Skip to content

Skip to table of contents

ਅਧਿਆਇ 4

ਯਿਸੂ ਮਸੀਹ ਕੌਣ ਹੈ?

ਯਿਸੂ ਮਸੀਹ ਕੌਣ ਹੈ?
  • ਯਿਸੂ ਨੂੰ ਕਿਸ ਖ਼ਾਸ ਕੰਮ ਲਈ ਚੁਣਿਆ ਗਿਆ ਸੀ?

  • ਧਰਤੀ ’ਤੇ ਆਉਣ ਤੋਂ ਪਹਿਲਾਂ ਯਿਸੂ ਕਿੱਥੇ ਸੀ?

  • ਯਿਸੂ ਕਿਹੋ ਜਿਹਾ ਸੀ?

1, 2. (ੳ) ਕਿਸੇ ਨੂੰ ਚੰਗੀ ਤਰ੍ਹਾਂ ਜਾਣਨ ਲਈ ਕੀ ਉਸ ਦਾ ਨਾਂ ਜਾਣਨਾ ਕਾਫ਼ੀ ਹੈ? ਸਮਝਾਓ। (ਅ) ਯਿਸੂ ਬਾਰੇ ਲੋਕਾਂ ਦੇ ਕਿਹੋ ਜਿਹੇ ਵਿਚਾਰ ਹਨ?

ਦੁਨੀਆਂ ਵਿਚ ਕਈ ਲੋਕ ਹਨ ਜਿਨ੍ਹਾਂ ਨੇ ਆਪਣੇ ਲਈ ਵੱਡਾ ਨਾਂ ਕਮਾਇਆ ਹੈ। ਸ਼ਾਇਦ ਤੁਸੀਂ ਵੀ ਕਿਸੇ ਮਸ਼ਹੂਰ ਗਾਇਕ ਜਾਂ ਫ਼ਿਲਮੀ ਸਿਤਾਰੇ ਦਾ ਨਾਂ ਜਾਣਦੇ ਹੋਵੋਗੇ। ਪਰ ਕੀ ਕਿਸੇ ਦਾ ਨਾਂ ਜਾਣਨ ਨਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ? ਨਹੀਂ। ਸਿਰਫ਼ ਨਾਂ ਜਾਣਨ ਨਾਲ ਤੁਸੀਂ ਕਿਸੇ ਦੀ ਜ਼ਿੰਦਗੀ ਜਾਂ ਉਸ ਦੇ ਸੁਭਾਅ ਬਾਰੇ ਨਹੀਂ ਜਾਣ ਸਕਦੇ।

2 ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕਾਂ ਨੇ ਯਿਸੂ ਮਸੀਹ ਦਾ ਨਾਂ ਸੁਣਿਆ ਹੈ। ਭਾਵੇਂ ਉਹ ਤਕਰੀਬਨ 2,000 ਸਾਲ ਪਹਿਲਾਂ ਧਰਤੀ ’ਤੇ ਸੀ, ਪਰ ਉਹ ਹਾਲੇ ਵੀ ਬਹੁਤ ਮਸ਼ਹੂਰ ਹੈ। ਲੇਕਿਨ ਕੀ ਲੋਕ ਉਸ ਨੂੰ ਸੱਚ-ਮੁੱਚ ਜਾਣਦੇ ਹਨ? ਕਈ ਲੋਕ ਸੋਚਦੇ ਹਨ ਕਿ ਯਿਸੂ ਸਿਰਫ਼ ਇਕ ਚੰਗਾ ਇਨਸਾਨ ਸੀ, ਜਦ ਕਿ ਕਈ ਹੋਰ ਮੰਨਦੇ ਹਨ ਕਿ ਉਹ ਇਕ ਨਬੀ ਸੀ। ਕਈ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਗੁਰੂ ਨਹੀਂ, ਸਗੋਂ ਈਸ਼ਵਰ ਹੈ ਅਤੇ ਉਸ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ। ਕੀ ਇਹ ਸੱਚ ਹੈ?

3. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਅਤੇ ਯਿਸੂ ਨੂੰ ਜਾਣੀਏ?

3 ਯਿਸੂ ਬਾਰੇ ਸੱਚਾਈ ਜਾਣਨੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਕਿਉਂ? ਕਿਉਂਕਿ ਬਾਈਬਲ ਸਾਫ਼-ਸਾਫ਼ ਕਹਿੰਦੀ ਹੈ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।” (ਯੂਹੰਨਾ 17:3) ਜੀ ਹਾਂ, ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਜਾਣਨ ਨਾਲ ਸਾਨੂੰ ਸਦਾ ਦੀ ਜ਼ਿੰਦਗੀ ਮਿਲੇਗੀ। ਯਿਸੂ ਹੀ ਸਾਨੂੰ ਸਦਾ ਦੀ ਜ਼ਿੰਦਗੀ ਦਾ ਰਾਹ ਦਿਖਾਉਂਦਾ ਹੈ। (ਯੂਹੰਨਾ 14:6) ਇਸ ਤੋਂ ਇਲਾਵਾ, ਯਿਸੂ ਨੂੰ ਜਾਣਨ ਨਾਲ ਅਸੀਂ ਹੁਣ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਜੀਉਣੀ ਅਤੇ ਦੂਸਰਿਆਂ ਨਾਲ ਚੰਗਾ ਵਰਤਾਅ ਕਰਨਾ ਸਿੱਖਦੇ ਹਾਂ। (ਯੂਹੰਨਾ 13:34, 35) ਆਓ ਆਪਾਂ ਹੁਣ ਦੇਖੀਏ ਕਿ ਬਾਈਬਲ ਯਿਸੂ ਬਾਰੇ ਕੀ ਕਹਿੰਦੀ ਹੈ।

ਯਹੋਵਾਹ ਨੇ ਯਿਸੂ ਨੂੰ ਚੁਣਿਆ

4. ਲੋਕਾਂ ਨੂੰ ਮਸੀਹ ਬਾਰੇ ਕੀ ਪਤਾ ਸੀ?

4 ਯਿਸੂ ਦੇ ਜ਼ਮਾਨੇ ਤੋਂ ਬਹੁਤ ਚਿਰ ਪਹਿਲਾਂ ਯਹੋਵਾਹ ਨੇ ਦੱਸਿਆ ਸੀ ਕਿ ਉਹ ਇਨਸਾਨਾਂ ਲਈ ਇਕ ਮਸੀਹ ਨੂੰ ਘੱਲੇਗਾ। ਲੋਕਾਂ ਨੂੰ ਪਤਾ ਸੀ ਕਿ ਮਸੀਹ ਪਰਮੇਸ਼ੁਰ ਦਾ ਚੁਣਿਆ ਹੋਇਆ ਦਾਸ ਹੋਵੇਗਾ ਜਿਸ ਨੇ ਪਰਮੇਸ਼ੁਰ ਲਈ ਬਹੁਤ ਖ਼ਾਸ ਕੰਮ ਕਰਨਾ ਸੀ। ਇਸੇ ਕਰਕੇ ਉਹ ਮਸੀਹ ਦੀ ਉਡੀਕ ਵਿਚ ਸਨ ਅਤੇ ਸੋਚ ਰਹੇ ਸਨ ਕਿ ‘ਇਹ ਮਸੀਹ ਕੌਣ ਹੋਵੇਗਾ?’ ਅਸੀਂ ਬਾਅਦ ਵਿਚ ਸਿੱਖਾਂਗੇ ਕਿ ਯਹੋਵਾਹ ਦੇ ਮਕਸਦ ਦੀ ਪੂਰਤੀ ਵਿਚ ਯਿਸੂ ਦੀ ਕੀ ਖ਼ਾਸ ਭੂਮਿਕਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਯਿਸੂ ਰਾਹੀਂ ਅਸੀਂ ਹੁਣ ਕਿਹੜੀਆਂ ਅਸੀਸਾਂ ਪਾ ਸਕਦੇ ਹਾਂ। ਪਰ ਆਓ ਆਪਾਂ ਪਹਿਲਾਂ ਦੇਖੀਏ ਕਿ ਯਿਸੂ ਦੇ ਸਮੇਂ ਵਿਚ ਲੋਕਾਂ ਨੇ ਮਸੀਹ ਦੀ ਪਛਾਣ ਕਿੱਦਾਂ ਕੀਤੀ ਸੀ।

5. ਯਿਸੂ ਦੇ ਚੇਲਿਆਂ ਨੂੰ ਕਿਸ ਗੱਲ ਉੱਤੇ ਪੂਰਾ ਯਕੀਨ ਸੀ?

5 ਜਦ ਯਿਸੂ ਧਰਤੀ ’ਤੇ ਸੀ, ਤਦ ਉਸ ਦੇ ਚੇਲਿਆਂ ਨੂੰ ਪੂਰਾ ਯਕੀਨ ਸੀ ਕਿ ਉਹ ਹੀ ਮਸੀਹ ਤੇ ਮੁਕਤੀਦਾਤਾ ਸੀ। (ਯੂਹੰਨਾ 1:41) ਯਿਸੂ ਦੇ ਇਕ ਚੇਲੇ ਨੇ ਤਾਂ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ “ਤੂੰ ਮਸੀਹ ਹੈਂ।” (ਮੱਤੀ 16:16) ਪਰ ਯਿਸੂ ਦੇ ਚੇਲੇ ਇੰਨੇ ਯਕੀਨ ਨਾਲ ਕਿੱਦਾਂ ਕਹਿ ਸਕੇ ਕਿ ਯਿਸੂ ਹੀ ਯਹੋਵਾਹ ਦਾ ਚੁਣਿਆ ਹੋਇਆ ਸੀ? ਅਤੇ ਅੱਜ ਅਸੀਂ ਇਸ ਗੱਲ ਦਾ ਕਿੱਦਾਂ ਯਕੀਨ ਕਰ ਸਕਦੇ ਹਾਂ?

6. ਮਿਸਾਲ ਦੇ ਕੇ ਸਮਝਾਓ ਕਿ ਯਹੋਵਾਹ ਨੇ ਮਸੀਹ ਨੂੰ ਪਛਾਣਨ ਵਿਚ ਨੇਕਦਿਲ ਲੋਕਾਂ ਦੀ ਕਿੱਦਾਂ ਮਦਦ ਕੀਤੀ।

6 ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਇਕ ਮਿਸਾਲ ਉੱਤੇ ਗੌਰ ਕਰੀਏ। ਫ਼ਰਜ਼ ਕਰੋ ਕਿ ਤੁਸੀਂ ਕਿਸੇ ਵਿਅਕਤੀ ਨੂੰ ਰੇਲਵੇ ਸਟੇਸ਼ਨ ਤੋਂ ਲੈਣ ਜਾਣਾ ਹੈ ਜਿਸ ਨੂੰ ਤੁਸੀਂ ਪਹਿਲਾਂ ਕਦੀ ਵੀ ਨਹੀਂ ਮਿਲੇ। ਤੁਸੀਂ ਉਸ ਨੂੰ ਕਿੱਦਾਂ ਪਛਾਣੋਗੇ? ਜੇ ਤੁਹਾਨੂੰ ਉਸ ਬਾਰੇ ਕੁਝ ਗੱਲਾਂ ਪਹਿਲਾਂ ਹੀ ਦੱਸੀਆਂ ਜਾਣ, ਤਾਂ ਕੀ ਤੁਹਾਡਾ ਕੰਮ ਆਸਾਨ ਨਹੀਂ ਹੋ ਜਾਵੇਗਾ? ਇਸੇ ਤਰ੍ਹਾਂ, ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਸਾਫ਼-ਸਾਫ਼ ਦੱਸਿਆ ਸੀ ਕਿ ਮਸੀਹ ਕਿੱਥੇ ਜਨਮ ਲਵੇਗਾ, ਉਹ ਕੀ ਕੁਝ ਕਰੇਗਾ ਅਤੇ ਉਸ ਨਾਲ ਕਿਹੋ ਜਿਹਾ ਵਰਤਾਅ ਕੀਤਾ ਜਾਵੇਗਾ। ਇਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਰਾਹੀਂ ਨੇਕਦਿਲ ਲੋਕ ਮਸੀਹ ਨੂੰ ਪਛਾਣ ਸਕਦੇ ਸਨ।

7. ਯਿਸੂ ਦੇ ਸੰਬੰਧ ਵਿਚ ਕਿਹੜੀਆਂ ਦੋ ਭਵਿੱਖਬਾਣੀਆਂ ਪੂਰੀਆਂ ਹੋਈਆਂ ਸਨ?

7 ਆਓ ਆਪਾਂ ਦੋ ਭਵਿੱਖਬਾਣੀਆਂ ਦੇਖੀਏ ਜੋ ਮਸੀਹ ਦੀ ਪਛਾਣ ਕਰਾਉਂਦੀਆਂ ਹਨ। ਯਿਸੂ ਦੇ ਜਨਮ ਤੋਂ ਤਕਰੀਬਨ 700 ਸਾਲ ਪਹਿਲਾਂ ਯਹੋਵਾਹ ਨੇ ਆਪਣੇ ਭਗਤ ਮੀਕਾਹ ਰਾਹੀਂ ਦੱਸਿਆ ਸੀ ਕਿ ਮਸੀਹ ਦਾ ਜਨਮ ਯਹੂਦਾਹ ਦੇ ਇਕ ਛੋਟੇ ਸ਼ਹਿਰ ਬੈਤਲਹਮ ਵਿਚ ਹੋਵੇਗਾ। (ਮੀਕਾਹ 5:2) ਯਿਸੂ ਦਾ ਜਨਮ ਬੈਤਲਹਮ ਸ਼ਹਿਰ ਵਿਚ ਹੀ ਹੋਇਆ ਸੀ। (ਮੱਤੀ 2:1, 3-9) ਦੂਜੀ ਭਵਿੱਖਬਾਣੀ ਯਿਸੂ ਦੇ ਜਨਮ ਤੋਂ ਲਗਭਗ 500 ਸਾਲ ਪਹਿਲਾਂ ਕੀਤੀ ਗਈ ਸੀ। ਇਸ ਭਵਿੱਖਬਾਣੀ ਮੁਤਾਬਕ ਮਸੀਹ ਨੇ ਸੰਨ 29 ਈਸਵੀ ਵਿਚ ਆਪਣਾ ਕੰਮ ਸ਼ੁਰੂ ਕਰਨਾ ਸੀ * (ਦਾਨੀਏਲ 9:25) ਠੀਕ ਜਿਵੇਂ ਲਿਖਿਆ ਗਿਆ ਸੀ ਯਿਸੂ ਨੇ ਉਸੇ ਸਾਲ ਆਪਣਾ ਕੰਮ ਸ਼ੁਰੂ ਕੀਤਾ। ਇਨ੍ਹਾਂ ਅਤੇ ਹੋਰ ਕਈ ਭਵਿੱਖਬਾਣੀਆਂ ਦੀ ਪੂਰਤੀ ਦਿਖਾਉਂਦੀ ਹੈ ਕਿ ਯਿਸੂ ਹੀ ਯਹੋਵਾਹ ਵੱਲੋਂ ਭੇਜਿਆ ਗਿਆ ਮਸੀਹ ਸੀ।

ਯਿਸੂ ਆਪਣੇ ਬਪਤਿਸਮੇ ਤੇ ਮਸੀਹ ਬਣਿਆ

8, 9. ਯਿਸੂ ਦੇ ਬਪਤਿਸਮੇ ’ਤੇ ਕਿੱਦਾਂ ਸਾਫ਼-ਸਾਫ਼ ਪਤਾ ਲੱਗਾ ਕਿ ਉਹ ਹੀ ਮਸੀਹ ਸੀ?

8 ਇਸ ਤੋਂ ਇਲਾਵਾ, ਯਹੋਵਾਹ ਨੇ ਆਪਣੇ ਭਗਤ ਯੂਹੰਨਾ ਨੂੰ ਦੱਸਿਆ ਸੀ ਕਿ ਉਹ ਕਿੱਦਾਂ ਮਸੀਹ ਦੀ ਪਛਾਣ ਕਰ ਸਕਦਾ ਸੀ। ਯਹੋਵਾਹ ਨੇ ਯੂਹੰਨਾ ਨੂੰ ਕਿਹਾ ਕਿ ਮਸੀਹ ਉੱਤੇ ਪਵਿੱਤਰ ਸ਼ਕਤੀ ਆਵੇਗੀ। ਸਾਲ 29 ਈਸਵੀ ਵਿਚ ਯਿਸੂ ਯੂਹੰਨਾ ਕੋਲ ਬਪਤਿਸਮਾ ਲੈਣ ਆਇਆ। ਜਿਸ ਤਰ੍ਹਾਂ ਯਹੋਵਾਹ ਨੇ ਕਿਹਾ ਸੀ ਯਿਸੂ ਨਾਲ ਉਸੇ ਤਰ੍ਹਾਂ ਹੋਇਆ। ਬਾਈਬਲ ਦੱਸਦੀ ਹੈ: “ਬਪਤਿਸਮਾ ਲੈਣ ਤੋਂ ਫ਼ੌਰਨ ਬਾਅਦ ਯਿਸੂ ਪਾਣੀ ਵਿੱਚੋਂ ਉੱਪਰ ਆਇਆ, ਅਤੇ ਦੇਖੋ! ਆਕਾਸ਼ ਖੁੱਲ੍ਹ ਗਿਆ, ਅਤੇ ਯੂਹੰਨਾ ਨੇ ਪਰਮੇਸ਼ੁਰ ਦੀ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ ਯਿਸੂ ਉੱਤੇ ਉੱਤਰਦੇ ਦੇਖਿਆ। ਦੇਖੋ! ਆਕਾਸ਼ ਤੋਂ ਇਕ ਆਵਾਜ਼ ਆਈ: ‘ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।’” (ਮੱਤੀ 3:16, 17) ਇਹ ਸਭ ਕੁਝ ਦੇਖਣ ਅਤੇ ਸੁਣਨ ਤੋਂ ਬਾਅਦ ਯੂਹੰਨਾ ਦੇ ਮਨ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ ਯਿਸੂ ਹੀ ਯਹੋਵਾਹ ਵੱਲੋਂ ਭੇਜਿਆ ਗਿਆ ਸੀ। (ਯੂਹੰਨਾ 1:32-34) ਯਹੋਵਾਹ ਨੇ ਯਿਸੂ ਨੂੰ ਆਪਣੀ ਪਵਿੱਤਰ ਸ਼ਕਤੀ ਦੇ ਕੇ ਉਸ ਨੂੰ ਆਗੂ ਅਤੇ ਰਾਜਾ ਠਹਿਰਾਇਆ। ਯਿਸੂ ਉਸ ਸਮੇਂ ਮਸੀਹ ਬਣ ਗਿਆ ਸੀ।​—ਯਸਾਯਾਹ 55:4.

9 ਜੀ ਹਾਂ, ਬਾਈਬਲ ਵਿਚ ਲਿਖੀਆਂ ਗੱਲਾਂ ਦੀ ਪੂਰਤੀ ਅਤੇ ਯਹੋਵਾਹ ਪਰਮੇਸ਼ੁਰ ਦੀ ਗਵਾਹੀ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯਿਸੂ ਹੀ ਮਸੀਹ ਸੀ। ਪਰ ਯਿਸੂ ਕਿੱਥੋਂ ਆਇਆ ਸੀ? ਅਤੇ ਉਹ ਕਿਹੋ ਜਿਹਾ ਵਿਅਕਤੀ ਸੀ? ਆਓ ਆਪਾਂ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।

ਯਿਸੂ ਕਿੱਥੋਂ ਆਇਆ ਸੀ?

10. ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਕਿੱਥੇ ਸੀ?

10 ਇਨਸਾਨ ਦੇ ਰੂਪ ਵਿਚ ਜਨਮ ਲੈਣ ਤੋਂ ਬਹੁਤ ਸਮਾਂ ਪਹਿਲਾਂ ਯਿਸੂ ਸਵਰਗ ਵਿਚ ਇਕ ਫ਼ਰਿਸ਼ਤਾ ਸੀ। ਯਹੋਵਾਹ ਦੇ ਭਗਤ ਮੀਕਾਹ ਨੇ ਕਿਹਾ ਸੀ ਕਿ ਯਿਸੂ “ਪਰਾਚੀਨ ਸਮੇਂ ਤੋਂ” ਯਹੋਵਾਹ ਨਾਲ ਸਵਰਗ ਵਿਚ ਸੀ ਅਤੇ ਉਸ ਦਾ ਜਨਮ ਬੈਤਲਹਮ ਵਿਚ ਹੋਵੇਗਾ। (ਮੀਕਾਹ 5:2) ਕਈ ਮੌਕਿਆਂ ਤੇ ਯਿਸੂ ਨੇ ਆਪ ਵੀ ਕਿਹਾ ਸੀ ਕਿ ਪਹਿਲਾਂ ਉਹ ਸਵਰਗ ਵਿਚ ਰਹਿੰਦਾ ਸੀ। (ਯੂਹੰਨਾ 3:13; 6:38, 62 ਪੜ੍ਹੋ; 17:4, 5) ਸਵਰਗ ਵਿਚ ਇੰਨਾ ਸਮਾਂ ਇਕੱਠੇ ਬਿਤਾਉਣ ਕਰਕੇ ਯਹੋਵਾਹ ਅਤੇ ਯਿਸੂ ਦਾ ਆਪਸ ਵਿਚ ਖ਼ਾਸ ਰਿਸ਼ਤਾ ਸੀ।

11. ਬਾਈਬਲ ਕਿੱਦਾਂ ਦਿਖਾਉਂਦੀ ਹੈ ਕਿ ਯਿਸੂ ਯਹੋਵਾਹ ਦਾ ਸਭ ਤੋਂ ਪਿਆਰਾ ਪੁੱਤਰ ਹੈ?

11 ਯਿਸੂ ਯਹੋਵਾਹ ਦਾ ਸਭ ਤੋਂ ਪਿਆਰਾ ਪੁੱਤਰ ਹੈ। ਬਾਈਬਲ ਦੱਸਦੀ ਹੈ ਕਿ ਉਹ “ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ।” * (ਕੁਲੁੱਸੀਆਂ 1:15) ਯਿਸੂ ਨੂੰ ਯਹੋਵਾਹ ਦਾ “ਇਕਲੌਤਾ ਪੁੱਤਰ” ਵੀ ਕਿਹਾ ਜਾਂਦਾ ਹੈ। (ਯੂਹੰਨਾ 3:16) ਕਿਉਂ? ਕਿਉਂਕਿ ਯਹੋਵਾਹ ਨੇ ਸਾਰੀ ਸ੍ਰਿਸ਼ਟੀ ਵਿੱਚੋਂ ਸਿਰਫ਼ ਯਿਸੂ ਨੂੰ ਹੀ ਆਪਣੇ ਹੱਥੀਂ ਬਣਾਇਆ ਸੀ। ਇਸ ਤੋਂ ਇਲਾਵਾ, ਯਹੋਵਾਹ ਨੇ ਬਾਕੀ ਸਭ ਕੁਝ ਬਣਾਉਣ ਲਈ ਸਿਰਫ਼ ਯਿਸੂ ਨੂੰ ਵਰਤਿਆ ਸੀ। (ਕੁਲੁੱਸੀਆਂ 1:16) ਇਸ ਦੇ ਨਾਲ-ਨਾਲ ਯਿਸੂ ਨੂੰ “ਸ਼ਬਦ” ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਇਨਸਾਨਾਂ ਤੇ ਦੂਤਾਂ ਤਕ ਯਹੋਵਾਹ ਦੇ ਪੈਗਾਮ ਪਹੁੰਚਾਉਂਦਾ ਸੀ।​—ਯੂਹੰਨਾ 1:14.

12. ਸਾਨੂੰ ਕਿੱਦਾਂ ਪਤਾ ਹੈ ਕਿ ਯਿਸੂ ਯਹੋਵਾਹ ਦੇ ਬਰਾਬਰ ਨਹੀਂ ਹੈ?

12 ਪਰ ਕਈ ਲੋਕ ਮੰਨਦੇ ਹਨ ਕਿ ਯਿਸੂ ਪਰਮੇਸ਼ੁਰ ਦੇ ਬਰਾਬਰ ਹੈ। ਕੀ ਇਹ ਸੱਚ ਹੈ? ਬਾਈਬਲ ਵਿਚ ਤਾਂ ਇਸ ਤਰ੍ਹਾਂ ਨਹੀਂ ਕਿਹਾ ਗਿਆ। ਯਿਸੂ ਨੇ ਕਦੀ ਵੀ ਆਪਣੇ ਪਿਤਾ ਦੇ ਬਰਾਬਰ ਹੋਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਇਹ ਗੱਲ ਕਦੀ ਸੁਪਨੇ ਵਿਚ ਵੀ ਨਹੀਂ ਸੋਚੀ। ਯਿਸੂ ਨੇ ਤਾਂ ਖ਼ੁਦ ਕਿਹਾ ਸੀ ਕਿ ਪਿਤਾ ਉਸ ਤੋਂ ਵੱਡਾ ਹੈ। (ਯੂਹੰਨਾ 14:28 ਪੜ੍ਹੋ; 1 ਕੁਰਿੰਥੀਆਂ 11:3) ਅਸੀਂ ਦੇਖ ਚੁੱਕੇ ਹਾਂ ਕਿ ਯਹੋਵਾਹ ਨੇ ਯਿਸੂ ਨੂੰ ਰਚਿਆ ਸੀ ਮਤਲਬ ਕਿ ਯਿਸੂ ਦੀ ਜ਼ਿੰਦਗੀ ਦੀ ਇਕ ਸ਼ੁਰੂਆਤ ਸੀ। ਪਰ ਦੂਜੇ ਪਾਸੇ, ਯਹੋਵਾਹ ਦੀ ਨਾ ਤਾਂ ਸ਼ੁਰੂਆਤ ਹੈ ਤੇ ਨਾ ਹੀ ਅੰਤ, ਇਸ ਲਈ ਸਿਰਫ਼ ਉਹ ਹੀ “ਸਰਬਸ਼ਕਤੀਮਾਨ ਪਰਮੇਸ਼ੁਰ” ਹੈ। (ਉਤਪਤ 17:1; ਜ਼ਬੂਰਾਂ ਦੀ ਪੋਥੀ 90:2) ਉਹ ਬੇਜੋੜ ਤੇ ਲਾਜਵਾਬ ਹੈ, ਉਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। *

13. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ?

13 ਯੁਗਾਂ ਤੋਂ, ਇੱਥੋਂ ਤਕ ਕਿ ਸੂਰਜ, ਚੰਦ, ਤਾਰਿਆਂ ਅਤੇ ਇਸ ਸੁੰਦਰ ਧਰਤੀ ਦੀ ਰਚਨਾ ਤੋਂ ਵੀ ਕਿਤੇ ਪਹਿਲਾਂ, ਯਿਸੂ ਯਹੋਵਾਹ ਦੇ ਨਾਲ ਸਵਰਗ ਵਿਚ ਸੀ। ਉਨ੍ਹਾਂ ਦਾ ਆਪਸ ਵਿਚ ਪਿਆਰ ਦਾ ਅਟੁੱਟ ਬੰਧਨ ਸੀ! (ਯੂਹੰਨਾ 3:35; 14:31) ਇਹ ਪਿਆਰਾ ਪੁੱਤਰ ਬਿਲਕੁਲ ਆਪਣੇ ਪਿਤਾ ’ਤੇ ਗਿਆ। ਜੀ ਹਾਂ, ਜਿੱਦਾਂ ਇਕ ਪੁੱਤਰ ਆਪਣੇ ਸੁਭਾਅ, ਆਦਤਾਂ ਅਤੇ ਤੌਰ-ਤਰੀਕਿਆਂ ਵਿਚ ਆਪਣੇ ਪਿਤਾ ਵਰਗਾ ਹੋ ਸਕਦਾ ਹੈ, ਉੱਦਾਂ ਹੀ ਯਿਸੂ ਦਾ ਸੁਭਾਅ ਅਤੇ ਗੁਣ ਹੂ-ਬਹੂ ਆਪਣੇ ਪਿਤਾ ਯਹੋਵਾਹ ਵਰਗੇ ਹਨ।​—ਕੁਲੁੱਸੀਆਂ 1:15.

14. ਯਿਸੂ ਦਾ ਇਨਸਾਨ ਵਜੋਂ ਜਨਮ ਕਿੱਦਾਂ ਹੋਇਆ ਸੀ?

14 ਯਿਸੂ ਨੇ ਖ਼ੁਸ਼ੀ-ਖ਼ੁਸ਼ੀ ਸਵਰਗ ਵਿਚ ਆਪਣੀ ਜ਼ਿੰਦਗੀ ਛੱਡ ਕੇ ਧਰਤੀ ਉੱਤੇ ਇਨਸਾਨ ਵਜੋਂ ਜਨਮ ਲਿਆ। ਤੁਸੀਂ ਸ਼ਾਇਦ ਸੋਚੋ ਕਿ ‘ਇਹ ਕਿੱਦਾਂ ਹੋ ਸਕਦਾ ਹੈ? ਇਕ ਫ਼ਰਿਸ਼ਤਾ ਇਨਸਾਨ ਵਜੋਂ ਜਨਮ ਕਿੱਦਾਂ ਲੈ ਸਕਦਾ ਹੈ?’ ਇਹ ਸਭ ਯਹੋਵਾਹ ਦਾ ਚਮਤਕਾਰ ਸੀ। ਯਹੋਵਾਹ ਨੇ ਆਪਣੇ ਪੁੱਤਰ ਦੀ ਜਾਨ ਮਰੀਅਮ ਨਾਂ ਦੀ ਇਕ ਕੁਆਰੀ ਯਹੂਦਣ ਦੀ ਕੁੱਖ ਵਿਚ ਪਾਈ। ਮਰੀਅਮ ਨੇ ਇਕ ਮੁਕੰਮਲ ਬੱਚੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਯਿਸੂ ਰੱਖਿਆ।​—ਲੂਕਾ 1:30-35.

ਯਿਸੂ ਕਿਹੋ ਜਿਹਾ ਵਿਅਕਤੀ ਸੀ?

15. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਦੁਆਰਾ ਅਸੀਂ ਯਹੋਵਾਹ ਨੂੰ ਜਾਣ ਸਕਦੇ ਹਾਂ?

15 ਯਿਸੂ ਦੀਆਂ ਸਿੱਖਿਆਵਾਂ ਅਤੇ ਕੰਮਾਂ ਵੱਲ ਧਿਆਨ ਦੇ ਕੇ ਅਸੀਂ ਉਸ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਬਾਈਬਲ ਵਿਚ ਯਿਸੂ ਦੇ ਚੇਲੇ ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਨੇ ਆਪਣੀਆਂ ਕਿਤਾਬਾਂ ਵਿਚ ਯਿਸੂ ਦੇ ਜੀਵਨ, ਉਸ ਦੇ ਕੰਮਾਂ-ਕਾਰਾਂ ਅਤੇ ਉਸ ਦੇ ਸੁਭਾਅ ਬਾਰੇ ਬਹੁਤ ਕੁਝ ਦੱਸਿਆ ਹੈ। ਜਿੰਨਾ ਜ਼ਿਆਦਾ ਅਸੀਂ ਯਿਸੂ ਬਾਰੇ ਸਿੱਖਾਂਗੇ, ਉੱਨਾ ਹੀ ਜ਼ਿਆਦਾ ਅਸੀਂ ਯਹੋਵਾਹ ਬਾਰੇ ਸਿੱਖ ਸਕਾਂਗੇ। ਇਹ ਕਿਉਂ ਕਿਹਾ ਜਾ ਸਕਦਾ ਹੈ? ਕਿਉਂਕਿ ਯਿਸੂ ਨੇ ਖ਼ੁਦ ਕਿਹਾ ਸੀ: “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।”​—ਯੂਹੰਨਾ 14:9.

16. ਯਿਸੂ ਨੇ ਮੁੱਖ ਤੌਰ ਤੇ ਲੋਕਾਂ ਨੂੰ ਕੀ ਸਿਖਾਇਆ ਸੀ ਅਤੇ ਉਸ ਦੀ ਸਿੱਖਿਆ ਕਿਸ ਵੱਲੋਂ ਸੀ?

16 ਲੋਕ ਯਿਸੂ ਨੂੰ “ਗੁਰੂ” ਕਹਿੰਦੇ ਸਨ। (ਯੂਹੰਨਾ 1:38; 13:13) ਪਰ ਉਸ ਨੇ ਲੋਕਾਂ ਨੂੰ ਕੀ ਸਿਖਾਇਆ ਸੀ? ਯਿਸੂ ਨੇ ਮੁੱਖ ਤੌਰ ਤੇ “ਰਾਜ ਦੀ ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕੀਤਾ ਸੀ। ਉਸ ਨੇ ਲੋਕਾਂ ਨੂੰ ਦੱਸਿਆ ਸੀ ਕਿ ਯਹੋਵਾਹ ਆਪਣੇ ਰਾਜ ਰਾਹੀਂ ਧਰਤੀ ਉੱਤੇ ਚੰਗੇ ਹਾਲਾਤ ਲਿਆ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਖ਼ੁਸ਼ੀਆਂ ਨਾਲ ਭਰ ਦੇਵੇਗਾ। (ਮੱਤੀ 4:23) 8ਵੇਂ ਅਧਿਆਇ ਵਿਚ ਅਸੀਂ ਯਹੋਵਾਹ ਦੇ ਰਾਜ ਅਤੇ ਇਸ ਦੀਆਂ ਬਰਕਤਾਂ ਬਾਰੇ ਹੋਰ ਸਿੱਖਾਂਗੇ। ਪਰ ਖ਼ੁਸ਼ ਖ਼ਬਰੀ ਦਾ ਸੰਦੇਸ਼ ਕਿਸ ਵੱਲੋਂ ਸੀ? ਯਿਸੂ ਨੇ ਸਾਫ਼-ਸਾਫ਼ ਕਿਹਾ ਸੀ: “ਜੋ ਸਿੱਖਿਆ ਮੈਂ ਦਿੰਦਾ ਹਾਂ ਉਹ ਮੇਰੀ ਨਹੀਂ, ਸਗੋਂ ਮੇਰੇ ਘੱਲਣ ਵਾਲੇ [ਯਾਨੀ ਯਹੋਵਾਹ] ਦੀ ਹੈ।” (ਯੂਹੰਨਾ 7:16) ਯਹੋਵਾਹ ਚਾਹੁੰਦਾ ਹੈ ਕਿ ਸਾਰੇ ਉਸ ਦੇ ਰਾਜ ਦਾ ਸੰਦੇਸ਼ ਸੁਣਨ ਇਸ ਕਰਕੇ ਯਿਸੂ ਨੇ ਪੂਰੀ ਵਾਹ ਲਾ ਕੇ ਇਸ ਦਾ ਪ੍ਰਚਾਰ ਕੀਤਾ।

17. ਯਿਸੂ ਨੇ ਕਿੱਥੇ-ਕਿੱਥੇ ਜਾ ਕੇ ਲੋਕਾਂ ਨਾਲ ਗੱਲ ਕੀਤੀ ਸੀ ਅਤੇ ਉਸ ਨੇ ਇਸ ਕੰਮ ਵਿਚ ਇੰਨੀ ਮਿਹਨਤ ਕਿਉਂ ਕੀਤੀ ਸੀ?

17 ਜਿੱਥੇ ਕਿਤੇ ਵੀ ਲੋਕ ਹੁੰਦੇ ਸਨ, ਉੱਥੇ ਯਿਸੂ ਉਨ੍ਹਾਂ ਨਾਲ ਗੱਲ ਕਰਦਾ ਸੀ। ਚਾਹੇ ਲੋਕ ਸ਼ਹਿਰਾਂ ਵਿਚ ਸਨ ਜਾਂ ਨਗਰਾਂ ਵਿਚ, ਪਿੰਡਾਂ ਵਿਚ ਜਾਂ ਬਾਜ਼ਾਰਾਂ ਵਿਚ ਯਿਸੂ ਉਨ੍ਹਾਂ ਨੂੰ ਯਹੋਵਾਹ ਬਾਰੇ ਦੱਸਦਾ ਸੀ। ਯਿਸੂ ਲੋਕਾਂ ਦੇ ਘਰ ਵੀ ਜਾਂਦਾ ਸੀ। (ਮਰਕੁਸ 6:56; ਲੂਕਾ 19:5, 6) ਪਰ ਯਿਸੂ ਨੇ ਯਹੋਵਾਹ ਬਾਰੇ ਲੋਕਾਂ ਨੂੰ ਦੱਸਣ ਲਈ ਇੰਨੀ ਮਿਹਨਤ ਕਿਉਂ ਕੀਤੀ? ਕਿਉਂਕਿ ਇਹ ਕੰਮ ਯਹੋਵਾਹ ਨੇ ਉਸ ਨੂੰ ਸੌਂਪਿਆ ਸੀ। ਯਿਸੂ ਦੀ ਦਿਲੀ ਖ਼ਾਹਸ਼ ਸੀ ਕਿ ਉਹ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰੇ। (ਯੂਹੰਨਾ 8:28, 29) ਪਰ ਇਕ ਹੋਰ ਕਾਰਨ ਵੀ ਸੀ। ਉਸ ਨੂੰ ਲੋਕਾਂ ’ਤੇ ਤਰਸ ਆਉਂਦਾ ਸੀ। (ਮੱਤੀ 9:35, 36 ਪੜ੍ਹੋ।) ਉਸ ਸਮੇਂ ਦੇ ਧਾਰਮਿਕ ਆਗੂ ਨਾ ਤਾਂ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਂਦੇ ਸਨ ਅਤੇ ਨਾ ਹੀ ਲੋਕਾਂ ਦੀ ਪਰਵਾਹ ਕਰਦੇ ਸਨ। ਪਰ ਯਿਸੂ ਲੋਕਾਂ ਨਾਲ ਪਿਆਰ ਕਰਦਾ ਸੀ ਅਤੇ ਉਹ ਜਾਣਦਾ ਸੀ ਕਿ ਲੋਕਾਂ ਨੂੰ ਯਹੋਵਾਹ ਅਤੇ ਉਸ ਦੇ ਰਾਜ ਬਾਰੇ ਸਿੱਖਣ ਦੀ ਸਖ਼ਤ ਲੋੜ ਸੀ।

18. ਯਿਸੂ ਦੇ ਕਿਹੜੇ ਗੁਣ ਤੁਹਾਨੂੰ ਸਭ ਤੋਂ ਚੰਗੇ ਲੱਗਦੇ ਹਨ?

18 ਯਿਸੂ ਨਰਮ ਸੁਭਾਅ ਦਾ ਇਨਸਾਨ ਸੀ ਜਿਸ ਦੀ ਰਗ-ਰਗ ਵਿਚ ਪਿਆਰ ਸਮਾਇਆ ਹੋਇਆ ਸੀ। ਉਹ ਸਾਰਿਆਂ ਦਾ ਆਦਰ-ਮਾਣ ਕਰਦਾ ਸੀ ਤੇ ਪਿਆਰ ਨਾਲ ਪੇਸ਼ ਆਉਂਦਾ ਸੀ। ਇਸ ਪਿਆਰ ਨੂੰ ਦੇਖ ਕੇ ਬੱਚੇ ਵੀ ਉਸ ਕੋਲ ਖ਼ੁਸ਼ੀ-ਖ਼ੁਸ਼ੀ ਆਉਂਦੇ ਸਨ। ਯਿਸੂ ਨੂੰ ਊਚ-ਨੀਚ ਤੇ ਜਾਤ-ਪਾਤ ਦੀ ਕੋਈ ਪਰਵਾਹ ਨਹੀਂ ਸੀ। ਉਸ ਨੂੰ ਹਰ ਤਰ੍ਹਾਂ ਦੀ ਬੁਰਾਈ, ਰਿਸ਼ਵਤਖ਼ੋਰੀ ਅਤੇ ਬੇਇਨਸਾਫ਼ੀ ਤੋਂ ਸਖ਼ਤ ਨਫ਼ਰਤ ਸੀ। ਉਨ੍ਹਾਂ ਦਿਨਾਂ ਵਿਚ ਔਰਤਾਂ ਦੀ ਦਸ਼ਾ ਵੀ ਬੜੀ ਮਾੜੀ ਸੀ। ਮਰਦ ਉਨ੍ਹਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਸਨ, ਪਰ ਯਿਸੂ ਨੇ ਉਨ੍ਹਾਂ ਦੀ ਇੱਜ਼ਤ ਕੀਤੀ। ਉਸ ਨੇ ਉਨ੍ਹਾਂ ਨਾਲ ਮਾਵਾਂ-ਭੈਣਾਂ ਵਰਗਾ ਸਲੂਕ ਕੀਤਾ। ਯਿਸੂ ਬਹੁਤ ਹੀ ਨਿਮਰ ਇਨਸਾਨ ਸੀ। ਗੁਰੂ ਹੁੰਦੇ ਹੋਏ ਵੀ ਉਸ ਨੇ ਆਪਣੇ ਚੇਲਿਆਂ ਦੀ ਸੇਵਾ ਕੀਤੀ। ਇਕ ਮੌਕੇ ਤੇ ਉਸ ਨੇ ਆਪਣੇ ਰਸੂਲਾਂ ਦੇ ਪੈਰ ਵੀ ਧੋਤੇ ਸਨ। ਜੀ ਹਾਂ, ਯਿਸੂ ਨਿਮਰਤਾ ਦੀ ਜੀਉਂਦੀ-ਜਾਗਦੀ ਮਿਸਾਲ ਸੀ।​—ਮੱਤੀ 21:12, 13; ਮਰਕੁਸ 10:13-16; ਯੂਹੰਨਾ 4:9, 27.

ਜਿੱਥੇ ਕਿਤੇ ਵੀ ਲੋਕ ਮਿਲਦੇ ਸਨ, ਯਿਸੂ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ

19. ਕਿਹੜੀ ਮਿਸਾਲ ਦਿਖਾਉਂਦੀ ਹੈ ਕਿ ਯਿਸੂ ਦੂਸਰਿਆਂ ਦੇ ਦੁੱਖ ਵਿਚ ਦੁਖੀ ਹੁੰਦਾ ਸੀ?

19 ਯਿਸੂ ਦੂਸਰਿਆਂ ਦੇ ਦੁੱਖ ਵਿਚ ਦੁਖੀ ਹੁੰਦਾ ਸੀ। ਪਰਮੇਸ਼ੁਰ ਦੀ ਸ਼ਕਤੀ ਨਾਲ ਉਸ ਨੇ ਲੋਕਾਂ ਦੇ ਦੁੱਖ-ਦਰਦ ਦੂਰ ਕੀਤੇ। (ਮੱਤੀ 14:14) ਮਿਸਾਲ ਲਈ, ਇਕ ਕੋੜ੍ਹੀ ਨੇ ਯਿਸੂ ਅੱਗੇ ਸਿਰ ਨਿਵਾ ਕੇ ਅਰਜ਼ ਕੀਤੀ: “ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।” ਯਿਸੂ ਨੇ ਉਸ ਆਦਮੀ ਦਾ ਦਰਦ, ਉਸ ਦੀ ਪਰੇਸ਼ਾਨੀ ਅਤੇ ਉਸ ਦੀ ਬੇਬੱਸੀ ਮਹਿਸੂਸ ਕੀਤੀ। ਤਰਸ ਖਾ ਕੇ ਯਿਸੂ ਨੇ ਆਪਣਾ ਹੱਥ ਵਧਾਇਆ ਅਤੇ ਉਸ ਨੂੰ ਛੋਹ ਕੇ ਕਿਹਾ: “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾਵੇਂ, ਤੂੰ ਸ਼ੁੱਧ ਹੋ ਜਾ।” ਉਹ ਆਦਮੀ ਇਕਦਮ ਠੀਕ ਹੋ ਗਿਆ। (ਮਰਕੁਸ 1:40-42) ਕੀ ਤੁਸੀਂ ਉਸ ਆਦਮੀ ਦੀ ਖ਼ੁਸ਼ੀ ਦਾ ਅੰਦਾਜ਼ਾ ਲਗਾ ਸਕਦੇ ਹੋ?

ਮਰਦੇ ਦਮ ਤਕ ਵਫ਼ਾਦਾਰ

20, 21. ਯਿਸੂ ਨੇ ਵਫ਼ਾਦਾਰੀ ਦੀ ਵਧੀਆ ਮਿਸਾਲ ਕਿੱਦਾਂ ਕਾਇਮ ਕੀਤੀ ਸੀ?

20 ਯਿਸੂ ਨੇ ਹਮੇਸ਼ਾ ਆਪਣੇ ਪਿਤਾ ਦੀ ਆਗਿਆਕਾਰੀ ਕੀਤੀ। ਭਾਵੇਂ ਉਸ ਉੱਤੇ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਢਾਏ ਗਏ, ਪਰ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। ਸ਼ੈਤਾਨ ਨੇ ਉਸ ਨੂੰ ਲਾਲਚ ਦੇ ਕੇ ਭਰਮਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਯਿਸੂ ਉਸ ਦੀਆਂ ਗੱਲਾਂ ਵਿਚ ਨਹੀਂ ਆਇਆ। (ਮੱਤੀ 4:1-11) ਯਿਸੂ ਨੂੰ ਆਪਣੇ ਰਿਸ਼ਤੇਦਾਰਾਂ ਵੱਲੋਂ ਵੀ ਮੁਸ਼ਕਲਾਂ ਆਈਆਂ, ਉਨ੍ਹਾਂ ਨੇ ਸੋਚਿਆ ਕਿ ਉਹ ਪਾਗਲ ਹੋ ਗਿਆ ਸੀ। (ਮਰਕੁਸ 3:21) ਪਰ ਉਨ੍ਹਾਂ ਦੀਆਂ ਚੁੱਭਵੀਆਂ ਗੱਲਾਂ ਕਾਰਨ ਯਿਸੂ ਨੇ ਪਰਮੇਸ਼ੁਰ ਦੀ ਸੇਵਾ ਕਰਨੀ ਨਹੀਂ ਛੱਡੀ। ਬੇਇੱਜ਼ਤੀ, ਅਪਮਾਨ ਅਤੇ ਬਦਸਲੂਕੀ ਦੇ ਬਾਵਜੂਦ ਯਿਸੂ ਨੇ ਆਪਣੇ ਉੱਤੇ ਕੰਟ੍ਰੋਲ ਰੱਖਿਆ। ਉਸ ਨੇ ਆਪਣੇ ਵਿਰੋਧੀਆਂ ’ਤੇ ਨਾ ਕਦੇ ਹੱਥ ਉਠਾਇਆ ਅਤੇ ਨਾ ਕਦੇ ਉਨ੍ਹਾਂ ਦਾ ਬੁਰਾ ਸੋਚਿਆ। ਹਾਂ, ਉਹ ਹਰ ਗੱਲ ਵਿਚ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ।​—1 ਪਤਰਸ 2:21-23.

21 ਯਿਸੂ ਦੇ ਦੁਸ਼ਮਣਾਂ ਨੇ ਬੜੀ ਬੇਰਹਿਮੀ ਨਾਲ ਉਸ ਨੂੰ ਮੌਤ ਦੇ ਘਾਟ ਉਤਾਰਿਆ, ਪਰ ਯਿਸੂ ਨੇ ਮਰਦੇ ਦਮ ਤਕ ਯਹੋਵਾਹ ਦਾ ਸਾਥ ਨਹੀਂ ਛੱਡਿਆ। (ਫ਼ਿਲਿੱਪੀਆਂ 2:8 ਪੜ੍ਹੋ।) ਜ਼ਰਾ ਧਿਆਨ ਦਿਓ ਕਿ ਧਰਤੀ ਉੱਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਦੌਰਾਨ ਉਸ ਉੱਤੇ ਕੀ ਬੀਤੀ। ਉਸ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਗਵਾਹਾਂ ਨੇ ਉਸ ਉੱਤੇ ਝੂਠੇ ਇਲਜ਼ਾਮ ਲਾਏ। ਫਿਰ, ਬੇਈਮਾਨ ਜੱਜਾਂ ਨੇ ਉਸ ਨੂੰ ਮੁਜਰਮ ਕਰਾਰ ਦੇ ਦਿੱਤਾ। ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ ਤੇ ਸਿਪਾਹੀਆਂ ਨੇ ਕੋਰੜੇ ਮਾਰ-ਮਾਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਫਿਰ ਉਨ੍ਹਾਂ ਨੇ ਉਸ ਦੇ ਹੱਥਾਂ-ਪੈਰਾਂ ਵਿਚ ਕਿੱਲ ਠੋਕ ਕੇ ਉਸ ਨੂੰ ਸੂਲ਼ੀ ਉੱਤੇ ਟੰਗ ਦਿੱਤਾ ਜਿੱਥੇ ਉਹ ਤੜਫ਼-ਤੜਫ਼ ਕੇ ਮਰ ਗਿਆ। ਯਿਸੂ ਨੇ ਆਪਣਾ ਆਖ਼ਰੀ ਸਾਹ ਲੈਂਦੇ ਹੋਏ ਕਿਹਾ ਕਿ “ਸਾਰਾ ਕੰਮ ਪੂਰਾ ਹੋਇਆ!” (ਯੂਹੰਨਾ 19:30) ਪਰ ਮਰਨ ਤੋਂ ਬਾਅਦ ਤੀਸਰੇ ਦਿਨ ਯਿਸੂ ਨੂੰ ਯਹੋਵਾਹ ਨੇ ਦੁਬਾਰਾ ਜੀਉਂਦਾ ਕਰ ਦਿੱਤਾ। (1 ਪਤਰਸ 3:18) ਕੁਝ ਹਫ਼ਤਿਆਂ ਬਾਅਦ ਉਹ ਵਾਪਸ ਸਵਰਗ ਨੂੰ ਚਲਿਆ ਗਿਆ ਅਤੇ ਉਸ ਸਮੇਂ ਦੀ ਉਡੀਕ ਕੀਤੀ ਜਦ ਉਸ ਨੂੰ ਰਾਜਾ ਬਣਾਇਆ ਜਾਣਾ ਸੀ।​—ਇਬਰਾਨੀਆਂ 10:12, 13.

22. ਯਿਸੂ ਦੀ ਕੁਰਬਾਨੀ ਸਾਡੇ ਲਈ ਕੀ ਮਾਅਨੇ ਰੱਖਦੀ ਹੈ?

22 ਕੀ ਤੁਹਾਨੂੰ ਪਤਾ ਹੈ ਕਿ ਯਿਸੂ ਐਵੇਂ ਹੀ ਨਹੀਂ ਮਰਿਆ ਸੀ, ਸਗੋਂ ਉਸ ਨੇ ਸਾਡੇ ਲਈ ਆਪਣਾ ਜੀਵਨ ਵਾਰਿਆ ਸੀ? ਉਸ ਦੀ ਕੁਰਬਾਨੀ ਨਾਲ ਸਾਨੂੰ ਜ਼ਿੰਦਗੀ ਮਿਲ ਸਕਦੀ ਹੈ। ਹਾਂ, ਸੋਹਣੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ! ਪਰ ਇਹ ਕਿੱਦਾਂ ਹੋ ਸਕਦਾ ਹੈ? ਅਗਲੇ ਅਧਿਆਇ ਵਿਚ ਅਸੀਂ ਇਸ ਬਾਰੇ ਸਿੱਖਾਂਗੇ।

^ ਪੈਰਾ 7 ਯਿਸੂ ਦੇ ਸੰਬੰਧ ਵਿਚ ਦਾਨੀਏਲ ਦੀ ਇਸ ਭਵਿੱਖਬਾਣੀ ਦੀ ਪੂਰਤੀ ਬਾਰੇ ਹੋਰ ਜਾਣਕਾਰੀ ਲਈ, ਦਿੱਤੀ ਗਈ ਵਧੇਰੇ ਜਾਣਕਾਰੀ “ਦਾਨੀਏਲ ਦੀ ਭਵਿੱਖਬਾਣੀ ਨੇ ਮਸੀਹਾ ਦੇ ਆਉਣ ਬਾਰੇ ਕੀ ਦੱਸਿਆ ਸੀ?” ਦੇਖੋ।

^ ਪੈਰਾ 11 ਯਹੋਵਾਹ ਨੂੰ ਪਿਤਾ ਕਿਹਾ ਜਾਂਦਾ ਹੈ ਕਿਉਂਕਿ ਉਹ ਸ੍ਰਿਸ਼ਟੀਕਰਤਾ ਹੈ। (ਯਸਾਯਾਹ 64:8) ਯਿਸੂ ਨੂੰ ਪਰਮੇਸ਼ੁਰ ਦਾ ਪੁੱਤਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਯਹੋਵਾਹ ਨੇ ਉਸ ਨੂੰ ਰਚਿਆ ਸੀ। ਇਸੇ ਤਰ੍ਹਾਂ, ਦੂਸਰੇ ਫ਼ਰਿਸ਼ਤੇ ਅਤੇ ਆਦਮ ਵੀ ਪਰਮੇਸ਼ੁਰ ਦੇ ਪੁੱਤਰ ਕਹਿਲਾਉਂਦੇ ਹਨ।​—ਅੱਯੂਬ 1:6; ਲੂਕਾ 3:38.

^ ਪੈਰਾ 12 ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਕਿ ਯਿਸੂ ਪਰਮੇਸ਼ੁਰ ਦੇ ਬਰਾਬਰ ਨਹੀਂ ਹੈ, ਦਿੱਤੀ ਗਈ ਵਧੇਰੇ ਜਾਣਕਾਰੀ “ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਬਾਰੇ ਸੱਚਾਈ” ਦੇਖੋ।