Skip to content

Skip to table of contents

ਅਧਿਆਇ 3

ਧਰਤੀ ਲਈ ਯਹੋਵਾਹ ਦਾ ਕੀ ਮਕਸਦ ਹੈ?

ਧਰਤੀ ਲਈ ਯਹੋਵਾਹ ਦਾ ਕੀ ਮਕਸਦ ਹੈ?
  • ਯਹੋਵਾਹ ਸਾਡੇ ਲਈ ਕੀ ਕਰੇਗਾ?

  • ਯਹੋਵਾਹ ਦੇ ਵਿਰੁੱਧ ਬਗਾਵਤ ਕਿੱਦਾਂ ਸ਼ੁਰੂ ਹੋਈ ਸੀ?

  • ਭਵਿੱਖ ਵਿਚ ਧਰਤੀ ਉੱਤੇ ਕਿਹੋ ਜਿਹਾ ਜੀਵਨ ਹੋਵੇਗਾ?

1. ਧਰਤੀ ਲਈ ਯਹੋਵਾਹ ਦਾ ਕੀ ਮਕਸਦ ਹੈ?

ਸ਼ੁਰੂ ਤੋਂ ਹੀ ਯਹੋਵਾਹ ਚਾਹੁੰਦਾ ਸੀ ਕਿ ਸਾਰੀ ਧਰਤੀ ਖ਼ੁਸ਼ੀਆਂ ਨਾਲ ਭਰ ਜਾਵੇ। ਉਸ ਨੇ ਪਹਿਲੇ ਇਨਸਾਨ ਆਦਮ ਅਤੇ ਉਸ ਦੀ ਪਤਨੀ ਹੱਵਾਹ ਨੂੰ ਬਣਾ ਕੇ ਇਕ ਸੁੰਦਰ ਬਾਗ਼ ਵਿਚ ਰੱਖਿਆ ਸੀ। ਫਿਰ ਯਹੋਵਾਹ ਨੇ ਉਨ੍ਹਾਂ ਨੂੰ ਆਸ਼ੀਰਵਾਦ ਦੇ ਕੇ ਕਿਹਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।” (ਉਤਪਤ 1:28; 2:8, 9, 15) ਯਹੋਵਾਹ ਚਾਹੁੰਦਾ ਸੀ ਕਿ ਉਹ ਇਸ ਸੋਹਣੇ ਬਾਗ਼ ਨੂੰ ਧਰਤੀ ਦੇ ਕੋਨੇ-ਕੋਨੇ ਤਕ ਫੈਲਾ ਦੇਣ। ਉਹ ਚਾਹੁੰਦਾ ਸੀ ਕਿ ਆਦਮ, ਹੱਵਾਹ ਅਤੇ ਉਨ੍ਹਾਂ ਦੀ ਸੰਤਾਨ ਹਮੇਸ਼ਾ-ਹਮੇਸ਼ਾ ਲਈ ਜੀਉਂਦੇ ਰਹਿਣ ਅਤੇ ਧਰਤੀ ਦੀ ਦੇਖ-ਭਾਲ ਕਰਨ। ਵਾਕਈ ਇਨਸਾਨਾਂ ਲਈ ਯਹੋਵਾਹ ਦਾ ਮਕਸਦ ਬਹੁਤ ਹੀ ਸ਼ਾਨਦਾਰ ਸੀ!

2. (ੳ) ਸਾਨੂੰ ਕਿੱਦਾਂ ਪਤਾ ਹੈ ਕਿ ਧਰਤੀ ਲਈ ਯਹੋਵਾਹ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ? (ਅ) ਕਿਹੋ ਜਿਹੇ ਲੋਕ ਧਰਤੀ ਉੱਤੇ ਸਦਾ ਲਈ ਵੱਸਣਗੇ?

2 ਲੇਕਿਨ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਅੱਜ ਦੁਨੀਆਂ ਵਿਚ ਨਾ ਤਾਂ ਖ਼ੁਸ਼ੀ ਹੈ, ਨਾ ਸ਼ਾਂਤੀ ਤੇ ਨਾ ਹੀ ਸਾਰੀ ਧਰਤੀ ਬਾਗ਼ ਵਰਗੀ ਹੈ। ਤਾਂ ਫਿਰ, ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਦਾ ਮਕਸਦ ਕਦੇ ਪੂਰਾ ਨਹੀਂ ਹੋਵੇਗਾ? ਨਹੀਂ, ਯਹੋਵਾਹ ਨੇ ਸਾਫ਼-ਸਾਫ਼ ਕਿਹਾ ਹੈ ਕਿ ਜੋ ‘ਮੈਂ ਬੋਲਿਆ ਸੋ ਪੂਰਾ ਕਰਾਂਗਾ।’ (ਯਸਾਯਾਹ 46:9-11; 55:11) ਜੋ ਵੀ ਯਹੋਵਾਹ ਕਹਿੰਦਾ ਹੈ, ਉਹ ਪੂਰਾ ਹੋ ਕੇ ਹੀ ਰਹਿੰਦਾ ਹੈ। ਜੀ ਹਾਂ, ਪਰਮੇਸ਼ੁਰ ਦਾ ਵਚਨ ਅਟੱਲ ਹੈ। ਯਹੋਵਾਹ ਨੇ ਆਪਣੇ ਬਚਨ ਵਿਚ ਇਹ ਵੀ ਕਿਹਾ ਹੈ ਕਿ ਉਸ ਨੇ ਧਰਤੀ ਨੂੰ ਐਵੇਂ ਹੀ ਨਹੀਂ ਬਣਾਇਆ, ਸਗੋਂ ਇਸ ਨੂੰ ਇਨਸਾਨਾਂ ਦੇ ਰਹਿਣ ਲਈ ਬਣਾਇਆ ਹੈ। (ਯਸਾਯਾਹ 45:18) ਕਿਹੋ ਜਿਹੇ ਲੋਕਾਂ ਨੇ ਧਰਤੀ ’ਤੇ ਵੱਸਣਾ ਹੈ? ਅਤੇ ਉਨ੍ਹਾਂ ਨੇ ਕਿੰਨਾ ਕੁ ਚਿਰ ਜੀਉਣਾ ਹੈ? ਪਰਮੇਸ਼ੁਰ ਦਾ ਬਚਨ ਜਵਾਬ ਦਿੰਦਾ ਹੈ ਕਿ ‘ਧਰਮੀ ਧਰਤੀ ਦੇ ਵਾਰਸ ਹੋਣਗੇ ਅਤੇ ਸਦਾ ਉਸ ਉੱਤੇ ਵੱਸਣਗੇ।’​—ਜ਼ਬੂਰਾਂ ਦੀ ਪੋਥੀ 37:29; ਪ੍ਰਕਾਸ਼ ਦੀ ਕਿਤਾਬ 21:3, 4.

3. ਧਰਤੀ ਉੱਤੇ ਅੱਜ ਕਿਹੋ ਜਿਹੇ ਹਾਲਾਤ ਹਨ ਅਤੇ ਇਸ ਬਾਰੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?

3 ਅੱਜ-ਕੱਲ੍ਹ ਹਾਲਾਤ ਬਹੁਤ ਹੀ ਖ਼ਰਾਬ ਹਨ। ਹਰ ਪਾਸੇ ਲੜਾਈਆਂ ਅਤੇ ਮਾਰਾ-ਮਾਰੀ ਕਾਰਨ ਖ਼ੂਨ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਹਨ। ਬੀਮਾਰੀਆਂ ਅਤੇ ਮੌਤ ਦਾ ਕੋਈ ਅੰਤ ਨਹੀਂ। ਤਾਂ ਫਿਰ, ਇਹ ਸਵਾਲ ਖੜ੍ਹੇ ਹੁੰਦੇ ਹਨ ਕਿ ਹਾਲਾਤ ਇੰਨੇ ਖ਼ਰਾਬ ਕਿਉਂ ਹਨ? ਜੇ ਇਹ ਯਹੋਵਾਹ ਦਾ ਮਕਸਦ ਨਹੀਂ ਹੈ, ਤਾਂ ਇਹ ਸਭ ਕੁਝ ਕਿਉਂ ਹੋ ਰਿਹਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਸਿਰਫ਼ ਬਾਈਬਲ ਹੀ ਦੇ ਸਕਦੀ ਹੈ। ਆਓ ਆਪਾਂ ਦੇਖੀਏ ਕਿ ਇਨਸਾਨਾਂ ਲਈ ਦੁੱਖਾਂ ਦਾ ਦੌਰ ਕਦੋਂ ਸ਼ੁਰੂ ਹੋਇਆ ਸੀ।

ਮੁਸੀਬਤ ਦੀ ਜੜ੍ਹ ਸ਼ੈਤਾਨ ਹੈ

4, 5. (ੳ) ਹੱਵਾਹ ਨੂੰ ਕਿਸ ਨੇ ਭਰਮਾਇਆ ਸੀ? (ਅ) ਇਕ ਨੇਕ ਤੇ ਈਮਾਨਦਾਰ ਬੰਦਾ ਚੋਰ ਕਿੱਦਾਂ ਬਣ ਸਕਦਾ ਹੈ?

4 ਆਦਮ ਤੇ ਹੱਵਾਹ ਨੂੰ ਬਣਾਉਣ ਤੋਂ ਪਹਿਲਾਂ ਯਹੋਵਾਹ ਪਰਮੇਸ਼ੁਰ ਨੇ ਫ਼ਰਿਸ਼ਤੇ ਬਣਾਏ ਸਨ। (ਅੱਯੂਬ 38:4, 7) ਬਾਈਬਲ ਦੱਸਦੀ ਹੈ ਕਿ ਇਨ੍ਹਾਂ ਵਿੱਚੋਂ ਇਕ ਫ਼ਰਿਸ਼ਤੇ ਦੇ ਦਿਲ ਵਿਚ ਖੋਟ ਪੈਦਾ ਹੋ ਗਿਆ, ਉਹ ਯਹੋਵਾਹ ਦਾ ਵਿਰੋਧ ਕਰਨ ਲੱਗ ਪਿਆ ਅਤੇ ਉਸ ਨੇ ਯਹੋਵਾਹ ਬਾਰੇ ਝੂਠੀਆਂ ਗੱਲਾਂ ਵੀ ਕਹਿਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਲਈ ਇਸ ਫ਼ਰਿਸ਼ਤੇ ਦਾ ਨਾਂ ਸ਼ੈਤਾਨ ਪੈ ਗਿਆ। ਇਸ ਨੂੰ ਸੱਪ ਵੀ ਸੱਦਿਆ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਕੋਈ ਕਠਪੁਤਲੀ ਦਾ ਮੂੰਹ ਹਿਲਾ ਕੇ ਪਿੱਛਿਓਂ ਖ਼ੁਦ ਬੋਲਦਾ ਹੈ, ਉਸੇ ਤਰ੍ਹਾਂ ਸ਼ੈਤਾਨ ਨੇ ਸੱਪ ਦੇ ਜ਼ਰੀਏ ਪਹਿਲੀ ਤੀਵੀਂ ਨੂੰ ਭਰਮਾਇਆ ਸੀ। ਸ਼ੈਤਾਨ ਚਾਹੁੰਦਾ ਸੀ ਕਿ ਆਦਮ ਤੇ ਹੱਵਾਹ ਯਹੋਵਾਹ ਦੀ ਭਗਤੀ ਕਰਨ ਦੀ ਬਜਾਇ ਉਸ ਅੱਗੇ ਮੱਥਾ ਟੇਕਣ। ਉਹ ਇਨਸਾਨਾਂ ਉੱਤੇ ਖ਼ੁਦ ਰਾਜ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਯਹੋਵਾਹ ਵਿਰੁੱਧ ਬਗਾਵਤ ਕੀਤੀ ਅਤੇ ਅੱਜ ਉਹ ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ।​—ਉਤਪਤ 3:1; ਪ੍ਰਕਾਸ਼ ਦੀ ਕਿਤਾਬ 12:9.

5 ਪਰ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਯਹੋਵਾਹ ਨੇ ਤਾਂ ਸਭ ਕੁਝ ਮੁਕੰਮਲ ਬਣਾਇਆ ਸੀ, ਤਾਂ ਫਿਰ ਇਕ ਫ਼ਰਿਸ਼ਤਾ ਸ਼ੈਤਾਨ ਕਿੱਦਾਂ ਬਣ ਗਿਆ? ਜ਼ਰਾ ਇਸ ਮਿਸਾਲ ਉੱਤੇ ਗੌਰ ਕਰੋ। ਇਕ ਨੇਕ ਤੇ ਈਮਾਨਦਾਰ ਬੰਦਾ ਚੋਰ ਕਿੱਦਾਂ ਬਣਦਾ ਹੈ? ਉਹ ਪੈਦਾ ਹੁੰਦਿਆਂ ਹੀ ਤਾਂ ਚੋਰ ਨਹੀਂ ਹੁੰਦਾ। ਪਰ ਜੇ ਉਹ ਪੈਸੇ ਦਾ ਲਾਲਚ ਕਰਨ ਲੱਗ ਪਵੇ ਅਤੇ ਉਹ ਆਪਣੀਆਂ ਗ਼ਲਤ ਇੱਛਾਵਾਂ ਪੂਰੀਆਂ ਕਰਨ ਬਾਰੇ ਸੋਚਦਾ ਰਹੇ, ਤਾਂ ਕੀ ਹੋਵੇਗਾ? ਹਾਂ, ਜੇ ਉਹ ਇਨ੍ਹਾਂ ਗ਼ਲਤ ਇੱਛਾਵਾਂ ਨੂੰ ਆਪਣੇ ਦਿਲ ਵਿਚ ਪਲ਼ਣ ਦੇਵੇਗਾ, ਤਾਂ ਮੌਕਾ ਮਿਲਣ ਤੇ ਉਹ ਇਨ੍ਹਾਂ ਨੂੰ ਪੂਰਾ ਕਰ ਕੇ ਹੀ ਰਹੇਗਾ।​—ਯਾਕੂਬ 1:13-15 ਪੜ੍ਹੋ।

6. ਇਕ ਫ਼ਰਿਸ਼ਤਾ ਯਹੋਵਾਹ ਦਾ ਵਿਰੋਧੀ ਕਿੱਦਾਂ ਬਣਿਆ?

6 ਸ਼ੈਤਾਨ ਨੇ ਵੀ ਇਹੋ ਗ਼ਲਤੀ ਕੀਤੀ ਸੀ। ਪਹਿਲਾਂ ਤਾਂ ਉਹ ਚੰਗਾ ਤੇ ਨੇਕ ਦਿਲ ਵਾਲਾ ਸੀ, ਪਰ ਫਿਰ ਉਸ ਨੇ ਆਪਣੇ ਦਿਲ ਵਿਚ ਗ਼ਲਤ ਇੱਛਾ ਪੈਦਾ ਹੋਣ ਦਿੱਤੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਯਹੋਵਾਹ ਦੀ ਇੱਛਾ ਧਰਤੀ ਨੂੰ ਆਦਮ ਅਤੇ ਹੱਵਾਹ ਦੀ ਔਲਾਦ ਨਾਲ ਭਰਨ ਦੀ ਸੀ। (ਉਤਪਤ 1:27, 28) ਪਰ ਉਹ ਸੋਚਣ ਲੱਗਾ: ‘ਕਿੰਨਾ ਚੰਗਾ ਹੋਵੇਗਾ ਜੇ ਯਹੋਵਾਹ ਦੀ ਬਜਾਇ ਸਾਰੇ ਮੇਰੀ ਪੂਜਾ ਕਰਨ!’ ਉਸ ਨੇ ਇਸ ਗ਼ਲਤ ਖ਼ਿਆਲ ਨੂੰ ਦਿਲੋਂ ਕੱਢਣ ਦੀ ਬਜਾਇ ਇਸ ਨੂੰ ਦਿਲ ਵਿਚ ਪਲ਼ਣ ਦਿੱਤਾ। ਆਪਣੀ ਇਸ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਮੌਕਾ ਮਿਲਦੇ ਹੀ ਹੱਵਾਹ ਨੂੰ ਆਪਣਾ ਨਿਸ਼ਾਨਾ ਬਣਾਇਆ। (ਉਤਪਤ 3:1-5 ਪੜ੍ਹੋ।) ਇਸ ਤਰ੍ਹਾਂ ਉਹ ਯਹੋਵਾਹ ਦਾ ਵਿਰੋਧੀ ਬਣ ਗਿਆ।

7. (ੳ) ਆਦਮ ਤੇ ਹੱਵਾਹ ਜੀਵਨ ਤੋਂ ਹੱਥ ਕਿੱਦਾਂ ਧੋ ਬੈਠੇ ਸਨ? (ਅ) ਆਦਮ ਦੀ ਔਲਾਦ ਨੂੰ ਕਿਉਂ ਮਰਨਾ ਪੈ ਰਿਹਾ ਹੈ?

7 ਸ਼ੈਤਾਨ ਨੇ ਝੂਠ ਦਾ ਸਹਾਰਾ ਲੈ ਕੇ ਚਲਾਕੀ ਨਾਲ ਆਦਮ ਅਤੇ ਹੱਵਾਹ ਨੂੰ ਆਪਣੇ ਜਾਲ਼ ਵਿਚ ਫਸਾ ਲਿਆ। ਉਨ੍ਹਾਂ ਨੇ ਸ਼ੈਤਾਨ ਦੇ ਮਗਰ ਲੱਗ ਕੇ ਯਹੋਵਾਹ ਦਾ ਹੁਕਮ ਤੋੜਿਆ ਅਤੇ ਉਸ ਨਾਲੋਂ ਆਪਣਾ ਨਾਤਾ ਤੋੜ ਲਿਆ। (ਉਤਪਤ 2:17; 3:6) ਨਤੀਜੇ ਵਜੋਂ ਉਹ ਮੁਕੰਮਲ ਇਨਸਾਨ ਨਾ ਰਹੇ ਅਤੇ ਠੀਕ ਜਿੱਦਾਂ ਯਹੋਵਾਹ ਨੇ ਕਿਹਾ ਉਨ੍ਹਾਂ ਦੇ ਕਦਮ ਹੌਲੀ-ਹੌਲੀ ਮੌਤ ਵੱਲ ਵਧਣ ਲੱਗ ਪਏ। (ਉਤਪਤ 3:17-19) ਫਿਰ ਜਦ ਉਨ੍ਹਾਂ ਦੇ ਬੱਚੇ ਹੋਏ, ਤਾਂ ਉਹ ਵੀ ਨਾਮੁਕੰਮਲ ਹੋਣ ਕਰਕੇ ਬੁੱਢੇ ਹੋ ਕੇ ਮਰ ਗਏ। ਪਰ ਕਿਉਂ? ਕਿਉਂਕਿ ਆਦਮ ਅਤੇ ਹੱਵਾਹ ਕੋਲ ਆਪਣੇ ਬੱਚਿਆਂ ਨੂੰ ਵਿਰਾਸਤ ਵਿਚ ਦੇਣ ਲਈ ਪਾਪ ਤੋਂ ਸਿਵਾਇ ਹੋਰ ਕੁਝ ਨਹੀਂ ਸੀ। (ਰੋਮੀਆਂ 5:12 ਪੜ੍ਹੋ।) ਠੀਕ ਜਿਸ ਤਰ੍ਹਾਂ ਇਕ ਬੱਚੇ ਨੂੰ ਜਨਮ ਤੋਂ ਹੀ ਆਪਣੀ ਮਾਂ ਤੋਂ ਕੋਈ ਖ਼ਤਰਨਾਕ ਬੀਮਾਰੀ ਲੱਗ ਸਕਦੀ ਹੈ, ਉਸੇ ਤਰ੍ਹਾਂ ਆਦਮ ਅਤੇ ਹੱਵਾਹ ਦੇ ਬੱਚਿਆਂ ਨੂੰ ਵੀ ਉਨ੍ਹਾਂ ਤੋਂ ਪਾਪ ਦੀ ਬੀਮਾਰੀ ਲੱਗ ਜਾਂਦੀ ਸੀ। ਇਸੇ ਲਈ ਅਸੀਂ ਸਾਰੇ, ਉਨ੍ਹਾਂ ਦੀ ਔਲਾਦ ਹੋਣ ਕਰਕੇ ਬੁੱਢੇ ਹੋ ਕੇ ਮਰ ਜਾਂਦੇ ਹਾਂ।​—ਰੋਮੀਆਂ 3:23.

8, 9. (ੳ) ਸ਼ੈਤਾਨ ਨੇ ਯਹੋਵਾਹ ਦੀ ਹਕੂਮਤ ਨੂੰ ਕਿੱਦਾਂ ਲਲਕਾਰਿਆ ਸੀ? (ਅ) ਯਹੋਵਾਹ ਨੇ ਤਿੰਨੇ ਬਾਗ਼ੀਆਂ ਨੂੰ ਉਸੇ ਪਲ ਕਿਉਂ ਨਹੀਂ ਖ਼ਤਮ ਕਰ ਦਿੱਤਾ?

8 ਆਦਮ ਤੇ ਹੱਵਾਹ ਨੂੰ ਕੁਰਾਹੇ ਪਾ ਕੇ ਸ਼ੈਤਾਨ ਨੇ ਯਹੋਵਾਹ ਦੀ ਹਕੂਮਤ ਨੂੰ ਲਲਕਾਰਿਆ ਅਤੇ ਉਸ ਦੇ ਵਿਰੁੱਧ ਬਗਾਵਤ ਸ਼ੁਰੂ ਕਰ ਦਿੱਤੀ। ਇਕ ਤਰੀਕੇ ਨਾਲ ਉਹ ਆਦਮ ਅਤੇ ਹੱਵਾਹ ਨੂੰ ਇਹ ਕਹਿ ਰਿਹਾ ਸੀ: ‘ਮੈਂ ਮੰਨਦਾ ਹਾਂ ਕਿ ਯਹੋਵਾਹ ਇਸ ਜਹਾਨ ਦਾ ਕਰਤਾਰ ਹੈ, ਪਰ ਸੱਚ ਦੱਸਾਂ ਤਾਂ ਉਹ ਚੰਗਾ ਨਹੀਂ। ਉਹ ਝੂਠਾ ਹੈ ਅਤੇ ਉਹ ਬਿਲਕੁਲ ਤੁਹਾਡਾ ਭਲਾ ਨਹੀਂ ਚਾਹੁੰਦਾ। ਤੁਹਾਨੂੰ ਉਸ ਦੀ ਕੀ ਲੋੜ ਹੈ? ਤੁਸੀਂ ਮੇਰੀ ਮੰਨੋ, ਤਾਂ ਆਪਣੇ ਫ਼ੈਸਲੇ ਖ਼ੁਦ ਕਰੋ। ਜੇ ਤੁਸੀਂ ਮੇਰਾ ਸਾਥ ਦਿਓਗੇ, ਤਾਂ ਮੈਂ ਤੁਹਾਨੂੰ ਸਭ ਕੁਝ ਦੇਵਾਂਗਾ।’ ਇਸ ਲਲਕਾਰ ਅਤੇ ਬਦਨਾਮੀ ਦੇ ਜਵਾਬ ਵਿਚ ਯਹੋਵਾਹ ਨੇ ਕੀ ਕੀਤਾ? ਕਈ ਲੋਕ ਸੋਚਦੇ ਹਨ ਕਿ ਉਨ੍ਹਾਂ ਤਿੰਨਾਂ ਨੂੰ ਉਸੇ ਪਲ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਸੀ। ਪਰ ਕੀ ਇਸ ਤਰ੍ਹਾਂ ਕਰਨ ਨਾਲ ਸ਼ੈਤਾਨ ਦੁਆਰਾ ਯਹੋਵਾਹ ’ਤੇ ਲਾਏ ਦੋਸ਼ਾਂ ਦਾ ਕੋਈ ਜਵਾਬ ਮਿਲਣਾ ਸੀ? ਕੀ ਇਹ ਸਾਬਤ ਹੁੰਦਾ ਕਿ ਇਨਸਾਨ ਸਿਰਫ਼ ਯਹੋਵਾਹ ਦੀ ਹਕੂਮਤ ਅਧੀਨ ਹੀ ਖ਼ੁਸ਼ ਰਹਿ ਸਕਦਾ ਹੈ?

9 ਤਾਂ ਫਿਰ, ਯਹੋਵਾਹ ਨੇ ਕੀ ਕੀਤਾ? ਯਹੋਵਾਹ ਜਾਣਦਾ ਸੀ ਕਿ ਆਪਣੇ ਨਾਂ ’ਤੇ ਲੱਗੇ ਕਲੰਕ ਨੂੰ ਮਿਟਾਉਣ ਲਈ ਸ਼ੈਤਾਨ ਨੂੰ ਆਪਣੀ ਗੱਲ ਸਾਬਤ ਕਰਨ ਲਈ ਸਮਾਂ ਦੇਣ ਦੀ ਲੋੜ ਸੀ। ਇਸ ਲਈ ਯਹੋਵਾਹ ਨੇ ਸ਼ੈਤਾਨ ਨੂੰ ਆਪਣੀ ਹਕੂਮਤ ਖੜ੍ਹੀ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ। ਪਰ ਕੀ ਸ਼ੈਤਾਨ ਨੂੰ ਆਪਣੀ ਗੱਲ ਸਾਬਤ ਕਰਨ ਲਈ ਇੰਨਾ ਲੰਬਾ ਸਮਾਂ ਦੇਣਾ ਜ਼ਰੂਰੀ ਸੀ? ਇਸ ਬਾਰੇ ਅਸੀਂ ਇਸ ਪੁਸਤਕ ਦੇ 11ਵੇਂ ਅਧਿਆਇ ਵਿਚ ਹੋਰ ਸਿੱਖਾਂਗੇ। ਪਰ ਹੁਣ ਜ਼ਰਾ ਇਸ ਗੱਲ ਬਾਰੇ ਸੋਚੋ: ਕੀ ਆਦਮ ਤੇ ਹੱਵਾਹ ਨੂੰ ਸ਼ੈਤਾਨ ਦੀ ਗੱਲ ਮੰਨਣੀ ਚਾਹੀਦੀ ਸੀ ਜਿਸ ਨੇ ਉਨ੍ਹਾਂ ਲਈ ਕੁਝ ਵੀ ਨਹੀਂ ਕੀਤਾ ਸੀ? ਕੀ ਉਨ੍ਹਾਂ ਨੂੰ ਮੰਨ ਲੈਣਾ ਚਾਹੀਦਾ ਸੀ ਕਿ ਯਹੋਵਾਹ ਝੂਠਾ ਤੇ ਬੁਰਾ ਹੈ ਜਿਸ ਨੇ ਉਨ੍ਹਾਂ ਨੂੰ ਸਭ ਕੁਝ ਦਿੱਤਾ ਸੀ? ਜੇ ਤੁਸੀਂ ਉਨ੍ਹਾਂ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?

10. ਅਸੀਂ ਸ਼ੈਤਾਨ ਨੂੰ ਕਿੱਦਾਂ ਝੂਠਾ ਸਾਬਤ ਕਰ ਸਕਦੇ ਹਾਂ?

10 ਅੱਜ ਸਾਡੇ ਸਾਮ੍ਹਣੇ ਵੀ ਇਹੀ ਸਵਾਲ ਹੈ: ਕੀ ਅਸੀਂ ਸ਼ੈਤਾਨ ਨੂੰ ਝੂਠਾ ਸਾਬਤ ਕਰ ਕੇ ਯਹੋਵਾਹ ਦਾ ਪੱਖ ਲਵਾਂਗੇ? ਅਸੀਂ ਸਾਰੇ ਯਹੋਵਾਹ ਨੂੰ ਆਪਣਾ ਪਾਤਸ਼ਾਹ ਮੰਨ ਕੇ ਸ਼ੈਤਾਨ ਦੇ ਝੂਠੇ ਇਲਜ਼ਾਮ ਦਾ ਮੂੰਹ-ਤੋੜ ਜਵਾਬ ਦੇ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 73:28; ਕਹਾਉਤਾਂ 27:11 ਪੜ੍ਹੋ।) ਪਰ ਅਫ਼ਸੋਸ ਦੀ ਗੱਲ ਹੈ ਕਿ ਦੁਨੀਆਂ ਵਿਚ ਬਹੁਤ ਸਾਰੇ ਲੋਕ ਅਣਜਾਣੇ ਵਿਚ ਸ਼ੈਤਾਨ ਦੇ ਮਗਰ ਲੱਗੇ ਹੋਏ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸ਼ੈਤਾਨ ਸੱਚ-ਮੁੱਚ ਇਸ ਦੁਨੀਆਂ ਦਾ ਰਾਜਾ ਹੈ। ਆਓ ਆਪਾਂ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।

ਇਸ ਦੁਨੀਆਂ ਦਾ ਰਾਜਾ ਕੌਣ ਹੈ?

ਜੇ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਸ਼ੈਤਾਨ ਦੀਆਂ ਨਾ ਹੁੰਦੀਆਂ, ਤਾਂ ਕੀ ਉਹ ਯਿਸੂ ਨੂੰ ਇਹ ਸਭ ਪੇਸ਼ ਕਰਦਾ?

11, 12. (ੳ) ਯਿਸੂ ਨੂੰ ਭਰਮਾਉਂਦੇ ਸਮੇਂ ਸ਼ੈਤਾਨ ਦੇ ਸ਼ਬਦਾਂ ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਉਹ ਹੀ ਇਸ ਦੁਨੀਆਂ ਦਾ ਰਾਜਾ ਹੈ? (ਅ) ਹੋਰ ਕਿਹੜੀ ਗੱਲ ਦਿਖਾਉਂਦੀ ਹੈ ਕਿ ਸ਼ੈਤਾਨ ਦੁਨੀਆਂ ਦਾ ਹਾਕਮ ਹੈ?

11 ਯਿਸੂ ਜਾਣਦਾ ਸੀ ਕਿ ਸ਼ੈਤਾਨ ਹੀ ਇਸ ਦੁਨੀਆਂ ਦਾ ਰਾਜਾ ਹੈ। ਮਿਸਾਲ ਲਈ, ਇਕ ਵਾਰ ਸ਼ੈਤਾਨ ਨੇ ਯਿਸੂ ਨੂੰ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਦਿਖਾ ਕੇ ਕਿਹਾ: “ਜੇ ਤੂੰ ਮੈਨੂੰ ਇਕ ਵਾਰ ਮੱਥਾ ਟੇਕੇਂ, ਤਾਂ ਮੈਂ ਇਹ ਸਭ ਕੁਝ ਤੈਨੂੰ ਦੇ ਦਿਆਂਗਾ।” (ਮੱਤੀ 4:8, 9; ਲੂਕਾ 4:5, 6) ਜ਼ਰਾ ਸੋਚੋ, ਜੇ ਸ਼ੈਤਾਨ ਇਸ ਦੁਨੀਆਂ ਦਾ ਰਾਜਾ ਨਾ ਹੁੰਦਾ, ਤਾਂ ਕੀ ਉਹ ਯਿਸੂ ਨੂੰ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਪੇਸ਼ ਕਰ ਸਕਦਾ ਸੀ? ਅਤੇ ਜੇ ਉਹ ਰਾਜਾ ਨਾ ਹੁੰਦਾ, ਤਾਂ ਕੀ ਯਿਸੂ ਨੇ ਉਸ ਨੂੰ ਸਾਫ਼-ਸਾਫ਼ ਇਹ ਨਹੀਂ ਕਹਿ ਦੇਣਾ ਸੀ ਕਿ ‘ਇਹ ਤੇਰੀਆਂ ਸਾਰੀਆਂ ਬਾਦਸ਼ਾਹੀਆਂ ਨਹੀਂ ਜੋ ਤੂੰ ਮੈਨੂੰ ਦੇ ਦੇਵੇਂ’?

12 ਪਰ ਕੀ ਅਸੀਂ ਪਹਿਲਾਂ ਇਹ ਨਹੀਂ ਸਿੱਖਿਆ ਸੀ ਕਿ ਯਹੋਵਾਹ ਸਰਬਸ਼ਕਤੀਮਾਨ ਅਤੇ ਸਾਰੇ ਜਹਾਨ ਦਾ ਮਾਲਕ ਹੈ? (ਪ੍ਰਕਾਸ਼ ਦੀ ਕਿਤਾਬ 4:11) ਹਾਂ, ਇਹ ਸੱਚ ਹੈ। ਪਰ ਯਿਸੂ ਨੇ ਸਾਫ਼-ਸਾਫ਼ ਕਿਹਾ ਸੀ ਕਿ ਸ਼ੈਤਾਨ ਹੀ ਇਸ ਦੁਨੀਆਂ ਦਾ ਹਾਕਮ ਹੈ। (ਯੂਹੰਨਾ 12:31; 14:30; 16:11) ਬਾਈਬਲ ਇਹ ਵੀ ਕਹਿੰਦੀ ਹੈ ਕਿ ਸ਼ੈਤਾਨ ਇਸ ‘ਦੁਨੀਆਂ ਦਾ ਈਸ਼ਵਰ’ ਹੈ। (2 ਕੁਰਿੰਥੀਆਂ 4:3, 4) ਬਾਈਬਲ ਲਿਖਾਰੀ ਯੂਹੰਨਾ ਨੇ ਵੀ ਕਿਹਾ ਸੀ ਕਿ “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿੱਚ ਹੈ।”​—1 ਯੂਹੰਨਾ 5:19.

ਸ਼ੈਤਾਨ ਦੀ ਦੁਨੀਆਂ ਦਾ ਖ਼ਾਤਮਾ ਨੇੜੇ ਹੈ

13. ਇਸ ਦੁਸ਼ਟ ਦੁਨੀਆਂ ਦਾ ਖ਼ਾਤਮਾ ਕਿਉਂ ਜ਼ਰੂਰੀ ਹੈ?

13 ਸ਼ੈਤਾਨ ਦੇ ਰਾਜ ਹੇਠ ਦੁਨੀਆਂ ਦੇ ਹਾਲਾਤ ਦਿਨ-ਬਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਲੜਾਈਆਂ, ਦੰਗੇ-ਫਸਾਦ, ਬੇਈਮਾਨੀਆਂ, ਲੁੱਟਮਾਰ ਅਤੇ ਕਤਲ ਅੱਜ-ਕੱਲ੍ਹ ਆਮ ਹੋ ਗਏ ਹਨ। ਦੁਨੀਆਂ ਵਿਚ ਹਨੇਰਗਰਦੀ ਇਸ ਹੱਦ ਤਕ ਫੈਲ ਚੁੱਕੀ ਹੈ ਕਿ ਦੁਨੀਆਂ ਦੇ ਹਾਲਾਤਾਂ ਦੇ ਸੁਧਰਨ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ। ਲੇਕਿਨ ਸਾਨੂੰ ਬਾਈਬਲ ਤੋਂ ਉਮੀਦ ਮਿਲਦੀ ਹੈ। ਯਹੋਵਾਹ ਦਾ ਵਾਅਦਾ ਹੈ ਕਿ ਉਹ ਆਰਮਾਗੇਡਨ ਦੀ ਲੜਾਈ ਵਿਚ ਸ਼ੈਤਾਨ ਦੀ ਇਸ ਦੁਸ਼ਟ ਦੁਨੀਆਂ ਨੂੰ ਖ਼ਤਮ ਕਰ ਦੇਵੇਗਾ। ਫਿਰ ਇਕ ਸੁਨਹਿਰਾ ਯੁਗ ਸ਼ੁਰੂ ਹੋ ਜਾਵੇਗਾ ਜਿਸ ਵਿਚ ਸਭ ਧਰਮੀ ਲੋਕ ਸੁੱਖ-ਸ਼ਾਂਤੀ ਨਾਲ ਵੱਸਣਗੇ।​—ਪ੍ਰਕਾਸ਼ ਦੀ ਕਿਤਾਬ 16:14-16.

14. ਯਹੋਵਾਹ ਦੇ ਰਾਜ ਦਾ ਰਾਜਾ ਕੌਣ ਹੈ ਅਤੇ ਉਸ ਬਾਰੇ ਬਾਈਬਲ ਵਿਚ ਪਹਿਲਾਂ ਹੀ ਕੀ ਦੱਸਿਆ ਗਿਆ ਸੀ?

14 ਉਸ ਵੇਲੇ ਪੂਰੀ ਧਰਤੀ ਯਹੋਵਾਹ ਪਰਮੇਸ਼ੁਰ ਦੇ ਅਧੀਨ ਹੋਵੇਗੀ। ਯਹੋਵਾਹ ਨੇ ਬਹੁਤ ਚਿਰ ਪਹਿਲਾਂ ਦੱਸਿਆ ਸੀ ਕਿ ਯਿਸੂ ਮਸੀਹ ‘ਸ਼ਾਂਤੀ ਦੇ ਰਾਜ ਕੁਮਾਰ’ ਦੇ ਤੌਰ ਤੇ ਸਦਾ ਰਾਜ ਕਰੇਗਾ। (ਯਸਾਯਾਹ 9:6, 7) ਹਾਂ, ਯਹੋਵਾਹ ਨੇ ਯਿਸੂ ਨੂੰ ਹੀ ਇਨਸਾਨਾਂ ਉੱਤੇ ਰਾਜ ਕਰਨ ਲਈ ਚੁਣਿਆ ਹੈ। ਜਦੋਂ ਯਿਸੂ ਧਰਤੀ ’ਤੇ ਸੀ, ਉਦੋਂ ਉਸ ਨੇ ਆਪਣੇ ਚੇਲਿਆਂ ਨੂੰ ਇਸ ਸਵਰਗੀ ਰਾਜ ਬਾਰੇ ਦੱਸਿਆ ਸੀ। ਉਸ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਸਿਖਾਈ ਸੀ: “ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:10) ਦੁਨੀਆਂ ਦੀਆਂ ਸਰਕਾਰਾਂ ਨੂੰ ਹਟਾ ਕੇ ਯਹੋਵਾਹ ਆਪਣਾ ਰਾਜ ਖੜ੍ਹਾ ਕਰ ਕੇ ਧਰਤੀ ’ਤੇ ਸੁੱਖ-ਸ਼ਾਂਤੀ ਲਿਆਵੇਗਾ।​—ਦਾਨੀਏਲ 2:44 ਪੜ੍ਹੋ।

ਧਰਤੀ ਸੋਹਣੀ ਬਣ ਜਾਵੇਗੀ

15. “ਨਵੀਂ ਧਰਤੀ” ਕੀ ਹੈ?

15 ਬਾਈਬਲ ਦੱਸਦੀ ਹੈ ਕਿ ਬਹੁਤ ਜਲਦ ਧਰਤੀ ਉੱਤੇ ਹਾਲਾਤ ਬਦਲ ਜਾਣਗੇ। ਅਸੀਂ “ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ ਅਤੇ ਇਨ੍ਹਾਂ ਵਿਚ ਹਮੇਸ਼ਾ ਧਾਰਮਿਕਤਾ ਰਹੇਗੀ।” (2 ਪਤਰਸ 3:13; ਯਸਾਯਾਹ 65:17) ਜਦ ਬਾਈਬਲ ਵਿਚ “ਧਰਤੀ” ਦਾ ਜ਼ਿਕਰ ਹੁੰਦਾ ਹੈ, ਤਦ ਅਕਸਰ ਇਸ ਦਾ ਮਤਲਬ ਧਰਤੀ ਦੇ ਲੋਕ ਹੁੰਦਾ ਹੈ। ਤਾਂ ਫਿਰ, “ਨਵੀਂ ਧਰਤੀ” ਉਨ੍ਹਾਂ ਨੇਕਦਿਲ ਤੇ ਧਰਮੀ ਲੋਕਾਂ ਨੂੰ ਦਰਸਾਉਂਦੀ ਹੈ ਜੋ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਨ।

16. ਅਸੀਂ ਸਦਾ ਦਾ ਜੀਵਨ ਕਿੱਦਾਂ ਪਾ ਸਕਦੇ ਹਾਂ?

16 ਯਿਸੂ ਨੇ ਕਿਹਾ ਸੀ ਕਿ ਨਵੀਂ ਦੁਨੀਆਂ ਵਿਚ ਲੋਕ ਸਦਾ ਲਈ ਜੀ ਸਕਣਗੇ। (ਮਰਕੁਸ 10:30) ਪਰ ਅਸੀਂ ਸਦਾ ਦਾ ਜੀਵਨ ਕਿੱਦਾਂ ਪਾ ਸਕਦੇ ਹਾਂ? ਆਪਣੀ ਬਾਈਬਲ ਖੋਲ੍ਹ ਕੇ ਯੂਹੰਨਾ 3:16 ਅਤੇ 17:3 ਪੜ੍ਹੋ ਅਤੇ ਦੇਖੋ ਕਿ ਯਿਸੂ ਨੇ ਇਸ ਬਾਰੇ ਕੀ ਕਿਹਾ। ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਦਾ ਬਚਨ ਨਵੀਂ ਦੁਨੀਆਂ ਬਾਰੇ ਕੀ ਕਹਿੰਦਾ ਹੈ।

17, 18. ਅਸੀਂ ਪੱਕਾ ਯਕੀਨ ਕਿਉਂ ਕਰ ਸਕਦੇ ਹਾਂ ਕਿ ਪੂਰੀ ਧਰਤੀ ਉੱਤੇ ਸੁੱਖ-ਸ਼ਾਂਤੀ ਤੇ ਸਲਾਮਤੀ ਹੋਵੇਗੀ?

17 ਬੁਰਾਈ, ਲੜਾਈਆਂ, ਅਪਰਾਧ ਅਤੇ ਹਿੰਸਾ ਜੜ੍ਹੋਂ ਉਖਾੜੇ ਜਾਣਗੇ। ਪਰਮੇਸ਼ੁਰ ਕਹਿੰਦਾ ਹੈ ਕਿ ਦੁਸ਼ਟ ਲੋਕ ਨਾਸ਼ ਕੀਤੇ ਜਾਣਗੇ ਅਤੇ ਉਸ ਦੇ ਪ੍ਰੇਮੀ ਧਰਤੀ ਦੇ ਵਾਰਸ ਹੋਣਗੇ। (ਜ਼ਬੂਰਾਂ ਦੀ ਪੋਥੀ 37:10, 11) ਸਾਰੀ ਧਰਤੀ ਉੱਤੇ ਅਮਨ-ਚੈਨ ਹੋਵੇਗਾ ਕਿਉਂਕਿ ਯਹੋਵਾਹ ‘ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦੇਵੇਗਾ।’ (ਜ਼ਬੂਰਾਂ ਦੀ ਪੋਥੀ 46:9; ਯਸਾਯਾਹ 2:4) ਹਾਂ, ਹਰ ਪਾਸੇ ਨੇਕੀ ਹੋਵੇਗੀ ਅਤੇ ਬਾਈਬਲ ਕਹਿੰਦੀ ਹੈ ਕਿ ਸੁੱਖ-ਸ਼ਾਂਤੀ ਉੱਨਾ ਚਿਰ ਰਹੇਗੀ ਜਿੰਨਾ ਚਿਰ ਚੰਦ ਹੈ ਯਾਨੀ ਹਮੇਸ਼ਾ-ਹਮੇਸ਼ਾ ਲਈ।​—ਜ਼ਬੂਰਾਂ ਦੀ ਪੋਥੀ 72:7.

18 ਯਹੋਵਾਹ ਦੇ ਲੋਕ ਬੇਫ਼ਿਕਰ ਹੋ ਕੇ ਧਰਤੀ ਤੇ ਵੱਸਣਗੇ। ਪੁਰਾਣੇ ਜ਼ਮਾਨੇ ਵਿਚ ਜਦ ਯਹੋਵਾਹ ਦੇ ਲੋਕ ਉਸ ਦੇ ਨਿਯਮਾਂ ਅਨੁਸਾਰ ਚੱਲਦੇ ਸਨ, ਤਾਂ ਉਹ ਸੁੱਖ-ਸਾਂਦ ਨਾਲ ਰਹਿੰਦੇ ਸਨ ਤੇ ਉਨ੍ਹਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਹੁੰਦਾ ਸੀ। (ਲੇਵੀਆਂ 25:18, 19) ਇਸੇ ਤਰ੍ਹਾਂ, ਭਵਿੱਖ ਵਿਚ ਯਹੋਵਾਹ ਦੇ ਰਾਜ ਅਧੀਨ ਸਾਰੇ ਲੋਕ ਬਿਨਾਂ ਕਿਸੇ ਡਰ ਦੇ ਵੱਸਣਗੇ।​—ਯਸਾਯਾਹ 32:18 ਪੜ੍ਹੋ; ਮੀਕਾਹ 4:4.

19. ਅਸੀਂ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ ਕਿ ਨਵੀਂ ਦੁਨੀਆਂ ਵਿਚ ਖਾਣੇ ਦੀ ਕੋਈ ਕਮੀ ਨਹੀਂ ਹੋਵੇਗੀ?

19 ਖਾਣੇ ਦੀ ਕੋਈ ਕਮੀ ਨਹੀਂ ਹੋਵੇਗੀ। ਸਾਰੇ ਜਣੇ ਪੇਟ ਭਰ ਕੇ ਖਾਣਗੇ। ਪਰਮੇਸ਼ੁਰ ਕਹਿੰਦਾ ਹੈ ਕਿ ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’ (ਜ਼ਬੂਰਾਂ ਦੀ ਪੋਥੀ 72:16) ਯਹੋਵਾਹ ਹਰੇਕ ਨੇਕਦਿਲ ਇਨਸਾਨ ਨੂੰ ਅਸੀਸ ਦੇਵੇਗਾ, ਕੋਈ ਵੀ ਭੁੱਖੇ ਪੇਟ ਨਹੀਂ ਸੌਂਵੇਗਾ ਤੇ ਨਾ ਹੀ ਕੋਈ ਰੋਟੀ ਦੇ ਟੁਕੜੇ ਲਈ ਕਦੀ ਹੱਥ ਫੈਲਾਵੇਗਾ ਕਿਉਂਕਿ ਧਰਤੀ ’ਤੇ ਬਹੁਤ ਫ਼ਸਲ ਹੋਵੇਗੀ।​—ਜ਼ਬੂਰਾਂ ਦੀ ਪੋਥੀ 67:6.

20. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਸਾਰੀ ਧਰਤੀ ਅਦਨ ਦੇ ਬਾਗ਼ ਵਰਗੀ ਬਣ ਜਾਵੇਗੀ?

20 ਸਾਰੀ ਧਰਤੀ ਸੋਹਣੀ ਬਣ ਜਾਵੇਗੀ। ਅੱਜ ਇਨਸਾਨ ਧਰਤੀ ਨੂੰ ਤਬਾਹ ਕਰ ਰਹੇ ਹਨ। ਪਰ ਨਵੀਂ ਦੁਨੀਆਂ ਵਿਚ ਇਹ ਕੰਡਿਆਂ ਭਰੀ ਧਰਤੀ ਸੁੰਦਰ ਫੁੱਲਾਂ ਨਾਲ ਸਜਾਈ ਜਾਵੇਗੀ। ਝੌਂਪੜ-ਪੱਟੀਆਂ ਤੇ ਗੰਦੀਆਂ ਬਸਤੀਆਂ ਦੀ ਥਾਂ ਸੋਹਣੇ ਘਰ ਹੋਣਗੇ। (ਯਸਾਯਾਹ 65:21-24 ਪੜ੍ਹੋ; ਪ੍ਰਕਾਸ਼ ਦੀ ਕਿਤਾਬ 11:18) ਸਾਰੀ ਧਰਤੀ ਬਿਲਕੁਲ ਅਦਨ ਦੇ ਬਾਗ਼ ਵਰਗੀ ਹੋਵੇਗੀ। ਉਦੋਂ ਯਹੋਵਾਹ ‘ਆਪਣਾ ਹੱਥ ਖੋਲ੍ਹ ਕੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰੇਗਾ।’​—ਜ਼ਬੂਰਾਂ ਦੀ ਪੋਥੀ 145:16.

21. ਕਿਹੜੀ ਗੱਲ ਦਿਖਾਉਂਦੀ ਹੈ ਕਿ ਇਨਸਾਨਾਂ ਤੇ ਜਾਨਵਰਾਂ ਵਿਚ ਸ਼ਾਂਤੀ ਹੋਵੇਗੀ?

21 ਇਨਸਾਨਾਂ ਅਤੇ ਜਾਨਵਰਾਂ ਵਿਚ ਸ਼ਾਂਤੀ ਹੋਵੇਗੀ। ਸਾਰੇ ਜਾਨਵਰ ਸ਼ਾਂਤੀ ਨਾਲ ਇਕੱਠੇ ਰਹਿਣਗੇ। ਖ਼ਤਰਨਾਕ ਜਾਨਵਰਾਂ ਤੋਂ ਕਿਸੇ ਨੂੰ, ਇੱਥੋਂ ਤਕ ਕਿ ਛੋਟੇ-ਛੋਟੇ ਬੱਚਿਆਂ ਨੂੰ ਵੀ ਡਰਨ ਦੀ ਲੋੜ ਨਹੀਂ ਹੋਵੇਗੀ।​—ਯਸਾਯਾਹ 11:6-9 ਪੜ੍ਹੋ; 65:25.

22. ਬੀਮਾਰੀਆਂ ਨੂੰ ਕੀ ਹੋਵੇਗਾ?

22 ਹਰ ਬੀਮਾਰੀ ਖ਼ਤਮ ਕੀਤੀ ਜਾਵੇਗੀ। ਜਦ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਅੰਨ੍ਹਿਆਂ ਨੂੰ ਸੁਜਾਖਾ ਕੀਤਾ, ਬੋਲਿਆਂ ਦੇ ਕੰਨ ਖੋਲ੍ਹੇ ਅਤੇ ਬੀਮਾਰਾਂ ਨੂੰ ਰਾਜ਼ੀ ਕੀਤਾ। (ਮੱਤੀ 9:35; ਮਰਕੁਸ 1:40-42; ਯੂਹੰਨਾ 5:5-9) ਉਸੇ ਤਰ੍ਹਾਂ ਨਵੀਂ ਦੁਨੀਆਂ ਵਿਚ ਉਹ ਹਮੇਸ਼ਾ-ਹਮੇਸ਼ਾ ਲਈ ਬੀਮਾਰੀਆਂ ਨੂੰ ਖ਼ਤਮ ਕਰ ਦੇਵੇਗਾ। ਉਸ ਦੇ ਰਾਜ ਅਧੀਨ ਕਿਸੇ ਦੀ ਜ਼ਬਾਨ ’ਤੇ ਇਹ ਸ਼ਬਦ ਨਹੀਂ ਆਉਣਗੇ: “ਮੈਂ ਬਿਮਾਰ ਹਾਂ।”​—ਯਸਾਯਾਹ 33:24; 35:5, 6.

23. ਸਾਡੇ ਮਰੇ ਹੋਏ ਅਜ਼ੀਜ਼ਾਂ ਲਈ ਕੀ ਉਮੀਦ ਹੈ?

23 ਸਾਡੇ ਅਜ਼ੀਜ਼ ਮੌਤ ਦੀ ਨੀਂਦ ਤੋਂ ਜਾਗ ਉੱਠਣਗੇ ਅਤੇ ਸਦਾ ਦੀ ਜ਼ਿੰਦਗੀ ਪਾ ਸਕਣਗੇ। ਉਹ ਯਹੋਵਾਹ ਦੀ ਯਾਦ ਵਿਚ ਵੱਸਦੇ ਹਨ ਅਤੇ ਦੁਬਾਰਾ ਜੀਉਂਦੇ ਕੀਤੇ ਜਾਣਗੇ। ਯਹੋਵਾਹ ਦਾ ਬਚਨ ਕਹਿੰਦਾ ਹੈ ਕਿ “ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।”​—ਰਸੂਲਾਂ ਦੇ ਕੰਮ 24:15; ਯੂਹੰਨਾ 5:28, 29 ਪੜ੍ਹੋ।

24. ਭਵਿੱਖ ਬਾਰੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ?

24 ਵਾਕਈ, ਉਨ੍ਹਾਂ ਨੇਕਦਿਲ ਲੋਕਾਂ ਦਾ ਭਵਿੱਖ ਸੁਨਹਿਰਾ ਹੋਵੇਗਾ ਜੋ ਇਸ ਸਮੇਂ ਅੱਤ ਮਹਾਨ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਬਾਰੇ ਸਿੱਖਣ ਅਤੇ ਉਸ ਦੀ ਸੇਵਾ ਕਰਨ ਦਾ ਫ਼ੈਸਲਾ ਕਰਦੇ ਹਨ! ਸਾਨੂੰ ਇਹ ਸਭ ਬਰਕਤਾਂ ਯਿਸੂ ਮਸੀਹ ਸਦਕਾ ਮਿਲਣਗੀਆਂ। ਇਸ ਲਈ ਅਸੀਂ ਅਗਲੇ ਅਧਿਆਇ ਵਿਚ ਉਸ ਬਾਰੇ ਹੋਰ ਸਿੱਖਾਂਗੇ।