉੱਤੇ ਬਣਾਏ ਗਏ ਹਾਂ, ਇਸ ਲਈ ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਉਹ ਸਾਡੇ ਲਈ ਕਿਸੇ ਮਾਂ ਤੋਂ ਵੱਧ ਕਰੇਗਾ! (ਉਤਪਤ 1:26) ਜ਼ਬੂਰਾਂ ਦੀ ਪੋਥੀ 34:18 ਦੇ ਸੋਹਣੇ ਸ਼ਬਦ ਸਾਨੂੰ ਦਿਲਾਸਾ ਦਿੰਦੇ ਹਨ ਕਿ ਜਦੋਂ ਅਸੀਂ ‘ਟੁੱਟੇ ਦਿਲ ਵਾਲੇ’ ਜਾਂ ‘ਕੁਚਲੀ ਆਤਮਾ ਵਾਲੇ’ ਹੁੰਦੇ ਹਾਂ, ਤਾਂ ਯਹੋਵਾਹ ਇਕ ਪਿਆਰੇ ਪਿਤਾ ਵਾਂਗ ਸਾਡੇ “ਨੇੜੇ” ਰਹਿੰਦਾ ਹੈ। ਰਹਿਮ ਕਰ ਕੇ ਉਹ ਹਮੇਸ਼ਾ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ।

15. ਯਹੋਵਾਹ ਸਾਡੀ ਿਨੱਜੀ ਤੌਰ ਤੇ ਮਦਦ ਕਿਸ ਤਰ੍ਹਾਂ ਕਰਦਾ ਹੈ?

15 ਤਾਂ ਫਿਰ ਯਹੋਵਾਹ ਸਾਡੀ ਿਨੱਜੀ ਤੌਰ ਤੇ ਮਦਦ ਕਿਸ ਤਰ੍ਹਾਂ ਕਰਦਾ ਹੈ? ਇਹ ਜ਼ਰੂਰੀ ਨਹੀਂ ਹੈ ਕਿ ਉਹ ਸਾਡੇ ਦੁੱਖਾਂ ਦੇ ਕਾਰਨ ਮਿਟਾ ਦੇਵੇ, ਪਰ ਯਹੋਵਾਹ ਨੇ ਦੁਹਾਈ ਦੇਣ ਵਾਲਿਆਂ ਦੀ ਸਹਾਇਤਾ ਵਾਸਤੇ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਉਸ ਦੇ ਬਚਨ, ਬਾਈਬਲ ਦੀ ਸਲਾਹ ਨੂੰ ਲਾਗੂ ਕਰ ਕੇ ਸਾਨੂੰ ਫ਼ਾਇਦਾ ਹੋ ਸਕਦਾ ਹੈ। ਯਹੋਵਾਹ ਨੇ ਕਲੀਸਿਯਾ ਵਿਚ ਅਜਿਹੇ ਕਾਬਲ ਬਜ਼ੁਰਗਾਂ ਦਾ ਇੰਤਜ਼ਾਮ ਕੀਤਾ ਹੋਇਆ ਹੈ ਜੋ ਯਹੋਵਾਹ ਵਾਂਗ ਆਪਣੇ ਸੰਗੀ ਮਸੀਹੀਆਂ ਨਾਲ ਰਹਿਮਦਿਲ ਤਰੀਕੇ ਨਾਲ ਪੇਸ਼ ਆਉਂਦੇ ਹਨ। (ਯਾਕੂਬ 5:14, 15) “ਪ੍ਰਾਰਥਨਾ ਦੇ ਸੁਣਨ ਵਾਲੇ” ਵਜੋਂ ਉਹ “ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ” ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 65:2; ਲੂਕਾ 11:13) ਇਹ ਪਵਿੱਤਰ ਆਤਮਾ ਸਾਨੂੰ ਉਹ “ਮਹਾ-ਸ਼ਕਤੀ” ਦੇ ਸਕਦੀ ਹੈ ਜਿਸ ਦੀ ਮਦਦ ਨਾਲ ਅਸੀਂ ਪਰਮੇਸ਼ੁਰ ਦੇ ਰਾਜ ਦੇ ਆਉਣ ਤਕ ਧੀਰਜ ਰੱਖ ਸਕਦੇ ਹਾਂ, ਜਦ ਦੁਨੀਆਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ। (2 ਕੁਰਿੰਥੀਆਂ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੀ ਅਸੀਂ ਇਨ੍ਹਾਂ ਪ੍ਰਬੰਧਾਂ ਲਈ ਸ਼ੁਕਰਗੁਜ਼ਾਰ ਨਹੀਂ ਹਾਂ? ਆਓ ਆਪਾਂ ਇਹ ਕਦੀ ਨਾ ਭੁੱਲੀਏ ਕਿ ਇਹ ਪ੍ਰਬੰਧ ਯਹੋਵਾਹ ਦੇ ਰਹਿਮ ਦੇ ਸਬੂਤ ਹਨ।

16. ਯਹੋਵਾਹ ਦੇ ਰਹਿਮ ਦੀ ਉੱਤਮ ਉਦਾਹਰਣ ਕੀ ਹੈ ਅਤੇ ਇਸ ਦਾ ਸਾਡੇ ਉੱਤੇ ਿਨੱਜੀ ਤੌਰ ਤੇ ਕੀ ਅਸਰ ਹੁੰਦਾ ਹੈ?

16 ਯਹੋਵਾਹ ਦੇ ਰਹਿਮ ਦੀ ਉੱਤਮ ਉਦਾਹਰਣ ਉਸ ਦੇ ਪਿਆਰੇ ਪੁੱਤਰ ਦਾ ਬਲੀਦਾਨ ਹੈ। ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ ਇਸ ਲਈ ਉਸ ਨੇ ਇਹ ਬਲੀਦਾਨ ਦਿੱਤਾ ਸੀ ਤਾਂਕਿ ਸਾਨੂੰ ਮੁਕਤੀ ਮਿਲ ਸਕੇ। ਯਾਦ ਰੱਖੋ ਕਿ ਇਸ ਬਲੀਦਾਨ ਦਾ ਸਾਨੂੰ ਿਨੱਜੀ ਤੌਰ ਤੇ ਫ਼ਾਇਦਾ ਹੋ ਸਕਦਾ ਹੈ। ਇਸੇ ਕਰਕੇ ਬਪਤਿਸਮਾ ਦੇਣ ਵਾਲੇ ਯੂਹੰਨਾ ਦੇ ਪਿਤਾ ਜ਼ਕਰਯਾਹ ਨੇ ਇਸ ਬਲੀਦਾਨ ਬਾਰੇ ਕਿਹਾ ਸੀ ਕਿ ਇਹ “ਸਾਡੇ ਪਰਮੇਸ਼ੁਰ ਦੇ ਵੱਡੇ ਰਹਮ” ਦਾ ਸਬੂਤ ਹੈ।—ਲੂਕਾ 1:78.

ਜਦ ਯਹੋਵਾਹ ਰਹਿਮ ਨਹੀਂ ਕਰਦਾ

17-19. (ੳ) ਬਾਈਬਲ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਯਹੋਵਾਹ ਦੇ ਰਹਿਮ ਦੀ ਵੀ ਹੱਦ ਹੈ? (ਅ) ਉਹ ਸਮਾਂ ਕਿਉਂ ਆਇਆ ਸੀ ਜਦੋਂ ਯਹੋਵਾਹ ਨੇ ਆਪਣੇ ਲੋਕਾਂ ਉੱਤੇ ਤਰਸ ਨਹੀਂ ਖਾਧਾ ਸੀ?

17 ਕੀ ਸਾਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ ਕਿ ਯਹੋਵਾਹ ਦੇ ਰਹਿਮ ਦੀ ਕੋਈ ਹੱਦ ਨਹੀਂ ਹੈ ਅਤੇ ਉਹ ਹਮੇਸ਼ਾ ਲਈ ਤਰਸ ਕਰਦਾ ਰਹੇਗਾ? ਨਹੀਂ, ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਜੇ ਕੋਈ ਯਹੋਵਾਹ ਦੇ ਧਰਮੀ ਮਿਆਰਾਂ ਅਨੁਸਾਰ ਨਹੀਂ ਚੱਲਦਾ, ਤਾਂ ਯਹੋਵਾਹ ਉਸ ਤੇ ਤਰਸ ਨਹੀਂ ਖਾਂਦਾ। (ਇਬਰਾਨੀਆਂ 10:28) ਇਸ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਇਕ ਵਾਰ ਫਿਰ ਇਸਰਾਏਲ ਕੌਮ ਦੀ ਉਦਾਹਰਣ ਵੱਲ ਧਿਆਨ ਦਿਓ।

18 ਭਾਵੇਂ ਯਹੋਵਾਹ ਨੇ ਘੜੀ-ਮੁੜੀ ਇਸਰਾਏਲੀਆਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥੋਂ ਬਚਾਇਆ ਸੀ, ਪਰ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਸ ਨੇ ਉਨ੍ਹਾਂ ਉੱਤੇ ਤਰਸ ਨਹੀਂ ਕੀਤਾ ਸੀ। ਇਨ੍ਹਾਂ ਹੱਠੀ ਲੋਕਾਂ ਨੇ ਮੂਰਤੀਆਂ ਦੀ ਪੂਜਾ ਕੀਤੀ ਸੀ। ਇਨ੍ਹਾਂ ਨੇ ਆਪਣੀਆਂ ਘਿਣਾਉਣੀਆਂ ਮੂਰਤੀਆਂ ਯਹੋਵਾਹ ਦੀ ਹੈਕਲ ਵਿਚ ਵੀ ਲਿਆਂਦੀਆਂ ਸਨ! (ਹਿਜ਼ਕੀਏਲ 5:11; 8:17, 18) ਇਸ ਤੋਂ ਇਲਾਵਾ ਸਾਨੂੰ ਦੱਸਿਆ ਜਾਂਦਾ ਹੈ: “ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖੌਲ ਉਡਾਇਆ, ਐਥੋਂ ਤੀਕ ਕਿ ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ।” (2 ਇਤਹਾਸ 36:16) ਇਸਰਾਏਲੀ ਉਸ ਹੱਦ ਤਕ ਪਹੁੰਚ ਗਏ ਸਨ ਕਿ ਯਹੋਵਾਹ ਕੋਲ ਉਨ੍ਹਾਂ ਉੱਤੇ ਤਰਸ ਖਾਣ ਦਾ ਕੋਈ ਕਾਰਨ ਹੀ ਨਹੀਂ ਰਿਹਾ ਸੀ। ਉਨ੍ਹਾਂ ਨੇ ਯਹੋਵਾਹ ਦੇ ਗੁੱਸੇ ਨੂੰ ਭੜਕਾਇਆ ਸੀ। ਇਸ ਦਾ ਕੀ ਨਤੀਜਾ ਨਿਕਲਿਆ ਸੀ?

19 ਹੁਣ ਯਹੋਵਾਹ ਆਪਣੇ ਲੋਕਾਂ ਉੱਤੇ ਰਹਿਮ ਨਹੀਂ ਕਰ ਸਕਦਾ ਸੀ। ਉਸ ਨੇ ਕਿਹਾ: “ਨਾ ਮੈਂ ਤਰਸ ਕਰਾਂਗਾ, ਨਾ ਪੱਖ ਕਰਾਂਗਾ, ਨਾ ਰਹਮ ਕਰਾਂਗਾ ਭਈ ਮੈਂ ਓਹਨਾਂ ਨੂੰ ਨਾਸ ਨਾ ਕਰ ਦਿਆਂ।” (ਯਿਰਮਿਯਾਹ 13:14) ਇਸ ਕਰਕੇ ਯਰੂਸ਼ਲਮ ਅਤੇ ਉਸ ਦੀ ਹੈਕਲ ਦੋਵੇਂ ਨਾਸ਼ ਕਰ ਦਿੱਤੇ ਗਏ ਸਨ ਅਤੇ ਇਸਰਾਏਲੀ ਲੋਕ ਬਾਬਲ ਵਿਚ ਗ਼ੁਲਾਮ ਬਣਾ ਕੇ ਲਿਜਾਏ ਗਏ ਸਨ। ਇਹ ਕਿੰਨੇ ਦੁੱਖ ਦੀ ਗੱਲ ਹੈ ਕਿ ਇਨਸਾਨ ਉਸ ਹੱਦ ਤਕ ਪਹੁੰਚ ਜਾਂਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਉੱਤੇ ਰਹਿਮ ਨਹੀਂ ਕਰ ਸਕਦਾ!—ਵਿਰਲਾਪ 2:21.

20, 21. (ੳ) ਜਦ ਯਹੋਵਾਹ ਦਾ ਰਹਿਮ ਆਪਣੀ ਹੱਦ ਤਕ ਪਹੁੰਚ ਜਾਵੇਗਾ, ਤਾਂ ਫਿਰ ਕੀ ਹੋਵੇਗਾ? (ਅ) ਅਗਲੇ ਅਧਿਆਇ ਵਿਚ ਯਹੋਵਾਹ ਦੇ ਕਿਹੜੇ ਪਿਆਰੇ ਬੰਦੋਬਸਤ ਉੱਤੇ ਚਰਚਾ ਕੀਤੀ ਜਾਵੇਗੀ?

20 ਸਾਡੇ ਸਮੇਂ ਬਾਰੇ ਕੀ? ਯਹੋਵਾਹ ਬਦਲਿਆ ਨਹੀਂ ਹੈ। ਲੋਕਾਂ ਤੇ ਤਰਸ ਖਾ ਕੇ ਯਹੋਵਾਹ ਨੇ ਆਪਣੇ ਗਵਾਹਾਂ ਨੂੰ ਸਾਰੀ ਦੁਨੀਆਂ ਵਿਚ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ। (ਮੱਤੀ 24:14) ਜਦ ਨੇਕਦਿਲ ਲੋਕ ਇਸ ਖ਼ੁਸ਼ ਖ਼ਬਰੀ ਨੂੰ ਸੁਣਦੇ ਹਨ, ਤਾਂ ਯਹੋਵਾਹ ਉਨ੍ਹਾਂ ਦੀ ਮਦਦ ਕਰਦਾ ਹੈ ਕਿ ਉਹ ਇਸ ਸੰਦੇਸ਼ ਦਾ ਮਤਲਬ ਸਮਝ ਸਕਣ। (ਰਸੂਲਾਂ ਦੇ ਕਰਤੱਬ 16:14) ਪਰ ਇਹ ਕੰਮ ਹਮੇਸ਼ਾ ਨਹੀਂ ਹੁੰਦਾ ਰਹੇਗਾ। ਜੇ ਯਹੋਵਾਹ ਇਸ ਦੁੱਖਾਂ-ਭਰੀ ਦੁਸ਼ਟ ਦੁਨੀਆਂ ਨੂੰ ਹਮੇਸ਼ਾ ਲਈ ਰਹਿਣ ਦੇਵੇ, ਤਾਂ ਉਹ ਰਹਿਮਦਿਲ ਪਰਮੇਸ਼ੁਰ ਨਹੀਂ ਹੋਵੇਗਾ। ਜਦ ਯਹੋਵਾਹ ਦਾ ਰਹਿਮ ਆਪਣੀ ਹੱਦ ਤਕ ਪਹੁੰਚ ਜਾਵੇਗਾ, ਤਾਂ ਯਹੋਵਾਹ ਇਸ ਦੁਸ਼ਟ ਦੁਨੀਆਂ ਨੂੰ ਖ਼ਤਮ ਕਰ ਦੇਵੇਗਾ। ਪਰ ਉਸ ਸਮੇਂ ਵੀ ਯਹੋਵਾਹ ਆਪਣੇ ਭਗਤਾਂ ਉੱਤੇ ਤਰਸ ਖਾਵੇਗਾ ਅਤੇ ਆਪਣੇ “ਪਵਿੱਤ੍ਰ ਨਾਮ” ਦੀ ਖਾਤਰ ਕੁਝ ਕਰੇਗਾ। (ਹਿਜ਼ਕੀਏਲ 36:20-23) ਯਹੋਵਾਹ ਦੁਸ਼ਟਤਾ ਨੂੰ ਖ਼ਤਮ ਕਰ ਕੇ ਇਕ ਨਵਾਂ ਧਰਮੀ ਸੰਸਾਰ ਸਥਾਪਿਤ ਕਰੇਗਾ। ਦੁਸ਼ਟ ਲੋਕਾਂ ਬਾਰੇ ਯਹੋਵਾਹ ਕਹਿੰਦਾ ਹੈ: “ਮੇਰੀ ਅੱਖ ਲਿਹਾਜ਼ ਨਹੀਂ ਕਰੇਗੀ ਅਤੇ ਕਦਾਚਿੱਤ ਤਰਸ ਨਹੀਂ ਕਰਾਂਗਾ! ਮੈਂ ਉਨ੍ਹਾਂ ਦੀ ਕਰਨੀ ਦਾ ਬਦਲਾ ਉਨ੍ਹਾਂ ਦੇ ਸਿਰਾਂ ਉੱਤੇ ਲਿਆਵਾਂਗਾ।”—ਹਿਜ਼ਕੀਏਲ 9:10.

21 ਉਸ ਸਮੇਂ ਤਕ ਯਹੋਵਾਹ ਸਾਰਿਆਂ ਲੋਕਾਂ ਉੱਤੇ ਤਰਸ ਕਰਦਾ ਰਹੇਗਾ—ਉਨ੍ਹਾਂ ਉੱਤੇ ਵੀ ਜਿਨ੍ਹਾਂ ਨੂੰ ਉਹ ਭਵਿੱਖ ਵਿਚ ਨਾਸ਼ ਕਰੇਗਾ। ਸਾਫ਼ ਦਿਲ ਨਾਲ ਤੋਬਾ ਕਰਨ ਵਾਲੇ ਪਾਪੀ ਲੋਕ ਵੀ ਯਹੋਵਾਹ ਦੇ ਇਕ ਬੰਦੋਬਸਤ ਤੋਂ ਫ਼ਾਇਦਾ ਲੈ ਸਕਦੇ ਹਨ—ਯਹੋਵਾਹ ਵੱਲੋਂ ਮਾਫ਼ ਕਰਨ ਦਾ ਪ੍ਰਬੰਧ। ਇਸ ਕਿਤਾਬ ਦੇ ਅਗਲੇ ਅਧਿਆਇ ਵਿਚ ਅਸੀਂ ਬਾਈਬਲ ਦੇ ਉਨ੍ਹਾਂ ਸੋਹਣੇ ਦ੍ਰਿਸ਼ਟਾਂਤਾਂ ਵੱਲ ਧਿਆਨ ਦੇਵਾਂਗੇ ਜਿਨ੍ਹਾਂ ਦੇ ਜ਼ਰੀਏ ਅਸੀਂ ਦੇਖਾਂਗੇ ਕਿ ਯਹੋਵਾਹ ਪੂਰੀ ਤਰ੍ਹਾਂ ਮਾਫ਼ ਕਰਦਾ ਹੈ

^ ਪੈਰਾ 3 ਦਿਲਚਸਪੀ ਦੀ ਗੱਲ ਹੈ ਕਿ ਜ਼ਬੂਰਾਂ ਦੀ ਪੋਥੀ 103:13 ਵਿਚ ਇਸ ਇਬਰਾਨੀ ਕ੍ਰਿਆ ਦਾ ਮਤਲਬ ਉਹ ਦਇਆ ਜਾਂ ਰਹਿਮ ਹੈ ਜੋ ਇਕ ਪਿਤਾ ਆਪਣੇ ਬੱਚਿਆਂ ਉੱਤੇ ਕਰਦਾ ਹੈ।