Skip to content

Skip to table of contents

ਛੱਬ੍ਹੀਵਾਂ ਅਧਿਆਇ

ਪਰਮੇਸ਼ੁਰ “ਮਾਫ਼ ਕਰਨ ਵਾਲਾ ਹੈ”

ਪਰਮੇਸ਼ੁਰ “ਮਾਫ਼ ਕਰਨ ਵਾਲਾ ਹੈ”

1-3. (ੳ) ਜ਼ਬੂਰਾਂ ਦੇ ਲਿਖਾਰੀ ਦਾਊਦ ਉੱਤੇ ਕਿਹੜਾ ਭਾਰਾ ਬੋਝ ਸੀ ਅਤੇ ਉਸ ਦੇ ਦੁਖੀ ਦਿਲ ਨੂੰ ਚੈਨ ਕਿਸ ਤਰ੍ਹਾਂ ਮਿਲਿਆ ਸੀ? (ਅ) ਪਾਪ ਕਰਨ ਦੇ ਨਤੀਜੇ ਵਜੋਂ ਅਸੀਂ ਕਿਹੜੇ ਬੋਝ ਹੇਠ ਦੱਬੇ ਜਾ ਸਕਦੇ ਹਾਂ, ਪਰ ਯਹੋਵਾਹ ਸਾਨੂੰ ਕਿਸ ਗੱਲ ਦਾ ਵਿਸ਼ਵਾਸ ਕਰਾਉਂਦਾ ਹੈ?

ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਲਿਖਿਆ ਸੀ: “ਮੇਰੀਆਂ ਬੁਰਿਆਈਆਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ, ਅਤੇ ਭਾਰੀ ਪੰਡ ਵਾਂਙੁ ਓਹ ਮੈਥੋਂ ਚੁੱਕੀਆਂ ਨਹੀਂ ਜਾਂਦੀਆਂ। ਮੈਂ ਨਿਤਾਣਾ ਅਤੇ ਬਹੁਤ ਪੀਸਿਆ ਹੋਇਆ ਹਾਂ।” (ਜ਼ਬੂਰਾਂ ਦੀ ਪੋਥੀ 38:4, 8) ਦਾਊਦ ਜਾਣਦਾ ਸੀ ਕਿ ਦੋਸ਼ੀ ਜ਼ਮੀਰ ਇਨਸਾਨ ਉੱਤੇ ਕਿੰਨਾ ਭਾਰਾ ਬੋਝ ਬਣ ਸਕਦੀ ਹੈ। ਪਰ ਉਸ ਦੇ ਦੁਖੀ ਦਿਲ ਨੂੰ ਚੈਨ ਵੀ ਮਿਲਿਆ ਸੀ। ਉਹ ਜਾਣਦਾ ਸੀ ਕਿ ਭਾਵੇਂ ਯਹੋਵਾਹ ਪਾਪ ਨਾਲ ਨਫ਼ਰਤ ਕਰਦਾ ਹੈ, ਪਰ ਉਹ ਉਸ ਪਾਪੀ ਨਾਲ ਨਫ਼ਰਤ ਨਹੀਂ ਕਰਦਾ ਜੋ ਸੱਚੇ ਦਿਲੋਂ ਮਾਫ਼ੀ ਮੰਗ ਕੇ ਗ਼ਲਤ ਰਾਹ ਨੂੰ ਛੱਡ ਦਿੰਦਾ ਹੈ। ਦਾਊਦ ਨੂੰ ਯਹੋਵਾਹ ਦੀ ਦਇਆ ਉੱਤੇ ਪੂਰਾ ਭਰੋਸਾ ਸੀ ਇਸੇ ਲਈ ਉਸ ਨੇ ਕਿਹਾ: ‘ਹੇ ਪ੍ਰਭੂ ਤੂੰ ਮਾਫ਼ ਕਰਨ ਵਾਲਾ ਹੈਂ।’—ਭਜਨ 86:5, ਪਵਿੱਤਰ ਬਾਈਬਲ ਨਵਾਂ ਅਨੁਵਾਦ।

2 ਜਦੋਂ ਸਾਡੇ ਤੋਂ ਪਾਪ ਹੋ ਜਾਂਦਾ ਹੈ, ਤਾਂ ਦਾਊਦ ਵਾਂਗ ਸਾਡੀ ਜ਼ਮੀਰ ਵੀ ਸ਼ਾਇਦ ਸਾਨੂੰ ਲਾਅਨਤਾਂ ਪਾਵੇ। ਆਪਣੀ ਗ਼ਲਤੀ ਦਾ ਅਹਿਸਾਸ ਕਰਨਾ ਚੰਗੀ ਗੱਲ ਹੈ। ਇਸ ਨਾਲ ਅਸੀਂ ਆਪਣੀ ਗ਼ਲਤੀ ਸੁਧਾਰਨ ਲਈ ਕੁਝ ਕਰ ਸਕਦੇ ਹਾਂ। ਪਰ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਦੋਸ਼ੀ ਹੋਣ ਦੀ ਭਾਵਨਾ ਥੱਲੇ ਕੁਚਲੇ ਨਾ ਜਾਈਏ। ਆਪਣੇ ਦਿਲ ਵਿਚ ਅਸੀਂ ਸ਼ਾਇਦ ਮੰਨੀਏ ਕਿ ਅਸੀਂ ਜਿੰਨੀ ਮਰਜ਼ੀ ਤੋਬਾ ਕਰੀਏ, ਪਰ ਯਹੋਵਾਹ ਸਾਨੂੰ ਮਾਫ਼ ਨਹੀਂ ਕਰੇਗਾ। ਜੇ ਸਾਡੀ ਜ਼ਮੀਰ ਸਾਨੂੰ ‘ਖਾਈ ਜਾਂਦੀ’ ਹੈ, ਤਾਂ ਸ਼ਤਾਨ ਸ਼ਾਇਦ ਸਾਨੂੰ ਕਾਇਲ ਕਰ ਦੇਵੇ ਕਿ ਅਸੀਂ ਕੋਸ਼ਿਸ਼ ਕਰਨੀ ਛੱਡ ਦੇਈਏ ਕਿਉਂਕਿ ਯਹੋਵਾਹ ਦੀ ਨਜ਼ਰ ਵਿਚ ਅਸੀਂ ਨਿਕੰਮੇ ਹਾਂ ਅਤੇ ਉਸ ਦੀ ਸੇਵਾ ਕਰਨ ਦੇ ਲਾਇਕ ਨਹੀਂ ਹਾਂ।—2 ਕੁਰਿੰਥੀਆਂ 2:5-11.

3 ਕੀ ਅਸੀਂ ਸੱਚ-ਮੁੱਚ ਯਹੋਵਾਹ ਦੀ ਨਜ਼ਰ ਵਿਚ ਬੇਕਾਰ ਹਾਂ? ਬਿਲਕੁਲ ਨਹੀਂ! ਯਹੋਵਾਹ ਦੇ ਪਿਆਰ ਦਾ ਇਕ ਪਹਿਲੂ ਹੈ ਮਾਫ਼ ਕਰ ਦੇਣਾ। ਆਪਣੇ ਬਚਨ ਵਿਚ ਉਹ ਸਾਨੂੰ ਵਿਸ਼ਵਾਸ ਕਰਾਉਂਦਾ ਹੈ ਕਿ ਜੇ ਅਸੀਂ ਆਪਣੀ ਗ਼ਲਤੀ ਤੋਂ ਸੱਚ-ਮੁੱਚ ਪਛਤਾਵਾਂਗੇ, ਤਾਂ ਉਹ ਸਾਨੂੰ ਮਾਫ਼ ਕਰ ਦੇਵੇਗਾ। (ਕਹਾਉਤਾਂ 28:13) ਆਓ ਆਪਾਂ ਧਿਆਨ ਦੇਈਏ ਕਿ ਯਹੋਵਾਹ ਕਿਸ ਤਰ੍ਹਾਂ ਅਤੇ ਕਿਉਂ ਮਾਫ਼ ਕਰਦਾ ਹੈ। ਇਹ ਜਾਣ ਕੇ ਅਸੀਂ ਫਿਰ ਇਸ ਤਰ੍ਹਾਂ ਨਹੀਂ ਸੋਚਾਂਗੇ ਕਿ ਅਸੀਂ ਮਾਫ਼ੀ ਦੇ ਲਾਇਕ ਨਹੀਂ ਹਾਂ।

ਯਹੋਵਾਹ ਮਾਫ਼ ਕਿਉਂ ਕਰਦਾ ਹੈ?

4. ਯਹੋਵਾਹ ਸਾਡੇ ਬਾਰੇ ਕੀ ਯਾਦ ਰੱਖਦਾ ਹੈ ਅਤੇ ਇਸ ਕਰਕੇ ਉਹ ਸਾਡੇ ਨਾਲ ਕਿਸ ਤਰ੍ਹਾਂ ਪੇਸ਼ ਆਉਂਦਾ ਹੈ?

4 ਯਹੋਵਾਹ ਜਾਣਦਾ ਹੈ ਕਿ ਅਸੀਂ ਕੀ ਕਰਨ ਦੇ ਕਾਬਲ ਹਾਂ। ਜ਼ਬੂਰਾਂ ਦੀ ਪੋਥੀ 103:14 ਵਿਚ ਲਿਖਿਆ ਹੈ: “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” ਉਹ ਭੁੱਲਦਾ ਨਹੀਂ ਹੈ ਕਿ ਅਪੂਰਣ ਹੋਣ ਕਰਕੇ ਸਾਡੇ ਵਿਚ ਕਮੀਆਂ ਤੇ ਕਮਜ਼ੋਰੀਆਂ ਹਨ। ਜਦ ਬਾਈਬਲ ਕਹਿੰਦੀ ਹੈ ਕਿ ਉਹ “ਸਾਡੀ ਸਰਿਸ਼ਟ” ਨੂੰ ਜਾਣਦਾ ਹੈ, ਤਾਂ ਸਾਨੂੰ ਇਹ ਗੱਲ ਵੀ ਯਾਦ ਆਉਂਦੀ ਹੈ ਕਿ ਬਾਈਬਲ ਵਿਚ ਯਹੋਵਾਹ ਦੀ ਤੁਲਨਾ ਇਕ ਘੁਮਿਆਰ ਨਾਲ ਕੀਤੀ ਗਈ ਹੈ ਅਤੇ ਸਾਡੀ ਤੁਲਨਾ ਮਿੱਟੀ ਦੇ ਉਨ੍ਹਾਂ ਭਾਂਡਿਆਂ ਨਾਲ ਜੋ ਉਹ ਬਣਾਉਂਦਾ ਹੈ। * (ਯਿਰਮਿਯਾਹ 18:2-6) ਉਹ ਮਹਾਨ ਘੁਮਿਆਰ ਸਾਡੀਆਂ ਕਮਜ਼ੋਰੀਆਂ ਦੇ ਮੁਤਾਬਕ ਸਾਨੂੰ ਗੁੰਨ੍ਹਦਾ ਹੈ। ਜਿਸ ਹੱਦ ਤਕ ਅਸੀਂ ਉਸ ਦੀ ਅਗਵਾਈ ਸਵੀਕਾਰ ਕਰਦੇ ਹਾਂ ਜਾਂ ਨਹੀਂ ਕਰਦੇ, ਉਸ ਦੇ ਮੁਤਾਬਕ ਉਹ ਸਾਡੇ ਨਾਲ ਪੇਸ਼ ਆਉਂਦਾ ਹੈ।

5. ਰੋਮੀਆਂ ਦੀ ਪੋਥੀ ਵਿਚ ਪਾਪ ਦੀ ਤਾਕਤ ਬਾਰੇ ਕੀ ਕਿਹਾ ਗਿਆ ਹੈ?

5 ਯਹੋਵਾਹ ਪਾਪ ਦੀ ਤਾਕਤ ਜਾਣਦਾ ਹੈ। ਉਸ ਦੇ ਬਚਨ ਵਿਚ ਕਿਹਾ ਗਿਆ ਹੈ ਕਿ ਪਾਪ ਨੇ ਆਪਣੇ ਮਜ਼ਬੂਤ ਪੰਜੇ ਵਿਚ ਇਨਸਾਨਜਾਤ ਨੂੰ ਜਕੜ ਕੇ ਰੱਖਿਆ ਹੋਇਆ ਹੈ। ਲੋਕ ਪਾਪ ਦੇ ਪੰਜੇ ਵਿਚ ਕਿੰਨੇ ਕੁ ਜ਼ੋਰ ਨਾਲ ਜਕੜੇ ਗਏ ਹਨ? ਰੋਮੀਆਂ ਦੀ ਪੋਥੀ ਵਿਚ ਪੌਲੁਸ ਰਸੂਲ ਨੇ ਸਮਝਾਇਆ: ਜਿਵੇਂ ਫ਼ੌਜੀ ਆਪਣੇ ਕਮਾਂਡਰ ਅਧੀਨ ਹੁੰਦੇ ਹਨ, ਅਸੀਂ “ਪਾਪ ਦੇ ਹੇਠ” ਹਾਂ (ਰੋਮੀਆਂ 3:9); ਪਾਪ ਨੇ ਰਾਜੇ ਵਾਂਗ ਇਨਸਾਨਾਂ ਉੱਤੇ “ਰਾਜ ਕੀਤਾ” ਹੈ (ਰੋਮੀਆਂ 5:21); ਉਹ ਸਾਡੇ ਅੰਦਰ “ਵੱਸਦਾ” ਹੈ (ਰੋਮੀਆਂ 7:17, 20); ਉਸ ਦਾ “ਕਾਨੂੰਨ” ਸਾਡੇ ਅੰਦਰ ਲਗਾਤਾਰ ਚੱਲਦਾ ਰਹਿੰਦਾ ਹੈ ਅਤੇ ਸਾਨੂੰ ਆਪਣੇ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। (ਰੋਮੀਆਂ 7:23, 25) ਸਾਡੇ ਅਪੂਰਣ ਸਰੀਰ ਉੱਤੇ ਪਾਪ ਦੀ ਤਾਕਤ ਕਿੰਨੀ ਜ਼ਬਰਦਸਤ ਹੈ!—ਰੋਮੀਆਂ 7:21, 24.

6, 7. (ੳ) ਯਹੋਵਾਹ ਦਾ ਉਨ੍ਹਾਂ ਲੋਕਾਂ ਬਾਰੇ ਕੀ ਵਿਚਾਰ ਹੈ ਜੋ ਪਛਤਾਵੇ-ਭਰੇ ਦਿਲ ਨਾਲ ਉਸ ਤੋਂ ਮਾਫ਼ੀ ਮੰਗਦੇ ਹਨ? (ਅ) ਜਾਣ-ਬੁੱਝ ਕੇ ਪਾਪ ਕਰਨ ਤੋਂ ਬਾਅਦ ਸਾਨੂੰ ਪਰਮੇਸ਼ੁਰ ਵੱਲੋਂ ਮਾਫ਼ ਕਰਨ ਦੀ ਆਸ ਕਿਉਂ ਨਹੀਂ ਰੱਖਣੀ ਚਾਹੀਦੀ?

6 ਇਸ ਕਰਕੇ ਯਹੋਵਾਹ ਜਾਣਦਾ ਹੈ ਕਿ ਅਸੀਂ ਭਾਵੇਂ ਜਿੰਨਾ ਮਰਜ਼ੀ ਚਾਹੀਏ, ਅਸੀਂ ਪੂਰੀ ਤਰ੍ਹਾਂ ਉਸ ਪ੍ਰਤੀ ਆਗਿਆਕਾਰ ਨਹੀਂ ਹੋ ਸਕਦੇ। ਉਹ ਸਾਨੂੰ ਯਕੀਨ ਦਿਲਾਉਂਦਾ ਹੈ ਕਿ ਜੇ ਅਸੀਂ ਦਿਲੋਂ ਪਛਤਾਵਾ ਕਰ ਕੇ ਮਾਫ਼ੀ ਮੰਗਦੇ ਹਾਂ, ਤਾਂ ਉਹ ਸਾਨੂੰ ਮਾਫ਼ ਕਰ ਦਿੰਦਾ ਹੈ। ਜ਼ਬੂਰਾਂ ਦੀ ਪੋਥੀ 51:17 ਵਿਚ ਦੱਸਿਆ ਗਿਆ ਹੈ: “ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਆਜਿਜ਼ ਦਿਲ ਨੂੰ ਤੂੰ ਤੁੱਛ ਨਾ ਜਾਣੇਂਗਾ।” ਯਹੋਵਾਹ ਦੋਸ਼ ਦੀ ਭਾਵਨਾ ਥੱਲੇ ਝੁਕੇ ਹੋਏ “ਟੁੱਟੇ ਅਤੇ ਆਜਿਜ਼ ਦਿਲ” ਨੂੰ ਕਦੇ ਵੀ ਨਹੀਂ ਠੁਕਰਾਏਗਾ।

7 ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਪਾਪੀ ਹੋਣ ਦਾ ਬਹਾਨਾ ਬਣਾ ਕੇ ਭਾਵੇਂ ਜੋ ਮਰਜ਼ੀ ਕਰੀਏ, ਯਹੋਵਾਹ ਸਾਨੂੰ ਮਾਫ਼ ਕਰਦਾ ਰਹੇਗਾ? ਬਿਲਕੁਲ ਨਹੀਂ, ਅਸੀਂ ਉਸ ਨੂੰ ਧੋਖਾ ਨਹੀਂ ਦੇ ਸਕਦੇ! ਯਹੋਵਾਹ ਜਜ਼ਬਾਤੀ ਹੋ ਕੇ ਫ਼ੈਸਲੇ ਨਹੀਂ ਕਰਦਾ। ਉਸ ਦੀ ਮਾਫ਼ੀ ਦੀ ਵੀ ਹੱਦ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਮਾਫ਼ ਨਹੀਂ ਕਰਦਾ ਜੋ ਪਛਤਾਵਾ ਕਰਨ ਤੋਂ ਬਿਨਾਂ ਜਾਣ-ਬੁੱਝ ਕੇ ਪਾਪ ਕਰਦੇ ਰਹਿੰਦੇ ਹਨ। (ਇਬਰਾਨੀਆਂ 10:26) ਪਰ ਦੂਜੇ ਪਾਸੇ ਜਦ ਵੀ ਉਹ ਪਛਤਾਵੇ-ਭਰੇ ਦਿਲ ਨੂੰ ਦੇਖਦਾ ਹੈ, ਤਾਂ ਉਹ ਮਾਫ਼ ਕਰਨ ਲਈ ਤਿਆਰ ਹੋ ਜਾਂਦਾ ਹੈ। ਹੁਣ ਆਓ ਆਪਾਂ ਦੇਖੀਏ ਕਿ ਬਾਈਬਲ ਵਿਚ ਕਿੰਨੀ ਸੋਹਣੀ ਤਰ੍ਹਾਂ ਦੱਸਿਆ ਗਿਆ ਹੈ ਕਿ ਯਹੋਵਾਹ ਆਪਣੇ ਪਿਆਰ ਦਾ ਸਬੂਤ ਦਿੰਦੇ ਹੋਏ ਮਾਫ਼ ਕਿਸ ਤਰ੍ਹਾਂ ਕਰਦਾ ਹੈ।

ਯਹੋਵਾਹ ਕਿਸ ਹੱਦ ਤਕ ਮਾਫ਼ ਕਰਦਾ ਹੈ?

8. ਯਹੋਵਾਹ ਜਦ ਸਾਡੇ ਪਾਪ ਮਾਫ਼ ਕਰਦਾ ਹੈ, ਤਾਂ ਉਹ ਅਸਲ ਵਿਚ ਕੀ ਕਰ ਰਿਹਾ ਹੁੰਦਾ ਹੈ ਅਤੇ ਇਸ ਕਰਕੇ ਅਸੀਂ ਕੀ ਵਿਸ਼ਵਾਸ ਕਰ ਸਕਦੇ ਹਾਂ?

8 ਪਸ਼ਚਾਤਾਪ ਕਰਨ ਤੋਂ ਬਾਅਦ ਦਾਊਦ ਨੇ ਕਿਹਾ: ‘ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ, ਅਤੇ ਆਪਣੀ ਬਦੀ ਨਹੀਂ ਲੁਕਾਈ। ਤਾਂ ਤੈਂ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ।’ (ਜ਼ਬੂਰਾਂ ਦੀ ਪੋਥੀ 32:5) “ਚੁੱਕ ਲਿਆ” ਦਾ ਇੱਥੇ ਮਤਲਬ ਹੈ ਕਿ ਦੋਸ਼, ਅਨਿਆਂ, ਅਣਆਗਿਆਕਾਰੀ ਅਤੇ ਪਾਪ ਨੂੰ ਮਾਫ਼ ਕਰ ਦਿੱਤਾ। ਤਾਂ ਫਿਰ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੇ ਦਾਊਦ ਦਾ ਪਾਪ ਉਠਾ ਕੇ ਦੂਰ ਸੁੱਟ ਦਿੱਤਾ ਸੀ। ਮਾਫ਼ੀ ਮਿਲਣ ਨਾਲ ਦਾਊਦ ਨੂੰ ਚੈਨ ਆਇਆ ਹੋਣਾ ਕਿਉਂਕਿ ਹੁਣ ਉਹ ਪਾਪ ਦੇ ਬੋਝ ਹੇਠ ਦੱਬਿਆ ਹੋਇਆ ਨਹੀਂ ਮਹਿਸੂਸ ਕਰਦਾ ਸੀ। (ਜ਼ਬੂਰਾਂ ਦੀ ਪੋਥੀ 32:3) ਅਸੀਂ ਵੀ ਉਸ ਪਰਮੇਸ਼ੁਰ ਵਿਚ ਪੂਰਾ ਵਿਸ਼ਵਾਸ ਕਰ ਸਕਦੇ ਹਾਂ ਜੋ ਉਨ੍ਹਾਂ ਲੋਕਾਂ ਦੇ ਪਾਪ ਚੁੱਕ ਲੈਂਦਾ ਹੈ ਜੋ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰ ਕੇ ਉਸ ਤੋਂ ਮਾਫ਼ੀ ਮੰਗਦੇ ਹਨ।—ਮੱਤੀ 20:28.

9. ਯਹੋਵਾਹ ਸਾਡੇ ਪਾਪ ਸਾਡੇ ਤੋਂ ਕਿੰਨੀ ਦੂਰ ਕਰ ਦਿੰਦਾ ਹੈ?

9 ਦਾਊਦ ਨੇ ਇਕ ਹੋਰ ਤਰੀਕੇ ਨਾਲ ਵੀ ਯਹੋਵਾਹ ਵੱਲੋਂ ਮਾਫ਼ ਕਰਨ ਦੀ ਗੱਲ ਕੀਤੀ ਸੀ: “ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ!” (ਜ਼ਬੂਰਾਂ ਦੀ ਪੋਥੀ 103:12) ਚੜ੍ਹਦਾ ਲਹਿੰਦੇ ਤੋਂ ਕਿੰਨਾ ਦੂਰ ਹੈ? ਕਿਹਾ ਜਾ ਸਕਦਾ ਹੈ ਕਿ ਪੂਰਬ ਤੇ ਪੱਛਮ ਇਕ ਦੂਸਰੇ ਤੋਂ ਹਮੇਸ਼ਾ ਦੂਰ ਰਹਿੰਦੇ ਹਨ; ਇਹ ਦੋਵੇਂ ਕਦੇ ਵੀ ਨਹੀਂ ਮਿਲ ਸਕਦੇ। ਇਕ ਵਿਦਵਾਨ ਨੇ ਇਸ ਬਾਰੇ ਕਿਹਾ ਕਿ ‘ਇਹ ਦੋਵੇਂ ਦਿਸ਼ਾਵਾਂ ਇਕ ਦੂਸਰੇ ਤੋਂ ਇੰਨੀਆਂ ਦੂਰ ਹਨ ਕਿ ਅਸੀਂ ਇਸ ਦੂਰੀ ਦੀ ਕਲਪਨਾ ਵੀ ਨਹੀਂ ਕਰ ਸਕਦੇ।’ ਤਾਂ ਫਿਰ ਦਾਊਦ ਦੇ ਕਹਿਣ ਦਾ ਮਤਲਬ ਸੀ ਕਿ ਜਦ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਉਹ ਸਾਡੇ ਪਾਪ ਸਾਡੇ ਤੋਂ ਇੰਨੇ ਦੂਰ ਕਰ ਦਿੰਦਾ ਹੈ ਕਿ ਅਸੀਂ ਇਸ ਫ਼ਾਸਲੇ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ।

“ਤੁਹਾਡੇ ਪਾਪ . . . ਬਰਫ ਜੇਹੇ ਚਿੱਟੇ ਹੋ ਜਾਣਗੇ”

10. ਜਦ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਤਾਂ ਸਾਨੂੰ ਇਸ ਤਰ੍ਹਾਂ ਕਦੇ ਕਿਉਂ ਨਹੀਂ ਮਹਿਸੂਸ ਕਰਨਾ ਚਾਹੀਦਾ ਕਿ ਸਾਡੀ ਜ਼ਿੰਦਗੀ ਤੇ ਉਸ ਪਾਪ ਦਾ ਧੱਬਾ ਲੱਗਾ ਹੋਇਆ ਹੈ?

10 ਕੀ ਤੁਸੀਂ ਕਦੇ ਕਿਸੇ ਹਲਕੇ ਰੰਗ ਦੇ ਕੱਪੜੇ ਉੱਤੇ ਲੱਗੇ ਦਾਗ਼ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ? ਤੁਸੀਂ ਭਾਵੇਂ ਕੱਪੜੇ ਨੂੰ ਜਿੰਨਾ ਮਰਜ਼ੀ ਰਗੜ-ਰਗੜ ਕੇ ਧੋਵੋ, ਫਿਰ ਵੀ ਦਾਗ਼ ਦਿੱਸਦਾ ਰਹਿੰਦਾ ਹੈ। ਨੋਟ ਕਰੋ ਕਿ ਯਹੋਵਾਹ ਕਿਸ ਹੱਦ ਤਕ ਮਾਫ਼ ਕਰਦਾ ਹੈ: ‘ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ, ਭਾਵੇਂ ਓਹ ਮਜੀਠ ਜੇਹੇ ਲਾਲ ਹੋਣ, ਓਹ ਉੱਨ ਜੇਹੇ ਹੋ ਜਾਣਗੇ।’ (ਯਸਾਯਾਹ 1:18) “ਕਿਰਮਚੀ” ਗੂੜ੍ਹਾ ਲਾਲ ਰੰਗ ਹੁੰਦਾ ਹੈ। * ਅਸੀਂ ਕਦੀ ਵੀ ਆਪਣੇ ਜਤਨਾਂ ਨਾਲ ਪਾਪ ਦੇ ਦਾਗ਼ ਨੂੰ ਮਿਟਾ ਨਹੀਂ ਸਕਦੇ ਹਾਂ। ਪਰ ਯਹੋਵਾਹ ਸਾਡੇ ਗੂੜ੍ਹੇ ਲਾਲ ਰੰਗ ਵਰਗੇ ਪਾਪਾਂ ਨੂੰ ਬਰਫ਼ ਵਾਂਗ ਜਾਂ ਬੇਰੰਗੀ ਉੱਨ ਵਾਂਗ ਚਿੱਟਾ ਬਣਾ ਸਕਦਾ ਹੈ। ਜਦ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਤਾਂ ਸਾਨੂੰ ਇਸ ਤਰ੍ਹਾਂ ਕਦੇ ਮਹਿਸੂਸ ਕਰਨ ਦੀ ਲੋੜ ਨਹੀਂ ਕਿ ਸਾਡੀ ਜ਼ਿੰਦਗੀ ਤੇ ਉਸ ਪਾਪ ਦਾ ਧੱਬਾ ਲੱਗਾ ਹੋਇਆ ਹੈ।

11. ਯਹੋਵਾਹ ਸਾਡੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਕਿਵੇਂ ਸੁੱਟਦਾ ਹੈ?

11 ਹਿਜ਼ਕੀਯਾਹ ਨੇ ਇਕ ਮਾਰੂ ਬੀਮਾਰੀ ਤੋਂ ਤੰਦਰੁਸਤ ਹੋਣ ਤੋਂ ਬਾਅਦ ਇਕ ਗੀਤ ਵਿਚ ਯਹੋਵਾਹ ਦਾ ਧੰਨਵਾਦ ਕੀਤਾ ਸੀ। ਉਸ ਨੇ ਯਹੋਵਾਹ ਨੂੰ ਕਿਹਾ: ‘ਤੈਂ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।’ (ਯਸਾਯਾਹ 38:17) ਯਹੋਵਾਹ ਬਾਰੇ ਇੱਥੇ ਇਸ ਤਰ੍ਹਾਂ ਗੱਲ ਕੀਤੀ ਗਈ ਹੈ ਕਿ ਜਿਵੇਂ ਉਹ ਤੋਬਾ ਕਰਨ ਵਾਲੇ ਪਾਪੀ ਦੇ ਪਾਪਾਂ ਨੂੰ ਲੈ ਕੇ ਆਪਣੇ ਪਿੱਛੇ ਸੁੱਟ ਦਿੰਦਾ ਹੈ ਜਿੱਥੇ ਨਾ ਉਹ ਪਾਪ ਉਸ ਨੂੰ ਨਜ਼ਰ ਆਉਂਦੇ ਹਨ ਅਤੇ ਨਾ ਹੀ ਉਹ ਉਨ੍ਹਾਂ ਵੱਲ ਕੋਈ ਧਿਆਨ ਦਿੰਦਾ ਹੈ। ਬਾਈਬਲ ਦੇ ਇਕ ਕੋਸ਼ ਮੁਤਾਬਕ ਇਹ ਗੱਲ ਇਸ ਤਰ੍ਹਾਂ ਵੀ ਕਹੀ ਜਾ ਸਕਦੀ ਹੈ: “ਤੈਂ ਮੇਰੇ ਪਾਪਾਂ ਨੂੰ ਇਸ ਤਰ੍ਹਾਂ ਸਮਝ ਲਿਆ ਹੈ ਜਿਵੇਂ ਕਿਤੇ ਮੈਂ ਉਹ ਪਾਪ ਕਦੀ ਕੀਤੇ ਹੀ ਨਾ ਹੋਣ।” ਕੀ ਇਸ ਗੱਲ ਤੋਂ ਸਾਨੂੰ ਦਿਲਾਸਾ ਨਹੀਂ ਮਿਲਦਾ?

12. ਮੀਕਾਹ ਨਬੀ ਦੀ ਗੱਲ ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਜਦ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਪਾਪ ਨੂੰ ਹਮੇਸ਼ਾ ਲਈ ਮਿਟਾ ਦਿੰਦਾ ਹੈ?

12 ਮੀਕਾਹ ਨਬੀ ਜਾਣਦਾ ਸੀ ਕਿ ਯਹੋਵਾਹ ਆਪਣੇ ਪਸ਼ਚਾਤਾਪੀ ਲੋਕਾਂ ਨੂੰ ਮਾਫ਼ ਕਰਦਾ ਹੈ। ਉਸ ਨੇ ਲਿਖਿਆ: ‘ਤੇਰੇ ਵਰਗਾ ਕਿਹੜਾ ਪਰਮੇਸ਼ੁਰ ਹੈ? ਜੋ ਆਪਣੀ ਮਿਲਖ ਦੇ ਬਕੀਏ ਦੀ ਬਦੀ ਲਈ ਖਿਮਾ ਕਰਦਾ। ਤੂੰ ਓਹਨਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀ ਤਹਿ ਵਿੱਚ ਸੁੱਟੇਂਗਾ।’ (ਮੀਕਾਹ 7:18, 19) ਜ਼ਰਾ ਸੋਚੋ ਕਿ ਉਸ ਜ਼ਮਾਨੇ ਵਿਚ ਰਹਿਣ ਵਾਲੇ ਲੋਕਾਂ ਉੱਤੇ ਇਨ੍ਹਾਂ ਸ਼ਬਦਾਂ ਦਾ ਕੀ ਅਸਰ ਪਿਆ ਹੋਵੇਗਾ। ਕੀ ਕੋਈ ਵੀ ਚੀਜ਼ ਜੋ ‘ਸਮੁੰਦਰ ਦੀ ਤਹਿ ਵਿੱਚ ਸੁੱਟੀ’ ਗਈ ਹੋਵੇ, ਬਾਹਰ ਕੱਢੀ ਜਾ ਸਕਦੀ ਸੀ? ਤਾਂ ਫਿਰ ਮੀਕਾਹ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਜਦ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਪਾਪ ਨੂੰ ਹਮੇਸ਼ਾ ਲਈ ਮਿਟਾ ਦਿੰਦਾ ਹੈ।

13. ਜਦ ਯਿਸੂ ਨੇ ਕਿਹਾ ਸੀ, “ਸਾਡੇ ਕਰਜ਼ ਸਾਨੂੰ ਮਾਫ਼ ਕਰ,” ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ?

13 ਯਿਸੂ ਨੇ ਕਰਜ਼ਾਈ ਤੇ ਲੈਣਦਾਰ ਦੀ ਗੱਲ ਕਰਦੇ ਹੋਏ ਸਮਝਾਇਆ ਸੀ ਕਿ ਯਹੋਵਾਹ ਕਿਸ ਤਰ੍ਹਾਂ ਮਾਫ਼ ਕਰਦਾ ਹੈ। ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਉਂਦੇ ਹੋਏ ਕਿਹਾ: ‘ਸਾਡੇ ਕਰਜ਼ ਸਾਨੂੰ ਮਾਫ਼ ਕਰ।’ (ਮੱਤੀ 6:12) ਇਸ ਤਰ੍ਹਾਂ ਯਿਸੂ ਨੇ ਪਾਪ ਦੀ ਤੁਲਨਾ ਕਰਜ਼ ਨਾਲ ਕੀਤੀ ਸੀ। (ਲੂਕਾ 11:4) ਜਦ ਅਸੀਂ ਪਾਪ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੇ ਕਰਜ਼ਾਈ ਬਣ ਜਾਂਦੇ ਹਾਂ। ਜਿਸ ਯੂਨਾਨੀ ਕ੍ਰਿਆ ਦਾ ਤਰਜਮਾ “ਮਾਫ਼ ਕਰਨਾ” ਕੀਤਾ ਗਿਆ ਹੈ, ਉਸ ਕ੍ਰਿਆ ਦਾ ਮਤਲਬ ਬਾਈਬਲ ਦੇ ਇਕ ਕੋਸ਼ ਵਿਚ ਇਸ ਤਰ੍ਹਾਂ ਸਮਝਾਇਆ ਗਿਆ ਹੈ: “ਕਿਸੇ ਕਰਜ਼ੇ ਨੂੰ ਵਾਪਸ ਨਾ ਮੰਗਣਾ ਜਾਂ ਉਸ ਨੂੰ ਮਾਫ਼ ਕਰ ਦੇਣਾ।” ਇਸ ਲਈ ਕਿਹਾ ਜਾ ਸਕਦਾ ਹੈ ਕਿ ਜਦ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਸਾਡੇ ਖਾਤੇ ਵਿਚ ਲਿਖੇ ਕਰਜ਼ ਵਾਪਸ ਮੰਗਣ ਦੀ ਬਜਾਇ ਉਨ੍ਹਾਂ ਨੂੰ ਮਾਫ਼ ਕਰ ਦਿੰਦਾ ਹੈ। ਤੋਬਾ ਕਰਨ ਵਾਲੇ ਪਾਪੀ ਇਸ ਗੱਲ ਤੋਂ ਦਿਲਾਸਾ ਪਾ ਸਕਦੇ ਹਨ। ਯਹੋਵਾਹ ਨੇ ਜੋ ਕਰਜ਼ਾ ਮਾਫ਼ ਕਰ ਦਿੱਤਾ ਹੈ, ਉਹ ਉਸ ਨੂੰ ਮੁੜ ਕੇ ਕਦੇ ਨਹੀਂ ਮੰਗੇਗਾ!—ਜ਼ਬੂਰਾਂ ਦੀ ਪੋਥੀ 32:1, 2.

14. “ਤੁਹਾਡੇ ਪਾਪ ਮਿਟਾਏ ਜਾਣ” ਸ਼ਬਦ ਪੜ੍ਹ ਕੇ ਸਾਡੇ ਮਨ ਵਿਚ ਕਿਹੜੀ ਤਸਵੀਰ ਬਣਦੀ ਹੈ?

14 ਰਸੂਲਾਂ ਦੇ ਕਰਤੱਬ 3:19 ਵਿਚ ਯਹੋਵਾਹ ਵੱਲੋਂ ਮਾਫ਼ ਕਰਨ ਬਾਰੇ ਅੱਗੇ ਲਿਖਿਆ ਹੈ: ‘ਇਸ ਲਈ ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ।’ ਜਿਸ ਯੂਨਾਨੀ ਕ੍ਰਿਆ ਦਾ ਤਰਜਮਾ ਮਿਟਾਉਣਾ ਕੀਤਾ ਗਿਆ ਹੈ, ਉਸ ਦਾ ਮਤਲਬ “ਪੂੰਝ ਕੇ ਸਾਫ਼ ਕਰਨਾ ਜਾਂ ਨਸ਼ਟ ਕਰਨਾ” ਹੋ ਸਕਦਾ ਹੈ। ਕੁਝ ਵਿਦਵਾਨਾਂ ਦੇ ਮੁਤਾਬਕ ਇਹ ਲਿਖਾਈ ਨੂੰ ਮਿਟਾਉਣ ਦੇ ਬਰਾਬਰ ਸੀ। ਇਹ ਕਿਸ ਤਰ੍ਹਾਂ ਮੁਮਕਿਨ ਸੀ? ਪੁਰਾਣੇ ਜ਼ਮਾਨੇ ਵਿਚ ਆਮ ਤੌਰ ਤੇ ਸਿਆਹੀ ਕਾਰਬਨ, ਗੂੰਦ ਤੇ ਪਾਣੀ ਮਿਲਾ ਕੇ ਬਣਾਈ ਜਾਂਦੀ ਸੀ। ਲਿਖਣ ਤੋਂ ਥੋੜ੍ਹੇ ਹੀ ਸਮੇਂ ਬਾਅਦ ਅਜਿਹੀ ਸਿਆਹੀ ਨਾਲ ਲਿਖੀ ਗੱਲ ਗਿੱਲੇ ਕੱਪੜੇ ਨਾਲ ਮਿਟਾਈ ਜਾ ਸਕਦੀ ਸੀ। ਹੁਣ ਅਸੀਂ ਯਹੋਵਾਹ ਦੇ ਰਹਿਮ ਦੀ ਸੋਹਣੀ ਤਸਵੀਰ ਦੇਖ ਸਕਦੇ ਹਾਂ। ਜਦ ਉਹ ਸਾਡੇ ਪਾਪ ਮਾਫ਼ ਕਰਦਾ ਹੈ, ਤਾਂ ਮਾਨੋ ਉਹ ਕੱਪੜਾ ਲੈ ਕੇ ਉਨ੍ਹਾਂ ਨੂੰ ਮਿਟਾ ਦਿੰਦਾ ਹੈ।

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜਾਣੀਏ ਕਿ ਉਹ “ਮਾਫ਼ ਕਰਨ” ਲਈ ਤਿਆਰ ਹੈ

15. ਯਹੋਵਾਹ ਕੀ ਚਾਹੁੰਦਾ ਹੈ ਕਿ ਅਸੀਂ ਉਸ ਬਾਰੇ ਜਾਣੀਏ?

15 ਜਦ ਅਸੀਂ ਇਨ੍ਹਾਂ ਸਾਰੇ ਦ੍ਰਿਸ਼ਟਾਂਤਾਂ ਉੱਤੇ ਗੌਰ ਕਰਦੇ ਹਾਂ, ਤਾਂ ਕੀ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੀ ਤੋਬਾ ਦੇਖ ਕੇ ਯਹੋਵਾਹ ਸਾਨੂੰ ਸੱਚ-ਮੁੱਚ ਮਾਫ਼ ਕਰਨ ਲਈ ਤਿਆਰ ਹੋ ਜਾਂਦਾ ਹੈ? ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਸ ਗੱਲ ਨੂੰ ਜਾਣੀਏ। ਸਾਨੂੰ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕਿ ਭਵਿੱਖ ਵਿਚ ਉਹ ਸਾਡੇ ਪਿੱਛਲੇ ਪਾਪਾਂ ਕਾਰਨ ਸਾਨੂੰ ਦੋਸ਼ੀ ਠਹਿਰਾਵੇਗਾ। ਬਾਈਬਲ ਵਿਚ ਯਹੋਵਾਹ ਦੇ ਰਹਿਮ ਦੀ ਗੱਲ ਇਕ ਹੋਰ ਤਰੀਕੇ ਨਾਲ ਵੀ ਸਮਝਾਈ ਗਈ ਹੈ: ਯਹੋਵਾਹ ਮਾਫ਼ ਕਰਨ ਤੋਂ ਬਾਅਦ ਗੱਲ ਨੂੰ ਭੁੱਲ ਵੀ ਜਾਂਦਾ ਹੈ।

‘ਮੈਂ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ’

16, 17. ਜਦ ਬਾਈਬਲ ਕਹਿੰਦੀ ਹੈ ਕਿ ਯਹੋਵਾਹ ਪਾਪਾਂ ਨੂੰ “ਚੇਤੇ” ਨਹੀਂ ਰੱਖਦਾ, ਤਾਂ ਇਸ ਦਾ ਕੀ ਮਤਲਬ ਹੈ ਅਤੇ ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ?

16 ਯਹੋਵਾਹ ਨੇ ਨਵੇਂ ਨੇਮ ਵਿਚਲੇ ਲੋਕਾਂ ਨਾਲ ਵਾਅਦਾ ਕੀਤਾ ਸੀ: “ਮੈਂ ਓਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ।” (ਯਿਰਮਿਯਾਹ 31:34) ਕੀ ਇਸ ਦਾ ਇਹ ਮਤਲਬ ਹੈ ਕਿ ਜਦ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਉਸ ਗੱਲ ਨੂੰ ਮੁੜ ਕੇ ਚੇਤੇ ਹੀ ਨਹੀਂ ਕਰ ਸਕਦਾ? ਇਸ ਤਰ੍ਹਾਂ ਨਹੀਂ ਹੋ ਸਕਦਾ। ਬਾਈਬਲ ਵਿਚ ਦਾਊਦ ਅਤੇ ਕਈਆਂ ਹੋਰਨਾਂ ਲੋਕਾਂ ਬਾਰੇ ਗੱਲ ਕੀਤੀ ਗਈ ਹੈ ਜਿਨ੍ਹਾਂ ਦੇ ਪਾਪ ਯਹੋਵਾਹ ਨੇ ਮਾਫ਼ ਕੀਤੇ ਸਨ। (2 ਸਮੂਏਲ 11:1-17; 12:13) ਯਹੋਵਾਹ ਨੂੰ ਅਜੇ ਵੀ ਉਨ੍ਹਾਂ ਦੀਆਂ ਗ਼ਲਤੀਆਂ ਯਾਦ ਹਨ। ਬਾਈਬਲ ਵਿਚ ਇਹ ਸਭ ਗੱਲਾਂ ਸਾਡੇ ਫ਼ਾਇਦੇ ਲਈ ਲਿਖੀਆਂ ਗਈਆਂ ਹਨ ਕਿ ਉਨ੍ਹਾਂ ਨੇ ਪਾਪ ਕੀਤੇ ਸਨ ਤੇ ਉਨ੍ਹਾਂ ਨੇ ਪਸ਼ਚਾਤਾਪ ਕੀਤਾ ਸੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਮਾਫ਼ ਕੀਤਾ ਸੀ। (ਰੋਮੀਆਂ 15:4) ਤਾਂ ਫਿਰ ਜਦ ਬਾਈਬਲ ਕਹਿੰਦੀ ਹੈ ਕਿ ਯਹੋਵਾਹ ਮਾਫ਼ ਕਰਨ ਤੋਂ ਬਾਅਦ ਪਾਪਾਂ ਨੂੰ “ਚੇਤੇ” ਨਹੀਂ ਰੱਖਦਾ, ਤਾਂ ਇਸ ਦਾ ਕੀ ਮਤਲਬ ਹੈ?

17 ਜਿਸ ਇਬਰਾਨੀ ਕ੍ਰਿਆ ਦਾ ਤਰਜਮਾ ‘ਮੈਂ ਚੇਤੇ ਕਰਾਂਗਾ’ ਕੀਤਾ ਗਿਆ ਹੈ, ਉਸ ਦਾ ਮਤਲਬ ਸਿਰਫ਼ ਇਹੀ ਨਹੀਂ ਕਿ ਬੀਤੇ ਸਮੇਂ ਦੀ ਗੱਲ ਯਾਦ ਕਰਨੀ। ਬਾਈਬਲ ਬਾਰੇ ਇਕ ਕਿਤਾਬ ਵਿਚ ਕਿਹਾ ਗਿਆ ਹੈ ਕਿ ਇਸ ਦਾ ਮਤਲਬ ਇਹ ਵੀ ਹੈ ਕਿ ਯਾਦ ਰੱਖਣ ਦੇ ਨਾਲ-ਨਾਲ ‘ਇਸ ਬਾਰੇ ਕੁਝ ਕਰਨਾ।’ ਸੋ ਪਾਪ ਨੂੰ “ਚੇਤੇ” ਕਰਨ ਦਾ ਮਤਲਬ ਹੈ ਕਿ ਪਾਪ ਕਰਨ ਵਾਲੇ ਨੂੰ ਸਜ਼ਾ ਦੇਣੀ। (ਹੋਸ਼ੇਆ 9:9) ਪਰ ਜਦ ਪਰਮੇਸ਼ੁਰ ਕਹਿੰਦਾ ਹੈ ਕਿ ‘ਮੈਂ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ,’ ਤਾਂ ਉਹ ਸਾਨੂੰ ਤਸੱਲੀ ਦੇ ਰਿਹਾ ਹੈ ਕਿ ਇਕ ਵਾਰ ਜਦ ਉਹ ਪਾਪੀ ਨੂੰ ਮਾਫ਼ ਕਰ ਦਿੰਦਾ ਹੈ, ਤਾਂ ਭਵਿੱਖ ਵਿਚ ਉਹ ਉਸ ਪਾਪ ਦਾ ਲੇਖਾ ਕਦੇ ਨਹੀਂ ਲਵੇਗਾ। (ਹਿਜ਼ਕੀਏਲ 18:21, 22) ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਇਸ ਭਾਵ ਵਿਚ ਭੁੱਲ ਜਾਂਦਾ ਹੈ ਕਿ ਉਹ ਸਾਨੂੰ ਵਾਰ-ਵਾਰ ਸਜ਼ਾ ਦੇਣ ਵਾਸਤੇ ਮੁੜ-ਮੁੜ ਕੇ ਸਾਡੇ ਪਾਪ ਸਾਡੇ ਸਾਮ੍ਹਣੇ ਨਹੀਂ ਲਿਆਉਂਦਾ। ਕੀ ਇਹ ਜਾਣ ਕੇ ਸਾਨੂੰ ਦਿਲਾਸਾ ਨਹੀਂ ਮਿਲਦਾ ਕਿ ਸਾਡਾ ਪਰਮੇਸ਼ੁਰ ਪਾਪ ਨੂੰ ਸਿਰਫ਼ ਮਾਫ਼ ਹੀ ਨਹੀਂ ਕਰਦਾ, ਪਰ ਉਹ ਉਸ ਨੂੰ ਭੁੱਲ ਵੀ ਜਾਂਦਾ ਹੈ?

ਪਾਪ ਦੇ ਨਤੀਜੇ

18. ਮਾਫ਼ ਕਰਨ ਦਾ ਇਹ ਮਤਲਬ ਕਿਉਂ ਨਹੀਂ ਹੈ ਕਿ ਤੋਬਾ ਕਰਨ ਵਾਲੇ ਪਾਪੀ ਨੂੰ ਆਪਣੇ ਪਾਪ ਦੇ ਨਤੀਜੇ ਨਹੀਂ ਭੁਗਤਣੇ ਪੈਣੇ?

18 ਯਹੋਵਾਹ ਹਮੇਸ਼ਾ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਤੋਬਾ ਕਰਨ ਵਾਲੇ ਪਾਪੀ ਨੂੰ ਆਪਣੇ ਪਾਪ ਦੇ ਨਤੀਜੇ ਨਹੀਂ ਭੁਗਤਣੇ ਪੈਣੇ? ਬਿਲਕੁਲ ਨਹੀਂ। ਪਾਪ ਦੇ ਨਤੀਜੇ ਤਾਂ ਸਾਨੂੰ ਭੁਗਤਣੇ ਹੀ ਪੈਣਗੇ। ਪੌਲੁਸ ਰਸੂਲ ਨੇ ਲਿਖਿਆ ਸੀ: “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” (ਗਲਾਤੀਆਂ 6:7) ਸਾਡੀ ਕਰਨੀ ਦਾ ਫਲ ਤਾਂ ਸਾਨੂੰ ਮਿਲੇਗਾ ਹੀ। ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਮਾਫ਼ ਕਰਨ ਤੋਂ ਬਾਅਦ ਯਹੋਵਾਹ ਸਾਡੇ ਉੱਤੇ ਬਿਪਤਾ ਲਿਆਉਂਦਾ ਹੈ। ਜਦ ਸਾਡੇ ਉੱਤੇ ਬਿਪਤਾ ਆਉਂਦੀ ਹੈ, ਤਾਂ ਸਾਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ, ‘ਸ਼ਾਇਦ ਯਹੋਵਾਹ ਹੀ ਮੈਨੂੰ ਮੇਰੇ ਪਹਿਲੇ ਪਾਪਾਂ ਦੀ ਸਜ਼ਾ ਦੇ ਰਿਹਾ ਹੈ।’ (ਯਾਕੂਬ 1:13) ਦੂਜੇ ਪਾਸੇ ਯਹੋਵਾਹ ਸਾਨੂੰ ਪੁੱਠੇ ਰਾਹ ਤੇ ਚੱਲਣ ਦੇ ਬੁਰੇ ਨਤੀਜਿਆਂ ਤੋਂ ਵੀ ਨਹੀਂ ਬਚਾਉਂਦਾ। ਮਿਸਾਲ ਲਈ, ਤਲਾਕ, ਅਣਚਾਹੇ ਬੱਚੇ, ਜਿਨਸੀ ਬੀਮਾਰੀਆਂ, ਇੱਜ਼ਤ ਤੇ ਭਰੋਸੇ ਨੂੰ ਗੁਆਉਣਾ ਪਾਪ ਦੇ ਬੁਰੇ ਨਤੀਜੇ ਹੋ ਸਕਦੇ ਹਨ। ਯਾਦ ਰੱਖੋ ਕਿ ਜਦ ਦਾਊਦ ਨੇ ਬਥ-ਸ਼ਬਾ ਤੇ ਉਸ ਦੇ ਪਤੀ ਊਰਿੱਯਾਹ ਦੇ ਸੰਬੰਧ ਵਿਚ ਪਾਪ ਕੀਤੇ ਸਨ, ਤਾਂ ਯਹੋਵਾਹ ਨੇ ਦਾਊਦ ਨੂੰ ਉਸ ਦੀ ਕਰਨੀ ਦੇ ਫਲ ਭੁਗਤਣ ਤੋਂ ਬਚਾਇਆ ਨਹੀਂ ਸੀ, ਭਾਵੇਂ ਕਿ ਉਸ ਨੇ ਉਸ ਦੇ ਪਾਪ ਮਾਫ਼ ਕੀਤੇ ਸਨ।—2 ਸਮੂਏਲ 12:9-12.

19-21. (ੳ) ਪਾਪੀ ਅਤੇ ਪਾਪ ਦੇ ਸ਼ਿਕਾਰ ਵਿਅਕਤੀ ਨੂੰ ਲੇਵੀਆਂ 6:1-7 ਵਿਚ ਦਰਜ ਕੀਤੇ ਗਏ ਕਾਨੂੰਨ ਤੋਂ ਕੀ ਫ਼ਾਇਦਾ ਹੁੰਦਾ ਸੀ? (ਅ) ਜੇ ਸਾਡੇ ਪਾਪ ਕਰਕੇ ਕਿਸੇ ਹੋਰ ਨੂੰ ਦੁੱਖ ਪਹੁੰਚਿਆ ਹੈ, ਤਾਂ ਪਰਮੇਸ਼ੁਰ ਸਾਨੂੰ ਕੀ ਕਰਦੇ ਦੇਖ ਕੇ ਖ਼ੁਸ਼ ਹੁੰਦਾ ਹੈ?

19 ਸਾਡੇ ਪਾਪ ਦੇ ਹੋਰ ਵੀ ਨਤੀਜੇ ਨਿਕਲ ਸਕਦੇ ਹਨ, ਖ਼ਾਸ ਕਰਕੇ ਜੇ ਸਾਡੀ ਕਿਸੇ ਗ਼ਲਤੀ ਕਰਕੇ ਕਿਸੇ ਹੋਰ ਨੂੰ ਦੁੱਖ ਪਹੁੰਚਿਆ ਹੈ। ਮਿਸਾਲ ਲਈ, ਲੇਵੀਆਂ ਦੇ 6ਵੇਂ ਅਧਿਆਇ ਉੱਤੇ ਜ਼ਰਾ ਗੌਰ ਕਰੋ। ਮੂਸਾ ਦੀ ਬਿਵਸਥਾ ਦੇ ਇਸ ਹਿੱਸੇ ਵਿਚ ਉਸ ਪਾਪ ਦੀ ਗੱਲ ਕੀਤੀ ਗਈ ਹੈ ਜਦ ਕੋਈ ਇਸਰਾਏਲੀ ਆਪਣੇ ਕਿਸੇ ਭਾਈ ਤੋਂ ਚੋਰੀ ਕਰਦਾ ਸੀ ਜਾਂ ਉਸ ਨਾਲ ਧੋਖੇਬਾਜ਼ੀ ਜਾਂ ਠੱਗੀ ਕਰਦਾ ਸੀ। ਪਾਪ ਕਰਨ ਤੋਂ ਬਾਅਦ ਉਹ ਸ਼ਾਇਦ ਮੁੱਕਰ ਜਾਂਦਾ ਸੀ, ਇੱਥੇ ਤਕ ਕਿ ਉਹ ਸੌਂਹ ਖਾ ਕੇ ਇਸ ਕੰਮ ਤੋਂ ਇਨਕਾਰ ਕਰਦਾ ਸੀ। ਅਜਿਹੀ ਘਟਨਾ ਵਿਚ ਇਹ ਨਹੀਂ ਪਤਾ ਲੱਗਦਾ ਸੀ ਕਿ ਦੋਹਾਂ ਭਾਈਆਂ ਵਿੱਚੋਂ ਕੌਣ ਸੱਚ ਬੋਲ ਰਿਹਾ ਸੀ ਤੇ ਕੌਣ ਝੂਠ ਬੋਲ ਰਿਹਾ ਸੀ। ਪਰ ਬਾਅਦ ਵਿਚ ਪਾਪ ਕਰਨ ਵਾਲੇ ਦੀ ਜ਼ਮੀਰ ਉਸ ਨੂੰ ਦੋਸ਼ੀ ਠਹਿਰਾਉਂਦੀ ਸੀ ਅਤੇ ਉਹ ਆਪਣੇ ਪਾਪ ਦਾ ਇਕਰਾਰ ਕਰਨ ਲਈ ਤਿਆਰ ਹੁੰਦਾ ਸੀ। ਪਰਮੇਸ਼ੁਰ ਦੁਆਰਾ ਮਾਫ਼ ਕੀਤੇ ਜਾਣ ਲਈ ਉਸ ਨੂੰ ਤਿੰਨ ਹੋਰ ਚੀਜ਼ਾਂ ਕਰਨ ਦੀ ਲੋੜ ਸੀ: ਠੱਗੀ ਚੀਜ਼ ਵਾਪਸ ਕਰੇ, ਜਿਸ ਨੂੰ ਠੱਗਿਆ ਗਿਆ ਉਸ ਨੂੰ 20 ਫੀ ਸਦੀ ਜੁਰਮਾਨਾ ਭਰੇ ਅਤੇ ਇਕ ਭੇਡ ਨੂੰ ਦੋਸ਼ ਦੀ ਭੇਟ ਵਜੋਂ ਚੜ੍ਹਾਵੇ। ਫਿਰ, ਬਿਵਸਥਾ ਵਿਚ ਲਿਖਿਆ ਸੀ ਕਿ ਪਾਪੀ ਦੇ ਇਹ ਸਭ ਕਰਨ ਤੋਂ ਬਾਅਦ “ਜਾਜਕ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ . . . ਸੋ ਸਭ ਕੁਝ ਦੀ ਖਿਮਾ ਉਸ ਨੂੰ ਹੋ ਜਾਵੇਗੀ।”—ਲੇਵੀਆਂ 6:1-7.

20 ਪਰਮੇਸ਼ੁਰ ਨੇ ਪਿਆਰ ਨਾਲ ਬਿਵਸਥਾ ਦਾ ਪ੍ਰਬੰਧ ਕੀਤਾ ਸੀ। ਇਸ ਪ੍ਰਬੰਧ ਤੋਂ ਉਸ ਇਨਸਾਨ ਨੂੰ ਫ਼ਾਇਦਾ ਹੁੰਦਾ ਸੀ ਜਿਸ ਤੋਂ ਕੋਈ ਚੀਜ਼ ਠੱਗੀ ਗਈ ਸੀ। ਇਸ ਦੇ ਜ਼ਰੀਏ ਉਸ ਨੂੰ ਆਪਣੀ ਚੀਜ਼ ਵਾਪਸ ਮਿਲਦੀ ਸੀ ਅਤੇ ਪਾਪੀ ਦਾ ਇਕਰਾਰ ਸੁਣ ਕੇ ਖ਼ੁਸ਼ੀ ਵੀ ਹੁੰਦੀ ਸੀ। ਪਰ ਇਸ ਦੇ ਨਾਲ-ਨਾਲ ਬਿਵਸਥਾ ਦੁਆਰਾ ਪਾਪ ਕਰਨ ਵਾਲੇ ਨੂੰ ਵੀ ਫ਼ਾਇਦਾ ਹੁੰਦਾ ਸੀ। ਉਹ ਆਪਣਾ ਪਾਪ ਕਬੂਲ ਕਰ ਸਕਦਾ ਸੀ ਅਤੇ ਆਪਣੀ ਗ਼ਲਤੀ ਦਾ ਪ੍ਰਾਸਚਿਤ ਕਰ ਸਕਦਾ ਸੀ। ਜੇ ਉਹ ਇਸ ਤਰ੍ਹਾਂ ਨਾ ਕਰਦਾ, ਤਾਂ ਉਸ ਨੂੰ ਪਰਮੇਸ਼ੁਰ ਤੋਂ ਮਾਫ਼ੀ ਨਹੀਂ ਮਿਲ ਸਕਦੀ ਸੀ।

21 ਭਾਵੇਂ ਅਸੀਂ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਹਾਂ, ਪਰ ਉਸ ਉੱਤੇ ਗੌਰ ਕਰ ਕੇ ਅਸੀਂ ਯਹੋਵਾਹ ਦੀ ਸੋਚਣੀ ਜਾਣ ਸਕਦੇ ਹਾਂ ਕਿ ਮਾਫ਼ ਕਰਨ ਬਾਰੇ ਉਸ ਦਾ ਕੀ ਵਿਚਾਰ ਹੈ। (ਕੁਲੁੱਸੀਆਂ 2:13, 14) ਜੇ ਸਾਡੇ ਪਾਪ ਕਰਕੇ ਕਿਸੇ ਹੋਰ ਨੂੰ ਦੁੱਖ ਪਹੁੰਚਿਆ ਹੈ, ਤਾਂ ਪਰਮੇਸ਼ੁਰ ਇਹ ਦੇਖ ਕਿ ਖ਼ੁਸ਼ ਹੁੰਦਾ ਹੈ ਕਿ ਅਸੀਂ ਆਪਣੀ ਗ਼ਲਤੀ ਸੁਧਾਰਨ ਲਈ ਕਦਮ ਚੁੱਕ ਰਹੇ ਹਾਂ। (ਮੱਤੀ 5:23, 24) ਇਸ ਤਰ੍ਹਾਂ ਕਰਨ ਲਈ ਸਾਨੂੰ ਸ਼ਾਇਦ ਆਪਣੀ ਗ਼ਲਤੀ ਦਾ ਅਹਿਸਾਸ ਕਰਨਾ ਪਵੇ, ਦੂਸਰੇ ਸਾਮ੍ਹਣੇ ਆਪਣੀ ਗ਼ਲਤੀ ਸਵੀਕਾਰ ਕਰਨੀ ਪਵੇ ਅਤੇ ਉਸ ਤੋਂ ਮਾਫ਼ੀ ਵੀ ਮੰਗਣੀ ਪਵੇ। ਫਿਰ ਅਸੀਂ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਯਹੋਵਾਹ ਤੋਂ ਮਾਫ਼ੀ ਮੰਗ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਨੂੰ ਤਸੱਲੀ ਮਿਲ ਸਕਦੀ ਹੈ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਦਿੱਤਾ ਹੈ।—ਇਬਰਾਨੀਆਂ 10:21, 22.

22. ਯਹੋਵਾਹ ਸਾਨੂੰ ਮਾਫ਼ ਕਰਨ ਦੇ ਨਾਲ-ਨਾਲ ਹੋਰ ਕੀ ਦਿੰਦਾ ਹੈ?

22 ਹਰ ਪਿਆਰੇ ਪਿਤਾ ਵਾਂਗ ਯਹੋਵਾਹ ਸ਼ਾਇਦ ਮਾਫ਼ ਕਰਨ ਦੇ ਨਾਲ-ਨਾਲ ਸਾਨੂੰ ਤਾੜਨਾ ਵੀ ਦੇਵੇ। (ਕਹਾਉਤਾਂ 3:11, 12) ਪਸ਼ਚਾਤਾਪੀ ਮਸੀਹੀ ਨੂੰ ਸ਼ਾਇਦ ਕਲੀਸਿਯਾ ਵਿਚ ਬਜ਼ੁਰਗ, ਸਹਾਇਕ ਸੇਵਕ ਜਾਂ ਪਾਇਨੀਅਰ ਹੋਣ ਦੀ ਜ਼ਿੰਮੇਵਾਰੀ ਛੱਡਣੀ ਪਵੇ। ਉਸ ਨੂੰ ਸ਼ਾਇਦ ਕੁਝ ਸਮੇਂ ਤਕ ਇਨ੍ਹਾਂ ਜ਼ਿੰਮੇਵਾਰੀਆਂ ਤੋਂ ਵਾਂਝਾ ਹੋਣ ਕਰਕੇ ਬਹੁਤ ਦੁੱਖ ਹੋਵੇ ਕਿਉਂਕਿ ਉਸ ਨੂੰ ਇਹ ਬਹੁਤ ਹੀ ਪਸੰਦ ਸਨ। ਅਜਿਹੀ ਤਾੜ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਨੇ ਉਸ ਮਸੀਹੀ ਨੂੰ ਮਾਫ਼ ਨਹੀਂ ਕੀਤਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤਾੜਨਾ ਯਹੋਵਾਹ ਦੇ ਪਿਆਰ ਦਾ ਸਬੂਤ ਹੈ। ਤਾੜ ਨੂੰ ਕਬੂਲ ਕਰਨਾ ਅਤੇ ਉਸ ਉੱਤੇ ਅਮਲ ਕਰਨਾ ਸਾਡੇ ਭਲੇ ਲਈ ਹੋਵੇਗਾ।—ਇਬਰਾਨੀਆਂ 12:5-11.

23. ਸਾਨੂੰ ਇਸ ਤਰ੍ਹਾਂ ਕਦੇ ਮਹਿਸੂਸ ਕਿਉਂ ਨਹੀਂ ਕਰਨਾ ਚਾਹੀਦਾ ਕਿ ਅਸੀਂ ਮਾਫ਼ੀ ਦੇ ਲਾਇਕ ਨਹੀਂ ਹਾਂ ਅਤੇ ਮਾਫ਼ ਕਰਨ ਦੇ ਸੰਬੰਧ ਵਿਚ ਸਾਨੂੰ ਯਹੋਵਾਹ ਦੀ ਨਕਲ ਕਿਉਂ ਕਰਨੀ ਚਾਹੀਦੀ ਹੈ?

23 ਇਹ ਜਾਣ ਕੇ ਅਸੀਂ ਕਿੰਨੇ ਖ਼ੁਸ਼ ਹੁੰਦੇ ਹਾਂ ਕਿ ਸਾਡਾ ਪਰਮੇਸ਼ੁਰ “ਮਾਫ਼ ਕਰਨ” ਲਈ ਤਿਆਰ ਹੈ! ਸਾਡੀਆਂ ਗ਼ਲਤੀਆਂ ਦੇ ਬਾਵਜੂਦ ਸਾਨੂੰ ਇਸ ਤਰ੍ਹਾਂ ਕਦੇ ਨਹੀਂ ਮਹਿਸੂਸ ਕਰਨਾ ਚਾਹੀਦਾ ਕਿ ਅਸੀਂ ਮਾਫ਼ ਕੀਤੇ ਜਾਣ ਦੇ ਲਾਇਕ ਨਹੀਂ ਹਾਂ। ਜੇ ਅਸੀਂ ਦਿਲੋਂ ਤੋਬਾ ਕਰੀਏ, ਆਪਣੀ ਗ਼ਲਤੀ ਨੂੰ ਸੁਧਾਰਨ ਲਈ ਕਦਮ ਚੁੱਕੀਏ ਅਤੇ ਯਿਸੂ ਦੇ ਬਲੀਦਾਨ ਉੱਤੇ ਨਿਹਚਾ ਕਰ ਕੇ ਮਾਫ਼ੀ ਮੰਗੀਏ, ਤਾਂ ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਸਾਨੂੰ ਮਾਫ਼ ਕਰੇਗਾ। (1 ਯੂਹੰਨਾ 1:9) ਆਓ ਆਪਾਂ ਇਕ-ਦੂਜੇ ਨਾਲ ਪੇਸ਼ ਆਉਂਦੇ ਹੋਏ ਯਹੋਵਾਹ ਦੀ ਨਕਲ ਕਰ ਕੇ ਇਕ-ਦੂਜੇ ਨੂੰ ਮਾਫ਼ ਕਰੀਏ। ਆਖ਼ਰਕਾਰ ਜੇ ਯਹੋਵਾਹ, ਜੋ ਕਦੇ ਪਾਪ ਨਹੀਂ ਕਰਦਾ, ਸਾਨੂੰ ਮਾਫ਼ ਕਰ ਸਕਦਾ ਹੈ, ਤਾਂ ਪਾਪੀ ਇਨਸਾਨ ਹੋਣ ਦੇ ਨਾਤੇ ਕੀ ਸਾਨੂੰ ਇਕ-ਦੂਜੇ ਨੂੰ ਮਾਫ਼ ਕਰਨ ਦੀ ਪੂਰੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ?

^ ਪੈਰਾ 4 ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਸਾਡੀ ਸਰਿਸ਼ਟ” ਕੀਤਾ ਗਿਆ ਹੈ, ਉਹੀ ਸ਼ਬਦ ਘੁਮਿਆਰ ਦੁਆਰਾ ਬਣਾਏ ਗਏ ਮਿੱਟੀ ਦੇ ਭਾਂਡਿਆਂ ਲਈ ਵਰਤਿਆ ਗਿਆ ਹੈ।—ਯਸਾਯਾਹ 29:16.

^ ਪੈਰਾ 10 ਇਕ ਵਿਦਵਾਨ ਕਹਿੰਦਾ ਹੈ ਕਿ ਕਿਰਮਚੀ ਅਜਿਹਾ “ਪੱਕਾ ਰੰਗ ਹੁੰਦਾ ਸੀ ਜੋ ਕਦੇ ਲਹਿੰਦਾ ਨਹੀਂ ਸੀ। ਉਸ ਨੂੰ ਨਾ ਤ੍ਰੇਲ ਤੇ ਨਾ ਮੀਂਹ ਮਿਟਾ ਸਕਦਾ ਸੀ ਅਤੇ ਨਾ ਹੀ ਧੋਣ ਅਤੇ ਹੰਡਾਉਣ ਨਾਲ ਇਹ ਮਿਟਾਇਆ ਜਾ ਸਕਦਾ ਸੀ।”