Skip to content

Skip to table of contents

ਅਠਾਈਵਾਂ ਅਧਿਆਇ

‘ਤੂੰ ਹੀ ਇਕੱਲਾ ਵਫ਼ਾਦਾਰ ਹੈਂ’

‘ਤੂੰ ਹੀ ਇਕੱਲਾ ਵਫ਼ਾਦਾਰ ਹੈਂ’

1, 2. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਰਾਜਾ ਦਾਊਦ ਬੇਵਫ਼ਾਈ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ?

ਦਾਊਦ ਬਾਦਸ਼ਾਹ ਬੇਵਫ਼ਾਈ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਉਸ ਦੇ ਰਾਜ ਦੌਰਾਨ ਇਕ ਸਮਾਂ ਸੀ ਜਦੋਂ ਉਸ ਦੀ ਆਪਣੀ ਕੌਮ ਦੇ ਬੰਦੇ ਉਸ ਦੇ ਖ਼ਿਲਾਫ਼ ਸਾਜ਼ਸ਼ ਘੜ ਰਹੇ ਸਨ। ਇਸ ਤੋਂ ਇਲਾਵਾ ਦਾਊਦ ਦੇ ਜਿਗਰੀ ਦੋਸਤ ਵੀ ਨਮਕ ਹਰਾਮ ਨਿਕਲੇ। ਉਸ ਦੀ ਪਹਿਲੀ ਪਤਨੀ ਮੀਕਲ ਦੀ ਉਦਾਹਰਣ ਉੱਤੇ ਗੌਰ ਕਰੋ। ਪਹਿਲਾਂ-ਪਹਿਲਾਂ ਤਾਂ “ਮੀਕਲ ਨੇ ਦਾਊਦ ਨਾਲ ਪ੍ਰੀਤ ਲਾਈ” ਅਤੇ ਉਸ ਨੇ ਦਾਊਦ ਦੀ ਮਦਦ ਵੀ ਕੀਤੀ ਹੋਣੀ ਜਦ ਉਹ ਰਾਜਾ ਹੋਣ ਦੇ ਨਾਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦਾ ਸੀ। ਪਰ ਬਾਅਦ ਵਿਚ ‘ਉਸ ਨੇ ਰਾਜੇ ਨੂੰ ਤੁਛ ਜਾਣਿਆ’ ਅਤੇ ਉਸ ਨੂੰ ‘ਮੂਰਖ’ ਸੱਦਿਆ।​—1 ਸਮੂਏਲ 18:20; 2 ਸਮੂਏਲ 6:16, 20, ਪਵਿੱਤਰ ਬਾਈਬਲ ਨਵਾਂ ਅਨੁਵਾਦ।

2 ਦੂਸਰੀ ਉਦਾਹਰਣ ਦਾਊਦ ਦੇ ਮੰਤਰੀ ਅਹੀਥੋਫ਼ਲ ਦੀ ਹੈ। ਉਸ ਦੀ ਸਲਾਹ ਇੰਨੀ ਚੰਗੀ ਸਮਝੀ ਜਾਂਦੀ ਸੀ ਕੇ ਉਸ ਨੂੰ ਯਹੋਵਾਹ ਦੀ ਹੀ ਸਲਾਹ ਮੰਨਿਆ ਜਾਂਦਾ ਸੀ। (2 ਸਮੂਏਲ 16:23) ਪਰ ਸਮੇਂ ਦੇ ਬੀਤਣ ਨਾਲ ਦਾਊਦ ਦਾ ਇਹ ਦੋਸਤ ਬੇਈਮਾਨ ਨਿਕਲਿਆ ਅਤੇ ਦਾਊਦ ਦੇ ਖ਼ਿਲਾਫ਼ ਹੋ ਰਹੀ ਬਗਾਵਤ ਵਿਚ ਜਾ ਮਿਲਿਆ। ਪਰ ਸਾਜ਼ਸ਼ ਘੜਨ ਵਾਲਾ ਕੌਣ ਸੀ? ਹਾਂ, ਦਾਊਦ ਦਾ ਆਪਣਾ ਪੁੱਤਰ ਅਬਸ਼ਾਲੋਮ! ਉਸ ਚਾਲਬਾਜ਼ ਨੇ “ਇਸਰਾਏਲ ਦੇ ਮਨੁੱਖਾਂ ਦੇ ਮਨ ਮੋਹ ਲਏ” ਅਤੇ ਉਸ ਨੇ ਆਪਣੇ ਆਪ ਨੂੰ ਆਪਣੇ ਪਿਤਾ ਦੇ ਜੀਉਂਦੇ-ਜੀ ਰਾਜਾ ਬਣਾ ਲਿਆ। ਅਬਸ਼ਾਲੋਮ ਦੀ ਬਗਾਵਤ ਇੰਨੀ ਵੱਧ ਗਈ ਸੀ ਕਿ ਰਾਜਾ ਦਾਊਦ ਨੂੰ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਣਾ ਪਿਆ ਸੀ।​—2 ਸਮੂਏਲ 15:1-6, 12-17.

3. ਦਾਊਦ ਨੂੰ ਕਿਸ ਗੱਲ ਦਾ ਯਕੀਨ ਸੀ?

3 ਕੀ ਦਾਊਦ ਪ੍ਰਤੀ ਕੋਈ ਵੀ ਨਹੀਂ ਵਫ਼ਾਦਾਰ ਰਿਹਾ ਸੀ? ਆਪਣੀਆਂ ਸਾਰੀਆਂ ਮੁਸੀਬਤਾਂ ਦੌਰਾਨ ਦਾਊਦ ਜਾਣਦਾ ਸੀ ਕਿ ਉਸ ਦਾ ਸਾਥ ਦੇਣ ਵਾਲਾ ਕੋਈ ਤਾਂ ਸੀ। ਪਰ ਕੌਣ? ਖ਼ੁਦ ਯਹੋਵਾਹ ਪਰਮੇਸ਼ੁਰ। ਦਾਊਦ ਨੇ ਯਹੋਵਾਹ ਨੂੰ ਕਿਹਾ: “ਦਯਾਵਾਨ [“ਵਫ਼ਾਦਾਰ,” NW ] ਲਈ ਤੂੰ ਆਪਣੇ ਆਪ ਨੂੰ ਦਯਾਵਾਨ [“ਵਫ਼ਾਦਾਰ,” NW ] ਵਿਖਾਵੇਂਗਾ।” (2 ਸਮੂਏਲ 22:26) ਵਫ਼ਾਦਾਰੀ ਕੀ ਹੈ ਅਤੇ ਯਹੋਵਾਹ ਇਸ ਦੀ ਉੱਤਮ ਮਿਸਾਲ ਕਿਸ ਤਰ੍ਹਾਂ ਹੈ?

ਵਫ਼ਾਦਾਰੀ ਕੀ ਹੈ?

4, 5. (ੳ) ਵਫ਼ਾਦਾਰੀ ਕੀ ਹੈ? (ਅ) ਬੇਜਾਨ ਚੀਜ਼ਾਂ ਤੋਂ ਉਲਟ ਇਨਸਾਨ ਕੀ ਕਰ ਸਕਦੇ ਹਨ?

4 ਬਾਈਬਲ ਦੇ ਇਬਰਾਨੀ ਹਿੱਸੇ ਵਿਚ ਵਫ਼ਾਦਾਰ ਰਹਿਣ ਦਾ ਮਤਲਬ ਹੈ ਕਿ ਕੋਈ ਆਪਣੇ ਸਾਥੀ ਦਾ ਉਸ ਸਮੇਂ ਤਕ ਸਾਥ ਦਿੰਦਾ ਰਹੇ ਜਦ ਤਕ ਉਸ ਦੇ ਸਾਥੀ ਦੀ ਜ਼ਰੂਰਤ ਪੂਰੀ ਨਹੀਂ ਹੋ ਜਾਂਦੀ। ਵਫ਼ਾਦਾਰ ਇਨਸਾਨ ਪਿਆਰ ਕਰਨ ਵਾਲਾ ਇਨਸਾਨ ਹੁੰਦਾ ਹੈ। ਸਿਰਫ਼ ਇਨਸਾਨ ਹੀ ਪਿਆਰ ਅਤੇ ਵਫ਼ਾਦਾਰੀ ਕਰ ਸਕਦੇ ਹਨ। ਬੇਜਾਨ ਚੀਜ਼ਾਂ ਵਫ਼ਾਦਾਰੀ ਨਹੀਂ ਕਰ ਸਕਦੀਆਂ। ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ ਚੰਦ ਬਾਰੇ ਕਿਹਾ ਗਿਆ ਹੈ ਕਿ ਉਹ ‘ਗਗਣ ਵਿਚ ਸੱਚੀ ਸਾਖੀ’ ਦੇ ਨਾਤੇ ਹੈ ਯਾਨੀ ਉਹ ਹਰ ਰੋਜ਼ ਰਾਤ ਨੂੰ ਨਿਕਲਦਾ ਹੈ ਅਤੇ ਅਸੀਂ ਇਸ ਗੱਲ ਤੇ ਯਕੀਨ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 89:37) ਲੇਕਿਨ, ਚੰਦ ਨੂੰ ਇਨਸਾਨ ਵਾਂਗ ਕਦੇ ਵੀ ਵਫ਼ਾਦਾਰ ਨਹੀਂ ਸੱਦਿਆ ਜਾ ਸਕਦਾ ਕਿਉਂਕਿ ਇਨਸਾਨ ਪਿਆਰ ਦੇ ਕਾਰਨ ਵਫ਼ਾਦਾਰ ਹੁੰਦੇ ਹਨ ਅਤੇ ਬੇਜਾਨ ਚੀਜ਼ਾਂ ਪਿਆਰ ਨਹੀਂ ਕਰ ਸਕਦੀਆਂ।

ਚੰਦ ਨੂੰ ਇਨਸਾਨ ਵਾਂਗ ਕਦੇ ਵੀ ਵਫ਼ਾਦਾਰ ਨਹੀਂ ਸੱਦਿਆ ਜਾ ਸਕਦਾ ਕਿਉਂਕਿ ਇਨਸਾਨ ਪਿਆਰ ਦੇ ਕਾਰਨ ਵਫ਼ਾਦਾਰ ਹੁੰਦੇ ਹਨ ਅਤੇ ਬੇਜਾਨ ਚੀਜ਼ਾਂ ਪਿਆਰ ਨਹੀਂ ਕਰ ਸਕਦੀਆਂ

5 ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਲੋਕ ਇਕ-ਦੂਜੇ ਪ੍ਰਤੀ ਵਫ਼ਾਦਾਰ ਹੁੰਦੇ ਹਨ ਉਨ੍ਹਾਂ ਵਿਚ ਦਿਲਾਂ ਦੀ ਸਾਂਝ ਹੁੰਦੀ ਹੈ। ਵਫ਼ਾਦਾਰ ਇਨਸਾਨ ਕਦੇ ਡੋਲਦਾ ਨਹੀਂ ਤੇ ਨਾ ਹੀ ਉਹ ਸਮੁੰਦਰ ਦੀਆਂ ਲਹਿਰਾਂ ਵਾਂਗ ਬਦਲਦਾ ਰਹਿੰਦਾ ਹੈ। ਇਸ ਤੋਂ ਉਲਟ ਵਫ਼ਾਦਾਰ ਇਨਸਾਨ ਰਾਹ ਵਿੱਚੋਂ ਹਰ ਰੁਕਾਵਟ ਨੂੰ ਦੂਰ ਕਰ ਦਿੰਦਾ ਹੈ ਅਤੇ ਮੁਸ਼ਕਲਾਂ ਦੇ ਬਾਵਜੂਦ ਵਫ਼ਾਦਾਰ ਰਹਿੰਦਾ ਹੈ।

6. (ੳ) ਕੀ ਅੱਜ-ਕੱਲ੍ਹ ਵਫ਼ਾਦਾਰੀ ਆਮ ਹੈ ਅਤੇ ਇਸ ਬਾਰੇ ਬਾਈਬਲ ਵਿਚ ਕੀ ਲਿਖਿਆ ਹੈ? (ਅ) ਵਫ਼ਾਦਾਰੀ ਦਾ ਅਸਲੀ ਮਤਲਬ ਸਿੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?

6 ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਅੱਜ-ਕੱਲ੍ਹ ਇਸ ਤਰ੍ਹਾਂ ਵਫ਼ਾਦਾਰ ਨਹੀਂ ਰਹਿੰਦੇ। ਦੇਖਿਆ ਜਾਂਦਾ ਹੈ ਕਿ ਅਕਸਰ “ਬਹੁਤ ਸਾਰੇ ਮਿੱਤ੍ਰ ਨੁਕਸਾਨ ਦੇ ਕਾਰਨ ਹਨ।” ਅੱਜ-ਕੱਲ੍ਹ ਅਸੀਂ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸੁਣਦੇ ਹਾਂ ਕਿ ਤੀਵੀਂ-ਆਦਮੀ ਇਕ-ਦੂਜੇ ਨੂੰ ਛੱਡ ਰਹੇ ਹਨ। (ਕਹਾਉਤਾਂ 18:24; ਮਲਾਕੀ 2:14-16) ਇੰਨੇ ਲੋਕ ਇਕ-ਦੂਜੇ ਨੂੰ ਧੋਖਾ ਦੇ ਰਹੇ ਹਨ ਕਿ ਅਸੀਂ ਵੀ ਸ਼ਾਇਦ ਮੀਕਾਹ ਨਬੀ ਵਾਂਗ ਕਹਿਣ ਲੱਗੀਏ: “ਭਗਤ [“ਵਫ਼ਾਦਾਰ ਇਨਸਾਨ,” NW ] ਧਰਤੀ ਤੋਂ ਨਾਸ ਹੋ ਗਿਆ।” (ਮੀਕਾਹ 7:2) ਭਾਵੇਂ ਇਨਸਾਨ ਵਫ਼ਾਦਾਰ ਨਹੀਂ ਰਹਿੰਦੇ, ਪਰ ਯਹੋਵਾਹ ਹਮੇਸ਼ਾ ਵਫ਼ਾਦਾਰ ਰਹਿੰਦਾ ਹੈ। ਦਰਅਸਲ ਜੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਵਫ਼ਾਦਾਰੀ ਅਸਲ ਵਿਚ ਕੀ ਹੈ, ਤਾਂ ਸਾਨੂੰ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨੀ ਚਾਹੀਦੀ ਹੈ ਕਿ ਯਹੋਵਾਹ ਪਿਆਰ ਕਰ ਕੇ ਦਿਖਾਉਂਦਾ ਹੈ ਕਿ ਉਹ ਵਫ਼ਾਦਾਰ ਹੈ।

ਯਹੋਵਾਹ ਦੀ ਵਫ਼ਾਦਾਰੀ ਬੇਮਿਸਾਲ ਹੈ

7, 8. ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ ਕਿ ਸਿਰਫ਼ ਯਹੋਵਾਹ ਹੀ ਵਫ਼ਾਦਾਰ ਹੈ?

7 ਬਾਈਬਲ ਵਿਚ ਯਹੋਵਾਹ ਬਾਰੇ ਕਿਹਾ ਗਿਆ ਹੈ ਕਿ ਪਰਮੇਸ਼ੁਰ ‘ਇਕੱਲਾ ਹੀ ਪਵਿੱਤਰ [“ਵਫ਼ਾਦਾਰ,” NW ] ਹੈ।’ (ਪਰਕਾਸ਼ ਦੀ ਪੋਥੀ 15:4) ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਕੀ ਇਨਸਾਨ ਅਤੇ ਫ਼ਰਿਸ਼ਤੇ ਵਫ਼ਾਦਾਰ ਨਹੀਂ ਰਹੇ ਹਨ? (ਅੱਯੂਬ 1:1; ਪਰਕਾਸ਼ ਦੀ ਪੋਥੀ 4:8) ਅਤੇ ਯਿਸੂ ਮਸੀਹ ਬਾਰੇ ਕੀ? ਕੀ ਉਹ ਪਰਮੇਸ਼ੁਰ ਦਾ ਖ਼ਾਸ “ਪਵਿੱਤਰ [“ਵਫ਼ਾਦਾਰ,” NW ] ਪੁਰਖ” ਨਹੀਂ ਹੈ? (ਜ਼ਬੂਰਾਂ ਦੀ ਪੋਥੀ 16:10) ਤਾਂ ਫਿਰ, ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਿਰਫ਼ ਯਹੋਵਾਹ ਹੀ ਵਫ਼ਾਦਾਰ ਹੈ?

8 ਪਹਿਲਾਂ ਇਹ ਗੱਲ ਯਾਦ ਰੱਖੋ ਕਿ ਵਫ਼ਾਦਾਰੀ ਪਿਆਰ ਦਾ ਇਕ ਪਹਿਲੂ ਹੈ। “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਪਿਆਰ ਉਹ ਦੇ ਅੰਗ-ਅੰਗ ਵਿਚ ਸਮਾਇਆ ਹੋਇਆ ਹੈ, ਇਸ ਲਈ ਯਹੋਵਾਹ ਜਿੰਨੀ ਵਫ਼ਾਦਾਰੀ ਹੋਰ ਕੋਈ ਨਹੀਂ ਕਰ ਸਕਦਾ। ਫ਼ਰਿਸ਼ਤਿਆਂ ਤੇ ਇਨਸਾਨਾਂ ਵਿਚ ਪਰਮੇਸ਼ੁਰ ਵਰਗੇ ਗੁਣ ਹੋ ਸਕਦੇ ਹਨ, ਪਰ ਸਿਰਫ਼ ਯਹੋਵਾਹ ਹੀ ਪੂਰੀ ਤਰ੍ਹਾਂ ਵਫ਼ਾਦਾਰ ਹੋ ਸਕਦਾ ਹੈ। “ਅੱਤ ਪਰਾਚੀਨ” ਹੋਣ ਦੇ ਨਾਤੇ ਉਹ ਸਾਰਿਆਂ ਨਾਲੋਂ, ਚਾਹੇ ਕੋਈ ਸਵਰਗ ਵਿਚ ਹੋਵੇ ਜਾਂ ਧਰਤੀ ਤੇ, ਜ਼ਿਆਦਾ ਦੇਰ ਤਕ ਵਫ਼ਾਦਾਰੀ ਕਰਦਾ ਆਇਆ ਹੈ। (ਦਾਨੀਏਲ 7:9) ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਵਫ਼ਾਦਾਰੀ ਯਹੋਵਾਹ ਦੀ ਖ਼ਾਸੀਅਤ ਹੈ। ਉਹ ਜਿਸ ਤਰੀਕੇ ਨਾਲ ਵਫ਼ਾਦਾਰੀ ਕਰਦਾ ਹੈ, ਉਸ ਤਰ੍ਹਾਂ ਹੋਰ ਕੋਈ ਨਹੀਂ ਕਰ ਸਕਦਾ। ਆਓ ਆਪਾਂ ਕੁਝ ਉਦਾਹਰਣਾਂ ਉੱਤੇ ਗੌਰ ਕਰੀਏ।

9. ‘ਯਹੋਵਾਹ ਆਪਣੇ ਸਾਰੇ ਕੰਮਾਂ ਵਿੱਚ ਵਫ਼ਾਦਾਰ’ ਕਿਸ ਤਰ੍ਹਾਂ ਹੈ?

9 “ਯਹੋਵਾਹ . . . ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ [“ਵਫ਼ਾਦਾਰ,” NW ] ਹੈ।” (ਜ਼ਬੂਰਾਂ ਦੀ ਪੋਥੀ 145:17) ਕਿਸ ਤਰ੍ਹਾਂ? ਇਸ ਸਵਾਲ ਦਾ ਜਵਾਬ ਸਾਨੂੰ 136ਵੇਂ ਜ਼ਬੂਰ ਤੋਂ ਮਿਲਦਾ ਹੈ। ਇਸ ਜ਼ਬੂਰ ਵਿਚ ਕਈ ਵੱਖੋ-ਵੱਖਰੇ ਤਰੀਕਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦੁਆਰਾ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਇਆ ਸੀ। ਇਸ ਵਿਚ ਉਸ ਘਟਨਾ ਬਾਰੇ ਵੀ ਲਿਖਿਆ ਗਿਆ ਹੈ ਜਦੋਂ ਉਸ ਨੇ ਕਰਾਮਾਤੀ ਢੰਗ ਨਾਲ ਇਸਰਾਏਲੀਆਂ ਨੂੰ ਲਾਲ ਸਮੁੰਦਰ ਪਾਰ ਕਰਾਇਆ ਸੀ। ਦਿਲਚਸਪੀ ਦੀ ਗੱਲ ਹੈ ਕਿ ਇਸ ਜ਼ਬੂਰ ਦੀ ਹਰ ਆਇਤ ਤੋਂ ਬਾਅਦ ਇਹ ਵਾਕ ਲਿਖਿਆ ਗਿਆ ਹੈ: “ਉਹ ਦੀ ਦਯਾ [“ਵਫ਼ਾਦਾਰੀ,” NW ] ਸਦਾ ਦੀ ਹੈ।” ਇਸ ਕਿਤਾਬ ਦੇ 289ਵੇਂ ਸਫ਼ੇ ਉੱਤੇ ਬਾਈਬਲ ਦੇ ਜੋ ਹਵਾਲੇ ਸੋਚ-ਵਿਚਾਰ ਕਰਨ ਲਈ ਦਿੱਤੇ ਗਏ ਹਨ ਉਨ੍ਹਾਂ ਵਿਚ ਇਹ ਜ਼ਬੂਰ ਵੀ ਦਿੱਤਾ ਗਿਆ ਹੈ। ਇਨ੍ਹਾਂ ਆਇਤਾਂ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਹੈਰਾਨ ਹੋਣ ਤੋਂ ਨਹੀਂ ਰਹਿ ਸਕਦੇ ਕਿ ਯਹੋਵਾਹ ਨੇ ਕਿੰਨੇ ਵੱਖਰੇ-ਵੱਖਰੇ ਤਰੀਕਿਆਂ ਨਾਲ ਆਪਣੇ ਲੋਕਾਂ ਨਾਲ ਵਫ਼ਾਦਾਰੀ ਕੀਤੀ ਹੈ। ਜੀ ਹਾਂ, ਯਹੋਵਾਹ ਵਫ਼ਾਦਾਰੀ ਨਾਲ ਆਪਣੇ ਲੋਕਾਂ ਦੀ ਪੁਕਾਰ ਸੁਣਦਾ ਹੈ ਅਤੇ ਉਨ੍ਹਾਂ ਨੂੰ ਵੇਲੇ ਸਿਰ ਬਚਾਉਂਦਾ ਹੈ। (ਜ਼ਬੂਰਾਂ ਦੀ ਪੋਥੀ 34:6) ਜਿੰਨੀ ਦੇਰ ਉਸ ਦੇ ਸੇਵਕ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਨ, ਉੱਨੀ ਦੇਰ ਉਹ ਉਨ੍ਹਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ।

10 ਯਹੋਵਾਹ ਆਪਣੇ ਮਿਆਰਾਂ ਉੱਤੇ ਚੱਲ ਕੇ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰ ਕਿਸ ਤਰ੍ਹਾਂ ਰਹਿੰਦਾ ਹੈ?

10 ਇਕ ਹੋਰ ਗੱਲ ਜਿਸ ਵਿਚ ਯਹੋਵਾਹ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ, ਇਹ ਹੈ ਕਿ ਉਹ ਹਮੇਸ਼ਾ ਆਪਣੇ ਮਿਆਰਾਂ ਉੱਤੇ ਚੱਲਦਾ ਹੈ। ਡਾਵਾਂ-ਡੋਲ ਇਨਸਾਨਾਂ ਤੋਂ ਉਲਟ ਯਹੋਵਾਹ ਜਲਦੀ ਦੇਣੀ ਆਪਣਾ ਮਨ ਨਹੀਂ ਬਦਲ ਲੈਂਦਾ ਕਿ ਕੀ ਸਹੀ ਹੈ ਤੇ ਕੀ ਗ਼ਲਤ। ਜਾਦੂਗਰੀ, ਮੂਰਤੀ-ਪੂਜਾ ਅਤੇ ਕਤਲ ਕਰਨ ਵਰਗੀਆਂ ਗੱਲਾਂ ਬਾਰੇ ਯਹੋਵਾਹ ਦਾ ਦ੍ਰਿਸ਼ਟੀਕੋਣ ਕਦੇ ਨਹੀਂ ਬਦਲਿਆ। ਉਸ ਨੇ ਆਪਣੇ ਨਬੀ ਯਸਾਯਾਹ ਰਾਹੀਂ ਆਪਣੇ ਲੋਕਾਂ ਨੂੰ ਕਿਹਾ ਸੀ ਕਿ ‘ਤੁਹਾਡੇ ਬੁਢੇਪੇ ਤੀਕ ਮੈਂ ਉਹੀ ਹਾਂ।’ (ਯਸਾਯਾਹ 46:4) ਇਸ ਕਰਕੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇ ਅਸੀਂ ਉਸ ਦੀ ਅਗਵਾਈ ਉੱਤੇ ਚੱਲਾਂਗੇ, ਤਾਂ ਸਾਨੂੰ ਜ਼ਰੂਰ ਫ਼ਾਇਦਾ ਹੋਵੇਗਾ।​—ਯਸਾਯਾਹ 48:17-19.

11. ਯਹੋਵਾਹ ਦੇ ਬਚਨ ਦੇ ਸੰਬੰਧ ਵਿਚ ਉਸ ਦੀ ਵਫ਼ਾਦਾਰੀ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਹੈ?

11 ਯਹੋਵਾਹ ਆਪਣੇ ਵਾਅਦੇ ਪੂਰੇ ਕਰ ਕੇ ਵੀ ਵਫ਼ਾਦਾਰ ਰਹਿੰਦਾ ਹੈ। ਜਦ ਉਹ ਭਵਿੱਖਬਾਣੀ ਕਰਦਾ ਹੈ, ਤਾਂ ਉਹ ਉਸ ਨੂੰ ਪੂਰਾ ਵੀ ਕਰਦਾ ਹੈ। ਉਸ ਨੇ ਕਿਹਾ: “ਮੇਰਾ ਬਚਨ . . . ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।” (ਯਸਾਯਾਹ 55:11) ਆਪਣਾ ਬਚਨ ਪੂਰਾ ਕਰ ਕੇ ਯਹੋਵਾਹ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ। ਉਹ ਆਪਣੇ ਲੋਕਾਂ ਨੂੰ ਐਵੇਂ ਹੀ ਉਡੀਕ ਵਿਚ ਨਹੀਂ ਰੱਖਦਾ। ਇਸ ਮਾਮਲੇ ਵਿਚ ਯਹੋਵਾਹ ਆਪਣੀ ਗੱਲ ਦਾ ਇੰਨਾ ਪੱਕਾ ਹੈ ਕਿ ਉਸ ਦਾ ਸੇਵਕ ਯਹੋਸ਼ੁਆ ਇਸ ਤਰ੍ਹਾਂ ਕਹਿ ਸਕਿਆ: “ਉਨ੍ਹਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ ਇਸਰਾਏਲ ਦੇ ਘਰਾਣੇ ਨਾਲ ਕੀਤੇ ਇੱਕ ਬਚਨ ਵੀ ਰਹਿ ਨਾ ਗਿਆ, ਸਾਰੇ ਪੂਰੇ ਹੋਏ।” (ਯਹੋਸ਼ੁਆ 21:45) ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਇਸ ਤਰ੍ਹਾਂ ਕਦੇ ਵੀ ਨਹੀਂ ਹੋਵੇਗਾ ਕਿ ਯਹੋਵਾਹ ਆਪਣੇ ਵਾਅਦੇ ਨਾ ਨਿਭਾਵੇ।​—ਯਸਾਯਾਹ 49:23; ਰੋਮੀਆਂ 5:5.

12, 13. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੀ ਵਫ਼ਾਦਾਰੀ “ਸਦਾ ਦੀ ਹੈ”?

12 ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਬਾਈਬਲ ਵਿਚ ਸਾਨੂੰ ਦੱਸਿਆ ਗਿਆ ਹੈ ਕਿ ਯਹੋਵਾਹ ਦੀ ਵਫ਼ਾਦਾਰੀ “ਸਦਾ ਦੀ ਹੈ।” (ਜ਼ਬੂਰਾਂ ਦੀ ਪੋਥੀ 136:1) ਇਹ ਕਿਸ ਤਰ੍ਹਾਂ ਹੈ? ਇਕ ਗੱਲ ਹੈ ਕਿ ਯਹੋਵਾਹ ਪੂਰੀ ਤਰ੍ਹਾਂ ਮਾਫ਼ ਕਰ ਦਿੰਦਾ ਹੈ। ਜਿਵੇਂ ਅਸੀਂ ਇਸ ਕਿਤਾਬ ਦੇ 26ਵੇਂ ਅਧਿਆਇ ਵਿਚ ਦੇਖਿਆ ਸੀ, ਜਦ ਯਹੋਵਾਹ ਕਿਸੇ ਦੀ ਗ਼ਲਤੀ ਮਾਫ਼ ਕਰ ਦਿੰਦਾ ਹੈ, ਤਾਂ ਉਹ ਉਸ ਗ਼ਲਤੀ ਨੂੰ ਮੁੜ ਕੇ ਯਾਦ ਨਹੀਂ ਕਰਦਾ। “ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ,” ਇਸ ਲਈ ਸਾਨੂੰ ਯਹੋਵਾਹ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਉਹ ਸਦਾ ਵਫ਼ਾਦਾਰ ਰਹਿੰਦਾ ਹੈ।​—ਰੋਮੀਆਂ 3:23.

13 ਇਕ ਹੋਰ ਤਰੀਕੇ ਨਾਲ ਵੀ ਯਹੋਵਾਹ ਸਦਾ ਵਫ਼ਾਦਾਰ ਰਹਿੰਦਾ ਹੈ। ਉਸ ਦਾ ਬਚਨ ਦੱਸਦਾ ਹੈ ਕਿ ਧਰਮੀ ਇਨਸਾਨ “ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।” (ਜ਼ਬੂਰਾਂ ਦੀ ਪੋਥੀ 1:3) ਜ਼ਰਾ ਅਜਿਹੇ ਵੱਡੇ ਤੇ ਸੋਹਣੇ ਦਰਖ਼ਤ ਬਾਰੇ ਸੋਚੋ ਜਿਸ ਦੇ ਪੱਤੇ ਕਦੇ ਵੀ ਕੁਮਲਾਉਂਦੇ ਨਹੀਂ ਹਨ! ਜੇ ਅਸੀਂ ਪਰਮੇਸ਼ੁਰ ਦੇ ਬਚਨ ਵਿਚ ਮਗਨ ਰਹਾਂਗੇ, ਤਾਂ ਇਸ ਦਰਖ਼ਤ ਵਾਂਗ ਸਾਡੀ ਜ਼ਿੰਦਗੀ ਵੀ ਲੰਬੀ, ਸੁਖੀ ਤੇ ਕਾਮਯਾਬ ਹੋਵੇਗੀ। ਆਪਣੇ ਵਫ਼ਾਦਾਰ ਸੇਵਕਾਂ ਉੱਤੇ ਯਹੋਵਾਹ ਦੀਆਂ ਮਿਹਰਬਾਨੀਆਂ ਹਮੇਸ਼ਾ ਲਈ ਰਹਿਣਗੀਆਂ। ਜੀ ਹਾਂ, ਨਵੇਂ ਸੰਸਾਰ ਵਿਚ ਯਹੋਵਾਹ ਦੇ ਆਗਿਆਕਾਰ ਲੋਕ ਖ਼ੁਦ ਦੇਖ ਸਕਣਗੇ ਕਿ ਯਹੋਵਾਹ ਸਦਾ ਵਫ਼ਾਦਾਰ ਰਹਿੰਦਾ ਹੈ।​—ਪਰਕਾਸ਼ ਦੀ ਪੋਥੀ 21:3, 4.

ਯਹੋਵਾਹ “ਆਪਣੇ ਭਗਤਾਂ ਨੂੰ ਤਿਆਗਦਾ ਨਹੀਂ”

14. ਯਹੋਵਾਹ ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਉਹ ਆਪਣੇ ਸੇਵਕਾਂ ਦੀ ਵਫ਼ਾਦਾਰੀ ਦੀ ਕਦਰ ਕਰਦਾ ਹੈ?

14 ਯਹੋਵਾਹ ਨੇ ਵਾਰ-ਵਾਰ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ ਹੈ। ਉਹ ਆਪਣੀ ਗੱਲ ਤੇ ਹਮੇਸ਼ਾ ਪੱਕਾ ਰਹਿੰਦਾ ਹੈ, ਇਸ ਲਈ ਉਹ ਆਪਣੇ ਵਫ਼ਾਦਾਰ ਸੇਵਕਾਂ ਨਾਲ ਵਫ਼ਾਦਾਰੀ ਕਰਨੋਂ ਹਟਦਾ ਨਹੀਂ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ। ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ [“ਵਫ਼ਾਦਾਰ ਬੰਦਿਆਂ,” NW ] ਨੂੰ ਤਿਆਗਦਾ ਨਹੀਂ।” (ਜ਼ਬੂਰਾਂ ਦੀ ਪੋਥੀ 37:25, 28) ਇਹ ਸੱਚ ਹੈ ਕਿ ਸਾਡਾ ਸਿਰਜਣਹਾਰ ਹੋਣ ਦੇ ਨਾਤੇ ਯਹੋਵਾਹ ਸਾਡੀ ਭਗਤੀ ਦਾ ਹੱਕਦਾਰ ਹੈ। (ਪਰਕਾਸ਼ ਦੀ ਪੋਥੀ 4:11) ਪਰ ਇਸ ਦੇ ਬਾਵਜੂਦ ਯਹੋਵਾਹ ਵਫ਼ਾਦਾਰ ਹੋਣ ਕਰਕੇ ਸਾਡੀ ਵਫ਼ਾਦਾਰੀ ਯਾਦ ਰੱਖਦਾ ਹੈ।​—ਮਲਾਕੀ 3:16, 17.

15. ਇਸਰਾਏਲ ਕੌਮ ਲਈ ਯਹੋਵਾਹ ਨੇ ਜੋ ਕੀਤਾ, ਉਸ ਤੋਂ ਉਸ ਦੀ ਵਫ਼ਾਦਾਰੀ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਹੈ?

15 ਯਹੋਵਾਹ ਵਫ਼ਾਦਾਰੀ ਨਾਲ ਆਪਣੇ ਲੋਕਾਂ ਨੂੰ ਦੁੱਖ ਦੀ ਘੜੀ ਵਿੱਚੋਂ ਕੱਢ ਲਿਆਉਂਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਉਹ ਆਪਣੇ ਸੰਤਾਂ [“ਵਫ਼ਾਦਾਰ ਲੋਕਾਂ,” NW ] ਦੀਆਂ ਜਾਨਾਂ ਦੀ ਰੱਖਿਆ ਕਰਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 97:10) ਜ਼ਰਾ ਗੌਰ ਕਰੋ ਕਿ ਉਸ ਨੇ ਇਸਰਾਏਲ ਕੌਮ ਲਈ ਕੀ-ਕੀ ਕੀਤਾ ਸੀ। ਕਰਾਮਾਤੀ ਢੰਗ ਨਾਲ ਲਾਲ ਸਮੁੰਦਰ ਪਾਰ ਕਰਨ ਤੋਂ ਬਾਅਦ ਇਸਰਾਏਲੀਆਂ ਨੇ ਗੀਤ ਗਾਉਂਦੇ ਹੋਏ ਯਹੋਵਾਹ ਨੂੰ ਕਿਹਾ: “ਤੈਂ ਆਪਣੀ ਕਿਰਪਾ [“ਵਫ਼ਾਦਾਰੀ,” NW ] ਨਾਲ ਉਸ ਪਰਜਾ ਦੀ ਅਗਵਾਈ ਕੀਤੀ ਜਿਹ ਨੂੰ ਤੈਂ ਛੁਟਕਾਰਾ ਦਿੱਤਾ ਸੀ।” (ਕੂਚ 15:13) ਯਹੋਵਾਹ ਨੇ ਉਨ੍ਹਾਂ ਨੂੰ ਲਾਲ ਸਮੁੰਦਰ ਤੋਂ ਬਚਾ ਕੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਮੂਸਾ ਨੇ ਇਸਰਾਏਲੀਆਂ ਨੂੰ ਕਿਹਾ: “ਯਹੋਵਾਹ ਨੇ ਤੁਹਾਡੇ ਨਾਲ ਏਸ ਕਾਰਨ ਪ੍ਰੀਤ ਕਰ ਕੇ ਨਹੀਂ ਚੁਣਿਆ ਕਿ ਤੁਸੀਂ ਸਾਰਿਆਂ ਲੋਕਾਂ ਨਾਲੋਂ ਬਹੁਤੇ ਸਾਓ, ਤੁਸੀਂ ਤਾਂ ਸਾਰਿਆਂ ਲੋਕਾਂ ਵਿੱਚੋਂ ਥੋੜ੍ਹੇ ਜਿਹੇ ਸਾਓ। ਪਰ ਏਸ ਲਈ ਕਿ ਯਹੋਵਾਹ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਉਸ ਨੇ ਉਸ ਸੌਂਹ ਦੀ ਪਾਲਨਾ ਕੀਤੀ ਜਿਹੜੀ ਉਸ ਨੇ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ ਤਾਂ ਯਹੋਵਾਹ ਤੁਹਾਨੂੰ ਬਲਵੰਤ ਹੱਥ ਨਾਲ ਕੱਢ ਕੇ ਬਾਹਰ ਲੈ ਆਇਆ ਅਤੇ ਤੁਹਾਨੂੰ ਗੁਲਾਮੀ ਦੇ ਘਰ ਤੋਂ ਮਿਸਰ ਦੇ ਰਾਜੇ ਫ਼ਿਰਊਨ ਦੇ ਹੱਥੋਂ ਛੁਟਕਾਰਾ ਦਿੱਤਾ।”​—ਬਿਵਸਥਾ ਸਾਰ 7:7, 8.

16, 17. (ੳ) ਇਸਰਾਏਲੀ ਬੇਕਦਰੇ ਕਿਵੇਂ ਸਾਬਤ ਹੋਏ ਸਨ, ਪਰ ਯਹੋਵਾਹ ਨੇ ਉਨ੍ਹਾਂ ਉੱਤੇ ਰਹਿਮ ਕਿਸ ਤਰ੍ਹਾਂ ਕੀਤਾ ਸੀ? (ਅ) ਇਸਰਾਏਲੀਆਂ ਲਈ ਕੋਈ ਚਾਰਾ ਕਿਉਂ ਨਹੀਂ ਰਿਹਾ ਸੀ ਅਤੇ ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ?

16 ਪਰ ਇਸਰਾਏਲੀਆਂ ਨੇ ਇਕ ਕੌਮ ਵਜੋਂ ਯਹੋਵਾਹ ਦੀ ਵਫ਼ਾਦਾਰੀ ਦੀ ਕਦਰ ਨਹੀਂ ਕੀਤੀ। ਬਚਾਏ ਜਾਣ ਤੋਂ ਬਾਅਦ ‘ਉਨ੍ਹਾਂ ਨੇ ਯਹੋਵਾਹ ਵਿਰੁੱਧ ਹੋਰ ਵੀ ਪਾਪ ਕੀਤਾ, ਅਤੇ ਅੱਤ ਮਹਾਨ ਤੋਂ ਆਕੀ ਹੀ ਰਹੇ।’ (ਜ਼ਬੂਰਾਂ ਦੀ ਪੋਥੀ 78:17) ਸਦੀਆਂ ਦੌਰਾਨ ਉਹ ਵਾਰ-ਵਾਰ ਯਹੋਵਾਹ ਨੂੰ ਛੱਡ ਕੇ ਦੇਵੀ-ਦੇਵਤਿਆਂ ਮਗਰ ਲੱਗੇ। ਉਨ੍ਹਾਂ ਦੀਆਂ ਭੈੜੀਆਂ ਰੀਤਾਂ ਤੇ ਰਸਮਾਂ ਨੇ ਉਨ੍ਹਾਂ ਨੂੰ ਭ੍ਰਿਸ਼ਟ ਕੀਤਾ ਸੀ। ਪਰ ਇਸ ਦੇ ਬਾਵਜੂਦ ਯਹੋਵਾਹ ਨੇ ਉਨ੍ਹਾਂ ਨਾਲ ਆਪਣਾ ਨੇਮ ਨਹੀਂ ਤੋੜਿਆ ਸੀ। ਇਸ ਦੀ ਬਜਾਇ ਉਸ ਨੇ ਆਪਣੇ ਨਬੀ ਯਿਰਮਿਯਾਹ ਰਾਹੀਂ ਆਪਣੇ ਲੋਕਾਂ ਅੱਗੇ ਬੇਨਤੀ ਕੀਤੀ: “ਮੁੜ, ਹੇ ਆਕੀ ਇਸਰਾਏਲ, . . . ਮੈਂ ਨਹਿਰੀਆਂ ਵੱਟ ਕੇ ਤੈਨੂੰ ਨਾ ਵੇਖਾਂਗਾਂ, ਮੈਂ ਦਿਆਲੂ [“ਵਫ਼ਾਦਾਰ,” NW ] ਜੋ ਹਾਂ।” (ਯਿਰਮਿਯਾਹ 3:12) ਪਰ ਜਿਵੇਂ ਇਸ ਕਿਤਾਬ ਦੇ 25ਵੇਂ ਅਧਿਆਇ ਵਿਚ ਅਸੀਂ ਦੇਖਿਆ ਸੀ, ਜ਼ਿਆਦਾਤਰ ਇਸਰਾਏਲੀਆਂ ਨੇ ਯਹੋਵਾਹ ਦੀ ਇਕ ਨਾ ਸੁਣੀ। ਦਰਅਸਲ “ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖੌਲ ਉਡਾਇਆ।” ਇਸ ਦਾ ਨਤੀਜਾ ਕੀ ਨਿਕਲਿਆ ਸੀ? ਆਖ਼ਰਕਾਰ “ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ।”​—2 ਇਤਹਾਸ 36:15, 16.

17 ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਅਸੀਂ ਸਿੱਖਦੇ ਹਾਂ ਕਿ ਯਹੋਵਾਹ ਅੱਖਾਂ ਬੰਦ ਕਰ ਕੇ ਵਫ਼ਾਦਾਰੀ ਨਹੀਂ ਕਰਦਾ ਤੇ ਨਾ ਹੀ ਉਹ ਧੋਖਾ ਖਾਂਦਾ ਹੈ। ਇਹ ਸੱਚ ਹੈ ਕਿ ਯਹੋਵਾਹ ਵਫ਼ਾਦਾਰੀ ਨਾਲ ਭਰਪੂਰ ਹੈ ਅਤੇ ਜਦ ਵੀ ਉਸ ਨੂੰ ਮੌਕਾ ਮਿਲਦਾ ਹੈ, ਉਹ ਖ਼ੁਸ਼ੀ-ਖ਼ੁਸ਼ੀ ਰਹਿਮ ਕਰਦਾ ਹੈ। ਪਰ ਜਦ ਕੋਈ ਪਾਪੀ ਆਪਣੇ ਪੁੱਠੇ ਰਾਹ ਛੱਡਣ ਤੋਂ ਇਨਕਾਰ ਕਰ ਦੇਵੇ, ਤਾਂ ਯਹੋਵਾਹ ਕੀ ਕਰਦਾ ਹੈ? ਅਜਿਹੇ ਮਾਮਲੇ ਵਿਚ ਯਹੋਵਾਹ ਆਪਣੇ ਉੱਚੇ ਮਿਆਰਾਂ ਅਨੁਸਾਰ ਚੱਲਦਾ ਹੈ ਅਤੇ ਪਾਪੀ ਨੂੰ ਉਸ ਦੇ ਪਾਪ ਮੁਤਾਬਕ ਸਜ਼ਾ ਦਿੰਦਾ ਹੈ। ਮੂਸਾ ਨੂੰ ਦੱਸਿਆ ਗਿਆ ਸੀ ਕਿ ਯਹੋਵਾਹ “ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।”​—ਕੂਚ 34:6, 7.

18, 19. (ੳ) ਇਸ ਤੋਂ ਪਰਮੇਸ਼ੁਰ ਦੀ ਵਫ਼ਾਦਾਰੀ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਹੈ ਕਿ ਉਹ ਦੁਸ਼ਟ ਲੋਕਾਂ ਨੂੰ ਸਜ਼ਾ ਦੇਵੇਗਾ? (ਅ) ਯਹੋਵਾਹ ਆਪਣੇ ਉਨ੍ਹਾਂ ਸੇਵਕਾਂ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਕਿਸ ਤਰ੍ਹਾਂ ਦੇਵੇਗਾ ਜਿਨ੍ਹਾਂ ਨੇ ਸਤਾਹਟਾਂ ਸਹਿੰਦੇ ਹੋਏ ਮੌਤ ਦਾ ਵੀ ਸਾਮ੍ਹਣਾ ਕੀਤਾ ਹੈ?

18 ਪਰਮੇਸ਼ੁਰ ਦੁਸ਼ਟ ਲੋਕਾਂ ਨੂੰ ਸਜ਼ਾ ਦੇ ਕੇ ਵੀ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਾ ਹੈ। ਕਿਸ ਤਰ੍ਹਾਂ? ਇਸ ਦਾ ਇਕ ਸੰਕੇਤ ਸਾਨੂੰ ਪਰਕਾਸ਼ ਦੀ ਪੋਥੀ ਤੋਂ ਮਿਲਦਾ ਹੈ ਜਿੱਥੇ ਯਹੋਵਾਹ ਨੇ ਸੱਤ ਦੂਤਾਂ ਨੂੰ ਹੁਕਮ ਦਿੱਤਾ ਸੀ: “ਚੱਲੋ ਅਤੇ ਪਰਮੇਸ਼ੁਰ ਦੇ ਕ੍ਰੋਧ ਦੇ ਸੱਤ ਕਟੋਰੇ ਧਰਤੀ ਉੱਤੇ ਉਲੱਦ ਦਿਓ!” ਜਦ ਤੀਸਰੇ ਦੂਤ ਨੇ ਆਪਣਾ ਕਟੋਰਾ “ਦਰਿਆਵਾਂ ਅਤੇ ਪਾਣੀਆਂ ਦੇ ਸੁੰਬਾਂ” ਉੱਤੇ ਉਲੱਦ ਦਿੱਤਾ, ਤਾਂ ਉਨ੍ਹਾਂ ਦਾ ਪਾਣੀ ਲਹੂ ਬਣ ਗਿਆ। ਇਸ ਤੋਂ ਬਾਅਦ ਦੂਤ ਨੇ ਯਹੋਵਾਹ ਨੂੰ ਕਿਹਾ: ‘ਹੇ ਪਵਿੱਤਰ ਪੁਰਖ, ਤੂੰ ਜੋ ਹੈਂ ਅਤੇ ਤੂੰ ਜੋ ਸੈਂ, ਤੂੰ ਵਫ਼ਾਦਾਰ ਹੈਂ, ਤੈਂ ਇਉਂ ਨਿਆਉਂ ਜੋ ਕੀਤਾ, ਕਿਉਂ ਜੋ ਓਹਨਾਂ ਨੇ ਸੰਤਾਂ ਅਤੇ ਨਬੀਆਂ ਦਾ ਲਹੂ ਵਹਾਇਆ, ਤਾਂ ਤੈਂ ਓਹਨਾਂ ਨੂੰ ਪੀਣ ਲਈ ਲਹੂ ਦਿੱਤਾ ਹੈ! ਓਹ ਇਸੇ ਦੇ ਜੋਗ ਹਨ!’​—ਪਰਕਾਸ਼ ਦੀ ਪੋਥੀ 16:1-6.

ਯਹੋਵਾਹ ਵਫ਼ਾਦਾਰੀ ਨਾਲ ਆਪਣੇ ਉਨ੍ਹਾਂ ਸੇਵਕਾਂ ਨੂੰ ਯਾਦ ਰੱਖੇਗਾ ਅਤੇ ਦੁਬਾਰਾ ਜ਼ਿੰਦਾ ਕਰੇਗਾ ਜਿਨ੍ਹਾਂ ਨੇ ਵਫ਼ਾਦਾਰੀ ਨਾਲ ਮੌਤ ਦਾ ਸਾਮ੍ਹਣਾ ਕੀਤਾ ਹੈ

19 ਨੋਟ ਕਰੋ ਕਿ ਦੂਤ ਨੇ ਸਜ਼ਾ ਦਾ ਸੰਦੇਸ਼ ਦਿੰਦੇ ਹੋਏ ਯਹੋਵਾਹ ਨੂੰ “ਵਫ਼ਾਦਾਰ” ਸੱਦਿਆ ਸੀ। ਕਿਉਂ? ਕਿਉਂਕਿ ਦੁਸ਼ਟਾਂ ਦਾ ਨਾਸ਼ ਕਰ ਕੇ ਯਹੋਵਾਹ ਆਪਣੇ ਸੇਵਕਾਂ ਨਾਲ ਵਫ਼ਾਦਾਰੀ ਕਰੇਗਾ, ਜਿਨ੍ਹਾਂ ਵਿੱਚੋਂ ਕਈਆਂ ਨੇ ਸਤਾਹਟਾਂ ਸਹਿੰਦੇ ਹੋਏ ਮੌਤ ਦਾ ਵੀ ਸਾਮ੍ਹਣਾ ਕੀਤਾ ਹੈ। ਇਨ੍ਹਾਂ ਨੂੰ ਯਹੋਵਾਹ ਵਫ਼ਾਦਾਰੀ ਨਾਲ ਯਾਦ ਰੱਖਦਾ ਹੈ। ਉਹ ਇਨ੍ਹਾਂ ਵਫ਼ਾਦਾਰ ਬੰਦਿਆਂ ਨੂੰ ਦੁਬਾਰਾ ਦੇਖਣ ਲਈ ਤਾਂਘਦਾ ਹੈ ਅਤੇ ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਇਨ੍ਹਾਂ ਨੂੰ ਦੁਬਾਰਾ ਜ਼ਰੂਰ ਜ਼ਿੰਦਾ ਕਰੇਗਾ। (ਅੱਯੂਬ 14:14, 15) ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਭੁਲਾ ਨਹੀਂ ਦਿੰਦਾ। ਇਸ ਤੋਂ ਉਲਟ, “ਉਹ ਦੇ ਲੇਖੇ ਸੱਭੇ ਜੀਉਂਦੇ ਹਨ।” (ਲੂਕਾ 20:37, 38) ਯਹੋਵਾਹ ਦੀ ਵਫ਼ਾਦਾਰੀ ਦਾ ਇਹ ਜ਼ਬਰਦਸਤ ਸਬੂਤ ਹੈ ਕਿ ਉਹ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰੇਗਾ।

ਨਾਜ਼ੀਆਂ ਨੇ ਬਰਨਾਰਟ ਲੁਈਮਸ (ਉੱਪਰ) ਅਤੇ ਵੋਲਫਗਾਂਗ ਕੁਸਰੋ (ਗੱਭੇ) ਨੂੰ ਮੌਤ ਦੀ ਸਜ਼ਾ ਦਿੱਤੀ ਸੀ

ਇਕ ਸਿਆਸੀ ਪਾਰਟੀ ਦੇ ਬੰਦਿਆਂ ਨੇ ਮੋਜ਼ਿਜ਼ ਨਿਯਾਮੂਸਾਓ ਨੂੰ ਬਰਛੇ ਮਾਰ-ਮਾਰ ਕੇ ਮਾਰ ਸੁੱਟਿਆ ਸੀ

ਵਫ਼ਾਦਾਰ ਪਰਮੇਸ਼ੁਰ ਨੇ ਮੁਕਤੀ ਦਾ ਰਾਹ ਖੋਲ੍ਹਿਆ

20. ‘ਦਯਾ ਦੇ ਭਾਂਡੇ’ ਕੌਣ ਹਨ ਅਤੇ ਯਹੋਵਾਹ ਨੇ ਉਨ੍ਹਾਂ ਨਾਲ ਵਫ਼ਾਦਾਰੀ ਕਿਵੇਂ ਕੀਤੀ ਹੈ?

20 ਯਹੋਵਾਹ ਸਦੀਆਂ ਦੌਰਾਨ ਆਪਣੇ ਵਫ਼ਾਦਾਰ ਲੋਕਾਂ ਪ੍ਰਤੀ ਵਫ਼ਾਦਾਰ ਰਿਹਾ ਹੈ। ਦਰਅਸਲ ਯਹੋਵਾਹ ਨੇ ਹਜ਼ਾਰਾਂ ਸਾਲਾਂ ਤੋਂ “ਕ੍ਰੋਧ ਦੇ ਭਾਂਡਿਆਂ ਨੂੰ ਜਿਹੜੇ ਨਾਸ ਦੇ ਲਈ ਤਿਆਰ ਕੀਤੇ ਹੋਏ ਸਨ ਵੱਡੇ ਧੀਰਜ ਨਾਲ ਸਹਾਰਿਆ।” ਕਿਉਂ? “ਤਾਂ ਜੋ ਦਯਾ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਹ ਨੇ ਅੱਗਿਓਂ ਪਰਤਾਪ ਦੇ ਲਈ ਤਿਆਰ ਕੀਤਾ ਸੀ ਆਪਣੇ ਪਰਤਾਪ ਦਾ ਧਨ ਪਰਗਟ ਕਰੇ।” (ਰੋਮੀਆਂ 9:22, 23) ‘ਦਯਾ ਦੇ ਭਾਂਡੇ’ ਉਹ ਲੋਕ ਹਨ ਜਿਨ੍ਹਾਂ ਨੂੰ ਯਿਸੂ ਮਸੀਹ ਨਾਲ ਰਾਜ ਕਰਨ ਲਈ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਹੈ। (ਮੱਤੀ 19:28) ਯਹੋਵਾਹ ਦਇਆ ਦੇ ਇਨ੍ਹਾਂ ਭਾਂਡਿਆਂ ਸਾਮ੍ਹਣੇ ਮੁਕਤੀ ਦਾ ਰਾਹ ਖੋਲ੍ਹ ਕੇ ਅਬਰਾਹਾਮ ਨਾਲ ਵਫ਼ਾਦਾਰੀ ਕਰ ਰਿਹਾ ਹੈ, ਜਿਸ ਨਾਲ ਉਸ ਨੇ ਇਹ ਵਾਅਦਾ ਕੀਤਾ ਸੀ: “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।”​—ਉਤਪਤ 22:18.

ਯਹੋਵਾਹ ਦੀ ਵਫ਼ਾਦਾਰੀ ਕਰਕੇ ਉਸ ਦੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਇਕ ਸ਼ਾਨਦਾਰ ਭਵਿੱਖ ਦੀ ਉਮੀਦ ਹੈ

21. (ੳ) ਯਹੋਵਾਹ ਉਸ “ਵੱਡੀ ਭੀੜ” ਨਾਲ ਵਫ਼ਾਦਾਰੀ ਕਿਸ ਤਰ੍ਹਾਂ ਕਰਦਾ ਹੈ ਜਿਸ ਨੂੰ “ਵੱਡੀ ਬਿਪਤਾ” ਵਿੱਚੋਂ ਬਚ ਨਿਕਲਣ ਦੀ ਉਮੀਦ ਹੈ? (ਅ) ਯਹੋਵਾਹ ਦੀ ਵਫ਼ਾਦਾਰੀ ਦੇ ਵੱਟੇ ਤੁਸੀਂ ਕੀ ਕਰਨਾ ਚਾਹੁੰਦੇ ਹੋ?

21 ਯਹੋਵਾਹ ਉਸ “ਵੱਡੀ ਭੀੜ” ਨਾਲ ਵੀ ਵਫ਼ਾਦਾਰੀ ਕਰਦਾ ਹੈ ਜਿਸ ਨੂੰ “ਵੱਡੀ ਬਿਪਤਾ” ਵਿੱਚੋਂ ਬਚ ਕੇ ਧਰਤੀ ਉੱਤੇ ਫਿਰਦੌਸ ਵਿਚ ਹਮੇਸ਼ਾ ਲਈ ਜ਼ਿੰਦਾ ਰਹਿਣ ਦੀ ਉਮੀਦ ਹੈ। (ਪਰਕਾਸ਼ ਦੀ ਪੋਥੀ 7:9, 10, 14) ਭਾਵੇਂ ਉਸ ਦੇ ਸੇਵਕ ਪਾਪੀ ਹਨ, ਫਿਰ ਵੀ ਯਹੋਵਾਹ ਵਫ਼ਾਦਾਰੀ ਕਰਦੇ ਹੋਏ ਉਨ੍ਹਾਂ ਨੂੰ ਹਮੇਸ਼ਾ ਲਈ ਧਰਤੀ ਉੱਤੇ ਜੀਉਣ ਦੀ ਆਸ ਦਿੰਦਾ ਹੈ। ਉਹ ਇਹ ਕਿਸ ਤਰ੍ਹਾਂ ਕਰਦਾ ਹੈ? ਯਿਸੂ ਮਸੀਹ ਦੇ ਬਲੀਦਾਨ ਦੇ ਜ਼ਰੀਏ ਜੋ ਯਹੋਵਾਹ ਦੀ ਵਫ਼ਾਦਾਰੀ ਦਾ ਸਭ ਤੋਂ ਵੱਡਾ ਸਬੂਤ ਹੈ। (ਯੂਹੰਨਾ 3:16; ਰੋਮੀਆਂ 5:8) ਯਹੋਵਾਹ ਦੀ ਵਫ਼ਾਦਾਰੀ ਉਨ੍ਹਾਂ ਲੋਕਾਂ ਨੂੰ ਖਿੱਚਦੀ ਹੈ ਜੋ ਧਰਮੀ ਮਾਹੌਲ ਚਾਹੁੰਦੇ ਹਨ। (ਯਿਰਮਿਯਾਹ 31:3) ਕੀ ਤੁਸੀਂ ਯਹੋਵਾਹ ਦੀ ਵਫ਼ਾਦਾਰੀ ਬਾਰੇ ਸੋਚ ਕੇ ਉਸ ਵੱਲ ਖਿੱਚੇ ਨਹੀਂ ਜਾਂਦੇ? ਜੇ ਅਸੀਂ ਪਰਮੇਸ਼ੁਰ ਦੇ ਨੇੜੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਦੇ ਪਿਆਰ ਦੇ ਵੱਟੇ ਉਸ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਆਪਣੇ ਮਨ ਵਿਚ ਧਾਰ ਲੈਣਾ ਚਾਹੀਦਾ ਹੈ ਕਿ ਅਸੀਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਾਂਗੇ।