Skip to content

Skip to table of contents

ਅਧਿਆਇ 9

ਕੀ ਇਸ ਦੁਸ਼ਟ ਦੁਨੀਆਂ ਦਾ ਅੰਤ ਸੱਚ-ਮੁੱਚ ਨੇੜੇ ਹੈ?

ਕੀ ਇਸ ਦੁਸ਼ਟ ਦੁਨੀਆਂ ਦਾ ਅੰਤ ਸੱਚ-ਮੁੱਚ ਨੇੜੇ ਹੈ?
  • ਬਾਈਬਲ ਵਿਚ ਸਾਡੇ ਜ਼ਮਾਨੇ ਦੀਆਂ ਕਿਹੜੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ?

  • ਪਰਮੇਸ਼ੁਰ ਦੇ ਬਚਨ ਅਨੁਸਾਰ ‘ਆਖ਼ਰੀ ਦਿਨਾਂ’ ਵਿਚ ਲੋਕ ਕਿਹੋ ਜਿਹੇ ਹੋਣਗੇ?

  • ‘ਆਖ਼ਰੀ ਦਿਨਾਂ’ ਬਾਰੇ ਬਾਈਬਲ ਵਿਚ ਕਿਹੜੀਆਂ ਚੰਗੀਆਂ ਗੱਲਾਂ ਦੱਸੀਆਂ ਗਈਆਂ ਹਨ?

1. ਅਸੀਂ ਭਵਿੱਖ ਬਾਰੇ ਜਾਣਕਾਰੀ ਕਿੱਥੋਂ ਪਾ ਸਕਦੇ ਹਾਂ?

ਦੁਨੀਆਂ ਵਿਚ ਜਿੱਥੇ ਕਿਤੇ ਵੀ ਅਸੀਂ ਦੇਖਦੇ ਹਾਂ, ਬੁਰਾਈ ਹੀ ਬੁਰਾਈ ਹੈ। ਅੱਜ-ਕੱਲ੍ਹ ਦੇ ਹਾਲਾਤ ਦੇਖ ਕੇ ਜਾਂ ਖ਼ਬਰਾਂ ਸੁਣ ਕੇ ਅਸੀਂ ਅਕਸਰ ਸੋਚਦੇ ਹਾਂ ਕਿ ‘ਦੁਨੀਆਂ ਦਾ ਕੀ ਬਣੇਗਾ?’ ਸਾਨੂੰ ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਕੱਲ੍ਹ ਨੂੰ ਕੀ ਹੋਵੇਗਾ। ਅਚਾਨਕ ਹੀ ਸਾਡੇ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਸਕਦਾ ਹੈ ਅਤੇ ਸਾਡੀ ਜ਼ਿੰਦਗੀ ਬਦਲ ਸਕਦੀ ਹੈ। (ਯਾਕੂਬ 4:14) ਪਰ ਯਹੋਵਾਹ ਸਭ ਕੁਝ ਜਾਣਦਾ ਹੈ। ਉਸ ਨੂੰ ਪਤਾ ਹੈ ਕਿ ਭਵਿੱਖ ਵਿਚ ਕੀ ਹੋਵੇਗਾ। (ਯਸਾਯਾਹ 46:10) ਬਾਈਬਲ ਵਿਚ ਉਸ ਨੇ ਸਾਨੂੰ ਸਿਰਫ਼ ਇਹ ਹੀ ਨਹੀਂ ਦੱਸਿਆ ਕਿ ਦੁਨੀਆਂ ਦੇ ਹਾਲਾਤ ਵਿਗੜ ਜਾਣਗੇ, ਪਰ ਇਹ ਵੀ ਦੱਸਿਆ ਹੈ ਕਿ ਬਹੁਤ ਜਲਦ ਬੁਰਾਈ ਦਾ ਅੰਤ ਹੋਵੇਗਾ। ਇਹ ਕਿੰਨੀ ਵਧੀਆ ਉਮੀਦ ਹੈ!

2, 3. ਯਿਸੂ ਦੇ ਚੇਲਿਆਂ ਨੇ ਉਸ ਨੂੰ ਕੀ ਪੁੱਛਿਆ ਸੀ ਅਤੇ ਉਸ ਨੇ ਕੀ ਜਵਾਬ ਦਿੱਤਾ?

2 ਯਿਸੂ ਨੇ ਇਹ ਖ਼ੁਸ਼ ਖ਼ਬਰੀ ਸੁਣਾਈ ਸੀ ਕਿ ਯਹੋਵਾਹ ਦਾ ਰਾਜ ਬੁਰਾਈ ਨੂੰ ਖ਼ਤਮ ਕਰ ਕੇ ਸਾਰੀ ਧਰਤੀ ਉੱਤੇ ਅਮਨ-ਚੈਨ ਲਿਆਵੇਗਾ। (ਲੂਕਾ 4:43) ਪਰ ਲੋਕ ਇਹ ਜਾਣਨਾ ਚਾਹੁੰਦੇ ਸਨ ਕਿ ਇਹ ਰਾਜ ਆਵੇਗਾ ਕਦੋਂ। ਉਸ ਦੇ ਚੇਲਿਆਂ ਨੇ ਵੀ ਪੁੱਛਿਆ: “ਤੇਰੀ ਮੌਜੂਦਗੀ ਦੀ ਅਤੇ ਇਸ ਯੁਗ ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?” (ਮੱਤੀ 24:3) ਯਿਸੂ ਨੇ ਇਹ ਤਾਂ ਜ਼ਰੂਰ ਸਮਝਾਇਆ ਕਿ ਆਖ਼ਰੀ ਦਿਨਾਂ ਵਿਚ ਕੀ-ਕੀ ਹੋਵੇਗਾ, ਪਰ ਉਸ ਨੇ ਕੋਈ ਪੱਕੀ ਤਾਰੀਖ਼ ਨਹੀਂ ਦਿੱਤੀ ਸੀ। ਉਸ ਨੇ ਸਾਫ਼-ਸਾਫ਼ ਕਿਹਾ ਸੀ ਕਿ ਸਿਰਫ਼ ਪਰਮੇਸ਼ੁਰ ਹੀ ਜਾਣਦਾ ਹੈ ਕਿ ਅੰਤ ਕਦੋਂ ਆਵੇਗਾ। (ਮੱਤੀ 24:36) ਅੰਤ ਬਾਰੇ ਜੋ ਗੱਲਾਂ ਯਿਸੂ ਨੇ ਕਹੀਆਂ ਸਨ, ਉਹ ਅੱਜ ਪੂਰੀਆਂ ਹੋ ਰਹੀਆਂ ਹਨ।

3 ਹਾਂ, ਅਸੀਂ “ਯੁਗ ਦੇ ਆਖ਼ਰੀ ਸਮੇਂ” ਵਿਚ ਜੀ ਰਹੇ ਹਾਂ। ਪਰ ਧਰਤੀ ਦਿਆਂ ਹਾਲਾਤਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਆਓ ਆਪਾਂ ਉਸ ਘਟਨਾ ਵੱਲ ਧਿਆਨ ਦੇਈਏ ਜੋ ਸਵਰਗ ਵਿਚ ਵਾਪਰੀ ਸੀ। ਕਈ ਸਾਲ ਪਹਿਲਾਂ ਸਵਰਗ ਵਿਚ ਇਕ ਯੁੱਧ ਹੋਇਆ ਸੀ ਜਿਸ ਦਾ ਸਾਡੇ ਉੱਤੇ ਬਹੁਤ ਗਹਿਰਾ ਅਸਰ ਪਿਆ ਹੈ।

ਸਵਰਗ ਵਿਚ ਯੁੱਧ

4, 5. (ੳ) ਯਿਸੂ ਦੇ ਰਾਜਾ ਬਣਨ ਤੋਂ ਬਾਅਦ ਸਵਰਗ ਵਿਚ ਕੀ ਹੋਇਆ ਸੀ? (ਅ) ਪ੍ਰਕਾਸ਼ ਦੀ ਕਿਤਾਬ 12:12 ਅਨੁਸਾਰ ਇਸ ਲੜਾਈ ਦਾ ਨਤੀਜਾ ਕੀ ਨਿਕਲਣਾ ਸੀ?

4 ਪਿਛਲੇ ਅਧਿਆਇ ਵਿਚ ਅਸੀਂ ਸਿੱਖਿਆ ਸੀ ਕਿ ਯਿਸੂ 1914 ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਿਆ ਸੀ(ਦਾਨੀਏਲ 7:13, 14 ਪੜ੍ਹੋ।) ਰਾਜਾ ਬਣਨ ਤੋਂ ਬਾਅਦ ਉਸ ਨੇ ਸ਼ੈਤਾਨ ਵਿਰੁੱਧ ਕਾਰਵਾਈ ਕੀਤੀ। ਬਾਈਬਲ ਕਹਿੰਦੀ ਹੈ: “ਸਵਰਗ ਵਿਚ ਲੜਾਈ ਹੋਈ: ਮੀਕਾਏਲ [ਯਾਨੀ ਯਿਸੂ ਮਸੀਹ] ਅਤੇ ਉਸ ਦੇ ਦੂਤ ਅਜਗਰ [ਯਾਨੀ ਸ਼ੈਤਾਨ] ਨਾਲ ਲੜੇ ਅਤੇ ਅਜਗਰ ਨੇ ਵੀ ਆਪਣੇ ਦੂਤਾਂ ਸਣੇ ਉਨ੍ਹਾਂ ਨਾਲ ਲੜਾਈ ਕੀਤੀ।” * ਸ਼ੈਤਾਨ ਅਤੇ ਉਸ ਦੇ ਦੂਤ ਇਹ ਯੁੱਧ ਹਾਰ ਗਏ ਅਤੇ ਉਹ ਸਵਰਗੋਂ ਧਰਤੀ ਉੱਤੇ ਸੁੱਟੇ ਗਏ। ਪਰਮੇਸ਼ੁਰ ਦੇ ਵਫ਼ਾਦਾਰ ਦੂਤਾਂ ਲਈ ਇਹ ਖ਼ੁਸ਼ੀ ਦੀ ਗੱਲ ਸੀ ਕਿਉਂਕਿ ਹੁਣ ਸ਼ੈਤਾਨ ਅਤੇ ਉਸ ਦੇ ਦੂਤਾਂ ਨੂੰ ਸਵਰਗੋਂ ਕੱਢ ਦਿੱਤਾ ਗਿਆ ਸੀ। ਪਰ ਧਰਤੀ ਉੱਤੇ ਇਨਸਾਨਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਬਾਈਬਲ ਕਹਿੰਦੀ ਹੈ: “ਧਰਤੀ . . . ਉੱਤੇ ਹਾਇ! ਹਾਇ! ਕਿਉਂਕਿ ਸ਼ੈਤਾਨ ਥੱਲੇ ਤੁਹਾਡੇ ਕੋਲ ਆ ਗਿਆ ਹੈ ਅਤੇ ਉਹ ਬਹੁਤ ਗੁੱਸੇ ਵਿਚ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ।”​—ਪ੍ਰਕਾਸ਼ ਦੀ ਕਿਤਾਬ 12:7, 9, 12.

5 ਕੀ ਤੁਸੀਂ ਧਿਆਨ ਦਿੱਤਾ ਕਿ ਸਵਰਗ ਵਿਚ ਹੋਏ ਯੁੱਧ ਕਾਰਨ ਕੀ ਹੋਇਆ ਸੀ? ਜਦ ਸ਼ੈਤਾਨ ਨੂੰ ਧਰਤੀ ਉੱਤੇ ਸੁੱਟਿਆ ਗਿਆ, ਤਾਂ ਉਸ ਨੇ ਅੱਤ ਮਚਾ ਕੇ ਇਨਸਾਨਾਂ ਨੂੰ ਤੜਫ਼ਾਉਣਾ ਸ਼ੁਰੂ ਕੀਤਾ। ਉਹ ਜਾਣਦਾ ਹੈ ਕਿ “ਉਸ ਕੋਲ ਥੋੜ੍ਹਾ ਹੀ ਸਮਾਂ ਹੈ,” ਇਸ ਲਈ ਉਸ ਨੂੰ ਬਹੁਤ ਗੁੱਸਾ ਹੈ। ਹਾਂ, ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਇਸ ਲਈ ਬਹੁਤ ਜਲਦ ਸ਼ੈਤਾਨ ਦਾ ਸਾਇਆ ਇਨਸਾਨਾਂ ਉੱਤੋਂ ਦੂਰ ਕੀਤਾ ਜਾਵੇਗਾ। ਇਹ ਜਾਣ ਕੇ ਸਾਡੇ ਦਿਲ ਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਬਹੁਤ ਜਲਦ ਦੁੱਖਾਂ ਦਾ ਸਮਾਂ ਲੰਘ ਜਾਵੇਗਾ! ਪਰ ਕੀ ਸਬੂਤ ਹੈ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ ਅਤੇ ਪਰਮੇਸ਼ੁਰ ਉਨ੍ਹਾਂ ਸਾਰਿਆਂ ਉੱਤੇ ਖ਼ੁਸ਼ੀਆਂ ਵਰਸਾਵੇਗਾ ਜੋ ਉਸ ਦੀ ਸੇਵਾ ਕਰਦੇ ਹਨ? ਆਓ ਆਪਾਂ ਬਾਈਬਲ ਵਿਚ ਦੁਨੀਆਂ ਦੇ ਆਖ਼ਰੀ ਦਿਨਾਂ ਬਾਰੇ ਦੱਸੀਆਂ ਗਈਆਂ ਚਾਰ ਗੱਲਾਂ ਵੱਲ ਧਿਆਨ ਦੇਈਏ।

ਆਖ਼ਰੀ ਦਿਨਾਂ ਵਿਚ ਹਾਲਾਤ

6, 7. ਕੀ ਲੜਾਈਆਂ ਤੇ ਕਾਲ਼ ਬਾਰੇ ਯਿਸੂ ਦੀ ਭਵਿੱਖਬਾਣੀ ਪੂਰੀ ਹੋ ਰਹੀ ਹੈ?

6 “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ।” (ਮੱਤੀ 24:7) ਪਿਛਲੇ 100 ਸਾਲਾਂ ਦੌਰਾਨ ਲੱਖਾਂ ਹੀ ਲੋਕ ਯੁੱਧਾਂ ਵਿਚ ਮਾਰੇ ਗਏ ਹਨ। ਇਕ ਇਤਿਹਾਸਕਾਰ ਨੇ ਲਿਖਿਆ: “ਹੋਰ ਕਿਸੇ ਵੀ ਸਦੀ ਨਾਲੋਂ ਵੀਹਵੀਂ ਸਦੀ ਵਿਚ ਜ਼ਿਆਦਾ ਖ਼ੂਨ ਵਹਾਇਆ ਗਿਆ ਸੀ। . . . ਇਸ ਪੂਰੀ ਸਦੀ ਦੌਰਾਨ ਦੁਨੀਆਂ ਭਰ ਵਿਚ ਯੁੱਧਾਂ ਦਾ ਸਿਲਸਿਲਾ ਚੱਲਦਾ ਰਿਹਾ।” ਇਕ ਹੋਰ ਰਿਪੋਰਟ ਨੇ ਕਿਹਾ: “ਪਹਿਲੀ ਸਦੀ ਤੋਂ ਲੈ ਕੇ 1899 ਤਕ ਜਿੰਨੇ ਲੋਕ ਯੁੱਧਾਂ ਵਿਚ ਮਰੇ, ਉਸ ਤੋਂ ਤਿੰਨ ਗੁਣਾ ਜ਼ਿਆਦਾ ਵੀਹਵੀਂ ਸਦੀ ਦੇ ਯੁੱਧਾਂ ਵਿਚ ਮਰੇ।” ਸਾਲ 1914 ਤੋਂ ਯੁੱਧਾਂ ਨੇ 10 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਨਿਗਲ ਲਿਆ ਹੈ। ਜ਼ਰਾ ਸੋਚੋ ਕਿ ਲੜਾਈਆਂ ਕਾਰਨ ਕਿੰਨੀਆਂ ਔਰਤਾਂ ਵਿਧਵਾ ਤੇ ਬੱਚੇ ਅਨਾਥ ਹੋ ਗਏ ਹਨ! ਉਨ੍ਹਾਂ ਦਾ ਦੁੱਖ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਨਹੀਂ ਸਮਝ ਸਕਦਾ!

7 “ਥਾਂ-ਥਾਂ ਕਾਲ਼ ਪੈਣਗੇ।” (ਮੱਤੀ 24:7) ਖੋਜਕਾਰਾਂ ਅਨੁਸਾਰ ਪਿਛਲੇ 30 ਸਾਲਾਂ ਦੌਰਾਨ ਫ਼ਸਲਾਂ ਦੀ ਪੈਦਾਵਾਰ ਵਿਚ ਬਹੁਤ ਵਾਧਾ ਹੋਇਆ ਹੈ। ਤਾਂ ਫਿਰ ਦੁਨੀਆਂ ਦੇ ਬਹੁਤ ਸਾਰੇ ਲੋਕ ਭੁੱਖ ਦੀ ਮਾਰ ਹੇਠ ਕਿਉਂ ਰਹਿੰਦੇ ਹਨ? ਕਿਉਂਕਿ ਉਨ੍ਹਾਂ ਕੋਲ ਖਾਣਾ ਖ਼ਰੀਦਣ ਲਈ ਨਾ ਪੈਸੇ ਹਨ ਅਤੇ ਨਾ ਹੀ ਖੇਤੀਬਾੜੀ ਕਰਨ ਲਈ ਜ਼ਮੀਨ। ਗ਼ਰੀਬ ਦੇਸ਼ਾਂ ਵਿਚ ਇਕ ਅਰਬ ਤੋਂ ਜ਼ਿਆਦਾ ਲੋਕਾਂ ਦੀ ਆਮਦਨ ਨਾਂਹ ਦੇ ਬਰਾਬਰ ਹੈ, ਗ਼ਰੀਬੀ ਦੀਆਂ ਜ਼ੰਜੀਰਾਂ ਨੇ ਉਨ੍ਹਾਂ ਨੂੰ ਜਕੜ ਰੱਖਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ, ਹਰ ਸਾਲ 50 ਲੱਖ ਤੋਂ ਜ਼ਿਆਦਾ ਬੱਚੇ ਭੁੱਖੇ ਮਰ ਜਾਂਦੇ ਹਨ।

8, 9. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਭੁਚਾਲ਼ ਅਤੇ ਬੀਮਾਰੀਆਂ ਬਾਰੇ ਯਿਸੂ ਦੀ ਭਵਿੱਖਬਾਣੀ ਪੂਰੀ ਹੋ ਰਹੀ ਹੈ?

8 ‘ਵੱਡੇ-ਵੱਡੇ ਭੁਚਾਲ਼ ਆਉਣਗੇ।’ (ਲੂਕਾ 21:11) ਕੁਝ ਸਾਇੰਸਦਾਨਾਂ ਅਨੁਸਾਰ ਹਰ ਸਾਲ ਦੁਨੀਆਂ ਵਿਚ ਤਕਰੀਬਨ 19 ਵੱਡੇ ਭੁਚਾਲ਼ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਕਾਰਨ ਜ਼ਮੀਨ ਪਾਟ ਸਕਦੀ ਹੈ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਸਲ ਵਿਚ ਹਰ ਸਾਲ ਇਕ ਅਜਿਹਾ ਭਿਆਨਕ ਭੁਚਾਲ਼ ਆਇਆ ਹੈ ਜੋ ਲੋਕਾਂ ਦਾ ਘਰ-ਬਾਰ, ਜ਼ਮੀਨ-ਜਾਇਦਾਦ, ਫ਼ਸਲਾਂ, ਹਾਂ ਉਨ੍ਹਾਂ ਦਾ ਸਭ ਕੁਝ ਪਲਾਂ ਵਿਚ ਹੀ ਨਿਗਲ਼ ਗਿਆ। ਮੌਜੂਦਾ ਅੰਕੜਿਆਂ ਮੁਤਾਬਕ ਸੰਨ 1900 ਤੋਂ ਭੁਚਾਲ਼ਾਂ ਵਿਚ 20 ਲੱਖ ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ ਹਨ। ਇਕ ਰਿਪੋਰਟ ਅਨੁਸਾਰ “ਨਵੀਂ ਤੋਂ ਨਵੀਂ ਤਕਨਾਲੋਜੀ ਦੇ ਬਾਵਜੂਦ ਵੀ ਇਹ ਗਿਣਤੀ ਇੰਨੀ ਘਟੀ ਨਹੀਂ।”

9 “ਮਹਾਂਮਾਰੀਆਂ ਫੈਲਣਗੀਆਂ।” (ਲੂਕਾ 21:11) ਡਾਕਟਰੀ ਖੇਤਰ ਵਿਚ ਤਰੱਕੀ ਹੋਣ ਦੇ ਬਾਵਜੂਦ ਵੀ ਬੀਮਾਰੀਆਂ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ। ਇਕ ਰਿਪੋਰਟ ਦੇ ਅਨੁਸਾਰ ਟੀ. ਬੀ., ਮਲੇਰੀਆ ਅਤੇ ਹੈਜ਼ਾ ਵਰਗੀਆਂ ਵੀਹ ਕੁ ਬੀਮਾਰੀਆਂ ਹਨ ਜੋ ਪਹਿਲਾਂ ਨਾਲੋਂ ਜ਼ਿਆਦਾ ਕਹਿਰ ਢਾਹ ਰਹੀਆਂ ਹਨ। ਪੁਰਾਣੀਆਂ ਬੀਮਾਰੀਆਂ ਦਾ ਇਲਾਜ ਕਰਨਾ ਤਾਂ ਇਕ ਪਾਸੇ ਰਿਹਾ, ਇਹ ਰਿਪੋਰਟ ਦੱਸਦੀ ਹੈ ਕਿ ਸਾਡੇ ਜ਼ਮਾਨੇ ਵਿਚ ਲਗਭਗ 30 ਨਵੀਆਂ ਬੀਮਾਰੀਆਂ ਪੈਦਾ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਕਈ ਜਾਨਲੇਵਾ ਹਨ ਅਤੇ ਹਾਲੇ ਤਕ ਇਨ੍ਹਾਂ ਦਾ ਕੋਈ ਇਲਾਜ ਨਹੀਂ ਮਿਲਿਆ ਹੈ।

ਆਖ਼ਰੀ ਦਿਨਾਂ ਵਿਚ ਲੋਕਾਂ ਦਾ ਸੁਭਾਅ

10. ਦੂਜਾ ਤਿਮੋਥਿਉਸ 3:1-5 ਵਿਚ ਸਾਨੂੰ ਲੋਕਾਂ ਦੇ ਰਵੱਈਏ ਬਾਰੇ ਕੀ ਦੱਸਿਆ ਗਿਆ ਹੈ?

10 ਦੁਨੀਆਂ ਦੇ ਖ਼ਰਾਬ ਹਾਲਾਤਾਂ ਬਾਰੇ ਦੱਸਣ ਦੇ ਨਾਲ-ਨਾਲ ਬਾਈਬਲ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਆਖ਼ਰੀ ਦਿਨਾਂ ਵਿਚ ਲੋਕ ਵੀ ਬਦਲ ਜਾਣਗੇ। ‘ਆਖ਼ਰੀ ਦਿਨਾਂ ਦੇ ਮੁਸੀਬਤਾਂ ਨਾਲ ਭਰੇ’ ਸਮੇਂ ਬਾਰੇ ਗੱਲ ਕਰਦੇ ਹੋਏ ਪੌਲੁਸ ਰਸੂਲ ਨੇ ਲੋਕਾਂ ਦੇ ਰਵੱਈਏ ਬਾਰੇ ਦੱਸਿਆ ਸੀ। (2 ਤਿਮੋਥਿਉਸ 3:1-5 ਪੜ੍ਹੋ।) ਉਸ ਨੇ ਕਿਹਾ ਕਿ ਲੋਕ ਅਜਿਹੇ ਹੋਣਗੇ:

  • ਸੁਆਰਥੀ

  • ਪੈਸੇ ਦੇ ਪ੍ਰੇਮੀ

  • ਮਾਪਿਆਂ ਦੇ ਅਣਆਗਿਆਕਾਰ

  • ਵਿਸ਼ਵਾਸਘਾਤੀ

  • ਨਿਰਮੋਹੀ

  • ਅਸੰਜਮੀ

  • ਵਹਿਸ਼ੀ

  • ਰੱਬ ਦੇ ਨਹੀਂ, ਸਗੋਂ ਮੌਜ-ਮਸਤੀ ਦੇ ਪ੍ਰੇਮੀ

  • ਭਗਤੀ ਦਾ ਦਿਖਾਵਾ ਕਰਨ ਵਾਲੇ

11. ਬਾਈਬਲ ਦੇ ਅਨੁਸਾਰ ਦੁਸ਼ਟਾਂ ਦਾ ਕੀ ਅੰਜਾਮ ਹੋਵੇਗਾ?

11 ਕੀ ਤੁਹਾਡੇ ਖ਼ਿਆਲ ਵਿਚ ਲੋਕ ਅੱਜ-ਕੱਲ੍ਹ ਇਸ ਤਰ੍ਹਾਂ ਦੇ ਹਨ? ਕੀ ਇਹ ਸੱਚ ਨਹੀਂ ਕਿ ਜਿੱਥੇ ਵੀ ਅਸੀਂ ਦੇਖਦੇ ਹਾਂ, ਲੋਕਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ? ਪਰ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਬਹੁਤ ਜਲਦ ਯਹੋਵਾਹ ਕਦਮ ਚੁੱਕੇਗਾ। ਬਾਈਬਲ ਕਹਿੰਦੀ ਹੈ: “ਬੇਸ਼ਕ ਦੁਸ਼ਟ ਘਾਹ ਦੀ ਤਰ੍ਹਾਂ ਪੁੰਗਰਦੇ, ਅਤੇ ਬੁਰੇ ਕੰਮ ਕਰਨ ਵਾਲੇ ਵੱਧਦੇ ਫੁੱਲਦੇ ਹਨ; ਪਰ ਉਹ ਹਮੇਸ਼ਾਂ ਦੇ ਲਈ ਨਾਸ਼ ਹੋ ਜਾਣਗੇ।”​—ਭਜਨ 92:7, CL.

ਆਖ਼ਰੀ ਦਿਨਾਂ ਵਿਚ ਚੰਗੀ ਖ਼ਬਰ

12, 13. ਅੰਤ ਦੇ ਸਮੇਂ ਵਿਚ ਸੱਚਾ ਗਿਆਨ ਕਿੱਦਾਂ ਵਧਿਆ ਹੈ?

12 ਹਾਂ, ਜਿੱਦਾਂ ਬਾਈਬਲ ਵਿਚ ਲਿਖਿਆ ਹੈ, ਅੱਜ ਉੱਦਾਂ ਹੀ ਹੋ ਰਿਹਾ ਹੈ। ਸਾਡਾ ਸਮਾਂ ਸੱਚ-ਮੁੱਚ ਦੁੱਖਾਂ-ਤਕਲੀਫ਼ਾਂ ਨਾਲ ਭਰਿਆ ਹੋਇਆ ਹੈ। ਹਰ ਪਾਸੇ ਲੋਕ ਨਿਰਾਸ਼ਾ ਨਾਲ ਘਿਰੇ ਹੋਏ ਹਨ। ਪਰ ਯਹੋਵਾਹ ਦੇ ਲੋਕ ਨਿਰਾਸ਼ ਨਹੀਂ ਹਨ, ਸਗੋਂ ਉਹ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਆਸ਼ਾ ਨਾਲ ਭਰ ਰਹੇ ਹਨ। ਉਹ ਕਿੱਦਾਂ?

13 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਆਖ਼ਰੀ ਸਮੇਂ ਵਿਚ ਸੱਚਾ ਗਿਆਨ ਵਧੇਗਾ। (ਦਾਨੀਏਲ 12:4) ਯਹੋਵਾਹ ਨੇ ਖ਼ਾਸ ਕਰਕੇ 1914 ਤੋਂ ਆਪਣੇ ਲੋਕਾਂ ਨੂੰ ਬਾਈਬਲ ਦੀਆਂ ਡੂੰਘੀਆਂ ਗੱਲਾਂ ਸਮਝਣ ਵਿਚ ਮਦਦ ਦਿੱਤੀ ਹੈ। ਉਨ੍ਹਾਂ ਨੇ ਯਹੋਵਾਹ ਦੇ ਨਾਂ, ਉਸ ਦੇ ਮਕਸਦ ਅਤੇ ਯਿਸੂ ਦੀ ਕੁਰਬਾਨੀ ਬਾਰੇ ਸਿੱਖਿਆ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਮੁਰਦਿਆਂ ਦੀ ਹਾਲਤ ਬਾਰੇ ਅਤੇ ਮੁਰਦਿਆਂ ਦੇ ਜੀ ਉੱਠਣ ਦੀ ਉਮੀਦ ਬਾਰੇ ਵੀ ਪਤਾ ਲੱਗਾ ਹੈ। ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਯਹੋਵਾਹ ਦਾ ਰਾਜ ਕਿੱਦਾਂ ਧਰਤੀ ਉੱਤੇ ਚੰਗੇ ਹਾਲਾਤ ਲਿਆਵੇਗਾ। ਇਸ ਤੋਂ ਵੱਧ ਯਹੋਵਾਹ ਨੇ ਆਪਣੇ ਲੋਕਾਂ ਨੂੰ ਜੀਵਨ ਦੇ ਰਾਹ ਉੱਤੇ ਚੱਲਣਾ ਸਿਖਾਇਆ ਹੈ। ਹਾਂ, ਉਹ ਸਿੱਖੀਆਂ ਗੱਲਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਕਰ ਕੇ ਸੁੱਖ ਪਾਉਂਦੇ ਹਨ ਤੇ ਯਹੋਵਾਹ ਦਾ ਨਾਂ ਰੌਸ਼ਨ ਕਰਦੇ ਹਨ। ਇਸੇ ਕਰਕੇ ਉਹ ਦੂਸਰਿਆਂ ਨੂੰ ਇਨ੍ਹਾਂ ਗੱਲਾਂ ਬਾਰੇ ਦੱਸਣ ਲਈ ਉਤਾਵਲੇ ਹਨ। ਆਓ ਆਪਾਂ ਦੇਖੀਏ ਕਿ ਉਹ ਦੂਸਰਿਆਂ ਦੀ ਮਦਦ ਕਿੱਦਾਂ ਕਰਦੇ ਹਨ।

“ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।”​—ਮੱਤੀ 24:14

14. ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਕੌਣ ਫੈਲਾ ਰਹੇ ਹਨ ਅਤੇ ਕਿਸ ਹੱਦ ਤਕ?

14 ਜਦ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ “ਯੁਗ ਦੇ ਆਖ਼ਰੀ ਸਮੇਂ” ਵਿਚ ਕੀ-ਕੀ ਹੋਵੇਗਾ, ਤਦ ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।” (ਮੱਤੀ 24:3, 14 ਪੜ੍ਹੋ।) ਵੱਖੋ-ਵੱਖਰੇ ਦੇਸ਼ਾਂ ਵਿਚ ਰਹਿ ਰਹੇ ਲੱਖਾਂ ਯਹੋਵਾਹ ਦੇ ਗਵਾਹ ਜੋਸ਼ ਨਾਲ ਦੂਸਰਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸ ਰਹੇ ਹਨ। (ਪ੍ਰਕਾਸ਼ ਦੀ ਕਿਤਾਬ 7:9) ਉਹ ਲਗਭਗ 230 ਦੇਸ਼ਾਂ ਵਿਚ ਅਤੇ ਸੈਂਕੜੇ ਬੋਲੀਆਂ ਵਿਚ ਲੋਕਾਂ ਨੂੰ ਸਿਖਾ ਰਹੇ ਹਨ ਕਿ ਪਰਮੇਸ਼ੁਰ ਦਾ ਰਾਜ ਕੀ ਹੈ, ਇਹ ਰਾਜ ਕੀ ਕਰੇਗਾ ਅਤੇ ਉਹ ਇਸ ਦੇ ਅਧੀਨ ਰਹਿ ਕੇ ਬਰਕਤਾਂ ਕਿੱਦਾਂ ਪਾ ਸਕਦੇ ਹਨ। ਯਹੋਵਾਹ ਦੇ ਲੋਕ ਇਹ ਕੰਮ ਡਟ ਕੇ ਕਰ ਰਹੇ ਹਨ ਭਾਵੇਂ ਕਿ ਯਿਸੂ ਦੇ ਕਹਿਣ ਅਨੁਸਾਰ ਉਹ ‘ਸਾਰੇ ਲੋਕਾਂ ਦੀ ਨਫ਼ਰਤ ਦੇ ਸ਼ਿਕਾਰ ਬਣ’ ਰਹੇ ਹਨ।​—ਲੂਕਾ 21:17.

ਤੁਸੀਂ ਕੀ ਕਰੋਗੇ?

15. (ੳ) ਤੁਸੀਂ ਯਕੀਨ ਨਾਲ ਕਿੱਦਾਂ ਕਹਿ ਸਕਦੇ ਹੋ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ? (ਅ) ਯਹੋਵਾਹ ਦਾ ਵਿਰੋਧ ਕਰਨ ਵਾਲਿਆਂ ਦਾ ਕੀ ਅੰਜਾਮ ਹੋਵੇਗਾ? (ੲ) ਯਹੋਵਾਹ ਦੀ ਦਿਲੋਂ ਭਗਤੀ ਕਰਨ ਵਾਲੇ ਲੋਕ ਕਿਹੜੀ ਉਮੀਦ ਰੱਖ ਸਕਦੇ ਹਨ?

15 ਜਦੋਂ ਤੁਸੀਂ ਆਪਣੀ ਅੱਖੀਂ ਇਹ ਗੱਲਾਂ ਪੂਰੀਆਂ ਹੁੰਦੀਆਂ ਦੇਖਦੇ ਹੋ, ਤਾਂ ਕੀ ਤੁਹਾਨੂੰ ਯਕੀਨ ਨਹੀਂ ਹੁੰਦਾ ਕਿ ਅਸੀਂ ਸੱਚ-ਮੁੱਚ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ? ਜਦ ਯਹੋਵਾਹ ਨੂੰ ਪੂਰੀ ਤਸੱਲੀ ਹੋ ਜਾਵੇਗੀ ਕਿ ਖ਼ੁਸ਼ ਖ਼ਬਰੀ ਸਾਰੀ ਦੁਨੀਆਂ ਵਿਚ ਸੁਣਾਈ ਗਈ ਹੈ, ਤਦ ਅੰਤ ਆਵੇਗਾ। (ਮੱਤੀ 24:14) ਯਹੋਵਾਹ ਧਰਤੀ ਦਾ ਨਹੀਂ, ਸਗੋਂ ਧਰਤੀ ’ਤੇ ਹੋ ਰਹੀ ਬੁਰਾਈ ਦਾ ਅੰਤ ਕਰੇਗਾ। ਯਹੋਵਾਹ ਯਿਸੂ ਮਸੀਹ ਅਤੇ ਆਪਣੇ ਸ਼ਕਤੀਸ਼ਾਲੀ ਦੂਤਾਂ ਰਾਹੀਂ ਉਨ੍ਹਾਂ ਸਾਰਿਆਂ ਲੋਕਾਂ ਦਾ ਨਾਸ਼ ਕਰੇਗਾ ਜੋ ਉਸ ਦਾ ਵਿਰੋਧ ਕਰਦੇ ਹਨ। (2 ਥੱਸਲੁਨੀਕੀਆਂ 1:6-9) ਸ਼ੈਤਾਨ ਅਤੇ ਉਸ ਦੇ ਦੂਤਾਂ ਨੂੰ ਕੈਦ ਕੀਤਾ ਜਾਵੇਗਾ। ਇਸ ਤੋਂ ਬਾਅਦ ਪਰਮੇਸ਼ੁਰ ਉਨ੍ਹਾਂ ਸਾਰਿਆਂ ਦੀ ਝੋਲੀ ਖ਼ੁਸ਼ੀਆਂ ਨਾਲ ਭਰ ਦੇਵੇਗਾ ਜੋ ਦਿਲੋਂ ਉਸ ਦੀ ਭਗਤੀ ਕਰਦੇ ਹਨ।​—ਪ੍ਰਕਾਸ਼ ਦੀ ਕਿਤਾਬ 20:1-3; 21:3-5.

16. ਸਾਨੂੰ ਇਸ ਵੇਲੇ ਕੀ ਕਰਨਾ ਚਾਹੀਦਾ ਹੈ?

16 ਸ਼ੈਤਾਨ ਦੀ ਦੁਨੀਆਂ ਦਾ ਅੰਤ ਬਹੁਤ ਨਜ਼ਦੀਕ ਹੈ, ਇਸ ਲਈ ਸਾਨੂੰ ਹੁਣ ਧਿਆਨ ਨਾਲ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਕਰਾਂਗੇ। ਸਾਨੂੰ ਯਹੋਵਾਹ ਅਤੇ ਉਸ ਦੀ ਇੱਛਾ ਬਾਰੇ ਲਗਨ ਨਾਲ ਸਿੱਖਦੇ ਰਹਿਣਾ ਚਾਹੀਦਾ ਹੈ। (ਯੂਹੰਨਾ 17:3) ਸਾਨੂੰ ਦਿਲ ਲਾ ਕੇ ਰੱਬ ਦੇ ਬਚਨ ਦਾ ਅਧਿਐਨ ਕਰਨਾ ਚਾਹੀਦਾ ਹੈ। ਯਹੋਵਾਹ ਦੇ ਲੋਕਾਂ ਨਾਲ ਸੰਗਤ ਕਰਨੀ ਸਾਡੀ ਜ਼ਿੰਦਗੀ ਦੀ ਰੀਤ ਹੋਣੀ ਚਾਹੀਦੀ ਹੈ। (ਇਬਰਾਨੀਆਂ 10:24, 25 ਪੜ੍ਹੋ।) ਯਹੋਵਾਹ ਨੇ ਸਾਰਿਆਂ ਨੂੰ ਉਸ ਬਾਰੇ ਜਾਣਨ ਦਾ ਮੌਕਾ ਦਿੱਤਾ ਹੈ। ਤਾਂ ਫਿਰ ਆਓ ਆਪਾਂ ਉਸ ਬਾਰੇ ਸਿੱਖੀਏ ਅਤੇ ਉਸ ਦੀ ਇੱਛਾ ਅਨੁਸਾਰ ਜੀ ਕੇ ਉਸ ਦੇ ਦਿਲ ਨੂੰ ਖ਼ੁਸ਼ ਕਰੀਏ।​—ਯਾਕੂਬ 4:8.

17. ਦੁਸ਼ਟ ਲੋਕਾਂ ਦਾ ਅੰਤ ਕਿੱਦਾਂ ਆਵੇਗਾ?

17 ਯਿਸੂ ਨੇ ਇਹ ਵੀ ਕਿਹਾ ਸੀ ਕਿ ਜ਼ਿਆਦਾਤਰ ਲੋਕ ਆਖ਼ਰੀ ਦਿਨਾਂ ਦੇ ਸਬੂਤ ਵੱਲ ਕੋਈ ਧਿਆਨ ਨਹੀਂ ਦੇਣਗੇ। ਦੁਸ਼ਟਾਂ ਦਾ ਅੰਤ ਬਿਲਕੁਲ ਉਸੇ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਇਕ ਚੋਰ ਆਉਂਦਾ ਹੈ, ਅਚਾਨਕ ਅਤੇ ਇਕਦਮ। (1 ਥੱਸਲੁਨੀਕੀਆਂ 5:2 ਪੜ੍ਹੋ।) ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ “ਮਨੁੱਖ ਦੇ ਪੁੱਤਰ ਦੀ ਮੌਜੂਦਗੀ ਦੌਰਾਨ” ਯਾਨੀ ਜਦੋਂ ਉਹ ਆਖ਼ਰੀ ਦਿਨਾਂ ਵਿਚ ਸਵਰਗੋਂ ਰਾਜ ਕਰੇਗਾ, ਉਦੋਂ ਧਰਤੀ ਉੱਤੇ ਲੋਕ ਉਸੇ ਤਰ੍ਹਾਂ ਦੇ ਹੋਣਗੇ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿਚ। ਉਸ ਸਮੇਂ ‘ਲੋਕ ਖਾਂਦੇ-ਪੀਂਦੇ ਸਨ, ਆਦਮੀ ਵਿਆਹ ਕਰਾਉਂਦੇ ਸਨ ਤੇ ਤੀਵੀਆਂ ਵਿਆਹੀਆਂ ਜਾਂਦੀਆਂ ਸਨ। ਲੋਕਾਂ ਨੇ ਉਦੋਂ ਤਕ ਕੋਈ ਧਿਆਨ ਨਾ ਦਿੱਤਾ ਜਦ ਤਕ ਜਲ-ਪਰਲੋ ਆ ਕੇ ਉਨ੍ਹਾਂ ਸਾਰਿਆਂ ਨੂੰ ਰੋੜ੍ਹ ਕੇ ਨਾ ਲੈ ਗਈ। ਮਨੁੱਖ ਦੇ ਪੁੱਤਰ ਦੀ ਮੌਜੂਦਗੀ ਦੌਰਾਨ ਵੀ ਇਸੇ ਤਰ੍ਹਾਂ ਹੋਵੇਗਾ।’​—ਮੱਤੀ 24:37-39.

18. ਸਾਨੂੰ ਯਿਸੂ ਦੀ ਕਿਹੜੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ?

18 ਇਸੇ ਲਈ, ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ: “ਤੁਸੀਂ ਧਿਆਨ ਰੱਖੋ ਕਿ ਹੱਦੋਂ ਵੱਧ ਖਾਣ ਅਤੇ ਬੇਹਿਸਾਬੀ ਸ਼ਰਾਬ ਪੀਣ ਕਰਕੇ ਅਤੇ ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਕਿਤੇ ਤੁਹਾਡੇ ਮਨ ਬੋਝ ਹੇਠ ਨਾ ਦੱਬੇ ਜਾਣ ਅਤੇ ਉਹ ਦਿਨ ਅਚਾਨਕ ਤੁਹਾਡੇ ਉੱਤੇ ਫੰਦੇ ਵਾਂਗ ਨਾ ਆ ਪਵੇ। ਕਿਉਂਕਿ ਇਹ ਦਿਨ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਉੱਤੇ ਆਵੇਗਾ। ਇਸ ਲਈ ਜਾਗਦੇ ਰਹੋ ਅਤੇ ਹਰ ਸਮੇਂ ਮਦਦ ਲਈ ਫ਼ਰਿਆਦ ਕਰਦੇ ਰਹੋ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਚ ਸਕੋ ਅਤੇ ਮਨੁੱਖ ਦੇ ਪੁੱਤਰ ਸਾਮ੍ਹਣੇ ਖੜ੍ਹੇ ਹੋ ਸਕੋ।” (ਲੂਕਾ 21:34-36) ਇਸ ਚੇਤਾਵਨੀ ਵੱਲ ਧਿਆਨ ਦੇ ਕੇ ਅਸੀਂ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਦਾ ਦਿਲ ਖ਼ੁਸ਼ ਕਰ ਸਕਾਂਗੇ। ਇਸ ਤਰ੍ਹਾਂ ਸਾਡੀਆਂ ਜਾਨਾਂ ਬਚ ਸਕਦੀਆਂ ਹਨ ਅਤੇ ਅਸੀਂ ਨਵੀਂ ਦੁਨੀਆਂ ਵਿਚ ਸਦਾ ਲਈ ਜੀਉਂਦੇ ਰਹਿਣ ਦੀ ਉਮੀਦ ਰੱਖ ਸਕਦੇ ਹਾਂ।​—ਯੂਹੰਨਾ 3:16; 2 ਪਤਰਸ 3:13.

^ ਪੈਰਾ 4 ਯਿਸੂ ਨੂੰ ਬਾਈਬਲ ਵਿਚ ਮੀਕਾਏਲ ਵੀ ਕਿਹਾ ਜਾਂਦਾ ਹੈ। ਇਸ ਬਾਰੇ ਦਿੱਤੀ ਗਈ ਵਧੇਰੇ ਜਾਣਕਾਰੀ “ਮਹਾਂ ਦੂਤ ਮੀਕਾਏਲ ਕੌਣ ਹੈ?” ਦੇਖੋ।