Skip to content

Skip to table of contents

ਸਤਾਈਵਾਂ ਅਧਿਆਇ

“ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ”

“ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ”

1, 2. ਯਹੋਵਾਹ ਦੀ ਭਲਾਈ ਦੇ ਕੁਝ ਸਬੂਤ ਕੀ ਹਨ ਅਤੇ ਬਾਈਬਲ ਵਿਚ ਇਸ ਗੁਣ ਬਾਰੇ ਕਿਸ ਤਰ੍ਹਾਂ ਗੱਲ ਕੀਤੀ ਗਈ ਹੈ?

ਕੁਝ ਦੋਸਤ ਸ਼ਾਮ ਦੇ ਵੇਲੇ ਡੁੱਬਦੇ ਸੂਰਜ ਦੀਆਂ ਕਿਰਨਾਂ ਦੇਖ ਕੇ ਖ਼ੁਸ਼ ਹੁੰਦੇ ਹਨ। ਉਹ ਇਕੱਠੇ ਬਹਿ ਕੇ ਹੱਸਦੇ-ਖੇਡਦੇ, ਗੱਲਾਂ-ਬਾਤਾਂ ਕਰਦੇ ਅਤੇ ਰੋਟੀ ਖਾਂਦੇ ਹਨ। ਕਿਤੇ ਦੂਰ ਆਪਣੇ ਖੇਤਾਂ ਵਿਚ ਇਕ ਕਿਸਾਨ ਕਾਲੇ ਬੱਦਲਾਂ ਤੋਂ ਆਪਣੀ ਪਿਆਸੀ ਫ਼ਸਲ ਤੇ ਵਰਖਾ ਦੀਆਂ ਪਹਿਲੀਆਂ ਬੂੰਦਾਂ ਪੈਂਦੀਆਂ ਦੇਖ ਕੇ ਮੁਸਕਰਾਉਂਦਾ ਹੈ। ਕਿਤੇ ਹੋਰ ਆਪਣੇ ਨਿਆਣੇ ਨੂੰ ਪਹਿਲੀ ਵਾਰ ਲੜਖੜਾਉਂਦੇ ਹੋਏ ਕਦਮ ਰੱਖਦੇ ਦੇਖ ਕੇ ਇਕ ਮਾਤਾ-ਪਿਤਾ ਦਾ ਦਿਲ ਬਹੁਤ ਖ਼ੁਸ਼ ਹੁੰਦਾ ਹੈ।

2 ਭਾਵੇਂ ਇਹ ਲੋਕ ਜਾਣਦੇ ਹਨ ਜਾਂ ਨਹੀਂ, ਪਰ ਇਨ੍ਹਾਂ ਸਾਰਿਆਂ ਨੂੰ ਇੱਕੋ ਚੀਜ਼ ਤੋਂ ਫ਼ਾਇਦਾ ਹੋ ਰਿਹਾ ਹੈ ਯਾਨੀ ਯਹੋਵਾਹ ਪਰਮੇਸ਼ੁਰ ਦੀ ਭਲਾਈ। ਕਈ ਧਰਮੀ ਲੋਕ ਅਕਸਰ ਕਹਿੰਦੇ ਹਨ ਕਿ “ਰੱਬ ਤਾਂ ਬੜਾ ਚੰਗਾ ਹੈ।” ਬਾਈਬਲ ਵਿਚ ਇਸ ਤੋਂ ਵੀ ਜ਼ਿਆਦਾ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ “ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ।” (ਜ਼ਕਰਯਾਹ 9:16) ਬਹੁਤ ਸਾਰੇ ਲੋਕ ਅੱਜ-ਕੱਲ੍ਹ ਇਨ੍ਹਾਂ ਸ਼ਬਦਾਂ ਦਾ ਮਤਲਬ ਹੀ ਨਹੀਂ ਸਮਝਦੇ। ਯਹੋਵਾਹ ਦੀ ਭਲਾਈ ਵਿਚ ਕੀ-ਕੀ ਸ਼ਾਮਲ ਹੈ ਅਤੇ ਇਸ ਗੁਣ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ?

ਪਰਮੇਸ਼ੁਰ ਦੇ ਪਿਆਰ ਦੀ ਵੱਡੀ ਖੂਬੀ

3, 4. ਭਲਾਈ ਕੀ ਹੈ ਅਤੇ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਪਿਆਰ ਉਸ ਦੀ ਭਲਾਈ ਤੋਂ ਦੇਖਿਆ ਜਾ ਸਕਦਾ ਹੈ?

3 ਅੱਜ-ਕੱਲ੍ਹ “ਭਲਾਈ” ਸ਼ਬਦ ਬਿਨਾਂ ਸੋਚੇ-ਸਮਝੇ ਐਵੇਂ ਹੀ ਵਰਤਿਆ ਜਾਂਦਾ ਹੈ। ਪਰ ਬਾਈਬਲ ਵਿਚ ਇਸ ਗੁਣ ਨੂੰ ਬਹੁਤ ਹੀ ਮਹੱਤਤਾ ਦਿੱਤੀ ਗਈ ਹੈ। ਮੂਲ ਰੂਪ ਵਿਚ ਇਸ ਦਾ ਮਤਲਬ ਹੈ ਨੇਕ ਤੇ ਚੰਗੇ ਚਾਲ-ਚਲਣ ਵਾਲਾ ਬਣਨਾ। ਤਾਂ ਫਿਰ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੇ ਅੰਗ-ਅੰਗ ਵਿਚ ਭਲਾਈ ਸਮਾਈ ਹੋਈ ਹੈ। ਉਸ ਦੇ ਸਾਰੇ ਗੁਣਾਂ ਤੋਂ, ਉਸ ਦੀ ਸ਼ਕਤੀ, ਉਸ ਦੇ ਇਨਸਾਫ਼ ਅਤੇ ਉਸ ਦੀ ਬੁੱਧ ਤੋਂ ਉਸ ਦੀ ਭਲਾਈ ਨਜ਼ਰ ਆਉਂਦੀ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਪਿਆਰ ਉਸ ਦੀ ਭਲਾਈ ਤੋਂ ਦੇਖਿਆ ਜਾਂਦਾ ਹੈ। ਕਿਸ ਤਰ੍ਹਾਂ?

4 ਇਕ ਭਲਾ ਇਨਸਾਨ ਆਪਣੀ ਭਲਾਈ ਦੁਆਰਾ ਪਛਾਣਿਆ ਜਾਂਦਾ ਹੈ। ਪੌਲੁਸ ਰਸੂਲ ਨੇ ਸੰਕੇਤ ਕੀਤਾ ਸੀ ਕਿ ਭਲਾਈ ਕਰਨੀ ਧਰਮੀ ਹੋਣ ਨਾਲੋਂ ਵੀ ਜ਼ਿਆਦਾ ਚੰਗਾ ਹੈ। (ਰੋਮੀਆਂ 5:7) ਇਕ ਧਰਮੀ ਬੰਦਾ ਵਫ਼ਾਦਾਰੀ ਨਾਲ ਕਾਨੂੰਨ ਦੀਆਂ ਮੰਗਾਂ ਪੂਰੀਆਂ ਕਰਦਾ ਹੈ, ਪਰ ਇਕ ਭਲਾ ਇਨਸਾਨ ਇਸ ਤੋਂ ਵੱਧ ਕਰਦਾ ਹੈ। ਉਹ ਦੂਸਰਿਆਂ ਦੀ ਮਦਦ ਕਰਨ ਵਿਚ ਪਹਿਲ ਕਰਦਾ ਹੈ। ਅਸੀਂ ਅੱਗੇ ਦੇਖਾਂਗੇ ਕਿ ਯਹੋਵਾਹ ਭਲਾ ਕਰਨ ਵਿਚ ਪਹਿਲ ਕਿਸ ਤਰ੍ਹਾਂ ਕਰਦਾ ਹੈ। ਯਹੋਵਾਹ ਦਾ ਬੇਅੰਤ ਪਿਆਰ ਉਸ ਨੂੰ ਭਲਾਈ ਕਰਨ ਲਈ ਪ੍ਰੇਰਦਾ ਹੈ।

5-7. ਯਿਸੂ ਨੇ ਭਲਾ ਸੱਦੇ ਜਾਣ ਤੋਂ ਇਨਕਾਰ ਕਿਉਂ ਕੀਤਾ ਸੀ ਅਤੇ ਉਸ ਨੇ ਦ੍ਰਿੜ੍ਹਤਾ ਨਾਲ ਕਿਹੜੀ ਸੱਚਾਈ ਦੱਸੀ ਸੀ?

5 ਯਹੋਵਾਹ ਜਿੰਨੀ ਭਲਾਈ ਹੋਰ ਕਿਸੇ ਵਿਚ ਨਹੀਂ ਹੈ। ਯਿਸੂ ਦੀ ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਇਕ ਆਦਮੀ ਨੇ ਯਿਸੂ ਨੂੰ ਸਵਾਲ ਪੁੱਛਣ ਲਈ ਉਸ ਨੂੰ “ਸਤ ਗੁਰੂ ਜੀ” ਸੱਦਿਆ। ਪਰ ਯਿਸੂ ਨੇ ਉਸ ਨੂੰ ਕਿਹਾ: “ਤੂੰ ਮੈਨੂੰ ਸਤ ਕਿਉਂ ਕਹਿੰਦਾ ਹੈਂ? ਸਤ ਕੋਈ ਨਹੀਂ ਪਰ ਨਿਰਾ ਇੱਕੋ ਪਰਮੇਸ਼ੁਰ।” (ਮਰਕੁਸ 10:17, 18) ਤੁਸੀਂ ਸ਼ਾਇਦ ਯਿਸੂ ਦੀ ਗੱਲ ਤੋਂ ਹੈਰਾਨ ਹੋਵੋ। ਉਸ ਨੇ ਉਸ ਆਦਮੀ ਨੂੰ ਸੁਧਾਰਿਆ ਕਿਉਂ ਸੀ? ਕੀ ਯਿਸੂ ਸਤ ਯਾਨੀ ਭਲਾ ਨਹੀਂ ਸੀ?

6 ਸਪੱਸ਼ਟ ਹੁੰਦਾ ਹੈ ਕਿ ਉਹ ਆਦਮੀ ਯਿਸੂ ਦੀ ਚਾਪਲੂਸੀ ਕਰਨ ਵਾਸਤੇ ਉਸ ਨੂੰ ਭਲਾ ਸੱਦ ਰਿਹਾ ਸੀ। ਯਿਸੂ ਨੇ ਦੀਨਤਾ ਨਾਲ ਸਾਰੀ ਵਡਿਆਈ ਆਪਣੇ ਸਵਰਗੀ ਪਿਤਾ ਨੂੰ ਦਿੱਤੀ ਕਿਉਂਕਿ ਸਿਰਫ਼ ਉਹੀ ਪੂਰੀ ਤਰ੍ਹਾਂ ਭਲਾ ਹੈ। (ਕਹਾਉਤਾਂ 11:2) ਪਰ ਯਿਸੂ ਦ੍ਰਿੜ੍ਹਤਾ ਨਾਲ ਇਕ ਸੱਚਾਈ ਵੀ ਦੱਸ ਰਿਹਾ ਸੀ। ਭਲਾਈ ਦਾ ਮਿਆਰ ਸਿਰਫ਼ ਯਹੋਵਾਹ ਹੀ ਕਾਇਮ ਕਰ ਸਕਦਾ ਹੈ। ਸਿਰਫ਼ ਯਹੋਵਾਹ ਕੋਲ ਹੀ ਇਹ ਕਹਿਣ ਦਾ ਪੂਰਾ ਹੱਕ ਹੈ ਕਿ ਕੀ ਭਲਾ ਹੈ ਤੇ ਕੀ ਬੁਰਾ। ਆਦਮ ਤੇ ਹੱਵਾਹ ਨੇ ਭਲੇ-ਬੁਰੇ ਦੇ ਗਿਆਨ ਦੇ ਦਰਖ਼ਤ ਤੋਂ ਫਲ ਖਾ ਕੇ ਇਹ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਯਿਸੂ ਉਨ੍ਹਾਂ ਵਾਂਗ ਬਿਲਕੁਲ ਨਹੀਂ ਬਣਿਆ, ਉਸ ਨੇ ਇਹ ਫ਼ੈਸਲਾ ਕਰਨ ਦਾ ਹੱਕ ਯਹੋਵਾਹ ਤੇ ਛੱਡ ਦਿੱਤਾ ਸੀ।

7 ਇਸ ਤੋਂ ਇਲਾਵਾ ਯਿਸੂ ਜਾਣਦਾ ਸੀ ਕਿ ਯਹੋਵਾਹ ਭਲਾਈ ਦਾ ਸੋਮਾ ਹੈ। “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਉਸ ਤੋਂ ਹੀ ਹੈ। (ਯਾਕੂਬ 1:17) ਆਓ ਆਪਾਂ ਹੁਣ ਦੇਖੀਏ ਕਿ ਯਹੋਵਾਹ ਦੀ ਖੁੱਲ੍ਹ-ਦਿਲੀ ਤੋਂ ਉਸ ਦੀ ਭਲਾਈ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ।

ਯਹੋਵਾਹ ਦੀ ਭਲਾਈ ਦੇ ਵਿਸ਼ਾਲ ਸਬੂਤ

8. ਯਹੋਵਾਹ ਨੇ ਕਿਸ ਤਰ੍ਹਾਂ ਜ਼ਾਹਰ ਕੀਤਾ ਹੈ ਕਿ ਉਹ ਸਾਰਿਆਂ ਨਾਲ ਭਲਾਈ ਕਰਦਾ ਹੈ?

8 ਧਰਤੀ ਉੱਤੇ ਪੈਦਾ ਹੋਏ ਹਰ ਇਨਸਾਨ ਨੂੰ ਯਹੋਵਾਹ ਦੀ ਭਲਾਈ ਤੋਂ ਫ਼ਾਇਦਾ ਹੋਇਆ ਹੈ। ਜ਼ਬੂਰਾਂ ਦੀ ਪੋਥੀ 145:9 ਵਿਚ ਕਿਹਾ ਗਿਆ ਹੈ ਕਿ ‘ਯਹੋਵਾਹ ਸਭਨਾਂ ਲਈ ਭਲਾ ਕਰਦਾ ਹੈ।’ ਉਸ ਦੀ ਭਲਾਈ ਦੀਆਂ ਕੁਝ ਉਦਾਹਰਣਾਂ ਕੀ ਹਨ? ਬਾਈਬਲ ਸਾਨੂੰ ਦੱਸਦੀ: “ਉਹ ਨੇ ਆਪ ਨੂੰ ਬਿਨਾ ਸਾਖੀ ਨਾ ਰੱਖਿਆ ਇਸ ਲਈ ਜੋ ਉਹ ਨੇ ਭਲਾ ਕੀਤਾ ਅਰ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕੀਤਾ।” (ਰਸੂਲਾਂ ਦੇ ਕਰਤੱਬ 14:17) ਕੀ ਤੁਸੀਂ ਢਿੱਡ ਭਰ ਕੇ ਆਪਣੇ ਮਨ-ਪਸੰਦ ਦੀ ਚੀਜ਼ ਖਾ ਕੇ ਖ਼ੁਸ਼ ਨਹੀਂ ਹੁੰਦੇ? ਜੇ ਯਹੋਵਾਹ ਨੇ ਇਸ ਧਰਤੀ ਤੇ ਤਾਜ਼ੇ ਪਾਣੀ ਅਤੇ “ਫਲ ਦੇਣ ਵਾਲੀਆਂ ਰੁੱਤਾਂ” ਦਾ ਬੰਦੋਬਸਤ ਨਾ ਕੀਤਾ ਹੁੰਦਾ, ਤਾਂ ਸਾਨੂੰ ਕਿਤਿਓਂ ਵੀ ਖਾਣ ਨੂੰ ਕੁਝ ਨਹੀਂ ਮਿਲਣਾ ਸੀ। ਯਹੋਵਾਹ ਨੇ ਇਸ ਤਰ੍ਹਾਂ ਕਰ ਕੇ ਸਿਰਫ਼ ਉਸ ਨਾਲ ਪਿਆਰ ਕਰਨ ਵਾਲਿਆਂ ਨਾਲ ਹੀ ਭਲਾ ਨਹੀਂ ਕੀਤਾ, ਪਰ ਸਾਰਿਆਂ ਨਾਲ ਭਲਾ ਕੀਤਾ ਹੈ। ਯਿਸੂ ਨੇ ਕਿਹਾ ਸੀ: “ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।”—ਮੱਤੀ 5:45.

ਯਹੋਵਾਹ ਨੇ ਤੁਹਾਨੂੰ “ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ” ਦਿੱਤੀਆਂ ਹਨ

9. ਸੇਬ ਤੋਂ ਯਹੋਵਾਹ ਦੀ ਭਲਾਈ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ?

9 ਯਹੋਵਾਹ ਲੋਕਾਂ ਨੂੰ ਸੂਰਜ ਦੀ ਰੌਸ਼ਨੀ, ਮੀਂਹ ਅਤੇ ਫਲਾਂ ਦੀ ਬਹਾਰ ਲਿਆਉਣ ਵਾਲੇ ਮੌਸਮ ਦੇ ਕੇ ਆਪਣੀ ਖੁੱਲ੍ਹ-ਦਿਲੀ ਦਿਖਾਉਂਦਾ ਹੈ। ਪਰ ਬਹੁਤ ਸਾਰੇ ਲੋਕ ਇਸ ਖੁੱਲ੍ਹ-ਦਿਲੀ ਦੀ ਕਦਰ ਨਹੀਂ ਕਰਦੇ। ਹੁਣ ਸੇਬ ਦੀ ਹੀ ਉਦਾਹਰਣ ਲਓ। ਦੁਨੀਆਂ ਦੇ ਬਹੁਤ ਸਾਰਿਆਂ ਦੇਸ਼ਾਂ ਵਿਚ ਆਮ ਕਰਕੇ ਸੇਬ ਪਾਏ ਜਾਂਦੇ ਹਨ। ਇਹ ਫਲ ਦੇਖਣ ਨੂੰ ਬਹੁਤ ਹੀ ਸੋਹਣਾ, ਖਾਣ ਨੂੰ ਸੁਆਦ ਅਤੇ ਰਸ ਨਾਲ ਭਰਿਆ ਹੁੰਦਾ ਹੈ ਤੇ ਇਹ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਭਰ ਵਿਚ ਤਕਰੀਬਨ 7,500 ਕਿਸਮ ਦੇ ਸੇਬ ਹਨ? ਕਈਆਂ ਦਾ ਰੰਗ ਲਾਲ, ਕਈਆਂ ਦਾ ਸੁਨਹਿਰਾ, ਕਈਆਂ ਦਾ ਪੀਲਾ ਅਤੇ ਕਈਆਂ ਦਾ ਹਰਾ ਹੁੰਦਾ ਹੈ। ਕਈ ਸੇਬ ਅੰਗੂਰਾਂ ਨਾਲੋਂ ਥੋੜ੍ਹੇ ਜਿਹੇ ਵੱਡੇ ਹੁੰਦੇ ਹਨ ਅਤੇ ਕਈ ਖ਼ਰਬੂਜੇ ਜਿੰਨੇ ਵੱਡੇ ਹੁੰਦੇ ਹਨ। ਜੇ ਤੁਸੀਂ ਸੇਬ ਦੇ ਛੋਟੇ ਜਿਹੇ ਬੀ ਨੂੰ ਆਪਣੇ ਹੱਥ ਵਿਚ ਫੜ੍ਹੋਂ, ਤਾਂ ਇਹ ਮਾਮੂਲੀ ਜਿਹਾ ਨਜ਼ਰ ਆਉਂਦਾ ਹੈ। ਪਰ ਇਸੇ ਬੀ ਤੋਂ ਬਹੁਤ ਹੀ ਸੋਹਣਾ ਦਰਖ਼ਤ ਉੱਗਦਾ ਹੈ। (ਸਰੇਸ਼ਟ ਗੀਤ 2:3) ਹਰ ਬਸੰਤ ਵਿਚ ਸੇਬ ਦੇ ਦਰਖ਼ਤ ਖਿੜੇ ਫੁੱਲਾਂ ਦੇ ਗੁੱਛਿਆਂ ਨਾਲ ਸਜ ਜਾਂਦੇ ਹਨ। ਹਰ ਪਤਝੜ ਵਿਚ ਇਸ ਨੂੰ ਫਲ ਲੱਗਦੇ ਹਨ। ਇਕ ਦਰਖ਼ਤ ਨੂੰ ਤਕਰੀਬਨ 75 ਸਾਲਾਂ ਤਕ ਆਮ ਕਰਕੇ ਹਰ ਸਾਲ ਇੰਨੇ ਸੇਬ ਲੱਗਦੇ ਹਨ ਕਿ ਉਨ੍ਹਾਂ ਨਾਲ 19-19 ਕਿਲੋ ਦੇ 20 ਬਕਸੇ ਭਰੇ ਜਾ ਸਕਦੇ ਹਨ!

ਇਸ ਛੋਟੇ ਜਿਹੇ ਬੀ ਤੋਂ ਅਜਿਹਾ ਦਰਖ਼ਤ ਉੱਗਦਾ ਹੈ ਜਿਸ ਦਾ ਫਲ ਲੋਕ ਕਈ-ਕਈ ਸਾਲ ਖਾ ਕੇ ਖ਼ੁਸ਼ ਹੋ ਸਕਦੇ ਹਨ

10, 11. ਸਾਡੀਆਂ ਗਿਆਨ-ਇੰਦਰੀਆਂ ਤੋਂ ਪਰਮੇਸ਼ੁਰ ਦੀ ਭਲਾਈ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ?

10 ਯਹੋਵਾਹ ਨੇ ਸਾਡਾ ਭਲਾ ਕਰ ਕੇ ਸਾਨੂੰ ਬਹੁਤ ਹੀ ਸ਼ਾਨਦਾਰ ਸਰੀਰ ਨਾਲ ਸ੍ਰਿਸ਼ਟ ਕੀਤਾ ਹੈ। ਅਸੀਂ ਆਪਣੀਆਂ ਗਿਆਨ-ਇੰਦਰੀਆਂ ਨਾਲ ਉਸ ਦੀਆਂ ਬਣਾਈਆਂ ਚੀਜ਼ਾਂ ਦਾ ਮਜ਼ਾ ਲੈ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 139:14) ਇਸ ਅਧਿਆਇ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਨਜ਼ਾਰਿਆਂ ਬਾਰੇ ਦੁਬਾਰਾ ਸੋਚੋ। ਅਜਿਹੇ ਮੌਕਿਆਂ ਤੇ ਕਿਹੜੀਆਂ ਚੀਜ਼ਾਂ ਦੇਖ ਕੇ ਸਾਡੇ ਦਿਲ ਖ਼ੁਸ਼ ਹੁੰਦੇ ਹਨ? ਖ਼ੁਸ਼ੀ ਦੇ ਮਾਰੇ ਉੱਛਲ ਰਹੇ ਬੱਚੇ ਦੀਆਂ ਲਾਲ ਗੱਲ੍ਹਾਂ। ਖੇਤਾਂ ਉੱਤੇ ਮੀਂਹ ਦਾ ਬਰਸ ਰਿਹਾ ਪਾਣੀ। ਸੂਰਜ ਡੁੱਬਣ ਵੇਲੇ ਰੰਗ-ਬਰੰਗੇ ਆਕਾਸ਼ ਵਿਚ ਲਾਲ, ਪੀਲਾ ਤੇ ਜਾਮਣੀ ਰੰਗ। ਇਨਸਾਨ ਦੀ ਅੱਖ 3 ਲੱਖ ਤੋਂ ਜ਼ਿਆਦਾ ਰੰਗ ਪਛਾਣ ਸਕਦੀ ਹੈ! ਕੰਨਾਂ ਨਾਲ ਅਸੀਂ ਹਰ ਤਰ੍ਹਾਂ ਦੀਆਂ ਪਿਆਰੀਆਂ-ਪਿਆਰੀਆਂ ਆਵਾਜ਼ਾਂ, ਦਰਖ਼ਤਾਂ ਵਿੱਚੋਂ ਲੰਘਦੀ ਹਵਾ ਦੀ ਸਰਸਰਾਹਟ ਅਤੇ ਨਿਆਣੇ ਦੀ ਹੱਸੀ ਸੁਣ ਸਕਦੇ ਹਾਂ। ਅਸੀਂ ਇਨ੍ਹਾਂ ਨਜ਼ਾਰਿਆਂ ਅਤੇ ਆਵਾਜ਼ਾਂ ਦਾ ਆਨੰਦ ਕਿਉਂ ਮਾਣ ਸਕਦੇ ਹਾਂ? ਬਾਈਬਲ ਜਵਾਬ ਦਿੰਦੀ ਹੈ: “ਕੰਨ ਜਿਹੜਾ ਸੁਣਦਾ ਤੇ ਅੱਖ ਜਿਹੜੀ ਵੇਖਦੀ ਹੈ, ਦੋਹਾਂ ਨੂੰ ਹੀ ਯਹੋਵਾਹ ਨੇ ਬਣਾਇਆ ਹੈ।” (ਕਹਾਉਤਾਂ 20:12) ਪਰ ਇਹ ਤਾਂ ਸਿਰਫ਼ ਦੋ ਹੀ ਗਿਆਨ-ਇੰਦਰੀਆਂ ਹਨ।

11 ਸਾਡੀ ਸੁਘੰਣ ਦੀ ਯੋਗਤਾ ਵੀ ਯਹੋਵਾਹ ਦੀ ਭਲਾਈ ਦਾ ਸਬੂਤ ਹੈ। ਇਨਸਾਨ ਦਾ ਨੱਕ ਤਕਰੀਬਨ 10,000 ਵੱਖਰੀਆਂ-ਵੱਖਰੀਆਂ ਖੁਸ਼ਬੂਆਂ ਤੇ ਬਦਬੂਆਂ ਨੂੰ ਪਛਾਣ ਸਕਦਾ ਹੈ। ਜ਼ਰਾ ਕੁਝ ਕਿਸਮਾਂ ਦੀਆਂ ਖੁਸ਼ਬੂਆਂ ਬਾਰੇ ਸੋਚੋ: ਰਸੋਈ ਵਿਚ ਪੱਕ ਰਹੇ ਗਰਮਾ-ਗਰਮ ਪਰੌਂਠੇ, ਬਾਗ਼ ਵਿਚ ਮਹਿਕ ਰਹੇ ਫੁੱਲ, ਮੀਂਹ ਪੈਣ ਤੋਂ ਬਾਅਦ ਮਿੱਟੀ ਦੀ ਗਿੱਲੀ-ਗਿੱਲੀ ਖੁਸ਼ਬੂ। ਆਪਣੀ ਛੋਹਣ ਦੀ ਯੋਗਤਾ ਕਰਕੇ ਅਸੀਂ ਆਪਣੇ ਚਿਹਰੇ ਤੇ ਠੰਢੀ-ਠੰਢੀ ਹਵਾ ਦਾ ਚੁੰਮਣ ਮਹਿਸੂਸ ਕਰ ਸਕਦੇ ਹਾਂ, ਕਿਸੇ ਨੂੰ ਆਪਣੇ ਗਲ਼ੇ ਲਗਾ ਸਕਦੇ ਹਾਂ ਅਤੇ ਸਾਨੂੰ ਹੱਥ ਵਿਚ ਕੋਈ ਮੁਲਾਇਮ ਤੇ ਨਰਮ ਫਲ ਫੜਨਾ ਬਹੁਤ ਚੰਗਾ ਲੱਗਦਾ ਹੈ। ਜਦੋਂ ਤੁਸੀਂ ਫਲ ਨੂੰ ਦੰਦੀ ਵੱਢਦੇ ਹੋ, ਤਾਂ ਤੁਹਾਡੀ ਸੁਆਦ ਲੈਣ ਦੀ ਯੋਗਤਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਤੁਹਾਡਾ ਮੂੰਹ ਵੱਖਰੇ-ਵੱਖਰੇ ਸੁਆਦਾਂ ਨੂੰ ਪਛਾਣ ਲੈਂਦਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਸੁਆਦ ਮਿਲ ਕੇ ਤੁਹਾਡੇ ਦਿਲ ਨੂੰ ਆਨੰਦ ਨਾਲ ਭਰ ਦਿੰਦੇ ਹਨ। ਇਸ ਲਈ ਸਾਨੂੰ ਇਸ ਤਰ੍ਹਾਂ ਯਹੋਵਾਹ ਦੇ ਗੁਣ ਗਾਉਣੇ ਚਾਹੀਦੇ ਹਨ: “ਕੇਡੀ ਵੱਡੀ ਹੈ ਤੇਰੀ ਭਲਿਆਈ! ਜਿਹੜੀ ਤੈਂ ਆਪਣੇ ਭੈ ਮੰਨਣ ਵਾਲਿਆਂ ਦੇ ਲਈ ਗੁਪਤ ਕਰ ਰੱਖੀ ਹੈ।” (ਜ਼ਬੂਰਾਂ ਦੀ ਪੋਥੀ 31:19) ਪਰ ਯਹੋਵਾਹ ਨੇ ਉਸ ਦਾ ਭੈ ਮੰਨਣ ਵਾਲਿਆਂ ਲਈ ਭਲਾਈ ਨੂੰ “ਗੁਪਤ” ਕਿਸ ਤਰ੍ਹਾਂ ਰੱਖਿਆ ਹੈ?

ਭਲਾਈ ਜਿਸ ਤੋਂ ਹਮੇਸ਼ਾ ਫ਼ਾਇਦਾ ਹੁੰਦਾ ਰਹੇਗਾ

12. ਯਹੋਵਾਹ ਦੇ ਸਭ ਤੋਂ ਜ਼ਰੂਰੀ ਪ੍ਰਬੰਧ ਕੀ ਹਨ ਅਤੇ ਉਹ ਜ਼ਰੂਰੀ ਕਿਉਂ ਹਨ?

12 ਯਿਸੂ ਨੇ ਕਿਹਾ ਸੀ: “ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਿਨੱਕਲਦਾ ਹੈ।” (ਮੱਤੀ 4:4) ਜੀ ਹਾਂ, ਜੋ ਪ੍ਰਬੰਧ ਯਹੋਵਾਹ ਨੇ ਸਾਡੇ ਸਰੀਰ ਵਾਸਤੇ ਕੀਤੇ ਹਨ, ਉਨ੍ਹਾਂ ਨਾਲੋਂ ਉਸ ਦੇ ਰੂਹਾਨੀ ਪ੍ਰਬੰਧਾਂ ਤੋਂ ਸਾਨੂੰ ਜ਼ਿਆਦਾ ਫ਼ਾਇਦਾ ਹੁੰਦਾ ਹੈ। ਰੂਹਾਨੀ ਪ੍ਰਬੰਧਾਂ ਦੇ ਜ਼ਰੀਏ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ। ਇਸ ਕਿਤਾਬ ਦੇ 8ਵੇਂ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਯਹੋਵਾਹ ਨੇ ਇਨ੍ਹਾਂ ਆਖ਼ਰੀ ਦਿਨਾਂ ਵਿਚ ਆਪਣੀ ਸ਼ਕਤੀ ਨਾਲ ਇਕ ਰੂਹਾਨੀ ਫਿਰਦੌਸ ਬਣਾਇਆ ਹੈ। ਇਸ ਫਿਰਦੌਸ ਦੀ ਇਕ ਖ਼ਾਸ ਵਿਸ਼ੇਸ਼ਤਾ ਰੂਹਾਨੀ ਭੋਜਨ ਹੈ।

13, 14. (ੳ) ਹਿਜ਼ਕੀਏਲ ਨਬੀ ਨੇ ਦਰਸ਼ਣ ਵਿਚ ਕੀ ਦੇਖਿਆ ਸੀ ਅਤੇ ਇਸ ਦਾ ਸਾਡੇ ਲਈ ਕੀ ਮਤਲਬ ਹੈ? (ਅ) ਯਹੋਵਾਹ ਨੇ ਆਪਣੇ ਵਫ਼ਾਦਾਰ ਲੋਕਾਂ ਲਈ ਕਿਹੜੇ ਪ੍ਰਬੰਧ ਕੀਤੇ ਹਨ ਜਿਨ੍ਹਾਂ ਦੇ ਜ਼ਰੀਏ ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਮਿਲੇਗੀ?

13 ਬਾਈਬਲ ਦੀ ਇਕ ਭਵਿੱਖਬਾਣੀ ਵਿਚ ਹਿਜ਼ਕੀਏਲ ਨਬੀ ਨੂੰ ਨਵੀਂ ਬਣੀ ਹੈਕਲ ਅਤੇ ਉਸ ਦੇ ਜਲਾਲ ਦਾ ਦਰਸ਼ਣ ਹੋਇਆ ਸੀ। ਉਸ ਹੈਕਲ ਤੋਂ ਪਾਣੀ ਵੱਗ ਰਿਹਾ ਸੀ ਜੋ ਅੱਗੇ ਜਾ ਕੇ ਡੂੰਘੀ ਤੇ ਚੌੜੀ ਨਦੀ ਬਣ ਗਿਆ ਸੀ। ਜਿੱਥੇ ਕਿਤੇ ਵੀ ਉਹ ਪਾਣੀ ਪਹੁੰਚਿਆ, ਉਸ ਜਗ੍ਹਾ ਨੂੰ ਫ਼ਾਇਦਾ ਹੋਇਆ ਸੀ। ਉਸ ਨਦੀ ਦੇ ਕੰਢਿਆਂ ਤੇ ਦਰਖ਼ਤ ਲੱਗੇ ਹੋਏ ਸਨ ਜਿਨ੍ਹਾਂ ਦੇ ਫਲ ਖਾਣ ਲਈ ਵਧੀਆ ਸਨ ਤੇ ਪੱਤੇ ਦਵਾਈ ਦੇ ਕੰਮ ਆਉਂਦੇ ਸਨ। ਉਸ ਨਦੀ ਨੇ ਮ੍ਰਿਤ ਸਾਗਰ ਦੇ ਬੇਜਾਨ ਪਾਣੀਆਂ ਵਿਚ ਵੀ ਜਾਨ ਪਾ ਦਿੱਤੀ ਸੀ! (ਹਿਜ਼ਕੀਏਲ 47:1-12) ਪਰ ਇਸ ਦਰਸ਼ਣ ਦਾ ਮਤਲਬ ਕੀ ਸੀ?

14 ਉਸ ਦਾ ਮਤਲਬ ਸੀ ਕਿ ਯਹੋਵਾਹ ਆਪਣੀ ਸ਼ੁੱਧ ਭਗਤੀ ਦਾ ਫਿਰ ਤੋਂ ਬੰਦੋਬਸਤ ਕਰੇਗਾ। ਉਸ ਵਗ ਰਹੇ ਪਾਣੀ ਵਾਂਗ ਯਹੋਵਾਹ ਦੇ ਜ਼ਿੰਦਗੀ ਬਖ਼ਸ਼ਣ ਵਾਲੇ ਪ੍ਰਬੰਧ ਉਸ ਦੇ ਲੋਕਾਂ ਤਕ ਦੂਰ-ਦੂਰ ਪਹੁੰਚਣਗੇ ਅਤੇ ਵਧਦੇ ਜਾਣਗੇ। ਸੰਨ 1919 ਵਿਚ ਯਹੋਵਾਹ ਦੀ ਸ਼ੁੱਧ ਭਗਤੀ ਸਥਾਪਿਤ ਕੀਤੀ ਗਈ ਸੀ। ਉਸ ਸਮੇਂ ਤੋਂ ਯਹੋਵਾਹ ਨੇ ਆਪਣੇ ਲੋਕਾਂ ਲਈ ਪ੍ਰਬੰਧ ਕੀਤੇ ਹਨ ਜਿਨ੍ਹਾਂ ਦੇ ਜ਼ਰੀਏ ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਮਿਲੇਗੀ। ਕਿਸ ਤਰ੍ਹਾਂ? ਬਾਈਬਲਾਂ, ਬਾਈਬਲ ਬਾਰੇ ਕਿਤਾਬਾਂ ਤੇ ਰਸਾਲੇ, ਮੀਟਿੰਗਾਂ ਅਤੇ ਸੰਮੇਲਨਾਂ ਦੇ ਜ਼ਰੀਏ ਲੱਖਾਂ ਲੋਕਾਂ ਨੇ ਸੱਚਾਈ ਜਾਣੀ ਹੈ। ਇਨ੍ਹਾਂ ਦੇ ਜ਼ਰੀਏ ਯਹੋਵਾਹ ਨੇ ਸਭ ਤੋਂ ਜ਼ਰੂਰੀ ਪ੍ਰਬੰਧ ਬਾਰੇ ਵੀ ਸਿਖਾਇਆ ਹੈ ਯਾਨੀ ਯਿਸੂ ਦਾ ਬਲੀਦਾਨ ਜੋ ਸਾਨੂੰ ਪਾਪ ਤੋਂ ਰਿਹਾ ਕਰਨ ਲਈ ਦਿੱਤਾ ਗਿਆ ਹੈ। ਇਸ ਪ੍ਰਬੰਧ ਦੇ ਜ਼ਰੀਏ ਲੋਕ ਯਹੋਵਾਹ ਸਾਮ੍ਹਣੇ ਸ਼ੁੱਧ ਜ਼ਮੀਰ ਨਾਲ ਖੜ੍ਹੇ ਹੋ ਸਕਦੇ ਹਨ ਅਤੇ ਜੋ ਉਸ ਨਾਲ ਪਿਆਰ ਕਰਦੇ ਹਨ ਤੇ ਉਸ ਦਾ ਭੈ ਮੰਨਦੇ ਹਨ, ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲਦੀ ਹੈ। * ਇਸ ਕਰਕੇ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਜਦ ਦੁਨੀਆਂ ਵਿਚ ਰੂਹਾਨੀ ਕਾਲ ਪਿਆ ਹੋਇਆ ਹੈ, ਯਹੋਵਾਹ ਦੇ ਲੋਕ ਰੂਹਾਨੀ ਭੋਜਨ ਦਾ ਆਨੰਦ ਮਾਣ ਰਹੇ ਹਨ।—ਯਸਾਯਾਹ 65:13.

15. ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਯਹੋਵਾਹ ਦੀ ਭਲਾਈ ਦੀ ਨਦੀ ਵਫ਼ਾਦਾਰ ਇਨਸਾਨਜਾਤ ਵੱਲ ਕਿਸ ਤਰ੍ਹਾਂ ਵੱਗੇਗੀ?

15 ਹਿਜ਼ਕੀਏਲ ਦੇ ਦਰਸ਼ਣ ਦੀ ਨਦੀ ਇਸ ਦੁਸ਼ਟ ਦੁਨੀਆਂ ਦੇ ਖ਼ਤਮ ਹੋਣ ਤੋਂ ਬਾਅਦ ਵੀ ਵੱਗਦੀ ਰਹੇਗੀ। ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਇਹ ਹੋਰ ਵੀ ਚੌੜੀ ਤੇ ਡੂੰਘੀ ਹੋ ਜਾਵੇਗੀ। ਫਿਰ ਯਹੋਵਾਹ ਆਪਣੇ ਰਾਜ ਦੇ ਜ਼ਰੀਏ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਵਫ਼ਾਦਾਰ ਇਨਸਾਨਜਾਤ ਨੂੰ ਸੰਪੂਰਣ ਬਣਾਏਗਾ। ਉਸ ਸਮੇਂ ਅਸੀਂ ਯਹੋਵਾਹ ਦੀ ਭਲਾਈ ਕਰਕੇ ਕਿੰਨੇ ਖ਼ੁਸ਼ ਹੋਵਾਂਗੇ!

ਯਹੋਵਾਹ ਦੀ ਭਲਾਈ ਦੇ ਹੋਰ ਪਹਿਲੂ

16. ਬਾਈਬਲ ਵਿਚ ਕਿਸ ਤਰ੍ਹਾਂ ਦਿਖਾਇਆ ਗਿਆ ਹੈ ਕਿ ਯਹੋਵਾਹ ਦੀ ਭਲਾਈ ਵਿਚ ਹੋਰ ਗੁਣ ਵੀ ਸ਼ਾਮਲ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਗੁਣ ਕੀ ਹਨ?

16 ਯਹੋਵਾਹ ਦੀ ਭਲਾਈ ਸਿਰਫ਼ ਉਸ ਦੀ ਖੁੱਲ੍ਹ-ਦਿਲੀ ਵਿਚ ਹੀ ਨਹੀਂ ਦੇਖੀ ਜਾਂਦੀ। ਪਰਮੇਸ਼ੁਰ ਨੇ ਮੂਸਾ ਨੂੰ ਕਿਹਾ ਸੀ: “ਮੈਂ ਆਪਣੀ ਸਾਰੀ ਭਲਿਆਈ ਤੇਰੇ ਅੱਗੋਂ ਦੀ ਲੰਘਾਵਾਂਗਾ ਅਰ ਤੇਰੇ ਅੱਗੇ ਯਹੋਵਾਹ ਦੇ ਨਾਉਂ ਦਾ ਪਰਚਾਰ ਕਰਾਂਗਾ।” ਬਾਅਦ ਵਿਚ ਦੱਸਿਆ ਗਿਆ ਹੈ ਕਿ “ਯਹੋਵਾਹ ਨੇ ਉਸ ਦੇ ਅੱਗੋਂ ਲੰਘ ਕੇ ਐਉਂ ਪਰਚਾਰ ਕੀਤਾ, ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ [“ਵਫ਼ਾਦਾਰੀ,” NW ] ਅਤੇ ਸਚਿਆਈ ਨਾਲ ਭਰਪੂਰ ਹੈ।” (ਕੂਚ 33:19; 34:6) ਸੋ ਯਹੋਵਾਹ ਦੀ ਭਲਾਈ ਵਿਚ ਹੋਰ ਵੀ ਕਈ ਸੋਹਣੇ ਗੁਣ ਸ਼ਾਮਲ ਹਨ। ਆਓ ਆਪਾਂ ਇਨ੍ਹਾਂ ਵਿੱਚੋਂ ਦੋ ਸਦਗੁਣਾਂ ਉੱਤੇ ਗੌਰ ਕਰੀਏ।

17. ਕਿਰਪਾਲੂ ਹੋਣ ਦਾ ਕੀ ਮਤਲਬ ਹੈ ਅਤੇ ਯਹੋਵਾਹ ਇਨਸਾਨਾਂ ਨਾਲ ਕਿਸ ਤਰ੍ਹਾਂ ਪੇਸ਼ ਆਇਆ ਹੈ?

17 ‘ਯਹੋਵਾਹ ਕਿਰਪਾਲੂ ਹੈ।’ ਇਸ ਗੁਣ ਤੋਂ ਅਸੀਂ ਯਹੋਵਾਹ ਦੇ ਆਪਣੇ ਲੋਕਾਂ ਨਾਲ ਪੇਸ਼ ਆਉਣ ਦੇ ਤਰੀਕੇ ਬਾਰੇ ਬਹੁਤ ਕੁਝ ਸਿੱਖਦੇ ਹਾਂ। ਸ਼ਕਤੀਸ਼ਾਲੀ ਇਨਸਾਨਾਂ ਵਾਂਗ ਯਹੋਵਾਹ ਨਿਰਦਈ ਤੇ ਰੁੱਖੇ ਤਰੀਕੇ ਨਾਲ ਪੇਸ਼ ਨਹੀਂ ਆਉਂਦਾ। ਇਸ ਦੀ ਬਜਾਇ ਉਹ ਪਿਆਰ ਤੇ ਨਰਮਾਈ ਨਾਲ ਪੇਸ਼ ਆਉਂਦਾ ਹੈ। ਉਦਾਹਰਣ ਲਈ ਯਹੋਵਾਹ ਨੇ ਅਬਰਾਮ ਨੂੰ ਕਿਹਾ: “ਆਪਣੀਆਂ ਅੱਖੀਆਂ ਹੁਣ ਚੁੱਕਕੇ ਇਸ ਥਾਂ ਤੋਂ ਜਿੱਥੇ ਤੂੰ ਹੁਣ ਹੈਂ ਉੱਤਰ ਅਰ ਦੱਖਣ, ਪੂਰਬ ਅਰ ਪੱਛਮ ਵੱਲ ਵੇਖ।” (ਉਤਪਤ 13:14) ਬਾਈਬਲ ਦੇ ਕਈ ਵਿਦਵਾਨ ਕਹਿੰਦੇ ਹਨ ਕਿ ਪ੍ਰਾਚੀਨ ਇਬਰਾਨੀ ਵਿਚ ਇਹ ਆਇਤ ਹੁਕਮ ਦੀ ਬਜਾਇ ਇਕ ਬੇਨਤੀ ਸੀ। ਬਾਈਬਲ ਵਿਚ ਇਸ ਤਰ੍ਹਾਂ ਦੀਆਂ ਹੋਰ ਉਦਾਹਰਣਾਂ ਵੀ ਹਨ। (ਉਤਪਤ 31:12; ਹਿਜ਼ਕੀਏਲ 8:5) ਜ਼ਰਾ ਸੋਚੋ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਇਕ ਮਾਮੂਲੀ ਇਨਸਾਨ ਨਾਲ ‘ਜੀ’ ਕਹਿ ਕੇ ਗੱਲ ਕਰਦਾ ਹੈ! ਇਸ ਦੁਨੀਆਂ ਵਿਚ ਜਿੱਥੇ ਕਠੋਰਤਾ ਤੇ ਬਦਤਮੀਜ਼ੀ ਇੰਨੀ ਆਮ ਹੈ, ਸਾਡੇ ਕਿਰਪਾਲੂ ਪਰਮੇਸ਼ੁਰ ਯਹੋਵਾਹ ਬਾਰੇ ਸੋਚਣਾ ਕਿੰਨਾ ਚੰਗਾ ਹੈ!

18. ਯਹੋਵਾਹ ਕਿਸ ਭਾਵ ਵਿਚ “ਸਚਿਆਈ ਨਾਲ ਭਰਪੂਰ” ਹੈ ਅਤੇ ਇਨ੍ਹਾਂ ਸ਼ਬਦਾਂ ਤੋਂ ਸਾਨੂੰ ਹੌਸਲਾ ਕਿਉਂ ਮਿਲਦਾ ਹੈ?

18 ‘ਯਹੋਵਾਹ ਸਚਿਆਈ ਨਾਲ ਭਰਪੂਰ ਹੈ।’ ਅੱਜ-ਕੱਲ੍ਹ ਦੁਨੀਆਂ ਵਿਚ ਬੇਈਮਾਨੀ ਆਮ ਹੈ। ਪਰ ਬਾਈਬਲ ਵਿਚ ਸਾਨੂੰ ਯਾਦ ਦਿਲਾਇਆ ਜਾਂਦਾ ਹੈ: “ਪਰਮੇਸ਼ੁਰ ਇਨਸਾਨ ਨਹੀਂ ਕਿ ਉਹ ਝੂਠ ਬੋਲੇ।” (ਗਿਣਤੀ 23:19) ਦਰਅਸਲ ਤੀਤੁਸ 1:2 ਵਿਚ ਲਿਖਿਆ ਹੈ ਕਿ ‘ਪਰਮੇਸ਼ੁਰ ਝੂਠ ਬੋਲ ਨਹੀਂ ਸੱਕਦਾ।’ ਉਹ ਇਸ ਲਈ ਝੂਠ ਨਹੀਂ ਬੋਲ ਸਕਦਾ ਕਿਉਂਕਿ ਉਹ ਭਲਾ ਹੈ। ਇਸ ਕਰਕੇ ਯਹੋਵਾਹ ਦੇ ਵਾਅਦਿਆਂ ਤੇ ਪੂਰਾ ਭਰੋਸਾ ਰੱਖਿਆ ਜਾ ਸਕਦਾ ਹੈ। ਉਸ ਦੀ ਕਹੀ ਗੱਲ ਹਮੇਸ਼ਾ ਪੂਰੀ ਹੁੰਦੀ ਹੈ। ਯਹੋਵਾਹ ਨੂੰ ਤਾਂ ‘ਸਚਿਆਈ ਦਾ ਪਰਮੇਸ਼ੁਰ’ ਵੀ ਸੱਦਿਆ ਗਿਆ ਹੈ। (ਜ਼ਬੂਰਾਂ ਦੀ ਪੋਥੀ 31:5) ਉਹ ਝੂਠ ਨਾ ਬੋਲਣ ਦੇ ਨਾਲ-ਨਾਲ ਸੱਚਾਈ ਦਾ ਪ੍ਰਚਾਰ ਵੀ ਕਰਦਾ ਹੈ। ਉਹ ਸਭ ਕੁਝ ਗੁਪਤ ਰੱਖਣ ਦੀ ਬਜਾਇ ਖੁੱਲ੍ਹ-ਦਿਲੀ ਨਾਲ ਆਪਣੇ ਵਫ਼ਾਦਾਰ ਸੇਵਕਾਂ ਨੂੰ ਆਪਣੀ ਡੂੰਘੀ ਬੁੱਧ ਦੇ ਭੰਡਾਰ ਵਿੱਚੋਂ ਆਪਣੇ ਭੇਤ ਦੱਸਦਾ ਹੈ। * ਉਹ ਸੱਚਾਈ ਅਨੁਸਾਰ ਜੀਉਣਾ ਵੀ ਸਿਖਾਉਂਦਾ ਹੈ ਤਾਂਕਿ ਲੋਕ ‘ਸਚਿਆਈ ਉੱਤੇ ਚੱਲਦੇ ਰਹਿਣ।’ (3 ਯੂਹੰਨਾ 3) ਤਾਂ ਫਿਰ ਯਹੋਵਾਹ ਦੀ ਭਲਾਈ ਦਾ ਸਾਡੇ ਉੱਤੇ ਿਨੱਜੀ ਤੌਰ ਤੇ ਕੀ ਪ੍ਰਭਾਵ ਪੈਣਾ ਚਾਹੀਦਾ ਹੈ?

‘ਯਹੋਵਾਹ ਦੀ ਭਲਿਆਈ ਦੇ ਕਾਰਨ ਚਮਕੋ’

19, 20. (ੳ) ਸ਼ਤਾਨ ਨੇ ਹੱਵਾਹ ਦੇ ਮਨ ਵਿਚ ਯਹੋਵਾਹ ਦੀ ਭਲਾਈ ਬਾਰੇ ਸ਼ੱਕ ਕਿਸ ਤਰ੍ਹਾਂ ਪੈਦਾ ਕੀਤਾ ਸੀ ਅਤੇ ਇਸ ਦੇ ਕੀ ਨਤੀਜੇ ਨਿਕਲੇ ਹਨ? (ਅ) ਯਹੋਵਾਹ ਦੀ ਭਲਾਈ ਦਾ ਸਾਡੇ ਉੱਤੇ ਕੀ ਪ੍ਰਭਾਵ ਪੈਣਾ ਚਾਹੀਦਾ ਹੈ ਅਤੇ ਕਿਉਂ?

19 ਸ਼ਤਾਨ ਨੇ ਅਦਨ ਦੇ ਬਾਗ਼ ਵਿਚ ਹੱਵਾਹ ਨੂੰ ਭਰਮਾ ਕੇ ਉਸ ਦੇ ਮਨ ਵਿਚ ਹੌਲੀ-ਹੌਲੀ ਯਹੋਵਾਹ ਦੀ ਭਲਾਈ ਬਾਰੇ ਸ਼ੱਕ ਪੈਦਾ ਕੀਤਾ ਸੀ। ਇਸ ਤੋਂ ਕੁਝ ਸਮੇਂ ਪਹਿਲਾਂ ਯਹੋਵਾਹ ਨੇ ਆਦਮ ਨੂੰ ਕਿਹਾ ਸੀ: “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ।” ਉਸ ਬਾਗ਼ ਵਿਚ ਕਈ ਹਜ਼ਾਰ ਦਰਖ਼ਤ ਸਨ, ਪਰ ਯਹੋਵਾਹ ਨੇ ਉਨ੍ਹਾਂ ਨੂੰ ਸਿਰਫ਼ ਇਕ ਦਰਖ਼ਤ ਦਾ ਫਲ ਖਾਣ ਤੋਂ ਮਨ੍ਹਾ ਕੀਤਾ ਸੀ। ਪਰ ਨੋਟ ਕਰੋ ਕਿ ਸ਼ਤਾਨ ਨੇ ਹੱਵਾਹ ਨੂੰ ਕਿਸ ਤਰ੍ਹਾਂ ਸਵਾਲ ਪੁੱਛਿਆ ਸੀ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” (ਉਤਪਤ 2:9, 16; 3:1) ਸ਼ਤਾਨ ਨੇ ਯਹੋਵਾਹ ਦੀ ਗੱਲ ਨੂੰ ਇਸ ਤਰ੍ਹਾਂ ਘੁੰਮਾ-ਫਿਰਾ ਕੇ ਕਿਹਾ ਕਿ ਹੱਵਾਹ ਸੋਚਣ ਲੱਗ ਪਈ ਕਿ ਯਹੋਵਾਹ ਨੇ ਸੱਚ-ਮੁੱਚ ਉਸ ਤੋਂ ਕੋਈ ਭਲੀ ਚੀਜ਼ ਲੁਕੋ ਕੇ ਰੱਖੀ ਸੀ। ਅਫ਼ਸੋਸ ਦੀ ਗੱਲ ਹੈ ਕਿ ਸ਼ਤਾਨ ਆਪਣੀ ਚਾਲ ਵਿਚ ਕਾਮਯਾਬ ਹੋ ਗਿਆ ਸੀ। ਹੱਵਾਹ ਨੇ ਉਸ ਪਰਮੇਸ਼ੁਰ ਦੀ ਭਲਾਈ ਉੱਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੇ ਉਸ ਨੂੰ ਸਭ ਕੁਝ ਦਿੱਤਾ ਸੀ। ਉਸ ਤੋਂ ਬਾਅਦ ਹੋਰ ਕਈਆਂ ਆਦਮੀਆਂ ਤੇ ਤੀਵੀਆਂ ਨੇ ਹੱਵਾਹ ਦੀ ਨਕਲ ਕੀਤੀ ਹੈ।

20 ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਸ਼ੱਕ ਕਰਨ ਕਰਕੇ ਦੁਨੀਆਂ ਤੇ ਕਿੰਨੀ ਦੁੱਖ-ਤਕਲੀਫ਼ ਆਈ ਹੈ। ਯਿਰਮਿਯਾਹ 31:12 ਵਿਚ ਅਸੀਂ ਪੜ੍ਹਦੇ ਹਾਂ: ‘ਓਹ ਯਹੋਵਾਹ ਦੀ ਭਲਿਆਈ ਦੇ ਕਾਰਨ ਚਮਕਣਗੇ।’ ਤਾਂ ਫਿਰ ਆਓ ਆਪਾਂ ਯਹੋਵਾਹ ਦੀ ਭਲਾਈ ਦੇ ਕਾਰਨ ਖ਼ੁਸ਼ੀ ਦੇ ਗੀਤ ਗਾਈਏ। ਸਾਨੂੰ ਯਹੋਵਾਹ ਦੇ ਮਕਸਦ ਉੱਤੇ ਕਦੇ ਵੀ ਸ਼ੱਕ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਭਲਾਈ ਨਾਲ ਭਰਪੂਰ ਹੈ। ਅਸੀਂ ਉਸ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿਉਂਕਿ ਉਹ ਆਪਣੇ ਲੋਕਾਂ ਦੀ ਭਲਾਈ ਤੋਂ ਸਿਵਾਇ ਹੋਰ ਕੁਝ ਨਹੀਂ ਚਾਹੁੰਦਾ।

21, 22. (ੳ) ਯਹੋਵਾਹ ਦੀ ਭਲਾਈ ਨੂੰ ਜਾਣ ਕੇ ਤੁਸੀਂ ਕੀ ਕਰਨਾ ਚਾਹੁੰਦੇ ਹੋ? (ਅ) ਅਗਲੇ ਅਧਿਆਇ ਵਿਚ ਅਸੀਂ ਕਿਹੜੇ ਗੁਣ ਬਾਰੇ ਗੱਲ ਕਰਾਂਗੇ ਅਤੇ ਇਹ ਗੁਣ ਭਲਾਈ ਨਾਲੋਂ ਵੱਖਰਾ ਕਿਸ ਤਰ੍ਹਾਂ ਹੈ?

21 ਜਦੋਂ ਸਾਨੂੰ ਦੂਸਰਿਆਂ ਨੂੰ ਯਹੋਵਾਹ ਦੀ ਭਲਾਈ ਬਾਰੇ ਦੱਸਣ ਦਾ ਮੌਕਾ ਮਿਲਦਾ ਹੈ, ਤਾਂ ਅਸੀਂ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ। ਜ਼ਬੂਰਾਂ ਦੀ ਪੋਥੀ 145:7 ਵਿਚ ਯਹੋਵਾਹ ਦੇ ਲੋਕਾਂ ਬਾਰੇ ਲਿਖਿਆ ਹੈ: “ਓਹ ਤੇਰੀ ਬਹੁਤੀ ਭਲਿਆਈ ਨੂੰ ਚੇਤੇ ਕਰ ਕੇ ਉੱਬਲ ਉੱਠਣਗੇ।” ਹਰ ਦਿਨ ਸਾਨੂੰ ਯਹੋਵਾਹ ਦੀ ਭਲਾਈ ਤੋਂ ਫ਼ਾਇਦਾ ਹੁੰਦਾ ਹੈ। ਇਸ ਲਈ ਆਓ ਆਪਾਂ ਹਰ ਰੋਜ਼ ਯਹੋਵਾਹ ਦਾ ਧੰਨਵਾਦ ਕਰੀਏ ਕਿ ਉਸ ਨੇ ਸਾਡੇ ਨਾਲ ਇੰਨੀ ਭਲਾਈ ਕੀਤੀ ਹੈ। ਆਓ ਆਪਾਂ ਯਹੋਵਾਹ ਦੀ ਹਰ ਭਲਾਈ ਦਾ ਨਾਂ ਲੈ ਕੇ ਉਸ ਦਾ ਸ਼ੁਕਰ ਕਰੀਏ। ਯਹੋਵਾਹ ਦੀ ਭਲਾਈ ਬਾਰੇ ਸੋਚ ਕੇ, ਉਸ ਦੀ ਭਲਾਈ ਲਈ ਰੋਜ਼ ਉਸ ਦਾ ਧੰਨਵਾਦ ਕਰ ਕੇ ਅਤੇ ਦੂਸਰਿਆਂ ਨੂੰ ਉਸ ਬਾਰੇ ਦੱਸ ਕੇ ਅਸੀਂ ਆਪਣੇ ਭਲੇ ਪਰਮੇਸ਼ੁਰ ਦੀ ਨਕਲ ਕਰ ਸਕਦੇ ਹਾਂ। ਜਿਉਂ-ਜਿਉਂ ਅਸੀਂ ਯਹੋਵਾਹ ਵਾਂਗ ਭਲਾਈ ਕਰਾਂਗੇ, ਅਸੀਂ ਆਪਣੇ ਆਪ ਨੂੰ ਉਸ ਦੇ ਹੋਰ ਨੇੜੇ ਮਹਿਸੂਸ ਕਰਾਂਗੇ। ਯੂਹੰਨਾ ਰਸੂਲ ਨੇ ਆਪਣੇ ਬੁਢੇਪੇ ਵਿਚ ਲਿਖਿਆ ਸੀ: “ਪਿਆਰਿਆ, ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ ਕਰ। ਜਿਹੜਾ ਭਲਾ ਕਰਦਾ ਹੈ ਉਹ ਪਰਮੇਸ਼ੁਰ ਤੋਂ ਹੈ।”—3 ਯੂਹੰਨਾ 11.

22 ਯਹੋਵਾਹ ਦੀ ਭਲਾਈ ਉਸ ਦੇ ਹੋਰ ਗੁਣਾਂ ਨਾਲ ਵੀ ਤਅੱਲਕ ਰੱਖਦੀ ਹੈ। ਉਦਾਹਰਣ ਲਈ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ “ਵਫ਼ਾਦਾਰੀ ਨਾਲ ਭਰਪੂਰ ਹੈ।” (ਕੂਚ 34:6, NW ) ਇਹ ਗੁਣ ਭਲਾਈ ਨਾਲੋਂ ਕਾਫ਼ੀ ਵੱਖਰਾ ਹੈ ਕਿਉਂਕਿ ਯਹੋਵਾਹ ਖ਼ਾਸ ਕਰਕੇ ਆਪਣੇ ਵਫ਼ਾਦਾਰ ਸੇਵਕਾਂ ਨਾਲ ਹੀ ਵਫ਼ਾਦਾਰੀ ਕਰਦਾ ਹੈ। ਇਸ ਕਿਤਾਬ ਦੇ ਅਗਲੇ ਅਧਿਆਇ ਵਿਚ ਅਸੀਂ ਦੇਖਾਂਗੇ ਕਿ ਉਹ ਵਫ਼ਾਦਾਰ ਕਿਸ ਤਰ੍ਹਾਂ ਹੈ।

^ ਪੈਰਾ 14 ਯਹੋਵਾਹ ਦੀ ਭਲਾਈ ਦਾ ਸਭ ਤੋਂ ਵੱਡਾ ਸਬੂਤ ਯਿਸੂ ਦੇ ਬਲੀਦਾਨ ਤੋਂ ਮਿਲਦਾ ਹੈ। ਕਰੋੜਾਂ ਦੂਤਾਂ ਵਿੱਚੋਂ ਯਹੋਵਾਹ ਨੇ ਆਪਣੇ ਪਿਆਰੇ ਤੇ ਇਕਲੌਤੇ ਪੁੱਤਰ ਨੂੰ ਸਾਡੇ ਵਾਸਤੇ ਮਰਨ ਲਈ ਚੁਣਿਆ ਸੀ।

^ ਪੈਰਾ 18 ਬਾਈਬਲ ਵਿਚ ਸੱਚਾਈ ਅਤੇ ਚਾਨਣ ਦੀ ਇਕੱਠੇ ਹੀ ਗੱਲ ਕੀਤੀ ਗਈ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਆਪਣੇ ਚਾਨਣ ਅਰ ਆਪਣੀ ਸੱਚਿਆਈ ਨੂੰ ਘੱਲ।” (ਜ਼ਬੂਰਾਂ ਦੀ ਪੋਥੀ 43:3) ਜੋ ਲੋਕ ਯਹੋਵਾਹ ਤੋਂ ਸਿੱਖਿਆ ਪ੍ਰਾਪਤ ਕਰਨੀ ਚਾਹੁੰਦੇ ਹਨ, ਉਹ ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਆਪਣਾ ਰੂਹਾਨੀ ਚਾਨਣ ਦਿੰਦਾ ਹੈ।—2 ਕੁਰਿੰਥੀਆਂ 4:6; 1 ਯੂਹੰਨਾ 1:5.